ਵਿਚਾਰ
ਕੂੜੁ ਫਿਰੈ ਪਰਧਾਨੁ ਵੇ ਲਾਲੋ
- ਮਾਲਵਿੰਦਰ ਸਿੰਘ ਮਾਲੀ
ਕੂੜੁ ਫਿਰੈ ਪਰਧਾਨੁ ਵੇ ਲਾਲੋਸਿਆਸਤਦਾਨਾਂ ਤੇ ਅਫਸਰਸ਼ਾਹੀ ਵੱਲੋਂ 'ਦਿੱਲੀ ਦਰਬਾਰ' ਦੀ ਪੰਜਾਬ ਤੇ ਸਿੱਖ ਭਾਈਚਾਰੇ ਬਾਰੇ ਨੀਤ ਤੇ ਨੀਤੀ ਨੂੰ ਪੂਰੀ ਸ਼ਿੱਦਤ ਨਾਲ ਹੁੰਗਾਰਾ ਭਰਨ ਨਾਲ ਰਸਾਤਲ (ਸਰਬਪੱਖੀ ਨਿਘਾਰ) ਦੀ ਖੱਡ 'ਚ ਧੱਕੇ ਪੰਜਾਬ ਦੇ ਅੰਦਰੋਂ ਕਦੇ-ਕਦਾਈਂ ਅਜਿਹੀ ਹੂਕ ਨਿਕਲ ਜਾਂਦੀ ਹੈ ਜਿਹੜੀ ਪੰਜਾਬੀਆਂ ਦੇ ਕਾਲਜੇ ਧੂਹ ਪਾ ਜਾਂਦੀ ਹੈ। ਪੰਜਾਬ ਸਰਕਾਰ ਦੇ ਮੌਜੂਦਾ ਬਜਟ ਸੈਸ਼ਨ ਦੌਰਾਨ ਵੀ ਐਨੇ ਸਬੱਬ ਨਾਲ ਅਜਿਹੀ ਹੂਕ ਦਾ ਝਲਕਾਰਾ ਪਿਆ ਕਿ ਪੰਜਾਬ ਨੂੰ ਉਜਾੜਨ ਵਾਲਿਆਂ ਦੇ ਇੱਕ ਹਿੱਸੇ ਦਾ ਬਦਨੁਮਾ ਦਾਗ ਚਮਕ ਉੱਠਿਆ। ਇਸ ਦਾ ਸਾਧਨ ਬਣਿਆ ਪੰਜਾਬ ਦਾ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ। ਜੋ-ਜੋ ਟੈਕਸ ਦਾ ਹੋ-ਹੱਲਾ ਮਚਾ ਕੇ ਸਰਕਾਰ ਦੀਆਂ ਪੰਜਾਬ ਵਿਰੋਧੀ ਤੇ ਦਿੱਲੀ ਦੀ ਦਲਾਲੀ ਵਾਲੀਆਂ ਨੀਤੀਆਂ ਤੋਂ ਧਿਆਨ ਹਟਾ ਕੇ ਆਪਣੇ ਸੱਜਰੇ ਸ਼ਰੀਕ ਮਨਪ੍ਰੀਤ ਬਾਦਲ ਨੂੰ ਨਿੱਜੀ ਹਮਲੇ ਦੀ ਮਾਰ ਹੇਠ ਲਿਆ ਰਹੇ ਸੁਖਬੀਰ-ਮਜੀਠੀਆ ਗਰੋਹ ਨੂੰ ਉਸ ਵੇਲੇ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਮਨਪ੍ਰੀਤ ਨੇ ਪ੍ਰਕਾਸ਼ ਸਿੰਘ ਬਾਦਲਕਿਆਂ ਵੱਲੋਂ ਆਪਣੇ ਨਿੱਜੀ ਸੁਆਰਥਾਂ, ਲੋੜਾਂ ਖਾਤਰ ਪੰਜਾਬ ਦੇ ਲੋਕਾਂ ਦੇ ਟੈਕਸਾਂ ਨਾਲ ਚੱਲਣ ਵਾਲੇ ਸਰਕਾਰੀ ਖ਼ਜ਼ਾਨੇ 'ਤੇ ਕਾਨੂੰਨ ਦੀ ਆੜ 'ਚ ਮਾਰੇ ਗਏ ਡਾਕਿਆਂ ਨੂੰ ਇੱਕ-ਇੱਕ ਕਰਕੇ ਗਿਣਾਉਣਾ ਸ਼ੁਰੂ ਕਰ ਦਿੱਤਾ। ਇਥੇ ਹੀ ਬੱਸ ਨਹੀਂ, ਉਸ ਨੇ ਬਾਦਲਕਿਆਂ ਵੱਲੋਂ 'ਗੁਰੂ ਦੀ ਗੋਲਕ' ਦੀ ਕੀਤੀ ਗਈ ਦੁਰਵਰਤੋਂ ਦਾ ਕਿੱਸਾ ਵੀ ਛੋਹ ਲਿਆ।

ਮਨਪ੍ਰੀਤ ਨੇ ਬਿਕਰਮ ਮਜੀਠੀਏ ਦੇ ਅੰਗਰੇਜ਼ ਪਿੱਠੂ ਖਾਨਦਾਨ ਦੇ ਕਿਰਦਾਰ ਨੂੰ ਨੰਗਾ ਕਰਨ ਦੇ ਨਾਲ-ਨਾਲ ਇਹ ਵੀ ਕਹਿ ਦਿੱਤਾ ਕਿ ਆਪਣੀ ਭੈਣ ਦੇ ਵਿਆਹ ਵੇਲੇ ਸੁਖਬੀਰ ਬਾਦਲ ਨੂੰ ਦਾਜ 'ਚ ਦਿੱਤੀ ਕਾਰ ਕਿਸ਼ਤਾਂ 'ਤੇ ਲੈਣ ਵਾਲੇ ਮਜੀਠੀਏ ਅੱਜ ਕਰੋੜਾਂ ਵਾਲੀਆਂ ਕਾਰਾਂ 'ਚ ਘੁੰਮ ਰਹੇ ਹਨ। ਉਸ ਨੇ ਇਹ ਵੀ ਕਹਿ ਦਿੱਤਾ ਕਿ ਅਰਬਾਂ-ਖਰਬਾਂ ਦੇ ਮਾਲਕ ਸੁਖਬੀਰ ਤੇ ਬਿਕਰਮ ਦੇ ਕੋੜਮੇ ਅੱਜ ਵੀ ਸਰਕਾਰੀ ਖਰਚਾਂ 'ਤੇ ਹੀ ਪੱਲ ਰਹੇ ਹਨ। ਵਿਧਾਨ ਸਭਾ ਵਿਚ ਸੁੰਨ ਵਰਤ ਗਈ ਤੇ ਬਾਦਲਕੇ ਵਿਧਾਨ ਸਭਾ 'ਚੋਂ ਹੀ ਦੌੜ ਗਏ।

ਮਨਪ੍ਰੀਤ ਸਿੰਘ ਬਾਦਲ ਨੇ ਕੋਈ ਨਵੇਂ ਤੱਥ ਜਾਂ ਦੋਸ਼ ਨਹੀਂ ਲਾਏ। ਇਹ ਸਾਰੀਆਂ ਗੱਲਾਂ ਪੰਜਾਬ ਦੀ ਸਿਆਸੀ ਤੇ ਧਾਰਮਿਕ ਫਿਜ਼ਾ ਅੰਦਰ ਪਹਿਲਾਂ ਵੀ ਚੱਲੀਆਂ ਹਨ। ਪਰ ਸਰਕਾਰ, ਪਾਰਟੀ ਤੇ ਸ਼੍ਰੋਮਣੀ ਕਮੇਟੀ ਉੱਪਰ ਬਾਦਲਕਿਆਂ ਦਾ ਜਕੜਪੰਜਾ ਹੀ ਐਨੀ ਮਜਬੂਤੀ ਨਾਲ ਕਸਿਆ ਰਿਹਾ ਕਿ ਇਹ ਦੋਸ਼ ਮੱਘਦੇ ਤਾਂ ਰਹੇ ਪਰ ਹੁਣ ਵਾਂਗ ਭਾਂਬੜ ਦੀ ਸ਼ਕਲ ਨਾ ਅਖਤਿਆਰ ਕਰ ਸਕੇ। ਪਰ ਮੌਜੂਦਾ ਹਾਲਤ 'ਚ, ਜਦੋਂ ਪੰਜਾਬ ਦੀ ਤਬਾਹੀ ਸਿਰ ਚੜ੍ਹ ਬੋਲ ਰਹੀ ਹੈ ਤੇ ਬਾਦਲਕੇ ਲੋਕਾਂ ਦੇ ਨੱਕੋਂ-ਮੂੰਹੋਂ ਬੁਰੀ ਤਰ੍ਹਾਂ ਲਹਿ ਚੁੱਕੇ ਹਨ ਤਾਂ ਰਾਜਸੀ, ਧਾਰਮਿਕ ਤੇ ਲੋਕ ਮਨਾਂ ਅੰਦਰ ਇਨ੍ਹਾਂ ਦੀ ਸਮੂਹਕ ਗਰਜਨਾ ਉੱਭਰ ਆਈ ਹੈ।
---------
ਮਨਪ੍ਰੀਤ ਨੇ ਬਿਕਰਮ ਮਜੀਠੀਏ ਦੇ ਅੰਗਰੇਜ਼ ਪਿੱਠੂ ਖਾਨਦਾਨ ਦੇ ਕਿਰਦਾਰ ਨੂੰ ਨੰਗਾ ਕਰਨ ਦੇ ਨਾਲ-ਨਾਲ ਇਹ ਵੀ ਕਹਿ ਦਿੱਤਾ ਕਿ ਆਪਣੀ ਭੈਣ ਦੇ ਵਿਆਹ ਵੇਲੇ ਸੁਖਬੀਰ ਬਾਦਲ ਨੂੰ ਦਾਜ 'ਚ ਦਿੱਤੀ ਕਾਰ ਕਿਸ਼ਤਾਂ 'ਤੇ ਲੈਣ ਵਾਲੇ ਮਜੀਠੀਏ ਅੱਜ ਕਰੋੜਾਂ ਵਾਲੀਆਂ ਕਾਰਾਂ 'ਚ ਘੁੰਮ ਰਹੇ ਹਨ। 
---------
ਵੱਡੇ ਝੰਜੋੜੇ ਦੇ ਬੋਂਦਲਾਏ ਸੁਖਬੀਰ ਤੇ ਬਿਕਰਮ ਨੂੰ ਸੁਰਤ ਸਿਰ ਆਉਣ ਤੇ ਸੰਭਲਣ ਦਾ ਪੈਂਤੜਾ ਮੱਲਣ ਵਾਸਤੇ ਕਾਫੀ ਮੁਸ਼ੱਕਤ ਕਰਨੀ ਪਈ ਹੈ। ਮਨਪ੍ਰੀਤ ਦੇ ਬਾਕੀ ਸਾਰੇ ਦੋਸ਼ਾਂ ਬਾਰੇ ਸਾਜਿਸ਼ੀ ਚੁੱਪ ਧਾਰ ਕੇ ਸੁਖਬੀਰ ਨੇ ਆਪਣੇ ਸਵਰਗੀ ਮਾਤਾ ਸਰਦਾਰਨੀ ਸੁਰਿੰਦਰ ਕੌਰ ਬਾਦਲ ਦੀ ਮੜੀ ਦੀ ਜਾਂ ਢੋਈ ਲੈਣ ਨੂੰ ਹੀ ਬਚਾਅ ਦਾ ਆਸਰਾ ਬਣਾ ਲਿਆ ਹੈ। ਸਿਆਣੇ ਕਹਿੰਦੇ ਨੇ ਜਦੋਂ ਮਾੜੇ ਦਿਨ ਹੋਣ ਤਾਂ ਖਾਲੀ ਬੰਦੂਕ ਵੀ ਚੱਲ ਜਾਂਦੀ ਹੈ।
 
ਸੁਖਬੀਰ ਦੀ ਇਸ ਬੇਹਯਾਈ ਨੇ ਉਲਟਾ ਬੀਬੀ ਸੁਰਿੰਦਰ ਕੌਰ ਦੇ ਸਿਆਸੀ ਵਿਹਾਰ-ਕਿਰਦਾਰ ਤੇ "ਲੰਗਰਾਂ ਦੀ ਲੜੀ ਚਲਾਉਣ" ਬਾਰੇ ਹੀ ਸੁਆਲਾਂ ਨੂੰ ਉਭਾਰਨ ਦਾ ਮੌਕਾ ਮੁਹਈਆ ਕਰ ਦਿੱਤਾ ਹੈ ਤੇ ਗੱਲ ਸਿਮਟਨ ਦੀ ਥਾਂ ਹੋਰ ਵਲਗਣਾਂ ਨੂੰ ਵਲੇਂਵੇਂ ਵਿਚ ਲੈਣ ਲੱਗ ਪਈ ਹੈ।

ਪੰਜਾਬ ਦੀ ਸਿਆਸਤ ਅੰਦਰ ਮੁੱਦਿਆਂ, ਨੀਤੀਆਂ ਤੇ ਰਾਜ ਪ੍ਰਬੰਧ ਸਬੰਧੀ ਸਾਰਥਿਕ ਚਰਚਾ ਹੋਣ ਦਾ ਮਾਹੌਲ ਸਾਰੇ ਹੀ ਸਿਆਸਤਦਾਨਾਂ ਨੇ ਮਿਲ ਕੇ ਖਤਮ ਕੀਤਾ ਹੋਇਆ ਹੈ। ਇਸ ਦੇ ਉਲਟ ਵਿਅਕਤੀ ਨੂੰ ਨਿਸ਼ਾਨਾ ਬਣਾਉਣਾ ਤੇ ਆਪਣੇ ਆਪ ਨੂੰ ਸਹੀ ਸਾਬਤ ਕਰਨ ਦੀ ਥਾਂ ਵਿਰੋਧੀ ਨੂੰ ਆਪਣੇ ਤੋਂ ਮਾੜਾ ਸਾਬਤ ਕਰਨ ਦਾ ਕੰਮ ਪੂਰੀ 'ਤਨਦੇਹੀ' ਨਾਲ ਕਰਨ ਦਾ ਰਿਵਾਜ ਭਾਰੂ ਹੋ ਗਿਆ। ਇਥੇ ਵੀ ਕਿਸੇ ਨੇ ਸਵਾਲਾਂ ਦਾ ਜਵਾਬ ਨਹੀਂ ਦੇਣਾ ਕਿਉਂਕਿ ਸਾਰਿਆਂ ਨੇ ਮਿਲ ਕੇ ਮੁੱਖ ਮੰਤਰੀ, ਸਾਬਕਾ ਮੁੱਖ ਮੰਤਰੀਆਂ, ਵਿਧਾਇਕਾਂ ਤੇ ਹੋਰਨਾਂ ਨੂੰ ਤਨਖਾਹਾਂ, ਭੱਤੇ, ਸਿਹਤ ਸਹੂਲਤਾਂ ਤੇ ਪੈਨਸ਼ਨਾਂ ਦਾ ਕਾਨੂੰਨੀ ਪ੍ਰਬੰਧ ਕੀਤਾ ਹੋਇਆ ਹੈ ਜਿਸ ਦੀ ਵਰਤੋਂ ਬਾਦਲਕਿਆਂ ਵਰਗੇ ਬੇਰਹਿਮੀ ਨਾਲ ਕਰਦੇ ਹਨ। 'ਆਲੇ ਦਾ ਮੂੰਹ ਖੁੱਲ੍ਹਾ ਪਰ ਕੁੱਤੇ ਨੂੰ ਸ਼ਰਮ ਕਰਨੀ ਚਾਹੀਦੀ ਹੈ' ਵਾਲਾ ਅਖਾਣ ਇਨ੍ਹਾਂ ਉੱਪਰ ਢੁੱਕਦਾ ਹੈ। ਪਰ ਸਰਕਾਰੀ ਖਜ਼ਾਨੇ ਦੀ ਅਜਿਹੀ ਬੇਰਹਿਮ ਲੁੱਟ ਕਰਨ ਵਾਲੀ ਵਿਵਸਥਾ ਉਪਰ ਇਨ੍ਹਾਂ 'ਚੋਂ ਕੋਈ ਵੀ ਸੁਆਲ ਨਹੀਂ ਉਠਾਏਗਾ। ਮਨਪ੍ਰੀਤ ਦਾ ਇਹ ਕਹਿਣਾ ਕਿ ਉਹ ਇਹ ਸਹੂਲਤਾਂ ਨਹੀਂ ਲੈਂਦਾ, ਇਸ ਦਾ ਸਿਆਸੀ ਅਰਥ ਤੇ ਲੋਕ ਭਲਾਈ ਵਾਲਾ ਪੱਖ ਤਾਂ ਹੀ ਹੋ ਸਕਦਾ ਹੈ ਜੇ ਉਹ ਇਸ ਵਿਵਸਥਾ ਨੂੰ ਬਦਲਣ ਦਾ ਸਿਆਸੀ ਮੁੱਦਾ ਉਭਾਰੇ।
-----------
ਸ਼੍ਰੋਮਣੀ ਕਮੇਟੀ ਜਾਂ ਕਹੋ ਸਿਖਾਂ ਦਾ ਧਾਰਮਿਕ ਪ੍ਰਬੰਧ ਤੇ ਸੰਸਥਾਵਾਂ ਵੀ ਇਸ ਸਿਆਸੀ ਚਿੱਕੜ 'ਚ ਕਿਵੇਂ ਗਲਤਾਨ ਹਨ- ਇਹ ਨਾਪਾਕ ਤੇ ਅਪਵਿੱਤਰ ਗੱਠਜੋੜ ਵੀ ਬੀਬੀ ਸੁਰਿੰਦਰ ਕੌਰ ਦੇ ਹਵਾਲੇ ਨਾਲ ਚਰਚਾ ਵਿਚ ਆ ਗਿਆ ਹੈ।
-----------
ਪੰਜਾਬ ਦੇ ਲੋਕਾਂ ਦੀ ਤ੍ਰਾਸਦੀ ਇਹ ਹੈ ਕਿ ਵੇਖਣ ਨੂੰ ਇੱਕ ਦੂਜੇ ਨਾਲ ਵਿਖਾਈ ਦਿੰਦਾ ਸਿਆਸੀ ਵਿਰੋਧ/ ਦੁਸ਼ਮਣੀ, ਇਨ੍ਹਾਂ ਦੀਆਂ ਨੀਤੀਆਂ, ਫੈਸਲਿਆਂ, ਸਾਂਝੀ ਵਿਵਸਥਾ 'ਤੇ ਅਸਰ ਅੰਦਾਜ ਨਹੀਂ ਹੁੰਦੀ। ਪੰਜਾਬ ਬੌਧਿਕ ਕੰਗਾਲੀ ਦੀ ਮਾਰ ਹੇਠ ਆਇਆ ਹੋਣ ਕਰਨ ਬੌਧਿਕ ਹਲਕੇ ਵੀ ਉਪਰੋਂ-ਉਪਰੋਂ ਗਰਦ ਝਾੜਨ ਤੇ ਨਿੱਜੀ ਸੁੱਖ ਸਹੂਲਤਾਂ ਤੱਕ ਮੁਥਾਜ ਹੋ ਕੇ ਰਹਿ ਗਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਹਿਲੇ ਮੁੱਖ ਮੰਤਰੀ ਦੇ ਸਮੇਂ ਵੇਲੇ ਰਾਜਸੀ ਆਗੂਆਂ ਦੇ ਭ੍ਰਿਸ਼ਟਾਚਾਰ ਤੇ ਪੰਜਾਬ ਦੇ ਪਾਣੀਆਂ ਦੇ ਹੱਕ ਬਾਰੇ ਕੁਝ ਨਾ ਕੁਝ ਕੀਤਾ ਸੀ। ਪਰ ਆਖਰ ਨੂੰ ਉਸ ਨੂੰ ਵੀ "ਦਿੱਲੀ ਦਰਬਾਰ" ਦੀ ਪੰਜਾਬ ਬਾਰੇ ਧਾਰਨ ਕੀਤੀ ਅਲਿਖਤ ਨੀਤੀ ਸਾਹਮਣੇ ਗੋਡੇ ਟੇਕਣੇ ਪਏ। ਇਹ ਨੀਤੀ ਹੈ ਕਿ ਜਿਹੜਾ ਵੀ ਸਿਆਸੀ ਆਗੂ, ਮੁੱਖ ਮੰਤਰੀ, ਮੰਤਰੀ ਤੇ ਅਫਸਰ ਕੇਂਦਰ ਦੀ ਪੰਜਾਬ ਬਾਰੇ ਨੀਤੀ 'ਚ ਵਿਘਨ ਨਹੀਂ ਪਾਵੇਗਾ, ਉਸ ਅਨੁਸਾਰ ਚੱਲੇਗਾ ਤਾਂ ਉਹ ਜਿੰਨੇ ਵੀ ਤੇ ਜਿਸ ਵੀ ਤਰੀਕੇ ਨਾਲ ਜਾਇਦਾਦ ਤੇ ਮਾਇਆ ਦੇ ਅੰਬਾਰ ਇਕੱਤਰ ਕਰ ਲਵੇ ਉਸ ਖਿਲਾਫ ਕੇਂਦਰ ਦੀ ਕੋਈ ਵੀ ਏਜੰਸੀ ਜਾਂਚ ਨਹੀਂ ਕਰੇਗੀ ਤੇ ਨਾ ਹੀ ਰਾਜ ਸਰਕਾਰ ਨੂੰ ਇੰਝ ਕਰਨ ਦੀ ਖੁੱਲ੍ਹ ਦੇਵੇਗੀ। ਇਸ ਨੀਤੀ 'ਚ ਪਿਛਲੇ ਸਮੇਂ 'ਚ ਵਿਘਨ ਪਾਉਣ ਵਾਲਿਆਂ ਤੇ ਵਿਘਨਾਂ ਨੂੰ ਤੇਜੀ ਨਾਲ ਸੂਤ ਕਰ ਲਿਆ ਗਿਆ ਹੈ। ਹੁਣ ਬਾਦਲਕੇ ਤੇ ਮਹਿਲਾਂ ਵਾਲੇ ਪਾਸ ਦੇ ਲੈ ਸਿਆਸੀ ਖੇਡ ਖੇਡ ਰਹੇ ਹਨ।
 
ਸਿੱਧੂ, ਮਨਪ੍ਰੀਤ, ਖਹਿਰਾ, ਬੈਂਸ ਵਰਗੇ ਹਾਲੇ ਮੁਕਾਬਲਤਨ ਅੱਥਰੇ ਬਹਿੜਕਿਆਂ ਦੀ ਮਾਰਨ ਖੁੰਡੀ ਬਿਆਨਬਾਜ਼ੀ ਬਾਰੇ ਪਹਿਲਾਂ ਹੀ ਹਾਲੀ ਕੱਢੇ ਹੋਏ ਚੁੱਪ ਰਹਿ ਕੇ ਤਮਾਸ਼ਾ ਵੇਖ ਰਹੇ ਹਨ ਤੇ ਇਨ੍ਹਾਂ ਅੱਥਰਿਆਂ ਨੂੰ ਵੀ ਉਨ੍ਹਾਂ ਹਾਲੀ ਕੱਢ ਹੀ ਲੈਣਾ ਹੈ। ਕਿਉਂਕਿ ਇਹ ਵੀ ਵਿਵਸਥਾ 'ਚ ਬਦਲਾਅ ਕਰਨ ਦੀ ਸੋਝੀ ਤੇ ਦਲੇਰੀ ਤੋਂ ਸੱਖਣੇ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਕਹੋ ਸਿਖਾਂ ਦਾ ਧਾਰਮਿਕ ਪ੍ਰਬੰਧ ਤੇ ਸੰਸਥਾਵਾਂ ਵੀ ਇਸ ਸਿਆਸੀ ਚਿੱਕੜ 'ਚ ਕਿਵੇਂ ਗਲਤਾਨ ਹਨ - ਇਹ ਨਾਪਾਕ ਤੇ ਅਪਵਿੱਤਰ ਗੱਠਜੋੜ ਵੀ ਬੀਬੀ ਸੁਰਿੰਦਰ ਕੌਰ ਦੇ ਹਵਾਲੇ ਨਾਲ ਚਰਚਾ ਵਿਚ ਆ ਗਿਆ ਹੈ।

ਸਿੱਖਾਂ ਦਾ ਧਾਰਮਿਕ ਪ੍ਰਬੰਧ, ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ, ਪਿਛਲੇ ਕਾਫੀ ਸਮੇਂ ਤੋਂ ਸਖਤ ਆਲੋਚਨਾ ਦੀ ਮਾਰ ਹੇਠ ਹਨ। ਮਨਪ੍ਰੀਤ ਸਿੰਘ ਬਾਦਲ ਵੱਲੋਂ ਆਪਣੀ ਤਾਈ ਜੀ ਦੇ ਭੋਗ ਵੇਲੇ ਸ਼੍ਰੋਮਣੀ ਕਮੇਟੀ ਵੱਲੋਂ "ਲੰਗਰ" ਦੀ ਸੇਵਾ ਨਿਭਾਉਣ ਬਾਰੇ ਕਹਿਣ ਨਾਲ ਇਹ ਖੇਤਰ ਵੀ ਚਰਚਾ ਵਿਚ ਆ ਗਿਆ ਹੈ। ਅਸਲ ਤੇ ਸੱਚੀ ਗੱਲ ਇਹ ਹੈ ਕਿ ਜਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਬਾਅਦ ਜਦੋਂ ਸ਼੍ਰੋਮਣੀ ਕਮੇਟੀ ਬਾਦਲ ਪਰਿਵਾਰ ਦੇ ਸਿੱਧੇ ਕਬਜੇ ਹੇਠ ਆ ਗਈ ਤਾਂ ਬਾਦਲਾਂ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ ਕਿ ਇਹ ਤਾਂ ਕਾਰੂ ਦਾ ਖ਼ਜ਼ਾਨਾ ਹੈ। ਟੌਹੜਾ ਸਾਹਿਬ ਵੇਲੇ "ਸਭ ਅੱਛਾ" ਕਹਿਣਾ ਤਾਂ ਸਹੀ ਨਹੀਂ ਹੋਵੇਗਾ ਪਰ ਕੰਟਰੋਲ ਵਿਚ ਜ਼ਰੂਰ ਸੀ। ਪਰ ਉਸ ਤੋਂ ਬਾਅਦ ਤਾਂ ਇਹ ਇੱਕ "ਵਪਾਰਕ ਕਾਰੋਬਾਰ" ਹੀ ਬਣ ਕੇ ਰਹਿ ਗਿਆ ਹੈ। ਪੈਸੇ ਪੱਖੋਂ ਵੀ 'ਲੂਟ ਸਕੇ ਤੋ ਲੂਟ' ਪੱਖੋਂ ਵੀ। ਸਾਰਾ ਪ੍ਰਬੰਧ ਤੇ ਆਦੇਸ਼ ਜਾਰੀ ਕਰਨ ਦੇ ਮਾਮਲੇ ਬਾਦਲ ਪਰਿਵਾਰ ਦੀ ਸਿਆਸਤ ਦੀ ਸੇਵਾ 'ਚ ਅਰਪਿਤ ਹੋ ਗਏ। ਭਾਈ ਰਣਜੀਤ ਸਿੰਘ ਨੇ ਕਿਹਾ ਸੀ ਕਿ ਸਿੱਖੀ ਦੇ ਹਰਿਆਲੀ ਬੂਟੇ ਤੋਂ ਬਾਦਲਨੁਮਾ ਅਮਰ ਵੇਲ ਛਾਂਗੇ ਬਿਨਾਂ ਸਿੱਖ ਧਾਰਮਿਕ ਪ੍ਰਬੰਧ ਸਹੀ ਲੀਹ 'ਤੇ ਨਹੀਂ ਆ ਸਕਦਾ।
----------
ਮਨਪ੍ਰੀਤ ਦਾ ਇਹ ਕਹਿਣਾ ਕਿ ਉਹ ਇਹ ਸਹੂਲਤਾਂ ਨਹੀਂ ਲੈਂਦਾ, ਇਸ ਦਾ ਸਿਆਸੀ ਅਰਥ ਤੇ ਲੋਕ ਭਲਾਈ ਵਾਲਾ ਪੱਖ ਤਾਂ ਹੀ ਹੋ ਸਕਦਾ ਹੈ ਜੇ ਉਹ ਇਸ ਵਿਵਸਥਾ ਨੂੰ ਬਦਲਣ ਦਾ ਸਿਆਸੀ ਮੁੱਦਾ ਉਭਾਰੇ।
----------
ਸ਼੍ਰੋਮਣੀ ਅਕਾਲੀ ਦਲ ਦੀਆਂ ਸਿਆਸੀ ਕਾਰਵਾਈਆਂ ਦੀ ਸੇਵਾ ਵਿਚ ਸਾਰਾ ਪ੍ਰਬੰਧ ਝੋਕ ਦਿੱਤਾ ਗਿਆ ਤੇ ਨਾਲ-ਨਾਲ ਹੀ ਬਾਦਲ ਪਰਿਵਾਰ ਦੀਆਂ ਨਿੱਜੀ ਮੁਨਾਫੇਬਾਜ਼ ਗਰਜਾਂ ਦੀ ਪੂਰਤੀ ਵਾਸਤੇ ਗੁਰਬਾਣੀ ਦੇ ਪ੍ਰਸਾਰਣ, ਨੰਨ੍ਹੀਂ ਛਾਂ ਦੇ ਉਭਾਰ, ਬਾਦਲਾਂ ਦੀ ਮਾਇਆ ਦਾ ਲੇਖਾ-ਜੋਖਾ ਕਰਨ ਵਾਲੇ ਕੋਹਲੀਆਂ ਦਾ ਸੇਵਾ ਫਲ, ਟਰੱਸਟਾਂ ਤੇ ਬਾਦਲਕਿਆਂ ਦੇ ਪਰਿਵਾਰਕ ਗਲਬੇ ਵਾਲੇ ਸਾਰੇ ਧੰਦੇ ਐੱਸ.ਜੀ.ਪੀ.ਸੀ. ਦੇ ਗੱਲ ਮੜ੍ਹ ਦਿੱਤੇ ਗਏ। ਬੀਬੀ ਬਾਦਲ ਦੇ ਭੋਗ ਮੌਕੇ ਲੰਗਰ ਦਾ ਸਾਰਾ ਪ੍ਰਬੰਧ ਸ਼੍ਰੋਮਣੀ ਕਮੇਟੀ ਵੱਲੋਂ ਕਰਨ ਦਾ ਸਬੂਤ ਮੰਗਣ ਵਾਲਾ ਸੁਖਬੀਰ ਬਾਦਲ ਇਹ ਦੱਸੇ ਕਿ ਕੀ ਬਾਦਲ ਦਲ ਦੇ ਧਾਰਮਿਕ ਤਿਓਹਾਰਾਂ ਮੌਕੇ ਸਟੇਜਾਂ ਦਾ ਪ੍ਰਬੰਧ ਕਰਨ, ਸਿਆਸੀ ਕਾਨਫਰੰਸਾਂ ਵੇਲੇ ਲੰਗਰ ਦਾ ਪ੍ਰਬੰਧ ਕਰਨ ਦੇ ਸਬੂਤ ਉਹ ਪੇਸ਼ ਕਰ ਸਕਦਾ ਹੈ? ਬਿਲਕੁਲ ਵੀ ਨਹੀਂ। ਸ਼੍ਰੋਮਣੀ ਕਮੇਟੀ ਨੇ ਕਦੇ ਇਨ੍ਹਾਂ ਸਬੰਧੀ ਸਹੀ ਜਾਣਕਾਰੀ ਕਦੇ ਵੀ ਰਿਕਾਰਡ 'ਚ ਦਰਜ ਨਹੀਂ ਕੀਤੀ, ਜਿੰਨੀ ਵੀ ਮੈਨੂੰ ਜਾਣਕਾਰੀ ਹੈ। ਸਿਰਫ ਉਸ ਦਿਨ ਗੁਰੂ ਘਰ ਦੇ ਲੰਗਰ ਦੀ ਰਸਦ ਹੀ ਵਧਾਉਣੀ ਹੁੰਦੀ ਹੈ।
 
ਟੌਹੜਾ ਸਾਹਿਬ ਮੌਕੇ ਬਾਦਲ ਦਲ ਨੂੰ ਕਾਨਫਰੰਸਾਂ ਵਗੈਰਾ ਕਰਨ ਮੌਕੇ ਦਿੱਤੀ ਜਾਣ ਵਾਲੀ ਸਹੂਲਤ ਹੋਰਨਾਂ 'ਅਕਾਲੀ ਦਲਾਂ' ਨੂੰ ਵੀ ਦਿੱਤੀ ਜਾਂਦੀ ਸੀ, ਜੋ ਉਨ੍ਹਾਂ ਤੋਂ ਬਾਅਦ ਬੰਦ ਕਰ ਦਿੱਤੀ ਗਈ। ਸਗੋਂ ਇਸ ਨੂੰ ਨਾ ਸਿਰਫ ਬਾਦਲ ਪਰਿਵਾਰ, ਸਗੋਂ ਉਨ੍ਹਾਂ ਦੇ ਕੋੜਮਿਆਂ ਤੱਕ ਵੀ ਫੈਲਾਅ ਦਿੱਤਾ ਹੈ। ਸਬੂਤ? ਕਹਿੰਦੇ ਕਈ ਗੱਲਾਂ ਦਾ ਫੈਸਲਾ ਕੁਦਰਤ ਦਾ ਕਾਨੂੰਨ ਹੀ ਕਰਦਾ ਹੈ – ਉੱਪਰ ਵਾਲਾ ਸਭ ਵੇਖ ਰਿਹਾ ਹੈ ਵੀ ਕਹਿੰਦੇ ਹਨ ਇਸ ਨੂੰ ਤੇ ਉੱਪਰ ਵਾਲਾ ਲੋਕਾਂ 'ਚ ਹੀ ਵਸਦਾ ਹੈ – ਅਵਾਜ਼ੇ ਖਲਕ, ਅਵਾਜ਼ੇ ਖੁਦਾ — ਬਾਦਲਕੇ ਇਹ ਸੁਣਨ ਤੋਂ ਵੀ ਆਰੀ ਹੁੰਦੇ ਜਾ ਰਹੇ ਹਨ – ਇਸ ਘਟਨਾਕ੍ਰਮ ਤੋਂ ਤਾਂ ਇਹੀ ਸੰਕੇਤ ਮਿਲਦੇ ਹਨ।
 
 
 
ਲੇਖਕ ਮਾਲਵਿੰਦਰ ਸਿੰਘ ਮਾਲੀ ਸਿਆਸੀ ਟਿੱਪਣੀਕਾਰ ਹਨ 


Comment by: Gulzar Singh Nirman

ਸੱਚ ਕੀ ਬੇਲਾ

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER