ਵਿਚਾਰ
ਪੰਜਾਬੀਏ ਜ਼ੁਬਾਨੇ ਤੇਰਾ ਕੌਣ ਬੇਲੀ?
- ਪ੍ਰੋ. ਰਜਿੰਦਰ ਪਾਲ ਸਿੰਘ ਬਰਾੜ
ਪੰਜਾਬੀਏ ਜ਼ੁਬਾਨੇ ਤੇਰਾ ਕੌਣ ਬੇਲੀ?ਜੇ ਸੜਕਾਂ ਦੇ ਮੀਲ ਪੱਥਰ ਜਾਂ ਦਿਸ਼ਾ ਦੱਸਣ ਵਾਲੇ ਸਾਈਨ ਬੋਰਡ ਉੱਪਰ ਅੰਗਰੇਜ਼ੀ-ਹਿੰਦੀ ਪਹਿਲਾਂ ਅਤੇ ਪੰਜਾਬੀ ਤੀਜੇ ਸਥਾਨ ਉੱਪਰ ਲਿਖੀ ਜਾਵੇ ਜਾਂ ਨਾ ਵੀ ਲਿਖੀ ਜਾਵੇ ਤਾਂ ਕੀ ਫਰਕ ਪੈਂਦਾ ਹੈ? ਜੇ ਪੰਜਾਬ ਦਾ ਮੁੱਖ ਮੰਤਰੀ ਅੰਗਰੇਜ਼ੀ ਵਿੱਚ ਤੇ ਕੋਈ ਸਿੱਖਿਆ ਮੰਤਰੀ ਕਦੇ ਸੰਸਕ੍ਰਿਤ ਵਿੱਚ ਤੇ ਕਦੇ ਹਿੰਦੀ ਵਿੱਚ ਸਹੁੰ ਚੁੱਕ ਲਵੇ ਤਾਂ ਕਿਹੜਾ ਕੋਠਾ ਢਹਿਣ ਲੱਗਿਆ ਹੈ। ਕੋਈ ਪਰਲੋ ਨਹੀਂ ਆਉਣ ਲੱਗੀ ਹੈ।

ਹੋਰ ਤਾਂ ਹੋਰ ਜੇ ਹਿੰਦੀ ਜਾਂ ਕੋਈ ਹੋਰ ਵਿਸ਼ੇ ਵਾਲਾ ਅਧਿਆਪਕ ਪੰਜਾਬੀ ਪੜ੍ਹਾ ਦੇਵੇ ਤਾਂ ਕੀ ਅਨਰਥ ਹੋਣ ਲੱਗਿਆ ਹੈ। ਜੇ ਪੰਜਾਬ ਦੇ ਕਾਲਜਾਂ-ਯੂਨੀਵਰਸਿਟੀਆਂ ਵਿੱਚ ਵਿਦਿਆਰਥੀ ਲਾਜ਼ਮੀ ਪੰਜਾਬੀ ਦੀ ਥਾਂ 'ਤੇ ਇਤਿਹਾਸ ਅਤੇ ਸੱਭਿਆਚਾਰ ਪੜ੍ਹ ਲੈਣਗੇ ਤਾਂ ਕੁਝ ਵੀ ਨਹੀਂ ਹੋਣ ਲੱਗਿਆ। ਜੇ ਬਹੁਤ ਸਾਰੇ ਨਿੱਜੀ ਅੰਗਰੇਜ਼ੀ ਮਾਧਿਅਮ ਸਕੂਲਾਂ ਵਿਚ ਪੰਜਾਬੀ ਬੋਲਣ 'ਤੇ ਜੁਰਮਾਨਾ ਹੁੰਦਾ ਹੈ ਤਾਂ ਕੀ ਹੋਇਆ ਕਿਉਂਕਿ ਪੰਜਾਬ ਅੰਦਰ ਪਹਿਲਾਂ ਹੀ ਸਰਕਾਰਾਂ ਨੇ ਸਿੱਖਿਆ ਪ੍ਰਣਾਲੀ ਅਤੇ ਰੁਜ਼ਗਾਰ ਨੀਤੀਆਂ ਇਉਂ ਵਿਉਂਤ ਦਿੱਤੀਆਂ ਹਨ ਕਿ ਪੰਜਾਬੀ ਮਾਧਿਅਮ ਸਕੂਲਾਂ ਦੇ ਹੁੰਦਿਆਂ ਸੁੰਦਿਆਂ ਮਾਪੇ ਅੰਗਰੇਜ਼ੀ ਮਾਧਿਅਮ ਨੂੰ ਤਰਜੀਹ ਦੇ ਰਹੇ ਹਨ।
----------
ਯੂ.ਐੱਨ.ਓ. ਦੀ ਰਿਪੋਰਟ ਵਿੱਚ ਮਰ ਚੁੱਕੀਆਂ ਭਾਸ਼ਾਵਾਂ ਬਾਰੇ ਜਿਹੜੇ ਲੱਛਣ ਦਰਜ ਹਨ ਜੇ ਉਹ ਪੰਜਾਬੀ ਨਾਲ ਮੇਲ ਖਾ ਜਾਂਦੇ ਹਨ ਤਾਂ ਕੋਈ ਅਚੰਭਾ ਨਹੀਂ ਹੈ।
----------
ਕਚਹਿਰੀਆਂ, ਪੰਜਾਬੀਆਂ ਦੀ ਪੰਜਾਬੀ ਵਿੱਚ ਹੋਈ ਲੜਾਈ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਨਿਆਂ ਸੁਣਾ ਰਹੀਆਂ ਹਨ। ਭਾਵੇਂ ਸਰਕਾਰੀ ਸਕੂਲਾਂ ਦੀ ਸਿੱਖਿਆ ਦਾ ਮਾਧਿਅਮ ਪੰਜਾਬੀ ਹੈ, ਸਰਕਾਰੀ ਦਫ਼ਤਰ ਕਾਗਜ਼ਾਂ ਵਿੱਚ ਪੰਜਾਬੀ ਹੈ ਪਰ ਕਾਗਜ਼ ਸਾਰੇ ਅੰਗਰੇਜ਼ੀ ਵਿੱਚ ਹਨ। ਇੱਥੋਂ ਤੱਕ ਪੰਜਾਬੀ ਭਾਸ਼ਾ ਐਕਟ ਵੀ ਅੰਗਰੇਜ਼ੀ ਵਿੱਚ ਬੋਲਦਾ ਹੈ।

ਅਜਿਹੀ ਸਥਿਤੀ ਵਿੱਚ ਯੂ.ਐੱਨ.ਓ. ਦੀ ਰਿਪੋਰਟ ਵਿੱਚ ਮਰ ਚੁੱਕੀਆਂ ਭਾਸ਼ਾਵਾਂ ਬਾਰੇ ਜਿਹੜੇ ਲੱਛਣ ਦਰਜ ਹਨ ਜੇ ਉਹ ਪੰਜਾਬੀ ਨਾਲ ਮੇਲ ਖਾ ਜਾਂਦੇ ਹਨ ਤਾਂ ਕੋਈ ਅਚੰਭਾ ਨਹੀਂ ਹੈ। ਸਾਲ-ਛਮਾਹੀ ਮਾਤ ਭਾਸ਼ਾ ਦਿਵਸ (ਇੱਕੀ ਫਰਵਰੀ) ਜਾਂ ਨਵੇਂ ਪੰਜਾਬ ਦੇ ਦਿਨ (ਇੱਕ ਨਵੰਬਰ) 'ਤੇ ਕੁਝ ਸਿਰਫਿਰਿਆਂ ਵੱਲੋਂ ਪੰਜਾਬੀ ਬਾਰੇ ਚਰਚਾ (ਕਾਨਫ਼ਰੰਸ) ਕਰ ਲੈਣ ਤੋਂ ਗੱਲ ਅੱਗੇ ਨਹੀਂ ਤੁਰਦੀ।
----------
ਦੁਨੀਆਂ ਭਰ ਦੇ ਬਾਲ ਮਨੋਵਿਗਿਆਨੀ ਅਤੇ ਸਿੱਖਿਆ ਮਾਹਰ ਵਾਰ-ਵਾਰ ਚੇਤਾਵਨੀਆਂ ਦੇ ਰਹੇ ਹਨ ਕਿ ਮੁੱਢਲੀ ਸਿੱਖਿਆ ਹਰ ਹਾਲਤ ਵਿੱਚ ਮਾਤ ਭਾਸ਼ਾ ਵਿੱਚ ਹੋਣੀ ਚਾਹੀਦੀ ਹੈ।
----------
ਇਸ ਸਥਿਤੀ ਵਿੱਚ ਗੱਲਾਂ ਦੁਹਰਾਉਣ ਦਾ ਕੋਈ ਫ਼ਾਇਦਾ ਨਹੀਂ ਜਾਪਦਾ ਕਿ ਦੁਨੀਆਂ ਭਰ ਦੇ ਬਾਲ ਮਨੋਵਿਗਿਆਨੀ ਅਤੇ ਸਿੱਖਿਆ ਮਾਹਰ ਵਾਰ-ਵਾਰ ਚੇਤਾਵਨੀਆਂ ਦੇ ਰਹੇ ਹਨ ਕਿ ਮੁੱਢਲੀ ਸਿੱਖਿਆ ਹਰ ਹਾਲਤ ਵਿੱਚ ਮਾਤ ਭਾਸ਼ਾ ਵਿੱਚ ਹੋਣੀ ਚਾਹੀਦੀ ਹੈ।

ਇਨਸਾਫ਼ ਦਾ ਤਕਾਜ਼ਾ ਹੈ ਕਿ ਸਰਕਾਰ ਦੀਆਂ ਅਦਾਲਤਾਂ ਦੀ ਭਾਸ਼ਾ ਉਹੀ ਹੋਵੇ ਜਿਸ ਨੂੰ ਦੋਵੇਂ ਧਿਰਾਂ ਸਮਝਦੀਆਂ ਹੋਣ ਅਤੇ ਸਰਕਾਰੀ ਦਫ਼ਤਰਾਂ ਵਿੱਚ ਉਹੀ ਭਾਸ਼ਾ ਹੋਣੀ ਚਾਹੀਦੀ ਹੈ ਜਿਹੜੀ ਸਥਾਨਕ ਲੋਕਾਂ ਦੀ ਭਾਸ਼ਾ ਹੋਵੇ। ਸਿੱਖਿਆ, ਅਦਾਲਤਾਂ ਤੇ ਦਫ਼ਤਰਾਂ ਦੀ ਭਾਸ਼ਾ ਪੰਜਾਬੀ ਹੋਣੀ ਚਾਹੀਦੀ ਹੈ। ਇਸ ਦੇ ਉਲਟ ਹੋ ਰਿਹਾ ਹੈ ਕਿ ਬਹੁਤ ਹੀ ਗਰੀਬ ਘਰਾਂ ਦੇ ਦਲਿਤਾਂ-ਦਮਿਤਾਂ ਦੇ ਬੱਚਿਆਂ ਨੂੰ ਛੱਡ ਕੇ, ਸਾਰੇ ਬੱਚਿਆਂ ਦੇ ਮਾਪੇ ਉਨ੍ਹਾਂ ਨੂੰ ਅੰਗਰੇਜ਼ੀ ਸਕੂਲਾਂ ਵਿੱਚ ਭੇਜ ਰਹੇ ਹਨ। ਅਦਾਲਤਾਂ ਵਿੱਚ ਪੰਜਾਬੀ ਨੂੰ ਇਨਸਾਫ ਨਹੀਂ ਮਿਲਿਆ ਅਤੇ ਕੁਝ ਜ਼ਿਲ੍ਹਾ ਪੱਧਰਾਂ ਦੇ ਦਫ਼ਤਰਾਂ ਨੂੰ ਛੱਡ ਕੇ ਬਾਕੀ ਸਭ ਥਾਂ ਅੰਗਰੇਜ਼ੀ ਪ੍ਰਧਾਨ ਬਣੀ ਬੈਠੀ ਹੈ।

ਬਹੁਤ ਸਾਰੇ ਲੋਕ ਇਹ ਸਮਝਦੇ ਹਨ ਕਿ ਪੰਜਾਬੀ ਲਈ ਜਾਂ ਤਾਂ ਪੰਜਾਬੀ ਅਧਿਆਪਕ ਆਵਾਜ਼ ਉਠਾਉਣ ਕਿਉਂਕਿ ਇਸ ਨਾਲ ਉਨ੍ਹਾਂ ਦਾ ਰੁਜ਼ਗਾਰ ਜੁੜਿਆ ਹੋਇਆ ਜਾਂ ਪੰਜਾਬੀ ਲੇਖਕਾਂ ਨੂੰ ਫਿਕਰ ਹੋਵੇ ਕਿਉਂਕਿ ਉਨ੍ਹਾਂ ਨੂੰ ਲਾਲਚ ਹੋਵੇਗਾ ਕਿ ਲੋਕ ਪੰਜਾਬੀ ਪੜ੍ਹਨਗੇ ਤਾਂ ਹੀ ਉਨ੍ਹਾਂ ਦੀਆਂ ਲਿਖਤਾਂ ਵਿਕਣਗੀਆਂ, ਸੋਚ ਲਿਆ ਜਾਂਦਾ ਹੈ ਕਿ ਪੰਜਾਬੀ ਲਈ ਪੰਜਾਬੀ ਦੇ ਅਖ਼ਬਾਰ, ਰਸਾਲੇ ਅਤੇ ਪੁਸਤਕਾਂ ਛਾਪਣ ਵਾਲੇ ਜਿਨ੍ਹਾਂ ਦਾ ਇਸ ਨਾਲ ਵਪਾਰ ਜੁੜਿਆ ਹੋਇਆ ਹੈ, ਫਿਕਰ ਕਰਨ।
----------
ਅੱਜ ਵਿਅਕਤੀ ਦੇ ਜ਼ਿਹਨ ਨੂੰ ਬੇੜੀਆਂ ਕਾਬੂ ਨਹੀਂ ਕਰਦੀਆਂ, ਹਥਿਆਰ ਕਾਬੂ ਨਹੀਂ ਕਰਦੇ ਸਗੋਂ ਇਹ ਭਾਸ਼ਾ ਅਤੇ ਸੱਭਿਆਚਾਰ ਨਾਲ ਕਾਬੂ ਕੀਤਾ ਜਾਂਦਾ ਹੈ।
----------
ਇਨ੍ਹਾਂ ਗੱਲਾਂ ਵਿੱਚ ਕੁਝ ਸਚਾਈ ਹੋ ਸਕਦੀ ਹੈ ਪਰ ਅਸਲ ਵਿੱਚ ਅਜਿਹੀ ਸੋਚ ਇਸ ਧਾਰਨਾ ਵਿੱਚੋਂ ਨਿਕਲਦੀ ਗਈ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਤਾਂ ਹੀ ਬਚਾਉਣਾ ਚਾਹੀਦਾ ਹੈ ਜੇ ਉਸ ਦਾ ਕੋਈ ਤੁਰੰਤ ਆਰਥਿਕ ਫਾਇਦਾ ਹੁੰਦਾ ਹੋਵੇ। ਇਹ ਖਪਤਵਾਦੀ ਸੋਚ ਦੀਆਂ ਗੱਲਾਂ ਹਨ ਜਿਸ ਦਾ ਮਾਨਵ ਦੀਆਂ ਜੁਗਾਂ ਤੋਂ ਪਾਰ ਵੇਖਣ ਵਾਲੀਆਂ ਉੱਚ ਪੱਧਰੀ ਗੱਲਾਂ ਨਾਲ ਕੋਈ ਸਬੰਧ ਨਹੀਂ। ਜਦੋਂ ਗੁਰੂ ਨਾਨਕ ਦੇਵ ਜੀ ਨੇ 'ਖਤ੍ਰੀਆ ਤਾ ਧਰਮ ਛੋਡਿਆ ਮਲੇਛ ਭਾਖਿਆ ਗਹੀ' ਆਖਿਆ ਸੀ ਤਾਂ ਉਨ੍ਹਾਂ ਦਾ ਮੰਤਵ ਕੋਈ ਪੰਜਾਬੀ ਭਾਸ਼ਾ ਬਚਾਉਣਾ ਹੀ ਨਹੀਂ, ਸਗੋਂ ਉਹ ਤਾਂ ਇਹ ਦਰਸਾ ਰਹੇ ਸਨ ਕਿ ਵਿਅਕਤੀ ਧਨ-ਸੱਤਾ ਦੇ ਲਾਲਚ ਵਿੱਚ ਆਪਣੀ ਭਾਸ਼ਾ ਛੱਡ ਬੈਠਦਾ ਹੈ ਤੇ ਖੁਆਰ ਹੁੰਦਾ ਹੈ।

ਜਦੋਂ ਦਾਗ਼ਿਸਤਾਨ ਕਵੀ ਰਸੂਲ ਹਮਜ਼ਾਤੋਵ ਪ੍ਰਸਿੱਧ ਕਥਾ ਸੁਣਾਉਂਦਾ ਹੈ ਕਿ ਜੇ ਪੁੱਤ ਆਪਣੀ ਭਾਸ਼ਾ ਛੱਡ ਗਿਆ ਤਾਂ ਮਾਂ ਸਮਝਦੀ ਹੈ ਕਿ ਸਮਝੋ ਮੇਰੇ ਵੱਲੋਂ ਮਰ ਗਿਆ, ਇਹ ਕੇਵਲ ਮਾਂ ਦਾ ਆਪਣੀ ਬੋਲੀ ਪ੍ਰਤੀ ਪਿਆਰ ਹੀ ਨਹੀਂ ਹੈ ਸਗੋਂ ਇਹ ਇਹ ਸਿੱਧ ਕਰਦਾ ਹੈ ਕਿ ਬੰਦੇ ਦੇ ਜਿਉਂਦੇ ਹੋਣ ਦਾ ਪ੍ਰਮਾਣ ਉਸ ਦਾ ਆਪਣੀ ਭਾਸ਼ਾ ਬੋਲਣਾ ਹੈ।
----------
ਸਾਰੇ ਪੰਜਾਬੀ ਹਤੈਸ਼ੀ ਧਿਰਾਂ ਨੂੰ ਰਲ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ ਇਹ ਕੇਵਲ ਭਾਸ਼ਾ ਦੀ ਗੱਲ ਨਹੀਂ ਸਗੋਂ ਜਮਹੂਰੀਅਤ ਦੀ ਗੱਲ ਹੈ, ਆਜ਼ਾਦੀ ਦਾ ਮਸਲਾ ਹੈ।
----------
ਨੋਬਲ ਇਨਾਮ ਜੇਤੂ ਰਵਿੰਦਰ ਨਾਥ ਟੈਗੋਰ ਨਾ ਕੇਵਲ ਗੀਤਾਂਜਲੀ ਹੀ ਆਪਣੀ ਮਾਤ ਭਾਸ਼ਾ ਵਿੱਚ ਲਿਖਦਾ ਹੈ ਸਗੋਂ ਪੰਜਾਬੀ ਲੇਖਕਾਂ ਨੂੰ ਵੀ ਪੰਜਾਬੀ ਵਿੱਚ ਲਿਖਣ ਲਈ ਉਤਸ਼ਾਹਤ ਕਰਦਾ ਹੈ। ਇਹ ਗੱਲਾਂ ਦਰਸਾਉਂਦੀਆਂ ਹਨ ਕਿ ਭਾਸ਼ਾ ਕੇਵਲ ਰੁਜ਼ਗਾਰ, ਸਰਕਾਰ, ਵਪਾਰ ਅਤੇ ਪਰਿਵਾਰ ਤੋਂ ਅੱਗੇ ਦੀ ਗੱਲ ਹੈ, ਇਹ ਮਨੁੱਖ ਦੇ ਜੀਣ ਥੀਣ ਦੇ ਪਿਆਰ ਦੀ ਗੱਲ ਹੈ। ਵਿਦੇਸ਼ੀ ਭਾਸ਼ਾ ਨੂੰ ਪੜ੍ਹਨਾ ਹੋਰ ਗੱਲ ਹੈ ਉਸ ਵਿੱਚ ਲਿਖ, ਬੋਲ, ਸਮਝ ਸਕਣ ਦੀ ਸਮਰੱਥਾ ਹੋਣੀ ਇੱਕ ਗੁਣ ਹੈ ਪਰ ਆਪਣੀ ਭਾਸ਼ਾ ਛੱਡ ਕੇ ਵਿਦੇਸ਼ੀ ਬੋਲੀ ਨੂੰ ਅਪਣਾ ਲੈਣਾ, ਉਸ ਦਾ ਗੁਲਾਮ ਹੋਣਾ ਹੈ, ਅਸਲ ਵਿਚ ਮਰ ਜਾਣਾ ਹੈ। ਸਾਮਰਾਜ ਕੇਵਲ ਪੈਸੇ ਦਾ ਹੀ ਨਹੀਂ ਸਗੋਂ ਭਾਸ਼ਾ ਤੇ ਸੱਭਿਆਚਾਰ ਦਾ ਵੀ ਹੈ।

ਅੱਜ ਵਿਅਕਤੀ ਦੇ ਜ਼ਿਹਨ ਨੂੰ ਬੇੜੀਆਂ ਕਾਬੂ ਨਹੀਂ ਕਰਦੀਆਂ, ਹਥਿਆਰ ਕਾਬੂ ਨਹੀਂ ਕਰਦੇ ਸਗੋਂ ਇਹ ਭਾਸ਼ਾ ਅਤੇ ਸੱਭਿਆਚਾਰ ਨਾਲ ਕਾਬੂ ਕੀਤਾ ਜਾਂਦਾ ਹੈ। ਅੱਜ ਸਾਰੇ ਹੀ ਤੀਜੀ ਦੁਨੀਆਂ ਦੇ ਘੱਟ ਗਿਣਤੀ ਗਰੀਬ ਲੋਕਾਂ ਦੀ ਭਾਸ਼ਾ ਸੰਕਟ ਵਿੱਚ ਹੈ। ਅਜਿਹੀ ਸਥਿਤੀ ਵਿੱਚ ਪ੍ਰਸ਼ਨ ਉੱਠਦਾ ਕਿ ਕੀ ਕਰਨਾ ਲੋੜੀਏ, ਇਹ ਸਪੱਸ਼ਟ ਹੈ ਕਿ ਇਹ ਨਿਰੰਤਰ ਸੰਘਰਸ਼ ਹੈ ਇਸ ਵਿੱਚ ਹਰ ਪੱਧਰ 'ਤੇ ਲੜਨਾ ਪੈਣਾ ਹੈ। ਸਾਈਨ ਬੋਰਡਾਂ 'ਤੇ ਪੰਜਾਬੀ ਹੇਠਾਂ ਲਿਖਣ ਦਾ ਅਰਥ ਚਿੰਨ੍ਹਾਤਮਕ ਹੈ। ਇਸ ਦਾ ਜਵਾਬ ਅੰਗਰੇਜ਼ੀ ਉੱਪਰ ਹੜਤਾਲ ਫੇਰਨਾ ਹੀ ਸੀ।

ਇਸੇ ਪ੍ਰਕਾਰ ਜਦੋਂ ਅੰਗਰੇਜ਼ੀ-ਹਿੰਦੀ ਵਿੱਚ ਸਹੁੰ ਚੁੱਕਣ ਵਾਲੇ ਲੋਕ, ਵਾਪਸ ਚੋਣਾਂ ਦੌਰਾਨ ਫਿਰ ਪੰਜਾਬੀ ਬੋਲਦੇ ਹਨ ਤਾਂ ਲੋਕਾਂ ਨੂੰ ਪੁੱਛਣ ਦਾ ਹੱਕ ਤਾਂ ਬਣਦਾ ਹੈ ਕਿ ਹੁਣ ਵੀ ਅੰਗਰੇਜ਼ੀ ਹੀ ਬੋਲੋ। ਜਦੋਂ ਪੰਜਾਬੀ ਅਧਿਆਪਕਾਂ ਦੀਆਂ ਪੋਸਟਾਂ ਖਤਮ ਕੀਤੀਆਂ ਜਾ ਰਹੀਆਂ ਹੋਣ, ਪੰਜਾਬੀ ਵਿਸ਼ਾ ਹਟਾਇਆ ਜਾ ਰਿਹਾ ਹੋਵੇ ਤਾਂ ਹਰ ਪੱਧਰ 'ਤੇ ਸੰਘਰਸ਼ ਕਰਨ ਦੀ ਜ਼ਰੂਰਤ ਹੈ। ਇਹ ਸੰਘਰਸ਼ ਬੋਧਿਕ ਪੱਧਰ 'ਤੇ ਲੜਨ ਦੇ ਨਾਲੋਂ ਨਾਲ ਜਨਤਕ ਰੋਸ ਦੇ ਰੂਪ ਵਿੱਚ ਵੀ ਲੜਨਾ ਪੈਣਾ ਹੈ।

ਇਸ ਲਈ ਸਾਰੇ ਪੰਜਾਬੀ ਹਤੈਸ਼ੀ ਧਿਰਾਂ ਨੂੰ ਰਲ ਕੇ ਹੰਭਲਾ ਮਾਰਨ ਦੀ ਜ਼ਰੂਰਤ ਹੈ ਇਹ ਕੇਵਲ ਭਾਸ਼ਾ ਦੀ ਗੱਲ ਨਹੀਂ ਸਗੋਂ ਜਮਹੂਰੀਅਤ ਦੀ ਗੱਲ ਹੈ, ਆਜ਼ਾਦੀ ਦਾ ਮਸਲਾ ਹੈ।

(ਲੇਖਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪੰਜਾਬੀ ਵਿਭਾਗ ਵਿਚ ਪ੍ਰੋਫੈਸਰ ਹਨ)


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER