ਵਿਚਾਰ
ਪੰਜਾਬ ਦਾ ਆਖਰੀ ਮਹਾਰਾਜਾ ਸੀ ਦਲੀਪ ਸਿੰਘ
ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ
- ਗੁਰਪ੍ਰੀਤ ਧਾਲੀਵਾਲ
ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘਜੂਨ 27, 1839 ਈਸਵੀ ਨੂੰ ਬਿਮਾਰੀ ਨਾਲ ਲੜਦਾ 58 ਸਾਲ, 7 ਮਹੀਨੇ ਤੇ 26 ਦਿਨਾਂ ਦੀ ਉਮਰ ਭੋਗ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਏਸ ਸੰਸਾਰ ਨੂੰ ਅਲਵਿਦਾ ਆਖ ਤੁਰਿਆ। ਉਨ੍ਹਾਂ ਤੋਂ ਬਾਅਦ ਮਹਾਰਾਜਾ ਖੜਕ ਸਿੰਘ (ਜੂਨ 1839 ਤੋਂ ਅਕਤੂਬਰ 1839), ਕੰਵਰ ਨੌਂਨਿਹਾਲ ਸਿੰਘ (ਅਕਤੂਬਰ 1839 ਤੋਂ ਨਵੰਬਰ 1840), ਮਾਈ ਚੰਦ ਕੌਰ (ਨਵੰਬਰ 1840 ਤੋਂ ਜਨਵਰੀ 1841), ਮਹਾਰਾਜਾ ਸ਼ੇਰ ਸਿੰਘ (ਜਨਵਰੀ 1841 ਤੋਂ ਸਤੰਬਰ 1843) ਸਿੰਘਾਸਨ 'ਤੇ ਵਿਰਾਜਮਾਨ ਹੋਏ ਪਰ ਸਭ ਹੀ ਅਸਫਲ ਸਿੱਧ ਹੋਏ ਤੇ ਸਿੰਧਵਾਲੀਏ ਤੇ ਡੋਗਰੇ ਸਰਦਾਰਾਂ ਦੀਆਂ ਸ਼ਾਜਿਸਾਂ ਦਾ ਸ਼ਿਕਾਰ ਹੋ ਗਏ।

ਆਖਿਰ ਮਹਾਰਾਜਾ ਰਣਜੀਤ ਸਿੰਘ ਦੀ ਅਠਾਰਾਂ ਵਿਆਹਾਂ ਚੋਂ ਸਭ ਤੋਂ ਛੋਟੀ ਰਾਣੀ, ਰਾਣੀ ਜਿੰਦਾਂ ਦੀ ਕੁੱਖੋਂ 6 ਸਤੰਬਰ 1838 ਈ ਨੂੰ ਜਨਮਿਆ ਸਭ ਤੋਂ ਛੋਟਾ ਪੁੱਤਰ ਮਹਾਰਾਜਾ ਦਲੀਪ ਸਿੰਘ ਤੇ ਸਿੱਖਾਂ ਦਾ ਆਖਰੀ ਰਾਜਾ, ਮਹਿਜ਼ ਪੰਜ ਸਾਲਾਂ ਦੀ ਉਮਰ ਵਿੱਚ 16 ਸਤੰਬਰ 1843 ਈ ਨੂੰ ਰਾਜ ਗੱਦੀ 'ਤੇ ਬੈਠਾ। ਉਮਰ ਨਿਆਣੀ ਹੋਣ ਕਾਰਨ ਰਾਣੀ ਜਿੰਦਾਂ ਰਾਜ ਮਾਤਾ ਦੀ ਹੈਸੀਅਤ ਨਾਲ ਉਸ ਦੀ ਸਰਪ੍ਰਸਤ ਬਣੀ ਤੇ ਲਹਿਣਾ ਸਿੰਘ ਸਿੰਧਵਾਲੀਆ ਤੇ ਹੀਰਾ ਸਿੰਘ ਤੋਂ ਬਾਅਦ ਮਹਾਰਾਣੀ ਜਿੰਦਾਂ ਦੇ ਭਰਾ ਜਵਾਹਰ ਸਿੰਘ ਨੂੰ ਵਜ਼ੀਰ ਬਣਾਇਆ ਗਿਆ।

ਮਹਾਰਾਜਾ ਦਲੀਪ ਸਿੰਘ ਦੇ ਵੱਡੇ ਭਰਾ ਕੰਵਰ ਪਿਸੌਰਾ ਸਿੰਘ ਵੱਲੋਂ ਰਾਜ ਗੱਦੀ 'ਤੇ ਆਪਣਾ ਹੱਕ ਜਤਾਉਣ ਤੋਂ ਬਾਅਦ ਉਹ ਰਾਣੀ ਜਿੰਦਾਂ ਦਾ ਨੇੜੇ ਹੋ ਗਿਆ, ਜਿਸ ਤੋਂ ਜਵਾਹਰ ਸਿੰਘ ਨੂੰ ਆਪਣੀ ਵਜ਼ੀਰ ਵਾਲੀ ਕੁਰਸੀ ਜਾਣ ਦਾ ਖਤਰਾ ਮਹਿਸੂਸ ਹੋਣ ਲੱਗਾ। ਸੋ ਉਸ ਨੇ ਕੰਵਰ ਪਿਸੌਰਾ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪਰ ਜਦੋਂ ਹੀ ਸਿੱਖ ਫੌਜ ਦੇ ਕੰਨੀਂ ਇਹ ਖਬਰ ਪਈ ਤਾਂ ਫੌਜ ਨੇ ਜਵਾਹਰ ਸਿੰਘ ਨੂੰ ਰਾਣੀ ਜਿੰਦਾਂ ਤੇ ਦਲੀਪ ਸਿੰਘ ਦੇ ਸਾਹਮਣੇ ਹੀ ਕਤਲ ਕਰ ਦਿੱਤਾ। ਜਵਾਹਰ ਸਿੰਘ ਦੇ ਮਾਰੇ ਜਾਣ ਤੋਂ ਬਾਅਦ ਲਾਲ ਸਿੰਘ ਲਾਹੌਰ ਸਰਕਾਰ ਦਾ ਵਜ਼ੀਰ ਤੇ ਤੇਜਾ ਸਿੰਘ ਨੂੰ ਸੈਨਾਪਤੀ ਬਣਾਇਆ ਗਿਆ ਜੋ ਕਿ ਅੰਗਰੇਜੀ ਹਕੂਮਤ ਦੇ ਚਮਚੇ ਸਨ। ਜਵਾਹਰ ਸਿੰਘ ਦੀ ਮੌਤ ਤੋਂ ਬਾਅਦ ਉਹ ਸਿੱਖ ਫੌਜ ਦੀ ਤਾਕਤ ਤੋਂ ਭਲੀ-ਭਾਂਤ ਜਾਣੂ ਸਨ ਤੇ ਇਸ ਤਾਕਤ ਨੂੰ ਉਹ ਆਪਣੇ ਲਈ ਖਤਰਾ ਸਮਝਦੇ ਸਨ। ਸੋ ਉਹ ਖਾਲਸਾਈ ਫੌਜ ਨੂੰ ਅੰਗਰੇਜਾਂ ਨਾਲ ਲੜਵਾ ਕੇ ਢਹਿ-ਢੇਰੀ ਕਰ ਦੇਣਾ ਚਾਹੁੰਦੇ ਸਨ। 

ਸਿੱਖ ਫੌਜਾਂ ਪਹਿਲਾਂ ਹੀ ਅੰਗਰੇਜਾਂ ਤੋਂ ਖਫਾ ਸਨ। ਉਪਰੋਂ ਬਲਦੀ 'ਤੇ ਤੇਲ ਪਾਉਣ ਦਾ ਕੰਮ ਤੇਜਾ ਸਿੰਘ ਤੇ ਲਾਲ ਸਿੰਘ ਨੇ ਕੀਤਾ। ਫਲਸਰੂਪ ਰਾਣੀ ਜਿੰਦਾਂ ਦੀ ਸਹਿਮਤੀ ਬਗੈਰ ਹੀ ਪਹਿਲਾ ਐਂਗਲੋ ਸਿੱਖ ਯੁੱਧ (ਦਸੰਬਰ 1845-ਮਾਰਚ 1846) ਹੋਇਆ ਜਿਸ ਵਿੱਚ ਗੱਦਾਰ ਵਜ਼ੀਰ ਲਾਲ ਸਿੰਘ ਤੇ ਸੈਨਾਪਤੀ ਤੇਜਾ ਸਿੰਘ ਦੀ ਅਗਵਾਈ ਹੇਠ ਸਿੱਖਾਂ ਦੀ ਹਾਰ ਹੋਈ। ਇਸ ਜਿੱਤ ਤੋਂ ਬਾਅਦ ਅੰਗਰੇਜਾਂ ਨੇ ਲਾਹੌਰ ਸਾਮਰਾਜ ਨੂੰ ਆਪਣੇ ਰਾਜ ਵਿੱਚ ਸ਼ਾਮਿਲ ਨਹੀਂ ਕੀਤਾ, ਬਲਕਿ ਮਹਾਰਾਜਾ ਦਲੀਪ ਸਿੰਘ ਨੂੰ ਆਪਣਾ ਰਾਜਾ ਸਵੀਕਾਰ ਕੀਤਾ, ਪਰ ਰਾਣੀ ਜਿੰਦਾਂ ਨੂੰ ਹਟਾ ਕੇ ਕੌਂਸਲ ਬਣਾ ਦਿੱਤੀ ਗਈ।

9 ਵਰਿਆਂ ਦੇ ਦਲੀਪ ਸਿੰਘ ਤੋਂ ਉਸ ਦੀ ਮਾਂ ਨੂੰ ਵੱਖ ਕਰ ਕੇ ਸ਼ੇਖੂਪੁਰਾ ਤੇ ਬਾਅਦ ਵਿੱਚ ਫ਼ਿਰੋਜ਼ਪੁਰ (ਯੂ.ਪੀ.) ਭੇਜ ਦਿੱਤਾ ਗਿਆ। ਅੰਗਰੇਜ ਮਾਂ-ਪੁੱਤ ਦਾ ਇਕੱਠਿਆਂ ਰਹਿਣ ਨੂੰ ਆਉਣ ਵਾਲੇ ਸਮੇਂ ਵਿੱਚ ਵੱਡਾ ਖਤਰਾ ਸਮਝਦੇ ਸਨ। ਉਹ ਭਲੀ-ਭਾਂਤ ਜਾਣਦੇ ਸਨ ਕਿ ਜੇਕਰ ਦਲੀਪ ਸਿੰਘ ਤੇ ਰਾਣੀ ਜਿੰਦਾਂ ਇਕੱਠੇ ਰਹੇ ਤਾਂ ਦਲੀਪ ਸਿੰਘ 'ਤੇ ਉਸ ਦੀ ਮਾਂ ਦਾ ਅਸਰ ਜਰੂਰ ਦਿਖੇਗਾ ਸੋ ਉਨ੍ਹਾਂ ਨੇ ਇਸ ਖਤਰੇ ਨੂੰ ਜੜੋਂ ਹੀ ਉਖਾੜ ਦੇਣ ਦੀ ਘਿਣਾਉਣੀ ਚਾਲ ਖੇਡੀ।

ਅੰਗਰੇਜਾਂ ਤੋਂ ਹਾਰ ਦਾ ਬਦਲੀ ਲੈਣ ਦੇ ਮੰਤਵ ਨਾਲ ਤੇ ਇਉਂ ਕਹਿ ਲਓ ਕਿ ਅੰਗਰੇਜਾਂ ਦੁਆਰਾ ਸਿੱਖੀ ਫੌਜ ਦੀ ਮੁੜ ਹਾਸਿਲ ਕੀਤੀ ਤਾਕਤ ਨੂੰ ਢਹਿ ਢੇਰੀ ਕਰ ਦੇਣ ਦੀ ਚਾਲ ਵਿੱਚ ਆਉਣ ਦੇ ਸਿੱਟੇ ਵਜੋਂ ਦੂਜਾ ਐਂਗਲੋ ਸਿੱਖ ਯੁੱਧ (1848-49 ਈ.) ਹੋਇਆ, ਅੰਤ 10 ਮਾਰਚ 1849 ਨੂੰ ਸਿੱਖਾਂ ਨੇ ਹਥਿਆਰ ਸੁੱਟ ਦਿੱਤੇ। 12 ਸਾਲਾਂ ਦੇ ਦਲੀਪ ਸਿੰਘ ਤੋਂ ਸੰਧੀਆਂ 'ਤੇ ਦਸਤਖਤ ਕਰਵਾ ਰਾਜ ਗੱਦੀ ਤੋਂ ਹਟਾ ਦਿੱਤਾ ਤੇ 29 ਮਾਰਚ 1849 ਈ ਨੂੰ ਕੋਹੀਨੂਰ ਸਮੇਤ ਪੰਜਾਬ ਰਾਜ ਨੂੰ ਖਤਮ ਕਰਕੇ ਅੰਗਰੇਜੀ ਰਾਜ ਵਿੱਚ ਸ਼ਾਮਿਲ ਕਰ ਲਿਆ ਗਿਆ। ਕੋਹੀਨੂਰ ਹੀਰਾ ਮਹਾਰਾਣੀ ਵਿਕਟੋਰੀਆ ਦੀ ਖਿਦਮਤ ਵਿੱਚ ਪੇਸ਼ ਕੀਤਾ ਗਿਆ।

ਸਿੰਘਾਸਨ ਤੋਂ ਹਟਾਏ ਜਾਣ ਬਾਅਦ ਮਹਾਰਾਜਾ ਦਲੀਪ ਸਿੰਘ ਦੀ ਪੜ੍ਹਾਈ ਦੀ ਜ਼ਿੰਮੇਵਾਰੀ ਭਜਨ ਲਾਲ (ਜੋ ਹਿੰਦੂ ਧਰਮ ਤੋਂ ਇਸਾਈ ਬਣਿਆ ਸੀ) ਤੇ ਡਾ.ਜੌਹਨ ਲੋਗਨ ਦੀ ਲਗਾਈ ਗਈ। 1853 ਈ ਨੂੰ ਮਹਾਰਾਜਾ ਦਲੀਪ ਸਿੰਘ ਨੇ ਇਨ੍ਹਾਂ ਸਭਨਾਂ ਦੇ ਪ੍ਰਭਾਵ ਹੇਠ ਸਿੱਖੀ ਛੱਡ ਇਸਾਈ ਧਰਮ ਅਪਣਾ ਲਿਆ। ਧਰਮ ਪਰਿਵਰਤਨ ਤੋਂ ਕੁਝ ਕੁ ਦਿਨ ਪਹਿਲਾਂ ਮਹਾਰਾਜੇ ਨੇ ਆਪਣੇ ਕੇਸ ਕਤਲ ਕਰਵਾ ਡਾ.ਲੋਗਨ ਦੀ ਪਤਨੀ ਨੂੰ ਭੇਟ ਕੀਤੇ। ਮਹਾਰਾਜੇ ਤੇ ਰਾਣੀ ਜਿੰਦਾਂ ਦੋਵਾਂ ਨੂੰ ਸਿਰਫ ਉਨ੍ਹਾਂ ਲੋਕਾਂ ਨਾਲ ਹੀ ਮਿਲਣ ਦਿੱਤਾ ਜਾਂਦਾ ਜੋ ਅੰਗਰੇਜਾਂ ਦੇ ਭਰੋਸੇ ਵਾਲੇ ਹੁੰਦੇ ਸਨ।

1854 ਈ. ਵਿੱਚ ਸ਼ੇਰ-ਏ-ਪੰਜਾਬ ਦੇ ਸਹਿਜ਼ਾਦੇ ਇੰਗਲੈਂਡ ਪਹੁੰਚੇ, ਜਿੱਥੇ ਮਹਾਰਾਣੀ ਵਿਕਟੋਰੀਆ ਨਾਲ ਤਾਰੁੱਖ ਹੋਇਆ। ਮਹਾਰਾਣੀ ਵਿਕਟੋਰੀਆ ਮਹਾਰਾਜਾ ਦਲੀਪ ਸਿੰਘ ਨਾਲ ਆਪਣੇ ਪੁੱਤਰਾਂ ਦੀ ਤਰ੍ਹਾਂ ਵਿਵਹਾਰ ਕਰਦੀ, ਹਰ ਸ਼ਾਹੀ ਸ਼ਮਾਗਮ ਵਿੱਚ ਮਹਾਰਾਜੇ ਦਲੀਪ ਦੀ ਹਾਜ਼ਰੀ ਹੁੰਦੀ। ਈਸਟ ਇੰਡੀਆ ਕੰਪਨੀ ਵੱਲੋਂ ਦਿੱਤੇ ਵਿੰਬਲਡਨ ਤੇ ਰਿਓਹੈਂਪਟਨ ਵਿੱਚ ਦਿੱਤੇ ਘਰਾਂ ਵਿੱਚ ਹੀ ਤਿੰਨ ਸਾਲ ਮਹਾਰਾਜਾ ਦਲੀਪ ਸਿੰਘ ਰਹੇ। ਬਕਿੰਗਮ ਮਹਿਲ ਵਿਖੇ ਫਰੈਂਜ ਜੇਵੀਅਰ ਵਿੰਟਰ ਹਾਲਟਰ ਨੇ ਮਹਾਰਾਜੇ ਦੀ ਪੇਂਟਿੰਗ ਵੀ ਬਣਾਈ। ਇਨ੍ਹਾਂ ਪੇਂਟਿੰਗ ਸ਼ੈਸਨਾਂ ਦੇ ਦੌਰਾਨ ਹੀ ਮਹਾਰਾਜੇ ਨੂੰ ਮੁੜ ਅਦਭੁੱਤ ਕੋਹੀਨੂਰ ਨੂੰ ਪਹਿਣਨ ਦਾ ਮੌਕਾ ਮਿਲਿਆ। ਜਦੋਂ ਮਹਾਰਾਜੇ ਨੇ ਹੀਰਾ ਮਹਾਰਾਣੀ ਵਿਕਟੋਰੀਆ ਨੂੰ ਵਾਪਿਸ ਕੀਤਾ ਤਾਂ ਇਹ ਘਟਨਾ ਉਸ ਸਮੇਂ ਇਹ ਘਟਨਾ ਅਖਬਾਰਾਂ ਦੀ ਸੁਰਖੀ ਬਣੀ।

ਰਿਓਹੈਂਪਟਨ ਵਿੱਚ ਰਹਿੰਦੇ ਹੋਏ ਅੱਕ ਜਾਣ ਤੋਂ ਬਾਅਦ ਮਹਾਰਾਜੇ ਨੇ ਜਦ ਵਾਪਿਸ ਭਾਰਤ ਆਉਣ ਦੀ ਗੱਲ ਕੀਤੀ ਤਾਂ ਈਸਟ ਇੰਡੀਆ ਕੰਪਨੀ ਨੇ ਮਹਾਰਾਜੇ ਨੂੰ ਯੂਰਪ ਘੁੰਮ ਆਉਣ ਦੀ ਸਲਾਹ ਦਿੱਤੀ। ਯੂਰਪ ਤੋਂ ਵਾਪਿਸ ਪਰਤਣ ਤੋਂ ਬਾਅਦ 19 ਸਾਲ ਦਾ ਮਹਾਰਾਜਾ ਦਲੀਪ ਸਿੰਘ ਸਕਾਟਲੈਂਡ ਦੇ ਪਰਥਸ਼ਾਇਰ ਦੇ ਖੇਤਰ ਵਿੱਚ ਰਿਹਾ। ਸ਼ਾਹੀ ਠਾਠ-ਬਾਠ, ਪਹਿਰਾਵੇ ਦੇ ਕਰਕੇ ਰਾਜਾ ਖਿੱਚ ਦਾ ਕੇਂਦਰ ਬਣਿਆ ਜਿਸ ਕਰਕੇ ਮਹਾਰਾਜਾ ਦਲੀਪ ਸਿੰਘ ਨੂੰ "ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ" ਦੇ ਨਾਮ ਨਾਲ ਨਿਵਾਜਿਆ ਜਾਣ ਲੱਗਾ। 18 ਸਾਲ ਦੀ ਉਮਰ ਤੋਂ ਹੀ ਦਲੀਪ ਸਿੰਘ ਵੱਲੋਂ ਆਪਣੀ ਮਾਂ ਨੂੰ ਲਿਖੀਆਂ ਚਿੱਠੀਆਂ ਨੂੰ ਅੰਗਰੇਜੀ ਹੁਕਮਰਾਨਾਂ ਨੇੇ ਮਹਾਰਾਣੀ ਤੱਕ ਨਹੀਂ ਪਹੁੰਚਣ ਦਿੱਤਾ। ਇੱਕ ਚਿੱਠੀ ਰਾਹੀਂ ਮਹਾਰਾਜੇ ਨੂੰ ਆਪਣੀ ਮਾਂ ਦੀ ਗੰਭੀਰ ਹਾਲਤ ਤੇ ਅੰਨ੍ਹੇ ਹੋ ਜਾਣ ਬਾਰੇ ਪਤਾ ਲੱਗਾ ਜਿਸ ਤੋਂ ਮਹਾਰਾਜਾ ਆਪਣੀ ਮਾਂ ਨੂੰ ਮਿਲਣ ਲਈ ਹੋਰ ਤਤਪਰ ਹੋ ਗਿਆ।

ਅੰਤ 16 ਜਨਵਰੀ 1861 ਈ. ਨੂੰ ਉਹ ਘੜੀ ਆਈ ਜਦ 13 ਸਾਲ ਦੇ ਲੰਬੇ ਅਰਸੇ ਬਾਅਦ ਪੁੱਤ ਦੇ ਵਿਛੋੜੇ ਦਾ ਸੰਤਾਪ ਹੰਡਾਉਂਦੀ ਅੰਨੀ ਹੋ ਚੁੱਕੀ ਆਪਣੀ ਮਾਂ ਨੂੰ ਉਸ ਦਾ ਇਕਲੌਤਾ ਪੁੱਤ ਭਾਰਤ ਆਨ ਗਲਵੱਕੜੀ ਪਾ ਮਿਲਿਆ ਤੇ ਹਮੇਸ਼ਾ ਲਈ ਆਪਣੇ ਨਾਲ ਇੰਗਲੈਂਡ ਲੈ ਗਿਆ। ਇੰਗਲੈਂਡ ਰਹਿੰਦੇ ਹੋਏ ਹਫ਼ਤੇ ਵਿੱਚ ਦੋ ਵਾਰ ਹੀ ਮਾਂ ਪੁੱਤ ਮਿਲ ਸਕਦੇ ਸਨ। ਮਾਂ ਤੇ ਪੁੱਤ ਦਾ ਅੰਗਰੇਜੀ ਹਕੂਮਤ ਦੀ ਸਹਿਮਤੀ ਬਿਨਾਂ ਮਿਲਣਾ ਸੰਭਵ ਨਹੀਂ ਸੀ ਪਰ ਮਿਲਣਾ ਤਾਂ ਹੋਇਆ ਕਿਉਂਕਿ ਅੰਗਰੇਜ ਸਮਝਦੇ ਸਨ ਕਿ ਹੁਣ ਮਾਂ ਤੇ ਪੁੱਤਰ ਦੇ ਮਿਲਣ ਨਾਲ ਉਨ੍ਹਾਂ ਨੂੰ ਕੋਈ ਖ਼ਤਰਾ ਨਹੀਂ, ਸੋ ਮਿਲਣ ਦੇ ਦਿੱਤਾ ਗਿਆ। 1863 ਈ, ਨੂੰ ਅਚਾਨਕ ਰਾਣੀ ਜਿੰਦਾਂ ਦੀ ਮੌਤ ਹੋ ਗਈ। ਪਰ ਤਕਰੀਬਨ ਇੰਗਲੈਂਡ ਵਿੱਚ ਚਾਰ ਸਾਲ ਦਲੀਪ ਸਿੰਘ ਨਾਲ ਰਹਿੰਦਿਆਂ ਰਾਣੀ ਜਿੰਦਾਂ ਨੇ ਹਰ ਲੋੜੀਂਦੀ ਗੱਲ ਤੋਂ ਦਲੀਪ ਸਿੰਘ ਨੂੰ ਜਾਣੂ ਕਰਵਾਇਆ। ਪਹਿਲਾਂ ਮਾਂ ਨੂੰ ਮਿਲਣ ਲਈ ਭਾਰਤ ਆਉਣ ਤੋਂ ਬਾਅਦ ਦੂਜੀ ਤੇ ਆਖਰੀ ਵਾਰ ਮਹਾਰਾਜਾ ਆਪਣੀ ਮਾਂ ਦੀਆਂ ਅਸਥੀਆਂ ਲੈ ਕੇ ਭਾਰਤ ਆਇਆ।

ਨੋਰਫੋਕ ਇਲੈਵਡੈਨ ਵਿਖੇ 17000 ਏਕੜ (69 ਕਿਮੀ) ਦੀ ਜਾਇਦਾਦ ਮਹਾਰਾਜੇ ਨੇ ਖਰੀਦੀ (ਕਈ ਮੰਨਦੇ ਹਨ ਕਿ ਭਾਰਤ ਸਰਕਾਰ ਵੱਲੋਂ ਦਿੱਤੀ ਗਈ), ਜਿੱਥੇ ਮਹਾਰਾਜਾ ਸ਼ਾਨੋ-ਸ਼ੌਕਤ ਨਾਲ ਰਿਹਾ ਕਰਦਾ ਸੀ। ਇਥੋਂ ਦੀ ਹੀ ਜਰਮਨ ਮੂਲ ਦੀ ਔਰਤ 'ਬੰਬਾ ਮੂਲਕ' ਜੂਨ 07, 1864 ਨੂੰ ਮਹਾਰਾਜੇ ਦੀ ਪਹਿਲੀ ਪਤਨੀ ਬਣੀ। ਇਸ ਵਿਆਹ ਤੋਂ ਮਹਾਰਾਜੇ ਦੇ ਤਿੰਨ ਬੇਟੇ ਤੇ ਤਿੰਨ ਬੇਟੀਆਂ ਦਾ ਜਨਮ ਹੋਇਆ: ਪ੍ਰਿੰਸ ਵਿਕਟਰ ਦਲੀਪ ਸਿੰਘ, ਪ੍ਰਿੰਸ ਫਰੈਂਡਰਿਕ ਦਲੀਪ ਸਿੰਘ, ਪ੍ਰਿੰਸ ਐਲਬਰਟ ਐਡਵਰਡ ਦਲੀਪ ਸਿੰਘ, ਰਾਜਕੁਮਾਰੀ ਬੰਬਾ ਦਲੀਪ ਸਿੰਘ, ਰਾਜਕੁਮਾਰੀ ਕੈਥਰਾਇਨ ਦਲੀਪ ਸਿੰਘ ਤੇ ਰਾਜਕੁਮਾਰੀ ਸੋਫੀਆ ਦਲੀਪ ਸਿੰਘ।

1870ਵੇਂ ਦਹਾਕੇ ਦੌਰਾਨ ਮਹਾਰਾਜੇ ਨੂੰ ਵਿੱਤੀ ਸੰਕਟਾਂ ਨੇ ਆਣ ਘੇਰਿਆ ਤੇ ਮਹਾਰਾਜੇ ਨੇ ਆਪਣੀ ਭਾਰਤੀ ਜਾਇਦਾਦ ਦੀ ਮੰਗ ਕੀਤੀ। ਇਸੇ ਸਿਲਸਿਲੇ ਦੇ ਚਲਦਿਆਂ ਮਹਾਰਾਜੇ ਨੇ ਕਾਫੀ ਪੱਤਰ ਭਾਰਤ ਸਰਕਾਰ ਨੂੰ ਲਿਖੇ ਪਰ ਨਾ ਪੱਖੀ ਹੁੰਗਾਰਾ ਹੀ ਮਿਲਿਆ। ਜਦੋਂ ਮਹਾਰਾਜਾ ਦਾ ਹੱਥ-ਵੱਸ ਨਾ ਚੱਲਿਆ ਤਾਂ 31 ਮਾਰਚ 1886 ਈ ਨੂੰ ਬਿਨ ਮਨਜੂਰੀ ਪਰਿਵਾਰ ਸਮੇਤ ਮਹਾਰਾਜਾ ਭਾਰਤ ਵੱਲ ਨੂੰ ਰਵਾਨਾ ਹੋਇਆ। ਅੰਗਰੇਜ ਸਰਕਾਰ ਮਹਾਰਾਜੇ ਦੇ ਭਾਰਤ ਪਹੁੰਚਣ ਨੂੰ ਆਪਣੇ ਲਈ ਵੱਡਾ ਖਤਰਾ ਸਮਝਦੀ ਸੀ। ਲਿਹਾਜਾ ਜਦੋਂ ਸਮੁੰਦਰੀ ਜਹਾਜ਼ ਅਦੇਨ ਪਹੁੰਚਿਆ ਤਾਂ ਮਹਾਰਾਜੇ ਨੂੰ ਉਥੋਂ ਹਟਾ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਤੇ ਉਸ ਦਾ ਪਰਿਵਾਰ ਬ੍ਰਿਟੇਨ ਪਰਤ ਗਿਆ। 1886 ਈ. ਨੂੰ ਮਹਾਰਾਜੇ ਨੇ ਇਸਾਈ ਧਰਮ ਛੱਡ ਸਿੱਖ ਧਰਮ ਮੁੜ ਅਪਣਾ ਲਿਆ। 1885 ਤੋਂ ਮਰਨ ਤੱਕ ਮਹਾਰਾਜਾ ਰੋਇਲ ਫੋਟੋਗ੍ਰਾਫਿਕ ਸੁਸਾਇਟੀ ਦੇ ਮੈਂਬਰ ਵੀ ਰਿਹਾ।

1889 ਈ. ਨੂੰ ਮਹਾਰਾਜੇ ਨੇ ਦੂਜਾ ਵਿਆਹ ਅਦਾ ਡੋਗਲਾਸ ਬੈਦਰਿਲ ਨਾਲ ਕਰਵਾਇਆ ਜਿਸ ਤੋਂ ਦੋ ਬੇਟੀਆਂ ਰਾਜਕੁਮਾਰੀ ਪਾਲਿੱਸ ਅਲੈਗਜੈਂਡਰ ਦਲੀਪ ਸਿੰਘ, ਰਾਜਕੁਮਾਰੀ ਅਦਾ ਇਰੇਨ ਦਲੀਪ ਸਿੰਘ ਦਾ ਜਨਮ ਹੋਇਆ। ਭਾਰਤ ਜਾਣ ਦੇ ਯਤਨਾਂ ਤੋਂ ਬਾਅਦ ਮਹਾਰਾਜਾ ਜਿੱਥੇ ਵੀ ਰਿਹਾ ਅੰਗਰੇਜਾਂ ਦੁਆਰਾ ਉਸ ਦੀ ਪੂਰੀ ਜਾਸੂਸੀ ਕੀਤੀ ਗਈ।

ਅੰਤ ਸ਼ੇਰ-ਏ-ਪੰਜਾਬ ਦਾ ਆਖਰੀ ਪੁੱਤਰ ਤੇ ਪੰਜਾਬ ਦਾ ਆਖਰੀ ਮਹਾਰਾਜਾ ਦਲੀਪ ਸਿੰਘ ਅਕਤੂਬਰ 1893 ਈ. ਨੂੰ 55 ਸਾਲ ਦੀ ਉਮਰ ਭੋਗ ਚੜਾਈ ਕਰ ਗਿਆ। ਮਹਾਰਾਜੇ ਦੀ ਭਾਰਤ ਵਾਪਿਸ ਪਰਤਣ ਦੀ ਇੱਛਾ ਮਰਨ ਤੋਂ ਬਾਅਦ ਵੀ ਪੂਰੀ ਨਹੀਂ ਹੋਈ ਤੇ ਪੈਰਿਸ ਵਿਖੇ ਹੀ ਅੰਤਿਮ ਰਸਮਾਂ ਨਾਲ ਮਹਾਰਾਜਾ ਦਲੀਪ ਸਿੰਘ ਨੂੰ ਦਫਨਾਇਆ ਗਿਆ। 1999 ਵਿੱਚ ਮਹਾਰਾਜੇ ਦੀ ਯਾਦ ਵਿੱਚ ਇੱਕ ਬੁੱਤ ਵੀ ਬਣਾਇਆ ਗਿਆ ਜਿਸ ਦੀ ਘੁੰਡ ਚੁਕਾਈ ਪ੍ਰਿੰਸ ਚਾਰਲਸ ਨੇ ਕੀਤੀ।

ਭਾਵੇਂ ਮਹਾਰਾਜਾ ਦਲੀਪ ਸਿੰਘ ਸਿੱਖੀ ਸਾਮਰਾਜ ਲਈ ਕੁਝ ਨਹੀਂ ਕਰ ਸਕਿਆ ਪ੍ਰੰਤੂ ਮਹਾਰਾਜੇ ਦੇ ਜੀਵਨ ਕਾਲ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਅੰਗਰੇਜੀ ਸਾਮਰਾਜ ਨੇ ਕਿਸ ਤਰ੍ਹਾਂ ਮਨੁੱਖੀ ਅਧਿਕਾਰਾਂ ਨੂੰ ਛਿੱਕੇ ਟੰਗ, ਇੱਕ ਮਾਸੂਮ ਬੱਚੇ ਦੀਆਂ ਭਾਵਨਾਵਾਂ ਦਾ ਜ਼ਰਾ ਵੀ ਖਿਆਲ ਨਾ ਕਰਦੇ ਹੋਏ ਨਿੱਕੀ ਉਮਰੇ ਹੀ ਉਸ ਨੂੰ ਆਪਣੀ ਮਾਂ ਤੋਂ ਵੱਖ ਕਰ ਦਿੱਤਾ, ਸਿਰਫ਼ ਤੇ ਸਿਰਫ਼ ਆਪਣੇ ਮਨਸੂਬਿਆਂ ਦੀ ਪੂਰਤੀ ਦੇ ਲਈ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER