ਵਿਚਾਰ
ਧਰਮ ਨਿਰਪੱਖਤਾ, ਸ਼ਰਾਫ਼ਤ ਅਤੇ ਨੇਕਨੀਤੀ ਦਾ ਪ੍ਰਤੀਕ: ਸੁਰਜੀਤ ਸਿੰਘ ਬਰਨਾਲਾ
- ਉਜਾਗਰ ਸਿੰਘ
ਧਰਮ ਨਿਰਪੱਖਤਾ, ਸ਼ਰਾਫ਼ਤ ਅਤੇ ਨੇਕਨੀਤੀ ਦਾ ਪ੍ਰਤੀਕ: ਸੁਰਜੀਤ ਸਿੰਘ ਬਰਨਾਲਾਪੰਜਾਬ ਦੀ ਸਿੱਖ ਸਿਆਸਤ ਵਿਚ ਧਰਮ ਨਿਰਪੱਖਤਾ, ਸ਼ਰਾਫਤ, ਨੇਕਨੀਤੀ ਅਤੇ ਦਿਆਨਤਦਾਰੀ ਦੇ ਪ੍ਰਤੀਕ ਦੇ ਤੌਰ 'ਤੇ ਜਾਣੇ ਜਾਂਦੇ ਸ. ਸੁਰਜੀਤ ਸਿੰਘ ਬਰਨਾਲਾ ਸੰਖੇਪ ਬਿਮਾਰੀ ਤੋਂ ਬਾਅਦ ਅੱਜ ਸ਼ਾਮੀਂ ਪੀ.ਜੀ.ਆਈ. ਵਿਚ ਸਵਰਗ ਸਿਧਾਰ ਗਏ। ਉਹ ਬੜਾ ਲੰਮਾ ਸਮਾਂ ਪੰਜਾਬ ਦੀ ਸਿਆਸਤ ਵਿਚ ਛਾਏ ਰਹੇ। ਸਵਰਗਵਾਸੀ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਮਿਹਰਬਾਨੀ ਅਤੇ ਆਸ਼ੀਰਬਾਦ ਕਰਕੇ ਸਿਆਸਤ ਦੀ ਸਿਖ਼ਰਾਂ ਦੇ ਪਹੁੰਚੇ ਅਤੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਵਾਰਸ ਬਣ ਕੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਤੱਕ ਪਹੁੰਚੇ ਸਨ।

ਸੁਰਜੀਤ ਸਿੰਘ ਬਰਨਾਲਾ ਦਾ ਜਨਮ 21 ਅਕਤੂਬਰ 1925 ਨੂੰ ਨਾਭਾ ਸਟੇਟ ਦੇ ਪਿੰਡ ਅਟੇਲੀ ਵਿਖੇ ਹੋਇਆ ਸੀ। ਆਪ ਦੇ ਪਿਤਾ ਨਾਭਾ ਸਟੇਟ ਵਿਚ ਮੈਜਿਸਟਰੇਟ ਲੱਗੇ ਹੋਏ ਸਨ। ਇਸ ਲਈ ਉਨ੍ਹਾਂ ਆਪਣੇ ਸਪੁੱਤਰ ਨੂੰ ਗ੍ਰੈਜੂਏਸ਼ਨ ਤੋਂ ਬਾਅਦ ਕਾਨੂੰਨ ਦੀ ਡਿਗਰੀ ਕਰਵਾਈ। ਆਪ ਨੇ 1946 ਵਿਚ ਕਾਨੂੰਨ ਦੀ ਡਿਗਰੀ ਲਖਨਊ ਯੂਨੀਵਰਸਿਟੀ ਤੋਂ ਪਾਸ ਕੀਤੀ। ਫਿਰ ਆਪ ਨੇ ਕਾਨੂੰਨ ਦੀ ਪ੍ਰੈਕਟਿਸ ਸ਼ੁਰੂ ਕਰ ਦਿੱਤੀ।

ਅਜ਼ਾਦੀ ਦੇ ਸੰਗਰਾਮ ਵਿਚ ਆਪ ਨੇ ਸਕੂਲ ਦੇ ਦਿਨਾਂ ਵਿਚ ਹੀ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਆਪ ਨੇ 17 ਸਾਲ ਦੀ ਉਮਰ ਵਿਚ ਹੀ ਕਾਂਗਰਸ ਪਾਰਟੀ ਵਲੋਂ ਸ਼ੁਰੂ ਕੀਤੀ 'ਭਾਰਤ ਛੋੜੋ' ਮਹਿੰਮ ਵਿਚ ਹਿੱਸਾ ਲਿਆ।

ਸੁਰਜੀਤ ਸਿੰਘ ਬਚਪਨ ਤੋਂ ਹੀ ਧਰਮ ਨਿਰਪੱਖ ਸੋਚ ਦੇ ਧਾਰਨੀ ਸਨ। ਆਪ ਨੇ 1952 ਵਿਚ ਵਿਧਾਨ ਸਭਾ ਦੀ ਚੋਣ ਪਹਿਲੀ ਵਾਰ ਲੜੀ ਅਤੇ ਆਪ 4 ਵੋਟਾਂ ਦੇ ਫਰਕ ਨਾਲ ਚੋਣ ਹਾਰ ਗਏ ਸਨ। ਇਸ ਤੋਂ ਬਾਅਦ ਆਪ ਨੇ ਸਿਆਸਤ ਵਿਚ ਜੋਰ ਸ਼ੋਰ ਨਾਲ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਆਪ ਅਕਾਲੀ ਦਲ ਵਿਚ ਸਰਗਰਮ ਹੋ ਗਏ। ਆਪ ਸੰਤ ਹਰਚੰਦ ਸਿੰਘ ਲੌਂਗੋਵਾਲ ਦੀ ਵਿਚਾਰਧਾਰਾ ਦੀ ਹਮੇਸ਼ਾ ਸਪੋਰਟ ਕਰਦੇ ਰਹੇ। ਫਿਰ ਆਪ ਨੇ 4 ਵਾਰ ਪੰਜਾਬ ਵਿਧਾਨ ਸਭਾ ਦੇ ਬਰਨਾਲਾ ਹਲਕੇ ਤੋਂ ਚੋਣ 1967, 1969, 1980 ਅਤੇ 1985 ਵਿਚ ਲੜੀ ਤੇ ਹਮੇਸ਼ਾ ਜਿੱਤ ਪ੍ਰਾਪਤ ਕੀਤੀ। ਆਪ 29 ਸਤੰਬਰ 1985 ਤੋਂ 11 ਮਈ 1987 ਤਕ ਪੰਜਾਬ ਦੇ ਮੁਖ ਮੰਤਰੀ ਰਹੇ। ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਰਾਜੀਵ ਗਾਂਧੀ ਦਰਮਿਆਨ ਹੋਏ ਸਮਝੌਤੇ ਵਿਚ ਆਪ ਦਾ ਅਹਿਮ ਯੋਗਦਾਨ ਰਿਹਾ।

ਆਪ ਦੇ ਮੁਖ ਮੰਤਰੀ ਹੁੰਦਿਆਂ ਸ੍ਰੀ ਹਰਿਮੰਦਰ ਸਾਹਿਬ ਵਿਚ ਪੁਲਿਸ ਦਾਖ਼ਲ ਹੋਈ ਤੇ ਬਲੈਕ ਥੰਡਰ ਨਾਮ ਦਾ ਪੁਲਿਸ ਆਪ੍ਰੇਸ਼ਨ ਹੋਇਆ, ਜਿਸ ਕਾਰਵਾਈ ਕਰਕੇ ਆਪ ਦਾ ਸਿਖਾਂ ਵਿਚ ਅਕਸ ਕਾਫੀ ਘਟਿਆ ਅਤੇ ਆਪ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਤਨਖਾਹ ਵੀ ਲਗਾਈ।

ਇਸ ਤੋਂ ਬਾਅਦ 1996 ਅਤੇ 1998 ਵਿਚ ਆਪ ਸੰਗਰੂਰ ਤੋਂ ਲੋਕ ਸਭਾ ਦੇ ਮੈਂਬਰ ਚੁਣੇ ਗਏ ਸਨ। ਆਪ 1977 ਵਿਚ ਪ੍ਰਧਾਨ ਮੰਤਰੀ ਮੁਰਾਰਜੀ ਡਿਸਾਈ ਦੀ ਸਰਕਾਰ ਵਿਚ ਕੇਂਦਰ ਵਿਚ ਫੂਡ ਸਪਲਾਈ ਅਤੇ ਦਿਹਾਤੀ ਵਿਕਾਸ ਵਿਭਾਗਾਂ ਦੇ ਮੰਤਰੀ ਰਹੇ। ਇਸੇ ਤਰਾਂ 1998 ਵਿਚ ਕੈਮੀਕਲ, ਫਰਟੇਲਾਈਜ਼ਰ ਅਤੇ ਫੂਡ ਸਪਲਾਈ ਵਿਭਾਗਾਂ ਦੇ ਮੰਤਰੀ ਅਟੱਲ ਬਿਹਾਰੀ ਵਾਜਪਾਈ ਦੀ ਸਰਕਾਰ ਵਿਚ ਰਹੇ। ਆਪ ਦੀ ਪਤਨੀ ਸੁਰਜੀਤ ਕੌਰ ਤੇ ਲੜਕਾ ਗਗਨਦੀਪ ਸਿੰਘ ਵੀ ਐਮ.ਐਲ.ਏ.ਰਹੇ ਹਨ।

ਇਸ ਤੋਂ ਬਾਅਦ ਆਪ ਚਾਰ ਰਾਜਾਂ ਦੇ ਰਾਜਪਾਲ ਰਹੇ। ਤਾਮਿਲਨਾਡੂ ਦੇ 1990 ਤੋਂ 1991 ਤੱਕ ਕਿਉਂਕਿ ਉਨ੍ਹਾਂ ਸਰਕਾਰ ਤੋੜਨ ਤੋਂ ਇਨਕਾਰ ਕਰ ਦਿੱਤਾ ਸੀ, ਇਸ ਲਈ ਆਪ ਨੂੰ ਇਥੋਂ ਬਦਲ ਦਿੱਤਾ ਗਿਆ ਸੀ। ਆਪ ਉਤਰਾਖੰਡ ਦੇ ਰਾਜਪਾਲ 2000 ਤੋਂ 2003, ਆਂਧਰਾ ਪ੍ਰਦੇਸ਼ ਦੇ 2004 ਤੋਂ 2011 ਤੱਕ ਰਹੇ। ਇਸ ਤੋਂ ਪਹਿਲਾਂ ਆਪ ਅੰਡੇਮਾਨ ਤੇ ਨਿਕੋਬਾਰ ਦੇ ਲੈਫਟੀਨੈਂਟ ਗਵਰਨਰ ਵੀ ਰਹੇ।

ਆਪ ਨੇ ਇੱਕ ਪੁਸਤਕ ‘ਸਟੋਰੀ ਆਫ ਐਸਕੇਪ’ ਅੰਗਰੇਜ਼ੀ ਵਿਚ ਲਿਖੀ ਜਿਹੜੀ ਪੰਜਾਬੀ, ਹਿੰਦੀ ਅਤੇ ਉਰਦੂ ਵਿਚ ਅਨੁਵਾਦ ਵੀ ਹੋਈ। ਆਪਨੂੰ ਪੇਂਟਿੰਗ ਦਾ ਵੀ ਸ਼ੌਕ ਹੈ। ਆਪਦੀਆਂ ਪੇਂਟਿੰਗਜ਼ ਦੀਆਂ ਕਈ ਨੁਮਾਇਸ਼ਾਂ ਵੀ ਲੱਗ ਚੁੱਕੀਆਂ ਹਨ।

ਉਹ ਆਪਣੇ ਪਿਛੇ ਪਤਨੀ ਸੁਰਜੀਤ ਕੌਰ ਬਰਨਾਲਾ ਅਤੇ ਦੋ ਸਪੁਤਰ ਛੱਡ ਗਏ ਹਨ। ਉਨਾਂ ਦਾ ਅੰਤਮ ਸਸਕਾਰ ਬਰਨਾਲਾ ਵਿਖੇ 15 ਜਨਵਰੀ ਨੂੰ ਕੀਤਾ ਜਾਵੇਗਾ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER