ਵਿਚਾਰ
ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?
- ਉਜਾਗਰ ਸਿੰਘ*
ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?ਰਾਹੁਲ ਗਾਂਧੀ ਕਾਂਗਰਸ ਪਾਰਟੀ ਦੇ ਪ੍ਰਧਾਨ ਬਣ ਗਏ ਹਨ। ਜੇਕਰ ਕਾਂਗਰਸ ਪਾਰਟੀ ਦੇ ਇਤਿਹਾਸ ਉਪਰ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਇਹ ਜਦੋਂ ਨਿਘਾਰ ਵੱਲ ਜਾਂਦੀ ਹੈ ਤਾਂ ਹਰ ਵਾਰ ਕੋਈ ਨਵਾਂ ਤਜਰਬਾ ਕਰਦੀ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕਈ ਵਾਰ ਇਹ ਨਵੇਂ ਤਜਰਬੇ ਸਫਲ ਵੀ ਹੋ ਜਾਂਦੇ ਹਨ। ਕਾਂਗਰਸ ਪਾਰਟੀ ਦੇ ਕਈ ਅਜਿਹੇ ਪ੍ਰਧਾਨ ਵੀ ਰਹੇ ਹਨ ਜਿਹੜੇ ਨਾ ਹਿੰਦੀ ਸਮਝਦੇ ਸਨ ਅਤੇ ਨਾ ਹੀ ਅੰਗਰੇਜ਼ੀ ਜਾਣਦੇ ਸਨ ਪ੍ਰੰਤੂ ਫਿਰ ਵੀ ਕਾਂਗਰਸ ਪਾਰਟੀ ਸਫਲ ਹੁੰਦੀ ਰਹੀ। ਪ੍ਰੰਤੂ ਉਦੋਂ ਅਤੇ ਹੁਣ ਦੇ ਸਮਾਜ ਵਿਚ ਜ਼ਮੀਨ-ਅਸਮਾਨ ਦਾ ਅੰਤਰ ਹੈ। ਉਦੋਂ ਲੋਕਾਂ ਵਿਚ ਅਨਪੜ੍ਹਤਾ ਸੀ ਅਤੇ ਜਾਗ੍ਰਤੀ ਨਹੀਂ ਸੀ। ਅੱਜ ਦੇ ਆਧੁਨਿਕ ਜ਼ਮਾਨੇ ਵਿਚ ਜਾਗ੍ਰਤੀ ਜ਼ਿਆਦਾ ਹੈ ਅਤੇ ਲੋਕ ਪੜ੍ਹੇ-ਲਿਖੇ ਵੀ ਜ਼ਿਆਦਾ ਹਨ। ਇਸ ਲਈ ਅਜਿਹੇ ਤਜਰਬਿਆਂ ਦੀ ਸਫਲਤਾ ਉਪਰ ਨਿਸ਼ਾਨੀਆ ਸਵਾਲ ਖੜ੍ਹੇ ਹੁੰਦੇ ਹਨ। ਪੁਰਾਣੀ ਪੀੜ੍ਹੀ ਤੋਂ ਸਿੱਧਾ ਹੀ ਕਾਂਗਰਸ ਪਾਰਟੀ ਦੀ ਵਾਗਡੋਰ ਇੱਕ ਨੌਜਵਾਨ ਦੇ ਹੱਥ ਫੜਾ ਦਿੱਤੀ ਗਈ ਹੈ।

ਕਾਂਗਰਸ ਪਾਰਟੀ ਦੇ ਹੁਣ ਤੱਕ ਬਹੁਤ ਹੀ ਘਾਗ ਸਿਆਸਤਦਾਨ ਪ੍ਰਧਾਨ ਰਹੇ ਹਨ। ਉਨ੍ਹਾਂ ਸਾਰਿਆਂ ਦਾ ਸਿਆਸਤ ਦਾ ਤਜਰਬਾ ਵੀ ਵਿਸ਼ਾਲ ਹੁੰਦਾ ਸੀ। ਘੱਟੋ-ਘੱਟ 40-50 ਸਾਲ ਪਾਰਟੀ ਦੇ ਵੱਖ-ਵੱਖ ਅਹੁਦਿਆਂ ਉਪਰ ਕੰਮ ਕਰਨ ਅਤੇ ਸਮਾਗਮਾਂ ਲਈ ਦਰੀਆਂ ਵਿਛਾਉਣ ਤੋਂ ਬਾਅਦ ਹੀ ਪ੍ਰਧਾਨ ਦੀ ਕੁਰਸੀ ਉਪਰ ਬੈਠਣ ਦਾ ਸੁਭਾਗ ਪ੍ਰਾਪਤ ਹੁੰਦਾ ਸੀ, ਭਾਵੇਂ ਉਹ ਕਿਤਨੇ ਹੀ ਵੱਡੇ ਸਿਆਸੀ ਪਰਿਵਾਰ ਨਾਲ ਸੰਬੰਧ ਰੱਖਦੇ ਹੋਣ। ਪੰਡਤ ਜਵਾਹਰ ਲਾਲ ਨਹਿਰੂ ਨੂੰ ਵੀ ਦੇਸ਼ ਦੀ ਅਜ਼ਾਦੀ ਦੀ ਜਦੋ-ਜਹਿਦ ਵਿਚ ਅਨੇਕਾਂ ਅੰਦੋਲਨਾਂ ਵਿਚ ਹਿੱਸਾ ਲੈ ਕੇ ਜੇਲ੍ਹ ਦੀ ਯਾਤਰਾ ਵੀ ਕਰਨੀ ਪਈ ਸੀ। ਇਸ ਸੰਧਰਵ ਵਿਚ ਰਾਹੁਲ ਗਾਂਧੀ ਤਾਂ ਅਜੇ ਸਿੱਖਿਅਕ ਹੀ ਹੈ। ਇਸ ਲਈ ਉਸ ਨੂੰ ਕਾਂਗਰਸ ਪਾਰਟੀ ਦਾ ਕਲਚਰ ਸਮਝਣ ਲਈ ਸਖ਼ਤ ਮਿਹਨਤ ਕਰਨੀ ਪਵੇਗੀ, ਭਾਵੇਂ ਉਹ ਪਿਛਲੇ ਕਈ ਸਾਲਾਂ ਤੋਂ ਪਾਰਟੀ ਦੇ ਵੱਖ-ਵੱਖ ਅਹੁਦਿਆਂ ਉਪਰ ਕੰਮ ਕਰ ਰਿਹਾ ਹੈ। ਰਾਹੁਲ ਗਾਂਧੀ ਆਪਣੀ ਮਾਂ ਸੋਨੀਆ ਗਾਂਧੀ ਦੀ ਥਾਂ ਨਵੇਂ ਪ੍ਰਧਾਨ ਬਿਨਾਂ ਮੁਕਾਬਲਾ ਬਣ ਗਏ ਹਨ। ਭਾਵੇਂ ਇਸ ਸਮੇਂ ਵੀ ਉਹ ਹੀ ਅਸਿੱਧੇ ਢੰਗ ਨਾਲ ਪ੍ਰਧਾਨਗੀ ਦਾ ਕੰਮ ਕਰ ਰਹੇ ਸਨ। ਫਿਰ ਵੀ ਕਾਂਗਰਸੀ ਨੇਤਾਵਾਂ ਨੂੰ ਆਸ ਦੀ ਕਿਰਨ ਦਿੱਸ ਰਹੀ ਹੈ ਕਿ ਰਾਹੁਲ ਗਾਂਧੀ ਦੇ ਪ੍ਰਧਾਨ ਬਣਨ ਨਾਲ ਪਾਰਟੀ ਵਿਚ ਨਵਾਂ ਜੋਸ਼ ਪੈਦਾ ਹੋਵੇਗਾ।

ਕਾਂਗਰਸ ਪਾਰਟੀ ਵਿਚ ਇਸ ਤੋਂ ਪਹਿਲਾਂ ਵੀ ਕੁਝ ਪ੍ਰਧਾਨ ਅਜਿਹੇ ਰਹੇ ਹਨ ਜਿਨ੍ਹਾਂ ਨੇ ਵਿਆਹ ਨਹੀਂ ਕਰਵਾਇਆ ਸੀ। ਰਾਹੁਲ ਗਾਂਧੀ ਵੀ ਉਨ੍ਹਾਂ ਦੀ ਤਰ੍ਹਾਂ ਕੁਆਰੇ ਹੀ ਹਨ, ਜਿਸ ਕਰਕੇ ਉਹ ਪਾਰਟੀ ਲਈ ਵਧੇਰੇ ਸਮਾਂ ਦੇ ਸਕਣਗੇ। ਕਾਂਗਰਸ ਪਾਰਟੀ ਦੇਸ਼ ਦੀ ਸਭ ਤੋਂ ਪੁਰਾਣੀ ਸਿਆਸੀ ਪਾਰਟੀ ਹੈ। ਇਸ ਪਾਰਟੀ ਨੇ ਜਦੋਂ ਤੋਂ ਹੋਂਦ ਵਿਚ ਆਈ ਹੈ ਹਮੇਸ਼ਾ ਇਤਿਹਾਸ ਸਿਰਜਿਆ ਹੈ। ਅਜ਼ਾਦੀ ਦੀ ਲੜਾਈ ਵੀ ਕਾਂਗਰਸ ਪਾਰਟੀ ਨੇ ਮੋਹਰੀ ਹੋ ਕੇ ਲੜੀ। ਉਸ ਤੋਂ ਬਾਅਦ ਲੰਮਾ ਸਮਾਂ ਦੇਸ਼ ਦੀ ਵਾਗ ਡੋਰ ਕਾਂਗਰਸ ਪਾਰਟੀ ਦੇ ਹੱਥ ਹੀ ਰਹੀ। ਜੇਕਰ ਕਾਂਗਰਸ ਪਾਰਟੀ ਦੇ ਇਤਿਹਾਸ ਉਪਰ ਨਜ਼ਰ ਮਾਰੀ ਜਾਵੇ ਤਾਂ ਹੁਣ ਤੱਕ ਜਿਤਨੇ ਵੀ ਪ੍ਰਧਾਨ ਬਣੇ ਹਨ ਲਗਪਗ ਸਾਰੇ ਹੀ ਗਾਂਧੀ ਪਰਿਵਾਰ ਨੂੰ ਛੱਡਕੇ 60 ਸਾਲ ਤੋਂ ਵਧੇਰੇ ਉਮਰ ਦੇ ਹੀ ਰਹੇ ਹਨ। ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਸੋਨੀਆਂ ਗਾਂਧੀ ਵੀ 60 ਸਾਲ ਤੋਂ ਘੱਟ ਉਮਰ ਦੇ ਹੀ ਪ੍ਰਧਾਨ ਬਣ ਗਏ ਸਨ। ਰਾਹੁਲ ਗਾਂਧੀ ਹੁਣ ਤੱਕ ਦੇ ਪ੍ਰਧਾਨਾਂ ਵਿਚੋਂ ਸਭ ਤੋਂ ਛੋਟੀ ਉਮਰ ਦੇ ਪ੍ਰਧਾਨ ਹੋਣਗੇ ਕਿਉਂਕਿ ਉਹ ਅਜੇ 45ਵੇਂ ਸਾਲ ਵਿਚ ਹੀ ਹਨ। ਇਸ ਦਾ ਭਾਵ ਹੈ ਕਿ ਸਭ ਤੋਂ ਪੁਰਾਣੀ ਪਾਰਟੀ ਦਾ ਪ੍ਰਧਾਨ ਨੌਜਵਾਨ ਹੋਵੇਗਾ। ਵੇਖਣ ਵਾਲੀ ਗੱਲ ਹੈ ਕਿ ਨੌਜਵਾਨ ਪ੍ਰਧਾਨ ਪਾਰਟੀ ਵਿਚ ਨਵੀਂ ਰੂਹ ਭਰ ਸਕੇਗਾ ਕਿ ਨਹੀਂ? ਵੱਡੀ ਉਮਰ ਦੇ ਪ੍ਰਧਾਨ ਦਾ ਜ਼ਿੰਦਗੀ ਦਾ ਤਜਰਬਾ ਹੁੰਦਾ ਹੈ, ਉਹ ਵਧੇਰੇ ਸੁਚੱਜੇ ਢੰਗ ਨਾਲ ਪਾਰਟੀ ਦਾ ਕੰਮ-ਕਾਜ਼ ਚਲਾ ਸਕਦੇ ਹਨ।

ਹਾਲਾਂਕਿ ਅੱਜ ਕਲ ਦਾ ਟ੍ਰੈਂਡ ਨੌਜਵਾਨਾਂ ਨੂੰ ਅੱਗੇ ਲਿਆਉਣ ਦਾ ਹੈ। ਅੰਤਰਾਸ਼ਟਰੀ ਖ਼ੇਤਰ ਵਿਚ ਵੀ ਨੌਜਵਾਨ ਅਗਵਾਈ ਕਰ ਰਹੇ ਹਨ। ਕੈਨੇਡਾ ਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਿਰਫ 42 ਸਾਲ ਦੀ ਉਮਰ ਵਿਚ ਪ੍ਰਧਾਨ ਮੰਤਰੀ ਬਣ ਗਿਆ। ਕਾਂਗਰਸ ਪਾਰਟੀ ਵਿਚ ਨੌਜਵਾਨਾਂ ਵਿਚ ਸਭ ਤੋਂ ਵੱਧ ਸੰਜੇ ਗਾਂਧੀ ਹਰਮਨ ਪਿਆਰਾ ਰਿਹਾ ਪ੍ਰੰਤੂ ਉਹ ਜਲਦੀ ਹੀ ਇਸ ਸੰਸਰ ਤੋਂ ਚਲਾ ਗਿਆ। ਰਾਜੀਵ ਗਾਂਧੀ ਦੇ ਆਲੇ-ਦੁਆਲੇ ਵੀ ਨੌਜਵਾਨ ਸਨ, ਉਹ ਰਾਜ ਪ੍ਰਬੰਧ ਤਾਂ ਸੁਚੱਜੇ ਢੰਗ ਨਾਲ ਚਲਾਉਂਦਾ ਰਿਹਾ ਪ੍ਰੰਤੂ ਕਾਂਗਰਸ ਪਾਰਟੀ ਲਈ ਕੋਈ ਬਹੁਤਾ ਕਰਿਸ਼ਮਾ ਨਹੀਂ ਵਿਖਾ ਸਕਿਆ। ਇੱਕ ਗੱਲ ਸਾਫ ਹੈ ਕਿ ਜਿਹੜਾ ਵੀ ਪ੍ਰਧਾਨ ਮੰਤਰੀ ਬਣਿਆ ਹੈ, ਉਹ ਕਾਂਗਰਸ ਪਾਰਟੀ ਦੇ ਯੂਥ ਵਿੰਗ ਦਾ ਇਨਚਾਰਜ ਜਨਰਲ ਸਕੱਤਰ ਰਿਹਾ ਹੈ, ਜਿਵੇਂ ਇੰਦਰਾ ਗਾਂਧੀ ਵੀ ਪੰਡਤ ਜਵਾਹਰ ਲਾਲ ਨਹਿਰੂ ਦੇ ਮੌਕੇ ਯੂਥ ਵਿੰਗ ਦੀ ਇਨਚਾਰਜ ਸੀ, ਜਿਸ ਨੂੰ ਉਦੋਂ ਸਟੂਡੈਂਟ ਕਾਂਗਰਸ ਕਿਹਾ ਜਾਂਦਾ ਸੀ। ਰਾਹੁਲ ਗਾਂਧੀ ਵੀ ਯੂਥ ਵਿੰਗ ਦਾ ਇਨਚਾਰਜ ਜਨਰਲ ਸਕੱਤਰ ਅਤੇ ਉਪ ਪ੍ਰਧਾਨ ਰਿਹਾ ਹੈ। ਰਾਹੁਲ ਗਾਂਧੀ ਵੀ ਸੋਨੀਆ ਗਾਂਧੀ ਦੇ 19 ਸਾਲਾਂ ਦੀ ਪ੍ਰਧਾਨਗੀ ਦੇ ਸਮੇਂ ਦੌਰਾਨ ਪਾਰਟੀ ਦੇ ਕੰਮ ਵਿਚ ਦਿਲਚਸਪੀ ਲੈਂਦਾ ਰਿਹਾ ਹੈ ਪ੍ਰੰਤੂ ਉਸ ਦੀ ਕਾਰਜਸ਼ੈਲੀ ਵਿਚ ਨਿਖ਼ਾਰ ਸਿਰਫ ਪਿਛਲੇ ਇੱਕ ਸਾਲ ਵਿਚ ਹੀ ਆਇਆ ਹੈ। ਇਸ ਤੋਂ ਪਹਿਲਾਂ ਤਾਂ ਕਈ ਵਾਰ ਬਚਕਾਨਾ ਹਰਕਤਾਂ ਹੀ ਕਰਦਾ ਰਿਹਾ ਹੈ। ਇਸ ਸਮੇਂ ਰਾਹੁਲ ਗਾਂਧੀ ਦੀ ਕੰਮ ਕਰਨ ਦੀ ਭਰੋਸੇਯੋਗਤਾ ਵਿਚ ਕਾਫੀ ਵਾਧਾ ਹੋਇਆ ਹੈ। ਹੁਣ ਉਹ ਬੜੇ ਸੁਲਝੇ ਹੋਏ ਸਿਆਸਤਦਾਨ ਦੀ ਤਰ੍ਹਾਂ ਵਿਚਰ ਰਿਹਾ ਹੈ।
----------
ਇਸ ਸਮੇਂ ਕਾਂਗਰਸ ਪਾਰਟੀ ਸਿਆਸੀ ਵੈਂਟੀਲੇਟਰ ਉਪਰ ਹੈ, ਉਸ ਨੂੰ ਸਿਆਸੀ ਆਕਸੀਜਨ ਦੀ ਲੋੜ ਹੈ। ਇਹ ਵੇਖਣ ਵਾਲੀ ਗੱਲ ਹੈ ਕਿ ਰਾਹੁਲ ਗਾਂਧੀ ਕਾਂਗਰਸ ਦੀ ਡਿਗ ਰਹੀ ਸਾਖ਼ ਨੂੰ ਬਚਾਉਣ ਵਿਚ ਸਫਲ ਹੋਵੇਗਾ ਜਾਂ ਸੋਨੀਆ ਗਾਂਧੀ ਦੀ ਤਰ੍ਹਾਂ ਘਾਗ ਸਿਆਸਤਦਾਨਾਂ ਦੀਆਂ ਚਾਲਾਂ ਵਿਚ ਉਲਝ ਕੇ ਰਹਿ ਜਾਵੇਗਾ।
----------
ਦੇਸ਼ ਦੀ ਵੰਡ ਸਮੇਂ ਅਬਦੁਲ ਕਲਾਮ ਅਜ਼ਾਦ ਕਾਂਗਰਸ ਪਾਰਟੀ ਦੇ ਪ੍ਰਧਾਨ ਸਨ ਅਤੇ ਨਾਲ ਹੀ ਜਵਾਹਰ ਲਾਲ ਨਹਿਰੂ ਦੀ ਅੰਤਰਿਮ ਸਰਕਾਰ ਵਿਚ ਸਿੱਖਿਆ ਮੰਤਰੀ ਸਨ। ਉਹ ਦੇਸ਼ ਦੀ ਵੰਡ ਦੇ ਵਿਰੁੱਧ ਸਨ। ਜਦੋਂ ਦੇਸ਼ ਅਜ਼ਾਦ ਹੋਇਆ ਤਾਂ ਜੇ.ਬੀ.ਪਿਲਾਨੀ ਕਾਂਗਰਸ ਪਾਰਟੀ ਦੇ ਪ੍ਰਧਾਨ ਸਨ। 1948 ਵਿਚ ਬੀ.ਪਟਾਭੀ ਸੀਤਾਰਮਈਆ ਪ੍ਰਧਾਨ ਬਣ ਗਏ। 1950 ਵਿਚ ਪ੍ਰਸ਼ੋਤਮ ਦਾਸ ਟੰਡਨ ਨੂੰ ਪ੍ਰਧਾਨ ਬਣਾਇਆ ਗਿਆ ਪ੍ਰੰਤੂ ਪੰਡਤ ਜਵਾਹਰ ਲਾਲ ਨਹਿਰੂ ਨਾਲ ਮਤਭੇਦ ਹੋਣ ਕਰਕੇ ਉਨ੍ਹਾਂ ਨੂੰ ਹਟਾ ਕੇ 1951 ਵਿਚ ਜਵਾਹਰ ਲਾਲ ਨਹਿਰੂ ਖ਼ੁਦ ਪ੍ਰਧਾਨ ਬਣ ਗਏ। ਉਹ 1954 ਤੱਕ ਪ੍ਰਧਾਨ ਰਹੇ, ਉਸ ਤੋਂ ਬਾਅਦ 1955 ਤੋਂ 59 ਤੱਕ ਯੂ.ਐੱਨ.ਧੇਵਰ ਪ੍ਰਧਾਨ ਰਹੇ। ਉਸ ਤੋਂ ਬਾਅਦ ਕ੍ਰਮਵਾਰ ਭਾਵੇਂ ਇੰਦਰਾ ਗਾਂਧੀ, ਨੀਲਮ ਸੰਜੀਵਾ ਰੈਡੀ, ਕੇ.ਕਾਮਰਾਜ, ਐੱਸ.ਨਿਜਿਗੱਪਾ, ਬਾਬੂ ਜਗਜੀਵਨ ਰਾਮ, ਸ਼ੰਕਰ ਦਿਆਲ ਸ਼ਰਮਾ, ਦੇਵ ਕਾਂਤ ਬਰੂਆ, ਰਾਜੀਵ ਗਾਂਧੀ, ਪੀ.ਵੀ.ਨਰਸਿਮਹਾ ਰਾਓ, ਸੀਤਾ ਰਾਮ ਕੇਸਰੀ ਅਤੇ ਸੋਨੀਆ ਗਾਂਧੀ ਕਾਂਗਰਸ ਪਾਰਟੀ ਦੇ ਪ੍ਰਧਾਨ ਰਹੇ ਪ੍ਰੰਤੂ ਸਾਰਿਆਂ ਵਿਚੋਂ ਸਫਲ ਪ੍ਰਧਾਨ ਪੰਡਤ ਜਵਾਹਰ ਲਾਲ ਨਹਿਰੂ, ਇੰਦਰਾ ਗਾਂਧੀ ਅਤੇ ਪੀ.ਵੀ.ਨਰਸਿਮਹਾ ਰਾਓ ਰਹੇ ਹਨ। ਕੇ.ਕਾਮਰਾਜ ਅਤੇ ਐੱਸ.ਨਿਜਿਗੱਪਾ ਦੋਵੇਂ ਦੱਖਣ ਵਿਚੋਂ ਸਨ, ਉਹ ਆਪੋ-ਆਪਣੇ ਸਮੇਂ ਕਾਂਗਰਸ ਵਿਚ ਉਤਰੀ ਰਾਜਾਂ ਦੀ ਸਰਦਾਰੀ ਖ਼ਤਮ ਕਰਨ ਵਿਚ ਲੱਗੇ ਰਹੇ ਅਤੇ ਕਾਂਗਰਸ ਪਾਰਟੀ ਵਿਚ ਫੁੱਟ ਪਾਉਣ ਦੇ ਜ਼ਿੰਮੇਵਾਰ ਸਮਝੇ ਜਾਂਦੇ ਹਨ। ਇੰਦਰਾ ਗਾਂਧੀ ਭਾਵੇਂ ਸਫਲ ਪ੍ਰਧਾਨ ਮੰਤਰੀ ਗਿਣੀ ਜਾਂਦੀ ਹੈ, ਜਿਸ ਨੇ ਬੜੇ ਦਲੇਰ ਫੈਸਲੇ ਲੈ ਕੇ ਵਿਲੱਖਣ ਕਾਰਜ ਕੀਤੇ ਪ੍ਰੰਤੂ ਕਾਂਗਰਸ ਪਾਰਟੀ ਦਾ ਗ੍ਰਾਫ ਉਸ ਵੱਲੋਂ ਐਮਰਜੈਂਸੀ ਲਾਉਣ ਤੋਂ ਬਾਅਦ ਡਿਗਣਾ ਸ਼ੁਰੂ ਹੋ ਗਿਆ ਸੀ। ਕਾਂਗਰਸ ਦੋਫਾੜ ਹੋਣ ਤੋਂ ਬਾਅਦ ਉਸ ਨੂੰ ਸੰਗਠਤ ਕਰਨ ਲਈ ਵੀ ਇੰਦਰਾ ਗਾਂਧੀ ਨੂੰ ਬੜੀ ਮੁਸ਼ਕਤ ਕਰਨੀ ਪਈ। ਇਕ ਅਜਿਹਾ ਸਮਾਂ ਵੀ ਆਇਆ ਜਦੋਂ ਇੰਦਰਾ ਗਾਂਧੀ ਕਾਂਗਰਸ ਦੇ ਪ੍ਰਧਾਨ ਅਤੇ ਸਿਰਫ ਇਕ ਜਨਰਲ ਸਕੱਤਰ ਬੂਟਾ ਸਿੰਘ ਹੀ ਸਨ। ਇੰਦਰਾ ਗਾਂਧੀ ਨੇ ਦੁਬਾਰਾ ਮਿਹਨਤ ਕਰਕੇ ਕਾਂਗਰਸ ਪਾਰਟੀ ਨੂੰ ਮੁੜ ਤਾਕਤ ਵਿਚ ਲਿਆਂਦਾ। ਰਾਹੁਲ ਗਾਂਧੀ ਨੂੰ ਵੀ ਇੰਦਰਾ ਗਾਂਧੀ ਜਿਤਨੀ ਮਿਹਨਤ ਕਰਨੀ ਹੋਵੇਗੀ ਤਾਂ ਹੀ ਕਾਂਗਰਸ ਪਾਰਟੀ ਦਾ ਵਕਾਰ ਸਥਾਪਤ ਕਰ ਸਕਦਾ ਹੈ।

ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਭਾਵੇਂ ਰਾਜੀਵ ਗਾਂਧੀ ਦੀ ਅਗਵਾਈ ਵਿਚ ਕਾਂਗਰਸ ਉਭਰ ਕੇ ਸਾਹਮਣੇ ਆਈ ਪ੍ਰੰਤੂ ਉਸ ਦੇ ਆਲੇ ਦੁਆਲੇ ਸਿਆਸਤਦਾਨਾਂ ਦੀ ਜੁੰਡਲੀ ਨੇ ਕਾਂਗਰਸ ਪਾਰਟੀ ਕਮਜ਼ੋਰ ਕੀਤੀ ਅਤੇ ਚਮਚਾਗਿਰੀ ਦੀ ਸਿਆਸਤ ਨੇ ਜ਼ੋਰ ਫੜ ਲਿਆ। ਕਾਂਗਰਸ ਪਾਰਟੀ ਵਿਚ ਚਮਚਾਗਿਰੀ ਦੀ ਰਾਜਨੀਤੀ ਕਰਨ ਦਾ ਸਿਹਰਾ ਰਾਜੀਵ ਗਾਂਧੀ ਨੂੰ ਜਾਂਦਾ ਹੈ, ਜਿਸ ਕਰਕੇ ਅੱਜ ਕਾਂਗਰਸ ਆਖ਼ਰੀ ਸਾਹ ਲੈ ਰਹੀ ਹੈ। ਫਿਰ ਰਾਜੀਵ ਗਾਂਧੀ ਦੇ ਕਤਲ ਤੋਂ ਬਾਅਦ ਪੀ.ਵੀ.ਨਰਸਿਮਹਾ ਰਾਓ ਦੀ ਅਗਵਾਈ ਵਿਚ ਕਾਂਗਰਸ ਪਾਰਟੀ ਹਰਕਤ ਵਿਚ ਆਈ ਅਤੇ ਸਰਕਾਰ ਬਣਾ ਲਈ। ਨਰਸਿਮਹਾ ਰਾਓ ਨੂੰ ਸਭ ਤੋਂ ਸਫਲ ਪ੍ਰਧਾਨ ਕਿਹਾ ਜਾ ਸਕਦਾ ਹੈ ਜਿਹੜਾ ਘੱਟ ਗਿਣਤੀ ਸਰਕਾਰ ਬਾਖ਼ੂਬੀ ਚਲਾਉਂਦਾ ਰਿਹਾ ਭਾਵੇਂ ਉਸ ਦੇ ਸਮੇਂ ਭ੍ਰਿਸ਼ਟਾਚਾਰ ਵੱਧ ਗਿਆ ਸੀ। ਸੀਤਾ ਰਾਮ ਕੇਸਰੀ ਅਤੇ ਸੋਨੀਆ ਗਾਂਧੀ ਦੇ 20 ਸਾਲਾਂ ਦੇ ਕਾਰਜਕਾਲ ਦੌਰਾਨ ਕਾਂਗਰਸ ਪਾਰਟੀ ਕੰਮ ਚਲਾੳੂ ਪਾਰਟੀ ਦੇ ਤੌਰ 'ਤੇ ਵਿਚਰਦੀ ਰਹੀ। ਸੋਨੀਆ ਗਾਂਧੀ ਦੀ ਪਕੜ ਮਜ਼ਬੂਤ ਨਾ ਹੋਣ ਕਰਕੇ ਪਾਰਟੀ ਵਿਚ ਕਮਜ਼ੋਰੀ ਆ ਗਈ ਕਿਉਂਕਿ ਉਹ ਆਪਣੇ ਭਰੋਸੇਮੰਦ ਵਿਅਕਤੀਆਂ ਉਪਰ ਨਿਰਭਰ ਸੀ। ਭਾਰਤ ਦੇ ਸਿਆਸੀ ਕਲਚਰ ਨੂੰ ਸਮਝਣ ਤੋਂ ਅਸਮਰੱਥ ਰਹੀ।

ਡਾ.ਮਨਮੋਹਨ ਸਿੰਘ ਦੀ ਅਗਵਾਈ ਵਿਚ 2004 ਵਿਚਲੀ ਪਹਿਲੀ ਪਾਰੀ ਬਹੁਤ ਹੀ ਸਫਲ ਰਹੀ ਪ੍ਰੰਤੂ ਭਾਈਵਾਲ ਪਾਰਟੀਆਂ ਭ੍ਰਿਸ਼ਟਾਚਾਰ ਵਿਚ ਲੁਪਤ ਹੋਣ ਕਰਕੇ ਦੂਜੀ ਪਾਰੀ ਘੁੰਮਣਘੇਰੀ ਵਿਚ ਪਈ ਰਹੀ। ਇਸ ਸਮੇਂ ਕਾਂਗਰਸ ਪਾਰਟੀ ਸਿਆਸੀ ਵੈਂਟੀਲੇਟਰ ਉਪਰ ਹੈ, ਉਸ ਨੂੰ ਸਿਆਸੀ ਆਕਸੀਜਨ ਦੀ ਲੋੜ ਹੈ। ਇਹ ਵੇਖਣ ਵਾਲੀ ਗੱਲ ਹੈ ਕਿ ਰਾਹੁਲ ਗਾਂਧੀ ਕਾਂਗਰਸ ਦੀ ਡਿਗ ਰਹੀ ਸਾਖ਼ ਨੂੰ ਬਚਾਉਣ ਵਿਚ ਸਫਲ ਹੋਵੇਗਾ ਜਾਂ ਸੋਨੀਆ ਗਾਂਧੀ ਦੀ ਤਰ੍ਹਾਂ ਘਾਗ ਸਿਆਸਤਦਾਨਾਂ ਦੀਆਂ ਚਾਲਾਂ ਵਿਚ ਉਲਝ ਕੇ ਰਹਿ ਜਾਵੇਗਾ। ਕਾਂਗਰਸ ਪਾਰਟੀ ਵਿਚ ਭਾਵੇਂ ਬਹੁਤ ਹੀ ਸੁਲਝੇ ਹੋਏ ਸਿਆਸਤਦਾਨ ਹਨ ਪ੍ਰੰਤੂ ਕਾਂਗਰਸ ਦੀ ਆਪਸੀ ਧੜੇਬੰਦੀ ਦੀ ਖਿਚੋਤਾਣ ਤੋਂ ਬਚ ਕੇ ਪਾਰਟੀ ਨੂੰ ਨਵੀਂ ਦਿਖ ਦੇਣ ਲਈ ਸਹਿਯੋਗ ਦੇਣਗੇ ਜਾਂ ਲੱਤਾਂ ਖਿਚਣ ਵਿਚ ਮਸਤ ਰਹਿਣਗੇ। ਨੌਜਵਾਨ ਕਿਸੇ ਵੀ ਪਾਰਟੀ ਦੀ ਰੀੜ ਦੀ ਹੱਡੀ ਹੁੰਦੇ ਹਨ। ਰਾਹੁਲ ਗਾਂਧੀ ਨੇ ਨੌਜਵਾਨਾਂ ਨੂੰ ਪਿਛਲੇ ਸਮੇਂ ਵਿਚ ਤਰਜੀਹ ਵੀ ਦਿੱਤੀ ਹੈ। ਪਾਰਟੀ ਨੂੰ ਪਰਿਵਾਰਵਾਦ ਵਿਚੋਂ ਕੱਢ ਕੇ ਨੌਜਵਾਨਾਂ ਨੂੰ ਅੱਗੇ ਲਿਆਉਣ ਵਿਚ ਤਰਜੀਹ ਦਿੱਤੀ। ਜੇਕਰ ਪ੍ਰਧਾਨ ਬਣਨ ਤੋਂ ਬਾਅਦ ਰਾਹੁਲ ਗਾਂਧੀ ਨੌਜਵਾਨ ਪੀੜ੍ਹੀ ਨੂੰ ਲਾਮਬੰਦ ਕਰਨ ਵਿਚ ਸਫਲ ਹੋ ਜਾਂਦੇ ਹਨ ਤਾਂ ਕਾਂਗਰਸ ਪਾਰਟੀ ਉਭਰ ਕੇ ਆ ਸਕਦੀ ਹੈ ਕਿਉਂਕਿ ਵਰਤਮਾਨ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੀਆਂ ਅਸਫਲਤਾਵਾਂ ਕਰਕੇ ਆਮ ਜਨਤਾ ਅਤੇ ਵਿਓਪਾਰੀ ਵਰਗ ਸਰਕਾਰ ਤੋਂ ਅਸੰਤੁਸ਼ਟ ਹੈ। ਮਹਿੰਗਾਈ ਬਹੁਤ ਵੱਧ ਗਈ ਹੈ ਪ੍ਰੰਤੂ ਕਾਂਗਰਸ ਪਾਰਟੀ ਪ੍ਰਚਾਰ ਕਰਨ ਵਿਚ ਅਸਫਲ ਰਹੀ ਹੈ। ਰਾਹੁਲ ਗਾਂਧੀ ਨੂੰ ਕੋਈ ਕਰਿਸ਼ਮਾ ਵਿਖਾਉਣਾ ਪਵੇਗਾ ਤਾਂ ਹੀ ਉਹ ਕਾਂਗਰਸ ਪਾਰਟੀ ਵਿਚ ਰੂਹ ਭਰ ਸਕਦਾ ਹੈ। ਪਰਿਵਾਰਵਾਦ ਅਤੇ ਚਾਪਲੂਸੀ ਦੀ ਸਿਆਸਤ ਨੂੰ ਤਿਲਾਂਜਲੀ ਦੇਣੀ ਪਵੇਗੀ। ਜਿਹੜੀ ਘੇਰਾਬੰਦੀ ਰਾਹੁਲ ਗਾਂਧੀ ਦੇ ਆਲੇ ਦੁਆਲੇ ਕੀਤੀ ਹੋਈ ਹੈ, ਉਸ ਵਿਚੋਂ ਬਾਹਰ ਨਿਕਲਕੇ ਸਾਰੇ ਧੜਿਆਂ ਨੂੰ ਨਾਲ ਲੈ ਕੇ ਚਲਣ ਵਿਚ ਹੀ ਕਾਂਗਰਸ ਪਾਰਟੀ ਦਾ ਭਲਾ ਹੈ। ਇੱਕ ਹੋਰ ਕਦਮ ਰਾਹੁਲ ਗਾਂਧੀ ਲਈ ਸਾਰਥਿਕ ਹੋ ਸਕਦਾ ਹੈ ਕਿ ਜੇਕਰ ਪਾਰਟੀ ਨਾਲੋਂ ਨਾਤਾ ਤੋੜ ਚੁੱਕੇ ਪੁਰਾਣੇ ਕਾਂਗਰਸੀਆਂ ਨੂੰ ਮੁੜ ਪਾਰਟੀ ਵਿਚ ਸ਼ਾਮਲ ਕਰਕੇ ਸਹਿਯੋਗ ਲੈ ਲਵੇ। ਧੜੇਬੰਦੀ ਜਿਹੜੀ ਕਾਂਗਰਸ ਨੂੰ ਘੁਣ ਵਾਂਗ ਚਿੰਬੜੀ ਹੋਈ ਹੈ, ਇਸ ਦਾ ਖ਼ਾਤਮਾ ਕਰਨਾ ਪਾਰਟੀ ਲਈ ਬਿਹਤਰ ਹੋ ਸਕਦਾ ਹੈ। 

ਅਖ਼ੀਰ ਵਿਚ ਕਿਹਾ ਜਾ ਸਕਦਾ ਹੈ ਕਿ ਜੇਕਰ ਰਾਹੁਲ ਗਾਂਧੀ ਕਾਂਗਰਸ ਪਾਰਟੀ ਦੇ ਸਾਰੇ ਧੜਿਆਂ ਨੂੰ ਇਕਜੁਟ ਕਰਕੇ ਮਹਿੰਗਾਈ ਵਰਗੇ ਮੁੱਦਿਆਂ ਨੂੰ ਲੈ ਕੇ ਲੋਕ ਲਹਿਰ ਪੈਦਾ ਕਰੇਗਾ ਤਾਂ ਕਾਂਗਰਸ ਪਾਰਟੀ 2019 ਦੀਆਂ ਲੋਕ ਸਭਾ ਚੋਣਾਂ ਵਿਚ ਸਫਲਤਾ ਪ੍ਰਾਪਤ ਕਰ ਸਕਦੀ ਹੈ।

(*ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ)


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER