ਵਿਚਾਰ
ਰਾਜਨੀਤਕ ਅਰਾਜਕਤਾ ਦੇ ਜੰਗਲ ਰਾਜ ਵੱਲ ਵੱਧਦਾ ਪੰਜਾਬ
ਗਾਲੀ-ਗਲੌਚ 'ਤੇ ਉਤਰੀ ਪੰਜਾਬ ਦੀ ਸਿਆਸਤ
- ਦਰਬਾਰਾ ਸਿੰਘ ਕਾਹਲੋਂ*
ਗਾਲੀ-ਗਲੌਚ 'ਤੇ ਉਤਰੀ ਪੰਜਾਬ ਦੀ ਸਿਆਸਤਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਸਾਸ਼ਨ ਅੰਦਰ ਪੰਜਾਬ ਆਰਥਿਕ ਬਦਹਾਲੀ ਅਤੇ ਅਰਾਜਕਤਾ ਵੱਲ ਤਾਂ ਵੱਧ ਹੀ ਰਿਹਾ ਸੀ ਪਰ ਜਿਵੇਂ ਇਸ ਦੇ ਸਾਸ਼ਨ ਅੰਦਰ ਸੱਤਾਧਾਰੀ ਅਤੇ ਵਿਰੋਧੀ ਧਿਰ ਨਾਲ ਸਬੰਧਿਤ ਪੰਜਾਬੀਆਂ ਵੱਲੋਂ ਚੁਣੇ ਹੋਏ ਨੁਮਾਇੰਦੇ ਅਨੈਤਿਕਤਾ, ਭੱਦੀ ਸ਼ਬਦਾਵਲੀ, ਚਰਿੱਤਰ ਚੀਰ ਹਰਨ ਦੀਆਂ ਨੀਵਾਣਾਂ ਵੱਲ ਵਹਿ ਰਹੇ ਹਨ, ਉਸ ਤੋਂ ਇਹੀ ਸਿੱਧ ਹੁੰਦਾ ਹੈ ਕਿ ਇਹ ਗੁਰੂਆਂ ਪੀਰਾਂ, ਪੈਗੰਬਰਾਂ ਦੀ ਛੋਹ ਅਤੇ ਪਵਿੱਤਰ ਬਾਣੀ ਨਾਲ ਸਰਸ਼ਾਰ ਪੰਜਾਬ ਸ਼ਰਮਨਾਕ ਰਾਜਨੀਤਕ ਅਰਾਜਕਤਾ ਦੇ ਜੰਗਲ ਰਾਜ ਵੱਲ ਵੱਧ ਰਿਹਾ ਸੀ। ਇਸ ਮਾਹੌਲ ਵਿਚ ਪੰਜਾਬ ਦੀਆਂ ਧੀਆਂ, ਭੈਣਾਂ, ਮਾਵਾਂ, ਬਜ਼ੁਰਗ ਅਤੇ ਪ੍ਰਬੁੱਧ ਲੋਕ ਅਤਿ ਸ਼ਰਮਿੰਦਾ ਮਹਿਸੂਸ ਕਰ ਰਹੇ ਹਨ।

ਲੋਕਤੰਤਰ ਦੇ ਪਵਿੱਤਰ ਮੰਦਰ ਵਿਧਾਨ ਸਭਾ ਅਤੇ ਪ੍ਰੈਸ ਮਿਲਣੀ ਜਾਂ ਹੋਰ ਜਨਤਕ ਸਮਾਰੋਹਾਂ ਵਿਚ ਰਾਜਨੀਤਕ ਆਗੂ ਪੂਰੀ ਤਿਆਰੀ, ਸੁਚੇਤਤਾ ਅਤੇ ਮੁਸਤੈਦੀ ਨਾਲ ਆਪਣੇ ਭਾਸ਼ਣਾਂ, ਬਿਆਨਾਂ ਅਤੇ ਸੁਆਲਾਂ ਸਮੇਂ ਹਰ ਸ਼ਬਦ ਨਾਪਤੋਲ ਕੇ ਵਰਤਣ ਅਤੇ ਬੋਲਣ ਦਾ ਯਤਨ ਕਰਦੇ ਹਨ। ਸਦਨ ਅੰਦਰ ਭਾਵੇਂ ਲੜਨ, ਭਿੜਨ, ਮਿਹਣੋ-ਮਿਹਣੀ ਹੋਣ ਪਰ ਹਰ ਹਾਲਤ ਵਿਚ ਭੱਦੀ, ਅਨੈਤਿਕ, ਗਾਲੀ ਗਲੋਚ ਭਰੀ ਭਾਸ਼ਾ ਤੋਂ ਗੁਰੇਜ਼ ਕਰਦੇ ਹਨ।
----------
ਸੁਖਪਾਲ ਸਿੰਘ ਖਹਿਰਾ ਨੇ ਜਿਵੇਂ ਬੁਖਲਾਹਟ ਅਤੇ ਆਪੇ ਤੋਂ ਬਾਹਰ ਹੋ ਕੇ ਰਾਣਾ ਗੁਰਜੀਤ ਸਿੰਘ ਨੂੰ ਭ੍ਰਿਸ਼ਟ, ਦਾਗੀ ਅਤੇ ਬਦਮਾਸ਼ ਕਿਹਾ, 'ਕਮੀਨਿਆਂ...ਹਰਾਮਜ਼ਾਦਿਆਂ ਨੂੰ ਸਾਰਾ ਪਤਾ ਹੈ' ਜਿਹੇ ਭੱਦੇ, ਗਾਲੀ ਗਲੋਚ ਭਰੇ ਸ਼ਬਦ ਵਰਤੇ, ਚਰਿੱਤਰ ਚੀਰ ਹਰਨ ਕੀਤਾ; ਉਸ ਦੀ ਮਿਸਾਲ ਕਿੱਧਰੇ ਨਹੀਂ ਮਿਲਦੀ।
----------
ਦੇਸ਼ ਅਤੇ ਰਾਜਾਂ ਸਬੰਧਿਤ ਰਾਜਨੀਤਕ ਆਗੂ ਕੌਮ ਦੇ ਰੋਲ ਮਾਡਲ ਵਜੋਂ ਜਾਣੇ ਜਾਂਦੇ ਹਨ ਪਰ ਕਿੰਨੀ ਮਾਯੂਸੀ ਅਤੇ ਤਕਲੀਫ ਨਾਲ ਕਹਿਣਾ ਪੈਂਦਾ ਹੈ ਕਿ ਅਜੋਕੇ ਰਾਜਨੀਤਕ ਆਗੂਆਂ ਦੀਆਂ ਇਮਾਰਤਾਂ ਬਹੁਤ ਉੱਚੀਆਂ ਹੋ ਗਈਆਂ ਹਨ ਪਰ ਇਨ੍ਹਾਂ ਦੇ ਇਰਾਦੇ ਬਹੁਤ ਸੌੜੇ ਅਤੇ ਨੀਵਾਣਾਂ ਭਰੇ ਹੋ ਗਏ ਹਨ। ਇਨ੍ਹਾਂ ਦੀਆਂ ਗੱਲਾਂ ਆਮ ਜਨਤਕ ਭਾਸ਼ਣਾਂ ਵੇਲੇ ਬਹੁਤ ਦਿਲ ਟੁੰਬਵੀਆਂ ਅਤੇ ਪਿਆਰ ਭਰੀਆਂ ਹੁੰਦੀਆਂ ਹਨ ਪਰ ਇਨ੍ਹਾਂ ਦੇ ਦਿਲ ਪੱਥਰ ਅਤੇ ਨਫ਼ਰਤ ਨਾਲ ਭਰੇ ਹੁੰਦੇ ਹਨ। ਅਜੋਕੇ ਆਗੂ ਵੱਡੀਆਂ-ਵੱਡੀਆਂ ਡਿਗਰੀਆਂ ਦਾ ਵਿਖਾਵਾ ਕਰਦੇ ਹਨ ਪਰ ਇਨ੍ਹਾਂ ਦੀ ਅਕਲ ਨੀਵੇਂ ਪੱਧਰ ਦੀ ਹੁੰਦੀ ਹੈ। ਇਨ੍ਹਾਂ ਦਾ ਪਰਚਾ ਤਾਂ ਲੋਕ ਸੇਵਾ ਵਾਲਾ ਹੁੰਦਾ ਹੈ ਪਰ ਵਿਵਹਾਰ ਲੋਟੂ ਹੁੰਦਾ ਹੈ। ਗੁਰੂ ਨਾਨਕ ਦੇਵ ਜੀ ਦਾ ਇਹ ਸਲੋਕ ਇਨ੍ਹਾਂ 'ਤੇ ਇਨ-ਬਿਨ ਢੁੱਕਦਾ ਹੈ, "ਗਲੀ ਅਸੀਂ ਚੰਗੀਆਂ, ਆਚਾਰੀ, ਬੁਰੀਆਹ॥ ਮਨਹੁ ਕੁਸੁਧਾ ਕਾਲੀਆ, ਬਾਹਰਿ ਚਿਟਵੀਆਹ॥"

ਪਿਛਲੇ ਕੁਝ ਸਮੇਂ ਤੋਂ ਪੰਜਾਬ ਅਸੈਂਬਲੀ ਅੰਦਰ, ਬਾਹਰ ਜਨਤਾ ਅੰਦਰ ਇਸ ਸਾਲ ਦੇ ਸ਼ੁਰੂ ਵਿਚ ਹੋਈਆਂ ਅਸੈਂਬਲੀ ਚੋਣਾਂ ਅਤੇ ਗੁਰਦਾਸਪੁਰ, ਸੰਸਦੀ ਉੱਪ ਚੋਣ ਵਾਲੇ ਰਾਜਨੀਤਕ ਆਗੂਆਂ, ਕਾਂਗਰਸ ਮੰਤਰੀਆਂ ਵਲੋਂ ਭੱਦੀ, ਅਨੈਤਿਕ ਅਤੇ ਗਾਲੀ ਗਲੋਚ ਭਰੀ ਸ਼ਬਦਾਵਲੀ ਵੇਖਣ ਨੂੰ ਮਿਲੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਰੋਧੀ ਧਿਰਾਂ ਨਾਲ ਸਬੰਧਿਤ ਪ੍ਰੌਢ਼ ਰਾਜਨੀਤਕ ਆਗੂਆਂ ਨੇ ਐਸੇ ਆਗੂਆਂ ਨੂੰ ਕਦੇ ਭਵਿੱਖ ਵਿਚ ਅਜਿਹੀ ਸ਼ਬਦਾਵਲੀ ਵਰਤਣ ਤੋਂ ਸਖ਼ਤੀ ਨਾਲ ਨਹੀਂ ਵਰਜਿਆ। ਸਦਨ ਅੰਦਰ ਮਾਣਯੋਗ ਸਪੀਕਰ ਸਾਹਿਬਾਨਾਂ ਨੇ ਐਸੀ ਸ਼ਬਦਾਵਲੀ ਕਾਰਵਾਈ ਵਿਚੋਂ ਤਾਂ ਕੱਢਵਾ ਦਿਤੀ ਪਰ ਭਵਿੱਖ ਵਿਚ ਅਜਿਹਾ ਨਾ ਹੋਵੇ ਉਸ ਲਈ ਠੋਸ ਵਿਵਹਾਰ-ਸਹੰਤਾ, ਉਲੰਘਣਾ ਕਰਨ 'ਤੇ ਇਬਰਤਨਾਕ ਕਾਰਵਾਈ ਜਾਂ ਸਜ਼ਾ ਦਾ ਪ੍ਰਬੰਧ ਨਾ ਕੀਤਾ। ਇਵੇਂ ਹੀ ਮੁੱਖ ਮੰਤਰੀ ਸਾਹਿਬਾਨਾਂ ਸਰਬ ਪਾਰਟੀ ਮੀਟਿੰਗ ਸੱਦ ਕੇ ਐਸੀ ਭੱਦੀ ਅਤੇ ਅਨੈਤਿਕ ਅਤੇ ਗਾਲੀ ਗਲੋਚ ਭਰੀ ਬੋਲੀ ਬਾਣੀ ਰੋਕਣ ਲਈ ਢੁੱਕਵੇਂ ਕਦਮ ਨਹੀਂ ਉਠਾਏ। ਕੈਪਟਨ ਸਰਕਾਰ ਅਤੇ ਸਪੀਕਰ ਸਾਹਿਬ ਨੇ ਅਜੋਕੇ ਤਿੰਨ ਰੋਜ਼ਾ ਵਿਧਾਨ ਸਭਾ ਸਮਾਗਮ ਤੋਂ ਪਹਿਲਾਂ ਨਵੇਂ ਪਹਿਲੀ ਵਾਰ ਚੁਣੇ ਵਿਧਾਇਕਾਂ ਨੂੰ ਸਦਨ ਦੀ ਕਾਰਵਾਈ, ਨਿਯਮਾਂ, ਵਿਵਹਾਰ ਸਹੰਤਾ ਸਿਖਲਾਈ ਲਈ ਦੋ ਰੋਜ਼ਾ ਸਿਖਲਾਈ ਸੈਮੀਨਾਰ ਆਯੋਜਿਤ ਕੀਤਾ ਪਰ ਗੈਰ-ਪਾਰਲੀਮਾਨਾ ਭਾਸ਼ਾ, ਭੱਦੀ ਅਤੇ ਗਾਲੀ ਗਲੋਚ ਭਰੀ ਸ਼ਬਦਾਵਲੀ ਰੋਕਣ ਲਈ ਠੋਸ ਪ੍ਰਬੰਧ, ਨਿਯਮਾਂ ਅਤੇ ਸਜ਼ਾ ਦਾ ਉਪਬੰਧ ਨਾ ਕੀਤਾ। ਹਾਲਾਂਕ ਸਦਨ ਅੰਦਰ ਗਾਲੀ ਗਲੋਚ, ਅਭੱਦਰ ਸ਼ਬਦਾਵਲੀ ਦਾ ਨੰਗਾ-ਚਿੱਟਾ ਪ੍ਰਯੋਗ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਵੇਲੇ ਅਕਾਲੀ ਮੰਤਰੀਆਂ ਅਤੇ ਕਾਂਗਰਸ ਵਿਧਾਇਕਾਂ ਵਲੋਂ ਸ਼ੁਰੂ ਹੋ ਚੁੱਕਾ ਸੀ।
----------
ਖਹਿਰਾ ਨੇ ਇਸ ਤੋਂ ਹੋਰ ਨਿਵਾਣਾਂ ਵਲ ਜਾਂਦੇ ਮੁੱਖ ਮੰਤਰੀ ਦੇ ਸਨਮਾਨਿਤ ਅਹੁਦੇ, ਸਦਨ ਅਤੇ ਰਾਜ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਦਾ ਬਹੁਤ ਹੀ ਬੇਹੂਦਾ ਢੰਗ ਨਾਲ ਚਰਿੱਤਰ ਚੀਰ ਹਰਨ ਕੀਤਾ। ਉਨ੍ਹਾਂ ਦੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਨੂੰ ਲੈ ਕੇ ਜੋ ਉਸ ਅਨੁਸਾਰ ਪਿਛਲੇ 8 ਮਹੀਨੇ ਤੋਂ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਵਿਚ ਬਸੇਰਾ ਕਰ ਰਹੀ ਹੈ, ਬਹੁਤ ਹੀ ਨਿੱਜੀ ਇਤਰਾਜ਼ਯੋਗ ਪ੍ਰਸ਼ਨ ਉਠਾਏ।
----------
ਪੰਜਾਬ ਅੰਦਰ ਵਿਰੋਧੀ ਧਿਰ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਅਤੇ ਖਾਸ ਕਰਕੇ ਉਨ੍ਹਾਂ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਜਿਵੇਂ ਬੁਖਲਾਹਟ ਅਤੇ ਆਪੇ ਤੋਂ ਬਾਹਰ ਹੋ ਕੇ ਆਡੀਓ ਟੇਪ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਘਸੀਟਿਆ, 35 ਲੱਖ ਰੁਪਇਆ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਵਲੋਂ ਦਿਤੇ ਜਾਣ ਦਾ ਦੋਸ਼ ਲਗਾਇਆ, ਉਸ ਨੂੰ ਭ੍ਰਿਸ਼ਟ (corrupt), ਦਾਗੀ (tainted) ਅਤੇ ਬਦਮਾਸ਼ ਕਿਹਾ, 'ਕਮੀਨਿਆਂ...ਹਰਾਮਜ਼ਾਦਿਆਂ ਨੂੰ ਸਾਰਾ ਪਤਾ ਹੈ' ਜਿਹੇ ਭੱਦੇ, ਗਾਲੀ ਗਲੋਚ ਭਰੇ ਸ਼ਬਦ ਵਰਤੇ, ਚਰਿੱਤਰ ਚੀਰ ਹਰਨ ਕੀਤਾ; ਉਸ ਦੀ ਮਿਸਾਲ ਕਿੱਧਰੇ ਨਹੀਂ ਮਿਲਦੀ।

ਉਸ ਨੇ ਇਸ ਤੋਂ ਹੋਰ ਨਿਵਾਣਾਂ ਵਲ ਜਾਂਦੇ ਮੁੱਖ ਮੰਤਰੀ ਦੇ ਸਨਮਾਨਿਤ ਅਹੁਦੇ, ਸਦਨ ਅਤੇ ਰਾਜ ਦੇ ਆਗੂ ਕੈਪਟਨ ਅਮਰਿੰਦਰ ਸਿੰਘ ਦਾ ਬਹੁਤ ਹੀ ਬੇਹੂਦਾ ਢੰਗ ਨਾਲ ਚਰਿੱਤਰ ਚੀਰ ਹਰਨ ਕੀਤਾ। ਉਨ੍ਹਾਂ ਦੀ ਪਾਕਿਸਤਾਨੀ ਦੋਸਤ ਅਰੂਸਾ ਆਲਮ ਨੂੰ ਲੈ ਕੇ ਜੋ ਉਸ ਅਨੁਸਾਰ ਪਿਛਲੇ 8 ਮਹੀਨੇ ਤੋਂ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ਵਿਚ ਬਸੇਰਾ ਕਰ ਰਹੀ ਹੈ, ਬਹੁਤ ਹੀ ਨਿੱਜੀ ਇਤਰਾਜ਼ਯੋਗ ਪ੍ਰਸ਼ਨ ਉਠਾਏ। ਕੈਪਟਨ ਸਾਹਿਬ ਦੇ ਇਖ਼ਲਾਕ ਅਤੇ ਅਰੂਸਾ ਆਲਮ ਦੇ ਪਿਛੋਕੜ ਦੇ ਪੋਤੜੇ ਫੋਲਦਿਆਂ ਪ੍ਰੈਸ ਸਾਹਮਣੇ ਉਨ੍ਹਾਂ ਦੇ ਪਰਖਚੇ ਉੱਚਾ ਕੇ ਰੱਖ ਦਿੱਤੇ। ਇਹ ਔਰਤ ਜੋ ਪਾਕਿਸਤਾਨ ਦੀ ਮੂਲ ਨਿਵਾਸੀ ਹੈ, ਤੋਂ ਭਾਰਤ ਦੀ ਸੁਰੱਖਿਆ ਨੂੰ ਖ਼ਤਰਾ ਹੋਣ ਦਾ ਦੋਸ਼ ਲਗਾਇਆ।

ਲੋਕ ਇਨਸਾਫ ਪਾਰਟੀ ਦੇ ਬੈਂਸ ਭਰਾਵਾਂ ਵਲੋਂ ਪੇਸ਼ ਆਡੀਓ ਸੀ.ਡੀ., ਵਿਧਾਨ ਸਭਾ ਵਿਚ ਉਸ ਸਬੰਧੀ ਸੱਤਾਧਾਰੀ ਕਾਂਗਰਸ ਵਲੋਂ ਪਾਸ ਕਰਾਏ ਮਤੇ ਦਾ ਇਹ ਮਤਲਬ ਨਹੀਂ ਕਿ ਕੋਈ ਵਿਧਾਇਕ ਜਾਂ ਵਿਰੋਧੀ ਧਿਰ ਦਾ ਆਗੂ ਨਿੱਜੀ ਚੀਰ ਹਰਨ ਭੱਦੀ ਅਤੇ ਅਸਭਯ ਭਾਸ਼ਾ 'ਤੇ ਉਤਰ ਆਏ। ਚਾਣਕਯ ਨੀਤੀ ਅਨੁਸਾਰ ਰਾਜਨੀਤੀ ਛੱਲ-ਕਪਟ ਦਾ ਜਵਾਬ ਰਾਜਨੀਤਕ ਛੱਲ ਕਪਟ ਰਾਹੀਂ ਦਿੱਤਾ ਜਾਣਾ ਚਾਹੀਦਾ ਸੀ ਨਾ ਕਿ ਨਿੱਜੀ ਚਰਿੱਤਰ ਹਰਨ ਜਾਂ ਭੱਦੀ ਸ਼ਬਦਾਵਲੀ ਰਾਹੀਂ।

ਗੁਰਦਾਸਪੁਰ ਸੰਸਦੀ ਉੱਪ ਚੋਣ ਵੇਲੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਜਨਤਕ ਭਾਸ਼ਣਾਂ ਵਿਚ ਸੁੱਚਾ ਸਿੰਘ ਲੰਗਾਹ ਰੇਪ ਕੇਸ ਸਬੰਧੀ ਜੋ ਸ਼ਬਦਾਵਲੀ ਵਰਤੀ ਉਹ ਰਾਜਨੀਤਕ ਅਤੇ ਸਮਾਜਿਕ ਤੌਰ ਅਤਿ ਇਤਰਾਜ਼ ਯੋਗ ਸੀ। ਚੰਗਾ ਹੁੰਦਾ ਜੇਕਰ ਉਹ ਇਸ ਦੋਸ਼ ਦਾ ਵਿਵਰਣ ਸੱਭਯ ਭਾਸ਼ਾ ਵਿਚ ਦਿੰਦਾ। ਇਸ 'ਤੇ ਵਿਰੋਧੀ ਧਿਰ ਨੇ ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਦੇ ਵਿਧਾਇਕ ਪੋਤਰੇ ਦਾ ਪ੍ਰਸਿੱਧ 'ਕੇਤੀਆ ਕਾਂਡ' ਜਨਤਕ ਕਰਨਾ ਸ਼ੁਰੂ ਕਰ ਦਿੱਤਾ।
----------
ਪੰਜਾਬ ਇਕ ਸਰਹੱਦੀ ਅਤੇ ਸੰਵੇਦਨਸ਼ੀਲ ਰਾਜ ਹੈ, ਆਰਥਿਕ ਮੰਦਹਾਲੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਐਸੀ ਤਰਸਯੋਗ ਹਾਲਤ ਵਿਚ ਇਹ ਰਾਜਨੀਤਕ ਅਰਾਜਕਤਾ ਦੀ ਤਾਬ ਨਹੀਂ ਝੱਲ ਸਕਦਾ।
----------
ਰਾਜ ਦੇ ਬੁਰੀ ਤਰ੍ਹਾਂ ਅਸਫਲ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਜੋ ਐਸੀ ਹੀ ਅਸਫਲਤਾ ਅਤੇ ਕਿਸਾਨੀ ਸਬੰਧੀ ਸਬਸਿਡੀ ਦੇ ਮੁੱਦੇ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਆਪਣੀ ਕੈਬਨਿਟ ਵਿਚੋਂ ਬਰਖਾਸਤ ਕੀਤੇ ਗਏ ਸਨ, ਰਾਜ ਅੰਦਰ ਰਾਜਨੀਤੀਵਾਨਾਂ ਦੀਆਂ ਅਸਫਲ ਅਤੇ ਕਿਸਾਨੀ ਲਈ ਚੁਰਾਹੇ ਤੇ ਲਾਲ ਬੱਤੀ ਕਰਕੇ ਖੜ੍ਹੇ ਕਾਰ ਸਵਾਰ ਵਲੋਂ ਮੰਗਤੇ ਨੂੰ ਟੁੱਕ ਪਾ ਕੇ 'ਦਫਾ ਕਰਨ' ਵਾਂਗ ਉਸ ਨੂੰ ਰਾਜ ਇਮਦਾਦ ਰਾਹੀਂ 'ਦਫਾ ਕਰਨ' ਦੀ ਪੀੜਾਜਨਕ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ। ਕਿਸਾਨੀ ਸਬਸਿਡੀ ਦਾ ਵਿਰੋਧ ਕਰਨ ਵਾਲੇ ਇਹ ਮੰਤਰੀ ਕਿਨੂੰ ਮਾਰਕੀਟਿੰਗ ਲਈ 19 ਲੱਖ ਦੀ ਸਬਸਿਡੀ ਖਾਂਦੇ ਹਨ ਅਤੇ ਦੋ ਟਿਊਬਵੈਲਾਂ ਦੀ ਮੁਫ਼ਤ ਬਿਜਲੀ ਬਾਲਦੇ ਹਨ (ਜਦਕਿ ਜਨਤਕ ਤੌਰ 'ਤੇ ਕਹਿੰਦੇ ਹਨ ਮੇਰਾ ਕੋਈ ਟਿਊਬਵੈਲ ਨਹੀਂ) ਅੱਜ-ਕੱਲ੍ਹ ਵਿੱਤ ਮੰਤਰੀ ਬਣੇ ਪੁਰਾਣੇ ਜਾਣਕਾਰਾਂ ਨੂੰ ਪਹਿਚਾਨਣਾ ਭੁੱਲ ਰਹੇ ਹਨ ਅਤੇ ਮਿਲਣ ਗਏ ਲੋਕਾਂ ਨੂੰ ਅਤਿ ਦੀ ਹਊਮੈਂ ਨਾਲ ਕਹਿੰਦੇ ਹਨ, 'ਮੈਂ ਪੰਜਾਬ ਦਾ ਵਿੱਤ ਮੰਤਰੀ ਹਾਂ।' ਇਸੇ ਹਉਮੈਂ ਨੇ ਅਕਾਲੀ ਦਲ ਵਿਚੋਂ ਬਾਹਰ ਕੀਤਾ, ਪੀ.ਪੀ.ਪੀ. ਦਾ ਭੱਠਾ ਬੈਠਾਇਆ, ਹਰ ਆਗੂ ਵਾਰੋ-ਵਾਰੀ ਛੱਡ ਗਿਆ, ਆਮ ਆਦਮੀ ਪਾਰਟੀ ਨੇ ਨਾ ਝੱਲਿਆ।

ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੀ ਅਕਸਰ ਜਨਤਕ ਤੌਰ 'ਤੇ ਆਪਾ ਤੋਂ ਬਾਹਰ ਹੋ ਜਾਂਦੇ ਹਨ। ਨਾਭੇ ਦੀ ਪ੍ਰਿੰਸੀਪਲ ਨਾਲ ਮਾੜੇ ਵਿਵਹਾਰ 'ਤੇ ਉੱਤਰਦੇ ਹਨ ਜਦੋਂ ਉਹ ਉਦਘਾਟਨ ਨੂੰ ਲੈ ਕੇ ਨਹੀਂ ਝੁੱਕਦੀ।

ਐਸੀਆਂ ਬਹੁਤ ਸਾਰੀਆਂ ਮਿਸਾਲਾਂ ਹਨ ਕਿ ਜਨਤਕ ਆਗੂ ਲੋਕਾਂ ਵਲੋਂ ਬਖਸ਼ੀ ਸ਼ਕਤੀ ਪ੍ਰਾਪਤ ਕਰਨ ਦੀ ਦੇਰ, 'ਰੱਬ' ਬਣ ਬੈਠਦੇ ਹਨ। ਇਹ ਦਸਮੇਸ਼ ਪਿਤਾ ਦੇ ਇਸ ਮਹਾਨ ਕਥਨ ਨੂੰ ਭੁੱਲਦੇ ਹਨ 'ਇਨ ਹੀ ਕਿਰਪਾ ਕਿ ਸਜੈ ਹਮ ਹੈ, ਨਹੀਂ ਮੋਸੇ ਗਰੀਬ ਕਰੋਰ ਪਰੈ।'

ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਕੈਪਟਨ ਸਾਹਿਬ ਨੂੰ ਸਰਬ ਪਾਰਟੀ ਮੀਟਿੰਗ ਬੁਲਾ ਕੇ ਸਾਰੇ ਰਾਜਨੀਤਕ ਆਗੂਆਂ ਲਈ ਇਕ ਵਿਵਹਾਰ ਮਹੰਤਾਂ ਦਾ ਜ਼ਾਬਤੇ ਭਰਿਆ ਨਿਰਮਾਣ ਕਰਨਾ ਚਾਹੀਦਾ ਹੈ। ਪੰਜਾਬ ਇਕ ਸਰਹੱਦੀ ਅਤੇ ਸੰਵੇਦਨਸ਼ੀਲ ਰਾਜ ਹੈ, ਆਰਥਿਕ ਮੰਦਹਾਲੀ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਐਸੀ ਤਰਸਯੋਗ ਹਾਲਤ ਵਿਚ ਇਹ ਰਾਜਨੀਤਕ ਅਰਾਜਕਤਾ ਦੀ ਤਾਬ ਨਹੀਂ ਝੱਲ ਸਕਦਾ।

(*ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ)


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER