ਜੀਵਨ-ਜਾਚ
ਹਮੇਸ਼ਾਂ ਕਮਜ਼ੋਰਾਂ ਕਾਰਨ ਹੀ ਕਿਉਂ ਵਧਦਾ ਹੈ ਬਲੱਡ ਪ੍ਰੈਸ਼ਰ?
- ਬਲਰਾਜ ਸਿੰਘ ਸਿੱਧੂ*
ਹਮੇਸ਼ਾਂ ਕਮਜ਼ੋਰਾਂ ਕਾਰਨ ਹੀ ਕਿਉਂ ਵਧਦਾ ਹੈ ਬਲੱਡ ਪ੍ਰੈਸ਼ਰ?ਕਈ ਅਫ਼ਸਰ, ਲੀਡਰ ਜਾਂ ਅਮੀਰ ਆਦਮੀਆਂ ਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ। ਐਵੇਂ ਸਾਰਾ ਦਿਨ ਖਿਝੇ ਰਹਿੰਦੇ ਹਨ ਤੇ ਹਮੇਸ਼ਾਂ ਆਪਣੇ ਜੂਨੀਅਰਾਂ ਨੂੰ ਵੱਢ ਖਾਣ ਨੂੰ ਪੈਂਦੇ ਹਨ। ਕਈ ਆਦਮੀ ਆਪਣੀਆਂ ਪਤਨੀਆਂ ਅਤੇ ਬੱਚਿਆਂ ਨੂੰ ਹਰ ਵੇਲੇ ਬਿਨਾਂ ਮਤਲਬ ਡਾਂਟਦੇ ਰਹਿੰਦੇ ਹਨ। ਪੁੱਛਣ 'ਤੇ ਚਮਚੇ ਦੱਸਣਗੇ ਕਿ ਕਈ ਵਾਰ ਸਾਹਿਬ ਦਾ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ, ਹੋਰ ਕੋਈ ਗੱਲ ਨਹੀਂ। ਪਰ ਇਹ ਬਹੁਤ ਹੀ ਅਜੀਬ ਬਿਮਾਰੀ ਹੈ।

ਗਰੀਬਾਂ, ਬੇਸਹਾਰਿਆਂ, ਮਾਹਤਿਤਾਂ ਅਤੇ ਪਰਿਵਾਰ ਦੇ ਜੀਆਂ 'ਤੇ ਹਾਈ ਹੋਣ ਵਾਲਾ ਬਲੱਡ ਪ੍ਰੈਸ਼ਰ ਆਪਣੇ ਸੀਨੀਅਰ ਦੇ ਸਾਹਮਣੇ ਇੱਕ ਦਮ ਲੋਅ ਹੋ ਜਾਂਦਾ ਹੈ। ਹਰੇਕ ਨੂੰ ਟੁੱਟ ਕੇ ਪੈਣ ਵਾਲਾ ਵਿਅਕਤੀ ਉਥੇ ਵੇਖੋ ਕਿਵੇਂ ਸਰ-ਸਰ ਕਰਦਾ ਫਿਰਦਾ ਹੈ। ਕਿਵੇਂ ਸੀਨੀਅਰ ਦੀ ਪਲੇਟ ਵਿੱਚ ਭੱਜ-ਭੱਜ ਕੇ ਚਾਹ ਸਮੋਸੇ ਰੱਖਦਾ ਹੈ ਤੇ ਹਰੇਕ ਪ੍ਰਕਾਰ ਦੀ ਜੀ ਹਜ਼ੂਰੀ ਕਰਦਾ ਹੈ। ਪਰ ਸੀਨੀਅਰ 'ਤੇ ਇਸ ਚੀਜ ਦਾ ਕੋਈ ਬਹੁਤਾ ਅਸਰ ਨਹੀਂ ਹੁੰਦਾ ਕਿਉਂਕਿ ਉਹ ਇਹ ਸਭ ਕੁਝ ਕਰਵਾਉਣਾ ਆਪਣਾ ਹੱਕ ਸਮਝਦਾ ਹੈ। ਜੇ ਕਿਤੇ ਇਹੋ ਜਿਹਾ ਮਿੱਠਾ ਵਿਹਾਰ ਆਪਣੇ ਜੂਨੀਅਰਾਂ, ਗਰੀਬਾਂ ਅਤੇ ਪਰਿਵਾਰ ਨਾਲ ਵੀ ਕੀਤਾ ਜਾਵੇ ਤਾਂ ਵਿਚਾਰੇ ਲੱਖ-ਲੱਖ ਅਸੀਸਾਂ ਦੇਣਗੇ।

ਅਸੀਂ ਜਦੋਂ ਟ੍ਰੇਨਿੰਗ ਕਰਦੇ ਸੀ ਤਾਂ ਸਾਡੇ ਇੱਕ ਸਾਥੀ ਨੂੰ ਵੀ ਇਹੋ ਹੀ ਬਿਮਾਰੀ ਸੀ। ਉਹ ਹਮੇਸ਼ਾਂ ਸਾਥੀਆਂ ਨਾਲ ਲੜਦਾ-ਝਗੜਦਾ ਰਹਿੰਦਾ ਸੀ। ਕਦੇ ਉਸ ਨੇ ਕਿਸੇ ਦੇ ਗਲ ਪੈ ਜਾਣਾ ਤੇ ਕਦੇ ਕਿਸੇ ਦੇ। ਪੁੱਛਣ 'ਤੇ ਕਹਿਣਾ ਕਿ ਮੇਰਾ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ। ਪਰ ਜਦੋਂ ਉਸ ਨੇ ਉਸਤਾਦ (ਟ੍ਰੇਨਿੰਗ ਦੇਣ ਵਾਲਾ ਇੰਸਟ੍ਰਕਟਰ) ਦੇ ਸਾਹਮਣੇ ਜਾਣਾ ਤਾਂ ਇੱਕ ਦਮ ਫਰਮਾਬਰਦਾਰ ਬਰਖੁਰਦਾਰ ਬਣ ਕੇ ਉਸਤਾਦ ਜੀ, ਉਸਤਾਦ ਜੀ ਕਰਦੇ ਫਿਰਨਾ। ਉਸਤਾਦ ਵੱਲੋਂ ਦਿੱਤੀ ਸਜ਼ਾ ਵੀ ਉਸ ਨੇ ਖਿੜੇ ਮੱਥੇ ਪੂਰੀ ਕਰਨੀ। ਟ੍ਰੇਨਿੰਗ ਸੈਂਟਰਾਂ ਵਿੱਚ ਰੰਗਰੂਟਾਂ ਨੂੰ ਸਿੱਧੇ ਕਰਨ ਲਈ ਬਹੁਤ ਸਖਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਹਨ। ਰਾਈਫਲ ਉੱਪਰ ਚੁੱਕ ਕੇ ਗਰਾਊਂਡ ਦੇ ਚੱਕਰ ਲਗਾਉਣੇ, ਡੱਡੂ ਛੜੱਪੇ ਮਰਾਉਣੇ ਤੇ ਐਕਸਟਰਾ ਪੀ.ਟੀ. ਪਰੇਡ ਲਗਾਉਣੀ ਬਹੁਤ ਆਮ ਜਿਹੀ ਗੱਲ ਹੈ। ਉਸ ਨੂੰ ਸਾਥੀਆਂ ਨੇ ਪੁੱਛਿਆ ਕਿ ਸਾਡੇ ਨਾਲ ਤਾਂ ਤੂੰ ਮਰਨ ਮਾਰਨ ਤੱਕ ਪਹੁੰਚਾ ਜਾਂਦਾ ਹੈਂ, ਉਸਤਾਦ ਸਾਹਮਣੇ ਕਿਉਂ ਨਹੀਂ ਤੇਰਾ ਬਲੱਡ ਪ੍ਰੈਸ਼ਰ ਹਾਈ ਹੁੰਦਾ? ਦੰਦੀਆਂ ਜਿਹੀਆਂ ਕੱਢ ਕੇ ਬੋਲਿਆ ਕਿ ਉਥੇ ਪੰਗਾ ਲੈ ਕੇ ਮਰਨਾ ਹੈ, ਟ੍ਰੇਨਿੰਗ ਨਹੀਂ ਪੂਰੀ ਕਰਨੀ?
----------
ਇਹ ਬਹੁਤ ਸਿਆਣੀ ਬਿਮਾਰੀ ਜੋ ਨਫਾ-ਨੁਕਸਾਨ ਵੇਖ ਕੇ ਹੁੰਦੀ ਹੈ ਤੇ ਇਸ ਦਾ ਇਲਾਜ ਵੱਡੇ ਤੋਂ ਵੱਡੇ ਹਾਰਟ ਸਪੈਸ਼ਲਿਸਟ ਕੋਲ ਵੀ ਨਹੀਂ ਹੈ। ਜੋ ਵਿਅਕਤੀ ਤੁਹਾਡਾ ਨੁਕਸਾਨ ਜਾਂ ਫਾਇਦਾ ਕਰ ਸਕਦਾ ਹੈ, ਉਥੇ ਇਹ ਲੋਅ ਹੋ ਜਾਂਦੀ ਹੈ। ਜਿਸ ਵਿਅਕਤੀ ਦਾ ਤੁਸੀਂ ਨਫਾ-ਨੁਕਸਾਨ ਕਰ ਸਕਦੇ ਹੋ, ਉਥੇ ਇਹ ਹਾਈ ਹੋ ਜਾਂਦੀ ਹੈ।
----------
ਜ਼ਿਆਦਾਤਰ ਅਫ਼ਸਰਾਂ, ਲੀਡਰਾਂ ਅਤੇ ਅਮੀਰ ਵਿਅਕਤੀਆਂ ਦਾ ਵਿਹਾਰ ਜਗ੍ਹਾ ਤੇ ਮੌਕੇ ਮੁਤਾਬਕ ਬਦਲਦਾ ਰਹਿੰਦਾ ਹੈ। ਤੁਸੀਂ ਇਨ੍ਹਾਂ ਨੂੰ ਆਮ ਲੋਕਾਂ ਨੂੰ ਮਿਲਦੇ ਵੇਖੋ ਤੇ ਆਪਣੇ ਤੋਂ ਵੱਡੇ ਬੰਦੇ ਨੂੰ ਮਿਲਦੇ ਸਮੇਂ ਵੇਖੋ। ਮਾੜੇ ਬੰਦੇ ਨੂੰ ਮਿਲਣ ਲੱਗਿਆਂ ਅੱਖਾਂ ਮੱਥੇ 'ਤੇ ਲੱਗੀਆਂ ਹੁੰਦੀਆਂ ਹਨ, ਧੌਣ ਆਕੜੀ ਤੇ ਮੂੰਹ ਇਸ ਤਰ੍ਹਾਂ ਬਣਾਇਆ ਹੁੰਦਾ ਹੈ ਜਿਵੇਂ ਮਿਰਚਾਂ ਖਾਧੀਆਂ ਹੋਣ। ਲੋਕਾਂ ਨੂੰ ਦੋ-ਦੋ ਘੰਟੇ ਇੰਤਜ਼ਾਰ ਕਰਾਉਂਦੇ ਹਨ। ਪਰ ਆਪ ਤੋਂ ਵੱਡੇ ਬੰਦੇ ਨੂੰ ਮਿਲਣ ਸਮੇਂ ਇਹ ਨਿਮਰਤਾ ਦੀ ਮੂਰਤ ਬਣੇ ਹੁੰਦੇ ਹਨ। ਅਭਿਵਾਦਨ ਕਰਨ ਲੱਗਿਆਂ ਦੂਹਰੇ ਤੀਹਰੇ ਹੋ ਜਾਂਦੇ ਹਨ। ਵੱਡਾ ਬੰਦਾ ਚਾਹੇ 10 ਘੰਟੇ ਇੰਤਜ਼ਾਰ ਕਰਾਏ, ਚੁੱਪ-ਚਾਪ ਖਿੜੇ ਮੱਥੇ ਬੈਠੇ ਰਹਿੰਦੇ ਹਨ। ਇਨ੍ਹਾਂ ਲੋਕਾਂ ਦਾ ਜੂਨੀਅਰ ਦੀ ਛੋਟੀ ਜਿਹੀ ਗਲਤੀ ਕਾਰਨ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ ਤੇ ਉਸ ਨੂੰ 100-100 ਲਾਹਨਤਾਂ ਪਾ ਦਿੰਦੇ ਹਨ। ਪਰ ਜਦੋਂ ਸੀਨੀਅਰ ਇਨ੍ਹਾਂ ਦੀ ਲਾਹ ਪਾਹ ਕਰਦਾ ਹੈ ਤਾਂ ਅੱਖਾਂ ਮੀਟ ਕੇ ਚੁੱਪ-ਚਾਪ ਪੀ ਜਾਂਦੇ ਹਨ।

ਅਦਾਲਤਾਂ ਵਿੱਚ ਵੇਖੋ ਕਿਵੇਂ ਵੱਡੇ ਤੋਂ ਵੱਡੇ ਪਾਟੇ ਖਾਨ ਵੀ ਗਊ ਦੇ ਜਾਏ ਬਣ ਕੇ ਖੜ੍ਹੇ ਹੁੰਦੇ ਹਨ। ਕਿਵੇਂ ਨਜ਼ਰਾਂ ਝੁਕਾਅ ਕੇ ਹੱਥ ਜੋੜ ਕੇ ਹਰ ਪ੍ਰਕਾਰ ਦੀ ਡਾਂਟ-ਡਪਟ ਝੱਲ ਜਾਂਦੇ ਹਨ। ਬਲੱਡ ਪ੍ਰੈਸ਼ਰ ਮਤਲਬ ਵੇਲੇ ਹੀ ਹਾਈ ਲੋਅ ਹੁੰਦਾ ਹੈ।

ਪਾਕਿਸਤਾਨ ਦੇ ਰਾਸ਼ਟਰਪਤੀ ਜਨਰਲ ਜ਼ਿਆ ਉਲ ਹੱਕ ਨੇ ਭੁੱਟੋ ਨੂੰ ਫਾਂਸੀ ਲਗਾਇਆ ਸੀ। ਕਹਿੰਦੇ ਹਨ ਕਿ ਜਦੋਂ ਉਸ ਨੇ ਮੁੱਖ ਜਰਨੈਲ ਬਣਨਾ ਸੀ ਤਾਂ ਵੇਲੇ ਦੇ ਪ੍ਰਧਾਨ ਮੰਤਰੀ ਭੁੱਟੋ ਦੇ ਬੂਟਾਂ 'ਤੇ ਡਿੱਗੀ ਚਾਹ ਉਸ ਨੇ ਆਪਣੇ ਰੁਮਾਲ ਨਾਲ ਸਾਫ ਕੀਤੀ ਸੀ। ਪਰ ਜਰਨੈਲੀ ਮਿਲਦੇ ਸਾਰ ਉਸ ਦਾ ਬਲੱਡ ਪ੍ਰੈਸ਼ਰ ਹਾਈ ਹੋ ਗਿਆ ਤੇ ਉਸ ਨੇ ਤਖਤਾ ਪਲਟ ਕਰ ਕੇ ਉਸੇ ਭੁੱਟੋ ਨੂੰ ਫਾਂਸੀ 'ਤੇ ਟੰਗ ਦਿੱਤਾ।

ਬਲੱਡ ਪ੍ਰੈਸ਼ਰ ਅਜਿਹੀ ਬਿਮਾਰੀ ਹੈ ਕਿ ਜੋ ਮਾੜੇ ਸਾਹਮਣੇ ਹਾਈ ਤੇ ਤਕੜੇ ਸਾਹਮਣੇ ਲੋਅ ਹੁੰਦੀ ਰਹਿੰਦੀ ਹੈ। ਕਈ ਵਾਰ ਕੋਈ ਆਪਣੇ ਜੂਨੀਅਰ ਦੀ ਲਾਹ-ਪਾਹ ਕਰ ਰਿਹਾ ਹੁੰਦਾ ਹੈ ਤਾਂ ਉਸੇ ਵੇਲੇ ਸੀਨੀਅਰ ਆ ਜਾਂਦਾ ਹੈ। ਸੀਨੀਅਰ ਉਲਟੇ ਉਸ ਦੀ ਲਾਹ-ਪਾਹ ਕਰ ਦਿੰਦਾ ਹੈ ਤਾਂ ਬਲੱਡ ਪ੍ਰੈਸ਼ਰ ਇੱਕ ਦਮ ਲੋਅ ਹੋ ਜਾਂਦਾ ਹੈ। ਸੀਨੀਅਰ ਦੇ ਸਾਹਮਣੇ ਉਹ ਚੂੰ ਵੀ ਨਹੀਂ ਕਰਦਾ। ਪਰ ਉਸ ਦੇ ਜਾਂਦੇ ਸਾਰ ਬਲੱਡ ਪ੍ਰੈਸ਼ਰ ਫਿਰ ਹਾਈ ਹੋ ਜਾਂਦਾ ਹੈ। ਐਨੀ ਛੇਤੀ ਤਾਂ ਗਿਰਗਿਟ ਵੀ ਰੰਗ ਨਹੀਂ ਬਦਲਦਾ।
----------
ਕਈ ਆਦਮੀ ਆਪਣੀਆਂ ਪਤਨੀਆਂ ਅਤੇ ਬੱਚਿਆਂ ਨੂੰ ਹਰ ਵੇਲੇ ਬਿਨਾਂ ਮਤਲਬ ਡਾਂਟਦੇ ਰਹਿੰਦੇ ਹਨ। ਪੁੱਛਣ 'ਤੇ ਚਮਚੇ ਦੱਸਣਗੇ ਕਿ ਕਈ ਵਾਰ ਸਾਹਿਬ ਦਾ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ, ਹੋਰ ਕੋਈ ਗੱਲ ਨਹੀਂ। ਪਰ ਇਹ ਬਹੁਤ ਹੀ ਅਜੀਬ ਬਿਮਾਰੀ ਹੈ ਜੋ ਮਾੜੇ ਸਾਹਮਣੇ ਹਾਈ ਤੇ ਤਕੜੇ ਸਾਹਮਣੇ ਲੋਅ ਹੁੰਦੀ ਰਹਿੰਦੀ ਹੈ।।
----------
ਅਖ਼ਬਾਰਾਂ ਵਿੱਚ ਅਨੇਕਾਂ ਨੇਤਾਵਾਂ ਦੀਆਂ ਫੋਟੋਆਂ ਵੀ ਛਪਦੀਆਂ ਰਹਿੰਦੀਆਂ ਹਨ। ਜਦੋਂ ਕੋਈ ਨੇਤਾ ਕਿਸੇ ਟੂਰਨਾਮੈਂਟ ਜਾਂ ਇਮਾਰਤ-ਪੁਲ ਦਾ ਉਦਘਾਟਨ ਕਰ ਰਿਹਾ ਹੁੰਦਾ ਹੈ ਤਾਂ ਉਸ ਦੀ ਸ਼ਕਲ ਵੇਖਣ ਵਾਲੀ ਹੁੰਦੀ ਹੈ। ਅੱਖਾਂ ਉਪਰ ਨੂੰ, ਮੁੱਛ ਖੜੀ, ਧੌਣ ਕਿਰਲੇ ਵਾਂਗ ਆਕੜੀ ਹੋਈ। ਵਿਚਾਰੀ ਜਨਤਾ ਭੱਜ-ਭੱਜ ਕੇ ਉਸ ਦੇ ਪੈਰੀਂ ਹੱਥ ਲਾਉਂਦੀ ਹੈ ਤੇ ਉਹ ਬਹੁਤ ਸਟਾਈਲ ਨਾਲ ਮਾੜਾ ਜਿਹਾ ਮੋਢੇ 'ਤੇ ਹੱਥ ਲਾਵੇਗਾ ਤਾਂ ਜੋ ਕਿਤੇ ਕਿਸੇ ਦੇ ਮੁੜਕੇ ਨਾਲ ਹੱਥ ਖਰਾਬ ਨਾ ਹੋ ਜਾਣ।

ਅਗਲੇ ਦਿਨ ਉਸੇ ਨੇਤਾ ਦੀ ਦਿੱਲੀ ਆਪਣੇ ਕਿਸੇ ਰਹਿਨੁਮਾ ਨਾਲ ਮੁਲਾਕਾਤ ਦੀ ਫੋਟੋ ਛਪਦੀ ਹੈ। ਕਿਰਲੇ ਵਾਂਗ ਆਕੜਿਆ ਉਹੋ ਨੇਤਾ ਫੁਲਾਂ ਦਾ ਵੱਡਾ ਸਾਰਾ ਗੁਲਦਸਤਾ ਪਕੜ ਕੇ ਪਾਈਆ ਕੁ ਦਾ ਬਣ ਕੇ ਤੀਰ ਕਮਾਨ ਵਾਂਗ ਦੋਹਰਾ ਹੋਇਆ ਹੁੰਦਾ ਹੈ। ਕਿਸੇ ਨਾਲ ਅੱਖ ਨਾ ਮਿਲਾਉਣ ਵਾਲਾ ਉਹੀ ਨੇਤਾ ਸੀਨੀਅਰ ਦੇ ਪੈਰ ਪਕੜਨ ਤੱਕ ਪਹੁੰਚਿਆ ਹੁੰਦਾ ਹੈ। ਜਦੋਂ ਇਨ੍ਹਾਂ ਲੋਕਾਂ ਦੀ ਅਮਰੀਕਾ ਇਮੀਗ੍ਰੇਸ਼ਨ ਵਾਲੇ ਕਪੜੇ ਲੁਹਾ ਕੇ ਜਾਮਾਤਲਾਸ਼ੀ ਕਰਦੇ ਹਨ, ਉਦੋਂ ਵੀ ਇਨ੍ਹਾਂ ਦਾ ਬਲੱਡ ਪ੍ਰੈਸ਼ਰ ਹਾਈ ਨਹੀਂ ਹੁੰਦਾ।

ਚੌਵੀ ਘੰਟੇ ਭਾਰਤ ਨੂੰ ਗਾਲ੍ਹਾਂ ਕੱਢਣ ਵਾਲੇ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਵੀ ਕੁਝ ਦਿਨ ਪਹਿਲਾਂ ਅਮਰੀਕਾ ਦੇ ਵਾਸ਼ਿੰਗਟਨ ਹਵਾਈ ਅੱਡੇ 'ਤੇ ਕੱਪੜੇ ਉਤਾਰ ਕੇ ਤਲਾਸ਼ੀ ਕਰਵਾਈ ਹੈ।

ਕ੍ਰਿਕਟ ਮੈਚ ਦੌਰਾਨ ਗਰੀਬ ਗਾਰਡ ਨੂੰ ਸ਼ਰੇਆਮ ਗਾਲ੍ਹਾਂ ਕੱਢਣ ਵਾਲਾ ਸ਼ਾਹਰੁਖ ਖਾਨ ਵੀ ਉਥੇ ਚੁੱਪ-ਚਾਪ ਕੱਪੜੇ ਉਤਾਰ ਦਿੰਦਾ ਹੈ।

ਇਹ ਬਹੁਤ ਸਿਆਣੀ ਬਿਮਾਰੀ ਜੋ ਨਫਾ-ਨੁਕਸਾਨ ਵੇਖ ਕੇ ਹੁੰਦੀ ਹੈ ਤੇ ਇਸ ਦਾ ਇਲਾਜ ਵੱਡੇ ਤੋਂ ਵੱਡੇ ਹਾਰਟ ਸਪੈਸ਼ਲਿਸਟ ਕੋਲ ਵੀ ਨਹੀਂ ਹੈ। ਜੋ ਵਿਅਕਤੀ ਤੁਹਾਡਾ ਨੁਕਸਾਨ ਜਾਂ ਫਾਇਦਾ ਕਰ ਸਕਦਾ ਹੈ, ਉਥੇ ਇਹ ਲੋਅ ਹੋ ਜਾਂਦੀ ਹੈ। ਜਿਸ ਵਿਅਕਤੀ ਦਾ ਤੁਸੀਂ ਨਫਾ-ਨੁਕਸਾਨ ਕਰ ਸਕਦੇ ਹੋ, ਉਥੇ ਇਹ ਹਾਈ ਹੋ ਜਾਂਦੀ ਹੈ।

ਪਿਉ ਦੀ ਉਮਰ ਦੇ ਜੂਨੀਅਰ ਜਾਂ ਗਰੀਬ ਵਿਅਕਤੀ ਦੀ ਬੇਇੱਜ਼ਤੀ ਕਰ ਦੇਣ ਵਾਲੇ ਮਤਲਬ ਪੈਣ 'ਤੇ ਆਪਣੇ ਬੇਟੇ ਦੀ ਉਮਰ ਦੇ ਸੀਨੀਅਰ ਦੇ ਪੈਰੀਂ ਹੱਥ ਲਗਾਉਣ ਤੋਂ ਨਹੀਂ ਝਿਜਕਦੇ। ਇਹੋ ਜਿਹੇ ਦ੍ਰਿਸ਼ ਆਮ ਹੀ ਰੈਲੀਆਂ-ਪ੍ਰੋਗਰਾਮਾਂ ਵੇਲੇ ਵੇਖਣ ਨੂੰ ਮਿਲ ਜਾਂਦੇ ਹਨ।
----------
ਇਨ੍ਹਾਂ ਲੋਕਾਂ ਦਾ ਜੂਨੀਅਰ ਦੀ ਛੋਟੀ ਜਿਹੀ ਗਲਤੀ ਕਾਰਨ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਹੈ ਤੇ ਉਸ ਨੂੰ 100-100 ਲਾਹਨਤਾਂ ਪਾ ਦਿੰਦੇ ਹਨ। ਪਰ ਜਦੋਂ ਸੀਨੀਅਰ ਇਨ੍ਹਾਂ ਦੀ ਲਾਹ ਪਾਹ ਕਰਦਾ ਹੈ ਤਾਂ ਅੱਖਾਂ ਮੀਟ ਕੇ ਚੁੱਪ-ਚਾਪ ਪੀ ਜਾਂਦੇ ਹਨ।
----------
ਸਾਡੇ ਪਿੰਡ ਇੱਕ ਵਿਅਕਤੀ ਦੀ ਨਹਿਰੀ ਪਾਣੀ ਦੀ ਵਾਰੀ ਸੀ। ਉਸ ਨੇ ਜਾਣ ਬੁੱਝ ਕੇ ਅੱਧਾ ਘੰਟਾ ਪਹਿਲਾਂ ਹੀ ਪਾਣੀ ਵੱਢ ਲਿਆ। ਜਿਨ੍ਹਾਂ ਵਿਅਕਤੀਆਂ ਦਾ ਉਸ ਨੇ ਪਾਣੀ ਵੱਢਿਆ ਸੀ ਉਨ੍ਹਾਂ ਨੇ ਲਲਕਾਰਾ ਮਾਰਿਆ ਤਾਂ ਡਰਦਾ ਮਾਰਾ ਭੱਜ ਕੇ ਪਿੰਡ ਆ ਵੜਿਆ। ਘਰ ਆ ਕੇ ਪੰਜ-ਸੱਤ ਡਾਂਗਾਂ ਝੋਟੇ ਦੇ ਕੱਢ ਮਾਰੀਆਂ ਤੇ ਉੱਚੀ-ਉੱਚੀ ਦੁਸ਼ਮਣਾਂ ਨੂੰ ਗਾਲ੍ਹਾਂ ਕੱਢਣ ਲੱਗ ਪਿਆ। ਘਰ ਵਾਲੀ ਨੂੰ ਉਸ ਦੀ ਕਰਤੂਤ ਬਾਰੇ ਪਤਾ ਲੱਗ ਗਿਆ ਸੀ। ਉਹ ਬੋਲੀ ਕਿ ਜਿੱਥੇ ਲੜਨਾ ਸੀ, ਉਥੋਂ ਤਾਂ ਪਿੱਠ ਵਿਖਾ ਕੇ ਭੱਜ ਆਇਆ ਹੈਂ, ਹੁਣ ਇਸ ਬੇਜ਼ੁਬਾਨ ਨੂੰ ਕਿਉਂ ਕੁੱਟੀ ਜਾਨਾਂ? ਉਹ ਬੇਸ਼ਰਮ ਅੱਗੋਂ ਪੂਰੀ ਢੀਠਤਾਈ ਨਾਲ ਬੋਲਿਆ ਕਿ ਇਹਨੇ ਕਿਹੜਾ ਕੁਝ ਕਹਿਣਾ ਆ? ਉਹ ਤਾਂ ਮੇਰਾ ਕੁੱਟ-ਕੁੱਟ ਕੇ ਮਲੀਦਾ ਬਣਾ ਦਿੰਦੇ।

ਕਈ ਐਹੋ ਜਿਹੇ ਅਫ਼ਸਰ-ਲੀਡਰ ਵੀ ਵੇਖੇ ਹਨ ਜਿਨ੍ਹਾਂ ਦਾ ਪਾਰਾ 12 ਮਹੀਨੇ ਚੜਿਆ ਰਹਿੰਦਾ ਹੈ। ਸਾਰਾ ਦਿਨ ਸ਼ਕਲ ਐਂ ਬਣਾ ਕੇ ਰੱਖਦੇ ਹਨ ਜਿਵੇਂ ਕੁਨੈਨ ਖਾਧੀ ਹੋਵੇ। ਉਨ੍ਹਾਂ ਦੇ ਚਿਹਰੇ 'ਤੇ ਮੀਸਣੀ ਜਿਹੀ ਮੁਸਕਰਾਹਟ ਸਿਰਫ ਅਤੇ ਸਿਰਫ ਸੀਨੀਅਰ ਦੇ ਸਾਹਮਣੇ ਜਾਣ 'ਤੇ ਹੀ ਆਉਂਦੀ ਹੈ। ਅਜਿਹੇ ਅਫ਼ਸਰਾਂ ਦੇ ਸੀਨੀਅਰਾਂ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਨੂੰ ਦਿਹਾੜੀ ਵਿੱਚ 5-7 ਵਾਰ ਆਪਣੇ ਕੋਲ ਬਿਠਾ ਕੇ ਦਰਸ਼ਨ ਦੇਣ ਤਾਂ ਜੋ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਨਾਰਮਲ ਰਹੇ ਤੇ ਉਹ ਦਿਲ ਦੇ ਗੰਭੀਰ ਰੋਗਾਂ ਤੋਂ ਬਚੇ ਰਹਿਣ। ਅਜਿਹੇ ਲੋਕਾਂ ਦੀ ਦਵਾਈ ਸਿਰਫ ਤੇ ਸਿਰਫ ਸੀਨੀਅਰਾਂ ਦੇ ਦਰਸ਼ਨ ਹੀ ਹੈ। ਲੀਡਰਾਂ ਨੂੰ ਵੀ ਦਿੱਲੀ ਦੇ ਵੱਧ ਤੋਂ ਵੱਧ ਗੇੜੇ ਵੱਜਦੇ ਰਹਿਣੇ ਚਾਹੀਦੇ ਹਨ ਤਾਂ ਜੋ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵੀ ਨਾਰਮਲ ਰਹੇ।

ਇਹ ਜ਼ਿੰਦਗੀ ਸਿਰਫ ਇੱਕ ਵਾਰ ਹੀ ਮਿਲਣੀ ਹੈ। ਜੇ ਰੱਬ ਨੇ ਕੋਈ ਅਹੁਦਾ ਜਾਂ ਤਾਕਤ ਦਿੱਤੀ ਹੈ ਤਾਂ ਵੱਧ ਤੋਂ ਵੱਧ ਲੋਕਾਂ ਦੇ ਕੰਮ ਆਉਣਾ ਚਾਹੀਦਾ ਹੈ ਤੇ ਖੁਸ਼ੀਆਂ ਵੰਡਣੀਆਂ ਚਾਹੀਦੀਆਂ ਹਨ। ਤਾਕਤ ਆਉਣ-ਜਾਣ ਵਾਲੀ ਚੀਜ ਹੈ। ਇੱਕ ਵਾਰ ਤਾਕਤ ਖਤਮ ਹੋ ਜਾਣ ਤੋਂ ਬਾਅਦ ਫਿਰ ਕੋਈ ਨਹੀਂ ਪੁੱਛਦਾ। ਸੁਖਨਾ ਝੀਲ 'ਤੇ ਅਜਿਹੇ ਅਨੇਕਾਂ ਲੋਕ ਤੁਹਾਨੂੰ ਨਿਮਾਣੇ ਜਿਹੇ ਬਣ ਕੇ ਸੈਰ ਕਰਦੇ ਮਿਲ ਜਾਣਗੇ ਜੋ ਕਿਸੇ ਵੇਲੇ ਨੱਕ 'ਤੇ ਮੱਖੀ ਨਹੀਂ ਸੀ ਬੈਠਣ ਦਿੰਦੇ।
 
(*ਲੇਖਕ ਪੰਜਾਬ ਪੁਲਿਸ ਵਿੱਚ ਐੱਸ.ਪੀ. ਪਦ 'ਤੇ ਤਾਇਨਾਤ ਹਨ)

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER