ਵਿਚਾਰ
ਧਰਮ ਅਤੇ ਵਿਗਿਆਨ
ਰੱਬ ਨੂੰ ਮੰਨਣ ਵਾਲਿਆਂ ਵਲੋਂ ਸਟੀਫਨ ਨੂੰ ਸ਼ਰਧਾਂਜਲੀ
- ਕਮਲਦੀਪ ਸਿੰਘ ਬਰਾੜ
ਰੱਬ ਨੂੰ ਮੰਨਣ ਵਾਲਿਆਂ ਵਲੋਂ ਸਟੀਫਨ ਨੂੰ ਸ਼ਰਧਾਂਜਲੀਸਟੀਫਨ ਹਾਕਿੰਗ ਦਾ ਰੱਬ ਦੇ ਵਿੱਚ ਕੋਈ ਵਿਸ਼ਵਾਸ ਨਹੀਂ ਸੀ। ਹਾਲਾਂਕਿ ਉਸ ਦੀ ਨਿੱਜੀ ਜ਼ਿੰਦਗੀ ਅਤੇ ਬ੍ਰਹਿਮੰਡ ਨੂੰ ਸਮਝਾਉਣ ਵਾਸਤੇ ਸ਼ਬਦਾਂ ਦੀ ਕੀਤੀ ਗਈ ਚੋਣ ਨੂੰ ਲੈ ਕੇ ਨਾਸਤਿਕਾਂ ਨੂੰ ਅਕਸਰ ਇਹ ਧੁੜਕੂ ਲੱਗਿਆ ਰਹਿੰਦਾ ਸੀ ਕਿ ਕਿਤੇ ਕਿਸੇ ਦਿਨ ਸਟੀਫਨ ਹਾਕਿੰਗ ਰੱਬ ਦੀ ਹੋਂਦ ਨੂੰ ਸਵੀਕਾਰ ਨਾ ਕਰ ਲਵੇ। ਦੂਜੇ ਪਾਸੇ ਆਸਤਿਕਾਂ ਨੂੰ ਲੱਗਦਾ ਰਿਹਾ ਕਿ ਸਟੀਫਨ ਨੇ ਰੱਬ ਦੀ ਹੋਂਦ ਅੱਜ ਮੰਨੀ ਕਿ ਕੱਲ੍ਹ ਮੰਨੀ। ਪਰ ਇਹ ਬਹੁਤ ਸੁਭਾਵਿਕ ਹੈ ਕਿ ਰੱਬ ਨੂੰ ਲੱਭਣ ਨਿਕਲਿਆ ਬੰਦਾ ਰਾਹ ਦੇ ਵਿੱਚ ਤੁਰਿਆ ਜਾਂਦਾ ਸਟੀਫਨ ਹਾਕਿੰਗ ਨਾਲ ਵੀ ਮੁਹੱਬਤ ਕਰ ਬੈਠੇ।

ਅਜਿਹੇ ਅਨੰਤ ਵਿਸ਼ੇ ਹਨ ਜਿਨ੍ਹਾਂ ਉੱਤੇ ਕੋਈ ਵਿਗਿਆਨੀ ਖੋਜ ਕਰ ਸਕਦਾ ਹੈ ਪਰ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜਿਸ ਵਿਸ਼ੇ ਉੱਤੇ ਸਟੀਫਨ ਹਾਕਿੰਗ ਖੋਜ ਕਰ ਰਿਹਾ ਸੀ ਉਹ ਵਿਸ਼ਾ ਧਰਮ ਦਾ ਵੀ ਮੂਲ ਵਿਸ਼ਾ ਸੀ।

ਅਸੀਂ ਕਿੱਥੋਂ ਆਏ ? ਇਹ ਸਭ ਕਿਵੇਂ ਸ਼ੁਰੂ ਹੋਇਆ? ਸਭ ਤੋਂ ਪਹਿਲਾਂ ਕੀ ਹੋਂਦ ਵਿੱਚ ਆਇਆ ਅਤੇ ਜਦੋਂ ਕੁਝ ਵੀ ਨਹੀਂ ਸੀ, ਉਸ ਤੋਂ ਪਹਿਲਾਂ ਕੀ ਸੀ ? ਬਹੁਤ ਲੰਬੇ ਸਮੇਂ ਤੱਕ ਇਹ ਸਵਾਲ ਸਿਰਫ ਧਰਮ ਦਾ ਵਿਸ਼ਾ ਹੀ ਰਹੇ।

ਹਵਾ, ਅੱਗ, ਪਾਣੀ, ਸੂਰਜ, ਚੰਦਰਮਾ ਨੂੰ ਦੇਵਤੇ ਮੰਨਣ ਤੋਂ ਲੈ ਕੇ ਜਪੁਜੀ ਸਾਹਿਬ ਦੇ ਮੂਲ ਮੰਤਰ ਵਿੱਚ ਆਈ ਅਕਾਲ ਪੁਰਖ ਦੀ ਵਿਆਖਿਆ ਉਸ ਸਫ਼ਰ ਦੀ ਨਿਸ਼ਾਨਦੇਹੀ ਕਰਦੀ ਹੈ ਜੋ ਕੁਦਰਤ ਦੇ ਇਸ ਪਸਾਰ ਨੂੰ ਸਮਝਣ ਲਈ ਧਰਮ ਵਲੋਂ ਤੈਅ ਕੀਤਾ ਗਿਆ ਹੈ।

ਸਟੀਫਨ ਹਾਕਿੰਗ ਵੀ ਇਸੇ ਸਫ਼ਰ ਉੱਤੇ ਨਿਕਲਿਆ ਹੋਇਆ ਸੀ। ਫਿਰ ਚਾਹੇ ਤੁਸੀਂ ਰੱਬ ਨੂੰ ਮੰਨੋ ਜਾਂ ਨਾ ਮੰਨੋ। ਪਰ ਇਸ ਸਫਰ 'ਤੇ ਨਿਕਲਿਆ ਹੋਇਆ ਬੰਦਾ ਅਧਿਆਤਮ ਦੀ ਅਵਸਥਾ ਤਾਂ ਪ੍ਰਾਪਤ ਕਰ ਹੀ ਲੈਂਦਾ ਹੈ।

ਗੁਰੂ ਨਾਨਕ ਦੇਵ ਜੀ ਜਪੁਜੀ ਸਾਹਿਬ ਵਿੱਚ ਫਰਮਾਉਂਦੇ ਹਨ :

ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ॥ 
ਓੜਕ ਓੜਕ ਭਾਲਿ ਥਕੇ ਵੇਦ ਕਹਨਿ ਇਕ ਵਾਤ ।।
ਸਹਸ ਅਠਾਰਹ ਕਹਨਿ ਕਤੇਬਾ ਅਸੁਲੂ ਇਕੁ ਧਾਤੁ ॥ ਲੇਖਾ ਹੋਇ ਤ ਲਿਖੀਐ ਲੇਖੈ ਹੋਇ ਵਿਣਾਸੁ ॥ 
ਨਾਨਕ ਵਡਾ ਆਖੀਐ ਆਪੇ ਜਾਣੈ ਆਪੁ ॥22॥ 

ਗੁਰੂ ਨਾਨਕ ਸਾਹਿਬ ਇਹ ਗੱਲ ਉਸ ਵੱਡੇ 'ਤੇ ਛੱਡ ਦਿੰਦੇ ਹਨ ਕਿ ਉਹ ਕਿੱਡਾ ਵੱਡਾ ਹੈ ਅਤੇ ਇਹ ਰਹੱਸ ਕਿੰਨਾ ਡੂੰਘਾ ਹੈ। ਪਰ ਅਜਿਹਾ ਕਹਿ ਕੇ ਉਹ ਉਸ ਰਹੱਸ ਨੂੰ ਖੋਜਣਾ ਬੰਦ ਨਹੀਂ ਕਰਦੇ ਅਤੇ ਆਪਣੇ ਪੈਰੋਕਾਰਾਂ ਨੂੰ ਵੀ ਇਸ ਰਹੱਸ ਨੂੰ ਖੋਜਣ ਦੀ ਕੋਸ਼ਿਸ਼ ਨੂੰ ਜਾਰੀ ਰੱਖਣ ਦੀ ਸਿੱਖਿਆ ਦਿੰਦੇ ਹਨ ।

ਜਦੋਂ ਸਟੀਫਨ ਹਾਕਿੰਗ ਇਨ੍ਹਾਂ ਸਵਾਲਾਂ ਨਾਲ ਦੋ ਚਾਰ ਹੁੰਦਾ ਹੈ ਤਾਂ ਉਹ ਕਿਧਰੇ ਬਲੈਕ ਹੋਲ ਦੇ ਵਿੱਚ ਚੁੱਭੀਆਂ ਲਾਉਣਾ ਲੋਚਦਾ ਹੈ, ਕਿਧਰੇ ਸਮੇਂ ਦੀ ਚੋਰੀ ਫੜ ਲੈਂਦਾ ਹੈ ਅਤੇ ਸਾਨੂੰ ਦੱਸਦਾ ਹੈ ਕਿ ਸਮਾਂ ਕਦੋਂ ਹੌਲੀ ਹੋ ਜਾਂਦਾ ਹੈ ਅਤੇ ਕਦੋਂ ਤੇਜ਼ ਹੋ ਜਾਂਦਾ ਹੈ। ਦੇਖਿਆ ਜਾਵੇ ਤਾਂ ਸਟੀਫਨ ਹਾਕਿੰਗ ਨੇ ਸਮੇਂ ਦਾ ਕੱਦ ਵੀ ਘਟਾ ਦਿੱਤਾ । ਸਟੀਫਨ ਹਾਕਿੰਗ ਨੇ ਸਾਨੂੰ ਦੱਸਿਆ ਕਿ ਉਹ ਸਮਾਂ, ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਕਿਸੇ ਲਈ ਨਹੀਂ ਰੁਕਦਾ, ਉਹ ਅਸਲ ਵਿੱਚ ਭੌਤਿਕ ਰੂਪ ਵਿੱਚ ਵੀ ਸਥਿਰ ਹੋ ਸਕਦਾ ਹੈ ਅਤੇ ਤੁਸੀਂ ਭੱਜ ਕੇ ਉਸ ਤੋਂ ਅੱਗੇ ਲੰਘ ਸਕਦੇ ਹੋ।

ਸਟੀਫਨ ਵੀ ਉਸ ਰਹੱਸ ਨੂੰ ਖੋਜ ਰਿਹਾ ਸੀ ਜਿਸ ਨੂੰ ਗੁਰੂ ਨਾਨਕ ਸਾਹਿਬ ਜਾਂ ਉਨ੍ਹਾਂ ਤੋਂ ਪਹਿਲਾਂ ਹੋਏ ਵੱਖ ਵੱਖ ਧਰਮਾਂ ਦੇ ਪੈਗੰਬਰ ਖੋਜਦੇ ਰਹੇ । 

ਸਟੀਫਨ ਨੂੰ ਉਨ੍ਹਾਂ ਚਿਰ ਨਹੀਂ ਸਮਝਿਆ ਜਾ ਸਕਦਾ ਜਿੰਨਾ ਚਿਰ ਤੁਸੀਂ ਧਰਮ ਅਤੇ ਤਰਕ ਦੇ ਨਾਮ 'ਤੇ ਹੰਕਾਰਾਂ ਨੂੰ ਪੱਠੇ ਪਾਉਂਦੀਆਂ ਬਹਿਸਾਂ ਵਿੱਚੋਂ ਬਾਹਰ ਨਾ ਨਿਕਲੋ। ਇਸ ਤਰ੍ਹਾਂ ਦੀਆਂ ਬਹਿਸਾਂ ਅਕਸਰ ਉਹ ਲੋਕ ਕਰਿਆ ਕਰਦੇ ਹਨ, ਜਿਨ੍ਹਾਂ ਨੂੰ ਧਰਮ ਅਤੇ ਤਰਕ ਦੋਵਾਂ ਵਿਚੋਂ ਇਕ ਦਾ ਮਾਮੂਲੀ ਜਿਹਾ ਗਿਆਨ ਹੁੰਦਾ ਹੈ।

ਅਲਬਰਟ ਆਇੰਸਟਾਈਨ ਨੇ  E = mc2 ਦਾ ਫਾਰਮੂਲਾ ਦਿੱਤਾ ਸੀ। ਇਸ ਦਾ ਅਰਥ ਸੀ ਕਿ ਨਾ ਤਾਂ ਊਰਜਾ ਨੂੰ ਪੈਦਾ ਕੀਤਾ ਜਾ ਸਕਦਾ ਹੈ ਅਤੇ ਨਾ ਹੀ ਨਸ਼ਟ ਕੀਤਾ ਜਾ ਸਕਦਾ ਹੈ।

ਹੁਣ ਨਵੇਂ ਵਿਗਿਆਨੀਆਂ ਵਲੋਂ ਦਿੱਤੇ ਜਾ ਰਹੇ ਨਵੇਂ ਸਿਧਾਂਤ ਅਨੁਸਾਰ ਆਇੰਸਟਾਈਨ ਦੇ ਫਾਰਮੂਲੇ ਨੂੰ ਚੁਣੌਤੀ ਦਿੱਤੀ ਜਾ ਰਹੀ ਹੈ ਅਤੇ ਦਾਅਵਾ ਕੀਤਾ ਜਾ ਰਿਹਾ ਕਿ ਊਰਜਾ ਨਥਿੰਗਨੈੱਸ (ਖਲਾਅ) ਵਿੱਚੋਂ ਵੀ ਪੈਦਾ ਹੋ ਸਕਦੀ ਹੈ। ਜੇ ਕੋਈ ਆਇੰਸਟਾਈਨ ਨੂੰ ਗ਼ਲਤ ਸਾਬਤ ਕਰ ਵੀ ਦੇਵੇ ਤਾਂ ਵੀ ਆਇੰਸਟਾਈਨ ਦੀ ਮਹਾਨਤਾ ਕੋਈ ਘੱਟ ਨਹੀਂ ਹੋਣ ਲੱਗੀ।

ਇਸੇ ਤਰ੍ਹਾਂ ਸਟੀਫਨ ਹਾਕਿੰਗ ਨੇ ਜਿੰਨਾ ਖੋਜ ਕਾਰਜ ਕੀਤਾ ਹੈ ਜੇ ਕੱਲ੍ਹ ਨੂੰ ਕੋਈ ਨਵਾਂ ਸਟੀਫਨ ਆ ਕੇ ਹਾਕਿੰਗ ਦੇ ਸਾਰੇ ਖੋਜ ਕਾਰਜ ਨੂੰ ਗ਼ਲਤ ਸਾਬਿਤ ਕਰ ਦੇਵੇ ਤਾਂ ਇਸ ਨਾਲ ਸਟੀਫਨ ਹਾਕਿੰਗ ਦੀ ਮਹਾਨਤਾ ਘੱਟ ਨਹੀਂ ਹੋ ਜਾਵੇਗੀ।

ਵਿਗਿਆਨ ਇਸੇ ਤਰ੍ਹਾਂ ਹੀ ਕੰਮ ਕਰਦਾ ਹੈ। ਨਵਾਂ ਸਿਧਾਂਤ ਪੁਰਾਣੇ ਨੂੰ ਰੱਦ ਕਰਦਾ ਰਹਿੰਦਾ ਹੈ। ਅਸਲ ਗੱਲ ਹੁੰਦੀ ਹੈ ਕਿ ਤੁਸੀਂ ਕੁਦਰਤ ਦੇ ਉਸ ਪਸਾਰ ਨੂੰ ਸਮਝਣ ਵਾਸਤੇ ਕਿੰਨੀ ਇਮਾਨਦਾਰੀ ਦੇ ਨਾਲ ਕੰਮ ਕਰ ਰਹੇ ਹੋ।

ਤੁਹਾਡੇ ਢੰਗ ਤਰੀਕੇ ਵੱਖੋ ਵੱਖਰੇ ਹੋ ਸਕਦੇ ਹਨ ਪਰ ਕੁਦਰਤ ਦੇ ਉਸ ਪਸਾਰ ਨੂੰ ਸਮਝਣ ਦਾ ਆਨੰਦ ਇੱਕੋ ਜਿਹਾ ਹੈ।

ਸ਼ਰਤ ਲਾ ਕੇ ਕਿਹਾ ਜਾ ਸਕਦਾ ਹੈ ਕਿ ਉਹ ਲੋਕ, ਜੋ ਗੁਰੂ ਨਾਨਕ ਸਾਹਿਬ ਜੀ ਨੂੰ ਪੜ੍ਹਦੇ ਅਤੇ ਮੰਨਦੇ ਹਨ ਪਰ ਸਟੀਫਨ ਹਾਕਿੰਗ ਨੂੰ ਨਹੀਂ ਜਾਣਦੇ ਅਤੇ ਦੂਜੇ ਉਹ ਲੋਕ ਜੋ ਸਟੀਫਨ ਹਾਕਿੰਗ ਨੂੰ ਪੜ੍ਹਦੇ ਹਨ ਪਰ ਗੁਰੂ ਨਾਨਕ ਸਾਹਬ ਨੂੰ ਨਹੀਂ ਜਾਣਦੇ, ਦੋਵੇਂ ਤਰ੍ਹਾਂ ਦੇ ਲੋਕ ਅਕਸਰ ਚੜ੍ਹਦੇ ਸੂਰਜ ਨੂੰ ਵੇਖ ਕੇ ਆਨੰਦਮਈ ਹੋ ਜਾਂਦੇ ਹੋਣਗੇ ਤਾਂ ਕਦੇ ਕਦੇ ਡੁੱਬਦੇ ਸੂਰਜ ਨੂੰ ਵੇਖ ਕੇ ਬਿਨ੍ਹਾਂ ਕਿਸੇ ਗੱਲੋਂ ਉਦਾਸ ਹੋ ਜਾਂਦੇ ਹੋਣਗੇ। ਫੇਰ ਕਦੇ ਤਾਰਿਆਂ ਭਰੇ ਆਕਾਸ਼ ਨੂੰ ਵੇਖ ਕੇ ਉਨ੍ਹਾਂ ਦੀਆਂ ਅੱਖਾਂ ਭਰ ਆਉਂਦੀਆਂ ਹੋਣਗੀਆਂ। ਸਮੁੰਦਰ ਕੋਲੇ ਜਾ ਕੇ ਉਹ ਖਾਮੋਸ਼ ਹੋ ਜਾਂਦੇ ਹੋਣਗੇ। ਉਹ ਧਰਤੀ 'ਤੇ ਘੱਟ ਰਹੀ ਚਿੜੀਆਂ ਦੀ ਗਿਣਤੀ ਬਾਰੇ ਚਿੰਤਤ ਹੋਣਗੇ। ਉਹ ਆਪਣੇ ਮਹਿਬੂਬ ਨੂੰ ਦੇਣ ਲਈ ਫੁੱਲ ਤੋੜਦੇ ਵੀ ਹੋਣਗੇ ਪਰ ਉਨ੍ਹਾਂ ਨੂੰ ਫੁੱਲ ਦੇ ਟੁੱਟਣ ਦੀ ਚੀਸ ਵੀ ਹੁੰਦੀ ਹੋਵੇਗੀ। ਉਹ ਪੂੰਜੀਵਾਦ ਦੀ ਸਾਜ਼ਿਸ਼ ਨੂੰ ਵੀ ਸਮਝਦੇ ਹੋਣਗੇ ਅਤੇ ਉਨ੍ਹਾਂ ਨੂੰ ਸਮਾਜਵਾਦ ਨਾਲ ਥੋੜ੍ਹਾ ਥੋੜ੍ਹਾ ਪਿਆਰ ਵੀ ਹੋਵੇਗਾ। ਗੱਲ ਕੀ ਦੋਵੇਂ ਤਰ੍ਹਾਂ ਦੇ ਲੋਕ ਜਿਉਣ ਦਾ ਮਜ਼ਾ ਵੀ ਲੈਂਦੇ ਹੋਣਗੇ ਅਤੇ ਉਨ੍ਹਾਂ ਦੇ ਮਨ ਵਿੱਚ ਮੌਤ ਵਾਸਤੇ ਸਤਿਕਾਰ ਵੀ ਹੋਵੇਗਾ। 

ਧਰਮ ਦਾ ਘੇਰਾ ਵੱਡਾ ਹੁੰਦਾ ਹੈ ਅਤੇ ਧਾਰਮਿਕ ਪੈਗੰਬਰਾਂ ਨੇ ਵੱਖ ਵੱਖ ਤਰੀਕਿਆਂ ਨਾਲ ਲੋਕਾਂ ਨੂੰ ਦੁਨਿਆਵੀ ਝੰਜਟਾਂ ਅਤੇ ਵਿਕਾਰਾਂ ਨਾਲੋਂ ਤੋੜ ਕੇ ਕੁਦਰਤ ਦੇ ਉਸ ਪਸਾਰ ਨਾਲ ਜੋੜਨ ਦੀ ਕੋਸ਼ਿਸ਼ ਕਰਨੀ ਹੁੰਦੀ ਹੈ। 

ਵਿਗਿਆਨ ਅਨੁਸਾਰ ਅਸੀਂ ਜਾਨਵਰ ਹੀ ਹਾਂ ਪਰ ਫੇਰ ਵੀ ਬੰਦੇ ਅਤੇ ਜਾਨਵਰ ਵਿੱਚ ਇੱਕ ਮੂਲ ਫਰਕ ਇਹ ਹੈ ਕਿ ਅਸੀਂ ਕੁਦਰਤ ਦੇ ਪਸਾਰ ਨੂੰ ਸਮਝਣ  ਦੀ ਕੋਸ਼ਿਸ਼ ਕਰ ਸਕਦੇ ਹਾਂ ਪਰ ਜਾਨਵਰ ਨਹੀਂ । ਜੇ ਜਾਨਵਰ ਅਜਿਹੀ ਕੋਸ਼ਿਸ਼ ਕਰ ਸਕਦੇ ਹਨ ਤਾਂ ਵੀ ਇਸ ਬਾਰੇ ਹਾਲੇ ਤੱਕ ਨਾ ਤਾਂ ਧਰਮ ਨੂੰ ਕੁਝ ਪਤਾ ਹੈ ਅਤੇ ਨਾ ਹੀ ਵਿਗਿਆਨ ਨੂੰ।

ਧਰਮ ਖ਼ੁਦ ਲੋਕਾਂ ਕੋਲ ਜਾਂਦਾ ਹੈ ਪਰ ਵਿਗਿਆਨ ਕਿਸੇ ਸਟੀਫਨ ਵਰਗੇ ਨੂੰ ਉਡੀਕ ਰਿਹਾ ਹੁੰਦਾ ਹੈ ।
ਹਰੇਕ ਸਟੀਫਨ ਨਹੀਂ ਬਣ ਸਕਦਾ। ਇਸ ਕਰਕੇ ਧਰਮ ਦੀ ਲੋੜ ਆਪਣੀ ਥਾਂ ਹੈ। ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਧਰਮ ਅਤੇ ਵਿਗਿਆਨ ਵਿੱਚੋਂ ਬਿਹਤਰ ਕੌਣ ਇਸ ਬਹਿਸ ਵਿੱਚ ਉਲਝੇ ਰਹੀਏ ।

ਸਟੀਫਨ ਨੂੰ ਯਾਦ ਕਰਦਿਆਂ ਉਸ ਦੀ ਸਰੀਰਕ ਅਪੰਗਤਾ ਨਾਲ ਜੂਝਦੀ ਉਸ ਦੀ ਪਹਿਲੀ ਪਤਨੀ ਜੇਨ ਹਾਕਿੰਗ ਦਾ ਜ਼ਿਕਰ ਕਰਨਾ ਜ਼ਰੂਰੀ ਹੈ। ਸਟੀਫਨ ਦੀ ਜ਼ਿੰਦਗੀ 'ਤੇ ਬਣੀ ਫਿਲਮ 'ਥਿਊਰੀ ਆਫ ਐਵਰੀਥਿੰਗ' ਨੂੰ ਦੇਖ ਕੇ ਲੱਗਦਾ ਹੈ ਕਿ ਸਟੀਫਨ ਜੇਨ ਨੂੰ ਬਣਦੀ ਇੱਜ਼ਤ  ਨਹੀਂ ਦੇ ਸਕਿਆ। ਸਟੀਫਨ ਦੀ ਜ਼ਿੰਦਗੀ 'ਤੇ ਬਣੀ ਫਿਲਮ ਦੀ ਮੁੱਖ  ਪਾਤਰ ਜੇਨ ਹੋ ਨਿਬੜਦੀ ਹੈ। ਸਟੀਫਨ ਦਾ ਪੋਤਾ ਵੀ ਸਰੀਰਕ ਅਪੰਗਤਾ ਨਾਲ ਲੜ ਰਿਹਾ ਹੈ ਅਤੇ ਜੇਨ ਅਪੰਗ ਲੋਕਾਂ ਦੇ ਅਧਿਕਾਰਾਂ ਵਾਸਤੇ ਲੜ੍ਹ ਰਹੀ ਹੈ।

'ਥਿਊਰੀ ਆਫ ਐਵਰੀਥਿੰਗ' ਦੇ ਆਖਰੀ ਦ੍ਰਿਸ਼ ਵਿੱਚ ਸਟੀਫਨ ਅਤੇ ਜੇਨ ਅਤੇ ਉਨ੍ਹਾਂ ਦੇ ਤਿੰਨ ਬੱਚਿਆਂ ਦੇ ਪਾਤਰਾਂ ਦੀ ਖੂਬਸੂਰਤ ਮੁਲਾਕਾਤ ਦਿਖਾਈ ਗਈ ਹੈ । ਬੱਚਿਆਂ ਵੱਲ ਵੇਖ ਕੇ ਸਟੀਫਨ ਜੇਨ ਨੂੰ ਕਹਿੰਦਾ ਹੈ,"ਦੇਖ, ਅਸੀਂ ਕੀ ਬਣਾਇਆ।" ਜੇਨ ਦੀ ਬਦੌਲਤ ਇਨ੍ਹਾਂ ਬੱਚਿਆਂ ਨਾਲ ਸਟੀਫਨ ਵੀ ਕੁਦਰਤ ਦੇ ਪਸਾਰ ਦਾ ਹਿੱਸਾ ਬਣ ਗਿਆ।

ਸੰਸਾਰ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਇਸੇ ਵਿੱਚ ਪਿਆ ਹੈ ਕਿ ਅਸੀਂ ਉਸ ਮੂਲ ਰਹੱਸਮਈ ਸਵਾਲ ਨਾਲ ਜੁੜ ਜਾਈਏ ਜਿਸ ਦੇ ਉੱਤੇ ਧਰਮ ਅਤੇ ਸਟੀਫਨ ਵਰਗੇ ਵਿਗਿਆਨਕ ਹਮੇਸ਼ਾ ਤੋਂ ਕੰਮ ਕਰਦੇ ਆਏ ਹਨ । ਇਸ ਸਵਾਲ ਦਾ ਜਵਾਬ ਭਾਵੇਂ ਕਦੇ ਨਾ ਮਿਲੇ ਪਰ ਇਹ ਸਵਾਲ ਸਫਰ ਨੂੰ ਆਨੰਦ ਨਾਲ ਭਰ ਦਿੰਦਾ ਹੈ।

ਬੇਸ਼ੱਕ ਆਪਣੇ ਸੱਤਰਵੇਂ ਜਨਮ ਦਿਨ 'ਤੇ ਸਟੀਫਨ ਨੇ ਇਹ ਇੱਛਾ ਜ਼ਾਹਰ ਕੀਤੀ ਸੀ ਕਿ ਉਹ ਹੋਰ ਜਿਉਣਾ ਚਾਹੁੰਦਾ ਹੈ। ਪਰ ਰੱਬ ਦੀ ਹੋਂਦ ਨੂੰ ਮੰਨਣ ਵਾਲੇ ਮੇਰੇ ਵਰਗਿਆਂ ਨੂੰ ਲੱਗਦਾ ਹੈ ਕਿ ਮੌਤ ਤੋਂ ਬਾਅਦ ਸਟੀਫਨ ਉਸ ਰਹੱਸ ਦਾ ਹਿੱਸਾ ਬਣ ਗਿਆ ਹੈ। ਉਸ ਪਸਾਰ ਵਿੱਚ ਲੀਨ ਹੋ ਗਿਆ ਹੈ, ਜਿਸ ਨੂੰ ਉਹ ਸਾਰੀ ਉਮਰ ਖੋਜਦਾ ਰਿਹਾ। ਉਮੀਦ ਹੈ ਉਸ ਰਹੱਸ ਨੂੰ ਖੋਜਣ ਦੀ ਕੋਸ਼ਿਸ਼ ਵਿੱਚ ਅਸੀਂ ਕਿਸੇ ਦਿਨ ਸਟੀਫਨ ਨੂੰ ਤਾਰਿਆਂ ਦੀ ਧੂੜ ਵਿਚੋਂ ਖੋਜ ਲਵਾਂਗੇ।


Comment by: ਚੇਤਨਾ

ਸੱਚ ਮੁੱਚ ਖੋਜ ਜਿੰਨੀ ਆਨੰਦਭਰਪੂਰ ਹੁੰਦੀ ਹੈ, ਉਤਨਾ ਹੀ ਖੋਜ ਦਾ ਸਫਰ ਆਨੰਦਭਰਪੂਰ ਹੁੰਦਾ ਹੈ ਇਸ ਲਈ ਕਰਮ ਕਰਦੇ ਰਹਿਣਾ ਅਤੇ ਬਾਕੀ ਸਭ ਕੁੱਝ ਛੱਡ ਦੇਣਾ ਕਮਾਲ ਦੀ ਗੱਲ ਹੈ

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER