ਵਿਚਾਰ
ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ
- ਬਲਰਾਜ ਸਿੰਘ ਸਿੱਧੂ
ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰਅਰਾਲ ਸਾਗਰ ਦਾ ਸੁੱਕਣਾ ਕੁਦਰਤ ਦੇ ਖਿਲਾਫ ਇਨਸਾਨ ਦਾ ਸਭ ਤੋਂ ਵੱਡਾ ਜੁਰਮ ਹੈ। ਆਪਣੇ ਲਾਲਚ ਅਤੇ ਮੁਨਾਫੇ ਦੀ ਖਾਤਰ ਇਨਸਾਨ ਨੇ 68000 ਸੁਕੇਅਰ ਕਿਲੋਮੀਟਰ ਖੇਤਰ ਵਿੱਚ ਫੈਲੀ ਦੁਨੀਆਂ ਦੀ ਚੌਥੀ ਸਭ ਤੋਂ ਵੱਡੀ ਖਾਰੇ ਪਾਣੀ ਦੀ ਝੀਲ ਹੀ ਸੁਕਾ ਦਿੱਤੀ। ਇਹ ਝੀਲ ਐਨੀ ਵੱਡੀ ਸੀ ਕਿ ਇਸ ਨੂੰ ਸਮੁੰਦਰ ਹੀ ਕਿਹਾ ਜਾਂਦਾ ਸੀ। ਇਸ ਵਿੱਚ ਰੂਸੀ ਸਮੁੰਦਰੀ ਫੌਜ ਦਾ ਅੱਡਾ ਸੀ ਤੇ ਮੱਛੀਆਂ ਪਕੜਨ ਵਾਲੇ ਜਹਾਜ ਚੱਲਦੇ ਸਨ। ਸੋਵੀਅਤ ਸੰਘ ਦੇ ਅਧੀਨ ਰਹੀ ਇਹ ਝੀਲ ਹੁਣ ਕਜ਼ਾਖਿਸਤਾਨ ਅਤੇ ਉਜ਼ਬੇਕਿਸਤਾਨ ਦਾ ਹਿੱਸਾ ਹੈ। ਅਰਾਲ ਤੁਰਕੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਮਤਲਬ ਹੈ ਟਾਪੂਆਂ ਦਾ ਸਮੁੰਦਰ। ਇਥੇ ਕਿਸੇ ਸਮੇਂ 1100 ਟਾਪੂ ਸਨ ਜੋ ਹੁਣ ਵੱਡੇ ਰੇਗਿਸਤਾਨ ਵਿੱਚ ਤਬਦੀਲ ਹੋ ਗਏ ਹਨ। ਜਗ੍ਹਾ-ਜਗ੍ਹਾ 'ਤੇ ਸੁੱਕੀ ਧਰਤੀ 'ਤੇ ਸਮੁੰਦਰੀ ਜਹਾਜ ਅਤੇ ਕਿਸ਼ਤੀਆਂ ਪਾਣੀ ਦੀ ਅਣਹੋਂਦ ਕਾਰਨ ਉਲਟੇ ਪਏ ਧੂੜ ਚੱਟ ਰਹੇ ਹਨ। ਉਨ੍ਹਾਂ ਦੇ ਮਾਲਕ ਉਨ੍ਹਾਂ ਨੂੰ ਲਾਵਾਰਿਸ ਛੱਡ ਕੇ ਕਦੋਂ ਦੇ ਇਥੋਂ ਜਾ ਚੁੱਕੇ ਹਨ।

ਇਸ ਝੀਲ ਦੀ ਬਰਬਾਦੀ ਦੀ ਕਹਾਣੀ 1960 ਵਿੱਚ ਸ਼ੁਰੂ ਹੋਈ ਜਦੋਂ ਸੋਵੀਅਤ ਸੰਘ ਦੇ ਰਾਸ਼ਟਰਪਤੀ ਨਿਕਿਤਾ ਖਰੁਸ਼ਚੋਵ ਨੇ ਕਜ਼ਾਖਿਸਤਾਨ ਅਤੇ ਉਜ਼ਬੇਕਿਸਤਾਨ ਦੇ ਖੁਸ਼ਕ ਪਰ ਉਪਜਾਊ ਇਲਾਕੇ ਨੂੰ ਸਿੰਜਣ ਲਈ ਨਹਿਰਾਂ ਕੱਢਣ ਦੀ ਯੋਜਨਾ ਬਣਾਈ। ਇਸ ਇਲਾਕੇ ਵਿੱਚ ਕਪਾਹ ਦੀ ਫਸਲ ਦੀਆਂ ਪਾਣੀ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਲਈ ਇਹ ਕੰਮ ਜ਼ਰੂਰੀ ਵੀ ਸੀ। ਪਰ ਬਿਨਾਂ ਸੋਚੇ ਸਮਝੇ ਅਰਾਲ ਸਾਗਰ ਨੂੰ ਪਾਣੀ ਦੇਣ ਵਾਲੇ ਦੋਵੇਂ ਦਰਿਆਵਾਂ, ਸੀਰ ਅਤੇ ਅਮੂ ਨੂੰ ਡੈਮਾਂ ਰਾਹੀਂ ਪੂਰੀ ਤਰ੍ਹਾਂ ਬੰਨ੍ਹ ਕੇ ਮੱਧ ਏਸ਼ੀਆ ਦੀ ਸਭ ਤੋਂ ਵੱਡੀ ਕਰਾਰੁਰਮ ਅਤੇ ਹੋਰ ਕਈ ਨਹਿਰਾਂ ਕੱਢ ਦਿੱਤੀਆਂ ਗਈਆਂ। ਇਸ ਕਾਰਨ ਇਹ ਸਾਗਰ ਸਿਰਫ ਬਰਸਾਤ ਦੇ ਪਾਣੀ 'ਤੇ ਨਿਰਭਰ ਹੋ ਕੇ ਰਹਿ ਗਿਆ ਜੋ ਇਸ ਅਰਧ ਮਾਰੂਥਲੀ ਇਲਾਕੇ ਵਿੱਚ ਵੈਸੇ ਹੀ ਬਹੁਤ ਘੱਟ ਹੁੰਦੀ ਹੈ। ਨਵਾਂ ਪਾਣੀ ਘੱਟ ਪਹੁੰਚਣ ਕਾਰਨ ਝੀਲ ਦਾ ਪਾਣੀ ਗਰਮ ਹੋ ਗਿਆ ਤੇ ਉਸ ਦਾ ਵਸ਼ਪੀਕਰਣ ਕਈ ਗੁਣਾ ਵੱਧ ਗਿਆ।

1997 ਤੱਕ ਇਹ ਝੀਲ ਆਪਣੇ ਅਸਲ ਅਕਾਰ ਦਾ ਸਿਰਫ 10% ਹੀ ਰਹਿ ਗਈ ਤੇ ਇੱਕ ਦੀ ਬਜਾਏ ਚਾਰ ਝੀਲਾਂ ਵਿੱਚ ਵੰਡੀ ਗਈ। 2009 ਤੱਕ ਚਾਰ ਵਿੱਚੋਂ ਤਿੰਨ ਝੀਲਾਂ ਗਾਇਬ ਹੋ ਗਈਆਂ ਤੇ ਦੱਖਣ ਪੱਛਮੀ ਕਿਨਾਰੇ 'ਤੇ ਹੁਣ ਵਾਲੀ ਇੱਕ ਛੋਟੀ ਜਿਹੀ ਪਾਣੀ ਦੀ ਪੱਟੀ ਰਹਿ ਗਈ। ਝੀਲ ਦੇ ਖਤਮ ਹੋ ਜਾਣ ਨਾਲ ਇੱਕ ਵਿਸ਼ਾਲ ਮਾਰੂਥਲ ਹੋਂਦ ਵਿੱਚ ਆ ਗਿਆ ਹੈ ਜਿਸ ਨੂੰ ਅਰਾਲਕੁਮ ਮਾਰੂਥਲ ਦਾ ਨਾਮ ਦਿੱਤਾ ਗਿਆ ਹੈ। ਅਰਾਲ ਸਾਗਰ ਦੀ ਹੋਣ ਵਾਲੀ ਤਬਾਹੀ ਬਾਰੇ ਸੋਵੀਅਤ ਇੰਜੀਨੀਅਰਾਂ ਨੂੰ ਮੁੱਢ ਤੋਂ ਹੀ ਪਤਾ ਸੀ। ਪਰ ਪੋਲਿਟ ਬਿਊਰੋ ਪੱਧਰ 'ਤੇ ਲਏ ਗਏ ਫੈਸਲੇ ਕਾਰਨ ਕੋਈ ਕੁਝ ਨਾ ਕਰ ਸਕਿਆ।

ਨਾਸਾ ਨੇ 2014 ਵਿੱਚ ਇਸ ਝੀਲ ਦੀ ਇੱਕ ਸੈਟੇਲਾਈਟ ਫੋਟੋ ਜਾਰੀ ਕੀਤੀ ਸੀ, ਜਿਸ ਵਿੱਚ ਵਿਖਾਇਆ ਗਿਆ ਹੈ ਮਨੁੱਖੀ ਇਤਿਹਾਸ ਵਿੱਚ ਪਹਿਲੀ ਵਾਰ ਇਸ ਝੀਲ ਦਾ ਪੂਰਬੀ ਪਾਸਾ ਪੂਰੀ ਤਰ੍ਹਾਂ ਸੁੱਕ ਗਿਆ ਹੈ। ਇਸ ਝੀਲ ਦੇ ਸੁੱਕਣ ਨੂੰ ਧਰਤੀ ਦੀ ਸਭ ਤੋਂ ਵੱਡੀ ਵਾਤਾਵਰਣ ਤਬਾਹੀ ਮੰਨਿਆਂ ਜਾਂਦਾ ਹੈ। ਇਸ ਕਾਰਨ ਇਲਾਕੇ ਦੇ ਲੋਕਾਂ ਦਾ ਮੁੱਖ ਧੰਦਾ ਮੱਛੀ ਪਕੜਨਾ ਹੁਣ ਤਬਾਹ ਹੋ ਚੁੱਕਾ ਹੈ ਤੇ ਬੇਰੋਜ਼ਗਾਰੀ ਅਤੇ ਗਰੀਬੀ ਨੇ ਆਪਣੇ ਪੈਰ ਪਸਾਰ ਲਏ ਹਨ।

ਲਾਲਚੀ ਲੋਕਾਂ ਨੇ ਸਰਕਾਰੀ ਸ਼ਹਿ ਕਾਰਨ ਸੁੱਕੀ ਝੀਲ 'ਤੇ ਕਬਜ਼ਾ ਕਰ ਕੇ 50 ਲੱਖ ਏਕੜ ਜ਼ਮੀਨ ਖੇਤੀ ਯੋਗ ਬਣਾ ਲਈ ਹੈ। ਯੂਨੈਸਕੋ ਨੇ ਕੁਦਰਤ ਦੀ ਇਸ ਤਬਾਹੀ ਨੂੰ ਆਪਣੇ ਦਸਤਾਵੇਜ਼, "ਮੈਮਰੀ ਆਫ ਦੀ ਵਰਲਡ ਰਜਿਸਟਰ" ਵਿੱਚ ਆਉਣ ਵਾਲੀਆਂ ਪੀੜ੍ਹੀਆਂ ਦੇ ਅਧਿਐਨ ਲਈ ਸ਼ਾਮਲ ਕੀਤਾ ਹੈ।

ਰੂਸੀ ਜਲ ਸੈਨਾ ਨੇ ਇਸ ਝੀਲ ਵਿੱਚ 1847 'ਚ ਸੀਰ ਦਰਿਆ ਦੇ ਮੁਹਾਣੇ ਲਾਗੇ ਫੋਰਟ ਅਰਾਲਸਕ ਨਾਮਕ ਅੱਡੇ ਦੀ ਸਥਾਪਨਾ ਕੀਤੀ ਸੀ। ਕਿਉਂਕਿ ਇਹ ਝੀਲ ਹੋਰ ਕਿਸੇ ਸਮੁੰਦਰ ਨਾਲ ਜੁੜੀ ਹੋਈ ਨਹੀਂ ਹੈ, ਇਸ ਲਈ ਜਲ ਸੈਨਾ ਜਹਾਜਾਂ ਦੇ ਪੁਰਜ਼ੇ ਊਠਾਂ 'ਤੇ ਢੋਹ ਕੇ, ਇਥੇ ਜੋੜ ਕੇ ਜਹਾਜ਼ ਤਿਆਰ ਕਰਦੀ ਸੀ। ਇਸ ਤੋਂ ਇਲਾਵਾ ਇਥੇ ਮੱਛੀਆਂ ਪਕੜਨ ਦਾ ਉਦਯੋਗ ਵੀ ਸੈਂਕੜੇ ਸਾਲਾਂ ਤੋਂ  ਕਾਮਯਾਬੀ ਨਾਲ ਚੱਲ ਰਿਹਾ ਸੀ। ਇਸ ਕਾਰਨ ਇੱਥੇ ਮੱਛੀਆਂ ਪਕੜਨ ਵਾਲੀਆਂ ਵੱਡੀਆਂ ਕਿਸ਼ਤੀਆਂ ਤਿਆਰ ਕਰਨ ਦੀ ਇੰਡਸਟਰੀ ਵੀ ਲੱਗ ਗਈ।

1960 ਵਿੱਚ ਸੋਵੀਅਤ ਸੰਘ ਦੀ ਸਰਕਾਰ ਨੇ ਸਕੀਮ ਬਣਾਈ ਕਿ ਅਰਾਲ ਸਾਗਰ ਨੂੰ ਪਾਣੀ ਨਾਲ ਜਿੰਦਾ ਰੱਖਣ ਵਾਲੇ ਦੋਵੇਂ ਦਰਿਆ, ਸੀਰ ਅਤੇ ਅਮੂ 'ਤੇ ਡੈਮ ਬਣਾ ਕੇ, ਨਹਿਰਾਂ ਕੱਢ ਕੇ ਰੇਗਿਸਤਾਨ ਨੂੰ ਸਿੰਜਿਆ ਜਾਵੇ ਅਤੇ ਗਰਮੀ ਦੀਆਂ ਉਹ ਫਸਲਾਂ ਜਿਵੇਂ ਚਾਵਲ, ਤਰਬੂਜ਼, ਦਾਲਾਂ ਅਤੇ ਕਪਾਹ ਆਦਿ ਉਗਾਈ ਜਾਵੇ ਜੋ ਠੰਡੇ ਰੂਸ ਵਿੱਚ ਪੈਦਾ ਨਹੀਂ ਸੀ ਹੁੰਦੀਆਂ। ਇਸ ਨਾਲ ਦੇਸ਼ ਨੂੰ ਇਹ ਸਮਾਨ ਬਾਹਰੋਂ ਮੰਗਵਾਉਣ ਦੀ ਜ਼ਰੂਰਤ ਨਾ ਪਵੇ।

ਸ਼ੁਰੂ ਵਿੱਚ ਇਸ ਸਕੀਮ ਕਾਮਯਾਬ ਹੋ ਗਈ ਤੇ ਉਜ਼ਬੇਕਿਸਤਾਨ 1988 ਵਿੱਚ ਸੰਸਾਰ ਦਾ ਸਭ ਤੋਂ ਵੱਡਾ ਕਪਾਹ ਉਤਪਦਕ ਅਤੇ ਨਿਰਯਾਤਕ ਦੇਸ਼ ਬਣ ਗਿਆ। ਪਰ ਇਨ੍ਹਾਂ ਨਹਿਰਾਂ ਦਾ ਪਾਣੀ ਵੀ ਜ਼ਿਆਦਾਤਰ ਬਰਬਾਦ ਹੋ ਰਿਹਾ ਹੈ ਕਿਉਂਕਿ ਇਨ੍ਹਾਂ ਨੂੰ ਲੀਕੇਜ਼ ਪਰੂਫ ਨਹੀਂ ਕੀਤਾ ਗਿਆ। 40-45% ਪਾਣੀ ਧਰਤੀ ਵਿੱਚ ਰਿਸਣ ਕਾਰਨ ਆਸ-ਪਾਸ ਦੇ ਇਲਾਕਿਆਂ ਵਿੱਚ ਸੇਮ ਦੀ ਵੱਡੀ ਸਮੱਸਿਆ ਪੈਦਾ ਹੋ ਗਈ ਹੈ।

ਹੁਣ ਅਰਾਲ ਸਾਗਰ ਆਪਣੀ ਤਬਾਹੀ ਦਾ ਗੁੱਸਾ ਆਸ ਪਾਸ ਦੀ ਜਨਤਾ 'ਤੇ ਕੱਢ ਰਿਹਾ ਹੈ। ਇਸ ਦੀ ਸੁੱਕੀ ਰੇਤ ਵਿੱਚ ਲੂਣ, ਕੀਟਨਾਸ਼ਕ, ਖਾਦਾਂ, ਉਦਯੋਗਾਂ ਦੀ ਰਹਿੰਦ ਖੂੰਦ (ਰਸਾਇਣ) ਅਤੇ ਹੋਰ ਮਨੱਖੀ ਗੰਦ-ਮੰਦ ਰਲਿਆ ਹੋਇਆ ਹੈ। ਇਸ ਵਿੱਚੋਂ ਉੱਠਣ ਵਾਲੀਆਂ ਹਨੇਰੀਆਂ-ਝੱਖੜ ਸੈਂਕੜੇ ਮੀਲ ਦੂਰ ਤੱਕ ਕਹਿਰ ਢਾਅ ਰਹੇ ਹਨ। ਇਸ ਜ਼ਹਿਰੀਲੀ ਧੂੜ ਕਾਰਨ ਲੋਕਾਂ ਵਿੱਚ ਕੈਂਸਰ, ਟੀ.ਬੀ., ਪੇਟ ਦੀਆਂ ਬਿਮਾਰੀਆਂ, ਖੂਨ ਦੀ ਕਮੀ, ਲਿਵਰ ਦੀ ਬਿਮਾਰੀ, ਕਿਡਨੀਆਂ ਦੇ ਰੋਗ, ਨਜ਼ਰ ਦਾ ਘੱਟਣਾ ਆਦਿ ਅਨੇਕਾਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਬੱਚਿਆਂ ਅਤੇ ਗਰਭਵਤੀ ਔਰਤਾਂ ਦੀ ਮਰਨ ਦਰ ਬਹੁਤ ਜ਼ਿਆਦਾ ਹੈ। ਇਲਾਕੇ ਵਿੱਚ ਨਮਕ ਜਮ੍ਹਾਂ ਹੋ ਜਾਣ ਕਾਰਨ ਪੀਣ ਲਈ ਸਾਫ ਪਾਣੀ ਨਹੀਂ ਮਿਲਦਾ। ਸੈਂਕੜੇ ਮੀਲ ਦੂਰ ਤੱਕ ਮਾਰ ਕਰਨ ਵਾਲੀਆਂ ਇਨ੍ਹਾਂ ਧੂੜ ਭਰੀਆਂ ਹਨੇਰੀਆਂ ਕਾਰਨ ਸਰਦੀਆਂ ਹੋਰ ਠੰਡੀਆਂ ਅਤੇ ਗਰਮੀਆਂ ਹੋਰ ਗਰਮ ਹੋ ਰਹੀਆਂ ਹਨ।

ਅਰਾਲ ਸਾਗਰ ਦੇ ਸੁੱਕਣ ਕਾਰਨ ਇਸ ਦੀਆਂ ਅਰਾਲਕ ਅਤੇ ਮੋਇਨਾਕ ਵਰਗੀਆਂ ਅਮੀਰ ਬੰਦਰਗਾਹਾਂ ਹੁਣ ਭੂਤੀਆ ਸ਼ਹਿਰ ਬਣ ਗਏ ਹਨ। ਇਥੇ ਕੰਮ ਕਰਨ ਵਾਲੇ ਲੱਖਾਂ ਕਾਮੇ ਬੇਰੋਜ਼ਗਾਰ ਹੋ ਕੇ ਧੱਕੇ ਖਾਂਦੇ ਫਿਰਦੇ ਹਨ। ਇਸ ਤੋਂ ਇਲਾਵਾ ਬਚਿਆ-ਖੁਚਿਆ ਅਰਾਲ ਸਾਗਰ ਭਾਰੀ ਪੱਧਰ 'ਤੇ ਪ੍ਰਦੂਸ਼ਿਤ ਹੋ ਚੁੱਕਾ ਹੈ। ਕਪਾਹ ਦੀ ਫਸਲ 'ਤੇ ਕੀਟਨਾਸ਼ਕਾਂ ਦੀ ਬਹੁਤ ਜ਼ਿਆਦਾ ਸਪਰੇਅ ਕੀਤੀ ਜਾਂਦੀ ਹੈ ਤੇ ਖੂਬ ਖਾਦ ਪਾਈ ਜਾਂਦੀ ਹੈ। ਬਰਸਾਤ ਦੇ ਪਾਣੀ ਨਾਲ ਇਹ ਕੀਟਨਾਸ਼ਕ ਅਤੇ ਖਾਦਾਂ ਅਰਾਲ ਸਾਗਰ ਤੱਕ ਪਹੁੰਚ ਜਾਂਦੀਆਂ ਹਨ ਜਿਸ ਕਾਰਨ ਜਲ ਜੀਵ ਖਤਮ ਹੋ ਗਏ ਹਨ ਜਾਂ ਖਾਣ ਯੋਗ ਨਹੀਂ ਰਹੇ। ਇਸ ਤੋਂ ਇਲਾਵਾ ਪਾਣੀ ਦੀ ਮਾਤਰਾ ਘੱਟ ਹੋ ਜਾਣ ਕਾਰਨ ਅਰਾਲ ਸਾਗਰ ਵਿੱਚ ਨਮਕ ਦਾ ਪੱਧਰ ਕਈ ਗੁਣਾ ਵੱਧ ਗਿਆ ਹੈ।

ਇਸ ਝੀਲ ਨੂੰ ਮੁੜ ਸੁਰਜੀਤ ਕਰਨ ਦਾ ਹੁਣ ਇੱਕ ਹੀ ਤਰੀਕਾ ਹੈ ਕਿ ਨਜ਼ਦੀਕੀ ਕੈਸਪੀਅਨ ਸਾਗਰ (ਦੂਰੀ 850 ਕਿਲੋਮੀਟਰ), ਵੋਲਗਾ, ਉਬ ਅਤੇ ਇਰਤਿਸ਼ ਦਰਿਆਵਾਂ ਦਾ ਪਾਣੀ ਚੈਨਲਾਂ ਰਾਹੀਂ ਲਿਆ ਕੇ ਇਸ ਵਿੱਚ ਪਾਇਆ ਜਾਵੇ। ਪਰ ਇਹ ਕੰਮ ਬਹੁਤ ਮਹਿੰਗਾ ਹੈ। ਇਸ 'ਤੇ 10 ਅਰਬ ਅਮਰੀਕੀ ਡਾਲਰ ਦਾ ਖਰਚਾ ਆਉਣ ਦੀ ਸੰਭਾਵਨਾ ਹੈ। ਪਰ ਹੁਣ ਇਸ ਦੇ ਪੁਨਰ ਜਨਮ ਲਈ ਕਈ ਕੰਮ ਹੋ ਰਹੇ ਹਨ।

1999 ਵਿੱਚ ਕਜ਼ਾਖਿਸਤਾਨ, ਉਜ਼ਬੇਕਿਸਤਾਨ, ਤੁਰਕਮੇਨਿਸਤਾਨ, ਤਾਜ਼ਿਕਸਤਾਨ ਅਤੇ ਕਿਰਗਿਜ਼ਸਤਾਨ ਨੇ ਆਪਣੇ ਬਜਟ ਦਾ 1% ਇਸ ਦੀ ਸੁਰੱਖਿਆ ਵਾਸਤੇ ਖਰਚਣ ਲਈ ਸਮਝੌਤਾ ਕੀਤਾ। ਅਰਾਲ ਸਾਗਰ ਦਾ ਉੱਤਰੀ ਭਾਗ ਕਜ਼ਾਖਿਸਤਾਨ ਅਤੇ ਦੱਖਣੀ ਭਾਗ ਉਜ਼ਬੇਕਿਸਤਾਨ ਵਿੱਚ ਪੈਂਦਾ ਹੈ। ਕਜ਼ਾਖਿਸਤਾਨ ਆਪਣੇ ਹਿੱਸੇ ਨੂੰ ਮੁੜ ਨਵਿਆਉਣ ਲਈ ਸ਼ਲਾਘਾਯੋਗ ਯਤਨ ਕਰ ਰਿਹਾ ਹੈ। ਉਸ ਨੇ ਉੱਤਰੀ ਹਿਸੇ ਨੂੰ ਦੱਖਣੀ ਹਿੱਸੇ ਤੋਂ ਵੱਖ ਕਰਨ ਲਈ ਕੋਕਾਰਲ ਨਾਮਕ 13 ਕਿਲੋਮੀਟਰ ਲੰਬਾ ਕੰਕਰੀਟ ਡੈਮ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਉਸਾਰ ਕੇ ਸੀਰ ਦਰਿਆ ਦਾ ਕੁਝ ਪਾਣੀ ਮੁੜ ਇਸ ਵਿੱਚ ਪਾ ਦਿੱਤਾ ਹੈ। ਇਸ ਨਾਲ ਉਸ ਹਿੱਸੇ ਵਿੱਚ ਅਰਾਲ ਸਾਗਰ ਤੇਜ਼ੀ ਨਾਲ ਵਧ ਰਿਹਾ ਹੈ ਤੇ ਮੱਛੀਆਂ ਵੀ ਪੈਦਾ ਹੋ ਗਈਆਂ ਹਨ।

ਪਰ ਉਜ਼ਬੇਕਿਸਤਾਨ ਆਪਣੇ ਹਿੱਸੇ ਦੀ ਧਰਤੀ ਅਤੇ ਅਮੂ ਦਰਿਆ ਦੇ ਪਾਣੀ ਦੇ ਲਾਲਚ ਵਿੱਚ ਹੱਥ 'ਤੇ ਹੱਥ ਧਰ ਕੇ ਬੈਠਾ ਹੈ। ਇਸ ਤੋਂ ਇਲਾਵਾ ਅਰਾਲ ਸਾਗਰ ਨੂੰ ਹੁਣ ਜੋ ਥੋੜ੍ਹਾ-ਬਹੁਤ ਪਾਣੀ ਮਿਲ ਰਿਹਾ ਹੈ, ਉਹ ਧਰਤੀ ਹੇਠਲਾ ਪਾਣੀ ਹੈ। ਇਹ ਪਾਣੀ ਪਾਮੀਰ ਅਤੇ ਤਿਆਨਸ਼ਾਨ ਪਰਬਤਾਂ ਤੋਂ ਰਿਸ ਕੇ ਧਰਤੀ ਦੇ ਹੇਠਾਂ ਦੀ ਵਹਿੰਦਾ ਹੋਇਆ ਅਰਾਲ ਦੇ ਤਲ 'ਤੇ ਪਹੁੰਚ ਜਾਂਦਾ ਹੈ। ਇਨਸਾਨ ਦੇ ਉਲਟ ਕੁਦਰਤ ਇਸ ਨੂੰ ਬਚਾਉਣ ਲਈ ਯਤਨਸ਼ੀਲ ਹੈ।

ਅੱਜ ਪੰਜਾਬ ਵੀ ਅਰਾਲ ਸਾਗਰ ਦੇ ਕਦਮਾਂ 'ਤੇ ਚੱਲ ਰਿਹਾ ਹੈ। ਅਸੀਂ ਜਿੰਨੀ ਤੇਜ਼ੀ ਨਾਲ ਧਰਤੀ ਹੇਠਲਾ ਪਾਣੀ ਖਿੱਚ ਰਹੇ ਹਾਂ, ਲੱਗਦਾ ਹੈ ਕਿ ਜਲਦੀ ਹੀ ਪੰਜਾਬ ਵੀ ਅਰਾਲ ਸਾਗਰ ਵਾਂਗ ਸੁੱਕ ਕੇ ਮਾਰੂਥਲ ਬਣ ਜਾਵੇਗਾ। ਹੁਣ ਹੀ ਜਾਗਣ ਦਾ ਮੌਕਾ ਹੈ। ਜੇ ਸਭ ਜੁਝ ਗਵਾ ਕੇ ਹੋਸ਼ ਵਿੱਚ ਆਏ ਤਾਂ ਕੀ ਆਏ।
 
(*ਲੇਖਕ ਪੰਜਾਬ ਪੁਲਿਸ ਵਿੱਚ ਐੱਸ.ਪੀ. ਪਦ 'ਤੇ ਤਾਇਨਾਤ ਹਨ)


Comment by: Tajinder Sangha

Aquesta Condicions de MAR DE ARAL I RÍO DEL PANJAB, Es Diferent, NO MATEIX, Sis Plau

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER