ਵਿਚਾਰ
ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ
- ਵਿਸ਼ਵਜੀਤ ਸਿੰਘ
ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾਦੂਜੇ ਵਿਸ਼ਵ ਯੁੱਧ ਦੇ ਦੌਰਾਨ 6 ਅਗਸਤ 1945 ਨੂੰ ਅਮਰੀਕੀ ਬੀ–29 ਬੰਬਰ ਨੇ ਦੁਨੀਆ ਦਾ ਪਹਿਲਾ ਪ੍ਰਮਾਣੂ ਬੰਬ ਜਪਾਨ ਦੇ ਹਿਰੋਸ਼ਿਮਾ ਸ਼ਹਿਰ ਉੱਪਰ ਸੁਟਿਆ। ਇਸਦੇ ਧਮਾਕੇ ਨਾਲ 90 ਪ੍ਰਤੀਸ਼ਤ ਤੋਂ ਜ਼ਿਆਦਾ ਸ਼ਹਿਰ ਤਬਾਹ ਹੋ ਗਿਆ ਅਤੇ ਇੱਕੋ ਦਮ 80 ਹਜ਼ਾਰ ਲੋਕ ਮਾਰੇ ਗਏ ਅਤੇ ਕਈ ਹਜ਼ਾਰ ਲੋਕ ਬਾਅਦ ਵਿਚ ਰੇਡੀਏਸ਼ਨ ਕਿਰਨਾਂ ਦੀ ਬਦੌਲਤ ਮੌਤ ਦੀ ਭੇਂਟ ਚੜ ਗਏ। ਅਜੇ ਜਪਾਨ ਇਸ ਅਚਾਨਕ ਲੱਗੇ ਸਦਮੇ ਤੋਂ ਉਭਰਿਆ ਵੀ ਨਹੀਂ ਸੀ ਕਿ 3 ਦਿਨ ਬਾਅਦ ਇੱਕ ਦੂਜੇ ਬੀ-29 ਬੰਬਰ ਨੇ ਇੱਕ ਹੋਰ ਪ੍ਰਮਾਣੂ ਬੰਬ ਜਪਾਨ ਦੇ ਨਾਗਾਸਾਕੀ ਸ਼ਹਿਰ ਉੱਤੇ ਸੁੱਟ ਦਿੱਤਾ। ਇਸ ਸ਼ਹਿਰ ਵਿਚ ਵੀ ਤਕਰੀਬਨ 40,000 ਤੋਂ ਵੱਧ ਲੋਕ ਮਾਰੇ ਗਏ। ਇੰਨੀ ਵੱਡੀ ਤਬਾਹੀ ਕਾਰਣ ਜਪਾਨ ਦੇ ਸਮਰਾਟ ਨੇ ਰੇਡੀਓ ਦੁਆਰਾ ਦੂਜੇ ਵਿਸ਼ਵ ਯੁੱਧ ਵਿਚ ਆਪਣੇ ਦੇਸ਼ ਦਾ ਬਿਨਾ ਕਿਸੇ ਸ਼ਰਤ ਤੋਂ ਸਮਰਪਣ ਕਰ ਦਿੱਤਾ ਅਤੇ ਇਸਦਾ ਕਾਰਣ ਇਸ ਨਵੇਂ ਬੇਰਹਿਮ ਪ੍ਰਮਾਣੂ ਬੰਬ ਦੀ ਮਾਰ ਨਾਲ ਹੋਈ ਤਬਾਹੀ ਅਤੇ ਇਸਦੀ ਤਾਕਤ ਦਸਿਆ।

1939 ਵਿਚ ਦੂਜੇ ਵਿਸ਼ਵ ਯੁੱਧ ਦੀ ਸ਼ੁਰੂਆਤ ਤੋਂ ਪਹਿਲਾਂ ਅਮਰੀਕੀ ਵਿਗਿਆਨੀਆਂ ਦੇ ਇੱਕ ਗਰੁੱਪ ਨੂੰ ਨਾਜ਼ੀ ਜਰਮਨੀ ਵਿਚ ਹੋ ਰਹੀ ਪ੍ਰਮਾਣੂ ਹਥਿਆਰ ਸ਼ੋਧ ਕਾਰਣ ਚਿੰਤਾ ਸ਼ੁਰੂ ਹੋ ਗਈ। 1940 ਵਿਚ ਅਮਰੀਕੀ ਸਰਕਾਰ ਨੇ ਆਪਣੇ ਪ੍ਰਮਾਣੂ ਹਥਿਆਰ ਵਿਕਾਸ ਪ੍ਰੋਗਰਾਮ ਦੀ ਫੰਡਿੰਗ ਸ਼ੁਰੂ ਕਰ ਦਿੱਤੀ ਅਤੇ ਜਦੋਂ ਅਮਰੀਕਾ ਦੂਜੇ ਵਿਸ਼ਵ ਯੁੱਧ ਵਿਚ ਦਾਖ਼ਲ ਹੋਇਆ ਤਾਂ ਇਹ ਪ੍ਰੋਗਰਾਮ ਵਿਗਿਆਨਿਕ ਸ਼ੋਧ ਅਤੇ ਵਿਕਾਸ ਵਿਭਾਗ ਅਤੇ ਜੰਗ ਵਿਭਾਗ ਦੇ ਸੰਯੁਕਤ ਕੰਟਰੋਲ ਹੇਠਾਂ ਆ ਗਿਆ। ਅਮਰੀਕਾ ਦੀ ਆਰਮੀ ਦੇ ਇੰਜੀਨੀਅਰਾਂ ਨੂੰ ਇੱਕ ਗੁਪਤ ਪ੍ਰੋਗਰਾਮ, ਜਿਸਨੂੰ ਕੋਡ ਨਾਮ 'ਦ ਮੈਨਹੈਟਨ ਪ੍ਰੋਜੈਕਟ' ਦਿੱਤਾ ਗਿਆ, ਦੇ ਲਈ ਜ਼ਰੂਰੀ ਸਹੂਲਤਾਂ ਅਤੇ ਬੁਨਿਆਦ ਤਿਆਰ ਕਰਨ ਦੇ ਕੰਮ ਦੀ ਅਗਵਾਈ ਲਈ ਕਿਹਾ ਗਿਆ।
 
ਅਗਲੇ ਕਈ ਸਾਲਾਂ ਤੱਕ ਇਸ ਪ੍ਰੋਗਰਾਮ ਦੇ ਵਿਗਿਆਨੀਆਂ ਨੇ ਪ੍ਰਮਾਣੂ ਫਿਸ਼ਨ – ਯੂਰੇਨੀਅਮ-235 ਅਤੇ ਪਲੂਟੋਨੀਅਮ-239 ਲਈ ਜ਼ਰੂਰੀ ਸਮੱਗਰੀ ਤਿਆਰ ਕੀਤੀ। ਉਨ੍ਹਾਂ ਨੇ ਇਸਨੂੰ ਲੋਸ ਐਲਮੋਸ, ਨਿਊ ਮੈਕਸਿਕੋ ਭੇਜਿਆ ਜਿਥੇ ਇਕ ਟੀਮ, ਜਿਸਦੀ ਅਗਵਾਈ ਜੇ ਰਾਬਰਟ ਓਪਨਹੈਮੇਰ ਕਰ ਰਹੇ ਸਨ, ਨੇ ਇਸ ਸਮੱਗਰੀ ਦਵਾਰਾ ਇੱਕ ਚਾਲੂ ਪ੍ਰਮਾਣੂ ਬੰਬ ਬਣਾਉਣ ਦੀ ਕੋਸ਼ਿਸ਼ ਕੀਤੀ। 16 ਜੁਲਾਈ 1945 ਦੀ ਸਵੇਰ ਨੂੰ ਮੈਨਹੈਟਨ ਪ੍ਰੋਜੈਕਟ ਨੇ ਇਕ ਪ੍ਰਮਾਣੂ ਜੰਤਰ ਦਾ ਪਹਿਲਾ ਸਫਲ ਪ੍ਰੀਖਣ ਕੀਤਾ। ਇਹ ਇਕ ਪਲੂਟੋਨੀਅਮ ਬੰਬ ਸੀ ਜਿਸਦਾ ਪ੍ਰੀਖਣ ਟ੍ਰਾਈਨਿਟੀ ਟੈਸਟ ਸਾਈਟ ਅਲਾਮੋਗੋਰਦੋ, ਨਿਊ ਮੈਕਸਿਕੋ ਵਿਚ ਕੀਤਾ ਗਿਆ। ਟ੍ਰਾਈਨਿਟੀ ਟੈਸਟ ਦੇ ਵੇਲੇ ਅਲਾਈਡ ਪਾਵਰਾਂ ਨੇ ਜਰਮਨੀ ਨੂੰ ਯੂਰੋਪ ਵਿਚ ਹਰਾ ਦਿੱਤਾ ਸੀ। ਪਰ ਜਪਾਨ ਨੇ ਅਜੇ ਵੀ ਪੈਸਿਫ਼ਿਕ ਵਿਚ ਜੰਗ ਜਾਰੀ ਰੱਖਣ ਦੀ ਕਸਮ ਖਾਧੀ ਹੋਈ ਸੀ ਹਾਲਾਂਕਿ ਇਹ ਸੰਕੇਤ ਮਿਲ ਚੁੱਕੇ ਸਨ ਕਿ ਉਨ੍ਹਾਂ ਦੇ ਜਿੱਤਣ ਦੇ ਮੌਕੇ ਬਹੁਤ ਘੱਟ ਹਨ। ਇਥੋਂ ਤੱਕ ਕਿ ਅਪ੍ਰੈਲ 1945 ਦੇ ਅੱਧ ਵਿਚ, ਜਦੋਂ ਹੈਰੀ ਟਰੂਮੈਨ ਨੇ ਆਫ਼ਿਸ ਸੰਭਾਲਿਆ, ਤੋਂ ਲੈ ਕੇ ਜੁਲਾਈ ਦੇ ਅੱਧ ਵਿਚ ਜਾਪਾਨੀ ਫੌਜਾਂ ਨੇ ਅਲਾਈਡ ਤਾਕਤਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਅਤੇ ਇਹ ਸਾਬਤ ਕੀਤਾ ਕਿ ਜਪਾਨ ਹਾਰ ਦੇਖਣ ਤੋਂ ਬਾਅਦ ਹੋਰ ਵੀ ਖ਼ਤਰਨਾਕ ਬਣ ਗਿਆ ਸੀ। ਜਪਾਨ ਦੀ ਸਰਕਾਰ ਨੇ ਪੋਸਟਡੈਮ ਘੋਸ਼ਣਾ ਨੂੰ ਰੱਦ ਕਰ ਦਿੱਤਾ। ਇਸ ਘੋਸ਼ਣਾ ਵਿਚ ਜਪਾਨ ਦੇ ਸਮਰਪਣ ਦੀ ਗੱਲ ਕੀਤੀ ਗਈ ਸੀ ਅਤੇ ਮਨ੍ਹਾ ਕਰਨ ਦੀ ਸੂਰਤ ਵਿਚ ਜਪਾਨ ਦੀ ਪੂਰੀ ਤਰ੍ਹਾਂ ਬਰਬਾਦੀ ਕਰਨ ਦਾ ਐਲਾਨ ਕੀਤਾ ਗਿਆ ।
 
ਜਨਰਲ ਡਗਲਸ ਮੈਕਆਰਥਰ ਅਤੇ ਹੋਰ ਚੋਟੀ ਦੇ ਫੌਜੀ ਕਮਾਂਡਰਾਂ ਨੇ ਇਸ ਗੱਲ ਦੀ ਹਮਾਇਤ ਕੀਤੀ ਕਿ ਜਪਾਨ 'ਤੇ ਰਵਾਇਤੀ ਬੰਬਾਰੀ ਜਾਰੀ ਰਾਖੀ ਜਾਵੇ ਅਤੇ ਬਾਅਦ ਵਿਚ ਇੱਕ ਵੱਡਾ ਹਮਲਾ ਕੀਤਾ ਜਾਵੇ ਜਿਸਨੂੰ "ਆਪ੍ਰੇਸ਼ਨ ਡਾਊਨਫਾਲ” ਕੋਡਨੇਮ ਦਿੱਤਾ ਗਿਆ। ਉਨ੍ਹਾਂ ਨੇ ਟਰੂਮੈਨ ਨੂੰ ਸਲਾਹ ਦਿੱਤੀ ਕਿ ਅਜਿਹਾ ਹਮਲੇ ਕਰਨ ਨਾਲ ਅਮਰੀਕਾ ਵਿਚ 10 ਲੱਖ ਤੋਂ ਵੱਧ ਦਾ ਜਾਨੀ ਨੁਕਸਾਨ ਹੋ ਸਕਦਾ ਹੈ। ਇੰਨੀ ਵੱਡੀ ਤਬਾਹੀ ਤੋਂ ਬਚਣ ਵਾਸਤੇ ਟਰੂਮੈਨ ਨੇ ਇਹ ਫੈਸਲਾ ਕੀਤਾ ਕਿ ਐਟੋਮਿਕ ਬੰਬ ਦਾ ਇਸਤੇਮਾਲ ਇਸ ਉਮੀਦ ਨਾਲ ਕੀਤਾ ਜਾਵੇ ਕਿ ਇਸ ਨਾਲ ਇਹ ਜੰਗ ਜਲਦ ਹੀ ਖਤਮ ਹੋ ਜਾਵੇਗੀ। ਹਾਲਾਂਕਿ ਜੰਗ ਦੇ ਸੈਕਰੇਟਰੀ ਹੈਨਰੀ ਸਟਿਮਸਨ, ਜਨਰਲ ਡਵਾਇਤ ਐਸੇਨਹੋਵਰ ਅਤੇ ਮੈਨਹੈਟਨ ਪ੍ਰੋਜੈਕਟ ਨਾਲ ਜੁੜੇ ਕਈ ਵਿਗਿਆਨੀ ਇਸਦਾ ਮੌਲਿਕ ਅਤੇ ਨੈਤਿਕ ਆਧਾਰਾਂ 'ਤੇ ਵਿਰੋਧ ਕਰ ਰਹੇ ਸਨ ਅਤੇ ਇਸਦੇ ਹੱਕ ਵਿਚ ਨਹੀਂ ਸਨ। ਐਟੋਮਿਕ ਬੰਬ ਦੇ ਹਮਾਇਤੀ ਜੇਮਸ ਬੈਰਨਸ, ਜੋ ਕਿ ਟਰੂਮਨ ਦੇ ਸੈਕਰੇਟਰੀ ਆਫ ਸਟੇਟ ਸਨ, ਨੂੰ ਵਿਸ਼ਵਾਸ ਸੀ ਕਿ ਇਹ ਤਬਾਹਕੁਨ ਸ਼ਕਤੀ ਨਾ ਕੇਵਲ ਇਸ ਜੰਗ ਦਾ ਖਾਤਮਾ ਕਰ ਦੇਵੇਗੀ ਨਾਲ ਹੀ ਇਹ ਅਮਰੀਕਾ ਨੂੰ ਇਕ ਪ੍ਰਭਾਵਸ਼ਾਲੀ ਸਥਿਤੀ ਵਿਚ ਰੱਖ ਦੇਵੇਗੀ ਜਿਥੇ ਅਮਰੀਕਾ ਜੰਗ ਤੋਂ ਬਾਅਦ ਦੀ ਦੁਨੀਆ ਦੇ ਅਗਲੇਰੇ ਰਾਹ ਦੀ ਅਗਵਾਈ ਕਰੇਗਾ।
 
ਹਿਰੋਸ਼ਿਮਾ ਇਕ ਨਿਰਮਾਣ ਸੈਂਟਰ ਸੀ ਜਿਥੇ 3,50,000 ਲੋਕ ਰਹਿੰਦੇ ਸਨ ਅਤੇ ਇਹ ਟੋਕੀਓ ਤੋਂ 500 ਮੀਲ ਦੀ ਦੂਰੀ 'ਤੇ ਸੀ। ਇਸ ਨੂੰ ਪ੍ਰਮਾਣੂ ਬੰਬ ਲਈ ਪਹਿਲਾ ਟਾਰਗੇਟ ਚੁਣਿਆ ਗਿਆ। 9,000 ਪਾਊਂਡ ਦਾ ਯੂਰੇਨੀਅਮ-235 ਬੰਬ ਅਮਰੀਕਾ ਦੇ ਪੈਸਿਫ਼ਿਕ ਬੇਸ ਟਿਆਨਿਨ ਟਾਪੂ ਉੱਤੇ ਲਿਆਂਦਾ ਗਿਆ ਜਿਥੋਂ ਇਹ ਬੀ-29 ਬੰਬਰ ਵਿਚ ਲੋਡ ਕੀਤਾ ਗਿਆ। ਇਸ ਜਹਾਜ ਨੇ ਪੈਰਾਸ਼ੂਟ ਰਾਹੀਂ ਸਵੇਰੇ 8:15 ਵਜੇ ਇਹ ਬੰਬ ਸੁੱਟਿਆ ਅਤੇ ਇਹ ਹਿਰੋਸ਼ਿਮਾ ਸ਼ਹਿਰ ਤੋਂ 2,000 ਫੁੱਟ ਉੱਤੇ ਫੁੱਟ ਗਿਆ। ਇਸਦਾ ਧਮਾਕਾ 12 ਤੋਂ 15 ਹਜ਼ਾਰ ਟੀ.ਐਨ.ਟੀ. ਜਿੰਨਾ ਸੀ ਜਿਸ ਨੇ ਸ਼ਹਿਰ ਦੇ ਪੰਜ ਵਰਗ ਮੀਲ ਰਕਬੇ ਨੂੰ ਤਬਾਹ ਕਰ ਦਿੱਤਾ। ਇਸ ਬੰਬ ਦਾ ਨਾਮ 'ਲਿਟਲ ਬਵਾਏ' ਰੱਖਿਆ ਗਿਆ ਸੀ।
 
ਹਿਰੋਸ਼ਿਮਾ ਦੀ ਤਬਾਹੀ ਦੇ ਬਾਵਜੂਦ ਜਪਾਨ ਵੱਲੋਂ ਜਲਦ ਸਮਰਪਣ ਕਰਨ ਦਾ ਕੋਈ ਇਰਾਦਾ ਨਹੀਂ ਵਿਖਾਈ ਦਿੱਤਾ ਜਿਸ ਸਦਕਾ 9 ਅਗਸਤ ਨੂੰ ਮੇਜਰ ਚਾਰਲਸ ਸਵੀਨੀ ਨੇ ਇੱਕ ਹੋਰ B-29 ਬੰਬਰ ਨਾਲ ਟਿਆਨਿਨ ਟਾਪੂ ਤੋਂ ਉਡਾਣ ਭਰੀ। ਪਹਿਲਾ ਟਾਰਗੇਟ ਕੋਕੁਰਾ ਸ਼ਹਿਰ ਸੀ ਪਰ ਉਸ ਉੱਤੇ ਕਾਲੇ ਸੰਘਣੇ ਬੱਦਲ ਹੋਣ ਸਦਕਾ ਦੂਜੇ ਟਾਰਗੇਟ ਨਾਗਾਸਾਕੀ ਵੱਲ ਜਹਾਜ ਨੇ ਆਪਣਾ ਰੁੱਖ ਮੋੜਿਆ ਅਤੇ ਸਵੇਰੇ ਗਿਆਰਾਂ ਵੱਜ ਕੇ ਦੋ ਮਿੰਟ 'ਤੇ ਪਲੂਟੋਨੀਅਮ ਬੰਬ, ਜਿਸਨੂੰ 'ਫੈਟ ਮੈਨ' ਦੇ ਨਾਮ ਤੋਂ ਜਾਣਿਆ ਜਾਂਦਾ, ਸੁੱਟ ਦਿੱਤਾ। ਇਹ ਹਿਰੋਸ਼ਿਮਾ ਵਿਚ ਵਰਤੇ ਗਏ ਬੰਬ ਤੋਂ ਵੀ ਜ਼ਿਆਦਾ ਤਾਕਤਵਰ ਸੀ ਅਤੇ ਇਸਦਾ ਭਾਰ ਦੱਸ ਹਜ਼ਾਰ ਪਾਊਂਡ ਸੀ ਜਿਸ ਨਾਲ 22 ਕਿਲੋਟਨ ਦਾ ਧਮਾਕਾ ਹੋਇਆ।
 
ਨਾਗਾਸਾਕੀ ਦੇ ਵੱਖਰੇ ਧਰਾਤਲ, ਜੋ ਕਿ ਪਹਾੜਾਂ ਵਿਚ ਤੰਗ ਵਾਦੀਆਂ ਵਿਚ ਸਥਿਤ ਸੀ, ਦੇ ਕਾਰਣ ਬੰਬ ਦਾ ਅਸਰ ਥੋੜਾ ਜਿਹਾ ਘੱਟ ਹੋਇਆ ਅਤੇ ਇਸਦੀ ਤਬਾਹੀ 2.6 ਵਰਗ ਮੀਲ ਤੱਕ ਹੀ ਰਹੀ। 15 ਅਗਸਤ 1945 ਦੀ ਦੁਪਹਿਰ ਨੂੰ ਜਪਾਨ ਦੇ ਸਮਰਾਟ ਹਿਰੋਹੀਤੋ ਨੇ ਇੱਕ ਰੇਡੀਓ ਪ੍ਰਸਾਰਣ ਵਿਚ ਆਪਣੇ ਦੇਸ਼ ਦੇ ਸਮਰਪਣ ਦਾ ਐਲਾਨ ਕਰ ਦਿੱਤਾ। ਇਹ ਖ਼ਬਰ ਅੱਗ ਵਾਂਗ ਫੈਲ ਗਈ ਤੇ ਅਮਰੀਕਾ ਅਤੇ ਅਲਾਈਡ ਦੇਸ਼ਾਂ ਨੇ ਜਪਾਨ ਵਿਚ ਹੋਈ ਜਿੱਤ ਦੀਆਂ ਖੁਸ਼ੀਆਂ ਮਨਾਈਆਂ। ਰਸਮੀ ਸਮਰਪਣ ਸਮਝੌਤਾ 2 ਸਤੰਬਰ ਨੂੰ ਅਮਰੀਕਾ ਦੀ ਬੈਟਲਸ਼ਿਪ ਮਿਸੋਰੀ ਵਿਚ ਦਸਤਖ਼ਤ ਕੀਤਾ ਗਿਆ।
 
ਜਾਪਾਨੀਆਂ ਵਲੋਂ ਕੀਤੇ ਗਏ ਇਕ ਪ੍ਰੀਖਣ ਅਤੇ ਗਵਾਹੀ ਵਿਚ ਸਰਵੇਖਣ ਟੀਮ ਦੇ ਮੈਂਬਰਾਂ ਨੇ ਪ੍ਰਮਾਣੂ ਬੰਬ ਦੇ ਨੁਕਸਾਨ ਬਾਰੇ ਇਹ ਦੱਸਿਆ ਕਿ ਬਹੁਤ ਵੱਡੀ ਗਿਣਤੀ ਵਿਚ ਲੋਕ ਆਪਣੇ ਘਰਾਂ ਵਿਚ ਜਾਂ ਫਿਰ ਜਿਥੇ ਉਹ ਕੰਮ ਕਰ ਰਹੇ ਸਨ ਉਥੇ ਹੀ ਦੱਬ ਕੇ ਕੁਚਲੇ ਗਏ। ਧਮਾਕੇ ਦੇ ਕੇਂਦਰ ਤੋਂ 1500 ਮੀਟਰ ਦੀ ਦੂਰੀ ’ਤੇ ਰਾਖ ਅਤੇ ਮਨੁੱਖੀ ਕੰਕਾਲ ਸਾਫ ਦੇਖੇ ਜਾ ਸਕਦੇ ਸਨ। ਬਹੁਤ ਸਾਰੇ ਲੋਕ ਧਮਾਕੇ ਤੋਂ ਬਾਅਦ ਦੂਰ ਦੁਰਾਡੇ ਇਲਾਕਿਆਂ ਵੱਲ ਭੱਜੇ ਅਤੇ ਰਾਹ ਵਿਚ ਹੀ ਗਿਰ ਕੇ ਮਰ ਗਏ ਸਨ। ਬਹੁਤ ਸਾਰੇ ਲੋਕਾਂ ਨੂੰ ਉਲਟੀਆਂ ਅਤੇ ਖੂਨ ਅਤੇ ਪਾਣੀ ਦੇ ਦਸਤ ਹੋ ਗਏ ਸਨ ਜਿਸ ਕਰਕੇ ਉਨ੍ਹਾਂ ਦੇ ਸ਼ਰੀਰ ਵਿਚ ਬਹੁਤ ਕਮਜ਼ੋਰੀ ਆ ਗਈ ਸੀ। ਇਹ ਲੋਕ ਬੰਬ ਗਿਰਨ ਤੋਂ ਬਾਅਦ ਦੋ ਹਫਤਿਆਂ ਦੇ ਅੰਦਰ ਹੀ ਮਰ ਗਏ। ਕਈ ਲੋਕਾਂ ਦੀ ਮੌਤ ਅੰਦਰੂਨੀ ਸੱਟਾਂ ਅਤੇ ਚਮੜੀ ਦੇ ਜਲਣ ਕਰਕੇ ਹੋਈ। ਚਮੜੀ ਦੇ ਪੀਲੇ ਹੋਣ ਕਾਰਣ ਵੀ ਕਈ ਲੋਕਾਂ ਦੀ ਮੌਤ ਹੋਈ। ਬੋਨ ਮੈਰੋ ਸਿੰਡ੍ਰੋਮ ਕਰਕੇ ਕਈ ਲੋਕਾਂ ਦੇ ਲਹੂ ਦੇ ਚਿੱਟੇ ਸੈੱਲ ਘੱਟ ਗਏ ਸਨ ਅਤੇ ਪਲੇਟਲੈਟਸ ਬਿਲਕੁਲ ਖ਼ਤਮ ਹੋ ਗਏ ਜਿਸ ਕਰਕੇ ਜ਼ਿਆਦਾ ਬਲੀਡਿੰਗ ਨਾਲ ਲੋਕ ਮਰ ਗਏ।
 
ਅੰਦਾਜ਼ਨ ਹੀਰੋਸ਼ੀਮਾ ਵਿਚ ਡੇਢ ਲੱਖ ਦੇ ਕਰੀਬ ਅਤੇ ਨਾਗਾਸਾਕੀ ਵਿਚ ਪੰਝੱਤਰ ਹਜ਼ਾਰ ਦੇ ਕਰੀਬ ਮੌਤਾਂ ਹੋਈਆਂ। ਇਸ ਤੋਂ ਦੁਗਣੇ ਲੋਕ ਹੋਰ ਬੀਮਾਰੀਆਂ ਦਾ ਸ਼ਿਕਾਰ ਹੋ ਗਏ ਸਨ ਅਤੇ ਅਗਲੇ ਕੁਝ ਹੀ ਸਾਲਾਂ ਵਿਚ ਬਹੁਤਿਆਂ ਦੀ ਮੌਤ ਹੋ ਗਈ। ਦੁਨੀਆ ਨੇ ਕਦੇ ਇੰਨੇ ਵੱਡੇ ਪੱਧਰ 'ਤੇ ਮਨੁੱਖੀ ਤਬਾਹੀ ਨਹੀਂ ਦੇਖੀ ਸੀ। ਇਨ੍ਹਾਂ ਦੋ ਸ਼ਹਿਰਾਂ ਵਿਚ ਦਿਲ ਦਹਿਲਾ ਦੇਣ ਵਾਲੇ ਦ੍ਰਿਸ਼ ਸਨ। ਜਪਾਨ ਇੰਨਾ ਟੁੱਟ ਚੁੱਕਿਆ ਸੀ ਕਿ ਉਸ ਕੋਲ ਸਮਰਪਣ ਕਰਨ ਤੋਂ ਬਿਨਾ ਕੋਈ ਹੋਰ ਰਾਹ ਨਹੀਂ ਸੀ ਬਚਿਆ।
 
ਇਸ ਤੋਂ ਬਾਅਦ ਜਪਾਨ ਨੇ ਦੇਸ਼ਵਾਸੀਆਂ ਦੀ ਮਦਦ ਨਾਲ ਕੜੀ ਮਿਹਨਤ ਕਰ ਬਹੁਤ ਤਰੱਕੀ ਕੀਤੀ ਅਤੇ ਆਪਣੇ ਆਪ ਨੂੰ ਮੁੱਢ ਤੋਂ ਫੇਰ ਉਸਾਰਿਆ। ਜਪਾਨ ਨੇ ਲੜਾਈ ਦਾ ਰਾਹ ਛੱਡ ਕੇ ਨਵੀਆਂ ਤਕਨੀਕਾਂ ਅਤੇ ਵਿਕਾਸ ਦਾ ਰਾਹ ਫੜਿਆ। ਅੱਜ ਦੀ ਦੁਨੀਆ ਵਿਚ ਕਈ ਦੇਸ਼ਾਂ ਕੋਲ ਇੰਨੇ ਖ਼ਤਰਨਾਕ ਅਤੇ ਸ਼ਕਤੀਸ਼ਾਲੀ ਪ੍ਰਮਾਣੂ ਬੰਬ ਹਨ ਕਿ ਕਿਹਾ ਜਾਂਦਾ ਹੈ ਕਿ ਇਨ੍ਹਾਂ ਦੀ ਵਰਤੋਂ ਨਾਲ ਧਰਤੀ ਨੂੰ ਕਈ ਵਾਰ ਤਬਾਹ ਕੀਤਾ ਜਾ ਸਕਦਾ ਹੈ। ਅੱਜ ਦੇ ਯੁਗ ਵਿਚ ਹਿਰੋਸ਼ਿਮਾ ਅਤੇ ਨਾਗਾਸਾਕੀ ਵਰਗੀ ਤਬਾਹੀ ਦਾ ਖ਼ਤਰਾ ਕੋਈ ਦੇਸ਼ ਨਹੀਂ ਮੁੱਲ ਲੈ ਸਕਦਾ।
 
ਦੂਜੇ ਵਿਸ਼ਵ ਯੁੱਧ ਤੋਂ ਬਾਅਦ ਬਣੇ ਸੰਯੁਕਤ ਰਾਸ਼ਟਰ ਕਾਰਣ ਪੂਰੇ ਵਿਸ਼ਵ ਵਿਚ ਸ਼ਾਂਤੀ ਸਥਾਪਿਤ ਹੋਈ ਅਤੇ ਹੁਣ ਤੱਕ ਇਨ੍ਹਾਂ ਸਾਲਾਂ ਦੌਰਾਨ ਸ਼ਾਂਤੀ ਬਣਾਏ ਰੱਖਣ ਦਾ ਸੰਯੁਕਤ ਰਾਸ਼ਟਰ ਨੇ ਪੂਰਨ ਪ੍ਰਯਾਸ ਕਰਿਆ। ਸਾਰੇ ਦੇਸ਼ਾਂ ਨੂੰ ਹਿਰੋਸ਼ਿਮਾ ਅਤੇ ਨਾਗਾਸਾਕੀ ਸ਼ਹਿਰਾਂ ਵਿਚ ਹੋਈ ਤਬਾਹੀ ਯਾਦ ਕਰਕੇ ਸ਼ਾਂਤੀ ਦੇ ਰਾਹ 'ਤੇ ਚਲਣਾ ਚਾਹੀਦਾ ਅਤੇ ਹੋਰ ਦੇਸ਼ਾਂ ਨਾਲ ਸ਼ਾਂਤੀ ਸੰਬੰਧ ਕਾਇਮ ਰੱਖਣੇ ਚਾਹੀਦੇ ਕਿਉਂਕਿ ਪ੍ਰਮਾਣੂ ਬੰਬਾਂ ਨਾਲ ਮਨੁੱਖਤਾ ਦਾ ਇਸ ਧਰਤੀ ਤੋਂ ਵਿਨਾਸ਼ ਹੋ ਸਕਦਾ ਹੈ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER