ਵਿਚਾਰ
ਸਿੱਖ ਕੌਮ ਦੀ ਦਾਸਤਾਨ
ਪਰਾਏ ਤਾਂ ਪਰਾਏ, ਆਪਣਿਆਂ ਵੀ ਘਟ ਨਹੀਂ ਗੁਜ਼ਾਰੀ
- ਜਸਵੰਤ ਸਿੰਘ 'ਅਜੀਤ'
ਪਰਾਏ ਤਾਂ ਪਰਾਏ, ਆਪਣਿਆਂ ਵੀ ਘਟ ਨਹੀਂ ਗੁਜ਼ਾਰੀ



ਦੇਸ਼ ਦੀ ਅਜ਼ਾਦੀ ਵਿੱਚ ਸਿੱਖਾਂ ਦਾ ਜੋ ਯੋਗਦਾਨ, ਆਪਣੀ ਨਿਗੂਣੀ ਜਿਹੀ ਅਬਾਦੀ ਦੇ ਮੁਕਾਬਲੇ ਦੇਸ਼ ਦੀ ਕੁੱਲ ਅਬਾਦੀ ਦੀਆਂ ਕੁਰਬਾਨੀਆਂ ਤੋਂ ਕਈ ਗੁਣਾ ਵੱਧ ਕੁਰਬਾਨੀਆਂ ਕਰਨ ਦਾ ਰਿਹਾ, ਅਜ਼ਾਦੀ ਤੋਂ ਬਾਅਦ ਉਸ ਨੂੰ ਪਰਾਇਆ ਨੇ ਤਾਂ ਮਾਨਤਾ ਨਾ ਤਾਂ ਦੇਣੀ ਸੀ ਤੇ ਨਾ ਹੀ ਦਿੱਤੀ। ਪਰ ਅਜ਼ਾਦੀ ਤੋਂ ਬਾਅਦ ਆਪਣਿਆਂ ਨੇ ਵੀ ਪਰਾਇਆਂ ਦੀਆਂ ਪੈੜਾਂ ਦੇ ਚਲਦਿਆਂ ਸਿੱਖਾਂ ਨੂੰ ਦੂਜਿਆਂ ਨਾਲੋਂ ਅਲਗ-ਥਲਗ ਕਰਨ ਤੇ ਨਿੱਜ ਰਾਜਸੀ ਸੁਆਰਥ ਲਈ ਉਨ੍ਹਾਂ ਨੂੰ ਰੋਲਣ ਵਿੱਚ ਕੋਈ ਕਸਰ ਨਹੀਂ ਛੱਡੀ। ਉਸੇ ਦਾ ਹੀ ਨਤੀਜਾ ਹੋਇਆ ਕਿ ਸਿੱਖ ਅੱਜ ਵੀ ਆਪਣੇ ਹੀ ਦੇਸ਼ ਵਿੱਚ ਬੇਗਾਨਿਆ ਵਾਂਗ ਰੁਲ ਰਹੇ ਹਨ ਅਤੇ ਆਪਣੀ ਹੋਂਦ ਦੀ ਕਾਇਮੀ ਲਈ ਧਰਤੀ ਦੀ ਭਾਲ ਵਿੱਚ ਧੱਕੇ ਖਾ ਰਹੇ ਹਨ। ਉਨ੍ਹਾਂ ਦਾ ਹਰ ਕਦਮ, ਚਾਹੇ ਉਹ ਦੇਸ਼ ਦੇ ਵੱਡੇ ਹਿੱਤਾਂ ਵਿੱਚ ਹੀ ਕਿਉਂ ਨਾ ਹੋਵੇ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਿਆ ਜਾ ਰਿਹਾ ਹੈ।
-----------
ਸਿੱਖਾਂ ਨੇ ਨਾ ਕੇਵਲ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਸਨ, ਸਗੋਂ ਆਪਣੀ ਕਿਸਮਤ ਭਾਰਤ ਨਾਲ ਜੋੜਨ ਦੇ ਕੀਤੇ ਗਏ ਫੈਸਲੇ ਲਈ ਵੀ ਉਨ੍ਹਾਂ ਨੂੰ ਸਭ ਤੋਂ ਵੱਧ ਕੀਮਤ ਚੁਕਾਣੀ ਪਈ ਸੀ।
-----------
ਵਿਸ਼ੇਸ਼ ਰੂਪ ਵਿੱਚ ਨੀਲਾ ਤਾਰਾ ਸਾਕੇ ਅਤੇ ਨਵੰਬਰ-84 ਦੀ ਸਿੱਖ ਨਸਲਕੁਸ਼ੀ, ਜੋ ਸਿੱਖ ਇਤਿਹਾਸ ਦੀਆਂ ਅਜਿਹੀਆਂ ਦੁਖਦਾਈ ਘਟਨਾਵਾਂ ਹਨ, ਜਿਨ੍ਹਾਂ ਨੇ ਇੱਕ ਪਾਸੇ ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਲੂਹ ਦਿੱਤਾ ਸੀ ਤੇ ਉਨ੍ਹਾਂ ਦੇ ਦਿਲ ਵਿੱਚ ਨਾ ਕੇਵਲ ਆਪਣੇ ਜਾਨ-ਮਾਲ ਦੀ ਸੁਰੱਖਿਆ ਪ੍ਰਤੀ ਵਿਸ਼ਵਾਸ ਦੀਆਂ ਜੜਾਂ ਵੀ ਹਿਲਾ ਦਿੱਤੀਆਂ, ਸਗੋਂ ਉਨ੍ਹਾਂ ਦੇ ਦਿਲ ਵਿੱਚ ਆਪਣੇ ਧਰਮ ਦੇ ਇਸ ਦੇਸ਼ ਵਿੱਚ ਸੁਰੱਖਿਅਤ ਹੋਣ ਤੇ ਰਹਿਣ ਪ੍ਰਤੀ ਵੀ ਸ਼ੰਕਾਵਾਂ ਨੂੰ ਜਨਮ ਦੇ ਦਿੱਤਾ। ਇਨ੍ਹਾਂ ਕਾਲਮਾਂ ਵਿੱਚ ਅਰੰਭ ਤੋਂ ਹੁਣ ਤੱਕ ਦੇ ਵਰਤਾਰੇ ਦੀ ਰੌਸ਼ਨੀ ਵਿੱਚ, ਸਾਰੀ ਸਥਿਤੀ ਦੀ ਸਾਰਥਕ ਸਮੀਖਿਆ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਗੱਲ ਪਰਾਇਆਂ ਦੀ: ਹਿੰਦੁਸਤਾਨ-ਪਾਕਿਸਤਾਨ ਦੇ ਨਾਂ 'ਤੇ ਹੋਈ ਵੰਡ ਨਾਲ ਆਜ਼ਾਦ ਹੋਏ ਦੇਸ਼ ਦੀ ਸੱਤਾ ਉਪਰ ਬਿਰਾਜਮਾਨ ਹੋਏ ਕਾਂਗਰਸੀ ਨੇਤਾ ਦੇਸ਼ ਦੀ ਸੱਤਾ ਨੂੰ ਸਦਾ ਲਈ ਆਪਣੇ ਹੀ ਹੱਥਾਂ ਵਿਚ ਕੇਂਦ੍ਰਿਤ ਰੱਖਣ ਦੀ ਲਾਲਸਾ ਵਿਚ ਇਤਨੇ ਗ੍ਰਸੇ ਗਏ, ਕਿ ਉਨ੍ਹਾਂ ਨੇ ਸੱਤਾ ਸੰਭਾਲਦਿਆਂ ਹੀ, ਉਨ੍ਹਾਂ ਸਿੱਖਾਂ ਨੂੰ, ਜਰਾਇਮ ਪੇਸ਼ਾ ਕਰਾਰ ਦੇ, ਦੇਸ਼ ਤੇ ਮਨੁੱਖਤਾ ਦੇ ਦੁਸ਼ਮਣ ਸਥਾਪਤ ਕਰ, ਭਾਰਤੀ-ਸਮਾਜ ਤੋਂ ਅਲੱਗ-ਥਲੱਗ ਕਰ ਦੇਣ ਦੀ ਸਾਜ਼ਿਸ਼ ਰਚਣ ਵਿਚ ਕੋਈ ਝਿਝਕ ਜਾਂ ਦੇਰੀ ਨਹੀਂ ਵਿਖਾਈ, ਜਿਨ੍ਹਾਂ ਨੇ ਨਾ ਕੇਵਲ ਦੇਸ਼ ਦੀ ਆਜ਼ਾਦੀ ਦੇ ਸੰਘਰਸ਼ ਵਿਚ ਸਭ ਤੋਂ ਵੱਧ ਕੁਰਬਾਨੀਆਂ ਕੀਤੀਆਂ ਸਨ, ਸਗੋਂ ਆਪਣੀ ਕਿਸਮਤ ਭਾਰਤ ਨਾਲ ਜੋੜਨ ਦੇ ਕੀਤੇ ਗਏ ਫੈਸਲੇ ਲਈ ਵੀ ਉਨ੍ਹਾਂ ਨੂੰ ਸਭ ਤੋਂ ਵੱਧ ਕੀਮਤ ਚੁਕਾਣੀ ਪਈ ਸੀ।

ਦੇਸ਼ ਦੀ ਵੰਡ ਨੇ ਅੱਧੀ ਤੋਂ ਕਿਤੇ ਵੱਧ ਸਿੱਖ ਕੌਮ ਨੂੰ ਤਬਾਹ, ਬਰਬਾਦ ਤੇ ਘਰੋਂ ਬੇਘਰ ਕਰਕੇ ਰੱਖ ਦਿੱਤਾ ਸੀ। ਉਹ ਆਪਣੀਆਂ ਜਾਨਾਂ ਤੋਂ ਵੀ ਵੱਧ ਪਿਆਰੇ ਗੁਰਦੁਆਰੇ, ਉਨ੍ਹਾਂ ਨਾਲ ਲਗੀਆਂ ਤੇ ਆਪਣੀਆਂ ਅਰਬਾਂ-ਖਰਬਾਂ ਰੁਪਇਆਂ ਦੀਆਂ ਜ਼ਮੀਨਾਂ-ਜਾਇਦਾਦਾਂ ਅਤੇ ਖੂਨ-ਪਸੀਨੇ ਨਾਲ ਸਿੰਜੀਆਂ ਜ਼ਮੀਨਾਂ ਆਦਿ ਛੱਡ, ਖਾਲੀ ਹੱਥ ਆਜ਼ਾਦ ਭਾਰਤ ਵਿਚ, ਇਸ ਵਿਸ਼ਵਾਸ ਨਾਲ ਆਏ ਸਨ ਕਿ ਦੇਸ਼ ਦੀ ਆਜ਼ਾਦੀ ਲਈ ਕੀਤੀ ਗਈ, ਉਨ੍ਹਾਂ ਦੀ ਕੁਰਬਾਨੀ ਦਾ ਸਨਮਾਨ ਕੀਤਾ ਜਾਇਗਾ, ਪਰ ਹੋਇਆ ਕੀ? ਇਧਰ, ਅਜ਼ਾਦ ਦੇਸ਼ ਵਿੱਚ ਪੈਰ ਰੱਖਦਿਆਂ ਹੀ ਉਨ੍ਹਾਂ ਨੂੰ 'ਜਰਾਇਮਪੇਸ਼ਾ' ਦੇ 'ਸਰਟੀਫਿਕੇਟ' ਨਾਲ ਨਿਵਾਜ ਦਿੱਤਾ ਗਿਆ।
----------
ਆਜ਼ਾਦੀ ਦੀ ਲੜਾਈ ਦੇ ਇਤਿਹਾਸ ਵਿੱਚ ਸਿੱਖਾਂ ਦੀ ਭੂਮਿਕਾ, ਜਿਸ ਨੂੰ ਇਤਿਹਾਸ ਦੇ ਪੰਨਿਆਂ ਵਿਚੋਂ ਗਾਇਬ ਕਰ ਦਿੱਤਾ ਗਿਆ ਹੈ, ਪ੍ਰੰਤੂ, ਜਿਸ ਬਾਰੇ ਮੂਲ ਇਤਿਹਾਸ ਗੁਆਹ ਹੈ ਕਿ ਦੇਸ਼ ਦੀ ਅਜ਼ਾਦੀ ਦੀ ਲੜੀ ਜਾ ਰਹੀ ਲੜਾਈ ਦੌਰਾਨ, ਜਦੋਂ ਕਦੀ ਵੀ ਦੇਸ਼ ਅਤੇ ਕਾਂਗਰਸ ਦੀ ਇੱਜ਼ਤ ਦਾਅ 'ਤੇ ਲਗੀ, ਉਸ ਸਮੇਂ ਸਿੱਖ ਹੀ ਉਨ੍ਹਾਂ ਦੀ ਇੱਜ਼ਤ ਬਚਾਉਣ ਲਈ ਅੱਗੇ ਆਏ।
----------
ਇਉਂ ਜਾਪਦਾ ਹੈ ਜਿਵੇਂ ਇਹ ਸਭ-ਕੁਝ ਇਕ ਗਿਣੀ-ਮਿਥੀ ਸਾਜ਼ਸ਼ ਅਧੀਨ ਕੀਤਾ ਗਿਆ, ਜਿਸ ਦਾ ਉਦੇਸ਼ ਸ਼ਾਇਦ ਇਹੀ ਸੀ ਕਿ ਆਜ਼ਾਦੀ ਦੀ ਲੜਾਈ ਦੌਰਾਨ ਸਿੱਖਾਂ ਵਲੋਂ ਵਿਖਾਏ ਗਏ ਹੌਸਲੇ ਤੇ ਕੀਤੀਆਂ ਗਈਆਂ ਕੁਰਬਾਨੀਆਂ ਨੂੰ ਵੇਖਦਿਆਂ, ਆਜ਼ਾਦੀ ਤੋਂ ਬਾਅਦ ਉਨ੍ਹਾਂ ਦੇ ਸਨਮਾਨ ਨੂੰ ਕਾਇਮ ਰੱਖਣ ਦੇ ਜੋ ਵਾਇਦੇ ਉਨ੍ਹਾਂ ਦੇ ਨਾਲ ਕਾਂਗਰਸ ਦੇ ਜ਼ਿੰਮੇਵਾਰ ਆਗੂਆਂ ਵਲੋਂ ਕੀਤੇ ਗਏ ਸਨ, ਉਨ੍ਹਾਂ ਨੂੰ ਪੂਰਿਆਂ ਕਰਨ ਲਈ, ਉਨ੍ਹਾਂ ਉਪਰ ਦਬਾਉ ਨਾ ਬਣਾਇਆ ਜਾ ਸਕੇ।

ਦੇਸ਼ ਦੀ ਇੱਜ਼ਤ: ਆਜ਼ਾਦੀ ਦੀ ਲੜਾਈ ਦੇ ਇਤਿਹਾਸ ਵਿੱਚ ਸਿੱਖਾਂ ਦੀ ਭੂਮਿਕਾ, ਜਿਸ ਨੂੰ ਇਤਿਹਾਸ ਦੇ ਪੰਨਿਆਂ ਵਿਚੋਂ ਗਾਇਬ ਕਰ ਦਿੱਤਾ ਗਿਆ ਹੈ, ਪ੍ਰੰਤੂ, ਜਿਸ ਬਾਰੇ ਮੂਲ ਇਤਿਹਾਸ ਗੁਆਹ ਹੈ ਕਿ ਦੇਸ਼ ਦੀ ਅਜ਼ਾਦੀ ਦੀ ਲੜੀ ਜਾ ਰਹੀ ਲੜਾਈ ਦੌਰਾਨ, ਜਦੋਂ ਕਦੀ ਵੀ ਦੇਸ਼ ਅਤੇ ਕਾਂਗਰਸ ਦੀ ਇੱਜ਼ਤ ਦਾਅ 'ਤੇ ਲੱਗੀ, ਉਸ ਸਮੇਂ ਸਿੱਖ ਹੀ ਉਨ੍ਹਾਂ ਦੀ ਇੱਜ਼ਤ ਬਚਾਉਣ ਲਈ ਅੱਗੇ ਆਏ। ਇਸ ਸੰਬੰਧ ਵਿਚ ਇਥੇ ਇਕ ਘਟਨਾ ਦਾ ਜ਼ਿਕਰ ਕਰਨਾ ਕੁਥਾਉਂ ਨਹੀਂ ਹੋਵੇਗਾ। ਇਕ ਵਾਰ ਬੰਬਈ (ਹੁਣ ਮੁੰਬਈ) ਵਿਖੇ ਕਾਂਗਰਸ ਦੇ ਹੋਣ ਵਾਲੇ ਜਲਸੇ ਤੇ ਸਰਕਾਰ ਵਲੋਂ ਪਾਬੰਦੀ ਲਾ ਦਿਤੀ ਗਈ ਅਤੇ ਜਲਸੇ ਵਾਲੀ ਥਾਂ ਨੂੰ ਪੁਲਿਸ ਨੇ ਅਪਣੇ ਘੇਰੇ ਵਿਚ ਲੈ ਲਿਆ। ਕੋਈ ਵੀ ਕਾਂਗਰਸੀ ਨੇਤਾ ਜਾਂ ਵਰਕਰ ਇਸ ਪਾਬੰਦੀ ਦਾ ਵਿਰੋਧ ਕਰਨ ਦੀ ਹਿੰਮਤ ਨਹੀਂ ਸੀ ਜੁਟਾ ਪਾ ਰਿਹਾ। ਉਸ ਸਮੇਂ ਸਿੱਖਾਂ ਦੇ ਇਕ ਜਥੇ ਨੇ, ਜ. ਪ੍ਰਤਾਪ ਸਿੰਘ ਦੀ ਅਗਵਾਈ ਵਿਚ ਮੈਦਾਨ 'ਚ ਨਿਤਰ, ਅਨੇਕਾਂ ਰੋਕਾਂ ਦੇ ਬਾਵਜੂਦ ਜਲਸੇ ਵਾਲੀ ਥਾਂ ਤੇ ਪੁਜ ਕਾਂਗਰਸ ਤੇ ਦੇਸ਼ ਦੀ ਇੱਜ਼ਤ ਬਚਾ ਲਈ।

ਕਸ਼ਮੀਰ ਬਨਾਮ ਸਿੱਖ: ਇਤਿਹਾਸ ਵਿੱਚ ਇਹ ਵੀ ਦੱਸਿਆ ਗਿਆ ਹੈ ਕਿ ਅੱਜ ਜੰਮੂ-ਕਸ਼ਮੀਰ ਦਾ ਜੋ ਹਿੱਸਾ ਭਾਰਤ ਦਾ ਅੰਗ ਬਣਿਆ ਹੋਇਆ ਹੈ, ਉਹ ਵੀ ਸਿੱਖ ਫੌਜੀਆਂ ਦੀ ਬਦੌਲਤ ਹੀ ਬਚਿਆ ਹੈ। ਮੰਨਿਆ ਜਾਂਦਾ ਹੈ ਕਿ ਜਦੋਂ ਪਾਕਿਸਤਾਨੀ ਫੌਜਾਂ ਕਸ਼ਮੀਰ ਉਪਰ ਹਮਲਾ ਕਰ, ਰਿਆਸਤ ਦੀਆਂ ਫੌਜਾਂ ਨੂੰ ਪਿਛੇ ਧਕਦੀਆਂ ਲਗਾਤਾਰ ਅਗੇ ਵਦਧੀਆਂ ਚਲੀਆਂ ਆ ਰਹੀਆਂ ਸਨ, ਉਸ ਸਮੇਂ ਉਨ੍ਹਾਂ ਨੂੰ ਠੱਲ੍ਹਣ ਲਈ ਉਥੇ ਪਟਿਆਲਾ ਰਿਆਸਤ ਦੀ ਸਿੱਖ ਫੋਜੀਆਂ ਦੀ ਟੁਕੜੀ ਭੇਜੀ ਗਈ। ਸਿੱਖ ਫੌਜੀਆਂ ਨੇ ਉਥੇ ਪੁੱਜਦਿਆਂ ਹੀ ਮੋਰਚਾ ਸੰਭਾਲ, ਨਾ ਕੇਵਲ ਅਗੇ ਵਧਦੀ ਚਲੀ ਆ ਰਹੀ ਪਾਕਿਸਤਾਨੀ ਫੌਜ ਨੂੰ ਅੱਗੇ ਵਧਣ ਤੋਂ ਰੋਕਿਆ, ਸਗੋਂ ਉਸ ਨੂੰ ਪਿਛਾਂਹ ਧੱਕਣਾ ਵੀ ਸ਼ੁਰੂ ਕਰ ਦਿੱਤਾ। ਸਿੱਖ ਫੌਜੀ ਤਾਂ ਉਸ ਹਿੱਸੇ ਨੂੰ ਵੀ ਪਾਕਿਸਤਾਨੀ ਫੌਜ ਪਾਸੋਂ ਵਾਪਸ ਲੈਣ ਲਈ ਤਿਆਰ ਸਨ, ਜਿਸ ਉਪਰ ਪਾਕਿਸਤਾਨ ਨੇ ਕਬਜ਼ਾ ਕਰ ਲਿਆ ਹੋਇਆ ਸੀ ਅਤੇ ਜੋ ਅੱਜ ਵੀ ਪਾਕਿਸਤਾਨੀ ਕਬਜ਼ੇ ਵਿਚ ਹੋਣ ਕਾਰਣ ਭਾਰਤ ਲਈ ਕਦੀ ਵੀ ਦੂਰ ਨਾ ਹੋ ਸਕਣ ਵਾਲਾ ਸਿਰ ਦਰਦ ਬਣਿਆ ਚਲਿਆ ਆ ਰਿਹਾ ਹੈ। ਪ੍ਰੰਤੂ ਉਸ ਸਮੇਂ ਦੇ ਪ੍ਰਧਾਨ ਮੰਤਰੀ, ਪੰਡਤ ਜਵਾਹਰ ਲਾਲ ਨਹਿਰੂ, ਸਿੱਖ ਫੌਜੀਆਂ ਨੂੰ ਅੱਗੇ ਵਧਣ ਤੋਂ ਰੋਕ, ਮਾਮਲਾ ਯੂ.ਐੱਨ.ਓ. ਵਿਚ ਲੈ ਗਏ, ਜਿਸ ਨਾਲ ਇਹ ਮਾਮਲਾ ਅਜਿਹਾ ਉਲਝਿਆ ਕਿ ਅਜੇ ਤੱਕ ਸੁਲਝਣ ਦਾ ਨਾਂ ਨਹੀਂ ਲੈ ਰਿਹਾ। ਭਾਰਤ ਉਸ ਉਲਝਣ ਵਿਚੋਂ ਨਿਕਲਣ ਲਈ ਲਗਾਤਾਰ ਜਾਨ-ਮਾਲ ਦੀ ਭਾਰੀ ਕੀਮਤ ਚੁਕਾਂਦਾ ਅਤੇ ਹੱਥ-ਪੈਰ ਮਾਰਦਾ ਚਲਿਆ ਆ ਰਿਹਾ ਹੈ।
----------
ਦੇਸ਼ ਨੂੰ ਏਕਤਾ ਦੇ ਸੂਤਰ ਵਿਚ ਪਰੋਣ ਲਈ ਰਿਆਸਤਾਂ ਨੂੰ ਭਾਰਤ ਵਿਚ ਸ਼ਾਮਲ ਕਰਨ ਦਾ ਜੋ ਸਿਹਰਾ ਸਰਦਾਰ ਪਟੇਲ ਦੇ ਸਿਰ ਬੰਨ੍ਹਿਆ ਜਾਂਦਾ ਚਲਿਆ ਆ ਰਿਹਾ ਹੈ, ਉਸ ਸੰਬੰਧੀ ਸੱਚਾਈ ਇਹ ਹੈ ਕਿ ਦੇਸ਼ ਦੀਆਂ ਛੋਟੀਆਂ-ਵੱਡੀਆਂ ਰਿਆਸਤਾਂ ਦੇ ਸਰਬਰਾਹ ਕਿਸੇ ਵੀ ਕੀਮਤ 'ਤੇ ਆਪਣੀਆਂ ਰਿਆਸਤਾਂ ਨੂੰ ਭਾਰਤ ਵਿਚ ਸ਼ਾਮਲ ਕਰ, ਉਨ੍ਹਾਂ ਦੀ ਹੋਂਦ ਖਤਮ ਕਰਨ ਲਈ ਤਿਆਰ ਨਹੀਂ ਸੀ ਹੋ ਰਹੇ। ਅਜਿਹੇ ਸਮੇਂ 'ਤੇ ਪਟਿਆਲਾ ਰਿਆਸਤ ਦੇ ਮਹਾਰਾਜਾ ਯਾਦਵਿੰਦਰ ਸਿੰਘ ਨੇ ਅੱਗੇ ਆ ਉਨ੍ਹਾਂ ਦੀ ਮਦਦ ਕੀਤੀ।
----------
ਦੇਸ਼ ਦੀ ਏਕਤਾ ਬਨਾਮ ਭਾਰਤੀ ਰਿਆਸਤਾਂ: ਦੇਸ਼ ਨੂੰ ਏਕਤਾ ਦੇ ਸੂਤਰ ਵਿਚ ਪਰੋਣ ਲਈ ਰਿਆਸਤਾਂ ਨੂੰ ਭਾਰਤ ਵਿਚ ਸ਼ਾਮਲ ਕਰਨ ਦਾ ਜੋ ਸਿਹਰਾ ਸਰਦਾਰ ਪਟੇਲ ਦੇ ਸਿਰ ਬੰਨ੍ਹਿਆ ਜਾਂਦਾ ਚਲਿਆ ਆ ਰਿਹਾ ਹੈ, ਉਸ ਸੰਬੰਧੀ ਸੱਚਾਈ ਇਹ ਹੈ ਕਿ ਅੰਗਰੇਜ਼ਾਂ ਨੇ ਬੜੀ ਸ਼ਾਤਰਾਨਾ ਚਾਲ ਚਲਦਿਆਂ ਦੇਸ਼ ਦੀ ਆਜ਼ਾਦੀ ਦੇ ਨਾਲ ਜਿਥੇ ਉਸ ਦੀ ਹਿੰਦੁਸਤਾਨ ਤੇ ਪਾਕਿਸਤਾਨ ਦੇ ਰੂਪ ਵਿੱਚ ਵੰਡ ਕੀਤੀ, ਉਥੇ ਹੀ ਉਸ ਨੇ ਦੇਸ਼ ਦੀਆਂ ਛੋਟੀਆਂ-ਵੱਡੀਆਂ ਰਿਆਸਤਾਂ, ਜਿਨ੍ਹਾਂ ਦੀ ਗਿਣਤੀ ਤਿੰਨ ਸੌ ਤੋਂ ਵੀ ਕਿਤੇ ਵੱਧ ਸੀ, ਨੂੰ ਵੀ ਇਹ ਅਜ਼ਾਦੀ ਦੇ ਦਿੱਤੀ ਕਿ, ਜੇ ਉਹ ਚਾਹੁਣ ਤਾਂ ਆਪਣੀ ਆਜ਼ਾਦ ਹੋਂਦ ਨੂੰ ਕਾਇਮ ਰੱਖ ਸਕਦੀਆਂ ਹਨ, ਜਾਂ ਪਾਕਿਸਤਾਨ-ਹਿੰਦੁਸਤਾਨ, ਦੋਹਾਂ ਵਿਚੋਂ ਕਿਸੇ ਨਾਲ ਆਪਣਾ ਨਾਤਾ ਜੋੜ ਸਕਦੀਆਂ ਹਨ। ਜਿਸ ਦਾ ਨਤੀਜਾ ਇਹ ਹੋਇਆ ਕਿ ਇਨ੍ਹਾਂ ਰਿਆਸਤਾਂ ਦੇ ਸਰਬਰਾਹ ਕਿਸੇ ਵੀ ਕੀਮਤ 'ਤੇ ਆਪਣੀਆਂ ਰਿਆਸਤਾਂ ਨੂੰ ਭਾਰਤ ਵਿਚ ਸ਼ਾਮਲ ਕਰ, ਉਨ੍ਹਾਂ ਦੀ ਹੋਂਦ ਖਤਮ ਕਰਨ ਲਈ ਤਿਆਰ ਨਹੀਂ ਸੀ ਹੋ ਰਹੇ, ਕਿਉਂਕਿ ਸਰਦਾਰ ਪਟੇਲ ਉਨ੍ਹਾਂ ਵਲੋਂ ਪ੍ਰਗਟ ਕੀਤੀਆਂ ਜਾ ਰਹੀਆਂ ਸ਼ੰਕਾਵਾਂ ਨੂੰ ਦੂਰ ਨਹੀਂ ਕਰ ਪਾ ਰਹੇ ਸਨ। ਇਸ ਪੱਖੋਂ ਗ੍ਰਹਿ ਮੰਤਰੀ ਸਰਦਾਰ ਵਲਭ ਭਾਈ ਪਟੇਲ ਹੀ ਨਹੀਂ, ਸਗੋਂ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵੀ ਨਿਰਾਸ਼ ਹੋ ਚੁਕੇ ਸਨ।

ਅਜਿਹੇ ਸਮੇਂ 'ਤੇ ਪਟਿਆਲਾ ਰਿਆਸਤ ਦੇ ਮਹਾਰਾਜਾ ਯਾਦਵਿੰਦਰ ਸਿੰਘ ਨੇ ਅੱਗੇ ਆ ਉਨ੍ਹਾਂ ਦੀ ਮਦਦ ਕੀਤੀ। ਸਭ ਤੋਂ ਪਹਿਲਾਂ ਉਨ੍ਹਾਂ ਆਪ, ਆਪਣੀ ਰਿਆਸਤ ਪਟਿਆਲਾ ਨੂੰ ਭਾਰਤੀ ਸੰਘ ਵਿਚ ਸ਼ਾਮਲ ਕਰਨ ਦੀ ਪੇਸ਼ਕਸ਼ ਕੀਤੀ। ਫਿਰ ਉਨ੍ਹਾਂ ਦੂਜੇ, ਆਪਣੇ ਪ੍ਰਭਾਵ ਹੇਠਲੇ ਰਾਜਿਆਂ ਨੂੰ ਭਾਰਤੀ ਸੰਘ ਵਿਚ ਸ਼ਾਮਲ ਹੋਣ ਲਈ ਪ੍ਰੇਰਿਆ। ਉਨ੍ਹਾਂ ਦੀ ਪ੍ਰੇਰਨਾ ਸਦਕਾ ਕਈ ਰਾਜੇ ਆਪਣੀਆਂ ਰਿਆਸਤਾਂ ਭਾਰਤੀ ਸੰਘ ਵਿਚ ਸ਼ਾਮਲ ਕਰਨ ਲਈ ਤਿਆਰ ਹੋ ਸਕੇ। ਹੈਦਰਾਬਾਦ ਤੇ ਜੂਨਾਗੜ੍ਹ ਰਿਆਸਤਾਂ ਦੇ ਨਵਾਬਾਂ ਨੇ ਪਾਕਿਸਤਾਨ ਨਾਲ ਆਪਣਾ ਭਵਿੱਖ ਜੋੜਨ ਦਾ ਐਲਾਨ ਕਰ ਦਿਤਾ। ਇਨ੍ਹਾਂ ਦੋਹਾਂ ਰਿਆਸਤਾਂ ਦੀਆਂ ਫੌਜਾਂ ਪਾਸੋਂ ਹਥਿਆਰ ਸੁਟਾ, ਇਨ੍ਹਾਂ ਦੇ ਨਵਾਬਾਂ ਨੂੰ ਭਾਰਤ ਵਿਚ ਸ਼ਾਮਲ ਹੋਣ ਤੇ ਮਜਬੂਰ ਕਰਨ ਵਿਚ ਵੀ ਸਿੱਖ ਫੌਜੀ ਟੁਕੜੀਆਂ ਦੀ ਹੀ ਮੁੱਖ ਭੂਮਿਕਾ ਰਹੀ ਸੀ।
----------
ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਕਰਨ ਤੋਂ ਬਾਅਦ ਮਿਲੇ 'ਜਰਾਇਮਪੇਸ਼ਾ' ਦੇ ਇਨਾਮ ਦੇ ਬਾਵਜੂਦ ਦੁਸ਼ਮਣਾਂ ਪਾਸੋਂ ਦੇਸ਼ ਦੀਆਂ ਸਰਹਦਾਂ ਦੀ ਰੱਖਿਆ ਲਈ ਵੀ ਸਭ ਤੋਂ ਵੱਧ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ।
----------
ਇਸ ਦਾ ਮਿਲਿਆ 'ਇਨਾਮ': ਅੱਜ ਵੀ ਸਿੱਖਾਂ ਨੂੰ ਇਹ ਸ਼ਿਕਵਾ ਹੈ ਕਿ ਉਨ੍ਹਾਂ ਨੇ ਇਸ ਦੇਸ਼ ਲਈ ਕੀ ਕੁਝ ਨਹੀਂ ਕੀਤਾ? ਦੇਸ਼ ਦੀ ਆਜ਼ਾਦੀ ਦੀ ਲੜਾਈ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਕਰਨ ਤੋਂ ਬਾਅਦ ਮਿਲੇ 'ਜਰਾਇਮਪੇਸ਼ਾ' ਦੇ ਇਨਾਮ ਦੇ ਬਾਵਜੂਦ ਦੁਸ਼ਮਣਾਂ ਪਾਸੋਂ ਦੇਸ਼ ਦੀਆਂ ਸਰਹਦਾਂ ਦੀ ਰੱਖਿਆ ਲਈ ਵੀ ਸਭ ਤੋਂ ਵੱਧ ਕੁਰਬਾਨੀਆਂ ਉਨ੍ਹਾਂ ਦਿੱਤੀਆਂ। ਦੇਸ਼ ਲਈ ਇਤਨੀਆਂ ਕੁਰਬਾਨੀਆਂ ਕਰਨ ਬਦਲੇ ਵਿੱਚ ਉਨ੍ਹਾਂ ਨੂੰ ਮਿਲਿਆ ਕੀ? 'ਜਰਾਇਮਪੇਸ਼ਾ' ਹੋਣ ਦਾ 'ਸਰਟੀਫਿਕੇਟ'! ਦੇਸ਼ ਦੇ ਕਰਣਧਾਰਾਂ ਨੇ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਸਨਮਾਨ ਕਰਨਾ ਤਾਂ ਦੂਰ ਰਿਹਾ, ਉਨ੍ਹਾਂ ਨਾਲ ਇਨਸਾਫ ਕਰਨਾ ਵੀ ਉਨ੍ਹਾਂ ਨੂੰ ਗਵਾਰਾ ਨਹੀਂ ਹੋਇਆ।

…ਅਤੇ ਅੰਤ ਵਿੱਚ: ਉਸ ਪੰਜਾਬ ਵਿਚ, ਜੋ ਕਦੀ ਗੁਰਾਂ ਦੇ ਨਾਂ 'ਤੇ ਜੀਂਦਾ ਸੀ ਤੇ ਜਿਥੇ ਸਦਾ ਹੀ ਪਿਆਰ ਤੇ ਆਪਸੀ ਸਾਂਝ ਦੇ ਗੀਤ ਗੂੰਜਦੇ ਸਨ, ਵੈਰ ਤੇ ਨਫਰਤ ਦੇ ਬੀਜ ਬੀਜੇ ਜਾਣ ਲਗੇ। ਗੁਆਂਢੀ, ਗੁਆਂਢੀ ਨੂੰ ਸ਼ੱਕ ਦੀਆਂ ਨਜ਼ਰਾਂ ਨਾਲ ਵੇਖਣ ਲੱਗਾ। ਸਿੱਖਾਂ ਨੂੰ ਬੇਗੁਨਾਹਾਂ ਦੇ ਕਾਤਲ ਠਹਿਰਾ, ਪੂਰੇ ਵਿਸ਼ਵ ਵਿੱਚ ਬਦਨਾਮ ਕਰ ਅਲੱਗ-ਥਲੱਗ ਕਰ ਦਿੱਤਾ ਗਿਆ। ਨੀਲਾ ਤਾਰੇ ਸਾਕੇ (ਸ੍ਰੀ ਦਰਬਾਰ ਸਾਹਿਬ ਉਪਰ ਫੋਜਾਂ ਚਾੜ੍ਹ ਅਕਾਲ ਤਖਤ ਢਾਹ-ਢੇਰੀ ਅਤੇ ਪਿਆਰ ਤੇ ਸਦਭਾਵਨਾ ਦੇ ਸੋਮੇ ਦਰਬਾਰ ਸਾਹਿਬ ਦੀਆਂ ਦੀਵਾਰਾਂ ਨੂੰ ਗੋਲੀਆਂ ਨਾਲ ਛਲਨੀ ਕਰ) ਸਿੱਖਾਂ ਦੀਆਂ ਧਾਰਮਕ ਭਾਵਨਾਵਾਂ ਨੂੰ ਬੁਰੀ ਤਰ੍ਹਾਂ ਲੂਹਿਆ ਗਿਆ। ਇਤਨਾ ਹੀ ਨਹੀਂ ਇਸ ਦੇ ਛੇ ਮਹੀਨਿਆਂ ਬਾਅਦ ਹੀ ਇੰਦਰਾ ਗਾਂਧੀ (ਸਮੇਂ ਦੀ ਪ੍ਰਧਾਨ ਮੰਤਰੀ) ਦੇ ਹੋਏ ਕਤਲ ਤੋਂ ਬਾਅਦ ਸਾਰੇ ਦੇਸ਼ ਵਿੱਚ ਬੇਗੁਨਾਹ ਸਿੱਖਾਂ ਉਪਰ ਜਿਸ ਤਰ੍ਹਾਂ ਕਹਿਰ ਬਰਪਾਇਆ ਗਿਆ। ਸਿੱਖਾਂ ਨਾਲ ਇਹ ਕੁਝ ਸੰਸਾਰ ਭਰ ਦੇ ਲੋਕਾਂ ਨੇ ਵੇਖਿਆ ਅਤੇ ਸੁਣਿਆ। ਪ੍ਰੰਤੂ ਸੰਸਾਰ ਦੇ ਕਿਸੇ ਇੱਕ ਵੀ ਕੋਨੇ ਤੋਂ ਸਿੱਖਾਂ ਪ੍ਰਤੀ ਹਮਦਰਦੀ ਦੇ ਦੋ ਸ਼ਬਦ ਤੱਕ ਸੁਣਨ ਨੂੰ ਨਹੀਂ ਮਿਲੇ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER