ਵਿਚਾਰ
ਰੌਸ਼ਨ ਖ਼ਵਾਬ ਦਾ ਖ਼ਤ
- ਹਰਪ੍ਰੀਤ ਸਿੰਘ ਕਾਹਲੋਂ
ਰੌਸ਼ਨ ਖ਼ਵਾਬ ਦਾ ਖ਼ਤਪਿਆਰੀ ਰੂਪ ਇਨਾਇਤ ਕੌਰ,

ਇਹ ਚਿੱਠੀ ਮੈਂ ਅੱਜ ਲਿਖ ਰਿਹਾ ਹਾਂ ਜਦੋਂ ਤੂੰ ਸਿਰਫ ਚਾਰ ਸਾਲ ਦੀ ਹੈਂ ਅਤੇ ਤੂੰ ਸਕੂਲ 'ਚ ਆਪਣੇ ਪਹਿਲੇ ਦਿਨ ਦੀ ਸ਼ੁਰੂਆਤ ਕਰ ਰਹੀ ਹੈ। ਜੋ ਮੈਂ ਲਿਖ ਰਿਹਾ ਹਾਂ ਏਹਦੀ ਸਮਝ ਤੈਨੂੰ ਅੱਜ ਜ਼ਰਾ ਜਿੰਨੀ ਵੀ ਨਹੀਂ ਆਵੇਗੀ ਪਰ ਫਿਰ ਵੀ ਮੈਂ ਲਿਖ ਰਿਹਾ ਹਾਂ ਕਿਉਂਕਿ ਮੈਂ ਚਾਹੁੰਦਾ ਹਾਂ ਕਿ ਜਦੋਂ ਤੂੰ ਆਪਣੀ ਉੱਮਰ ਦੇ ਉਸ ਪੰਧ 'ਤੇ ਪਹੁੰਚੇਗੀ ਜਦੋਂ ਤੈਨੂੰ ਇਨ੍ਹਾਂ ਹਰਫਾਂ ਦੀ ਸਮਝ ਹੋਵੇ ਤਾਂ ਤੂੰ ਇਸ ਚਿੱਠੀ ਨੂੰ ਜ਼ਰੂਰ ਪੜ੍ਹੇ।

ਇੱਕ ਪਿਓ ਹੋਣ ਦੇ ਨਾਤੇ ਮੇਰੇ ਬਹੁਤ ਸਾਰੇ ਡਰ ਹਨ। ਇਹ ਡਰ ਤੇਰੇ ਨਾਲ ਪਿਆਰ ਹੋਣ ਕਰਕੇ ਹਨ ਅਤੇ ਕੁਝ ਇਸ ਸਮਾਜਿਕ ਬੰਦੋਬਸਤ ਕਰਕੇ ਹਨ। ਕਿਉਂਕਿ ਅਸੀਂ ਇੱਕਲੇ ਹੋ ਕੇ ਵੀ ਇੱਕ ਕੁਨਬੇ 'ਚ ਰਹਿੰਦੇ ਹਾਂ। ਜਦੋਂ ਸਾਡੇ ਉੱਤੇ ਕੋਈ ਵੱਡੀ ਬਿਪਤਾ ਪੈਂਦੀ ਹੈ ਧਰਮ ਦੇ ਨਾਮ 'ਤੇ, ਸਮਾਜਕ ਜ਼ਿੰਮੇਵਾਰੀ ਦੇ ਨਾਮ 'ਤੇ ਤਾਂ ਇਹ ਭਾਈਚਾਰਾ ਅਹਿਸਾਸ ਜਾਗਦਾ ਹੈ ਅਤੇ ਅਜ਼ਾਦ ਸੋਚ ਦਾ ਵਿਰੋਧ ਕਰ ਜਾਂਦਾ ਹੈ। ਉਂਝ ਸਾਨੂੰ ਆਪਣੇ ਗੁਆਂਢ 'ਚ ਕੋਣ ਰਹਿੰਦਾ ਹੈ ਅਤੇ ਉਹਦੇ ਸੁੱਖ ਦੁੱਖ ਬਾਰੇ ਜ਼ਰਾ ਜਿੰਨੀ ਵੀ ਜਾਣਕਾਰੀ ਨਹੀਂ ਹੁੰਦੀ। ਅਸੀਂ ਬੰਦੇ ਅਜਿਹੇ ਹੀ ਹਾਂ। ਸੋ ਮੈਂ ਚਾਹੁੰਦਾ ਹਾਂ ਕਿ ਤੂੰ ਇਸ ਚਿੱਠੀ ਨੂੰ ਉਸ ਦਿਨ ਜ਼ਰੂਰ ਪੜ੍ਹੇ ਜਦੋਂ ਤੇਰੀ ਖੁਦ ਨੂੰ ਲੈਕੇ ਸਮਝ ਬਣੇਗੀ।

ਇਹ ਚਿੱਠੀ ਕੋਈ ਚਮਤਕਾਰ ਨਹੀਂ ਬੱਸ ਸਿਧਰੇ ਜਿਹੇ ਮੇਰੇ ਅਹਿਸਾਸ ਹਨ ਕਿ ਤੈਨੂੰ ਦਿਨ ਬ ਦਿਨ ਜਵਾਨ ਹੁੰਦੇ ਵੇਖਣਾ ਪਿਤਾ ਹੋਣ ਦੇ ਨਾਤੇ ਮੇਰੇ ਲਈ ਕੀ ਮਾਇਨੇ ਰੱਖਦਾ ਹੈ। ਇਹਨੂੰ ਸਿਰਫ ਮਹਿਸੂਸ ਕੀਤਾ ਜਾ ਸਕਦਾ ਹੈ ਬਿਆਨ ਨਹੀਂ। ਤੇਰਾ ਸਾਡੀ ਜ਼ਿੰਦਗੀ 'ਚ ਆਉਣਾ ਮੇਰੀ ਜ਼ਿੰਦਗੀ ਦਾ ਸਭ ਤੋਂ ਪਿਆਰਾ ਖੂਬਸੂਰਤ ਅਹਿਸਾਸ ਸੀ। ਇਹਨੂੰ ਮੈਂ ਅਤੇ ਤੇਰੀ ਮਾਂ ਹਮੇਸ਼ਾ ਜਿਉਂਦੇ ਹਾਂ। ਰੋਜ਼ਾਨਾ…ਹਰ ਰੋਜ਼…ਨਿਰੰਤਰ…

ਹੁਣ ਜਦੋਂ ਕਿ ਤੂੰ ਪਹਿਲੇ ਦਿਨ ਸਕੂਲ ਜਾ ਰਹੀ ਹੈਂ ਅਤੇ ਇਸ ਨੂੰ ਲੈ ਕੇ ਪੂਰੇ ਘਰ 'ਚ ਵਿਆਹ ਵਰਗਾ ਮਾਹੌਲ ਸੀ। ਸਭ ਤੋਂ ਪਹਿਲਾਂ ਤੈਨੂੰ ਕਿਹੜੇ ਸਕੂਲ ਭੇਜਿਆ ਜਾਵੇ ਇਸ ਨੂੰ ਲੈ ਕੇ ਘਰ 'ਚ ਪੂਰੀ ਸਭਾ ਬੈਠ ਗਈ ਸੀ। ਕਿਉਂਕਿ ਇਸ ਦੌਰਾਨ ਸਾਡੀ ਇਹ ਚਿੰਤਾ ਵੀ ਸੀ ਕਿ ਤੂੰ ਆਪਣੀ ਮਾਂ ਬੋਲੀ ਤੋਂ ਜੁਦਾ ਨਾ ਹੋ ਜਾਵੇ। ਮੇਰੀ ਇੱਛਾ ਹੈ ਕਿ ਮਾਂ ਬੋਲੀ ਨਾਲ ਸਾਡਾ ਇਸ਼ਕ ਹੋਣਾ ਚਾਹੀਦਾ ਹੈ। ਇਸਲਈ ਗੁਰੂ ਨਾਨਕ ਬਾਣੀ, ਬਾਬਾ ਫਰੀਦ, ਵਾਰਿਸ, ਬੁਲ੍ਹਾ ਪੜ੍ਹਣੇ ਜ਼ਰੂਰੀ ਹਨ। ਮੇਰੇ ਤੋਂ ਵੀ ਪਹਿਲਾਂ ਪੰਜਾਬ ਦਾ ਬੜਾ ਪਿਆਰਾ ਕਵੀ ਹੋਇਆ ਹੈ। ਸ. ਚਰਨ ਸਿੰਘ ਸ਼ਹੀਦ… ਉਹ ਕਹਿੰਦੇ ਹਨ:

ਇੱਕੋ ਗੱਲ ਮਾੜੀ ਏਹਦੇ ਸ਼ੈਲ ਬਾਂਕੇ ਬੋਲੀ ਆਪਣੀ ਮਨੋ ਗਵਾਈ ਜਾਂਦੇ
ਪਿੱਛੇ ਸਿੱਪੀਆਂ ਦੇ ਖਾਣ ਫਿਰਨ ਗੋਤੇ ਪੰਜ ਆਬ ਦਾ ਮੋਤੀ ਰੁਲਾਈ ਜਾਂਦੇ

ਮੈਂ ਨਹੀਂ ਜਾਣਦਾ ਕਿ ਤੁਹਾਡੇ ਦੌਰ ਤੱਕ ਪਹੁੰਚਦੇ ਇਹ ਕਿੱਡਾ ਮਸਲਾ ਹੋਵੇਗਾ। ਪਰ ਇਸ ਦੌਰ ਅੰਦਰ ਸਾਡੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਉਨ੍ਹਾਂ ਅਧਿਆਪਕਾਂ ਨੂੰ ਤਲਬ ਕਰਦੇ ਰਹਿੰਦੇ ਹਨ ਜਿਨ੍ਹਾਂ ਦੀ ਕਾਰਗੁਜ਼ਾਰੀ ਕਰਕੇ ਨਤੀਜਾ ਉਮੀਦ ਮੁਤਾਬਕ ਨਹੀਂ ਆਉਂਦਾ। ਸਰਕਾਰੀ ਸਕੂਲਾਂ ਦੇ ਇਨ੍ਹਾਂ ਅਧਿਆਪਕਾਂ ਬਾਰੇ ਤੇਰਾ ਰਾਜਪੁਰੇ ਵਾਲਾ ਤਾਇਆ ਕਹਿੰਦਾ ਹੈ ਕਿ ਇਹ ਤਨਖਾਹਾਂ ਲੈਂਦੇ ਹਨ ਸਰਕਾਰ ਕੋਲੋਂ, ਪੜ੍ਹਾਉਂਦੇ ਹਨ ਸਰਕਾਰੀ ਸਕੂਲ 'ਚ ਪਰ ਇਨ੍ਹਾਂ ਦੇ ਆਪਣੇ ਬੱਚੇ ਉੱਥੇ ਕਿਉਂ ਨਹੀਂ ਪੜ੍ਹਦੇ? ਖੈਰ ਤੈਨੂੰ ਕਿਹੜੇ ਸਕੂਲ ਭੇਜਿਆ ਜਾਵੇ ਇਸਲਈ ਅਜਿਹਾ ਸਕੂਲ ਲੱਭਣ ਦੀ ਕੋਸ਼ਿਸ਼ ਹੋ ਰਹੀ ਸੀ ਜਿੱਥੇ ਤੂੰ ਬੇਹਤਰੀਨ ਸਿੱਖਿਆ ਲੈ ਸਕੇ। ਅਸਲ 'ਚ ਇਹ ਬੇਹਤਰੀਨ ਸਿੱਖਿਆ ਦੀ ਪਰਿਭਾਸ਼ਾ ਇਹ ਸੀ ਕਿ ਜਿੱਥੇ ਤੂੰ ਪੜ੍ਹੇ ਉੱਥੋਂ ਤੂੰ ਕਿਸੇ ਵਧੀਆ ਵਿੱਦਿਅਕ ਅਦਾਰੇ 'ਚ ਜਾਵੇ, ਫੇਰ ਕੋਈ ਮੋਟਾ ਪੈਕੇਜ ਆਫਰ ਵਾਲੀ ਨੌਕਰੀ ਕਰ ਸਕੇ ਅਤੇ ਫੇਰ ਤੈਨੂੰ ਵਧੀਆ ਘਰ ਮਿਲੇਗਾ, ਜਿੱਥੇ ਤੇਰਾ ਵਿਆਹ ਹੋਵੇਗਾ। ਇਹ ਬੜਾ ਹਾਸੋਹੀਣਾ ਲੱਗਦਾ ਹੈ। ਹਿੰਦੀ ਸਿਨੇਮਾ ਦੀ ਇੱਕ ਅਦਾਕਾਰਾ ਹੈ।ਤਨਿਸ਼ਕਾ ਚੈਟਰਜੀ! ਸਾਂਵਲੇ ਰੰਗ ਦੀ ਅਦਾਕਾਰਾ ਮੇਰੀ ਪਸੰਦੀਦਾ ਹੈ। ਤੇਰੇ ਜਵਾਨ ਹੋਣ ਤੱਕ ਉਹ ਬੁੱਢੀ ਹੋ ਜਾਵੇਗੀ। ਇਨ੍ਹਾਂ ਦਿਨਾਂ 'ਚ ਉਹਨੇ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਇਸ ਦੇਸ਼ 'ਚ ਸੋਚ ਨੂੰ ਬਦਲਣਾ ਬਹੁਤ ਜ਼ਰੂਰੀ ਹੈ। ਅਸਲ 'ਚ ਜਦੋਂ ਅਸੀਂ ਕੁੜੀਆਂ ਨੂੰ ਪੜ੍ਹਾ ਰਹੇ ਹਾਂ ਤਾਂ ਵੀ ਸਾਡੀ ਸੋਚ ਰਹਿੰਦੀ ਹੈ ਕਿ ਇਨ੍ਹਾਂ ਨੂੰ ਪੜ੍ਹਾ ਲਿਖਾ ਕੇ ਇਸ ਕਾਬਲ ਸਿਰਫ ਇਸਲਈ ਬਣਾਇਆ ਜਾਣਾ ਚਾਹੀਦਾ ਹੈ ਤਾਂ ਕਿ ਕੱਲ੍ਹ ਨੂੰ ਉਨ੍ਹਾਂ ਨੂੰ ਚੰਗਾ ਘਰ ਮਿਲ ਸਕੇ। ਯਾਨਿ ਕਿ ਉਨ੍ਹਾਂ ਨੂੰ ਅਖੀਰ 'ਤੇ ਫੇਰ ਇੱਕ ਮੁੰਡੇ ਲਈ ਤਿਆਰ ਕੀਤਾ ਜਾ ਰਿਹਾ ਹੈ।

ਸੋ ਮੈਂ ਚਾਹੁੰਦਾ ਹਾਂ ਕਿ ਤੂੰ ਸਿਰਫ ਇਸ ਲਈ ਨਹੀਂ ਪੜ੍ਹਣਾ। ਤੂੰ ਖੁਦ ਲਈ ਪੜ੍ਹਣਾ ਹੈ। ਬਾਕੀ ਮੇਰੀ ਉਮੀਦ ਹੈ ਕਿ ਤੇਰੇ ਜਵਾਨ ਹੋਣ ਤੱਕ ਦੁਨੀਆਂ ਹੋਰ ਬਦਲ ਜਾਵੇਗੀ। ਹੌਲੀ-ਹੌਲੀ ਬਦਲ ਰਹੀ ਹੈ।ਜਿਵੇਂ ਤੇਰੇ ਜਨਮ 'ਤੇ ਬਰੂਹਾਂ ਨੂੰ ਸ਼ਰੀਂਹ ਦੇ ਪੱਤੇ ਲਾਏ ਸੀ ਜੋ ਕਿ ਆਮ ਮੁੰਡਾ ਹੋਣ 'ਤੇ ਲਾਏ ਜਾਂਦੇ ਹਨ। ਇਸ ਸਮਾਜ 'ਚ ਘਾਟਾਂ ਜੋ ਹਨ ਸੋ ਹਨ ਪਰ ਨਾਲੋਂ ਨਾਲ ਬਦਲਾਅ ਦੀ ਅਵਾਜ਼ ਵੀ ਆ ਰਹੀ ਹੈ। ਬਾਕੀ ਸੱਚ ਪੁੱਛੇ ਤਾਂ ਮੈਂ ਤੈਨੂੰ ਸਕੂਲ ਭੇਜਣਾ ਹੀ ਨਹੀਂ ਸੀ ਚਾਹੁੰਦਾ। ਮੈਂ ਚਾਹੁੰਦਾ ਸੀ ਤੂੰ ਕੁਦਰਤੀ ਢੰਗ ਨਾਲ ਸਭ ਸਿੱਖੇ। ਤੈਨੂੰ ਤੇਰੇ ਹੁਨਰ ਮੁਤਾਬਕ ਤਾਲੀਮ ਦਿੱਤੀ ਜਾਵੇ ਅਤੇ ਤੂੰ ਜੋ ਸਿੱਖੇ ਉਹਦਾ ਸਬੰਧ ਤੇਰੇ ਵਿਅਕਤੀਤਵ, ਤੇਰੇ ਹੁਨਰ ਅਤੇ ਬੇਹਤਰ ਮਨੁੱਖ ਹੋਣ 'ਚ ਤਬਦੀਲ ਹੋਵੇ। ਯਾਨਿ ਕਿ ਮੈਂ ਚਾਹੁੰਦਾ ਸੀ ਕਿ ਤੂੰ ਬਜ਼ਾਰ ਮੁਤਾਬਕ ਕਿਉਂ ਪੜੇ ਜਿੱਥੇ ਬਹੁਤਾ ਇਹੋ ਮਹਿਸੂਸ ਹੁੰਦਾ ਹੈ ਕਿ ਸਾਨੂੰ ਇੱਕ ਤੈਅਸ਼ੁਦਾ ਢਾਂਚੇ ਤਹਿਤ ਪੜ੍ਹਾਇਆ ਜਾ ਰਿਹਾ ਹੈ। ਅਸੀਂ ਕੁਝ ਕਮਾਉਣ ਲਈ ਪੜ੍ਹਦੇ ਹਾਂ ਅਤੇ ਫਿਰ ਕਮਾਉਣ ਲੱਗ ਜਾਂਦੇ ਹਾਂ। ਉਸ ਕਮਾਈ ਨਾਲ ਬੇਹਤਰ ਜ਼ਿੰਦਗੀ ਦਾ ਮਤਲਬ ਹੋਮ ਲੋਨ, ਗੱਡੀ, ਕਿਸ਼ਤਾਂ, ਵਿਆਹ, ਬੱਚੇ ਅਤੇ ਉਸ ਗੇੜ 'ਚ ਗਵਾਚਣਾ ਹੈ। ਤੇਰਾ ਤਾਇਆ ਯਾਦਵਿੰਦਰ ਕਹਿੰਦਾ ਹੈ ਕਿ ਫਿਨਲੈਂਡ ਇੱਕ ਅਜਿਹਾ ਦੇਸ਼ ਹੈ ਜਿੱਥੇ ਸੱਤ ਸਾਲ ਦਾ ਬੱਚਾ ਪੜ੍ਹਣਾ ਸ਼ੁਰੂ ਕਰਦਾ ਹੈ। ਕਿਉਂਕਿ ਉਨ੍ਹਾਂ ਦਾ ਮੰਨਣਾ ਹੈ ਕਿ ਪਹਿਲੇ ਸੱਤ ਸਾਲ ਬੱਚੇ ਨੂੰ ਉਸੇ ਦੀ ਮੌਜ 'ਚ ਬਿਲਕੁਲ ਅਜ਼ਾਦ ਛੱਡਣਾ ਚਾਹੀਦਾ ਹੈ। ਪਰ ਮੈਂ ਇਹ ਨਹੀਂ ਕਰ ਸਕਦਾ ਸੀ ਕਿਉਂਕਿ ਇਹ ਫਿਨਲੈਂਡ ਨਹੀਂ ਹੈ ਅਤੇ ਸਮਾਜ ਅੰਦਰ ਰਹਿ ਕੇ ਕੁਝ ਨਵਾਂ ਕਰਦੇ ਹੋਏ ਵੀ ਘੱਟੋ ਘੱਟ ਸਾਂਝਾ ਸੂਤਰੀ ਤਾਲਮੇਲ ਲੈ ਕੇ ਚੱਲਣਾ ਵੀ ਚਾਹੀਦਾ ਹੈ।

ਇਨਾਇਤ ਮੈਂ ਇਹ ਨਹੀਂ ਕਹਿੰਦਾ ਕਿ ਕਬੀਲਦਾਰੀ ਬੁਰਾ ਤਜ਼ਰਬਾ ਹੈ ਜਾਂ ਸਮਾਜ ਸਿਰਫ ਬੁਰਾ ਹੈ ਅਤੇ ਸੋਸ਼ਲ ਹੋਣਾ ਨਹੀਂ ਚਾਹੀਦਾ। ਸਾਡੇ ਗੁਰੂ ਨਾਨਕ ਸਾਹਬ ਨੇ ਸਾਨੂੰ ਜੋ ਮਾਡਲ ਦਿੱਤਾ ਉਸ 'ਚ ਇਹਦੀ ਕਮਾਲ ਦੀ ਵਿਆਖਿਆ ਹੈ। ਪਰ ਕੁਝ ਕਦਰਾਂ ਦਾ ਵਿਛੜਣਾ ਮਹਿਸੂਸ ਹੁੰਦਾ ਹੈ। ਕੁਝ ਖੁਦ ਦਾ ਭਟਕਣਾ ਚੱਲ ਰਿਹਾ ਹੈ। ਆਪਣਾਪਣ ਅਤੇ ਸਮੂਹਿਕਤਾ ਦੇ ਅਰਥ ਤੋਂ ਬੇਮੁੱਖ ਹੋਏ ਹਾਂ ਸ਼ਾਇਦ ਜਾਂ ਪੱਕਾ।

ਖੈਰ ਅੱਜ ਦੇ ਦਿਨ ਤੇਰੀ ਮਾਂ ਦੇ ਮੋਬਾਈਲ 'ਤੇ ਰੀਮਾਈਂਡਰ ਲਗਾ ਪੂਰਾ ਵੈਨਿਊ ਸੇਵ ਕੀਤਾ ਹੈ। (ਇਸ ਰਫਤਾਰ ਜ਼ਿੰਦਗੀ 'ਚ ਨਿਜੀ ਅਹਿਸਾਸ ਅਤੇ ਆਪਣਿਆਂ ਲਈ ਫਿਕਰ ਨੂੰ ਬਹੁਤ ਯਾਦ ਰੱਖਣਾ ਪੈਂਦਾ ਹੈ, ਨਹੀਂ ਤਾਂ ਸਭ ਕੁਝ ਉਲਝ ਜਾਵੇਗਾ) ਇਸ ਵੈਨਿਊ 'ਚ ਕਿਹੜੇ ਦਿਨ ਤੂੰ ਸਕੂਲ 'ਚ ਕੀ ਖਾਣਾ ਹੈ, ਕੀ ਪਾਉਣਾ ਹੈ ਅਤੇ ਇਸ ਸਭ ਦਾ ਪ੍ਰਬੰਧ ਕਿਵੇਂ ਕਰਨਾ ਹੈ, ਇਸ ਸਭ ਦੀ ਤਿਆਰੀ ਕੀਤੀ ਗਈ ਹੈ।ਇਹ ਮਾਂ ਦਾ ਫਿਕਰ ਹੈ ਕਿ ਤੇਰੀ ਬੁਨਿਆਦ 'ਚ ਕਿਸੇ ਵੀ ਤਰ੍ਹਾਂ ਦੀ ਸ਼ਰੀਰਕ ਜਾਂ ਬੌਧਿਕ ਘਾਟ ਨਾ ਰਹੇ।

ਅਸੀਂ ਜਾਣਦੇ ਹਾਂ ਕਿ ਇੱਕ ਅਨੁਸ਼ਾਸ਼ਨ 'ਚ ਹੁਣ ਤੈਨੂੰ ਬੱਝਣਾ ਪੈਣਾ ਹੈ। ਤੈਅ ਸਮੇਂ 'ਤੇ ਤਿਆਰ ਹੋਣਾ, ਤੈਅ ਸਮੇਂ 'ਤੇ ਸੌਂ ਜਾਣਾ ਅਤੇ ਖਾਸ ਸਮਾਂ ਸਕੂਲ ਦਾ ਅਤੇ ਖੇਡਣ ਦਾ, ਹਰ ਪਹਿਰ ਪੂਰੇ ਹਿਸਾਬ-ਕਿਤਾਬ ਦੇ ਹੋ ਗਏ ਹਨ। ਪਰ ਦੁਨੀਆਦਾਰੀ ਦੇ ਇਸ ਪੂਰੇ ਖਾਸੇ 'ਚ ਖੁਦ ਦੀ ਤਰਾਸ਼ ਕਿਵੇਂ ਹੋਵੇ ਜਿੱਥੇ ਤੂੰ ਇਸ ਪ੍ਰਬੰਧ ਦੀ ਗ਼ੁਲਾਮ ਨਾ ਹੋਵੇ ਉਹ ਲੁਕਵਾਂ ਹੁਨਰ ਤੈਨੂੰ ਹਮੇਸ਼ਾ ਸਿਖਾਵਾਂਗਾ। ਦਰਅਸਲ ਮੈਂ ਸਿਰਫ ਇਸ਼ਾਰਾ ਕਰਾਂਗਾ ਜਾਂ ਅਹਿਸਾਸ ਕਰਾਵਾਂਗਾ ਕਿਉਂਕਿ ਉਹ ਕੁਦਰਤ ਦਾ ਆਪਣਾ ਅੰਦਾਜ਼ ਹੁੰਦਾ ਹੈ, ਕੁਦਰਤ ਮੁਤਾਬਕ ਜਿਊਣ ਦਾ, ਉਹ ਅਸੀਂ ਪਹਿਲਾਂ ਤੋਂ ਹੀ ਸਿੱਖੇ ਹੁੰਦੇ ਹਾਂ ਬੱਸ ਦੁਨੀਆ ਦੇ ਸਮੇਂ ਦਰ ਸਮੇਂ ਪੈਂਦੇ ਲਿਬਾਸ 'ਚ ਅਸੀਂ ਉਹ ਕਿਤੇ ਗਵਾ ਦਿੰਦੇ ਹਾਂ। ਜਦੋਂ ਅਸੀਂ ਬਚਪਨ 'ਚ ਹੁੰਦੇ ਹਾਂ ਅਸੀਂ ਉਂਝ ਹੀ ਜਿਉਂਦੇ ਹਾਂ ਅਤੇ ਜਵਾਨ ਹੋਣ ਦੇ ਨਾਲ ਨਾਲ ਹਲਾਤ ਬਦਲਦੇ ਰਹਿੰਦੇ ਹਨ।

ਇਨਾਇਤ ਤੂੰ ਉਸ ਦੌਰ ਦੀ ਹੈ ਜਦੋਂ ਬਹੁਤ ਸਾਰੇ ਸੰਵਾਦ ਛਿੜੇ ਹੋਏ ਹਨ। ਤੇਰੇ ਇਸ ਚਿੱਠੀ ਨੂੰ ਪੜ੍ਹਣ ਵਾਲੀ ਸਮਝ ਤੱਕ ਹੋਰ ਬਹੁਤ ਕੁਝ ਨਵੇਂ ਮਸਲੇ ਵੀ ਆ ਜਾਣਗੇ। ਪਰ ਫਿਲਹਾਲ ਇੱਕ ਪਾਸੇ ਰਸੂਲ ਹਮਜ਼ਾਤੋਵ ਦੇ ਬਹਾਨੇ ਆਪਣੀ ਮਿੱਟੀ ਦੀਆਂ ਗੱਲਾਂ ਛਿੜਦੀਆਂ ਹਨ। ਇਸ ਨੂੰ ਸਮਝਣ ਲਈ ਬਾਬਾ ਨਾਨਕ, ਫਰੀਦ ਅਤੇ ਵਾਰਸ ਤੱਕ ਪੰਜਾਬ ਦੇ ਅਲਬੇਲੇ ਕਵੀ ਅਤੇ ਸ਼ਾਹਕਾਰ ਜ਼ਰੂਰ ਪੜ੍ਹੀ।

ਦੂਜੇ ਪਾਸੇ ਇੱਕ ਅਜਬ ਗਜਬ ਜਿਹਾ ਰਾਸ਼ਟਰਵਾਦ ਫੈਲਿਆ ਹੋਇਆ ਹੈ। ਆਪਣੇ ਦੇਸ਼ ਨਾਲ ਪਿਆਰ ਜ਼ਰੂਰ ਹੋਣਾ ਚਾਹੀਦਾ ਹੈ ਪਰ ਇਹਦੇ ਨਾਲ-ਨਾਲ ਇਸ ਸੰਕਲਪ ਨਾਲ ਕੋਈ ਸੁਰਤਾਲ ਬਿਠਾ ਸਕੀਏ ਕਿ ਸਾਰੀ ਦੁਨੀਆਂ ਹੀ ਸਰਹੱਦਾਂ ਨੂੰ ਮਿਟਾ ਇੱਕ ਮਨੁੱਖਤਾ ਦਾ ਸੰਵਾਦ ਤੋਰ ਸਕਣ ਇਸ ਨੂੰ ਲੈ ਕੇ ਤੁਸੀ ਨਵੀਂ ਪੀੜ੍ਹੀ ਅਗਲੇਰਾ ਸੰਵਾਦ ਜ਼ਰੂਰ ਤੋਰਿਓ। ਸਿਨੇਮਾ ਅੰਦਰ ਫਿਲਮ ਵੇਖਦੇ ਹੋਏ ਰਾਸ਼ਟਰ ਗਾਣ ਜ਼ਰੂਰ ਗਾਇਓ ਪਰ ਰਾਸ਼ਟਰ ਗਾਣ 'ਤੇ ਬੈਠੇ ਰਹਿਣ ਵਾਲੇ ਦੀਆਂ ਲੱਤਾਂ ਤੋੜਣ ਵਾਲੀ ਸੋਚ ਦੀ ਸਖਤ ਸ਼ਬਦਾਂ 'ਚ ਮੁਖਾਲਫਤ ਕਰਿਓ। ਅਜਿਹੀ ਦੇਸ਼ ਭਗਤੀ ਦੀ ਸਾਨੂੰ ਕੋਈ ਲੋੜ ਨਹੀਂ ਜੋ ਖੁਦ ਦੇ ਖੜ੍ਹੇ ਹੋਣ ਨਾਲੋਂ ਵੱਧ ਇਸ ਗੱਲ ਦੀ ਵਧੇਰੇ ਫਿਕਰ ਕਰਦਾ ਹੈ ਕਿ ਫਲਾਣਾ ਬੰਦਾ ਬੈਠਿਆ ਕਿਉਂ ਰਹਿ ਗਿਆ। ਨਫਰਤ ਦੀਆਂ ਜੜ੍ਹਾਂ ਨੂੰ ਖੋਖਲੀਆਂ ਕਰਨ ਲਈ ਸੰਘਰਸ਼ ਕਰਿਓ। ਸਮਾਨਤਾ ਦੇ ਅਹਿਸਾਸ ਪੈਦਾ ਕਰਨ ਲਈ ਉੱਧਮ ਕਰਿਓ। ਸੋ ਕਹਿਣ ਦਾ ਭਾਵ ਖੁਦ ਦੀ ਜ਼ਿੰਮੇਵਾਰੀ ਦੇ ਨਾਲ-ਨਾਲ ਹੋਰ ਬਹੁਤ ਜ਼ਿੰਮੇਵਾਰੀਆਂ ਵੀ ਲੈਣੀਆਂ ਸਿੱਖਿਓ।

ਇਹ ਦੌਰ ਇੱਕ ਸਮੂਹਿਕ ਦੋਸ਼ ਦੇਣ ਦਾ ਹੈ। ਪਿੱਛੇ ਜਿਹੇ ਜਲੰਧਰ ਦੀ ਇੱਕ ਕੁੜੀ ਗੁਰਮਿਹਰ ਕੌਰ ਦਾ ਵੀਡੀਓ ਵਾਇਰਲ ਹੋਇਆ ਸੀ। ਉਹਦੇ ਪਿਤਾ ਕਾਰਗਿਲ ਦੀ ਜੰਗ 'ਚ ਸ਼ਹੀਦ ਹੋਏ ਸਨ। ਗੁਰਮਿਹਰ ਹਰ ਮੁਸਲਮਾਨ ਨੂੰ ਵੇਖ ਕੇ ਮੰਨਦੀ ਸੀ ਕਿ ਉਹ ਪਾਕਿਸਤਾਨੀ ਹੈ ਅਤੇ ਇਨ੍ਹਾਂ ਨੇ ਉਹਦੇ ਪਿਓ ਨੂੰ ਮਾਰਿਆ ਹੈ। ਗੁਰਮਿਹਰ ਦੀ ਮਾਂ ਨੇ ਉਹਨੂੰ ਸਮਝਾਇਆ ਕਿ ਤੇਰੇ ਪਿਤਾ ਨੂੰ ਕਿਸੇ ਮੁਸਲਮਾਨ ਜਾਂ ਪਾਕਿਸਤਾਨੀ ਨੇ ਨਹੀਂ ਮਾਰਿਆ। ਉਨ੍ਹਾਂ ਨੂੰ ਜੰਗ ਨੇ ਮਾਰਿਆ। ਜੰਗ ਨਾ ਹੁੰਦੀ ਤਾਂ ਉਹ ਸਾਡੇ ਵਿੱਚ ਹੁੰਦੇ। ਅਜਿਹੀ ਸੋਚ ਵਾਲੇ ਇੱਕ ਦਿਨ ਰੌਸ਼ਨ ਜਹਾਂ ਦਾ ਨਿਰਮਾਣ ਕਰਨਗੇ। ਜਦੋਂ ਅਸੀਂ ਕਿਸੇ ਇੱਕ ਦੀ ਗਲਤੀ ਦਾ ਦੋਸ਼ ਪੂਰੀ ਸਮੂਹਿਕਤਾ 'ਤੇ ਨਹੀਂ ਧਰਾਂਗੇ। ਹਰ ਬੰਦੇ ਅੰਦਰ ਇੱਕ ਕਾਫਰ ਵੀ ਵੱਸਦਾ ਹੈ ਅਤੇ ਇੱਕ ਉਹ ਵੀ ਜੋ ਮਨੁੱਖਤਾ ਹੈ। ਇਸ ਦੀ ਅਵਾਜ਼ ਬਣਨਾ… ਗੁਰਮਿਹਰ ਕੌਰ ਵਰਗਿਆਂ ਦੇ ਕਾਫਲੇ ਬਣਾਉਣਾ ਅਤੇ ਉਸ ਹਰ ਸੋਚ ਦੇ ਖਿਲਾਫ ਮੁਕਾਬਲਾ ਕਰਨਾ ਜੋ ਤੇਰੇ ਵਜੂਦ ਨੂੰ ਵੰਗਾਰੇ।

ਇਨਾਇਤ ਕੱਲ੍ਹ ਨਾਮ ਏ ਕਾਲ ਦਾ…ਪਤਾ ਨਹੀਂ ਕੀ ਹੋਣਾ ਹੈ। ਜਦੋਂ ਤੱਕ ਮੈਂ ਅਤੇ ਤੇਰੀ ਮਾਂ ਤੇਰੇ ਨਾਲ ਹਾਂ ਤੇਰੇ ਹਰ ਫੈਸਲੇ 'ਚ ਤੇਰਾ ਹੌਸਲਾ ਵਧਾਉਣ ਲਈ ਨਾਲ ਹਾਂ। ਪਰ ਕੀ ਪਤਾ ਇਹ ਲਿਖਣ ਤੋਂ ਬਾਅਦ ਵਾਲੇ ਸਮੇਂ 'ਚ ਅਸੀਂ ਰਹੀਏ ਜਾਂ ਨਾ ਰਹੀਏ। ਇਹ ਵੀ ਤੈਅ ਹੈ ਕਿ ਹਮੇਸ਼ਾ ਤਾਂ ਨਹੀਂ ਰਹਾਂਗੇ। ਇੱਕ ਸਮਾਂ ਆਵੇਗਾ ਤੈਨੂੰ ਇੱਕਲੇ ਚੱਲਣਾ ਪਵੇਗਾ। ਆਪਣੇ ਫੈਸਲੇ ਵੀ ਖੁਦ ਲੈਣੇ ਪੈਣਗੇ। ਉਸ ਅਜ਼ਾਦ ਸੋਚ ਅਤੇ ਅਜ਼ਾਦ ਫੈਸਲੇ ਲਈ ਖੁਦ ਨੂੰ ਤਿਆਰ ਜ਼ਰੂਰ ਕਰੀਂ।

ਖੁਦ ਦੀ ਪਛਾਣ ਹੋਣਾ,ਆਪਣੇ ਆਪ ਨੂੰ ਲੱਭ ਲੈਣਾ ਬਹੁਤ ਸਾਰੇ ਮਸਲਿਆਂ ਦਾ ਹੱਲ ਹੈ। ਇੱਕ ਕੁੜੀ ਹੋਣ ਦੇ ਨਾਤੇ ਤੇਰਾ ਸੰਘਰਸ਼, ਤੇਰੀਆਂ ਚੁਣੌਤੀਆਂ ਆਪਣੀਆਂ ਹਨ। ਉਨ੍ਹਾਂ ਲਈ ਤੇਰਾ ਖੁਦ ਦਾ ਸੋਚਣਾ ਕੀ ਹੈ ਇਹੋ ਤੈਅ ਕਰੇਗਾ ਕਿ ਤੇਰਾ ਵਜੂਦ ਕੀ ਸੀ।

ਹਮੇਸ਼ਾ ਪਿਆਰ, ਦੁਆਵਾਂ, ਉਮੀਦ
ਤੇਰੇ…
ਪਿਓ ਅਤੇ ਤੇਰੀ ਮਾਂ 
(ਜੋ ਇਹੋ ਕੁਝ ਕਹਿਣਾ ਚਾਹੁੰਦੀ ਸੀ ਬੱਸ ਉਹਨੂੰ ਉਂਝ ਲਿਖ ਨਹੀਂ ਸੀ ਸਕਦੀ)


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER