ਵਿਚਾਰ
ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਲੌਂਗੋਵਾਲ ਦਰਪੇਸ਼ ਚੁਣੌਤੀਆਂ
- ਦਰਬਾਰਾ ਸਿੰਘ ਕਾਹਲੋਂ*
ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਧਾਨ ਲੌਂਗੋਵਾਲ ਦਰਪੇਸ਼ ਚੁਣੌਤੀਆਂ29 ਨਵੰਬਰ, 2017 ਨੂੰ ਸਿੱਖਾਂ ਦੀ ਪਾਰਲੀਮੈਂਟ ਵਜੋਂ ਜਾਣੀ ਜਾਂਦੀ ਸ਼ਾਨਾਮਤੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਜਿਸ ਡੈਮੋਕ੍ਰੈਟਿਕ ਪ੍ਰਕਿਰਿਆ, ਅਭੂਤਪੂਰਵ ਜ਼ਾਬਤੇ, ਸ਼ਾਂਤਮਈ ਅਤੇ ਸੁਚੱਜੇ ਢੰਗ ਨਾਲ ਹੋਈ ਉਸ ਦਾ ਨਿਸ਼ਚਿਤ ਤੌਰ 'ਤੇ ਸਿਹਰਾ ਉਸ ਲੀਡਰਸ਼ਿਪ ਸਿਰ ਬੱਝਦਾ ਹੈ ਜੋ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰ ਰਹੀ ਹੈ।

ਇਸ ਚੋਣ ਦਾ ਸਮਾਂ ਅਤੇ ਚੁਣੌਤੀ ਸੰਨ 2002 ਦੀ ਚੋਣ ਵਾਂਗ ਅਤੇ ਨਾਜ਼ੁਕ ਅਤੇ ਸੰਵੇਦਨਸ਼ੀਲ ਸੀ। ਪਰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਹੁਣ ਤੱਕ ਦੇ ਪੂਰੇ ਰਾਜਨੀਤਕ ਜੀਵਨ ਵਿਚ ਰਾਜਨੀਤਕ ਸੁੱਘੜਤਾ ਅਤੇ ਸੰਜੀਦਗੀ ਦਾ ਮੁਜ਼ਾਹਿਰਾ ਕਰਦਿਆਂ ਲਗਾਤਾਰ ਦੋ ਦਿਨ ਹਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਮੈਂਬਰ ਨਾਲ ਮਿਲ ਕੇ ਇਕ ਫੂਲ-ਪਰੂਫ ਸਰਬਸੰਮਤੀ ਤਿਆਰ ਕੀਤੀ। ਉਨ੍ਹਾਂ ਪ੍ਰਧਾਨ ਦੇ ਲਿਫਾਫੇ ਵਿਚੋਂ ਨਿਕਲਦੀ ਪਰਚੀ ਵਿਚੋਂ ਨਿਕਲਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਦਾਗ ਵੀ ਧੋ ਕੇ ਰੱਖ ਦਿੱਤਾ। ਕਾਂਗਰਸ ਪਾਰਟੀ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਅਤੇ ਉਸ ਦੇ ਪਰਦਾ ਪੋਸ਼ ਪਿੱਠੂਆਂ ਨੂੰ ਸੰਨ 2002 ਵਾਲਾ ਸੀਨ ਦੁਹਰਾਉਣ ਦਾ ਮੌਕਾ ਨਾ ਦਿਤਾ।

ਇਸ ਵਾਰ ਵੋਟ ਪਰਚੀ ਰਾਹੀਂ ਕੁੱਲ ਹਾਜ਼ਰ ਸਿੰਘ ਸਾਹਿਬਾਨ ਇਲਾਵਾ 169 ਮੈਂਬਰਾਂ ਵਿਚੋਂ 154 ਵੋਟਾਂ ਹਾਸਿਲ ਕਰਕੇ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਚੁਣੇ ਗਏ ਜਦਕਿ ਸੁਖਦੇਵ ਸਿੰਘ ਭੌਰ ਗਰੁੱਪ ਦੇ ਅਮਰੀਕ ਸਿੰਘ ਸ਼ਾਹਪੁਰ 15 ਵੋਟਾਂ ਹੀ ਹਾਸਿਲ ਕਰ ਸਕੇ।

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਬਹੁਤ ਲੰਬੇ ਸਮੇਂ ਬਾਅਦ ਇਕ ਸਾਊ, ਸ਼ਰੀਫ, ਨੇਕਨਾਮ ਸ਼ਖ਼ਸੀਅਤ ਗੋਬਿੰਦ ਸਿੰਘ ਲੌਂਗੋਵਾਲ ਦੇ ਰੂਪ ਵਿਚ ਪ੍ਰਧਾਨ ਵਜੋਂ ਮਿਲੀ ਹੈ। ਇਸ ਵਾਰ ਅੰਤ੍ਰਿੰਗ ਕਮੇਟੀ ਵੀ ਦਾਗ਼ੀ ਆਗੂਆਂ ਤੋਂ ਪਾਕਿ-ਸਾਫ਼ ਰੱਖਣ ਦੀ ਕੋਸ਼ਿਸ਼ ਕੀਤੀ ਗਈ ਹੈ। ਲੌਂਗੋਵਾਲ ਦੀ ਪੂਰੀ ਪਰਵਰਿਸ਼ ਮਰਹੂਮ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਦੇਖ-ਰੇਖ ਵਿਚ ਹੋਈ ਸੀ ਜੋ ਪੰਥਕ ਸਫਾਂ ਵਿਚ ਬਹੁਤ ਉੱਚਾ-ਸੁੱਚਾ ਸਥਾਨ ਰੱਖਦੇ ਹਨ ਅਤੇ ਜਿਨ੍ਹਾਂ ਪੰਜਾਬ ਦੇ ਵਡੇਰੇ ਹਿੱਤਾਂ ਲਈ ਆਪਣੀ ਸ਼ਹਾਦਤ ਦਿਤੀ ਸੀ। ਲੇਕਿਨ ਵੋਟਾਂ ਲਈ ਡੇਰਾ ਸਿਰਸਾ ਜਾਣ ਦਾ ਕਲੰਕ ਸ੍ਰੀ ਅਕਾਲ ਤਖਤ 'ਤੇ ਪੇਸ਼ੀ ਦੇ ਬਾਵਜੂਦ ਟਕਸਾਲੀ ਸਿੱਖਾਂ ਦੀਆਂ ਅੱਖਾਂ 'ਚ ਰੜਕਦਾ ਹੈ।

ਲੇਕਿਨ ਜਿਵੇਂ ਅੱਜ ਸਿੱਖ ਪੰਥ ਚੌਰਾਹੇ 'ਤੇ ਖੜਾ ਹੈ ਅਤੇ ਸਿੱਖ ਧਾਰਮਿਕ, ਰਾਜਨੀਤਕ ਅਤੇ ਅਧਿਆਤਮਿਕ ਸੰਸਥਾਵਾਂ ਜੋ ਸਿੱਖ ਧਰਮ ਅਤੇ ਕੌਮ ਦੀਆਂ ਸਰਬੱਤ ਸ਼ਕਤੀਆਂ ਦਾ ਮੁੱਖ ਸ੍ਰੋਤ ਹਨ, ਬੁਰੀ ਤਰ੍ਹਾਂ ਰਸਾਤਲ ਵਿਚ ਧਸਦੀਆਂ ਜਾ ਰਹੀਆਂ ਹਨ, ਉਨ੍ਹਾਂ ਨੂੰ ਸੰਭਾਲਣ ਅਤੇ ਉਨ੍ਹਾਂ ਦਾ ਸ਼ਾਨਾਮਤਾ ਜਲੌਅ ਪੁਨਰਜੀਵਤ ਕਰਨ ਦੀ ਲੋੜ ਹੈ।

ਇਸ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ੍ਰੀ ਅਕਾਲ ਤਖਤ ਸਾਹਿਬ ਅਤੇ ਦੂਸਰੇ ਤਖ਼ਤ ਸਾਹਿਬਾਨ, ਗੁਰਦਵਾਰਾ ਸਾਹਿਬਾਨ ਦਾ ਸਮੁੱਚਾ ਪ੍ਰਬੰਧ ਸਿੱਖ ਧਾਰਮਿਕ ਮਰਯਾਦਾ ਅਤੇ ਉੱਚੇ ਸੁੱਚੇ ਅਸੂਲਾਂ ਅਨੁਸਾਰ ਚਲਾਉਣ ਨੂੰ ਸੁਨਿਸ਼ਚਿਤ ਬਣਾਉਣ ਦੀ ਲੋੜ ਹੈ। ਸਵੈ ਕੇਂਦਰਤ ਉਪਭੋਗਤਾਵਾਦੀ ਦ੍ਰਿਸ਼ਟੀ ਰੱਖਣ ਵਾਲੀਆਂ ਸ਼ਕਤੀਆਂ ਅਤੇ ਸ਼ਖ਼ਸੀਅਤਾਂ ਤੋਂ ਇਨ੍ਹਾਂ ਨੂੰ ਮੁਕਤ ਕਰਨ ਦੀ ਲੋੜ ਹੈ।

ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦੂੁਸਰੇ ਤਖ਼ਤ ਸਾਹਿਬਾਨਾਂ ਦੇ ਜਥੇਦਾਰਾਂ ਦੀ ਨਿਯੁਕਤੀ, ਅਧਿਕਾਰ ਖੇਤਰ ਅਤੇ ਕੰਮ-ਕਾਜ ਨੂੰ ਗੁਰਦਵਾਰਾ ਐਕਟ ਵਿਚ ਅੰਕਿਤ ਕਰਨ ਦੀ ਲੋੜ ਹੈ। ਇਨ੍ਹਾਂ ਦੇ ਵਿਵਾਦਤ ਹੁਕਮਨਾਮਿਆਂ, ਆਦੇਸ਼ਾਂ ਅਤੇ ਨਿਰਣਿਆਂ ਨੇ ਇਨ੍ਹਾਂ ਉੱਚੀਆਂ-ਸੁੱਚੀਆਂ ਸੰਸਥਾਵਾਂ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾਇਆ ਹੈ।
----------
ਇਵੇਂ ਹੀ ਸਿੱਖ ਗੁਰੂਆਂ ਦੀਆਂ ਫੋਟੋਆਂ, ਮੂਰਤੀਆਂ ਅਤੇ ਫਲੈਕਸਾਂ ਦਾ ਖ਼ਾਤਮਾ, ਜਿਨ੍ਹਾਂ ਦਾ ਸਿੱਖ ਧਰਮ ਵਿਚ ਕੋਈ ਸਥਾਨ ਨਹੀਂ। ਨਵੇਂ ਪ੍ਰਧਾਨ ਨੂੰ ਇਨ੍ਹਾਂ ਕੁਰੀਤੀਆਂ ਦੇ ਖਾਤਮੇ ਲਈ ਤੁਰੰਤ ਨੀਤੀਗਤ ਨਿਰਣੇ ਲੈਣੇ ਚਾਹੀਦੇ ਹਨ।
----------
ਸਿੱਖ ਸੰਸਥਾਵਾਂ ਅਤੇ ਵਿਰਸੇ ਨੂੰ ਬਾਹਰੀ ਗੈਰ-ਸਿੱਖ ਸੰਸਥਾਵਾਂ ਤੋਂ ਵੱਡਾ ਖਤਰਾ ਪੈਦਾ ਹੋ ਰਿਹਾ ਹੈ ਜੋ ਇਨ੍ਹਾਂ 'ਤੇ ਹਾਵੀ-ਪ੍ਰਭਾਵੀ ਹੋ ਰਹੀਆਂ ਹਨ ਅਤੇ ਘੁੱਸਪੈਠ ਕਰ ਰਹੀਆਂ ਹਨ। ਖੁਦ ਸਿੱਖ ਕੌਮ, ਸਿੱਖ ਪੰਥ ਅਤੇ ਸਿੱਖ ਸਮਾਜ ਉਨ੍ਹਾਂ ਅੱਗੇ ਲਾਚਾਰ ਨਜ਼ਰ ਆ ਰਿਹਾ ਹੈ। ਬਾਣੀ, ਬਾਣੇ, ਧਾਰਮਿਕ ਚਿੰਨ੍ਹਾਂ, ਸਭਿਆਚਾਰ, ਗੁਰਦਵਾਰਾ ਸਹਿਬਾਨਾਂ (ਡਾਂਗ ਮਾਰ ਮਿਸਾਲ ਵਜੋਂ) ਨੂੰ ਪਾਕਿਸਤਾਨ, ਬੰਗਲਾਦੇਸ਼, ਸਿੱਕਮ ਤੋਂ ਇਲਾਵਾ ਏਸ਼ੀਆਈ, ਯੂਰਪੀ, ਅਰਬ, ਅਫਰੀਕੀ ਅਤੇ ਅਮਰੀਕੀ ਦੇਸ਼ਾਂ ਵਿਚ ਲਗਾਤਾਰ ਚੁਣੌਤੀਆਂ ਤਾਂ ਅਣਸੁਲੱਝੀਆਂ ਬਣੀਆਂ ਪਈਆਂ ਹਨ। ਭਾਰਤ ਅੰਦਰ ਵੀ ਅਜਿਹੇ ਹਲਾਤ ਬਣੇ ਪਏ ਹਨ।

ਸਿੱਖ ਗੁਰੂਆਂ, ਸ਼ਹੀਦਾਂ, ਅਜ਼ਾਦੀ ਲਈ ਦਿੱਤੀਆਂ 80 ਪ੍ਰਤੀਸ਼ਤ ਕੁਰਬਾਨੀਆਂ ਨੂੰ ਭਾਰਤੀ ਤਾਕਤਵਰ ਰਾਸ਼ਟਰੀ ਰਾਜਨੀਤਕ ਪਾਰਟੀਆਂ, ਸੰਸਿਤ ਸੰਗਠਨ ਜਿਵੇਂ ਰਾਸ਼ਟਰੀ ਸਵੈਮ ਸੰਘ ਰਾਸ਼ਟਰੀ ਮਾਨਤਾ ਨਹੀਂ ਦਿੰਦੇ ਸਿਰਫ ਮੌਖਿਕ ਮਾਨਤਾ ਤਕ ਸੀਮਤ ਰੱਖਦੇ ਹਨ। ਕਾਂਗਰਸ ਪਾਰਟੀ ਦੇ ਸਾਸ਼ਨ ਵੱਲੋਂ ਸਾਕਾ ਨੀਲਾ ਤਾਰਾ, ਨਵੰਬਰ '84 ਕਤਲ-ਏ-ਆਮ ਅਤੇ ਇਨ੍ਹਾਂ ਤ੍ਰਾਸਦੀਆਂ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਜ਼ਾ ਨਾ ਦੇਣਾ ਇਸ ਦੀਆਂ ਵੱਡੀਆਂ ਮਿਸਾਲਾਂ ਹਨ। ਭਾਰਤ ਅੰਦਰ ਸਿੱਖਾਂ ਨੂੰ ਸੰਵਿਧਾਨਿਕ ਅਤੇ ਕਾਨੂੰਨੀ ਤੌਰ 'ਤੇ ਇੱਕ ਅੱਡਰੀ ਕੌਮ ਵਜੋਂ ਮਾਨਤਾ ਨਹੀਂ ਦਿਤੀ ਗਈ ਹੈ।

ਆਰ.ਐੱਸ.ਐੱਸ. ਵਲੋਂ ਗਠਤ ਰਾਸ਼ਟਰੀ ਸਿੱਖ ਸੰਗਤ ਦੀ ਸਮੁੱਚੀ ਵਰਕਿੰਗ ਹਿੰਦੂ ਸੰਸਿਤੀ, ਹਿੰਦੂ ਬਹੁਲਵਾਦ, ਹਿੰਦੂ ਧੌਸਵਾਦ ਅਧਾਰਤ ਹੈ। ਇਹ ਸਿੱਖ ਗੌਰਵਮਈ ਵਿਰਸੇ, ਸਿੱਖ ਸਿਧਾਂਤਾਂ, ਸਿੱਖ ਸੰਸਥਾਵਾਂ ਨੂੰ ਮਾਨਤਾ ਨਹੀਂ ਦਿੰਦੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮਾ ਜੁਲਾਈ, 2004 ਦੀ ਅਵਗਿਆ ਕਰਕੇ ਇਸ ਨੇ ਆਰ.ਐੱਸ.ਐੱਸ. ਮੁੱਖੀ ਮੋਹਨ ਭਾਗਵਤ ਦੀ ਹਾਜ਼ਰੀ ਵਿਚ ਸਿੱਖ ਸਿਧਾਂਤਾਂ ਅਤੇ ਮਰਿਯਾਦਾਵਾਂ ਦੀ ਅਵਗਿਆ ਕਰਦੇ 25 ਅਕਤੂਬਰ, 2017 ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਦਿਵਸ 'ਤੇ 350ਵਾਂ ਪ੍ਰਕਾਸ਼ ਦਿਵਸ ਮਨਾਇਆ। ਦਿੱਲੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸ਼੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਇਸ ਸਮਾਰੋਹ ਵਿਚ ਭਾਗ ਲਿਆ। ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਦੀ ਅਵਗਿਆ 'ਤੇ ਚੁੱਪ ਕਿਉਂ ਹਨ?
----------
ਬਹਿਬਲ ਕਲਾਂ ਅਤੇ ਹੋਰ ਅਨੇਕ ਬੇਅਦਬੀ ਕਾਂਡਾਂ ਮੱਦੇਨਜ਼ਰ ਨਵੇਂ ਪ੍ਰਧਾਨ ਨੂੰ ਗੁਰੂ ਗ੍ਰੰਥ ਸਾਹਿਬ, ਧਾਰਮਿਕ ਪੁਸਤਕਾਂ, ਗੁਰਦਵਾਰਾ ਸਾਹਿਬਾਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨੀਤੀਗਤ ਫੂਲ-ਪਰੂਫ ਪ੍ਰਬੰਧ ਕਰਨ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ।
----------
ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਅਵਗਿਆ ਕਰਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਬਕਾ ਡੀ.ਜੀ.ਪੀ.ਐੱਸ. ਗਿੱਲ ਦੇ ਭੋਗ 'ਤੇ ਗਏ, ਉਸ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ।

10-12 ਸਾਲਾ ਅਤਿਵਾਦੀ ਤ੍ਰਾਸਦੀ ਵੇਲੇ ਤਖ਼ਤ ਸਾਹਿਬਾਨਾਂ 'ਤੇ ਸਿੰਘ ਸਾਹਿਬਾਨਾਂ ਦੇ 4-4 ਸੈੱਟ ਨਿਯੁਕਤ ਸਨ। ਹੁਣ ਵੀ ਦੋ-ਦੋ ਸੈੱਟ ਤਾਇਨਾਤ ਹਨ। ਅਜੋਕੇ ਸਮੇਂ ਵਿਚ 'ਸਰਬੱਤ ਖਾਲਸਾ' ਸੰਸਥਾ ਦਾ ਕੋਈ ਮਹੱਤਵ ਨਹੀਂ ਰਹਿ ਚੁੱਕਾ। ਇਸ ਬਾਰੇ ਪੰਥ ਨੂੰ ਜਾਗ੍ਰਿਤ ਕਰਨ ਦੀ ਲੋੜ ਹੈ। ਜਿਵੇਂ ਪ੍ਰਧਾਨ ਸਾਹਿਬ ਗੋਬਿੰਦ ਸਿੰਘ ਲੌਂਗੋਵਾਲ ਨੇ ਪੰਥਕ ਏਕਤਾ ਦੀ ਇੱਛਾ ਜਿਤਾਈ ਹੈ। ਇਹ ਸਲੋਕ ਉਚਰਦਿਆਂ 'ਹੋਇ ਇਕਤ੍ਰ ਮਿਲਹੁ ਮੇਰੇ ਭਾਈ। ਦੁਬਿਧਾ ਦੂਰ ਕਰਹੁ ਲਿਵ ਲਾਇ।' ਇਸ ਅਨੁਸਾਰ ਸਮੁੱਚ ਪੰਥ ਨੂੰ ਇਕ ਪਲੇਟਫਾਰਮ 'ਤੇ ਲਿਆ ਕੇ ਇਸ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ। ਸਿੰਘ ਸਾਹਿਬਾਨਾਂ ਦਾ ਕੰਮਕਾਜ ਪੂਰਨ ਤੌਰ 'ਤੇ ਸਿੱਖ ਮਰਿਯਾਦਾ ਅਨੁਸਾਰ ਸੁਨਿਸ਼ਚਿਤ ਬਣਾ ਕੇ ਇਨ੍ਹਾਂ ਦੇ ਮੱਥੇ 'ਤੇ ਰਾਜਨੀਤਕ ਆਕਾਵਾਂ ਦੇ ਨਿਰਦੇਸ਼ਾਂ ਰਾਹੀਂ ਵਿਵਾਦਤ ਫੈਸਲਿਆਂ ਦਾ ਦਾਗ ਧੋ ਦੇਣਾ ਚਾਹੀਦਾ ਹੈ। (It is said that they are politically used, misused and abused) ਸਭ ਤੋਂ ਜ਼ਰੂਰੀ ਤਖ਼ਤ ਸਾਹਿਬਾਨਾਂ ਦੀ ਇਕੋ-ਜਿਹੀ ਰਹਿਤ ਮਰਿਯਾਦਾ ਕਾਇਮ ਕਰਨੀ ਚਾਹੀਦੀ ਹੈ।

ਡੇਰਾਵਾਦ ਸਿੱਖ ਧਰਮ ਵਿਚ ਕੋਈ ਸਥਾਨ ਨਹੀਂ ਰੱਖਦਾ। ਇਨ੍ਹਾਂ ਡੇਰੇਦਾਰਾਂ ਨੇ ਆਪੋ ਆਪਣੇ ਡੇਰੇ 'ਤੇ ਆਪੋ ਆਪਣਾ ਧਾਰਮਿਕ ਸਿੱਕਾ, ਮਰਿਯਾਦਾ, ਆਡੰਬਰ ਅਤੇ ਪਾਖੰਡ ਕਾਇਮ ਕਰ ਰੱਖਿਆ ਹੈ। ਰਾਜਨੀਤੀਵਾਨਾਂ ਦੀ ਇਨ੍ਹਾਂ ਸਰਪ੍ਰਸਤੀ ਇਸ ਲਈ ਪ੍ਰਾਪਤ ਹੈ ਕਿਉਂਕਿ ਉਨ੍ਹਾਂ ਨੂੰ ਵੋਟਾਂ ਦੀ ਭੀੜ ਉਨ੍ਹਾਂ ਦੇ ਅਨੁਯਾਈਆਂ ਦੇ ਇਕੱਠ ਸਮੇਂ ਪ੍ਰਾਪਤ ਹੋ ਜਾਂਦੀ ਹੈ। ਗੁਰੂਡੰਮ ਦਾ ਲਬਾਦਾ ਪਾ ਕੇ ਇਹ ਭੇਖੀ-ਪਾਖੰਡੀ, ਲੋਭੀ, ਵਿਭਚਾਰੀ ਡੇਰੇਦਾਰ ਗੁਰੂ ਬਣੀ ਬੈਠੇ ਹਨ। ਨਵੇਂ ਪ੍ਰਧਾਨ ਨੂੰ ਇਸ ਗੁਰੂਡੰਮ ਦਾ ਲੱਕ ਗੁਰੂ ਖਾਲਸਾ ਪੰਥ ਦੀ ਏਕਤਾ ਅਤੇ ਜਾਗ੍ਰਿਤੀ ਰਾਹੀਂ ਤੋੜਨਾ ਚਾਹੀਦਾ ਹੈ। ਸਿੱਖ ਸੰਗਤ ਨੂੰ ਡੇਰਾਵਾਦ ਦੀ ਆਪਸੀ ਜੰਗ ਤੋਂ ਦੂਰ ਰਹਿਣ ਪ੍ਰਤੀ ਜਾਗ੍ਰਿਤ ਕਰਨਾ ਚਾਹੀਦਾ ਹੈ।

ਅੱਜ ਵਿਦੇਸ਼ ਵਿਚ ਬੈਠੇ ਲੱਖਾਂ ਸਿੱਖ ਨਸਲੀ ਹਿੰਸਾ ਦੇ ਸ਼ਿਕਾਰ ਹਨ। ਅਜੇ ਤੱਕ ਕਿਸੇ ਪ੍ਰਧਾਨ ਨੇ ਈਸਾਈ ਜਗਤ ਦੇ ਪੋਪ, ਇਸਲਾਮਿਕ ਉਲੇਮਾਵਾਂ, ਬੋਧੀ, ਯਹੂਦੀ ਅਤੇ ਹੋਰ ਫਿਰਕਿਆਂ ਦੇ ਧਾਰਮਿਕ ਆਗੂਆਂ ਨਾਲ ਮੁਲਾਕਾਤਾਂ ਨਹੀਂ ਕੀਤੀਆਂ ਜਿੱਥੇ ਸਿੱਖ ਨਸਲੀ ਹਿੰਸਾ ਅਤੇ ਨਫ਼ਰਤ ਦਾ ਸ਼ਿਕਾਰ ਹਨ। ਨਵੇਂ ਪ੍ਰਧਾਨ ਨੂੰ ਤੁਰੰਤ ਇਸ ਕਾਰਜ ਲਈ ਠੋਸ ਪ੍ਰੋਗਰਾਮ ਉਲੀਕਣਾ ਚਾਹੀਦਾ ਹੈ।

ਪੰਜਾਬ ਅੰਦਰ ਨਸ਼ੀਲੇ ਪਦਾਰਥ, ਹਿੰਸਕ ਗੈਂਗਸਟਰਵਾਦ, ਵਿਆਹ-ਸ਼ਾਦੀਆਂ ਵਿਚ ਹਿੰਸਾ, ਵੱਡੀਆਂ-ਵੱਡੀਆਂ ਜੰਞਾਂ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਦਹੇਜ ਦਾ ਵਿਖਾਵਾ ਆਦਿ ਸਮਾਜਿਕ ਕੁਰੀਤੀਆਂ ਸਿਵਲ, ਪੁਲਸ ਪ੍ਰਸਾਸ਼ਨ ਜਾਂ ਰਾਜਸੀ ਆਗੂਆਂ ਵਲੋਂ ਹੱਥਾਂ ਵਿਚ ਗੁਟਕਾ ਸਾਹਿਬ ਫੜਕੇ ਸਹੁੰਆਂ ਚੁੱਕਣ ਨਾਲ ਬੰਦ ਨਹੀਂ ਹੋ ਸਕਦੀਆਂ। ਇਨ੍ਹਾਂ ਨੂੰ ਬੰਦ ਕਰਨ ਲਈ ਧਾਰਮਿਕ, ਪ੍ਰਚਾਰ, ਉੱਚ ਸਮਾਜਿਕ ਵਿਵਹਾਰ ਸਹੰਤਾ ਦੇ ਗਿਆਨ ਦੀ ਲੋੜ ਹੈ। ਇਸ ਦਿਸ਼ਾ ਵਿਚ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਡੀ ਭੂਮਿਕਾ ਨਿਭਾ ਸਕਦੇ ਹਨ।

ਸਿੱਖ ਧਰਮ ਅੰਦਰ ਜਾਗ੍ਰਿਤੀ, ਅਧਿਆਤਮਿਕ ਚੇਤੰਨਤਾ ਅਤੇ ਸਰਬਸਾਂਝੀਵਾਲਤਾ ਦੀ ਪ੍ਰਪੱਕਤਾ ਲਈ ਧਰਮ ਪ੍ਰਚਾਰ ਅਤੇ ਅੰਮ੍ਰਿਤ ਪ੍ਰਚਾਰ ਨਿਰੰਤਰ ਜਾਰੀ ਰੱਖਣ ਦੀ ਲੋੜ ਹੈ। ਸਿੱਖੀ ਅੰਦਰ ਵੱਧਦਾ ਪਤਿਤਪੁਣਾ ਅਤੇ ਡੇਰਾਵਾਦ ਇਸ ਪ੍ਰਕਿਰਿਆ ਰਾਹੀਂ ਹੀ ਰੁੱਕ ਸਕਦਾ ਹੈ। ਇਵੇਂ ਹੀ ਸਿੱਖ ਗੁਰੂਆਂ ਦੀਆਂ ਫੋਟੋਆਂ, ਮੂਰਤੀਆਂ ਅਤੇ ਫਲੈਕਸਾਂ ਦਾ ਖ਼ਾਤਮਾ, ਜਿਨ੍ਹਾਂ ਦਾ ਸਿੱਖ ਧਰਮ ਵਿਚ ਕੋਈ ਸਥਾਨ ਨਹੀਂ। ਨਵੇਂ ਪ੍ਰਧਾਨ ਨੂੰ ਇਨ੍ਹਾਂ ਕੁਰੀਤੀਆਂ ਦੇ ਖਾਤਮੇ ਲਈ ਤੁਰੰਤ ਨੀਤੀਗਤ ਨਿਰਣੇ ਲੈਣੇ ਚਾਹੀਦੇ ਹਨ।

ਬਹਿਬਲ ਕਲਾਂ ਅਤੇ ਹੋਰ ਅਨੇਕ ਬੇਅਦਬੀ ਕਾਂਡਾਂ ਮੱਦੇਨਜ਼ਰ ਨਵੇਂ ਪ੍ਰਧਾਨ ਨੂੰ ਗੁਰੂ ਗ੍ਰੰਥ ਸਾਹਿਬ, ਧਾਰਮਿਕ ਪੁਸਤਕਾਂ, ਗੁਰਦਵਾਰਾ ਸਾਹਿਬਾਨ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਨੀਤੀਗਤ ਫੂਲ-ਪਰੂਫ ਪ੍ਰਬੰਧ ਕਰਨ ਲਈ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ।
----------
ਵਿਦਿਅਕ ਅਤੇ ਧਾਰਮਿਕ ਵਿਦਿਆ ਸੰਸਥਾਵਾਂ ਵਲ ਉਚੇਚਾ ਧਿਆਨ ਦੇਣ ਦੀ ਲੋੜ ਹੈ ਜੋ ਸਿੱਖ ਜਾਗ੍ਰਿਤੀ, ਪ੍ਰਬੁੱਧਤਾ ਅਤੇ ਹੁਨਰਮੰਦੀ ਦਾ ਮੁੱਢਲਾ ਪੰਘੂੜਾ ਹਨ। ਇਨ੍ਹਾਂ ਸੰਸਥਾਵਾਂ ਵਿਚੋਂ ਭ੍ਰਿਸ਼ਟ, ਨਿਕੰਮਾ ਅਤੇ ਬਦਚਲਨ ਅਨਸਰ ਬਾਹਰ ਕਰਨਾ ਚਾਹੀਦਾ ਹੈ।
----------
ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਪ੍ਰਬੰਧ 'ਹਲੇਮੀ ਰਾਜ' ਦਾ ਪੂਰਕ ਚਾਹੀਦਾ ਹੈ। ਇਹ ਸੰਸਥਾ ਰਾਜ ਅੰਦਰ ਇਕ ਤਾਕਤਵਰ ਰਾਜ ਹੈ। ਇਸ ਵਿਚ ਭ੍ਰਿਸ਼ਟਾਚਾਰ ਦੀ ਕੋਈ ਥਾਂ ਨਹੀਂ। ਪਰ ਜਿਵੇਂ ਇਸ ਦੀ ਪ੍ਰਬੰਧਕੀ ਵਿਵਸਥਾ, ਗੁਰੂ ਗੋਲਕਾਂ ਅਤੇ ਅਧਿਕਾਰੀ-ਕਰਮਚਾਰੀ ਭ੍ਰਿਸ਼ਟ ਅਤੇ ਵਿਭਚਾਰੀ ਹਨ ਉਸ ਨੇ ਇਸ ਨੂੰ ਬਦਨਾਮ ਕਰ ਰੱਖਿਆ ਹੈ। ਇਸ ਵਿਵਸਥਾ ਨੂੰ ਸਖ਼ਤੀ ਨਾਲ ਨਿਪਟਣ ਦੀ ਲੋੜ ਹੈ। ਪਿਛਲੇ ਪ੍ਰਧਾਨਾਂ ਵਾਂਗ ਆਪਣੇ ਕੁੰਨਬੇ ਅਤੇ ਰਿਸ਼ਤੇਦਾਰਾਂ ਨੂੰ ਸ਼੍ਰੋਮਣੀ ਕਮੇਟੀ ਵਿਚ ਭਰਤੀ ਨਹੀਂ ਕਰਨਾ ਚਾਹੀਦਾ। ਵਾਧੂ ਅਤੇ ਬੇਲੋੜਾ ਸਟਾਫ ਚਲਦਾ ਕਰਨਾ ਚਾਹੀਦਾ ਹੈ।

ਵਿਦਿਅਕ ਅਤੇ ਧਾਰਮਿਕ ਵਿਦਿਆ ਸੰਸਥਾਵਾਂ ਵਲ ਉਚੇਚਾ ਧਿਆਨ ਦੇਣ ਦੀ ਲੋੜ ਹੈ ਜੋ ਸਿੱਖ ਜਾਗ੍ਰਿਤੀ, ਪ੍ਰਬੁੱਧਤਾ ਅਤੇ ਹੁਨਰਮੰਦੀ ਦਾ ਮੁੱਢਲਾ ਪੰਘੂੜਾ ਹਨ। ਇਨ੍ਹਾਂ ਸੰਸਥਾਵਾਂ ਵਿਚੋਂ ਭ੍ਰਿਸ਼ਟ, ਨਿਕੰਮਾ ਅਤੇ ਬਦਚਲਨ ਅਨਸਰ ਬਾਹਰ ਕਰਨਾ ਚਾਹੀਦਾ ਹੈ।

ਕੈਨੇਡਾ ਅੰਦਰ ਸਿੱਖ ਸਿਧਾਂਤਾਂ, ਪ੍ਰੰਪਰਾਵਾਂ, ਉੱਚ ਕੌਮੀ ਅਤੇ ਨਿੱਜੀ ਇਖਲਾਕ ਬਦੌਲਤ ਸਿੱਖ ਸਿਆਸਤਦਾਨਾਂ ਸ਼ਾਨਾਮੱਤੀਆਂ ਪ੍ਰਾਪਤੀਆਂ ਰਾਹੀਂ ਵਿਸ਼ਵ ਅੰਦਰ ਸਿੱਖ ਕੌਮ ਦੀ ਕਾਬਲੀਅਤ ਦੀ ਧਾਕ ਬਿਠਾ ਕੇ ਰੱਖ ਦਿੱਤੀ ਹੈ। ਅਜੋਕੀ ਜਸਟਿਨ ਟਰੂਡੋ ਸਰਕਾਰ ਵਿਚ ਹਰਜੀਤ ਸਿੰਘ ਸੱਜਣ ਰੱਖਿਆ ਮੰਤਰੀ ਸਮੇਤ ਚਾਰ ਸਿੱਖ ਮੰਤਰੀ ਹਨ। ਐੱਨ.ਡੀ.ਪੀ. ਰਾਸ਼ਟਰੀ ਪਾਰਟੀ ਦੇ ਪ੍ਰਧਾਨ ਜਗਮੀਤ ਸਿੰਘ ਦਾ ਚੁਣੇ ਜਾਣਾ ਜੋ ਭਵਿੱਖ 'ਚ ਪ੍ਰਧਾਨ ਮੰਤਰੀ ਬਣ ਸਕਦੇ ਹਨ, ਅਤਿ ਸ਼ਲਾਘਾਯੋਗ ਮਿਸਾਲਾਂ ਹਨ। ਨਵੇਂ ਪ੍ਰਧਾਨ ਨੂੰ ਪੰਜਾਬ ਅਤੇ ਪੂਰੇ ਦੇਸ਼ ਵਿਚ ਐਸਾ ਮਾਹੌਲ ਸਿਰਜਣ ਵਲ ਧਿਆਨ ਕੇਂਦਰਤ ਕਰਨਾ ਚਾਹੀਦਾ ਹੈ।

ਕੀ ਗੋਬਿੰਦ ਸਿੰਘ ਲੌਂਗੋਵਾਲ ਰਾਜਨੀਤਕ ਅਤੇ ਧਾਰਮਿਕ ਲੀਡਰਸ਼ਿਪ ਵਿਚ ਸੰਤੁਲਨ ਰੱਖਦੇ ਅਜਿਹਾ ਕਰ ਸਕਣਗੇ ਇਹ ਤਾਂ ਸਮਾਂ ਦੱਸੇਗਾ।

(*ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ)


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER