ਵਿਚਾਰ
ਭਾਰਤ-ਪਾਕ ਸੰਬੰਧਾਂ ਵਿੱਚ ਸੁਧਾਰ ਕਿਉਂ ਨਹੀਂ ਆਉਂਦਾ?
- ਜਸਵੰਤ ਸਿੰਘ 'ਅਜੀਤ'
ਭਾਰਤ-ਪਾਕ ਸੰਬੰਧਾਂ ਵਿੱਚ ਸੁਧਾਰ ਕਿਉਂ ਨਹੀਂ ਆਉਂਦਾ?



ਲਗਭਗ ਇੱਕ ਵਰ੍ਹਾ ਪਹਿਲਾਂ ਦੀ ਗੱਲ ਹੈ ਕਿ ਭਾਰਤੀ ਸੈਨਾ ਨੇ ਪਾਕਿਸਤਾਨ ਵਿਚਲੇ ਅੱਤਵਾਦੀਆਂ ਦੇ ਟਿਕਾਣਆਂ ਨੂੰ ਨੇਸਤੋ-ਨਾਬੂਦ ਕਰਨ ਲਈ ਸਰਜੀਕਲ ਸਟ੍ਰਾਈਕ ਕੀਤੀ ਸੀ ਜਿਸ ਤੋਂ ਬਾਅਦ ਸਰਕਾਰੀ ਤੰਤਰ ਅਤੇ ਮੀਡੀਆ ਨੇ ਬਹੁਤ ਉਛਾਲਿਆ ਤੇ ਦਾਅਵਾ ਕੀਤਾ ਕਿ ਭਾਰਤੀ ਸੈਨਾ ਵਲੋਂ ਕੀਤੀ ਗਈ ਸਰਜੀਕਲ ਸਟ੍ਰਾਈਕ ਰਾਹੀਂ ਜਿਥੇ ਪਾਕਿਸਤਾਨੀ ਕਬਜ਼ੇ ਵਾਲੇ ਕਸ਼ਮੀਰ ਵਿੱਚ ਸਥਿਤ ਅੱਤਵਾਦੀਆਂ ਦੇ ਟਿਕਾਣਿਆਂ ਦਾ ਖੁਰਾ ਖੋਜ ਮਿਟਾ ਦਿੱਤਾ ਗਿਆ ਹੈ, ਉਥੇ ਹੀ ਪਾਕਿਸਤਾਨੀ ਸੈਨਾ ਦਾ ਲਕ ਵੀ ਤੋੜ ਦਿੱਤਾ ਗਿਆ ਹੈ। ਕੁਝ ਹਲਕਿਆਂ ਨੇ ਇਥੋਂ ਤੱਕ ਵੀ ਦਾਅਵਾ ਕੀਤਾ ਕਿ ਭਾਰਤੀ ਸੈਨਾ ਦੀ ਇਸ ਕਾਰਵਾਈ ਤੋਂ ਬਾਅਦ ਪਾਕਿਸਤਾਨ ਨੂੰ ਭਾਰਤ ਉਪਰ ਹਮਲਾ ਕਰਨ ਤੋਂ ਪਹਿਲਾਂ ਸੌ ਵਾਰ ਸੋਚਣਾ ਪਵੇਗਾ। ਪਰ ਹੋਇਆ ਕੀ? ਬਜਾਏ ਇਸ ਦੇ ਕਿ ਸਰਜੀਕਲ ਸਟ੍ਰਾਈਕ ਤੋਂ ਪਾਕਿਸਤਾਨ ਤੇ ਉਸ ਦੀ ਸੈਨਾ ਕੁਝ ਸਬਕ ਸਿਖਦੀ ਉਸ ਵਲੋਂ ਅਤੇ ਉਸ ਦੀ ਸ਼ਹਿ 'ਤੇ ਕੰਟਰੋਲ ਰੇਖਾ ਦੀ ਉਲੰਘਣਾ ਕਰ ਭਾਰਤੀ ਇਲਾਕੇ 'ਤੇ ਲਗਾਤਾਰ ਹਮਲੇ ਕਰਨੇ ਸ਼ੁਰੂ ਕਰ ਦਿੱਤੇ, ਜੋ ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਤੋਂ ਬਾਅਦ ਵੀ ਰੁਕਣ ਦਾ ਨਾਂ ਨਹੀਂ ਲੈ ਰਹੇ। ਹਾਲਾਂਕਿ ਪਿਛਲੇ ਦਿਨੀਂ ਭਾਰਤੀ ਸੈਨਾ ਨੇ ਇੱਕ ਹੋਰ ਸਰਜੀਕਲ ਸਟ੍ਰਾਈਕ ਕਰ ਪਾਕਿਸਤਾਨ ਨੂੰ ਸਬਕ ਸਿਖਾਉਣ ਦੀ ਕੋਸ਼ਿਸ ਕੀਤੀ ਹੈ।

ਅਜਿਹੇ ਹਾਲਤ ਵਿੱਚ ਬੀਤੇ ਲੰਬੇ ਸਮੇਂ ਤੋਂ ਬਾਰ-ਬਾਰ ਇਹ ਸੁਆਲ ਪੁਛਿਆ ਜਾ ਰਿਹਾ ਹੈ ਕਿ ਆਖਿਰ ਭਾਰਤ-ਪਾਕ ਸੰਬੰਧਾਂ ਵਿੱਚ ਸੁਧਾਰ ਕਿਉਂ ਨਹੀਂ ਆਉਂਦਾ?

ਇਹ ਇੱਕ ਅਜਿਹਾ ਸੁਆਲ ਹੈ, ਜੋ ਅੱਜ ਹੀ ਨਹੀਂ, ਸਗੋਂ ਭਾਰਤ-ਪਾਕ ਦੇ ਆਮ ਵਾਸੀਆਂ ਵਲੋਂ ਬੀਤੇ ਕਾਫੀ ਲੰਮੇਂ ਸਮੇਂ ਤੋਂ ਲਗਾਤਾਰ ਪੁੱਛਿਆ ਜਾਂਦਾ ਚਲਿਆ ਆ ਰਿਹਾ ਹੈ। ਇਹ ਸੁਆਲ ਸਿਰਫ ਪੁਛਿਆ ਹੀ ਨਹੀਂ ਜਾਂਦਾ, ਸਗੋਂ ਸਮੇਂ-ਸਮੇਂ ਇਸ ਦਾ ਜੁਆਬ ਲੱਭਣ ਅਤੇ ਆਪਸੀ ਸੰਬੰਧਾਂ ਨੂੰ ਸੁਧਾਰਣ ਦੇ ਜਤਨ ਵੀ ਕੀਤੇ ਜਾਂਦੇ ਰਹਿੰਦੇ ਹਨ। ਇਨ੍ਹਾਂ ਜਤਨਾਂ ਦੌਰਾਨ ਜਦੋਂ ਵੀ ਸੰਬੰਧ ਸੁਧਰਣ ਦੀ ਆਸ ਬਝਦੀ ਹੈ, ਕੋਈ ਨਾ ਕੋਈ ਅਜਿਹੀ ਘਟਨਾ ਵਾਪਰ ਜਾਂਦੀ ਹੈ ਕਿ ਗੱਲ ਫਿਰ ਉਥੇ ਦੀ ਉਥੇ ਹੀ ਵਾਪਸ ਆ ਖੜ੍ਹਦੀ।

ਇਸ ਤੋਂ ਪਹਿਲਾਂ ਵੀ ਜਦੋਂ ਨਵਾਜ਼ ਸ਼ਰੀਫ ਨੇ ਪ੍ਰਧਾਨ ਮੰਤਰੀ ਵਜੋਂ ਪਾਕਿਸਤਾਨ ਦੀ ਹਕੂਮਤ ਸੰਭਾਲੀ ਸੀ, ਉਸ ਸਮੇਂ ਵੀ ਉਸ ਨੇ ਆਪਣੇ ਪਹਿਲੇ ਭਾਸ਼ਣ ਵਿੱਚ ਭਾਰਤ ਨਾਲ ਸੁਖਾਵੇਂ ਸਬੰਧ ਕਾਇਮ ਕਰਨ ਪ੍ਰਤੀ ਵਚਨਬਧੱਤਾ ਪ੍ਰਗਟਾਈ ਸੀ। ਇਧਰ ਉਸ ਨੇ ਇਹ ਵਚਨਬਧੱਤਾ ਪ੍ਰਗਟਾਈ ਤੇ ਉਧਰ ਹੁਣ ਪਾਕਿਸਤਾਨੀ ਫੌਜ ਵਲੋਂ ਕਸ਼ਮੀਰ ਵਿੱਚ ਜੰਗ-ਬੰਦੀ ਸਮਝੋਤੇ ਦੀ ਉਲੰਘਣਾ ਕਰ ਗੋਲਾਬਾਰੀ ਸ਼ੁਰੂ ਕਰ ਦਿੱਤੀ ਗਈ, ਜੋ ਰਹਿ-ਰਹਿ ਕੇ ਲਗਾਤਾਰ ਜਾਰੀ ਰਹੀ। ਉਸੇ ਸਮੇਂ, ਨਵਾਜ਼ ਸ਼ਰੀਫ, ਜਿਸ ਨੇ ਕੁਝ ਹੀ ਸਮਾਂ ਪਹਿਲਾਂ ਭਾਰਤ ਨਾਲ ਸੁਖਾਵੇਂ ਸਬੰਧ ਕਾਇਮ ਕਰਨ ਦੀ ਗੱਲ ਕੀਤੀ ਸੀ, ਨੇ ਕਸ਼ਮੀਰ ਦੇ ਮੁੱਦੇ ਤੇ ਭਾਰਤ ਨੂੰ ਤਬਾਹ-ਕੁੰਨ ਜੰਗ ਹੋਣ ਦੀਆਂ ਧਮਕੀਆਂ  ਦੇਣੀਆਂ ਸ਼ੁਰੂ ਕਰ ਦਿੱਤੀਆਂ।

ਉਸ ਤੋਂ ਕੁਝ ਹੀ ਸਮਾਂ ਪਹਿਲਾਂ ਪਾਕਿਸਤਾਨ ਦੇ ਫੌਜੀ ਮੁੱਖੀ ਨੇ ਵੀ ਭਾਰਤ ਨੂੰ ਪਾਕਿਸਤਾਨ ਦਾ ਸਭ ਤੋਂ ਵੱਡਾ ਦੁਸ਼ਮਣ ਕਰਾਰ ਦਿੰਦਿਆਂ, ਧਮਕੀ ਦੇ ਦਿੱਤੀ, ਕਿ ਭਾਰਤ, ਪਾਕਿਸਤਾਨ ਨੂੰ ਕਮਜ਼ੋਰ ਨਾ ਸਮਝੇ, ਉਸ (ਭਾਰਤ) ਦੇ ਸਾਰੇ ਮਹਤੱਵਪੂਰਣ ਠਿਕਾਣੇ ਪਾਕਿਸਤਾਨੀ ਫੌਜ ਦੇ ਨਿਸ਼ਾਨੇ 'ਤੇ ਹਨ। ਪਾਕਿਸਤਾਨੀ ਫੌਜ ਦੇ ਇਸ ਮੁੱਖੀ ਦੇ ਬਿਆਨ ਤੋਂ ਬਾਅਦ, ਪਾਕਿਸਤਾਨ ਦੇ ਉਸ ਸਮੇਂ ਸਾਬਕਾ ਚਲੇ ਆ ਰਹੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਦਾ ਬਿਆਨ ਆਇਆ, ਕਿ ਜੇ ਪਾਕਿਸਤਾਨ ਨੇ ਅੱਗੇ ਵੱਧਣਾ ਅਤੇ ਤਰੱਕੀ ਕਰਨੀ ਹੈ ਤਾਂ ਉਸ ਨੂੰ ਆਪਣੇ ਗੁਆਂਢੀ, ਭਾਰਤ ਨੂੰ ਸਭ ਤੋਂ ਵੱਡੇ ਦੁਸ਼ਮਣ ਵਜੋਂ ਵੇਖਣਾ ਬੰਦ ਕਰਨਾ ਅਤੇ ਉਸ ਨਾਲ ਆਪਣੇ ਸੰਬੰਧਾਂ ਨੂੰ ਸੁਧਾਰਨ ਦੇ ਜਤਨ ਕਰਨੇ ਚਾਹੀਦੇ ਹਨ। ਪਰ ਜਦੋਂ ਉਹ ਆਪ ਪ੍ਰਧਾਨ ਮੰਤਰੀ ਬਣਿਆ ਤਾਂ ਉਹ ਆਪ ਵੀ ਪਾਕਿਸਤਾਨੀ ਹਾਕਮਾਂ ਅਤੇ ਫੌਜੀ ਮੁਖੀ ਨੂੰ ਦਿੱਤੀ ਗਈ, ਇਸ ਸਲਾਹ ਨੂੰ ਭੁਲਾ, ਭਾਰਤ ਨੂੰ ਜੰਗ ਦੀਆਂ ਧਮਕੀਆਂ ਦੇਣ 'ਤੇ ਤੁਲ ਗਿਆ।

ਇਥੇ ਇਹ ਵਰਨਣਯੋਗ ਹੈ ਕਿ ਉਨ੍ਹਾਂ ਦਿਨਾਂ ਵਿੱਚ ਹੀ ਅਮਰੀਕਾ ਦੇ ਸਾਬਕਾ ਰਾਸ਼ਟਰੀ ਸਲਾਹਕਾਰ ਜੇਮਸ ਜੋਨਸ ਨੇ ਕਿਹਾ ਸੀ ਕਿ ਭਾਰਤ ਨੇ ਕਈ ਵਾਰ ਪਾਕਿਸਤਾਨ ਵਲ ਦੋਸਤੀ ਦਾ ਹੱਥ ਵਧਾਇਆ, ਪਰ ਪਾਕਿਸਤਾਨ ਦੀ ਉਸ ਪ੍ਰਤੀ ਪ੍ਰਤੀਕਿਰਿਆ ਸਦਾ ਹੀ ਨਕਾਰਾਤਮਕ ਰਹੀ। ਉਸ ਸਮੇਂ ਚੀਨ ਦੀ ਸਿਖਰ ਲੀਡਰਸ਼ਿਪ ਨੇ ਵੀ ਪਾਕਿਸਤਾਨ ਦੇ ਹਾਕਮਾਂ ਨੂੰ ਨਸੀਹਤ ਦਿੱਤੀ ਕਿ ਉਹ ਭਾਰਤ ਸਹਿਤ ਆਪਣੇ ਸਾਰੇ ਗੁਆਂਢੀਆਂ ਨਾਲ ਸੰਬੰਧ ਸੁਧਾਰਨ। ਅਮਰੀਕਾ ਦੇ ਉਸ ਸਮੇਂ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀ ਕਿਹਾ, ਕਿ ਉਨ੍ਹਾਂ ਦਾ ਮੰਨਣਾ ਹੈ ਕਿ ਪਾਕਿਸਤਾਨ, ਭਾਰਤ ਪ੍ਰਤੀ ਬਹੁਤ ਹੱਦ ਤੱਕ ਗਲਤ ਜ਼ਿਦ ਪਕੜੀ ਬੈਠਾ ਹੈ। ਪਾਕਿਸਤਾਨ ਨੂੰ ਮਹਿਸੂਸ ਕਰਨਾ ਚਾਹੀਦਾ ਹੈ ਕਿ ਉਸ ਨੂੰ ਸਭ ਤੋਂ ਵੱਡਾ ਖ਼ਤਰਾ ਬਾਹਰੋਂ ਨਹੀਂ, ਸਗੋਂ ਆਪਣੇ 'ਘਰ ਦੇ ਅੰਦਰੋਂ' ਹੀ ਹੈ।

ਇਨ੍ਹਾਂ ਸਾਰੇ ਬਿਆਨਾਂ ਦੀ ਘੋਖ ਕਰਨ ਉਪਰੰਤ ਇਹ ਗੱਲ ਸਪਸ਼ਟ ਰੂਪ ਵਿੱਚ ਸਾਹਮਣੇ ਆ ਜਾਂਦੀ ਹੈ ਕਿ ਪਾਕਿਸਤਾਨ ਦੀ ਸੱਤਾ ਉਪਰ ਆਪਣਾ ਗ਼ਲਬਾ ਕਾਇਮ ਰੱਖਣ ਲਈ ਫੌਜੀ ਮੁਖੀ ਭਾਰਤ ਨੂੰ ਪਾਕਿਸਤਾਨ ਦਾ ਸਭ ਤੋਂ ਵੱਡਾ ਦੁਸ਼ਮਣ ਸਥਾਪਤ ਕਰੀ ਰੱਖਣਾ ਚਾਹੁੰਦੇ ਹਨ, ਜਦਕਿ ਪਾਕਿਸਤਾਨ ਦੇ ਹੁਕਮਰਾਨ ਅਤੇ ਅਵਾਮ ਦੇ ਨਾਲ ਹੀ ਸੰਸਾਰ ਦੇ ਪ੍ਰਮੁੱਖ ਦੇਸ਼ਾਂ ਦੇ ਮੁਖੀ ਸਵੀਕਾਰਦੇ ਹਨ ਕਿ ਭਾਰਤ ਨਾਲ ਸੁਖਾਵੇਂ ਤੇ ਸਦਭਾਵਨਾ-ਪੂਰਣ ਸਬੰਧ ਬਣਾਈ ਰੱਖ ਕੇ ਹੀ ਪਾਕਿਸਤਾਨ ਅੱਗੇ ਵੱਧ ਤੇ ਤਰੱਕੀ ਕਰ ਸਕਦਾ ਹੈ। ਪਰ ਪਾਕਿਸਤਾਨ ਦੇ ਹਾਕਮ ਫੌਜ ਦੇ ਦਬਦਬਾ ਤੋਂ ਇਤਨੇ ਡਰੇ ਅਤੇ ਸਹਿਮੇ ਰਹਿੰਦੇ ਹਨ ਕਿ ਉਹ ਭਾਰਤ ਵਲੋਂ ਬਾਰ-ਬਾਰ ਦੋਸਤੀ ਦਾ ਹੱਥ ਵਧਾਏ ਜਾਣ 'ਤੇ, ਚਾਹੁੰਦੇ ਹੋਏ ਵੀ ਉਸ ਨੂੰ ਥੰਮਣ ਦੀ ਹਿੰਮਤ ਨਹੀਂ ਜੁਟਾ ਪਾਂਦੇ।

ਬੀਤੇ ਅਤੇ ਅੱਜ ਵਿੱਚ ਕੋਈ ਫਰਕ ਨਹੀਂ : ਜੇ ਪਿਛੇ ਵੱਲ ਝਾਤ ਮਾਰੀ ਜਾਏ ਤਾਂ ਇਹ ਗੱਲ ਸਪਸ਼ਟ ਹੋ ਜਾਏਗੀ ਕਿ ਇਹ ਸਥਿਤੀ ਅੱਜ ਦੀ ਨਹੀਂ, ਸਗੋਂ ਬੀਤੇ ਕਈ ਦਹਾਕਿਆਂ ਤੋਂ ਬਣੀ ਚਲੀ ਆ ਰਹੀ ਹੈ। ਸੰਨ-2001 ਦੇ ਮੱਧ ਦੀ ਗੱਲ ਹੈ, ਪਾਕਿਸਤਾਨ ਦੇ ਉਸ ਸਮੇਂ ਦੇ ਫੌਜੀ-ਰਾਸ਼ਟਰਪਤੀ ਜਨਰਲ ਮੁਸ਼ਰਫ ਭਾਰਤ ਦੇ ਉਸ ਸਮੇਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨਾਲ ਵਾਰਤਾ ਕਰਨ ਆ ਰਹੇ ਸਨ। ਇਸ ਵਾਰਤਾ ਨੂੰ ਭਾਰਤ-ਪਾਕ ਸਿਖਰ-ਵਾਰਤਾ ਦਾ ਨਾਂ ਦਿੱਤਾ ਗਿਆ ਸੀ। ਇਸ ਦੇ ਭਵਿੱਖ ਬਾਰੇ ਅਨੁਮਾਨ ਲਾਉਣ ਅਤੇ ਮੁਲਾਕਾਤ ਤੋਂ ਬਾਅਦ ਦੇ ਨਤੀਜਿਆਂ ਬਾਰੇ ਜਾਣਨ ਲਈ, ਇਸ ਪੱਤਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਨਾਲ ਉਤੋ-ੜੁਤੀ ਦੋ ਮੁਲਾਕਾਤਾਂ ਕੀਤੀਆਂ।

ਪਹਿਲੀ ਮੁਲਾਕਾਤ, ਜੋ ਸਿਖਰ-ਵਾਰਤਾ ਦੇ ਸ਼ੁਰੂ ਹੋਣ ਤੋਂ ਪਹਿਲਾਂ ਕੀਤੀ ਗਈ, ਦੌਰਾਨ ਇੰਦਰ ਕੁਮਾਰ ਗੁਜਰਾਲ ਨੇ ਸਿਖਰ-ਵਾਰਤਾ ਦੇ ਸਫਲ ਹੋਣ ਦੀ ਕਾਮਨਾ ਤਾਂ ਕੀਤੀ, ਪਰ ਇਸ ਦੇ ਨਾਲ ਹੀ ਸ਼ੰਕਾ ਪ੍ਰਗਟ ਕਰਦਿਆਂ ਕਿਹਾ ਕਿ ਲਗਭਗ ਦੋ ਵਰ੍ਹੇ ਬਾਅਦ ਸ਼ੁਰੂ ਹੋ ਰਹੀ, ਇਸ ਆਪਸੀ ਵਾਰਤਾ ਦੀ ਸਫਲਤਾ ਜਨਰਲ ਮੁਸ਼ਰਫ ਦੇ ਵਤੀਰੇ 'ਤੇ ਨਿਰਭਰ ਕਰਦੀ ਹੈ। ਉਨ੍ਹਾਂ ਦੱਸਿਆ ਕਿ 1997 ਵਿੱਚ ਭਾਰਤ-ਪਾਕਿਸਤਾਨ ਸੰਬੰਧ ਸੁਧਾਰਣ ਲਈ, ਉਨ੍ਹਾਂ ਪ੍ਰਧਾਨ ਮੰਤਰੀ ਵਜੋਂ, ਜੋ ਪ੍ਰਕਿਰਿਆ ਅਰੰਭੀ ਸੀ, ਉਸ ਨੂੰ ਅੱਗੇ ਵਧਾਣ ਲਈ, ਮਾਲੇ, ਨਿਊਯਾਰਕ, ਐਡਨਬਰਾ ਅਤੇ ਢਾਕਾ ਵਿਖੇ ਭਾਰਤ-ਪਾਕਿਸਤਾਨ ਵਿਚਲੇ ਚਾਰ ਬੈਠਕਾਂ ਹੋਈਆਂ। ਇਨ੍ਹਾਂ ਚਹੁੰ ਬੈਠਕਾਂ ਵਿੱਚ ਹੀ ਇਸ ਗੱਲ ਨੂੰ ਸਵੀਕਾਰ ਕੀਤਾ ਗਿਆ ਕਿ ਦੋਹਾਂ ਦੇਸ਼ਾਂ ਵਿਚਕਾਰ ਆਪਸੀ ਸੰਬੰਧਾਂ ਨੂੰ ਸੁਧਾਰਣ ਦੀ ਲੋੜ ਹੈ। ਇਸ ਦੇ ਲਈ ਜ਼ਰੂਰੀ ਹੈ ਕਿ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਇੱਕ-ਦੂਜੇ ਦੇ ਦੇਸ਼ ਆਉਣ-ਜਾਣ ਅਤੇ ਤਜਾਰਤ ਵਿੱਚ ਵਾਧਾ ਹੋਵੇ। ਇਸ ਪਾਸੇ ਕੁਝ ਪ੍ਰਗਤੀ ਵੀ ਹੋਈ। ਫਿਰ ਗੱਲ ਨੂੰ ਅੱਗੇ ਵਧਾਣ ਲਈ ਕੋਲੰਬੌ, ਨਿਊਯਾਰਕ ਅਤੇ ਲਾਹੌਰ ਵਿੱਖੇ ਬੈਠਕਾਂ ਹੋਈਆਂ। ਜਿਨ੍ਹਾਂ ਦੇ ਫਲਸਰੂਪ ਦੋਹਾਂ ਦੇਸ਼ਾਂ ਦੇ ਲੋਕਾਂ ਵਿੱਚ ਤੁਅਲਕਾਤ ਵੱਧੇ ਅਤੇ ਇਸ ਦੇ ਨਾਲ ਹੀ ਆਪਸੀ ਤਜਾਰਤ ਵਿੱਚ ਵੀ ਵਾਧਾ ਹੋਇਆ। ਪਰ ਕਾਰਗਿਲ ਘਟਨਾ, ਜਿਸ ਵਿੱਚ ਕਈ ਜਵਾਨ ਸ਼ਹੀਦ ਹੋਏ, ਕਾਰਣ ਗੱਲਬਾਤ ਦੇ ਦਰਵਾਜ਼ੇ ਬੰਦ ਹੋ ਗਏ।

ਗੁਜਰਾਲ ਨੇ ਦੱਸਿਆ ਕਿ ਇਸ ਸਮੇਂ ਦੌਰਾਨ ਜਨਰਲ ਮੁਸ਼ਰਫ ਨੇ ਅੱਗੇ ਆ, ਜਹਾਦੀਆਂ ਨੂੰ ਸ਼ਾਬਾਸ਼ ਅਤੇ ਹੱਲਾਸ਼ੇਰੀ ਦਿੱਤੀ, ਜਿਸ ਦੇ ਫਲਸਰੂਪ ਕਸ਼ਮੀਰ ਵਿੱਚ ਹਾਲਾਤ ਹੋਰ ਵਿਗੜ ਗਏ। ਇਸ ਕਰਕੇ ਉਨ੍ਹਾਂ ਨੂੰ ਉਮੀਦ ਨਹੀਂ ਕਿ ਇਸ ਸਿਖਰ-ਵਾਰਤਾ ਰਾਹੀਂ ਸੰਬੰਧਾਂ ਵਿੱਚ ਕੋਈ ਸੁਧਾਰ ਆ ਪਾਇਗਾ। ਫਿਰ ਵੀ ਉਨ੍ਹਾਂ ਨੂੰ ਖੁਸ਼ੀ ਹੋਵੇਗੀ, ਜੇ ਇਸ ਵਾਰਤਾ ਰਾਹੀਂ, ਜੋ ਸਦਭਾਵਨਾ ਦਾ ਵਾਤਾਵਰਣ ਲਾਹੌਰ ਤੋਂ ਸ਼ੁਰੂ ਹੋਇਆ ਸੀ, ਉਸ ਨੂੰ ਅੱਗੇ ਵਧਾਣ ਦਾ ਕੋਈ ਰਸਤਾ ਨਿਕਲ ਆਏ।

ਸਿਖਰ-ਵਾਰਤਾ ਖਤਮ ਹੋਣ ਤੋਂ ਬਾਅਦ ਕੋਈ ਸਾਂਝਾ ਬਿਆਨ ਜਾਰੀ ਨਹੀਂ ਸੀ ਕੀਤਾ ਗਿਆ, ਜਿਸ ਕਾਰਣ ਰਾਜਸੀ ਹਲਕਿਆਂ ਵਲੋਂ ਇਹ ਕਿਹਾ ਜਾਣ ਲੱਗ ਪਿਆ ਕਿ ਸਿਖਰ-ਵਾਰਤਾ ਦੇ ਅੰਤ ਵਿੱਚ ਕੋਈ ਸਾਂਝਾ ਬਿਆਨ ਜਾਰੀ ਨਾ ਕੀਤਾ ਜਾਣਾ, ਇਸ ਦੀ ਅਸਫਲਤਾ ਵੱਲ ਇਸ਼ਾਰਾ ਕਰਦਾ ਹੈ।

ਦੂਸਰੀ ਮੁਲਾਕਾਤ : ਇੰਦਰ ਕੁਮਾਰ ਗੁਜਰਾਲ ਨਾਲ ਦੂਸਰੀ ਮੁਲਾਕਾਤ, ਸਿਖਰ-ਵਾਰਤਾ ਖਤਮ ਹੋ ਜਾਣ ਤੋਂ ਅਗਲੇ ਦਿਨ ਹੋਈ। ਇਸ ਮੁਲਾਕਾਤ ਦੌਰਾਨ ਗੁਜਰਾਲ ਨੇ ਜਨਰਲ ਮੁਸ਼ਰਫ ਵਲੋਂ ਇੱਕ ਦਿਨ ਪਹਿਲਾਂ, ਵਾਰਤਾ ਦੀ ਸਮਾਪਤੀ ਤੋਂ ਬਾਅਦ ਕੀਤੀ ਗਈ ਪ੍ਰੈਸ ਕਾਨਫਰੰਸ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਨਰਲ ਮੁਸ਼ਰਫ ਨੇ ਸਾਰੀਆਂ ਰਾਜਸੀ ਮਾਨਤਾਵਾਂ ਅਤੇ ਕੂਟਨੀਤਕ ਪਰੰਪਰਾਵਾਂ ਦੀ ਉਲੰਘਣਾ ਕਰਦਿਆਂ ਪ੍ਰੈਸ ਕਾਨਫਰੰਸ ਬੁਲਾਈ। ਇਸ ਵਿੱਚ ਉਸ ਨੇ ਆਪਣਾ ਏਜੰਡਾ ਪੇਸ਼ ਕਰ, ਆਪਣਾ ਕੇਸ ਸਮਝਾ ਦਿੱਤਾ। ਉਨ੍ਹਾਂ ਕਿਹਾ ਕਿ ਸਾਡੀ (ਭਾਰਤ) ਸਰਕਾਰ ਕੁਝ ਵੀ ਕਹਿੰਦੀ ਰਹੇ, ਜਨਰਲ ਮੁਸ਼ਰਫ ਫਾਇਦੇ ਵਿੱਚ ਰਿਹਾ। ਪ੍ਰੈਸ ਕਾਨਫਰੰਸ ਕਰ ਉਸ ਨੇ ਪਾਕਿਸਤਾਨੀਆਂ ਦੀਆਂ ਨਜ਼ਰਾਂ ਵਿੱਚ ਆਪਣੇ-ਆਪ ਨੂੰ ਹੀਰੋ ਸਥਾਪਤ ਕਰ ਲਿਆ।

ਰਾਜਨੈਤਿਕ ਪ੍ਰਤੀਕਰਮ : ਭਾਰਤ-ਪਾਕ ਵਿਚਕਾਰ ਹੋਈ ਸਿਖਰ-ਵਾਰਤਾ ਦੇ ਸਬੰਧ ਵਿੱਚ ਰਾਜਸੀ ਹਲਕਿਆਂ ਦਾ ਪਹਿਲਾ ਪ੍ਰਤੀਕਰਮ ਇਹ ਸੀ, ਕਿ ਇਸ ਵਿੱਚ ਪਾਣੀ ਹੀ ਰਿੜਕਿਆ ਗਿਆ ਹੈ। ਦੂਜੀ ਗੱਲ, ਜੋ ਇਹ ਸੀ ਕਿ ਪਾਕਿਸਤਾਨ ਦੇ ਹਾਕਮ ਚਾਹੁੰਦਿਆਂ ਹੋਇਆਂ ਵੀ, ਨਾ ਤਾਂ ਕਸ਼ਮੀਰ ਦੇ ਮੁੱਦੇ ਨੂੰ ਛੱਡ ਸਕਦੇ ਹਨ ਅਤੇ ਨਾ ਹੀ ਉਸ ਦੇ ਹੱਲ ਪ੍ਰਤੀ ਇਮਾਨਦਾਰ ਹੋ ਸਕਦੇ ਹਨ। ਇਸ ਸੰਬੰਧ ਵਿੱਚ ਉਨ੍ਹਾਂ ਦਾ ਕਹਿਣਾ ਸੀ ਕਿ ਜਦੋਂ ਜਨਰਲ ਮੁਸ਼ਰਫ ਸਿੱਖਰ-ਵਾਰਤਾ ਲਈ ਪਾਕਿਸਤਾਨ ਤੋਂ ਰਵਾਨਾ ਹੋਏ ਤਾਂ ਉਸੇ ਸਮੇਂ ਕੱਟੜ-ਪੰਥੀ ਜਮਾਇਤ-ਏ-ਇਸਲਾਮੀ ਦੇ ਮੁਖੀਆਂ ਨੇ ਚਿਤਾਵਨੀ ਦਿੱਤੀ ਸੀ ਕਿ ਜੇ ਉਸ ਨੇ ਕਸ਼ਮੀਰ ਬਾਰੇ ਕੋਈ ਸਮਝੌਤਾ ਕੀਤਾ ਤਾਂ ਉਸ ਨੂੰ ਨਾ ਤਾਂ ਪਾਕਿਸਤਾਨੀ ਫੌਜ ਅਤੇ ਨਾ ਹੀ ਪਾਕਿਸਤਾਨੀ ਅਵਾਮ ਸਵੀਕਾਰਨਗੇ। ਇਸ ਗੱਲ ਦੀ ਪੁਸ਼ਟੀ ਜਨਰਲ ਮੁਸ਼ਰਫ ਨੇ ਆਪ ਪ੍ਰੈਸ ਕਾਨਫਰੰਸ ਵਿੱਚ ਇਹ ਆਖ, ਕਰ ਦਿੱਤੀ ਕਿ 'ਜੇ ਮੈਂ ਕਸ਼ਮੀਰ ਦਾ ਮੁੱਦਾ ਛੱਡ ਦਿਆਂ ਤਾਂ ਮੈਂਨੂੰ ਇਥੇ ਹੀ ਨਹਿਰਵਾਲੀ ਹਵੇਲੀ, ਜੋ ਕਿ ਦਰੀਆ ਗੰਜ ਦਿੱਲੀ ਸਥਿਤ, ਉਸ ਦੀ ਪੈਤ੍ਰਿਕ ਹਵੇਲੀ ਹੈ, ਲੈ ਕੇ ਰਹਿਣਾ ਪੈ ਜਾਏਗਾ'।

ਇਹ ਗੱਲਾਂ ਉਸ ਸਮੇਂ ਵੀ ਇਸ ਗੱਲ ਦਾ ਸਬੂਤ ਸਨ ਅਤੇ ਅੱਜ ਵੀ ਹਨ ਕਿ ਫੌਜ ਅਤੇ ਕਟੱੜਪੰਥੀਆਂ ਦਾ ਪਾਕਿਸਤਾਨੀ ਹਾਕਮਾਂ ਉਪਰ ਇਤਨਾ ਦਬਾਉ ਹੈ ਕਿ ਉਹ ਕਸ਼ਮੀਰ ਦੇ ਮੁੱਦੇ ਨੂੰ ਬਣਾਈ ਰੱਖ ਕੇ ਹੀ ਸੱਤਾ ਵਿੱਚ ਬਣੇ ਰਹਿ ਸਕਦੇ ਹਨ।

ਆਖਿਰ ਅਜਿਹਾ ਕਿਉਂ ਹੈ? ਇਸ ਸੁਆਲ ਦਾ ਜਵਾਬ ਵੀ ਜਨਰਲ ਮੁਸ਼ਰਫ ਦੇ ਪ੍ਰੈਸ ਕਾਨਫਰੰਸ ਵਿੱਚ ਕਹੇ, ਇਨ੍ਹਾਂ ਸ਼ਬਦਾਂ ਵਿਚੋਂ ਮਿਲ ਜਾਂਦਾ ਹੈ ਕਿ 'ਭਾਰਤ ਵਲੋਂ ਬੰਗਲਾ ਦੇਸ਼ ਨੂੰ ਪਾਕਿਸਤਾਨ ਨਾਲੋਂ ਤੋੜਨ ਦੀ ਕੀਤੀ ਗਈ ਫੌਜੀ ਕਾਰਵਾਈ ਦੀ 'ਕਸਕ' ਅਜੇ ਤੱਕ ਪਾਕਿਸਤਾਨੀਆਂ ਦੇ ਦਿਲਾਂ ਵਿੱਚ ਹੈ'। ਜਨਰਲ ਮੁਸ਼ਰਫ ਦੇ ਇਨ੍ਹਾਂ ਸ਼ਬਦਾਂ ਵਿੱਚ ਪਾਕਿਸਤਾਨੀਆਂ ਦੀ ਜਿਸ 'ਕਸਕ' ਦਾ ਜ਼ਿਕਰ ਕੀਤਾ ਗਿਆ, ਉਹ ਅਸਲ ਵਿੱਚ ਪਾਕਿਸਤਾਨੀ ਅਵਾਮ ਦੀ ਨਹੀਂ, ਸਗੋਂ ਪਾਕਿਸਤਾਨੀ ਫੌਜ ਦੇ ਮੁਖੀਆਂ ਦੇ ਦਿਲਾਂ ਵਿਚਲੀ ਹੈ, ਜੋ 93 ਹਜ਼ਾਰ ਪਾਕਿਸਤਾਨੀ ਫੌਜੀਆਂ ਵਲੋਂ ਅਪਮਾਨਜਨਕ ਢੰਗ ਨਾਲ ਭਾਰਤੀ ਫੌਜ ਸਾਹਮਣੇ, ਹਥਿਆਰ ਸੁੱੱਟ, ਆਤਮ-ਸਮਰਪਣ ਕਰਨ ਦਿੱਤੇ ਜਾਣ ਦੇ ਫਲਸਰੂਪ ਪੈਦਾ ਹੋਈ ਸੀ।

…ਅਤੇ ਅੰਤ ਵਿੱਚ : ਪਿਛੋਕੜ ਦੀ ਰੋਸ਼ਨੀ ਵਿੱਚ, ਪਾਕਿਸਤਾਨੀ ਫੌਜ ਦੇ ਮੁਖੀਆਂ ਦੇ ਦਿਲ ਦੀ ਕਸਕ ਹੀ ਹੈ, ਜਿਸ ਨੂੰ ਉਹ ਭਾਰਤ ਨੂੰ ਪਾਕਿਸਤਾਨ ਦਾ ਸਭ ਤੋਂ ਵੱਡਾ ਦੁਸ਼ਮਣ ਕਰਾਰ ਦੇ, ਪਾਕਿਸਤਾਨੀਆਂ ਦੇ ਦਿਲ ਵਿੱਚ ਭਾਰਤ ਅਤੇ ਭਾਰਤੀਆਂ ਵਿਰੁੱਧ ਨਫਰਤ ਭਰੀ ਰੱਖਣਾ ਚਾਹੁੰਦੇ ਹਨ। ਉਨ੍ਹਾਂ ਦਾ ਇਹੀ ਹਥਿਆਰ ਪਾਕਿਸਤਾਨੀ ਹਾਕਮਾਂ ਅਤੇ ਅਵਾਮ ਦੇ ਭਾਰਤੀ ਅਵਾਮ ਨਾਲ ਸੰਬੰਧ ਸੁਧਾਰਣ ਦੀਆਂ ਭਾਵਨਾਵਾਂ ਦੇ ਕਿਸੇ ਸਿੱਟੇ 'ਤੇ ਪੁੱਜਣ ਦੇਣ ਦੇ ਰਸਤੇ ਵਿੱਚ ਰੁਕਾਵਟ ਬਣਿਆ ਹੋਇਆ ਹੈ ਅਤੇ ਅਗੋਂ ਵੀ ਬਣਿਆ ਹੀ ਰਹੇਗਾ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER