ਵਿਚਾਰ
ਸ਼੍ਰੋਮਣੀ ਕਮੇਟੀ, 'ਨਾਨਕ ਸ਼ਾਹ ਫਕੀਰ' ਅਤੇ 'ਐੱਮ.ਐੱਸ.ਜੀ.-2' ਦੀ ਗਾਥਾ
ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥
- ਨਰਿੰਦਰ ਪਾਲ ਸਿੰਘ, ਏਕਜੋਤ ਸਿੰਘ
ਅੰਧਾ ਆਗੂ ਜੇ ਥੀਐ ਕਿਉ ਪਾਧਰੁ ਜਾਣੈ ॥



ਫ਼ਿਲਮ 'ਨਾਨਕ ਸ਼ਾਹ ਫਕੀਰ' ਦੀ 13 ਅਪ੍ਰੈਲ ਨੂੰ ਹੋ ਰਹੀ ਸੰਭਾਵੀ ਰਿਲੀਜ਼ ਨੂੰ ਲੈ ਕੇ ਸਮੁੱਚਾ ਸਿੱਖ ਜਗਤ ਰੋਹ ਤੇ ਰੋਸ ਪ੍ਰਗਟਾਉਣ ਦੇ ਰਾਹ ਹੈ। ਸ਼੍ਰੋਮਣੀ ਕਮੇਟੀ ਨੇ ਵਕਤੀ ਤੌਰ 'ਤੇ ਫ਼ਿਲਮ ਦੀ ਹਮਾਇਤ ਤੋਂ ਕਿਨਾਰਾ ਕਰ ਲਿਆ ਹੈ ਪ੍ਰੰਤੂ ਫ਼ਿਲਮ ਨਿਰਮਾਣ ਦੀ ਸ਼ੁਰੂਆਤ ਤੋਂ ਲੈ ਕੇ ਪਹਿਲੀ ਰਿਲੀਜ਼ ਤੇ ਹੁਣ ਦੂਸਰੀ ਵਾਰ ਰਿਲੀਜ਼ ਦੀ ਕਗਾਰ ਤੀਕ ਲਿਆਉਣ ਲਈ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੁਆਰਾ ਨਿਭਾਈ ਭੂਮਿਕਾ ਜਾਹਰ ਹੋ ਚੁੱਕੀ ਹੈ।

ਨਿਰਮਾਤਾ ਹਰਿੰਦਰ ਸਿੱਕਾ ਵਲੋਂ ਚੁਣੌਤੀ ਦਿੱਤੀ ਜਾ ਰਹੀ ਹੈ ਕਿ ਉਸ ਪਾਸ 'ਕੇਂਦਰੀ ਫ਼ਿਲਮ ਸੈਂਸਰ ਬੋਰਡ ਦਾ ਸਰਟੀਫਿਕੇਟ' ਹੈ। ਅਜਿਹੇ ਵਿੱਚ ਫ਼ਿਲਮ ਦੀ ਤਿਆਰੀ ਅਤੇ ਉਸ ਨੂੰ ਦੋਸ਼ ਮੁਕਤ ਕਰਨ ਲਈ ਸ਼੍ਰੋਮਣੀ ਕਮੇਟੀ ਅਹੁਦੇਦਾਰਾਂ, ਅਧਿਕਾਰੀਆਂ ਤੇ ਕੌਮੀ ਤਖਤਾਂ ਦੀ ਸੇਵਾ ਵਿੱਚ ਲੱਗੇ ਜਥੇਦਾਰਾਂ ਖਿਲਾਫ ਧਾਰਮਿਕ ਤੇ ਕਾਨੂੰਨੀ ਕਾਰਵਾਈ ਕਿਉਂ ਨਹੀਂ?
----------
ਸਾਲ 2002 ਵਿੱਚ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਅਤੇ ਕਾਰਜਕਾਰਣੀ ਨੇ ਫੈਸਲਾ ਲਿਆ ਸੀ ਕਿ ਸਿੱਖ ਗੁਰੂ ਸਾਹਿਬਾਨ, ਗੁਰ ਪਰਿਵਾਰ ਅਤੇ ਸਿੱਖ ਸ਼ਹੀਦਾਂ ਦੀ ਭੂਮਿਕਾ ਕਿਸੇ ਕਲਾਕਾਰ ਦੇ ਮਾਧਿਅਮ ਨਹੀਂ ਕਰਵਾਈ ਜਾ ਸਕਦੀ। ਜਦੋਂ ਫ਼ਿਲਮ ਇਸ ਨਿਯਮ ਦੀ ਉਲੰਘਣਾ ਕਰ ਰਹੀ ਸੀ ਤਾਂ ਪਾਸ ਹੀ ਕਿਉਂ ਕੀਤੀ ਗਈ?
----------
ਹਰਿੰਦਰ ਸਿੰਘ ਸਿੱਕਾ ਨਾਮੀ ਇਕ ਨਿੱਜੀ ਫ਼ਿਲਮ ਨਿਰਦੇਸ਼ਕ ਵਲੋਂ ਤਿਆਰ ਕਰਵਾਈ ਫ਼ਿਲਮ 'ਨਾਨਕ ਸ਼ਾਹ ਫਕੀਰ' ਸਾਲ 2015 ਵਿੱਚ ਚਰਚਾ ਅਤੇ ਸਿੱਖ ਸੰਗਤਾਂ ਦੇ ਵਿਰੋਧ ਦਾ ਕਾਰਨ ਬਣ ਗਈ ਸੀ ਕਿਉਂਕਿ ਫ਼ਿਲਮ ਵਿੱਚ ਗੁਰੂ ਨਾਨਕ ਪਾਤਸ਼ਾਹ ਦੇ ਸਰੀਰਕ ਸਰੂਪ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਸੀ। ਇਥੇ ਹੀ ਬਸ ਨਹੀਂ ਫ਼ਿਲਮ ਵਿੱਚ ਗੁਰੂ ਨਾਨਕ ਪਾਤਸ਼ਾਹ ਦੀ ਭੈਣ ਬੇਬੇ ਨਾਨਕੀ ਅਤੇ ਧਰਮ ਸੁਪਤਨੀ ਦੀ ਭੂਮਿਕਾ ਅਦਾ ਕਰਨ ਲਈ ਕੁਝ ਫ਼ਿਲਮੀ ਪਰਦੇ ਨਾਲ ਜੁੜੀਆਂ ਕਲਾਕਾਰਾਂ ਨੂੰ ਚੁਣਿਆ ਤੇ ਵਿਖਾਇਆ ਗਿਆ ਸੀ।

ਹਾਲਾਂਕਿ ਸਿੱਕਾ ਵੱਲੋਂ ਲਗਾਤਾਰ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਫ਼ਿਲਮ ਵਿੱਚ ਗੁਰੂ ਨਾਨਕ ਦੇਵ ਜੀ ਦਾ ਰੂਪ ਐਨੀਮੇਟਡ ਹੈ ਪਰ ਅਸਲ ਵਿੱਚ ਗੁਰੂ ਸਾਹਿਬ ਦਾ ਕਿਰਦਾਰ ਅਦਾਕਾਰ ਹਰੀਸ਼ ਖੰਨਾ ਕੋਲੋਂ ਕਰਵਾਇਆ ਗਿਆ ਹੈ। ਇਸ ਦਾ ਖੁਲਾਸਾ 2014 ਵਿੱਚ ਹੀ ਫ਼ਿਲਮ ਵਿੱਚ ਰਾਏ ਬੁਲਾਰ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਆਦਿਲ ਹੁਸੈਨ ਨੇ ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈੱਸ ਨਾਲ ਇੱਕ ਇੰਟਰਵਿਊ ਦੌਰਾਨ ਕਰ ਦਿੱਤਾ ਸੀ। ਫ਼ਿਲਮ ਦੀ ਅਦਾਕਾਰਾਂ ਦੀ ਲਿਸਟ ਵਿੱਚ ਵੀ ਹਰੀਸ਼ ਖੰਨਾ ਦਾ ਨਾਮ ਗੁਰੂ ਨਾਨਕ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਦੇ ਤੌਰ 'ਤੇ ਲਿਖਿਆ ਗਿਆ ਸੀ, ਜਿਸ ਨੂੰ ਵਿਰੋਧਤਾ ਦੇ ਮੱਦੇਨਜ਼ਰ ਹਟਾ ਦਿੱਤਾ ਗਿਆ ਸੀ।

ਅਪ੍ਰੈਲ 2015 ਵਿੱਚ ਫ਼ਿਲਮ 'ਨਾਨਕ ਸ਼ਾਹ ਫਕੀਰ' ਦੀ ਰਿਲੀਜ਼ ਦਾ ਮਾਮਲਾ ਸਾਹਮਣੇ ਆਉਣ 'ਤੇ ਇਹ ਸਾਫ ਹੋ ਗਿਆ ਸੀ ਕਿ ਫ਼ਿਲਮ ਨੂੰ ਵੇਖਣ ਲਈ ਤਤਕਾਲੀਨ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਸੰਤ ਸਮਾਜ ਨਾਲ ਜੁੜੇ ਦੋ ਆਗੂ ਮੁੰਬਈ ਪੁੱਜੇ ਸਨ ਤੇ ਫ਼ਿਲਮ ਨੂੰ ਹਰੀ ਝੰਡੀ ਦੇ ਆਏ ਸਨ।

ਇਸ ਉਪਰੰਤ ਸ਼੍ਰੋਮਣੀ ਕਮੇਟੀ ਵਲੋਂ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ, ਜਨਰਲ ਸਕੱਤਰ ਸੁਖਦੇਵ ਸਿੰਘ ਭੌਰ, ਰਜਿੰਦਰ ਸਿੰਘ ਮਹਿਤਾ, ਸ਼੍ਰੋਮਣੀ ਕਮੇਟੀ ਸਕੱਤਰ ਡਾ. ਰੂਪ ਸਿੰਘ, ਵਧੀਕ ਸਕੱਤਰ ਬਲਵਿੰਦਰ ਸਿੰਘ ਜੌੜਾ ਸਿੰਘਾ ਨੇ ਫ਼ਿਲਮ ਵੇਖ ਕੇ ਇਸ ਨੂੰ ਗੁਰੂ ਨਾਨਕ ਪਾਤਸ਼ਾਹ, ਭੈਣ ਬੇਬੇ ਨਾਨਕੀ ਤੇ ਗੁਰ ਪਰਿਵਾਰ ਦੇ ਹੋਰ ਜੀਆਂ ਦੀ ਭੂਮਿਕਾ ਕਲਾਕਾਰਾਂ ਵਲੋਂ ਨਿਭਾਏ ਜਾਣ 'ਤੇ ਇਤਰਾਜ਼ ਜਤਾਇਆ ਸੀ, ਜਿਸ ਤੋਂ ਬਾਅਦ ਫ਼ਿਲਮ ਨਿਰਮਾਤਾ ਨੇ ਸਿਰਫ ਗੁਰੂ ਨਾਨਕ ਪਾਤਸ਼ਾਹ ਨੂੰ ਐਨੀਮੇਸ਼ਨ ਰਾਹੀਂ ਰੌਸ਼ਨੀ ਰੂਪ ਵਿੱਚ ਵਿਖਾਉਣ ਦੀ ਕੋਸ਼ਿਸ਼ ਕੀਤੀ।

ਜਾਂਚ ਕਮੇਟੀ ਦੀ ਰਿਪੋਰਟ ਦੇ ਕੁਝ ਮਹੀਨੇ ਬਾਅਦ ਹੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਵਲੋਂ ਇਕ ਹੋਰ ਜਾਂਚ ਕਮੇਟੀ ਭੇਜੀ ਗਈ ਜਿਸ ਨੇ 'ਸਭ ਅੱਛਾ ਹੈ' ਕਹਿ ਦਿੱਤਾ। ਤਤਕਾਲੀਨ ਮੁੱਖ ਸਕੱਤਰ ਹਰਚਰਨ ਸਿੰਘ ਨੇ ਫਰਵਰੀ 2016 ਵਿੱਚ ਫ਼ਿਲਮ ਨੂੰ ਹਰੀ ਝੰਡੀ ਦੇ ਦਿੱਤੀ। ਫਰਵਰੀ 2016 ਤੋਂ ਮਾਰਚ 2018 ਤੀਕ ਨਿਰਮਾਤਾ ਨੇ ਫ਼ਿਲਮ ਵਿੱਚ ਕੀ-ਕੀ ਤਬਦੀਲੀਆਂ ਕੀਤੀਆਂ, ਇਸ ਬਾਰੇ ਕਿਸੀ ਨੂੰ ਕੁਝ ਨਹੀਂ ਪਤਾ।

ਇਹ ਜ਼ਰੂਰ ਹੈ ਕਿ ਡਾ. ਰੂਪ ਸਿੰਘ ਨੇ ਸਭ ਤੋਂ ਪਹਿਲਾਂ 13 ਮਾਰਚ, 2018 ਨੂੰ ਨਿਰਮਾਤਾ ਹਰਿੰਦਰ ਸਿੱਕਾ ਨੂੰ ਈਮੇਲ ਰਾਹੀਂ ਜਾਣੂ ਕਰਵਾਇਆ ਕਿ ਫ਼ਿਲਮ ਨੂੰ ਸਕੂਲੀ ਤੇ ਕਾਲਜੀ ਵਿਦਿਆਰਥੀਆਂ ਵਿੱਚ ਪ੍ਰਚਾਰਨ ਲਈ ਕਮੇਟੀ ਦੇ ਡਾਇਰੈਕਟਰ ਵਿਦਿਆ ਨੂੰ ਆਦੇਸ਼ ਦੇ ਦਿੱਤੇ ਗਏ ਹਨ।

ਇਸ ਤੋਂ ਬਾਅਦ ਡਾ. ਰੂਪ ਸਿੰਘ ਨੇ 17 ਮਾਰਚ, 2018 ਨੂੰ ਕਮੇਟੀ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬਾਨ ਦੇ ਮੈਨੇਜਰ ਸਾਹਿਬਾਨ ਨੂੰ ਲਿਖਤੀ ਪੱਤਰ ਰਾਹੀਂ ਦੱਸਿਆ ਕਿ ਸਬੰਧਤ ਫ਼ਿਲਮ ਧਾਰਮਿਕ ਫ਼ਿਲਮ ਹੈ। ਇਸ ਦੇ ਪੋਸਟਰ ਗੁਰਦੁਆਰਾ ਸਾਹਿਬ ਵਿਖੇ ਯੋਗ ਜਗ੍ਹਾ 'ਤੇ ਲਗਾਉਣ ਦੀ ਇਜਾਜ਼ਤ ਹੈ।

ਲੇਕਿਨ ਜਿਉਂ ਹੀ ਡਾ. ਰੂਪ ਸਿੰਘ ਦੁਆਰਾ ਲਿਖੇ ਇਹ ਦੋ ਦਸਤਾਵੇਜ਼ ਜਨਤਕ ਹੋਏ ਤਾਂ ਸਿੱਖ ਸੰਗਤਾਂ ਵਲੋਂ ਵਿਆਪਕ ਰੋਹ ਤੇ ਰੋਸ ਸਾਹਮਣੇ ਆਇਆ। ਸ਼੍ਰੋਮਣੀ ਕਮੇਟੀ ਨੇ ਅਚਨਚੇਤ ਹੀ ਫ਼ਿਲਮ ਦੀ ਹਮਾਇਤ ਵਾਪਿਸ ਲੈ ਕੇ ਮਾਮਲੇ ਨੂੰ ਠੰਡੇ ਬਸਤੇ ਪਾਉਣ ਦੀ ਕੋਸ਼ਿਸ਼ ਕੀਤੀ ਹੈ।

ਫ਼ਿਲਮ 'ਨਾਨਕ ਸ਼ਾਹ ਫਕੀਰ' ਬਾਰੇ ਉਠੇ ਇਤਰਾਜ਼ਾਂ ਬਾਰੇ ਕੋਈ ਸਪਸ਼ਟੀਕਰਨ ਦਿੱਤੇ ਬਗੈਰ ਹੀ ਸ਼੍ਰੋਮਣੀ ਕਮੇਟੀ ਵਲੋਂ ਫ਼ਿਲਮ ਨੂੰ ਸਿਨੇਮਾਂ ਘਰਾਂ ਵਿੱਚ ਉਤਾਰਨ ਬਾਰੇ ਕਨਸੋਅ ਉਸ ਵੇਲੇ ਮਿਲੀ ਜਦੋਂ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ, ਮਹਾਂਰਾਸ਼ਟਰ ਵਿੱਚ ਇਸਤਰੀ ਅਕਾਲੀ ਦਲ (ਬਾਦਲ) ਦੀ ਇਕਾਈ ਸਥਾਪਿਤ ਕਰਨ ਦੇ ਬਹਾਨੇ ਮੁੰਬਈ ਪੁੱਜੀ ਅਤੇ ਵਿਵਾਦਤ ਫ਼ਿਲਮ ਦਾ ਪੋਸਟਰ ਰਿਲੀਜ਼ ਕੀਤਾ।
ਇਸ ਪੋਸਟਰ ਰਿਲੀਜ਼ ਸਮਾਗਮ ਮੌਕੇ ਕਮੇਟੀ ਦੇ ਮਹਾਂਰਾਸ਼ਟਰ ਤੋਂ ਨਾਮਜ਼ਦ ਮੈਂਬਰ ਗੁਰਿੰਦਰ ਸਿੰਘ ਬਾਵਾ ਅਤੇ ਫ਼ਿਲਮੀ ਕਲਾਕਾਰ ਅਕਸ਼ੈ ਕੁਮਾਰ ਵੀ ਪੁੱਜੇ ਕਿਉਂਕਿ ਫ਼ਿਲਮ ਦੇ ਪ੍ਰਚਾਰ ਦੀ ਜ਼ਿੰਮੇਵਾਰੀ ਅਕਸ਼ੈ ਕੁਮਾਰ ਸਿਰ ਹੈ।

ਜ਼ਿਕਰਯੋਗ ਤਾਂ ਇਹ ਵੀ ਹੈ ਕਿ ਸਾਲ 2002 ਵਿੱਚ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਅਤੇ ਕਾਰਜਕਾਰਣੀ ਨੇ ਫੈਸਲਾ ਲਿਆ ਸੀ ਕਿ ਸਿੱਖ ਗੁਰੂ ਸਾਹਿਬਾਨ, ਗੁਰ ਪਰਿਵਾਰ ਅਤੇ ਸਿੱਖ ਸ਼ਹੀਦਾਂ ਦੀ ਭੂਮਿਕਾ ਕਿਸੇ ਕਲਾਕਾਰ ਦੇ ਮਾਧਿਅਮ ਨਹੀਂ ਕਰਵਾਈ ਜਾ ਸਕਦੀ। ਇਸੇ ਹੀ ਸਬੰਧ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਲਏ ਫੈਸਲੇ ਦਾ ਜ਼ਿਕਰ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਕਰ ਚੁੱਕੇ ਹਨ। ਤੈਅ ਕੀਤੇ ਨਿਯਮਾਂ ਵਿੱਚ ਸਪੱਸ਼ਟ ਹੈ ਕਿ ਸਿੱਖ ਗੁਰੂਆਂ ਤੇ ਉਨ੍ਹਾਂ ਦੇ ਪਰਿਵਾਰਾਂ ਅਤੇ ਸਿੱਖ ਸ਼ਹੀਦਾਂ ਦਾ ਰੋਲ ਕੋਈ ਵੀ ਕਲਾਕਾਰ ਨਹੀਂ ਨਿਭਾ ਸਕਦਾ। ਫ਼ਿਲਮ 'ਨਾਨਕ ਸ਼ਾਹ ਫਕੀਰ' ਇਸ ਨਿਯਮ ਦੀ ਸਾਫ-ਸਾਫ ਉਲੰਘਣਾ ਕਰਦੀ ਹੈ, ਕਿਉਂਕਿ ਫ਼ਿਲਮ ਵਿੱਚ ਗੁਰੂ ਨਾਨਕ ਸਾਹਿਬ,  ਉਨ੍ਹਾਂ ਦੇ ਮਾਤਾ, ਪਿਤਾ ਅਤੇ ਭੈਣ ਦਾ ਕਿਰਦਾਰ ਕਲਾਕਾਰਾਂ ਵੱਲੋਂ ਨਿਭਾਇਆ ਗਿਆ ਹੈ। ਜਦੋਂ ਫ਼ਿਲਮ ਇਸ ਨਿਯਮ ਦੀ ਉਲੰਘਣਾ ਕਰ ਰਹੀ ਸੀ ਤਾਂ ਪਾਸ ਹੀ ਕਿਉਂ ਕੀਤੀ ਗਈ?
----------
ਸ਼੍ਰੋਮਣੀ ਕਮੇਟੀ ਦੇ ਇਹ 'ਕਬਜ਼ਾ ਧਾਰਕ' ਉਸ ਤਰ੍ਹਾਂ ਹੀ ਸੇਵਾ ਕਰ ਰਹੇ ਹਨ ਜਿਵੇਂ ਕੋਈ ਬਿੱਲੀ, ਦੁੱਧ ਦੀ ਰਾਖੀ ਦੀ ਜ਼ਿੰਮੇਵਾਰੀ ਸੰਭਾਲਣ ਦਾ ਭੇਖ ਕਰ ਰਹੀ ਹੋਵੇ।
----------
ਸਾਫ ਹੈ ਕਿ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ, ਸਾਬਕਾ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ, ਮੁੱਖ ਸਕੱਤਰ ਹਰਚਰਨ ਸਿੰਘ, ਮੌਜੂਦਾ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਅਤੇ ਮੁੱਖ ਸਕੱਤਰ ਡਾ. ਰੂਪ ਸਿੰਘ ਵਲੋਂ ਲਏ ਫੈਸਲੇ ਉਪਰੋਂ ਆਏ ਆਦੇਸ਼ਾਂ ਦਾ ਨਤੀਜਾ ਹਨ। ਇਹ ਵੀ ਸਾਫ ਹੈ ਕਿ ਕਮੇਟੀ ਅਹੁਦੇਦਾਰਾਂ, ਅਧਿਕਾਰੀਆਂ ਤੇ ਬਾਕੀ ਜ਼ਿੰਮੇਵਾਰਾਂ ਨੇ ਉਪਰੋਂ ਆਦੇਸ਼ ਦੇਣ ਵਾਲੇ ਲੋਕਾਂ ਦੇ ਨਾਮ ਵੀ ਨਿੱਜੀ ਹਿੱਤਾਂ ਖਾਤਿਰ ਹੀ ਛੁਪਾਏ ਹੋਏ ਹਨ। ਇਨ੍ਹਾਂ ਲੋਕਾਂ ਦਾ ਗੁਰਦੁਆਰਾ ਸਾਹਿਬ ਦੇ ਪਾਰਦਰਸ਼ੀ ਪ੍ਰਬੰਧ ਜਾਂ ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਨਾਲ ਕੋਈ ਦੂਰ ਦਾ ਵਾਹ-ਵਾਸਤਾ ਵੀ ਨਹੀਂ ਹੈ।

ਸ਼੍ਰੋਮਣੀ ਕਮੇਟੀ ਦਾ ਫ਼ਿਲਮਾਂ ਪ੍ਰਤੀ ਹੇਜ:
ਸ਼੍ਰੋਮਣੀ ਕਮੇਟੀ ਦੇ 'ਮਾਲਕਾਂ' ਦਾ ਫ਼ਿਲਮਾਂ ਪ੍ਰਤੀ ਕਿੰਨਾ ਪਿਆਰ ਹੈ ਇਹ ਸਾਲ 2015 ਵਿੱਚ ਬਾਖੂਬੀ ਸਿੱਖ ਸੰਗਤਾਂ ਸਾਹਮਣੇ ਜ਼ਾਹਰ ਕਰ ਦਿੱਤਾ ਸੀ। ਅਪ੍ਰੈਲ 2015 ਵਿੱਚ ਫ਼ਿਲਮ 'ਨਾਨਕ ਸ਼ਾਹ ਫਕੀਰ' ਪਹਿਲੀ ਵਾਰ ਰਿਲੀਜ਼ ਹੋਈ ਉਸ ਤੋਂ ਪਹਿਲਾਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਮਿਤੀ 22 ਜਨਵਰੀ 2015 ਨੂੰ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਦੋ ਪ੍ਰਸ਼ੰਸਾ ਪੱਤਰ ਜਾਰੀ ਕਰਕੇ ਫਿਲਮ ਦੇ ਨਿਰਮਾਤਾ ਹਰਵਿੰਦਰ ਸਿੰਘ ਸਿੱਕਾ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਲਿਖਿਆ "ਆਪ ਵੱਲੋਂ ਸਿੱਖ ਧਰਮ ਦੇ ਬਾਣੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਸ ਸਮੇਂ ਦੀਆਂ ਘਟਨਾਵਾਂ 'ਤੇ ਅਧਾਰਿਤ 'ਨਾਨਕ ਸ਼ਾਹ ਫਕੀਰ' ਫ਼ਿਲਮ ਬਣਾ ਰਹੇ ਹੋ ਉਸ ਲਈ ਆਪ ਵਧਾਈ ਦੇ ਪਾਤਰ ਹੋ। ਇਹ ਸਿੱਖ ਧਰਮ ਦੇ ਪ੍ਰਚਾਰ ਦਾ ਇੱਕ ਵਧੀਆ ਸਾਧਨ ਹੈ। ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਆਪ ਨੂੰ ਚੜ੍ਹਦੀਕਲਾ ਅਤੇ ਤੰਦਰੁਸਤੀ ਬਖਸ਼ਣ ਤਾਂ ਜੋ ਆਪ ਇਸ ਉਪਰਾਲੇ ਨੂੰ ਚੜ੍ਹਦੀਕਲਾ ਵਿੱਚ ਨਿਭਾਅ ਸਕੋ।"

ਇਹ ਸ਼ਾਇਦ ਪਹਿਲਾ ਮੌਕਾ ਹੈ ਕਿ ਅਕਾਲ ਤਖਤ ਸਾਹਿਬ ਵੱਲੋਂ ਇੱਕ ਫ਼ਿਲਮ ਦੇ ਨਿਰਮਾਤਾ ਨੂੰ ਇੱਕੋ ਦਿਨ ਦੋ ਵਧਾਈ ਪੱਤਰ ਦੋ ਭਾਸ਼ਾਵਾਂ ਵਿੱਚ ਜਾਰੀ ਕੀਤੇ ਗਏ। ਇਨ੍ਹਾਂ ਦੀ ਕੀ ਲੋੜ ਸੀ ਇਸ ਬਾਰੇ ਖੁਲਾਸਾ ਤਾਂ ਪੱਤਰ ਜਾਰੀ ਕਰਨ ਵਾਲੇ ਜਥੇਦਾਰ ਸਾਹਿਬ ਹੀ ਕਰ ਸਕਦੇ ਹਨ।

ਗੱਲ ਇਥੇ ਹੀ ਨਹੀਂ ਮੁੱਕਦੀ। ਇੱਕ ਹੋਰ ਫ਼ਿਲਮ ਦੀ ਰਿਲੀਜ਼ ਵਿੱਚ ਆ ਰਹੀ ਅੜਚਨ ਨੂੰ ਦੂਰ ਕਰਨ ਲਈ ਵੀ ਜਥੇਦਾਰ ਸਾਹਿਬ ਨੇ ਸਰਗਰਮ ਭੂਮਿਕਾ ਸਾਲ 2015 ਵਿੱਚ ਹੀ ਅਦਾ ਕੀਤੀ ਸੀ ਜਦੋਂ ਉਨ੍ਹਾਂ ਨੇ 25 ਸਤੰਬਰ ਨੂੰ ਅਕਾਲ ਤਖਤ ਤੋਂ ਸਿਰਸਾ ਵਾਲੇ ਡੇਰੇ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਮੁਆਫ਼ੀਕਰਨ ਦਾ ਐਲਾਨਨਾਮਾ ਕੀਤਾ ਸੀ।

ਇਥੇ ਵਰਣਨਯੋਗ ਹੈ ਕਿ ਰਾਮ ਰਹੀਮ ਦੀ ਫ਼ਿਲਮ 'ਐੱਮ.ਐੱਸ.ਜੀ.-2' 18 ਸਤੰਬਰ, 2015 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀ ਗਈ ਸੀ ਪਰ ਪੰਜਾਬ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਇਸ ਦੇ ਵਿਰੋਧ ਕਾਰਨ ਇਹ ਫ਼ਿਲਮ ਨਹੀਂ ਦਿਖਾਈ ਜਾ ਰਹੀ ਸੀ। ਇਸਲਈ ਜਦੋਂ 25 ਸਤੰਬਰ, 2015 ਨੂੰ ਅਕਾਲ ਤਖਤ ਤੇ ਸਿੰਘ ਸਾਹਿਬਾਨਾਂ ਵੱਲੋਂ ਮੁਆਫ਼ੀ ਦਾ ਡਰਾਮਾ ਕੀਤਾ ਗਿਆ ਤਾਂ ਤੁਰੰਤ ਸ਼੍ਰੋਮਣੀ ਕਮੇਟੀ ਵੱਲੋਂ ਵੀ ਚਾਰ ਦਿਨਾਂ ਬਾਅਦ 29 ਸਤੰਬਰ, 2015 ਨੂੰ ਵਿਸ਼ੇਸ਼ ਇਜਲਾਸ ਸੱਦ ਕੇ 'ਪਿਤਾ ਜੀ' ਰਾਮ ਰਹੀਮ ਨੂੰ ਮੁਆਫ਼ੀ ਦੇਣ ਦੇ ਫੈਸਲੇ ਦਾ ਸੁਆਗਤ ਕਰਨ ਲਈ ਮਤਾ ਪਾਸ ਕੀਤਾ ਗਿਆ ਤੇ ਫ਼ਿਲਮ ਪੰਜਾਬ ਦੇ ਸਿਨੇਮਾ ਹਾਲਾਂ ਵਿੱਚ ਰਿਲੀਜ਼ ਹੋ ਗਈ। ਇਹ ਵੱਖਰੀ ਗੱਲ ਹੈ ਕਿ ਬਾਅਦ ਵਿੱਚ ਸਿੱਖ ਸੰਗਤਾਂ ਦੇ ਰੋਸ ਕਾਰਨ ਮੁਆਫ਼ੀਨਾਮਾ ਵਾਪਿਸ ਲੈਣਾ ਪਿਆ।

ਇਨ੍ਹਾਂ ਦੋਵਾਂ ਘਟਨਾਵਾਂ ਨੇ ਸਾਬਿਤ ਕੀਤਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਮਾਲਕਾਂ ਨੂੰ ਸਿੱਖੀ ਸਿਧਾਂਤਾਂ, ਗੁਰਮਤਿ ਜੀਵਨ-ਜਾਚ ਜਾਂ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਨਾ ਸਮਝ ਹੈ ਤੇ ਨਾ ਹੀ ਕੋਈ ਕਦਰ ਹੈ। ਸ਼੍ਰੋਮਣੀ ਕਮੇਟੀ ਦੇ ਇਹ 'ਕਬਜ਼ਾ ਧਾਰਕ' ਉਸ ਤਰ੍ਹਾਂ ਹੀ ਸੇਵਾ ਕਰ ਰਹੇ ਹਨ ਜਿਵੇਂ ਕੋਈ ਬਿੱਲੀ, ਦੁੱਧ ਦੀ ਰਾਖੀ ਦੀ ਜ਼ਿੰਮੇਵਾਰੀ ਸੰਭਾਲਣ ਦਾ ਭੇਖ ਕਰ ਰਹੀ ਹੋਵੇ।
----------
ਹੁਣ ਜਦੋਂਕਿ ਇਹ ਵੀ ਸਪਸ਼ਟ ਹੋ ਚੁੱਕਾ ਹੈ ਕਿ ਫ਼ਿਲਮ ਦੀ ਮੁੱਢਲੀ ਤਿਆਰੀ ਤੋਂ ਲੈ ਕੇ ਹਮਾਇਤ ਦੇਣ ਤੀਕ ਸ਼੍ਰੋਮਣੀ ਕਮੇਟੀ ਪ੍ਰਧਾਨ, ਸਾਬਕਾ ਤੇ ਮੌਜੂਦਾ ਮੁੱਖ ਸਕੱਤਰ, ਅਧਿਕਾਰੀ ਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਭੂਮਿਕਾ ਸ਼ੱਕ ਦੇ ਘੇਰੇ ਵਿੱਚ ਹੈ ਤਾਂ ਹਰਿੰਦਰ ਸਿੱਕਾ ਦੇ ਖਿਲਾਫ ਧਾਰਮਿਕ ਤੇ ਕਾਨੂੰਨੀ ਕਾਰਵਾਈ ਕਰਦਿਆਂ ਇਨ੍ਹਾਂ ਲੋਕਾਂ ਨੂੰ ਅਜਿਹੀ ਕਾਰਵਾਈ ਦੇ ਘੇਰੇ ਤੋਂ ਬਾਹਰ ਕਿਉਂ ਰੱਖਿਆ ਜਾਵੇ।
----------
ਤਸਵੀਰ ਦਾ ਇੱਕ ਪਹਿਲੂ ਹੋਰ ਵੀ ਹੈ ਜੋ ਅਜੇ ਤੀਕ ਬਹੁਤ ਘੱਟ ਵਿਚਾਰਿਆ ਗਿਆ ਹੈ। ਉਹ ਸ੍ਰੀ ਦਰਬਾਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਤੇ ਪਦਮ ਸ੍ਰੀ ਭਾਈ ਨਿਰਮਲ ਸਿੰਘ ਖਾਲਸਾ ਵਲੋਂ 4 ਮਾਰਚ, 2018 ਨੂੰ ਲਿਖਿਆ ਉਹ ਲੇਖ ਜਿਸ ਵਿੱਚ ਉਹ ਫ਼ਿਲਮ ਦਾ ਨਾਮਕਰਨ ਕਰਨ ਤੋਂ ਲੈ ਕੇ ਫ਼ਿਲਮ ਦੀ ਸਕ੍ਰਿਪਟ ਵਿੱਚ ਡਾ. ਰੂਪ ਸਿੰਘ, ਪ੍ਰੋ. ਕਪੂਰ ਸੰਘ, ਤੀਰਥ ਸਿੰਘ ਢਿਲੋਂ, ਡਾ. ਇੰਦਰਜੀਤ ਸਿੰਘ ਗੋਗੋਆਣੀ ਅਤੇ ਖੁਦ ਨਿਰਮਲ ਸਿੰਘ ਖਾਲਸਾ ਦੀਆਂ ਮੁੰਬਈ ਦੇ ਇਲਾਕੇ ਖਾਰ ਵਿਖੇ ਹੋਈਆਂ ਮੀਟਿੰਗਾਂ ਦਾ ਜ਼ਿਕਰ ਕਰਦੇ ਹਨ।
 
ਭਾਈ ਨਿਰਮਲ ਸਿੰਘ ਖਾਲਸਾ ਲਿਖਦੇ ਹਨ 'ਫ਼ਿਲਮ ਅੰਦਰ ਰੋਲ ਕਰਵਾਉਣ ਦੀਆਂ ਬਹੁਤ ਸਾਰੀਆਂ ਚੁਣੌਤੀਆਂ ਸਨ, ਜੋ ਅਸਾਂ ਤਿੰਨਾਂ ਨੇ ਸਵੀਕਰ ਕਰ ਲਈਆਂ'। ਹੁਣ ਜਦੋਂਕਿ ਇਹ ਵੀ ਸਪਸ਼ਟ ਹੋ ਚੁੱਕਾ ਹੈ ਕਿ ਫ਼ਿਲਮ ਦੀ ਮੁੱਢਲੀ ਤਿਆਰੀ ਤੋਂ ਲੈ ਕੇ ਹਮਾਇਤ ਦੇਣ ਤੀਕ ਸ਼੍ਰੋਮਣੀ ਕਮੇਟੀ ਪ੍ਰਧਾਨ, ਸਾਬਕਾ ਤੇ ਮੌਜੂਦਾ ਮੁੱਖ ਸਕੱਤਰ, ਅਧਿਕਾਰੀ ਤੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਭੂਮਿਕਾ ਸ਼ੱਕ ਦੇ ਘੇਰੇ ਵਿੱਚ ਹੈ ਤਾਂ ਹਰਿੰਦਰ ਸਿੱਕਾ ਦੇ ਖਿਲਾਫ ਧਾਰਮਿਕ ਤੇ ਕਾਨੂੰਨੀ ਕਾਰਵਾਈ ਕਰਦਿਆਂ ਇਨ੍ਹਾਂ ਲੋਕਾਂ ਨੂੰ ਅਜਿਹੀ ਕਾਰਵਾਈ ਦੇ ਘੇਰੇ ਤੋਂ ਬਾਹਰ ਕਿਉਂ ਰੱਖਿਆ ਜਾਵੇ। ਇਸ ਸੰਬੰਧੀ ਉਨ੍ਹਾਂ ਦਾ ਪੱਖ ਜਾਣਨ ਲਈ ਜਦੋਂ ਡਾ. ਰੂਪ ਸਿੰਘ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਕੱਟ ਦਿੱਤਾ।

ਕਮੇਟੀ ਦੇ ਇਨ੍ਹਾਂ ਜ਼ਿੰਮੇਵਾਰ ਤੇ ਦੋਸ਼ੀ ਅਧਿਕਾਰੀਆਂ ਨੂੰ ਸਿੱਖ ਪੰਥ ਅਤੇ ਕਾਨੂੰਨ ਦੇ ਕਟਿਹਰੇ ਵਿੱਚ ਕਿਉਂ ਨਾ ਖੜ੍ਹਾ ਕੀਤਾ ਜਾਵੇ?
 
 
Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.






Comment by: ਤਜਿੰਦਰ ਸਿੰਘ ਸੰਘਾ

ਕਿੰਨਾ ਮੰਦਭਾਗਾ ਤੇ ਤਰਸਹੀਣ ਬਣਾ ਦਿੱਤਾ ਜੱਟ ਸਿੱਖਾਂ ਨੇ ਸਿੱਖ ਮੱਤ ਦਾ ਭਵਿੱਖ, ਖਾਸ ਕਰਕੇ ਆਗੂਆਂ(ਅਕਾਲੀ ਦਲ ਦੇ) ਦੀ ਅਗਵਾਈ ਵਿੱਚ ਤਕਰੀਬਨ ੧੦੦ ਸਾਲ ਦੇ ਇਤਿਹਾਸ ਵਿੱਚ, ਪੰਜਾਬ ਦੇ ਟੁਕੜੇ ਕਰਵਾਏ, ਫੇਰ ਪੰਜ ਤਖਤ ਅਕਾਲ ਤਖ਼ਤ ਸਾਹਿਬ ਨਾਲੋਂ ਅਲੱਗ ਕਰਵਾਏ, ਹੁਣ ਜੇ ਸਿੱਖ ਧਰਮ ਨੂੰ ਫੈਲਾਉਣ ਦਾ ਪ੍ਰਚਾਰ ਹੋਣ ਲੱਗਾ ਤਾਂ ਉਹਦੇ ਵਿੱਚ ਵੀ ਰੁਕਾਵਟਾਂ । ਲੋਕਾਂ ਨੇ ਆਪਣੇ ਦਿਮਾਗ ਜਾਂ ਚਤੁਰਾਈ ਦੇ ਨਾਲ ਪਥਰ ਵੀ ਦੁਨੀਆਂ ਉਪਰ ਮਸ਼ਹੂਰ ਕਰ ਲਏ ।

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER