ਵਿਚਾਰ
'84 ਦਾ ਸਿੱਖ ਕਤਲ-ਏ-ਆਮ ਇੱਕ ਵਾਰ ਮੁੜ ਚਰਚਾ ਵਿੱਚ
- ਜਸਵੰਤ ਸਿੰਘ 'ਅਜੀਤ'
'84 ਦਾ ਸਿੱਖ ਕਤਲ-ਏ-ਆਮ ਇੱਕ ਵਾਰ ਮੁੜ ਚਰਚਾ ਵਿੱਚਬੀਤੇ ਦਿਨੀਂ ਨਵੰਬਰ-84 ਦੇ ਸਿੱਖ ਕਤਲ-ਏ-ਆਮ ਲਈ ਗਰਦਾਨੇ ਜਾਂਦੇ ਇੱਕ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਵਲੋਂ ਇਕ ਨਿੱਜੀ ਟੀਵੀ ਚੈਨਲ ਉਪਰ ਹੋਈ ਗੱਲਬਾਤ ਦੌਰਾਨ ਦਾਅਵਾ ਕੀਤਾ ਗਿਆ ਕਿ ਜਦੋਂ ਨਵੰਬਰ-84 ਵਿੱਚ ਦਿੱਲੀ ਵਿੱਚ ਸਿੱਖਾਂ ਦੀਆਂ ਹੱਤਿਆਵਾਂ ਹੋ ਰਹੀਆਂ ਸਨ, ਉਸ ਸਮੇਂ ਰਾਜੀਵ ਗਾਂਧੀ ਨੇ ਸਿੱਖ ਹੱਤਿਆਵਾਂ ਤੋਂ ਪ੍ਰਭਾਵਿਤ ਇਲਾਕਿਆਂ ਦੇ ਹਾਲਾਤ ਦਾ ਜਾਇਜ਼ਾ ਲੈਣ (ਹਾਲਾਤ ਨੂੰ ਸੰਭਾਲਣ) ਲਈ ਦੌਰਾ ਕੀਤਾ ਸੀ, ਉਸ ਸਮੇਂ ਉਹ (ਜਗਦੀਸ਼ ਟਾਈਟਲਰ) ਵੀ ਉਨ੍ਹਾਂ ਨਾਲ ਸੀ।

ਜਗਦੀਸ਼ ਟਾਈਟਲਰ ਦੇ ਇਸ ਦਾਅਵੇ ਨੂੰ ਅਕਾਲੀ ਨੇਤਾਵਾਂ ਨੇ ਪਕੜ, ਸ਼ੰਕਾ ਪ੍ਰਗਟ ਕਰ ਦਿੱਤੀ ਕਿ ਇਸ ਤੋਂ ਤਾਂ ਇਹ ਗੱਲ ਸਾਬਤ ਹੋ ਜਾਂਦੀ ਹੈ ਕਿ ਸਿੱਖ ਕਤਲ-ਏ-ਆਮ ਵਿੱਚ ਰਾਜੀਵ ਗਾਂਧੀ ਦੀ ਸਰਗਰਮ ਭੂਮਿਕਾ ਰਹੀ ਸੀ, ਜਿਸ ਦੇ ਚਲਦਿਆਂ ਗਾਂਧੀ ਪਰਿਵਾਰ ਉਪਰ ਸਿੱਖ ਕਤਲ-ਏ-ਆਮ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਮਾਮਲਾ ਦਰਜ ਕੀਤਾ ਜਾਣਾ ਚਾਹੀਦਾ ਹੈ। ਅਜੇ ਇਹ ਚਰਚਾ ਚਲ ਹੀ ਰਹੀ ਸੀ ਕਿ ਜਗਦੀਸ਼ ਟਾਈਟਲਰ ਦੀ ਇੱਕ ਕਥਤ ਵੀਡੀਓ-ਕਲਿਪ ਸਾਹਮਣੇ ਆ ਗਈ, ਜਿਸ ਵਿੱਚ ਉਹ ਸਿੱਖ ਕਤਲ-ਏ-ਆਮ ਵਿੱਚ ਆਪਣੀ ਭੂਮਿਕਾ ਹੋਣਾ ਸਵੀਕਾਰ ਕਰ ਰਿਹਾ ਹੈ। ਜਿਸ ਦੀ ਜਾਂਚ ਕਰਵਾਏ ਜਾਣ ਦਾ ਆਦੇਸ਼ ਸੀਬੀਆਈ ਅਦਾਲਤ ਵੱਲੋਂ ਦੇ ਦਿੱਤਾ ਗਿਆ ਦੱਸਿਆ ਜਾਂਦਾ ਹੈ।

ਅਜੇ ਇਨ੍ਹਾਂ 'ਉਦਘਾਟਨਾਂ' ਉਪਰ ਵਿਵਾਦ ਚੱਲ ਹੀ ਰਿਹਾ ਸੀ ਕਿ ਪੰਜਾਬ ਕਾਂਗਰਸ ਦੀ ਸਰਕਾਰ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਦਾਗ ਦਿੱਤਾ, ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਕਿ ਜਦੋਂ ਦਿੱਲੀ ਵਿੱਚ ਸਿੱਖਾਂ ਦਾ ਕਤਲ-ਏ-ਆਮ ਸ਼ੁਰੂ ਹੋਇਆ ਸੀ ਉਸ ਸਮੇਂ ਰਾਜੀਵ ਗਾਂਧੀ ਦਿੱਲੀ ਵਿੱਚ ਨਾ ਹੋ, ਕਲਕੱਤਾ ਤੋਂ 150 ਕਿਲੋਮੀਟਰ ਦੂਰ, ਚੋਣ ਦੌਰੇ ਉਪਰ ਸਨ। ਉਨ੍ਹਾਂ ਦੇ ਦਾਅਵੇ ਨੂੰ ਚੁਣੌਤੀ ਦਿੰਦਿਆਂ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਪੱਤਰਕਾਰ ਸੰਮੇਲਨ ਵਿੱਚ ਸਾਬਕਾ ਰਾਸ਼ਟਰਪਤੀ, ਪ੍ਰਣਬ ਮੁਕਰਜੀ, ਜੋ ਉਸ ਸਮੇਂ ਕੇਂਦਰੀ ਮੰਤਰੀ ਸਨ, ਦੀ ਪੁਸਤਕ ਦੇ, ਉਹ ਅੰਸ਼ ਅਤੇ ਸਮੇਂ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ, ਜੋ ਵਿਦੇਸ਼ ਤੋਂ ਵਾਪਸ ਆ ਹਵਾਈ ਅੱਡੇ ਤੋਂ ਸਿੱਧੇ ਆਲ ਇੰਡੀਆ ਮੈਡਿਕਲ ਵਿੱਚ ਦਾਖਲ (ਜ਼ਖਮੀ) ਇੰਦਰਾ ਗਾਂਧੀ (ਉਸ ਸਮੇਂ ਤਕ ਇੰਦਰਾ ਗਾਂਧੀ ਦੀ ਮੌਤ ਹੋ ਜਾਣ ਦਾ ਅਧਿਕਾਰਤ ਐਲਾਨ ਨਹੀਂ ਸੀ ਕੀਤਾ ਗਿਆ ਹੋਇਆ) ਦਾ ਪਤਾ ਕਰਨ ਜਾ ਪਹੁੰਚੇ ਸਨ, ਜਿਥੇ ਉਨ੍ਹਾਂ ਦੀ ਕਾਰ ਅਤੇ ਸੁਰੱਖਿਆ ਦਸਤੇ ਉਪਰ ਹੋਏ ਹਮਲੇ ਵਿੱਚ ਨੁਕਸਾਨੀ ਕਾਰ ਅਤੇ ਸੁਰੱਖਿਆ ਕਾਫਲੇ ਦੇ ਜ਼ਖਮੀ ਸਿੱਖ ਫੋਜੀ ਦੇ ਉਹ ਫੋਟੋ ਜਾਰੀ ਕਰ ਦਿੱਤੇ, ਜਿਨ੍ਹਾਂ ਤੋਂ ਸਾਬਤ ਹੋ ਜਾਂਦਾ ਸੀ ਕਿ ਰਾਜੀਵ ਗਾਂਧੀ ਦੇ ਦਿੱਲੀ ਪੁੱਜਣ ਤੋਂ ਬਾਅਦ ਹੀ ਸਿੱਖ ਕਤਲ-ਏ-ਆਮ ਸ਼ੁਰੂ ਹੋਇਆ।

ਜਿਥੋਂ ਤੱਕ ਸਿੱਖ ਕਤਲ-ਏ-ਆਮ ਵਿੱਚ ਰਾਜੀਵ ਗਾਂਧੀ ਦੀ ਸਰਗਰਮ ਭੂਮਿਕਾ ਹੋਣ ਦੀ ਗੱਲ ਹੈ, ਉਹ ਤਾਂ ਉਸੇ ਸਮੇਂ ਸਾਬਤ ਹੋ ਗਈ ਸੀ, ਜਦੋਂ ਰਾਜੀਵ ਨੇ ਇਹ ਆਖ, ਕਿ 'ਜਬ ਕੋਈ ਬੜਾ ਦਰਖਤ ਗਿਰਤਾ ਹੈ ਤੋ ਧਰਤੀ ਹਿਲਤੀ ਹੀ ਹੈ' ਸਿੱਖ ਕਤਲ-ਏ-ਆਮ ਨੂੰ ਜਾਇਜ਼ ਕਰਾਰ ਦੇ ਦਿੱਤਾ ਸੀ। ਇਸ ਤੋਂ ਬਿਨਾਂ ਉਸ ਸਮੇਂ ਇਹ ਚਰਚਾ ਵੀ ਸੁਣਨ ਨੂੰ ਮਿਲ ਰਹੀ ਸੀ ਕਿ ਜਿਸ ਸਮੇਂ ਉਹ (ਰਾਜੀਵ) ਕਲਕੱਤਾ ਤੋਂ ਦਿੱੱਲੀ ਹਵਾਈ ਅੱਡੇ ਉਪਰ ਪੁੱਜੇ ਤਾਂ ਆਪਣੇ ਸਵਾਗਤ ਵਿੱਚ ਉਥੇ ਪੁੱਜੀ ਕਾਂਗਰਸੀਆਂ ਦੀ ਭੀੜ ਨੂੰ ਡਾਂਟਦਿਆਂ ਉਨ੍ਹਾਂ ਕਿਹਾ ਕਿ 'ਤੁਮ ਯਹਾਂ ਕਿਆ ਕਰ ਰਹੇ ਹੋ, (ਜਬਕਿ) ਵਹਾਂ ਮੇਰੀ ਮਾਂ (ਇੰਦਰਾ ਗਾਂਧੀ) ਕਤਲ ਕਰ ਦੀ ਗਈ ਹੈ'। ਇਸ ਦੇ ਨਾਲ ਹੀ ਰੇਡੀਓ ਅਤੇ ਦੂਰਦਰਸ਼ਨ ਉਪਰ 'ਖੂਨ ਕਾ ਬਦਲਾ ਖੂਨ' ਦੇ ਨਾਅਰੇ ਗੂੰਜਣ ਲਗੇ। ਉਸੇ ਦੌਰਾਨ ਆਲ ਇੰਡੀਆ ਮੈਡੀਕਲ ਦੇ ਬਾਹਰ ਸਮੇਂ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੀ ਕਾਰ ਅਤੇ ਉਨ੍ਹਾਂ ਦੇ ਸੁਰਕਿਆ ਦਸਤੇ ਪੁਰ ਹਮਲਾ ਹੋਇਆ ਤੇ ਨਾਲ ਹੀ ਉਸੇ ਇਲਾਕੇ ਵਿੱਚ ਸਿੱਖਾਂ ਉਪਰ ਹਮਲੇ ਸ਼ੁਰੂ ਹੋਣ ਦੀਆਂ ਖਬਰਾਂ ਵੀ ਸੁਣਾਈ ਦੇਣ ਲੱਗ ਪਈਆਂ। ਅੱਖ ਝਪਕਦਿਆਂ ਹੀ ਦੇਸ਼ ਭਰ, ਵਿਸ਼ੇਸ਼ ਰੂਪ ਵਿੱਚ ਕਾਂਗਰਸੀ ਸੱਤਾ-ਅਧੀਨ ਰਾਜਾਂ ਵਿੱਚ ਸਿੱਖਾਂ ਉਪਰ ਹਮਲੇ ਹੋਣ ਅਤੇ ਉਨ੍ਹਾਂ ਦੀ ਚੱਲ-ਅਚੱਲ ਜਾਇਦਾਦ ਲੁੱਟੇ ਅਤੇ ਸਾੜੇ ਜਾਣ ਦੀਆਂ ਖਬਰਾਂ ਆਣ ਲਗ ਪਈਆਂ। ਜਿਥੇ-ਕਿਥੇ, ਸੜਕਾਂ ਉਪਰ ਚੱਲਦਿਆਂ ਕੇਸਾਂ ਅਤੇ ਪਗੜੀ-ਧਾਰੀ ਵੇਖਿਆ ਪਕੜ, ਘਰਾਂ-ਦੁਕਾਨਾਂ, ਬਸਾਂ, ਗੱਡੀਆਂ ਵਿਚੋਂ ਖਿੱਚ ਬਾਹਰ ਕੱਢ, ਗੱਲ ਵਿੱਚ ਟਾਇਰ ਪਾ, ਪੈਟਰੋਲ ਆਦਿ ਜਲਣਸ਼ੀਲ ਪਦਾਰਥ ਛਿੜਕ ਅੱਗ ਲਾ ਦਿੱਤੀ ਜਾਂਦੀ।

ਜੁਆਬ ਦੀ ਤਲਾਸ਼ ਵਿੱਚ ਸੁਆਲ : ਜਿਸ ਤਰ੍ਹਾਂ ਸਮੁੱਚੇ ਦੇਸ਼ ਵਿਚ ਸਿੱਖਾਂ ਦੇ ਕਤਲੇਆਮ ਲਈ ਇਕੋ-ਜਿਹੀ ਤਕਨੀਕ ਅਪਨਾਈ ਗਈ। ਜਿਵੇਂ ਕਿ ਇਕ ਪਾਸੇ ਸਿੱਖਾਂ ਦੇ ਗੱਲ ਵਿਚ ਟਾਇਰ ਪਾ, ਜਲਣਸ਼ੀਲ ਪਦਾਰਥ, ਪੈਟਰੋਲ ਆਦਿ ਛਿੜਕ ਉਨ੍ਹਾਂ ਨੂੰ ਸਾੜਿਆ ਜਾਂਦਾ ਰਿਹਾ ਤੇ ਦੂਜੇ ਪਾਸੇ ਛੋਟੇ-ਵੱਡੇ ਬਾਜ਼ਾਰਾਂ ਵਿਚ ਹਿੰਸਕ ਭੀੜ 'ਪਹਿਲਾਂ ਤੋਂ ਹੀ ਤਿਆਰ ਸੂਚੀਆਂ' ਲੈ, ਸਿੱਖਾਂ ਦੇ ਘਰਾਂ, ਦੁਕਾਨਾਂ, ਫੈਕਟਰੀਆਂ ਆਦਿ ਨੂੰ ਲੁੱਟਦੀ ਅਤੇ ਸਾੜਦੀ ਰਹੀ, ਦੇਸ਼ ਦੇ ਨਾਗਰਿਕਾਂ ਦੇ ਜਾਨ-ਮਾਲ ਦੀ ਰੱਖਿਅਕ, ਦੇਸ਼ ਦੀ ਪੁਲਿਸ ਤਮਾਸ਼ਬੀਨ ਬਣੀ, ਸਾਰੇ ਲੁੱਟਮਾਰ ਤੇ ਕਤਲੇ-ਆਮ ਦੇ ਕਾਂਡ ਨੂੰ ਜਾਂ ਤਾਂ ਵੇਖਦੀ ਜਾਂ ਫਸਾਦੀਆਂ ਦੀ ਮਦਦ ਕਰਦੀ ਰਹੀ, ਉਸ ਤੋਂ ਇਹ ਸੁਆਲ ਉਠਣਾ ਸੁਭਾਵਕ ਹੈ ਕਿ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਤੁਰੰਤ ਹੀ, ਇਕੋ ਸਮੇਂ ਸਮੁੱਚੇ ਦੇਸ਼ ਵਿਚ ਕਿਵੇਂ ਸਿੱਖਾਂ ਨੂੰ ਮਾਰਨ ਤੇ ਉਨ੍ਹਾਂ ਦੀਆਂ ਜਾਇਦਾਦਾਂ ਲੁੱਟਣ ਤੇ ਸਾੜਨ ਲਈ, ਹਿੰਸਕ ਭੀੜ ਨੂੰ, ਇਹ ਸਭ ਕੁਝ, ਪੈਟਰੋਲ ਤੇ ਦੂਜੇ ਜਲਣਸ਼ੀਲ ਪਦਾਰਥ, ਟਾਇਰ ਤੇ ਸਿੱਖਾਂ ਦੇ ਘਰਾਂ, ਦੁਕਾਨਾਂ, ਫੈਕਟਰੀਆਂ ਆਦਿ ਦੀਆਂ ਸੂਚੀਆਂ ਉਪਲਬਧ ਕਰਵਾ ਦਿੱਤੀਆਂ ਗਈਆਂ? ਕਿਤੇ ਅਜਿਹਾ ਘਲੂਘਾਰਾ 'ਕਿਸੇ ਵਿਸ਼ੇਸ਼' ਸਮੇਂ 'ਤੇ ਵਰਤਾਣ ਲਈ ਪਹਿਲਾਂ ਤੋਂ ਹੀ ਕੀਤੀ ਗਈ ਹੋਈ ਤਿਆਰੀ ਤਾਂ ਨਹੀਂ ਸੀ? ਇਹ ਤਾਂ ਨਹੀਂ ਕਿ ਕੁਝ ਦਿਨਾਂ ਬਾਅਦ ਹੀ ਆ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਦੇਸ਼ ਭਰ ਵਿੱਚ ਵੱਖ-ਵੱਖ ਥਾਂਵਾਂ 'ਤੇ ਹੋਣ ਵਾਲੇ ਭਰਵੇਂ ਇਕੱਠਾਂ ਵਿਚ ਇਕ ਭਿਆਨਕ ਸਾਕਾ ਵਰਤਾਣ ਲਈ ਇਹ ਤਿਆਰੀ ਕੀਤੀ ਗਈ ਹੋਈ ਸੀ? ਜਿਸ ਨੂੰ ਇੰਦਰਾ ਗਾਂਧੀ ਦੀ ਅਚਾਨਕ ਹੱਤਿਆ ਹੋ ਜਾਣ ਕਾਰਨ ਸਮੇਂ ਤੋਂ ਪਹਿਲਾਂ ਹੀ ਵਰਤਾਣਾ ਪੈ ਗਿਆ?

ਗੁਰਦੁਆਰਾ ਸੁਧਾਰ ਲਹਿਰ : ਦਿੱਲੀ ਦੇ ਇੱਕ ਸੀਨੀਅਰ ਅਕਾਲੀ ਆਗੂ, ਭੂਪਿੰਦਰ ਸਿੰਘ ਸਾਧੂ, ਜੋ ਇਸ ਸਮੇਂ ਕਾਰੋਬਾਰੀ ਉਦੇਸ਼ਾਂ ਲਈ ਵਿਦੇਸ਼ ਵਿੱਚ ਹਨ, ਨੇ 'ਨਨਕਾਣਾ ਸਾਹਿਬ ਸਾਕੇ' ਦੀ ਸਾਲਾਨਾ ਯਾਦ ਦੇ ਮੌਕੇ 'ਤੇ ਜਾਰੀ ਆਪਣੇ ਸੰਦੇਸ਼ ਵਿੱਚ ਕਿਹਾ ਕਿ ਕੋਈ ਸਮਾਂ ਸੀ, ਜਦੋਂ ਸਿੱਖ ਆਪਣੇ ਗੁਰਧਾਮਾਂ ਉਪਰ ਰਾਜਸੀ ਪਰਛਾਵਾਂ ਤੱਕ ਪੈਣਾ ਵੀ ਸਹਿਣ ਨਹੀਂ ਸੀ ਕਰ ਸਕਦੇ। ਕਾਰਨ ਇਹ ਸੀ ਕਿ ਜਿਥੇ ਦੂਸਰੇ ਧਰਮਾਂ ਨਾਲ ਸੰਬੰਧਤ ਸੰਸਥਾਵਾਂ ਕੇਵਲ ਇੱਕੋ ਧਰਮ ਵਿਸ਼ੇਸ਼ ਦੀਆਂ ਹੀ ਮੰਨੀਆਂ ਜਾਂਦੀਆਂ ਹਨ, ਉਥੇ ਸਿੱਖਾਂ ਦੀਆਂ ਧਾਰਮਕ ਸੰਸਥਾਵਾਂ ਗੁਰੂ ਸਹਿਬਾਨ ਦੀਆਂ ਸਿੱਖਿਆਵਾਂ ਤੇ ਉਪਦੇਸ਼ਾਂ ਅਨੁਸਾਰ ਸਰਬ-ਸਾਂਝੀਆਂ ਸਵੀਕਾਰੀਆਂ ਜਾਂਦੀਆਂ ਹਨ। ਜਿਸ ਕਾਰਨ ਸਿੱਖਾਂ ਨੇ ਕਦੀ ਵੀ ਨਹੀਂ ਚਾਹਿਆ ਕਿ ਅਜਿਹੇ ਲੋਕੀ ਗੁਰਧਾਮਾਂ ਦੇ ਪ੍ਰਬੰਧ ਉਪਰ ਹਾਵੀ ਹੋ ਜਾਣ, ਜੋ ਨਿੱਜ ਸੁਆਰਥ ਅਧੀਨ ਸਿੱਖੀ ਦੀਆਂ ਸਥਾਪਤ ਮਾਨਤਾਵਾਂ ਦਾ ਹੀ ਘਾਣ ਕਰਨ 'ਤੇ ਤੁਲ ਜਾਣ।

ਸਾਧੂ ਨੇ ਹੋਰ ਕਿਹਾ ਕਿ ਜਦੋਂ ਕਦੀ ਸਿੱਖਾਂ ਦੇ ਵੇਖਣ-ਸੁਣਨ ਵਿੱਚ ਆਉਂਦਾ ਕਿ ਉਨ੍ਹਾਂ ਦੀਆਂ ਧਾਰਮਕ ਸੰਸਥਾਵਾਂ, ਗੁਰਦੁਆਰਿਆਂ ਦੀ ਪਵਿੱਤਰਤਾ ਅਤੇ ਮਾਣ-ਮਰਿਆਦਾ ਕਾਇਮ ਰੱਖਣ ਦੇ ਜ਼ਿੰਮੇਵਾਰਾਂ ਨੇ ਰਾਜਨੈਤਿਕ ਸਰਪ੍ਰਸਤੀ ਪ੍ਰਾਪਤ ਕਰ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਦੀ ਬਜਾਏ, ਗੁਰ-ਅਸਥਾਨਾਂ ਦੀ ਨਿੱਜ ਹਿਤਾਂ ਲਈ ਵਰਤੋਂ ਕਰਨੀ ਸ਼ੁਰੂ ਕਰ, ਉਨ੍ਹਾਂ ਦੀ ਪਵਿੱਤਰਤਾ ਭੰਗ ਕਰਨ ਦੇ ਨਾਲ ਹੀ ਦੁਰਾਚਾਰ ਵਿੱਚ ਲਿਪਤ ਹੁੰਦੇ ਜਾ ਰਹੇ ਹਨ, ਤਾਂ ਉਨ੍ਹਾਂ ਦੇ ਦਿਲ ਵਿੱਚ ਚੀਸਾਂ ਉਠਣੀਆਂ ਸ਼ੁਰੂ ਹੋ ਜਾਂਦੀਆਂ।

ਉਨ੍ਹਾਂ ਕਿਹਾ ਕਿ ਪਰ ਹੁਣ ਬੀਤੇ ਕੁਝ ਵਰ੍ਹਿਆਂ ਤੋਂ ਇਉਂ ਜਾਪਣ ਲਗਾ ਹੈ ਕਿ ਸਰਵਉੱਚ ਸਵੀਕਾਰੀਆਂ ਜਾਂਦੀਆਂ ਧਾਰਮਕ ਸੰਸਥਾਵਾਂ ਵਿਵਾਦਾਂ ਦੇ ਘੇਰੇ ਵਿੱਚ ਆਉਣ ਲੱਗ ਪਈਆਂ ਹਨ। ਜਿਸ ਕਾਰਨ ਉਨ੍ਹਾਂ ਦੀ ਸਰਵਉਚਤਾ ਉਪਰ ਪ੍ਰਸ਼ੰਨ-ਚਿੰਨ੍ਹ ਲਾਏ ਜਾਣ ਲੱਗੇ ਹਨ। ਉਨ੍ਹਾਂ ਅਨੁਸਾਰ ਹੁਣ ਤਾਂ ਇਉਂ ਜਾਪਣ ਲੱਗਾ ਹੈ, ਜਿਵੇਂ ਪੁਰਾਣੇ ਮਹੰਤਾਂ ਦੀ ਥਾਂ ਨਵੇਂ ਮਹੰਤਾਂ ਨੇ ਲੈ ਲਈ ਹੈ, ਜੋ ਉਨ੍ਹਾਂ ਨਾਲੋਂ ਕਿਤੇ ਵੱਧ ਆਚਰਣਹੀਨ ਹਨ। ਪਹਿਲੇ ਮਹੰਤਾਂ ਨੂੰ ਕੇਵਲ ਅੰਗਰੇਜ਼ੀ ਸਾਮਰਾਜ ਦੀ ਸਰਪ੍ਰਸਤੀ ਹਾਸਲ ਸੀ, ਜਿਸ ਕਾਰਨ ਲੋਕ ਉਨ੍ਹਾਂ ਦੇ ਕੁਕਰਮਾਂ ਵਿਰੁੱਧ ਉਠ ਖਲੋਤੇ ਸਨ, ਪਰ ਅਜੋਕੇ ਮਹੰਤਾਂ ਨੂੰ ਤਾਂ ਉਨ੍ਹਾਂ ਲੋਕਾਂ ਦੀ ਵੀ ਸਰਪ੍ਰਸਤੀ ਹਾਸਲ ਹੈ, ਜੋ ਸਿੱਖੀ ਦੇ ਰਖਵਾਲੇ ਹੋਣ ਦੇ ਦਾਅਵੇ ਕਰਦੇ ਰਹਿੰਦੇ ਹਨ।

…ਅਤੇ ਅੰਤ ਵਿੱਚ : ਸਾਧੂ ਦੇ ਉਪਰੋਕਤ ਕਥਨ ਦੀ ਰੋਸ਼ਨੀ ਵਿੱਚ, ਜੇ ਅੱਜ ਦੇ ਹਾਲਾਤ ਦੀ ਬੀਤੇ ਸਮੇਂ ਦੇ ਹਾਲਾਤ ਨਾਲ ਤੁਲਨਾ ਕੀਤੀ ਜਾਏ ਤਾਂ ਕੀ ਇਉਂ ਨਹੀਂ ਜਾਪਦਾ ਕਿ ਜਿਵੇਂ ਇਤਿਹਾਸ ਮੁੜ ਆਪਣੇ-ਆਪ ਨੂੰ ਦੁਹਰਾ ਰਿਹਾ ਹੈ ਅਤੇ ਇਤਿਹਾਸ ਦੇ ਇਸੇ ਦੁਹਰਾਉ ਨੂੰ ਵੇਖਦਿਆਂ, ਇਹ ਸੁਆਲ ਨਹੀਂ ਉਠਦਾ ਕਿ ਕੀ ਸ਼ਰਧਾਲੂ ਸਿੱਖਾਂ ਲਈ ਨਵੇਂ ਮਹੰਤਾਂ ਤੋਂ ਗੁਰਧਾਮਾਂ ਨੂੰ ਆਜ਼ਾਦ ਕਰਵਾਣ 'ਤੇ ਸਿੱਖੀ ਨੂੰ ਲੱਗ ਰਹੀ ਢਾਹ ਨੂੰ ਠਲ੍ਹ ਪਾਣ ਲਈ, ਗੁਰਦੁਆਰਾ ਸੁਧਾਰ ਅਤੇ ਸਿੰਘ ਸਭਾ ਲਹਿਰ ਵਰਗੀ ਕੋਈ ਨਵੀਂ ਲਹਿਰ ਮੁੜ ਸ਼ੁਰੂ ਕਰਨਾ ਸਮੇਂ ਦੀ ਇਕ ਜ਼ਰੂਰੀ ਮੰਗ ਬਣ ਗਈ ਹੋਈ ਹੈ?


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER