ਵਿਚਾਰ
ਐਨੀ ਵੀ ਬੁਰੀ ਨਹੀਂ ਹੈ ਪੁਲਿਸ
- ਬਲਰਾਜ ਸਿੰਘ ਸਿੱਧੂ*
ਐਨੀ ਵੀ ਬੁਰੀ ਨਹੀਂ ਹੈ ਪੁਲਿਸਬਿਨਾਂ ਪੁਲਿਸ ਦੇ ਕੰਮ ਕਾਜ ਅਤੇ ਡਿਊਟੀਆਂ ਬਾਰੇ ਜਾਣਿਆਂ, ਇਸ ਦੇ ਖਿਲਾਫ ਲੇਖ-ਕਹਾਣੀਆਂ ਲਿਖਣੀਆਂ ਫੈਸ਼ਨ ਬਣ ਗਿਆ ਹੈ। ਪੁਲਿਸ ਦੇ ਹੱਕ ਜਾਂ ਤਾਰੀਫ ਵਿੱਚ ਬਹੁਤ ਹੀ ਘੱਟ ਲਿਖਿਆ ਜਾਂਦਾ ਹੈ। ਜੇ ਕੋਈ ਗਲਤੀ ਨਾਲ ਲਿਖ ਵੀ ਦੇਵੇ ਤਾਂ ਅਖਬਾਰਾਂ ਵਾਲੇ ਛਾਪਦੇ ਨਹੀਂ ਕਿ ਕਿਹੜਾ ਕਿਸੇ ਨੇ ਪੜ੍ਹਨਾ ਹੈ? ਮੈਂ ਨਹੀਂ ਕਹਿੰਦਾ ਕਿ ਸਾਰੇ ਪੁਲਿਸ ਵਾਲੇ ਚੰਗੇ ਹਨ, ਪਰ ਸਾਰੇ ਮੰਦੇ ਵੀ ਨਹੀਂ ਹਨ।

ਆਮ ਹੀ ਲਿਖਿਆ ਜਾਂਦਾ ਹੈ ਕਿ ਲੋਕ ਪੁਲਿਸ ਅਤੇ ਕਾਨੂੰਨੀ ਚੱਕਰਾਂ ਵਿੱਚ ਫਸਣ ਦੇ ਡਰ ਕਾਰਨ ਸੜਕ ਹਾਦਸੇ ਦੇ ਜ਼ਖਮੀਆਂ ਦੀ ਮਦਦ ਨਹੀਂ ਕਰਦੇ। ਅਸਲ ਵਿੱਚ ਜਿਨ੍ਹਾਂ ਨੇ ਕਿਸੇ ਦੁਖਿਆਰੇ ਦੀ ਮਦਦ ਕਰਨੀ ਹੁੰਦੀ ਹੈ, ਉਹ ਕਾਨੂੰਨੀ ਪਚੜਿਆਂ ਦੀ ਬਹਾਨੇਬਾਜ਼ੀ ਨਹੀਂ ਕਰਦੇ। ਐਕਸੀਡੈਂਟ ਵੇਖਣ ਵਾਲੇ ਬਹੁਤੇ ਤਮਾਸ਼ਬੀਨ ਕਿਸਮ ਦੇ ਇਨਸਾਨ ਹੁੰਦੇ ਹਨ ਤੇ ਉਹ ਆਪਣੀਆਂ ਕਾਰਾਂ ਦੀਆਂ ਸੀਟਾਂ ਖੂਨ ਨਾਲ ਲਿਬੜਨ ਦੇ ਡਰੋਂ ਜ਼ਖਮੀਆਂ ਦੀ ਮਦਦ ਨਹੀਂ ਕਰਦੇ। ਪੁਲਿਸ ਕਦੇ ਵੀ ਕਿਸੇ ਮਦਦਗਾਰ ਨੂੰ ਤੰਗ ਨਹੀਂ ਕਰਦੀ, ਸਗੋਂ ਉਸ ਨੂੰ ਤਾਂ ਸ਼ਾਬਾਸ਼ ਮਿਲਦੀ ਹੈ।
 
ਆਮ ਲੋਕਾਂ ਨੂੰ ਸ਼ਾਇਦ ਪਤਾ ਨਹੀਂ ਕਿ ਸਹਾਰਾ ਕਲੱਬ ਵਾਲਿਆਂ ਦੀਆਂ ਐਂਬੂਲੈਂਸਾਂ ਹੁਣ ਤੱਕ ਹਜ਼ਾਰਾਂ ਜ਼ਖਮੀਆਂ ਦੀਆਂ ਜਾਨਾਂ ਬਚਾ ਚੁੱਕੀਆਂ ਹਨ। ਉਨ੍ਹਾਂ ਨੂੰ ਤਾਂ ਅੱਜ ਤੱਕ ਕਦੇ ਅਜਿਹੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ। ਨਾਲੇ ਪੁਲਿਸ ਨੇ ਮੁਕੱਦਮਾ ਸਿਰੇ ਚੜਾਉਣਾ ਤੇ ਦੋਸ਼ੀ ਨੂੰ ਸਜ਼ਾ ਕਰਾਉਣੀ ਹੁੰਦੀ ਹੈ। ਇਸ ਲਈ ਜੇ ਕਿਸੇ ਅਣਜਾਣ ਵਿਅਕਤੀ ਨੂੰ ਮੁੱਦਈ ਬਣਾ ਲਿਆ ਜਾਵੇ ਤਾਂ ਉਹ ਬਾਅਦ ਵਿੱਚ ਮੁਲਜ਼ਮ ਨਾਲ ਸਾਜ਼ ਬਾਜ਼ ਹੋ ਕੇ ਗਵਾਹੀ ਤੋਂ ਮੁੱਕਰ ਜਾਂਦਾ ਹੈ ਤੇ ਮੁਕੱਦਮਾ ਬਰੀ ਕਰਵਾ ਦਿੰਦਾ ਹੈ।

ਅਸਲ ਵਿੱਚ ਪੁਲਿਸ ਦੀ ਨੌਕਰੀ ਐਨੀ ਸੌਖੀ ਨਹੀਂ ਜਿੰਨੀ ਵੇਖਣ ਨੂੰ ਲੱਗਦੀ ਹੈ। ਹੁਣ ਵੀ ਅਖਬਾਰਾਂ ਜਾਂ ਸੋਸ਼ਲ ਮੀਡੀਆ ਰਾਹੀਂ ਪਬਲਿਕ ਤੱਕ ਪੁਲਿਸ ਦੀਆਂ ਸਿਰਫ ਲਾਠੀ ਚਾਰਜ ਕਰਦਿਆਂ ਜਾਂ ਸ਼ਰਾਬੀ ਹੋਇਆਂ ਦੀਆਂ ਫੋਟੋਆਂ ਹੀ ਪਹੁੰਚਦੀਆਂ ਹਨ। ਪੁਲਿਸ ਦੇ ਕੀਤੇ ਚੰਗੇ ਕੰਮਾਂ ਦੀ ਕੋਈ ਰਿਪੋਟਿੰਗ ਨਹੀਂ ਕਰਦਾ। ਜਦੋਂ ਕਿਸੇ ਨਾਲੇ ਜਾਂ ਗਟਰ ਵਿੱਚੋਂ ਕਿਸੇ ਦੀ ਗਲੀ ਸੜੀ ਲਾਸ਼ ਮਿਲਦੀ ਹੈ ਤਾਂ ਉਸ ਨੂੰ ਪੁਲਿਸ ਤੋਂ ਇਲਾਵਾ ਹੋਰ ਕੋਈ ਹੱਥ ਨਹੀਂ ਲਾਉਂਦਾ। ਪਰ ਬਾਅਦ ਵਿਚ ਮੁਲਜ਼ਮਾਂ ਨੂੰ ਗ੍ਰਿਫਤਾਰ ਨਾ ਕਰਨ ਦਾ ਇਲਜ਼ਾਮ ਲਗਾ ਕੇ ਲੋਕ ਉਸੇ ਪੁਲਿਸ ਦੇ ਇਨਾਮ ਵਜੋਂ ਇੱਟਾਂ ਪੱਥਰ ਮਾਰ ਕੇ ਸਿਰ ਪਾੜ ਦਿੰਦੇ ਹਨ। ਕਤਲ-ਬਲਾਤਕਾਰ ਕੋਈ ਕਰਦਾ ਹੈ, ਪਰ ਗੱਡੀਆਂ ਪੁਲਿਸ ਦੀਆਂ ਫੂਕ ਦਿੱਤੀਆਂ ਜਾਂਦੀਆਂ ਹਨ। ਅਨੇਕਾਂ ਵਾਰ ਦੰਗਈਆਂ ਨੇ ਪੁਲਿਸ ਮੁਲਾਜ਼ਮਾਂ ਨਾਲ ਹੱਥਪਾਈ ਕੀਤੀ ਹੈ, ਪਰ ਖ਼ਬਰ ਬਹੁਤ ਘੱਟ ਆਉਂਦੀ। ਜੇ ਕਿਤੇ ਪੁਲਿਸ ਵਾਲਾ ਕਿਸੇ ਨੂੰ ਚਪੇੜ ਮਾਰ ਦੇਵੇ ਤਾਂ ਪਤਾ ਨਹੀਂ ਉਸ ਦੀ ਵੀਡੀਓ ਤਿਆਰ ਕਰਨ ਲਈ ਸੈਂਕੜੇ ਕੈਮਰੇ ਕਿੱਥੋਂ ਨਿਕਲ ਆਉਂਦੇ ਹਨ? ਨਿਊਜ਼ ਚੈਨਲ ਵੀ ਉਦੋਂ ਤੱਕ ਖ਼ਬਰ ਰੀਵਾਈਂਡ ਕਰੀ ਜਾਂਦੇ ਹਨ ਜਦ ਤੱਕ ਉਹ ਸਸਪੈਂਡ ਨਾ ਹੋ ਜਾਵੇ। ਵਿਰੋਧ ਮੁਜ਼ਾਹਰੇ ਚਾਹੇ ਸਰਕਾਰ ਦੇ, ਬਿਜਲੀ ਬੋਰਡ ਦੇ ਜਾਂ ਕਿਸੇ ਹੋਰ ਸਰਕਾਰੀ ਮਹਿਕਮੇ ਦੇ ਖਿਲਾਫ ਹੋਣ, ਆਖਰ ਪੁਲਿਸ ਦੇ ਗੱਲ ਦੀ ਹੱਡੀ ਹੀ ਬਣਦੇ ਹਨ।

ਪੁਲਿਸ ਬਾਰੇ ਨਾਂਹ ਪੱਖੀ ਖ਼ਬਰ ਜਾਂ ਫੋਟੋ ਬਹੁਤ ਚਾਅ ਨਾਲ ਵੇਖੀ-ਸੁਣੀ ਜਾਂਦੀ ਹੈ। ਜੇ ਪੁਲਿਸ ਵਾਲੇ ਲਾਅ ਆਰਡਰ ਦੀ ਖਾਤਰ ਲਾਠੀਚਾਰਜ ਕਰਨ ਤਾਂ ਖ਼ਬਰ ਆਉਂਦੀ ਹੈ ਕਿ ਪੁਲਿਸ ਵਾਲਿਆਂ ਨੇ ਦਰਿੰਦਗੀ ਦਿਖਾਈ ਤੇ ਪਬਲਿਕ ਨੂੰ ਵਹਿਸ਼ੀਆਨਾ ਤਰੀਕੇ ਨਾਲ ਕੁੱਟਿਆ। ਪਰ ਜੇ ਕਿਤੇ ਹਜ਼ੂਮ ਪੁਲਿਸ ਨੂੰ ਕੁੱਟ ਦੇਵੇ ਤਾਂ ਬਹੁਤ ਮਸਾਲੇਦਾਰ ਖ਼ਬਰ ਲਗਾਈ ਜਾਂਦੀ ਹੈ ਕਿ ਲੋਕਾਂ ਨੇ ਪੁਲਿਸ ਨੂੰ ਖੂਬ ਦੌੜਾ-ਦੌੜਾ ਕੇ ਫੈਂਟਿਆ।

ਪੁਲਿਸ ਵਾਲਿਆਂ ਦੀ ਜ਼ਿੰਦਗੀ ਬਹੁਤ ਹੀ ਸਖਤ ਹੈ। ਤਾਇਨਾਤੀ ਆਮ ਤੌਰ 'ਤੇ ਘਰਾਂ ਤੋਂ ਸੈਂਕੜੇ ਕਿ.ਮੀ. ਦੂਰ ਹੁੰਦੀ ਹੈ। ਸਭ ਤੋਂ ਵੱਡੀ ਮੁਸ਼ਕਲ ਹੈ ਸਮੇਂ 'ਤੇ ਛੁੱਟੀ ਨਾ ਮਿਲਣੀ। ਛੁੱਟੀ ਸਿਰਫ ਅਤੇ ਸਿਰਫ ਸੀਨੀਅਰ ਅਫਸਰ ਦੀ ਮਰਜ਼ੀ 'ਤੇ ਨਿਰਭਰ ਹੁੰਦੀ ਹੈ। ਜੇ ਕਿਤੇ ਪਿੱਛੋਂ ਵੀ.ਆਈ.ਪੀ. ਡਿਊਟੀ ਜਾਂ ਕੋਈ ਵੱਡੀ ਵਾਰਦਾਤ ਹੋ ਜਾਵੇ ਰਸਤੇ ਵਿੱਚੋਂ ਵੀ ਵਾਪਸ ਮੁੜਨਾ ਪੈ ਸਕਦਾ ਹੈ। ਤੁਸੀਂ ਮਿਥ ਕੇ ਰਿਸ਼ਤੇਦਾਰੀਆਂ ਵਿੱਚ ਵਿਆਹ-ਸ਼ਾਦੀ ਜਾਂ ਮਰਨੇ-ਪਰਨੇ 'ਤੇ ਨਹੀਂ ਜਾ ਸਕਦੇ। ਰਿਸ਼ਤੇਦਾਰ ਗੁੱਸਾ ਕਰਦੇ ਹਨ ਕਿ ਅਫਸਰ ਬਣ ਕੇ ਇਸ ਦਾ ਦਿਮਾਗ ਖਰਾਬ ਹੋ ਗਿਆ ਹੈ। ਰਿਟਾਇਰਮੈਂਟ ਤੋਂ ਬਾਅਦ ਜੇ ਸਾਕਾਂ ਨੂੰ ਮਿਲਣ ਜਾਉ ਤਾਂ ਗਲ ਪੈਂਦੇ ਹਨ ਕਿ ਹੁਣ ਕੀ ਲੈਣ ਆ ਗਿਆ? ਚੱਲਿਆ ਕਾਰਤੂਸ! ਪਹਿਲਾਂ ਤਾਂ ਤੇਰਾ ਟਾਈਮ ਨਹੀਂ ਸੀ ਲੱਗਦਾ।

ਜੇ ਕੋਈ ਵਿਅਕਤੀ ਸਾਉਣ ਭਾਦੋਂ ਦੀ ਹੁੰਮਸ ਵਿੱਚ ਪੈਂਟ ਦੇ ਕੱਪੜੇ ਦੀ ਬਣੀ ਕਮੀਜ਼ ਪਹਿਨ ਲਵੇ ਤਾਂ ਲੋਕ ਉਸ ਨੂੰ ਪਾਗਲ ਕਹਿਣਗੇ। ਪਰ ਪੁਲਿਸ ਵਾਲੇ 45 ਡਿਗਰੀ ਤਾਪਮਾਨ ਵਿੱਚ ਪੈਂਟ ਵਾਲੇ ਕੱਪੜੇ ਦੀਆਂ ਕਮੀਜ਼ਾਂ ਪਾ ਕੇ ਧੁੱਪੇ ਡਿਊਟੀ ਦਿੰਦੇ ਕਿਸੇ ਨੂੰ ਦਿਖਾਈ ਨਹੀਂ ਦਿੰਦੇ। ਜਦੋਂ ਕੋਈ ਕੁਦਰਤੀ ਜਾਂ ਇਨਸਾਨੀ ਮੁਸੀਬਤ ਪੈਂਦੀ ਹੈ ਤਾਂ ਆਮ ਲੋਕ ਉਸ ਤੋਂ ਬੱਚਣ ਲਈ ਦੂਰ ਭੱਜਦੇ ਹਨ, ਪਰ ਪੁਲਿਸ ਵਾਲੇ ਮੁਸੀਬਤ ਖਤਮ ਕਰਨ ਲਈ ਉਸ ਵੱਲ ਨੂੰ ਭੱਜਦੇ ਹਨ। ਦੀਵਾਲੀ-ਲੋਹੜੀ ਆਦਿ ਤਿਉਹਾਰ ਪਰਿਵਾਰਾਂ ਨਾਲ ਮਨਾਉਣ ਲਈ ਲੋਕ ਵਿਦੇਸ਼ਾਂ ਤੋਂ ਵੀ ਘਰਾਂ ਨੂੰ ਪਰਤ ਆਉਂਦੇ ਹਨ, ਪਰ ਪੁਲਿਸ ਵਾਲਿਆਂ ਦੀ ਦੀਵਾਲੀ, ਲੋਹੜੀ ਅਤੇ ਨਵਾਂ ਸਾਲ ਸੜਕਾਂ 'ਤੇ ਹੀ ਬੀਤਦਾ ਹੈ। ਅੱਧੇ ਤੋਂ ਵੱਧ ਪੁਲਿਸ ਵਾਲਿਆਂ ਨੂੰ ਆਪਣੇ ਬੱਚਿਆਂ ਦੇ ਜਨਮ ਦਿਨ ਯਾਦ ਨਹੀਂ ਰਹਿੰਦੇ, ਸ਼ਾਦੀ ਦੀ ਵਰ੍ਹੇਗੰਢ ਤਾਂ ਯਾਦ ਹੀ ਕੀ ਰਹਿਣੀ ਹੈ। ਹਰ ਸਾਲ ਘਰੋਂ ਕੁੱਤੇਖਾਣੀ ਹੁੰਦੀ ਹੈ।

ਦੂਰ ਦੁਰੇਡੇ ਡਿਊਟੀ ਹੋਣ ਕਾਰਨ ਆਪਣੇ ਬੱਚਿਆਂ ਵੱਲ ਧਿਆਨ ਹੀ ਨਹੀਂ ਦਿੱਤਾ ਜਾਂਦਾ। ਜੇ ਕਿਤੇ ਪੁਲਿਸ ਵਾਲੇ ਦੇ ਬੱਚੇ ਖਰਾਬ ਹੋ ਜਾਣ ਤਾਂ ਲੋਕ ਝੱਟ ਕਹਿ ਦੇਣਗੇ, "ਲੋਕਾਂ ਦਾ ਖੂਨ ਜੋ ਚੂਸਦਾ ਸੀ, ਖਰਾਬ ਤਾਂ ਹੋਣੇ ਹੀ ਸਨ।" ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਲੋਕਾਂ ਦੇ ਬੱਚਿਆਂ ਨੂੰ ਨਸ਼ੇ ਤੋਂ ਬਚਾਉਣ ਖਾਤਰ ਸਮੈਕ-ਭੁੱਕੀ ਪਕੜਦਿਆਂ ਆਪਣੇ ਬੱਚਿਆਂ ਵੱਲ ਧਿਆਨ ਹੀ ਨਹੀਂ ਦਿੱਤਾ ਜਾ ਸਕਿਆ। ਲੋਕ ਤਾਂ ਧੁੱਪੇ ਨਾਕੇ 'ਤੇ ਖੜ੍ਹੇ ਪੁਲਿਸ ਵਾਲੇ ਨੂੰ ਗੱਡੀ ਦੇ ਕਾਗਜ਼ਾਤ ਵਿਖਾਉਣ ਲਈ ਏ.ਸੀ. ਕਾਰ ਦਾ ਸ਼ੀਸ਼ਾ ਥੱਲੇ ਕਰਨ ਵਿੱਚ ਵੀ ਤਫਕੀਫ ਮੰਨਦੇ ਹਨ। ਉਹ ਗੱਲ ਵੱਖਰੀ ਹੈ ਕਿ ਪੁਲਿਸ ਤੋਂ ਨਫਰਤ ਕਰਨ ਵਾਲਾ ਹਰ ਵਿਅਕਤੀ ਆਪਣੇ ਬੱਚੇ ਨੂੰ ਪੁਲਿਸ ਵਿੱਚ ਹੀ ਭਰਤੀ ਕਰਾਉਣਾ ਚਾਹੁੰਦਾ ਹੈ। ਪਰ ਲੋਕ ਪੁਲਿਸ ਨੂੰ ਚਾਹੇ ਮਾੜਾ ਕਹਿਣ ਜਾਂ ਚੰਗਾ, ਮੁਸੀਬਤ ਵੇਲੇ ਕੰਮ ਪੁਲਿਸ ਹੀ ਆਉਂਦੀ ਹੈ। ਪੰਜਾਬ ਪੁਲਿਸ ਅੱਜ ਵੀ ਹਰੇਕ ਸਰਕਾਰੀ ਮਹਿਕਮੇ ਤੋਂ ਪਹਿਲਾਂ ਐਕਸ਼ਨ ਕਰਦੀ ਹੈ। 40-45 ਡਿਗਰੀ ਤਾਪਮਾਨ ਵਿੱਚ ਜੁਲਾਈ-ਅਗਸਤ ਦੇ ਮਹੀਨੇ ਦੁਪਹਿਰੇ ਨਾਕੇ 'ਤੇ ਖੜ੍ਹੇ ਪੁਲਿਸ ਵਾਲੇ ਬਾਰੇ ਜ਼ਰਾ ਸੋਚ ਕੇ ਵੇਖੋ। ਇਨ੍ਹਾਂ ਬੇਅਰਾਮੀਆਂ ਕਾਰਨ ਹੀ ਪੁਲਿਸ ਵਾਲਿਆਂ ਦਾ ਸੁਭਾਅ ਚਿੜਚਿੜਾ ਹੋ ਜਾਂਦਾ ਹੈ।

ਬਾਕੀ ਸਰਕਾਰੀ ਮਹਿਕਮਿਆਂ ਦੇ ਕਰਮਚਾਰੀ ਆਮ ਤੌਰ 'ਤੇ ਉਹੀ ਕੰਮ ਕਰਦੇ ਹਨ ਜਿਸ ਲਈ ਉਨ੍ਹਾਂ ਨੂੰ ਭਰਤੀ ਕੀਤਾ ਗਿਆ ਹੁੰਦਾ ਹੈ। ਮਾਸਟਰ ਸਕੂਲ ਵਿੱਚ ਬੱਚਿਆਂ ਨੂੰ ਪੜ੍ਹਾਉਂਦਾ ਹੈ, ਰੋਡਵੇਜ਼ ਦਾ ਡਰਾਈਵਰ ਬੱਸ ਚਲਾਉਂਦਾ ਹੈ, ਕੰਡਕਟਰ ਟਿਕਟਾਂ ਕੱਟਦਾ ਹੈ, ਤਹਿਸੀਲਦਾਰ ਰਜਿਸਟਰੀਆਂ ਕਰਦਾ ਹੈ ਤੇ ਬਿਜਲੀ ਬੋਰਡ ਵਾਲਾ ਬਿਜਲੀ ਸਬੰਧੀ ਕੰਮ ਹੀ ਕਰੇਗਾ। ਪਰ ਪੁਲਿਸ ਵਿੱਚ ਇਸ ਤਰ੍ਹਾਂ ਨਹੀਂ ਚੱਲਦਾ। ਥਾਣੇਦਾਰ ਨੂੰ ਸਿਰਫ ਐੱਸ.ਐੱਚ.ਓ. ਹੀ ਨਹੀਂ ਲਗਾਇਆ ਜਾਂਦਾ, ਪੁਲਿਸ ਲਾਈਨ ਵਿੱਚ ਐਲ.ਓ.- ਆਰ.ਆਈ ਵੀ ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਕਿਸੇ ਦਾ ਗੰਨਮੈਨ, ਗਾਰਡ ਇੰਚਾਰਜ, ਅਦਾਲਤ ਵਿੱਚ ਮੁਲਜ਼ਮ ਭੁਗਤਾਉਣੇ, ਤਫਤੀਸ਼ੀ, ਟਰੈਫਿਕ, ਵੀ.ਆਈ.ਪੀ. ਡਿਊਟੀ, ਪੀ.ਏ.ਪੀ., ਆਈ.ਆਰ.ਬੀ. ਅਤੇ ਦਫਤਰੀ ਡਿਊਟੀ ਆਦਿ ਕਿਸੇ ਵੀ ਕੰਮ 'ਤੇ ਲਾਇਆ ਜਾ ਸਕਦਾ ਹੈ। ਕਈ ਵਾਰ ਕਈ-ਕਈ ਮਹੀਨਿਆਂ ਲਈ ਬਾਹਰਲੇ ਸੂਬਿਆਂ ਵਿੱਚ ਇਲੈਕਸ਼ਨ ਡਿਊਟੀ ਵਾਸਤੇ ਵੀ ਭੇਜ ਦਿੱਤਾ ਜਾਂਦਾ ਹੈ। ਡਿਊਟੀ ਦੇ ਘੰਟੇ ਫਿਕਸ ਨਹੀਂ ਹਨ। 24 ਘੰਟੇ ਵੀ ਚੱਲ ਸਕਦੀ ਹੈ। ਜਦੋਂ ਵਿਚਾਰੇ ਰਾਤ ਨੂੰ ਡਿਊਟੀ ਤੋਂ ਵਿਹਲੇ ਹੋ ਕੇ ਕਿਤੇ ਬੈਠ ਕੇ ਪੈੱਗ ਲਗਾ ਕੇ ਘਰ ਜਾਣ ਦੀ ਸੋਚਦੇ ਹਨ ਤਾਂ ਅਗਲੇ ਦਿਨ ਵੱਡੀ ਖਬਰ ਲੱਗ ਜਾਂਦੀ ਹੈ, "ਪੁਲਿਸ ਵਾਲੇ ਵਰਦੀ ਵਿੱਚ ਦਾਰੂ ਪੀਂਦੇ ਹੋਏ।" ਸ਼ਰਾਬ ਬਹੁਤ ਸਾਰੇ ਲੋਕ ਪੀਂਦੇ ਹਨ ਪਰ ਵਰਦੀ ਕਾਰਨ ਪੁਲਿਸ ਵਾਲੇ ਦੀ ਪਹਿਚਾਣ ਝੱਟ ਆ ਜਾਂਦੀ ਹੈ।

ਮੇਰਾ ਮਕਸਦ ਕਿਸੇ ਦੀ ਨੁਕਤਾਚੀਨੀ ਕਰਨਾ ਨਹੀਂ ਹੈ ਪਰ ਆਮ ਜਨਤਾ ਨੂੰ ਪੁਲਿਸ ਦੀ ਸਖਤ ਜ਼ਿੰਦਗੀ ਬਾਰੇ ਵੀ ਪਤਾ ਹੋਣਾ ਚਾਹੀਦਾ ਹੈ। ਨਹੀਂ ਤਾਂ ਇੱਕ ਤਰਫਾ ਲੇਖ-ਕਹਾਣੀਆਂ ਪੜ੍ਹਨ ਤੋਂ ਬਾਅਦ ਲੋਕਾਂ ਵਿੱਚ ਪੁਲਿਸ ਬਾਰੇ ਸਿਰਫ ਨੈਗੇਟਿਵ ਰਾਏ ਹੀ ਬਣ ਸਕਦੀ ਹੈ।
 
(*ਲੇਖਕ ਪੰਜਾਬ ਪੁਲਿਸ ਵਿੱਚ ਐੱਸ.ਪੀ. ਪਦ 'ਤੇ ਤਾਇਨਾਤ ਹਨ। ਲੇਖ ਵਿੱਚ ਪ੍ਰਸਤੁਤ ਲੇਖਕ ਦੇ ਨਿੱਜੀ ਵਿਚਾਰ ਹਨ)


Comment by: Binder Singh Khudi Kalan

ਪੁਲਿਸ ਦੇ ਪੱਖਪਾਤੀ ਿਵਵਹਾਰ ਅਤੇ ਿਭ੍ਰਸ਼ਟਾਚਾਰ ਬਾਰੇ ਕੀ ਿਵਚਾਰ ਨੇ ਜੀ?

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER