ਵਿਚਾਰ
ਕੇਂਦਰ ਬਨਾਮ ਸਿੱਖ: ਟਰੂਡੋ ਫੇਰੀ ਨੇ ਵਿਖਾਈ ਦੂਰੀ
- ਉਜਾਗਰ ਸਿੰਘ*
ਕੇਂਦਰ ਬਨਾਮ ਸਿੱਖ: ਟਰੂਡੋ ਫੇਰੀ ਨੇ ਵਿਖਾਈ ਦੂਰੀ



ਪੰਜਾਬੀਆਂ ਨੇ ਜਸਟਿਨ ਟਰੂਡੋ, ਉਸ ਦੇ ਪਰਿਵਾਰ ਦੇ ਮੈਂਬਰਾਂ ਅਤੇ ਮੰਤਰੀਆਂ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਯਾਤਰਾ ਸਮੇਂ ਉਨ੍ਹਾਂ ਦਾ ਸਵਾਗਤ ਕਰਕੇ ਪਲਕਾਂ 'ਤੇ ਬਿਠਾਇਆ ਪ੍ਰੰਤੂ ਕੇਂਦਰ ਸਰਕਾਰ ਦੀ ਬੇਰੁਖੀ ਹਮੇਸ਼ਾ ਰੜਕਦੀ ਰਹੇਗੀ। ਪੰਜਾਬ 'ਚ ਉਨ੍ਹਾਂ ਦਾ ਸਵਾਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਜਾਬ ਸਰਕਾਰ ਨੇ ਰੈਡ ਕਾਰਪੈਟ ਵਿਛਾ ਕੇ ਕੀਤਾ। ਕੇਂਦਰ ਸਰਕਾਰ ਵੱਲੋਂ ਟਰੂਡੋ ਨੂੰ ਜਿਤਨਾ ਅਣਗੌਲਿਆ ਕੀਤਾ ਗਿਆ ਸੀ, ਉਸ ਦੀ ਕਸਰ ਪੰਜਾਬੀਆਂ ਵੱਲੋਂ ਖੁੱਲ੍ਹਦਿਲੀ ਨਾਲ ਕੀਤੇ ਗਏ ਸਵਾਗਤ ਨੇ ਪੂਰੀ ਕਰ ਦਿੱਤੀ। ਟਰੂਡੋ ਪਰਿਵਾਰ ਦੀ ਸਾਦਗੀ ਅਤੇ ਸਿੱਖ ਪਰੰਪਰਾਵਾਂ ਦੀ ਜਾਣਕਾਰੀ ਨੇ ਪੰਜਾਬੀਆਂ ਦਾ ਮਨ ਮੋਹ ਲਿਆ। ਜਦੋਂ ਵੀ ਟਰੂਡੋ ਪਰਿਵਾਰ ਦਾ ਕੋਈ ਵੀ ਮੈਂਬਰ ਕੈਨੇਡਾ ਦਾ ਪ੍ਰਧਾਨ ਮੰਤਰੀ ਬਣਿਆ ਹੈ ਤਾਂ ਉਨ੍ਹਾਂ ਹਮੇਸ਼ਾ ਭਾਰਤੀਆਂ, ਪੰਜਾਬੀਆਂ ਅਤੇ ਖਾਸ ਤੌਰ 'ਤੇ ਸਿੱਖਾਂ ਨੂੰ ਪਰਵਾਸ ਵਿਚ ਵਸਣ ਲਈ ਅਨੇਕ ਪ੍ਰਕਾਰ ਦੀਆਂ ਸਹੂਲਤਾਂ ਦੇ ਕੇ ਨਿਵਾਜਿਆ ਹੈ।

ਜਸਟਿਨ ਟਰੂਡੋ ਨੇ ਕਾਮਾਗਾਟਾ ਮਾਰੂ ਜਹਾਜ ਨੂੰ 102 ਸਾਲ ਪਹਿਲਾਂ ਕੈਨੇਡਾ ਵਿਚ ਦਾਖ਼ਲ ਹੋਣ ਨਾ ਦੇਣ ਦੀ ਮੁਆਫੀ ਮੰਗ ਕੇ ਫ਼ਰਾਕ ਦਿਲੀ ਦਾ ਸਬੂਤ ਦਿੱਤਾ ਹੈ। ਹਾਲਾਂਕਿ 1914 ਵਿਚ ਜਦੋਂ ਭਾਰਤੀ ਅਜ਼ਾਦੀ ਸੰਗਰਾਮੀਆਂ ਦਾ ਜਹਾਜ ਜਿਸ ਵਿਚ ਬਹੁਤੇ ਪੰਜਾਬੀ ਸਿੱਖ ਹੀ ਸਨ, ਕੈਨੇਡਾ ਗਿਆ ਸੀ ਤਾਂ ਉਸ ਸਮੇਂ ਕੈਨੇਡਾ ਅਤੇ ਭਾਰਤ ਦੋਵੇਂ ਦੇਸ਼ ਅੰਗਰੇਜ਼ਾਂ ਦੇ ਗੁਲਾਮ ਸਨ। ਅੰਗਰੇਜ਼ਾਂ ਨੇ ਭਾਰਤੀ ਆਜ਼ਾਦੀ ਸੰਗਰਾਮੀਆਂ ਦੇ ਜਹਾਜ ਨੂੰ ਵਾਪਸ ਮੋੜ ਕੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਸੀ ਕਿਉਂਕਿ ਉਹ ਡਰਦੇ ਸਨ ਕਿ ਭਾਰਤੀ ਸੁੰਤਤਰਤਾ ਸੰਗਰਾਮੀਆਂ ਦੀਆਂ ਸਿਆਸੀ ਸਰਗਰਮੀਆਂ ਤੋਂ ਪ੍ਰਭਾਵਤ ਹੋ ਕੇ ਕੈਨੇਡਾ ਦੇ ਲੋਕ ਵੀ ਅੰਗਰੇਜ਼ਾਂ ਵਿਰੁੱਧ ਬਗਾਵਤ ਨਾ ਕਰ ਦੇਣ। ਉਸ ਵਿਚ ਕੈਨੇਡੀਅਨ ਲੋਕਾਂ ਦਾ ਕੋਈ ਕਸੂਰ ਨਹੀਂ ਸੀ। ਜਸਟਿਨ ਟਰੂਡੋ ਨੇ ਫਿਰ ਵੀ ਮੁਆਫੀ ਮੰਗ ਕੇ ਪੰਜਾਬੀਆਂ ਦੇ ਜਖ਼ਮਾਂ ਉਪਰ ਮਲ੍ਹਮ ਲਾ ਕੇ ਉਨ੍ਹਾਂ ਦੇ ਦਿਲ ਜਿੱਤ ਲਏ ਸਨ।

ਪ੍ਰੰਤੂ ਦੁੱਖ ਦੀ ਗੱਲ ਹੈ ਕਿ ਭਾਰਤ ਸਰਕਾਰ ਨੇ ਸੰਸਾਰ ਦੇ ਸ਼ਕਤੀਸ਼ਾਲੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਉਸ ਦੇ ਭਾਰਤ ਦੇ ਦੌਰੇ ਦੌਰਾਨ ਬਣਦਾ ਮਾਨ-ਸਨਮਾਨ ਨਹੀਂ ਦਿੱਤਾ ਬਲਕਿ ਕੈਨੇਡਾ ਦੇ ਮੀਡੀਆ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਦੀ ਸਰਕਾਰ ਨੇ ਜਾਣ-ਬੁਝ ਕੇ ਜਸਟਿਨ ਟਰੂਡੋ ਨੂੰ ਅਣਗੌਲਿਆ ਕੀਤਾ ਹੈ। ਹਾਲਾਂਕਿ ਕੈਨੇਡਾ ਦੀ ਸਰਕਾਰ ਵਿਚ ਚਾਰ ਭਾਰਤੀ ਮੰਤਰੀ ਮੰਡਲ ਵਿਚ ਸ਼ਾਮਲ ਕੀਤੇ ਹਨ ਜਦੋਂ ਕਿ ਭਾਰਤ ਵਿਚ ਮੋਦੀ ਸਰਕਾਰ ਵਿਚ ਸਿਰਫ ਹਰਸਿਮਰਤ ਕੌਰ ਬਾਦਲ ਕੈਬਨਿਟ ਅਤੇ ਹਰਦੀਪ ਸਿੰਘ ਪੁਰੀ ਰਾਜ ਮੰਤਰੀ ਇਕ ਕਿਸਮ ਨਾਲ ਡੇਢ ਮੰਤਰੀ ਹਨ।

ਭਾਰਤ ਮਹਿਸੂਸ ਕਰਦਾ ਹੈ ਕਿ ਕੈਨੇਡਾ ਖਾਲਿਸਤਾਨੀਆਂ ਦੀ ਮਦਦ ਕਰਦਾ ਹੈ ਜੋ ਕਿ ਬਿਲਕੁਲ ਹੀ ਗਲਤ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸਾਫ ਸ਼ਬਦਾਂ ਵਿਚ ਕਿਹਾ ਹੈ ਕਿ ਉਹ ਅਖੰਡ ਭਾਰਤ ਦੇ ਹਮਾਇਤੀ ਹਨ। ਭਾਰਤ ਦੀ ਏਕਤਾ ਅਤੇ ਅਖੰਡਤਾ ਵਿਚ ਵਿਸ਼ਵਾਸ ਰੱਖਦੇ ਹਨ। ਕੈਨੇਡਾ ਦਾ ਕਾਨੂੰਨ ਅਮਨ ਸ਼ਾਂਤੀ ਨਾਲ ਖੁੱਲ੍ਹ ਕੇ ਗੱਲ ਕਰਨ ਦੀ ਇਜਾਜ਼ਤ ਦਿੰਦਾ ਹੈ, ਬਸ਼ਰਤੇ ਕਿ ਸ਼ਾਂਤੀ ਭੰਗ ਨਾ ਹੋਵੇ। ਖਾਲਿਸਤਾਨ ਦਾ ਹੳੂਆ ਖੜ੍ਹਾ ਕੀਤਾ ਹੋਇਆ ਹੈ। ਭਾਰਤ ਦੇ ਸੰਵਿਧਾਨ ਵਿਚ ਵੀ ਬੋਲਣ ਦੀ ਆਜ਼ਾਦੀ ਹੈ। ਸਿਮਰਨਜੀਤ ਸਿੰਘ ਮਾਨ ਹਮੇਸ਼ਾ ਖਾਲਿਸਤਾਨ ਦੇ ਨਾਅਰੇ ਲਾਉਂਦੇ ਰਹਿੰਦੇ ਹਨ। ਕਿਤਨੇ ਹੀ ਉਸ ਉਪਰ ਦੇਸ਼ਧ੍ਰੋਹੀ ਦੇ ਕੇਸ ਦਰਜ ਹੋਏ ਹਨ, ਪ੍ਰੰਤੂ ਕਚਹਿਰੀ ਵਿਚ ਹਰ ਕੇਸ ਵਿਚੋਂ ਬਰੀ ਹੋ ਜਾਂਦਾ ਹੈ ਕਿਉਂਕਿ ਭਾਰਤ ਦਾ ਸੰਵਿਧਾਨ ਵੀ ਬੋਲਣ ਦੀ ਆਜ਼ਾਦੀ ਦਿੰਦਾ ਹੈ। ਜੇ ਕੈਨੇਡਾ ਵਿਚ ਕੋਈ ਸੰਸਥਾ ਅਜਿਹੀ ਮੰਗ ਕਰਦੀ ਹੈ ਤਾਂ ਇਸ ਦਾ ਭਾਵ ਇਹ ਨਹੀਂ ਕਿ ਕੈਨੇਡਾ ਸਰਕਾਰ ਦੀ ਸਹਿਮਤੀ ਉਸ ਦੇ ਨਾਲ ਹੈ। ਕੈਨੇਡਾ ਦੇ ਲੋਕ ਤਾਂ ਸਿਰਫ 1984 ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਗੱਲ ਕਰਦੇ ਹਨ। ਉਹ ਖਾਲਿਸਤਾਨ ਦੇ ਹਮਦਰਦ ਨਹੀਂ ਹਨ।

ਪਿਛਲੇ ਸਾਢੇ ਤਿੰਨ ਸਾਲ ਵਿਚ ਨਰਿੰਦਰ ਮੋਦੀ ਨੇ 4 ਛੋਟੇ-ਛੋਟੇ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦਾ ਹਵਾਈ ਅੱਡੇ 'ਤੇ ਜਾ ਕੇ ਸੁਆਗਤ ਕੀਤਾ ਹੈ ਜਿਨ੍ਹਾਂ ਵਿਚ ਪਿਛਲੇ ਸਾਲ ਜਾਪਾਨ ਦੇ ਪ੍ਰਧਾਨ ਮੰਤਰੀ ਸ਼ਿੰਜ਼ੋ ਆਬੇ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, ਅਬੂ ਧਾਬੀ ਦੇ ਪ੍ਰਿੰਸ ਕਰਾੳੂਨ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ 5ਵੇਂ ਵੱਡੇ ਦੇਸ਼ ਅਮਰੀਕਾ ਦੇ ਪ੍ਰਧਾਨ ਮੰਤਰੀ ਬਰਾਕ ਓਬਾਮਾ ਸ਼ਾਮਲ ਹਨ। ਪ੍ਰੰਤੂ ਜਸਟਿਨ ਟਰੂਡੋ ਦਾ ਸੁਆਗਤ ਕਰਨ ਲਈ ਇੱਕ ਜੂਨੀਅਰ ਕੇਂਦਰੀ ਰਾਜ ਖੇਤੀਬਾੜੀ ਮੰਤਰੀ ਗਜੇਂਦਰ ਸੇਖਾਵਤ ਨੂੰ ਭੇਜ ਕੇ ਬਣਦਾ ਸਤਿਕਾਰ ਨਹੀਂ ਕੀਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੰਸਾਰ ਦੇ 57 ਇਸਲਾਮਿਕ ਦੇਸ਼ਾਂ ਦੀ "ਆਰਗੇਨਾਈਜ਼ੇਸ਼ਨ ਆਫ ਇਸਲਾਮਿਕ ਕਾਰਪੋਰੇਸ਼ਨ" ਦੇ 2 ਦੇਸ਼ਾਂ ਸੰਯੁਕਤ ਅਰਬ ਅਮੀਰਾਤ ਅਤੇ ਉਮਾਨ ਦਾ ਫਰਵਰੀ ਵਿਚ ਦੌਰਾ ਕਰਕੇ ਆਏ ਹਨ ਅਤੇ ਤੀਜੇ ਦੇਸ਼ ਇਰਾਨ ਦਾ ਪ੍ਰਧਾਨ ਮੰਤਰੀ ਭਾਰਤ ਆ ਕੇ ਗਿਆ ਹੈ, ਮੋਦੀ ਸਾਹਿਬ ਉਨ੍ਹਾਂ ਨਾਲ ਗਲਵਕੜੀ ਪਾਉਂਦੇ ਹਨ। ਇਹ ਤਿੰਨੋਂ ਦੇਸ਼ ਉਸ ਸੰਸਥਾ ਦੇ ਮੈਂਬਰ ਹਨ, ਜਿਸ ਸੰਸਥਾ ਦੇ ਜਨਰਲ ਸਕੱਤਰ ਯੂਸਫ਼ ਬਿਨ ਅਹਿਮਦ ਉਥਾਈਮਾਨ ਨੇ ਕਸ਼ਮੀਰ ਦੇ ਮਸਲੇ ਉਪਰ ਕਿਹਾ ਹੈ ਕਿ ਉਹ ਕਸ਼ਮੀਰ ਦੀ ਖ਼ੁਦਮੁਖ਼ਤਾਰੀ ਦੇ ਹਮਾਇਤੀ ਹਨ। ਮੋਦੀ ਸਾਹਿਬ ਉਸ ਸੰਸਥਾ ਦੇ ਮੈਂਬਰ ਮੁਲਕਾਂ ਦੇ ਦੌਰੇ ਵੀ ਕਰਦੇ ਹਨ, ਇਥੋਂ ਤੱਕ ਕਿ ਪਾਕਿਸਤਾਨ ਬਿਨ ਬੁਲਾਏ ਪਹੁੰਚ ਗਏ ਸਨ ਜਿਸ ਨੇ ਕਸ਼ਮੀਰ ਵਿਚ ਭਾਰਤ ਦੇ ਹਜ਼ਾਰਾਂ ਫ਼ੌਜੀਆਂ ਨੂੰ ਸ਼ਹੀਦ ਕੀਤਾ ਹੈ। ਪ੍ਰੰਤੂ ਜਸਟਿਨ ਟਰੂਡੋ ਦਾ ਸੁਆਗਤ ਕਰਨ ਲਈ ਨਹੀਂ ਜਾਂਦੇ ਸਗੋਂ ਉਨ੍ਹਾਂ ਨੂੰ ਅਣਗੌਲਿਆਂ ਕੀਤਾ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਦੇ ਦੌਰੇ ਨੂੰ ਆਮ ਆਦਮੀ ਪਾਰਟੀ ਨੇ ਵੀ ਅਣਡਿੱਠ ਕੀਤਾ ਹੈ। ਹੈਰਾਨੀ ਦੀ ਗੱਲ ਹੈ ਕਿ ਲੋਕ ਸਭਾ ਅਤੇ ਦੋ ਵਾਰ ਹੋਈਆਂ ਦਿੱਲੀ ਅਤੇ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਮੌਕੇ ਸਭ ਤੋਂ ਵੱਧ ਆਰਥਿਕ ਅਤੇ ਵੋਟਾਂ ਦੀ ਸਪੋਰਟ ਪਰਵਾਸੀਆਂ ਖਾਸ ਤੌਰ 'ਤੇ ਕੈਨੇਡਾ ਵਸਣ ਵਾਲੇ ਪੰਜਾਬੀਆਂ ਨੇ ਕੀਤੀ ਹੈ। ਪ੍ਰੰਤੂ ਆਮ ਆਦਮੀ ਪਾਰਟੀ ਦੇ ਸੁਪਰੀਮੋ ਮੁੱਖ ਮੰਤਰੀ ਦਿੱਲੀ ਬੈਠੇ ਹਨ, ਨਾ ਉਨ੍ਹਾਂ ਜਸਟਿਨ ਟਰੂਡੋ ਨੂੰ ਮਿਲਣ ਦੀ ਇੱਛਾ ਜਾਹਰ ਕੀਤੀ ਹੈ ਅਤੇ ਨਾ ਹੀ ਕੋਈ ਕੋਸ਼ਿਸ਼ ਕੀਤੀ ਹੈ। ਪੰਜਾਬ ਵਿਚ ਵੀ ਕਿਸੇ ਨੇਤਾ ਨੇ ਅਖ਼ਬਾਰਾਂ ਵਿਚ ਵੀ ਸਵਾਗਤ ਨਹੀਂ ਕੀਤਾ।

ਕੈਨੇਡਾ ਵਿਚ ਪੰਜਾਬੀਆਂ ਦੀ ਜਨਸੰਖਿਆ ਉਥੋਂ ਦੀ ਆਬਾਦੀ ਦਾ 1.4 ਫੀਸਦੀ ਹੈ ਜਦੋਂ ਕਿ ਭਾਰਤ ਵਿਚ 1.9 ਫੀਸਦੀ ਹੈ। ਪਹਿਲੀ ਵਾਰ ਹੈ ਜਦੋਂ ਜਸਟਿਨ ਟਰੂਡੋ ਨੇ ਆਪਣੇ ਮੰਤਰੀ ਮੰਡਲ ਵਿਚ ਚਾਰ ਪੰਜਾਬੀ ਮੰਤਰੀ ਨਵਦੀਪ ਸਿੰਘ ਬੈਂਸ, ਹਰਜੀਤ ਸਿੰਘ ਸੱਜਣ, ਅਮਰਜੀਤ ਸਿੰਘ ਸੋਹੀ ਅਤੇ ਬਰਦੀਸ਼ ਕੌਰ ਚੱਘਰ ਬਣਾਏ ਹਨ ਜਿਨ੍ਹਾਂ ਵਿਚ 2 ਅੰਮ੍ਰਿਤਧਾਰੀ ਸਿੱਖ ਹਨ। ਇੱਕ ਸਿੱਖ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਦੇਸ਼ ਦਾ ਰੱਖਿਆ ਮੰਤਰੀ ਬਣਾ ਕੇ ਪੰਜਾਬੀਆਂ ਅਤੇ ਖਾਸ ਤੌਰ 'ਤੇ ਸਿੱਖਾਂ ਨੂੰ ਮਾਣ ਦਿੱਤਾ ਹੈ। ਪਰਮਿੰਦਰ ਕੌਰ ਸ਼ੇਰਗਿੱਲ ਨੂੰ ਸੁਪਰੀਮ ਕੋਰਟ ਦੀ ਜੱਜ ਬਣਾਇਆ ਹੈ।

ਜਸਟਿਨ ਟਰੂਡੋ ਅੰਮ੍ਰਿਤਧਾਰੀ ਸਿੱਖਾਂ ਦੀਆਂ ਭਾਵਨਾਵਾਂ ਦੀ ਕਦਰ ਕਰਦੇ ਹਨ, ਇਸ ਕਰਕੇ ਉਨ੍ਹਾਂ ਸਿੱਖਾਂ ਨੂੰ ਜਹਾਜਾਂ ਦੀਆਂ ਸਥਾਨਕ ਫਲਾਈਟਾਂ ਵਿਚ ਗਾਤਰਾ ਪਾ ਕੇ ਜਾਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸੇ ਤਰ੍ਹਾਂ ਜੇਕਰ ਕੋਈ ਵਿਅਕਤੀ ਕਿਸੇ ਸਿੱਖ ਦੀ ਪਗੜੀ ਲਾਹੁਣ ਦੀ ਕੋਸ਼ਿਸ਼ ਕਰੇ ਤਾਂ ਉਸ ਨੂੰ ਸਜ਼ਾ ਦੇਣ ਦਾ ਕਾਨੂੰਨ ਬਣਾ ਦਿੱਤਾ ਹੈ। ਉਹ ਸਿੱਖਾਂ ਦਾ ਹਮਦਰਦ ਹੈ। ਪਿੱਛੇ ਜਿਹੇ ਉਹ ਖਾਲਸਾ ਪਰੇਡ ਵਿਚ ਵੀ ਸ਼ਾਮਲ ਹੋਇਆ ਸੀ। ਇਸ ਤੋਂ ਇਲਾਵਾ ਗੁਰਪਰਬਾਂ ਮੌਕੇ ਗੁਰਦੁਆਰਾ ਸਾਹਿਬਾਨ ਵਿਚ ਨਤਮਸਤਕ ਹੋਣ ਲਈ ਜਾਂਦਾ ਹੈ ਅਤੇ ਨਗਰ ਕੀਰਤਨਾਂ ਵਿਚ ਵੀ ਸ਼ਾਮਲ ਹੁੰਦਾ ਹੈ। ਇਸ ਸਾਲ ਤਾਂ ਸੰਸਦ ਵਿਚ ਵੀ ਅਖੰਡ ਪਾਠ ਕਰਵਾਇਆ ਗਿਆ ਹੈ। ਉਹ ਫ਼ਰਾਕ ਦਿਲ ਅਤੇ ਬਹੁਪੱਖੀ ਸ਼ਖ਼ਸੀਅਤ ਦਾ ਮਾਲਕ ਹੈ। ਉਸ ਦੇ ਪਿਤਾ ਏਲੀਅਟ ਟਰੂਡੋ ਜਦੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਸਨ ਤਾਂ ਉਸ ਨੇ ਵੀ ਇਮੀਗਰੇਸ਼ਨ ਨਿਯਮਾਂ ਵਿਚ ਢਿਲ ਦੇ ਕੇ ਸ਼ਹਿਰੀਆਂ ਦੇ ਮਾਪਿਆਂ ਨੂੰ ਪੱਕੇ ਕਰਨ ਦੀ ਸਹੂਲਤ ਦਿੱਤੀ ਸੀ। ਇਸ ਪ੍ਰਕਾਰ ਹੀ ਮਾਪਿਆਂ ਨਾਲ ਆਉਣ ਲਈ ਆਸ਼ਰਤ ਬੱਚਿਆਂ ਦੀ ਉਮਰ ਵੀ 18 ਸਾਲ ਤੋਂ ਵਧਾ ਕੇ 21 ਸਾਲ ਕਰ ਦਿੱਤੀ ਸੀ। ਕਹਿਣ ਤੋਂ ਭਾਵ ਟਰੂਡੋ ਪਰਿਵਾਰ ਪੰਜਾਬੀਆਂ ਅਤੇ ਵਿਸ਼ੇਸ਼ ਤੌਰ 'ਤੇ ਸਿੱਖਾਂ ਦਾ ਹਮਦਰਦ ਹੈ। ਪੰਜਾਬੀਆਂ ਅਤੇ ਸਿੱਖਾਂ ਨੇ ਪੰਜਾਬੀ ਮੂਲ ਦੇ 18 ਪਾਰਲੀਮੈਂਟ ਮੈਂਬਰ ਚੁਣ ਕੇ ਕੈਨੇਡਾ ਦੀ ਸੰਸਦ ਵਿਚ ਭੇਜੇ ਹਨ। ਇਨ੍ਹਾਂ ਵਿਚ ਚਾਰ ਮੰਤਰੀ ਹਨ।

ਜਸਟਿਨ ਟਰੂਡੋ ਦੇ ਗੁਰੂ ਕੀ ਨਗਰੀ ਅੰਮ੍ਰਿਤਸਰ ਸਾਹਿਬ ਨਤਮਸਤਕ ਹੋਣ ਅਤੇ ਪੰਜਾਬ ਦੇ ਮੁੱਖ ਮੰਤਰੀ ਨਾਲ ਮੀਟਿੰਗ ਕਰਨ ਨਾਲ ਪੰਜਾਬ ਅਤੇ ਕੈਨੇਡਾ ਦੇ ਸੰਬੰਧਾਂ ਵਿਚ ਨਵਾਂ ਮੋੜ ਆਇਆ ਹੈ, ਜਿਸ ਨੇ ਕੁੜੱਤਣ ਦੂਰ ਕਰ ਦਿੱਤੀ ਹੈ ਅਤੇ ਅੱਗੇ ਨੂੰ ਕਈ ਖੇਤਰਾਂ ਵਿਚ ਆਦਾਨ ਪ੍ਰਦਾਨ ਦਾ ਰਾਹ ਖੋਲ੍ਹ ਦਿੱਤਾ ਹੈ। ਜਸਟਿਨ ਟਰੂਡੋ ਦਾ ਪਰਿਵਾਰ ਸਮੇਤ ਦੇ ਅੰਮ੍ਰਿਤਸਰ ਆਉਣ 'ਤੇ ਪੰਜਾਬੀਆਂ ਨੇ ਅੱਖਾਂ ਵਿਛਾ ਕੇ ਤਹਿ ਦਿਲੋਂ ਸਵਾਗਤ ਕੀਤਾ ਹੈ। ਅੰਮ੍ਰਿਤਸਰ ਸ਼ਹਿਰ ਵਿਸ਼ੇਸ਼ ਤੌਰ 'ਤੇ 13 ਕਿਲੋਮੀਟਰ ਉਹ ਰੂਟ ਜਿਥੋਂ ਜਸਟਿਨ ਟਰੂਡੋ ਨੇ ਲੰਘਣਾ ਸੀ ਦੁਲਹਨ ਦੀ ਤਰ੍ਹਾਂ ਸਜਾਇਆ ਹੋਇਆ ਸੀ। ਟਰੂਡੋ ਦੇ ਸਵਾਗਤ ਵਾਲੇ ਬੈਨਰ ਸਾਰੇ ਸ਼ਹਿਰ ਵਿਚ ਲਗਾਏ ਗਏ ਸਨ। ਰਾਮਦਾਸ ਅੰਤਰਾਸ਼ਟਰੀ ਏਅਰਪੋਰਟ ਉਪਰ ਕੇਂਦਰੀ ਰਾਜ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਪੰਜਾਬ ਦੇ ਸਥਾਨਕ ਸਰਕਾਰਾਂ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਫੁੱਲਾਂ ਦੇ ਗੁਲਦਸਤਿਆਂ ਨਾਲ ਸਵਾਗਤ ਕੀਤਾ।

ਜਦੋਂ ਜਸਟਿਨ ਟਰੂਡੋ ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਉਨ੍ਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ। ਜਸਟਿਨ ਟਰੂਡੋ, ਉਨ੍ਹਾਂ ਦੀ ਪਤਨੀ ਅਤੇ ਤਿੰਨੋਂ ਬੱਚਿਆਂ ਨੇ ਪੰਜਾਬੀ ਡਰੈਸ ਪਹਿਨੀ ਹੋਈ ਸੀ। ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਸੋਨੇ ਦੀ ਝਾਲ ਵਾਲਾ ਮਾਡਲ ਅਤੇ ਸਿਰੀ ਸਾਹਿਬ ਭੇਂਟ ਕੀਤਾ ਗਿਆ। ਜਸਟਿਨ ਟਰੂਡੋ ਅਤੇ ਉਨ੍ਹਾਂ ਦਾ ਪਰਿਵਾਰ ਸ੍ਰੀ ਹਰਿਮੰਦਰ ਸਾਹਿਬ ਵਿਚ ਨਤਮਸਤਕ ਹੋਏ। ਇਸ ਤੋਂ ਪਹਿਲਾਂ ਲੰਗਰ ਵਿਚ ਫੁਲਕੇ ਬਣਾਉਣ ਦੀ ਸੇਵਾ ਵੀ ਕੀਤੀ।

ਜਦੋਂ ਜਸਟਿਨ ਟਰੂਡੋ ਅਤੇ ਉਨ੍ਹਾਂ ਦਾ ਪਰਿਵਾਰ ਹਰਿਮੰਦਰ ਸਾਹਿਬ ਵਿਚ ਦਾਖਲ ਹੋਇਆ ਤਾਂ ਅਸਮਾਨ ਬੋਲੇ ਸੌ ਨਿਹਾਲ ਨਾਲ ਗੂੰਜ ਉਠਿਆ। ਉਨ੍ਹਾਂ ਸੰਗਤ ਨਾਲ ਹੱਥ ਵੀ ਮਿਲਾਏ ਅਤੇ ਸੰਗਤ ਵਿਚ ਜਾ ਕੇ ਸਤਿ ਸ੍ਰੀ ਅਕਾਲ ਬੁਲਾਈ। ਜਸਟਿਨ ਟਰੂਡੋ ਦੇ ਕਹਿਣ ਅਨੁਸਾਰ ਆਮ ਸੰਗਤ ਨੂੰ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਤੋਂ ਰੋਕਿਆ ਨਹੀਂ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਸਟਿਨ ਟਰੂਡੋ ਨਾਲ ਆਪਸੀ ਮਾਮਲਿਆਂ ਬਾਰੇ 40 ਮਿੰਟ ਗੱਲਬਾਤ ਕੀਤੀ ਹੈ। ਇਸ ਮੌਕੇ ਜਸਟਿਨ ਟਰੂਡੋ ਨਾਲ ਕੈਨੇਡਾ ਦੇ ਡੀਫੈਂਸ ਮੰਤਰੀ ਹਰਜੀਤ ਸਿੰਘ ਸੱਜਣ ਵੀ ਮੀਟਿੰਗ ਵਿਚ ਸ਼ਾਮਲ ਹੋਏ। ਗੱਲਬਾਤ ਬਹੁਤ ਹੀ ਸਾਜਗਾਰ ਮਾਹੌਲ ਵਿਚ ਹੋਈ। ਪੰਜਾਬ ਸਰਕਾਰ ਨੇ ਵੀ ਜਸਟਿਨ ਟਰੂਡੋ ਅਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਸਨਮਾਨਿਤ ਕੀਤਾ।

ਕੈਨੇਡਾ ਨਾਲ ਜਿਹੜੇ ਸੰਬੰਧਾਂ ਵਿਚ ਮੁੱਖ ਮੰਤਰੀ ਵੱਲੋਂ ਹਰਜੀਤ ਸਿੰਘ ਸੱਜਣ ਨੂੰ ਪਿਛਲੇ ਸਾਲ ਤੋਂ ਜਵਾਬ ਦੇਣ ਨਾਲ ਕੁੜੱਤਣ ਪੈਦਾ ਹੋਈ ਸੀ, ਉਹ ਹੁਣ ਖ਼ਤਮ ਹੋ ਗਈ ਲਗਦੀ ਸੀ ਕਿਉਂਕਿ ਜਸਟਿਨ ਟਰੂਡੋ ਦੇ ਪ੍ਰੋਗਰਾਮ ਵਿਚ ਮੁੱਖ ਮੰਤਰੀ ਨੂੰ ਮਿਲਣ ਦਾ ਪ੍ਰੋਗਰਾਮ ਸ਼ਾਮਲ ਨਹੀਂ ਸੀ। ਪ੍ਰੰਤੂ ਕਿਹਾ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਇੱਛਾ ਦੇ ਟਵੀਟ ਕਰਨ ਤੋਂ ਬਾਅਦ ਹਰਜੀਤ ਸਿੰਘ ਸੱਜਣ ਨੇ ਇਹ ਮੀਟਿੰਗ ਫਿਕਸ ਕਰਵਾਈ ਸੀ। ਪੰਜਾਬੀ ਬਾਗੋ-ਬਾਗ ਹੋ ਗਏ ਹਨ। ਪੰਜਾਬੀਆਂ ਲਈ ਟਰੂਡੋ ਪਰਿਵਾਰ ਦੀ ਇਹ ਯਾਤਰਾ ਪੰਜਾਬ ਅਤੇ ਕੈਨੇਡਾ ਦੇ ਸੰਬੰਧ ਮਜ਼ਬੂਤ ਕਰਨ ਵਿਚ ਸਹਾਈ ਹੋਵੇਗੀ।

(*ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ)






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER