ਵਿਚਾਰ
ਵਿਕਰਾਲ ਪੰਥਕ ਚੁਣੌਤੀਆਂ ਸਨਮੁੱਖ ਕੌਣ ਸਫ਼ਲ ਸ਼੍ਰੋਮਣੀ ਕਮੇਟੀ ਪ੍ਰਧਾਨ ਹੋ ਸਕਦੈ?
- ਦਰਬਾਰਾ ਸਿੰਘ ਕਾਹਲੋਂ*
ਵਿਕਰਾਲ ਪੰਥਕ ਚੁਣੌਤੀਆਂ ਸਨਮੁੱਖ ਕੌਣ ਸਫ਼ਲ ਸ਼੍ਰੋਮਣੀ ਕਮੇਟੀ ਪ੍ਰਧਾਨ ਹੋ ਸਕਦੈ?ਹਰ ਸਾਲ ਸਿੱਖਾਂ ਦੀ ਤਾਕਤਵਰ ਪਾਰਲੀਮੈਂਟ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਨਵੰਬਰ ਮਹੀਨੇ ਹੋਣ ਕਰਕੇ ਸਿੱਖ ਸਿਆਸਤ ਅਤੇ ਪੰਥਕ ਮਸਲੇ ਪੂਰੀ ਤਰ੍ਹਾਂ ਗਰਮਾ ਜਾਂਦੇ ਹਨ। ਸਿੱਖ ਰਾਜਨੀਤੀ ਅਤੇ ਧਾਰਮਿਕ ਸੰਸਥਾਵਾਂ ਦੀ ਸਿਰਮੌਰ ਸ਼ਕਤੀ ਜੋ ਹਕੀਕਤ ਅਤੇ ਅਮਲ ਵਿਚ ਸਿੱਖ ਸਿਆਸਤ ਦੇ ਅਜੋਕੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ ਦੇ ਹੱਥਾਂ ਵਿਚ ਕੇਂਦਰਤ ਹੈ ਅਤੇ ਜਿਸ ਦੀਆਂ ਕਾਰਜਕਾਰੀ ਸ਼ਕਤੀਆਂ ਦਾ ਨਿਰਵਾਹਨ ਉਨ੍ਹਾਂ ਦਾ ਪੁੱਤਰ ਸੁਖਬੀਰ ਸਿੰਘ ਬਾਦਲ ਜੋ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ, ਉਨ੍ਹਾਂ ਦੀ ਸਹਿਮਤੀ ਨਾਲ ਕਰਦਾ ਹੈ।

ਨਵੰਬਰ ਮਹੀਨੇ ਦੀ ਵੱਧਦੀ ਠੰਡਕ ਵਿਚ ਗਰਮਾਉਂਦੀ ਸਿੱਖ ਸਿਆਸਤ ਵਿਚ ਹਰ ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਗੀ ਪਦ ਲਈ ਕੁਝ ਕੁ ਧਾਰਮਿਕ ਅਤੇ ਰਾਜਨੀਤਕ ਅਕਾਲੀ ਆਗੂਆਂ ਦੇ ਨਾਂਅ ਅਖਬਾਰਾਂ ਅਤੇ ਇਲੈਕਟ੍ਰਿਕ ਮੀਡੀਆ ਰਾਹੀਂ ਪੰਥਕ ਹਲਕਿਆਂ ਅਤੇ ਲੀਡਰ ਵਿਚ ਵਿਚਾਰ ਗੋਚਰੇ ਪ੍ਰਸਤੁੱਤ ਕੀਤੇ ਜਾਂਦੇ ਹਨ। ਲੇਕਿਨ ਪ੍ਰਧਾਨਗੀ ਪਦ ਉਸ ਨੂੰ ਹੀ ਸੌਂਪਿਆ ਜਾਂਦਾ ਹੈ ਜਿਸ ਨੂੰ ਸਿਰਮੌਰ ਲੀਡਰਸ਼ਿਪ ਚਾਹੁੰਦੀ ਹੈ। ਇਹੋ ਸਿੱਖ ਪੰਥ ਦਾ ਵੱਡਾ ਦੁਖਾਂਤ ਹੈ ਕਿ ਉਸ ਨੂੰ ਨਹੀਂ ਚੁਣਿਆ ਜਾਂਦਾ, ਜੋ ਸਮੂਹ ਪੰਥ 'ਚ ਸਨਮਾਨ ਅਤੇ ਉਸ ਦੀ ਸਹਿਮਤੀ ਰੱਖਦਾ ਹੋਵੇ, ਸਿਰਮੌਰ ਲੀਡਰਸ਼ਿਪ ਹੀ ਨਹੀਂ ਦੇਸ਼-ਵਿਦੇਸ਼ ਵੱਸਦੇ ਸਿੱਖਾਂ ਦੀ ਪਸੰਦ ਹੋਵੇ ਅਤੇ ਜੋ ਪੰਥ ਅਤੇ ਪੰਥਕ ਸੰਸਥਾਵਾਂ ਦੀ ਸੇਵਾ, ਉਨ੍ਹਾਂ ਦੇ ਹੱਕਾਂ ਅਤੇ ਹਿੱਤਾਂ ਦੀ ਰਾਖੀ ਕਰਨ ਅਤੇ ਪੰਥ ਦੇ ਵਿਸ਼ਵ ਪੱਧਰ 'ਤੇ ਇਕ ਰੁਸ਼ਨਾਈਆਂ ਖਲੇਰ ਦਾ ਚਾਨਣ ਮੁਨਾਰਾ ਸਿਰਜਣ ਦੇ ਕਾਰਜਾਂ ਪ੍ਰਤੀ ਸਮਰਪਿਤ ਹੋਵੇ। ਦੇਸ਼-ਵਿਦੇਸ਼ ਅੰਦਰ ਪੰਥਕ ਚੁਣੌਤੀਆਂ ਦਾ ਡੱਟ ਕੇ ਮੁਕਾਬਲਾ ਕਰਨ ਯੋਗ ਹੋਵੇ। ਅੱਜ ਨਿਸ਼ਚਿਤ ਤੌਰ 'ਤੇ ਬਾਬਾ ਖੜਕ ਸਿੰਘ, ਮਾਸਟਰ ਤਾਰਾ ਸਿੰਘ, ਜਥੇਦਾਰ ਗੁਰਚਰਨ ਸਿੰਘ ਟੌਹੜਾ ਵਰਗੇ ਵਿਜ਼ਨਰੀ ਅਤੇ ਅੱਗ ਫੱਕਣ ਵਾਲੇ ਧਾਰਮਿਕ ਅਤੇ ਰਾਜਨੀਤਕ ਪੰਥਕ ਰਹਿਨੁਮਾਵਾਂ ਦੀ ਘਾਟ ਨਜ਼ਰ ਆਉਂਦੀ ਹੈ।

ਵਿਕਰਾਲ ਚੁਣੌਤੀਆਂ :
ਸਿੱਖ ਸਿਆਸਤ ਜੇਕਰ ਅੱਜ ਬਹੁਤ ਹੀ ਕਮਜ਼ੋਰ ਹੈ, ਪੰਜਾਬ ਵਿਧਾਨ ਸਭਾ ਵਿਚ ਸ਼ਰਮਨਾਕ 15 ਮੈਂਬਰ ਗਰੁੱਪ ਹੋਣ ਕਰਕੇ ਵਿਰੋਧੀ ਧਿਰ ਦੇ ਸਥਾਨ ਤੋਂ ਮਨਫੀ ਹੈ, ਪਾਰਲੀਮੈਂਟ ਵਿਚ ਵੀ ਨਿਤਾਣੀ ਹੈ, ਵੱਖ-ਵੱਖ ਸੂਬਿਆਂ ਵਿਚ ਆਪਣਾ ਪ੍ਰਭਾਵ ਨਹੀਂ ਰੱਖਦੀ, ਵਿਦੇਸ਼ਾਂ ਅੰਦਰ ਆਪਣੀ ਸਾਖ਼ ਬੁਰੀ ਤਰ੍ਹਾਂ ਖੋਹ ਚੁੱਕੀ ਹੈ ਤਾਂ ਇਸ ਦਾ ਵੱਡਾ ਕਾਰਨ ਧਾਰਮਿਕ ਲੀਡਰਸ਼ਿਪ ਅਤੇ ਧਾਰਮਿਕ ਕੁੰਡੇ ਦੀ ਕਮਜ਼ੋਰੀ ਹੈ। ਨਿਸ਼ਚਿਤ ਤੌਰ 'ਤੇ ਸਿੱਖ ਪੰਥ ਨੂੰ ਇਕ ਕੇਂਦਰੀ ਤਾਕਤਵਰ ਲੀਡਰਸ਼ਿਪ ਦਰਕਾਰ ਹੈ। ਪਰ ਉਹ ਏਕਾਧਿਕਾਵਾਦ, ਨਿੱਜ ਸੁਆਰਥ ਅਤੇ ਸਵੈ ਕੇਂਦਰਤ ਉਪਭੋਗਤਾਵਾਦੀ ਸੋਚ ਤੋਂ ਮੁਕਤ ਹੋਣੀ ਚਾਹੀਦੀ ਹੈ ਉਹ ਪੰਥਕ ਜਾਹੋਜਲਾਲ ਦੀ ਸਥਾਪਤੀ, ਵਿਸਥਾਰ ਅਤੇ ਵਿਕਾਸ ਪ੍ਰਤੀ ਸਮਰਪਿਤ ਹੋਣੀ ਚਾਹੀਦੀ ਹੈ। ਐਸੀ ਲੀਡਰਸ਼ਿਪ ਧਾਰਮਿਕ ਅਗਵਾਈ ਬਗੈਰ ਹੋਂਦ ਵਿਚ ਨਹੀਂ ਆ ਸਕਦੀ। ਧਾਰਮਿਕ ਅਗਵਾਈ ਵੀ ਅਜਿਹੀ ਚਾਹੀਦੀ ਹੈ ਜੋ ਇਕ ਅਜਿਹੀ ਤਾਕਤਵਰ ਲੀਡਰਸ਼ਿਪ ਸਿਰਜੇ, ਉਸ ਦਾ ਥੰਮ ਵਜੋਂ ਸਹਾਰਾ ਬਣ ਪਰ ਉਸ ਨੂੰ ਰਾਜਨੀਤੀ ਅਤੇ ਧਰਮ ਦੇ ਵਿਸ਼ਵਾਸ਼ ਭਰੇ ਸੁਮੇਲ ਦੇ ਮੁਜੱਸਮੇ ਵਜੋਂ ਅਡੋਲ ਖੜਾ ਰੱਖੇ।

ਸਿੱਖ ਪਾਰਲੀਮੈਂਟ ਦੇ ਮੈਂਬਰ ਸਦਾ ਚੜਦੀਕਲਾ, ਧਾਰਮਿਕ ਉੱਚ ਕਦਰਾਂ-ਕੀਮਤਾਂ ਨਾਲ ਲਬਰੇਜ਼, ਨਿੱਜੀ ਉੱਚ ਆਚਰਣ ਅਤੇ ਭ੍ਰਿਸ਼ਟਾਚਾਰੀ ਸੋਚ ਤੋਂ ਮੁੱਕਤ ਭਰੀ ਸੋਚ ਵਾਲੇ ਚਾਹੀਦੇ ਹਨ। ਉਹ ਮਾਸਟਰ ਤਾਰਾ ਸਿੰਘ ਤੋਂ ਐਸਾ ਸਬਕ ਸਿੱਖਣ ਅਤੇ ਅਮਲ ਕਰਨ। ਇਕ ਵਾਰ ਉਹ ਮੁੰਬਈ (ਬੰਬਈ) ਤੋਂ ਦਿੱਲੀ ਗੱਡੀ 'ਤੇ ਆ ਰਹੇ ਸਨ। ਉਨ੍ਹਾਂ ਦੇ ਵਾਤਾਨਕੂਲ ਡੱਬੇ ਵਿਚ ਇਕ ਖੂਬਸੂਰਤ ਅੰਗਰੇਜ਼ ਔਰਤ ਉਨ੍ਹਾਂ ਨਾਲ ਸਫ਼ਰ ਕਰ ਰਹੀ ਸੀ। ਜਦੋਂ ਦੋ ਦਿਨ, ਦੋ ਰਾਤਾਂ ਦੇ ਸਫ਼ਰ ਬਾਅਦ ਦਿੱਲੀ ਰੇਲਵੇ ਸਟੇਸ਼ਨ 'ਤੇ ਉੱਤਰੇ ਤਾਂ ਉਸ ਔਰਤ ਨੇ ਬਾਹਰ ਨਿਕਲਦਿਆਂ ਇਕ ਬਾਬੂ ਨੂੰ ਪੁੱਛਿਆ ਕਿ ਉਹ ਵਿਅਕਤੀ ਕੌਣ ਹੈ? ਉਹ ਜਾਣਦਾ ਸੀ। ਉਸ ਨੇ ਦੱਸਿਆ ਕਿ ਉਹ ਸਿੱਖਾਂ ਦਾ ਮਹਾਨ ਆਗੂ ਮਾਸਟਰ ਤਾਰਾ ਸਿੰਘ ਹੈ। ਉਹ ਔਰਤ ਲਿਖਦੀ ਹੈ ਕਿ ਉਸ ਨੇ ਸਿੱਖਾਂ ਦੇ ਉੱਚ ਆਚਰਣ ਬਾਰੇ ਸੁਣਿਆ ਤਾਂ ਬਹੁਤ ਕੁਝ ਸੀ। ਪਰ ਮਾਸਟਰ ਤਾਰਾ ਸਿੰਘ ਨਾਲ ਦੋ ਦਿਨ-ਦੋ ਰਾਤਾਂ ਸਫ਼ਰ ਕਰਕੇ ਇਹ ਸਾਖਸ਼ਾਤ ਵੇਖ ਲਿਆ ਹੈ। ਇਸ ਵਿਅਕਤੀ ਨੇ ਉਸ ਵੱਲ ਤੱਕਿਆ ਤੱਕ ਨਹੀਂ ਸੀ, ਗੱਲਬਾਤ ਕਰਨੀ ਤਾਂ ਦੂਰ ਦੀ ਗੱਲ। ਕੀ ਅੱਜ ਸਾਡੇ ਸ਼੍ਰੋਮਣੀ ਕਮੇਟੀ ਵਿਚ ਮੈਂਬਰ ਐਸੇ ਹਨ? ਸੁੱਚਾ ਸਿੰੰਘ ਲੰਗਾਹ, ਬੀਬੀ ਜਗੀਰ ਕੌਰ ਅਤੇ ਹੋਰ ਐਸੇ ਧਾਰਮਿਕ ਆਗੂਆਂ ਪੰਥ ਅਤੇ ਸਿੱਖ ਲੀਡਰਸ਼ਿਪ ਦਾ ਨੱਕ ਵਢਾ ਕੇ ਰੱਖ ਦਿਤਾ ਹੈ। ਇਕ ਮੈਂਬਰ ਨੇ ਤਾਂ ਗਰੀਬ ਲੜਕੇ ਤੋਂ ਰਿਸ਼ਵਤ ਵੀ ਲਈ ਪਰ ਉਸ ਨੂੰ ਪੱਕਾ ਮੁਲਾਜ਼ਮ ਨਾ ਰੱਖਵਾਉਣ ਕਰਕੇ ਉਹ ਆਤਮ ਹੱਤਿਆ ਕਰ ਗਿਆ। ਸ਼੍ਰੋਮਣੀ ਕਮੇਟੀ ਦਾ ਮੈਂਬਰ ਉਹੀ ਹੋਣਾ ਚਾਹੀਦਾ ਜੋ ਸਿੱਖ ਮਰਿਯਾਦਾ ਦਾ ਪੱਕਾ ਧਾਰਨੀ ਹੋਵੇ। ਐਸੀ ਘਾਟ ਕਰਕੇ ਇਹ ਸੰਸਥਾ ਸਿੱਖ ਪੰਥ ਦੀ ਤਾਕਤ ਦੀ ਥਾਂ ਕਮਜ਼ੋਰੀ ਬਣ ਚੁਕੀ ਹੈ।

ਸਿੱਖਾਂ ਦੇ ਪੰਜ ਤਖ਼ਤਾਂ ਵਿਚ ਇਕੋ ਜਿਹੀ ਰਹਿਤ ਮਰਿਯਾਦਾ ਨਹੀਂ ਹੈ। ਰਾਜਸੀ ਆਕਾਵਾਂ ਦੀ ਗੁਲਾਮੀ ਦੀ ਮਾਨਸਿਕਤਾ ਨੇ ਇਨ੍ਹਾਂ ਸੰਸਥਾਵਾਂ ਨੂੰ ਕਮਜ਼ੋਰ ਕਰ ਰੱਖਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮੀਰੀ-ਪੀਰੀ ਸਰਵਉੱਚਤਾ ਨੂੰ ਵੱਟਾ ਲਗਾਇਆ ਹੋਇਆ ਹੈ। ਉਨ੍ਹਾਂ ਦਾ ਖੁਦਮੁਖਤਾਰ ਅਧਿਕਾਰ ਖੇਤਰ ਹੀ ਨਿਸ਼ਚਿਤ ਨਹੀਂ ਹੈ। ਨਾਨਕਸਾਹੀ ਕੈਲੰਡਰ, ਸਿਰਸਾ ਡੇਰੇ ਦੇ ਸਾਧ (ਜੋ ਜੇਲ 'ਚ ਸੜ ਰਿਹਾ ਹੈ) ਨੂੰ ਸਜ਼ਾ ਅਤੇ ਮੁਆਫੀ ਅਤੇ ਸਜ਼ਾ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਪੁਲਸ ਗੋਲੀਬਾਰੀ ਨਾਲ ਸ਼ਾਂਤਮਈ ਵਿਰੋਧ ਕਰ ਰਹੀ ਸੰਗਤ ਨੂੰ ਗੋਲੀ ਦਾ ਨਿਸ਼ਾਨਾ ਬਣਾਉਣ, ਦੋ ਨੌਜਵਾਨ ਮਾਰੇ ਜਾਣ ਦੇ ਬਾਵਜੂਦ ਚੁੱਪੀ ਸਾਧ ਰਖਣਾ, ਰਾਜਸੀ ਆਕਾਵਾਂ ਦੇ ਆਦੇਸ਼ ਲੈਣ ਲਈ ਉਨ੍ਹਾਂ ਦੀ ਚੌਖਟ 'ਤੇ ਨਤਮਸਤਕ ਹੋਣ ਜਿਹੇ ਅਨੇਕ ਕਾਰਨ ਹਨ ਜਿਨ੍ਹਾਂ ਕਰਕੇ ਤਖਤਾਂ ਦੇ ਸਨਮਾਣ ਦਾ ਪਤਨ ਹੋਇਆ ਹੈ।

ਸਿੱਖ ਧਰਮ ਵਿਚ ਡੇਰੇਦਾਰ ਗੁਰੂਡੰਮ ਦੀ ਕੋਈ ਥਾਂ ਨਹੀਂ। ਇਸ ਗੁਰੂਡੰਮ ਦੇ ਚੇਲਿਆਂ ਅਧਾਰਤ ਬੱਝੇ ਵੋਟ ਬੈਂਕ ਕਰਕੇ ਉਨ੍ਹਾਂ ਪੰਥਕ ਰਾਜਨੀਤੀਵਾਨਾਂ ਦੀ ਹਮਾਇਤ ਪ੍ਰਾਪਤ ਹੈ। ਸਿੱਖ ਧਰਮ ਵਿਚ ਜਦੋਂ ਕੋਈ ਡੇਰੇਦਾਰ ਤਾਕਤਵਰ ਹੋ ਜਾਵੇ ਤਾਂ ਉਹ ਇਸ ਦੇ ਵੱਡੇ ਵਿਨਾਸ਼ ਦਾ ਕਾਰਨ ਬਣਦਾ ਹੈ। ਹੁਣ ਧਾਰਮਿਕ ਲੀਡਰਸ਼ਿਪ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਦਮਦਮੀ ਟਕਸਾਲ ਅਤੇ ਢੱਡਰੀਆਂ ਵਾਲੇ ਡੇਰੇ ਵਿਚ ਸੁਲਹ-ਸਫਾਈ ਲਈ ਕੋਈ ਕਦਮ ਨਹੀਂ ਚੁੱਕਿਆ। ਉਲਟਾ ਢੱਡਰੀਆਂ ਵਾਲੇ ਸੰਤ ਨੂੰ ਧੌਂਸਵਾਦ ਦਾ ਨਿਸ਼ਾਨਾ ਬਣਾਇਆ। ਸਿੱਖ ਧਾਰਮਿਕ ਲੀਡਰਸ਼ਿਪ ਐਸੀ ਚਾਹੀਦੀ ਹੈ ਜੋ ਡੇਰੇਦਾਰ ਮਸੰਦਾਂ ਨੂੰ ਧਾਰਮਿਕ ਜਾਗ੍ਰਿਤੀ ਰਾਹੀਂ ਖ਼ਤਮ ਕਰੇ।
----------
ਅੱਜ ਦੇਸ਼ ਅੰਦਰ ਸਿੱਖ ਧਾਰਮਿਕ, ਰਾਜਨੀਤਕ ਅਤੇ ਵਿਦਿਅਕ ਸੰਸਥਾਵਾਂ ਅੱਜ ਆਰ.ਐੱਸ.ਐੱਸ. ਦੇ ਹਿੰਦੁਤਵਾਦ ਦੀ ਚੱਕਰਵਿਯੂ ਰਚਨਾ ਦਾ ਸ਼ਿਕਾਰ ਹਨ। ਵਿਦੇਸ਼ ਵਿਚ ਬੈਠੇ ਲੱਖਾਂ ਸਿੱਖ ਨਸਲੀ ਹਿੰਸਾ ਦੇ ਸ਼ਿਕਾਰ ਹਨ। ਅੱਜ ਐਸੀ ਧਾਰਮਿਕ ਲੀਡਰਸ਼ਿਪ ਦੀ ਲੋੜ ਹੈ ਜੋ ਸਮੁੱਚੇ ਵਿਸ਼ਵ ਦੀ ਸਿੱਖ ਲੀਡਰਸ਼ਿਪ ਨੂੰ ਪੰਥਕ ਮੁੱਖ ਧਾਰਾ ਨਾਲ ਜੋੜੇ।
----------
ਅੱਜ ਵਿਦੇਸ਼ ਵਿਚ ਬੈਠੇ ਲੱਖਾਂ ਸਿੱਖ ਨਸਲੀ ਹਿੰਸਾ ਦੇ ਸ਼ਿਕਾਰ ਹਨ। ਦਰਅਸਲ ਕਦੇ ਕਿਸੇ ਪ੍ਰਧਾਨ ਨੇ ਈਸਾਈ ਜਗਤ ਦੇ ਪੋਪ, ਇਸਲਾਮ ਦੇ ਉਲੇਮਾਵਾਂ, ਬੋਧੀ ਅਤੇ ਯਹੂਦੀ ਧਾਰਮਿਕ ਆਗੂਆਂ ਨਾਲ ਸੰਵਾਦ ਨਹੀਂ ਰਚਾਏ। ਨਾ ਹੀ ਵੱਖ-ਵੱਖ ਐਸੇ ਰਾਸ਼ਟਰਾਂ ਦੀ ਰਾਜਨੀਤਕ ਲੀਡਰਸ਼ਿਪ ਨਾਲ ਮੁਲਾਕਾਤਾਂ ਕੀਤੀਆਂ ਜਿੱਥੇ ਸਿੱਖ ਨਸਲੀ ਹਿੰਸਾ ਦਾ ਸ਼ਿਕਾਰ ਹੁੰਦੇ ਹਨ। ਅੱਜ ਐਸੀ ਸੁਚੇਤ ਅਤੇ ਪ੍ਰਭਾਵਸ਼ਾਲੀ ਪੰਥਕ ਧਾਰਮਿਕ ਲੀਡਰਸ਼ਿਪ ਦੀ ਲੋੜ ਹੈ।

ਅੱਜ ਵਿਦੇਸ਼ਾਂ ਅੰਦਰ ਸਿੱਖ ਲੀਡਰਸ਼ਿਪ ਬਹੁਤ ਅੱਗੇ ਨਿਕਲਣ ਕਰਕੇ ਸਾਡੀ ਰਾਜਨੀਤਕ ਅਤੇ ਧਾਰਮਿਕ ਲੀਡਰਸ਼ਿਪ ਆਪਣੀ ਵੁੱਕਤ ਗੁਆ ਬੈਠੀ ਹੈ। ਸ਼੍ਰੋਮਣੀ ਅਕਾਲੀ ਦਲ ਵਲੋਂ ਥਾਪੇ ਜਾਂਦੇ ਬਦੇਸ਼ਾਂ ਅੰਦਰ ਰਾਜਨੀਤਕ ਆਗੂ ਇਨ੍ਹਾਂ ਦੇ ਚਾਪਲੂਸ ਹੋਣ ਕਰਕੇ ਉਥੋਂ ਦੇ ਭਾਈਚਾਰੇ ਵਿਚ ਕੋਈ ਪ੍ਰਭਾਵ ਨਹੀਂ ਰੱਖਦੇ। ਇਹ ਧਾਰਮਿਕ ਅਤੇ ਰਾਜਨੀਤਕ ਲੀਡਰਸ਼ਿਪ ਦੀ ਨਲਾਇਕੀ ਅਤੇ ਅਗਵਾਈ ਦੀ ਸਮਰਥਾ ਦੀ ਘਾਟ ਹੈ ਕਿ ਅੱਜ ਬਦੇਸ਼ੀ ਸਰਕਾਰਾਂ, ਪ੍ਰਸਾਸ਼ਨ ਅਤੇ ਸਮਾਜ ਵਿਚ ਉੱਚ ਰੁੱਤਬੇ ਵਾਲੇ ਮੰਤਰੀ, ਮੇਅਰ, ਕੌਂਸਲਰ, ਫੌਜੀ, ਸਿਵਲ ਅਤੇ ਪੁਲਸ ਸਿੱਖ ਅਧਿਕਾਰੀ ਪੰਥਕ ਮੁੱਖਧਾਰਾ ਵਿਚ ਸ਼ਾਮਿਲ ਨਹੀਂ ਹਨ। ਕੈਪਟਨ ਅਮਰਿੰਦਰ ਸਿੰਘ ਵਰਗੇ ਸਿੱਖ ਮੁੱਖ ਮੰਤਰੀਆਂ ਜਾਂ ਅਕਾਲੀ ਆਗੂਆਂ ਦਾ ਨਾਂਹ ਪੱਖੀ ਵਤੀਰਾ ਉਨ੍ਹਾਂ ਨੂੰ ਹੋਰ ਦੂਰ ਕਰਨ ਵਿਚ ਸਹਾਈ ਹੁੰਦਾ ਹੈ। ਅੱਜ ਐਸੀ ਧਾਰਮਿਕ ਲੀਡਰਸ਼ਿਪ ਦੀ ਲੋੜ ਹੈ ਜੋ ਸਮੁੱਚੇ ਵਿਸ਼ਵ ਦੀ ਸਿੱਖ ਲੀਡਰਸ਼ਿਪ ਨੂੰ ਪੰਥਕ ਮੁੱਖ ਧਾਰਾ ਨਾਲ ਜੋੜੇ।

ਪੰਜਾਬ ਅੰਦਰ ਨਸ਼ੀਲੇ ਪਦਾਰਥ, ਹਿੰਸਕ ਗੈਂਗਸਟਰਵਾਦ, ਵਿਆਹ-ਸ਼ਾਦੀਆਂ ਵਿਚ ਹਿੰਸਾ, ਵੱਡੀਆਂ ਜੰਞਾਂ ਅਤੇ ਮੀਟ, ਸ਼ਰਾਬਾਂ ਜਾਂ ਤਾਮਸੀ ਭੋਜਨ ਪਦਾਰਥਾਂ ਦੀ ਵਰਤੋਂ ਸਿਵਲ, ਪੁਲਸ ਪ੍ਰਸ਼ਾਸ਼ਨ ਜਾਂ ਰਾਜਸੀ ਆਗੂਆਂ ਵਲੋ ਹੱਥਾਂ ਵਿਚ ਗੁੱਟਕਾ ਸਾਹਿਬ ਫੜ ਕੇ ਸਹੂੰਆਂ ਚੁੱਕਣ ਨਾਲ ਬੰਦ ਨਹੀਂ ਹੋ ਸਕਦੇ। ਇਨ੍ਹਾਂ ਲਈ ਧਾਰਮਿਕ ਅਤੇ ਸਮਾਜਿਕ ਜਾਗ੍ਰਿਤੀ ਅਤੇ ਜਾਬਤੇ ਦੀ ਲੋੜ ਹੈ। ਇਸ ਦੀ ਪ੍ਰਾਪਤੀ ਲਈ ਗਤੀਸ਼ੀਲ ਧਾਰਮਿਕ ਆਗੂ ਅਹਿਮ ਭੂਮਿਕਾ ਨਿਭਾ ਸਕਦੇ ਹਨ। ਖਾਸ ਕਰਕੇ ਸ਼੍ਰੋਮਣੀ ਕਮੇਟੀ ਪ੍ਰਧਾਨ।

ਦੇਸ਼ ਅੰਦਰ ਸਿੱਖ ਧਾਰਮਿਕ, ਰਾਜਨੀਤਕ ਅਤੇ ਵਿਦਿਅਕ ਸੰਸਥਾਵਾਂ ਅੱਜ ਆਰ.ਐੱਸ.ਐੱਸ. ਦੇ ਹਿੰਦੁਤਵਾਦ ਦੀ ਚੱਕਰਵਿਯੂ ਰਚਨਾ ਦਾ ਸ਼ਿਕਾਰ ਹਨ। ਇਸ ਤੋਂ ਬਚਾਅ ਅਤੇ ਸੁਰੱਖਿਆ ਲਈ ਅੱਜ ਤਾਕਤਵਰ, ਧਾਰਮਿਕ ਅਤੇ ਮਜ਼ਬੂਤ ਰਾਜਨੀਤਕ ਇੱਛਾ ਸ਼ਕਤੀ ਵਾਲੀ ਲੀਡਰਸ਼ਿਪ ਦਰਕਾਰ ਹੈ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਸ਼੍ਰੋਮਣੀ ਕਮੇਟੀ 'ਤੇ ਕਬਜ਼ੇ ਦੇ ਸੁਪਨੇ ਚੂਰੋ ਚੂਰ ਕਰਨ ਦਾ ਦਲੇਰਾਨਾ ਜੁਰਕਾ ਰਖਣ ਵਾਲੀ ਲੀਡਰਸ਼ਿਪ ਲੋੜੀਂਦੀ ਹੈ।

ਅੱਜ ਧਾਰਮਿਕ ਦੂਰਦ੍ਰਿਸ਼ਟੀ ਅਤੇ ਪ੍ਰੌਢਤਾ ਰਾਹੀਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦੂਸਰੇ ਤਖ਼ਤਾਂ ਦੇ ਜੱਥੇਦਾਰਾਂ ਦੇ ਅਧਿਕਾਰ ਖੇਤਰ ਨਿਯਮਤ ਕਰਨ ਦੀ ਲੋੜ ਹੈ। ਜੇਕਰ ਸਿੱਖ 'ਗੁਰਮਤਾ' ਪ੍ਰੰਪਰਾ ਰਾਹੀਂ ਜਥੇਦਾਰ ਸਾਹਿਬਾਨ ਨਿਰਣੈ ਲੈਣ ਤਾਂ ਇਨ੍ਹਾਂ ਨੂੰ ਕਿਸੇ ਚੁਣੌਤੀ ਦੀ ਲੋੜ ਹੀ ਨਹੀਂ ਕਿਉਂਕਿ ਸਰਬ ਪ੍ਰਵਾਨਿਤ, ਸਰਬ ਹਿਤੈਸ਼ੀ, ਸਰਬਤ ਦੇ ਭਲੇ ਵਾਲੇ ਗੁਰਮਤੇ ਸਭ ਲਈ ਮੰਨਣ ਯੋਗ ਹੁੰਦੇ ਹਨ। ਉਨ੍ਹਾਂ ਦੁਨਿਆਵੀ ਅਦਾਲਤਾਂ ਵਿਚ ਚੈਲੰਜ ਕਰਨ ਦਾ ਕੋਈ ਹੀਆ ਹੀ ਨਹੀਂ ਕਰਦਾ ਜਿਵੇਂ ਸਿੱਖ ਚਿੰਤਕ ਹਰਜਿੰਦਰ ਸਿੰਘ ਦਿਲਗੀਰ ਨੇ ਸ੍ਰੀ ਅਕਾਲ ਤਖਤ ਦੇ ਨਿਰਣੇ ਨੂੰ ਹਾਈਕੋਰਟ ਵਿਚ ਚੈਲੰਜ ਕੀਤਾ ਹੈ। ਬਦੇਸ਼ਾਂ ਵਿਚ ਤਾਂ ਪਹਿਲਾਂ ਹੀ ਐਸੀਆਂ ਮਿਸਾਲਾਂ ਹਨ ਜਦੋਂ ਪੰਥਕ ਨਿਰਣੇ ਅਦਾਲਤਾਂ ਦੁਆਰਾ ਸੁਲਝਾਏ ਜਾਂਦੇ ਹਨ।

ਖੈਰ! ਪੰਥ ਅਤੇ ਪੰਥਕ ਲੀਡਰਸ਼ਿਪ ਅਤੇ ਸਮੂਹ ਪੰਥਕ ਧਿਰਾਂ ਨੂੰ ਨਿਰਵਿਵਾਦਤ, ਪ੍ਰਬੁੱਧ, ਉਦਾਰਵਾਦੀ, ਸਮਰਪਿਤ ਅਤੇ ਸਰਬ ਪ੍ਰਵਾਨਿਤ ਸ਼ਖ਼ਸੀਅਤ ਨੂੰ ਵਿਕਰਾਲ ਪੰਥਕ ਚੁਣੌਤੀਆਂ ਸਨਮੁੱਖ ਇਸ ਵਾਰ ਪ੍ਰਧਾਨ ਚੁਣਨਾ ਚਾਹੀਦਾ ਹੈ।

(*ਸਾਬਕਾ ਰਾਜ ਸੂਚਨਾ ਕਮਿਸ਼ਨਰ, ਪੰਜਾਬ)  


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER