ਅਕਾਲੀ ਦਲ ਨੇ ਗਾਏ ਕੇਜਰੀਵਾਲ ਦੇ ਸੋਹਲੇ - ਕਿਹਾ ਦਿੱਲੀ ਨਤੀਜਿਆਂ ਨੇ ਕੀਤੀ ਨਫ਼ਰਤ ਵਾਲੀ ਸਿਆਸਤ ਰੱਦ; ਕੇਜਰੀਵਾਲ ਨੇ ਕੀਤੀ ਸਵੱਛ ਰਾਜਨੀਤੀ ਦੀ ਸ਼ੁਰੂਆਤ
- ਪੰਜਾਬ ਟੂਡੇ ਬਿਊਰੋ
ਅਕਾਲੀ ਦਲ ਨੇ ਗਾਏ ਕੇਜਰੀਵਾਲ ਦੇ ਸੋਹਲੇ - ਕਿਹਾ ਦਿੱਲੀ ਨਤੀਜਿਆਂ ਨੇ ਕੀਤੀ ਨਫ਼ਰਤ ਵਾਲੀ ਸਿਆਸਤ ਰੱਦ; ਕੇਜਰੀਵਾਲ ਨੇ ਕੀਤੀ ਸਵੱਛ ਰਾਜਨੀਤੀ ਦੀ ਸ਼ੁਰੂਆਤਐਨਡੀਏ ਦੀ ਕੇਂਦਰੀ ਸਰਕਾਰ ਵਿੱਚ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨੇ ਦਿੱਲੀ ਵਿੱਚ ਆਏ ਨਤੀਜਿਆਂ ਉੱਤੇ ਭਾਰੀ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਹੈ ਅਤੇ ਕਿਹਾ ਹੈ ਕਿ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਦੇ ਨਫ਼ਰਤੀ ਏਜੰਡੇ ਨੂੰ ਰੱਦ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਨੇ ਅਰਵਿੰਦ ਕੇਜਰੀਵਾਲ ਅਤੇ ਉਸ ਦੀ ਆਮ ਆਦਮੀ ਪਾਰਟੀ ਨੂੰ ਭਾਰਤ ਵਿੱਚ ਇੱਕ ਵਾਰੀ ਫਿਰ ਸਵੱਛ ਰਾਜਨੀਤੀ ਦਾ ਆਗਮਨ ਕਰਨ ਲਈ ਵਧਾਈ ਦਿੱਤੀ ਹੈ। 

ਅਕਾਲੀ ਦਲ ਦੇ ਇਸ ਸੁਰ ਤੋਂ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਬੇਹੱਦ ਬੌਖਲਾਈ ਹੋਈ ਹੈ। ਦਿੱਲੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਉੱਤੇ ਇਸ ਕਦਰ ਸੰਤੁਸ਼ਟੀ ਦਾ ਇਜ਼ਹਾਰ ਇਸ ਲਈ ਵੀ ਹੈਰਾਨੀਜਨਕ ਹੈ ਕਿ ਇੱਕ ਤਾਂ ਬਾਦਲ ਪਰਿਵਾਰ ਦੀ ਅਜਾਰੇਦਾਰੀ ਵਾਲਾ ਅਕਾਲੀ ਦਲ ਐਨਡੀਏ ਸਰਕਾਰ ਵਿੱਚ ਭਾਈਵਾਲ ਵੀ ਹੈ ਅਤੇ ਦੂਜਾ, ਪੰਜਾਬ ਵਿੱਚ ਆਮ ਆਦਮੀ ਪਾਰਟੀ ਇੱਕ ਪ੍ਰਭਾਵਸ਼ਾਲੀ ਮੁਕਾਮ ਰੱਖਦੀ ਹੈ ਅਤੇ ਅਕਾਲੀ ਦਲ ਨਾਲ ਸਿੱਧੇ ਰੂਪ ਵਿੱਚ ਟੱਕਰ ਵਿੱਚ ਹੈ। 

ਇਹ ਹੋਰ ਵੀ ਹੈਰਾਨੀ ਵਾਲੀ ਗੱਲ ਹੈ ਕਿ ਅਕਾਲੀ ਦਲ ਨੇ ਦਿੱਲੀ ਚੋਣਾਂ ਬਾਰੇ ਆਪਣਾ ਤਬਸਰਾ ਆਪਣੇ ਕੌਮੀ ਬੁਲਾਰਿਆਂ ਰਾਹੀਂ ਪੂਰੇ ਹਿੰਦੁਸਤਾਨ ਨੂੰ ਤਾਂ ਦੱਸ ਦਿੱਤਾ ਹੈ ਪਰ ਪੰਜਾਬ ਵਿੱਚ ਆਪਣੇ ਹੀ ਵੋਟਰਾਂ ਨੂੰ ਇਸ ਬਾਰੇ ਅਜੇ ਤੱਕ ਹਨੇਰੇ ਵਿੱਚ ਰੱਖਿਆ ਹੋਇਆ ਹੈ। 

ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਅਕਾਲੀ ਦਲ ਦੇ ਕੌਮੀ ਬੁਲਾਰੇ ਅਤੇ ਪਾਰਲੀਮੈਂਟ ਦੇ ਮੈਂਬਰ ਸ੍ਰੀ ਨਰੇਸ਼ ਗੁਜਰਾਲ ਨੇ ਕਿਹਾ ਹੈ ਕਿ ਉਹ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਦੇਸ਼ ਵਿੱਚ ਇੱਕ ਵਾਰੀ ਫਿਰ ਤੋਂ ਸਾਫ ਅਤੇ ਸਵੱਛ ਰਾਜਨੀਤੀ ਦੀ ਸ਼ੁਰੂਆਤ ਕਰਨ ਲਈ ਵਧਾਈ ਦਿੰਦੇ ਹਨ।  

"ਤੁਸੀਂ ਦਿੱਲੀ ਵਿੱਚ ਜਿਸ ਤੋਂ ਮਰਜ਼ੀ ਪੁੱਛ ਲਵੋ, ਹਰ ਵਿਅਕਤੀ ਇਹੀ ਕਹਿੰਦਾ ਹੈ ਕਿ (ਅਰਵਿੰਦ) ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੇ ਕੀਤੇ ਕੰਮ ਲੋਕਾਂ ਤੱਕ ਪੁੱਜੇ ਹਨ। ਉਹ ਆਪਣੇ ਵਾਅਦੇ ਦੇ ਪੱਕੇ ਨਿਕਲੇ ਹਨ, ਭਾਵੇਂ ਇਹ ਪਾਣੀ ਬਾਰੇ ਸੀ, ਭਾਵੇਂ ਇਹ ਬਿਜਲੀ ਬਾਰੇ ਸੀ, ਭਾਵੇਂ ਇਹ ਸੜਕਾਂ ਬਾਰੇ, ਹਸਪਤਾਲਾਂ ਬਾਰੇ, ਸਿੱਖਿਆ ਬਾਰੇ ਸੀ। ਉਨ੍ਹਾਂ ਨੇ ਕੰਮ ਕਰਕੇ ਵਿਖਾਇਆ ਹੈ, ਤੇ ਜਦੋਂ ਤੁਸੀਂ ਇਸ ਤਰ੍ਹਾਂ ਲੋਕਾਂ ਦਾ ਕੰਮ ਕਰਕੇ ਦਿਖਾਓਗੇ ਤਾਂ ਫਿਰ ਲੋਕ ਨਿਸ਼ਚਿਤ ਹੀ ਤੁਹਾਨੂੰ ਵੋਟ ਪਾਉਂਦੇ ਹਨ।" ਸ਼੍ਰੀ ਨਰੇਸ਼ ਗੁਜਰਾਲ ਨੇ ਇਹ ਸ਼ਬਦ ਐੱਨਡੀਟੀਵੀ ਉੱਤੇ ਇੱਕ ਵਿਸਥਾਰਤ ਇੰਟਰਵਿਊ ਵਿੱਚ ਕਹੇ। 

ਐਨਡੀਟੀਵੀ ਦੀ ਐਂਕਰ ਨਿਧੀ ਰਾਜ਼ਦਾਨ ਅਕਾਲੀ ਦਲ ਦੇ ਬੁਲਾਰੇ ਦੇ ਮੁੱਖੋਂ ਆਮ ਆਦਮੀ ਪਾਰਟੀ ਲਈ ਅਜਿਹੀਆਂ ਸਿਫ਼ਤਾਂ ਸੁਣ ਜ਼ਰਾ ਹੈਰਾਨ ਹੋਈ। ਉਸ ਪੁੱਛਿਆ ਕਿ ਕੀ ਅਕਾਲੀ ਦਲ ਸਮਝਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਾਰੀ ਚੋਣ ਮੁਹਿੰਮ ਨਫ਼ਰਤ ਫੈਲਾਉਣ ਵਾਲੀ ਅਤੇ ਵੰਡਪਾਊ ਸੀ? 

 ਵੇਖੋ ਵੀਡੀਓ: 

ਜਵਾਬ ਵਿੱਚ ਸ਼੍ਰੀ ਨਰੇਸ਼ ਗੁਜਰਾਲ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਦੇਸ਼ ਦੇ ਲੋਕਾਂ ਨੇ ਵੱਡੇ ਤੌਰ ਉੱਤੇ ਆਪਣੇ ਆਪ ਨੂੰ ਸੈਕੂਲਰ ਸਾਬਤ ਕੀਤਾ ਹੈ ਅਤੇ ਕਿਸੇ ਕਿਸਮ ਦੇ ਵੰਡੀਆਂ ਪਾਉਣ ਵਾਲੇ ਏਜੰਡੇ ਦਾ ਸਾਥ ਨਹੀਂ ਦਿੱਤਾ। ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ਲਈ ਇਹ ਬਹੁਤ ਹੀ ਖੁਸ਼ਾਇਨ ਗੱਲ ਹੈ। "People of this country, by and large, have proved to be secular and they have not bought the divisive agenda. And I think that is very healthy for democracy."

ਇਹ ਪੁੱਛੇ ਜਾਣ ਤੇ ਕਿ ਕੀ ਅਕਾਲੀ ਦਲ ਦੀ ਲੀਡਰਸ਼ਿਪ ਵੀ ਇਹੀ ਮਹਿਸੂਸ ਕਰਦੀ ਹੈ, ਸ਼੍ਰੀ ਨਰੇਸ਼ ਗੁਜਰਾਲ ਹੋਰਾਂ ਨੇ ਕਿਹਾ ਕਿ ਉਨ੍ਹਾਂ ਦੇ ਖਿਆਲ ਵਿੱਚ ਹਰ ਠੀਕ ਸੋਚ ਰੱਖਦਾ ਭਾਰਤੀ ਇਵੇਂ ਹੀ ਮਹਿਸੂਸ ਕਰਦਾ ਹੈ। "ਕੋਈ ਵੀ ਇਸ ਦੇਸ਼ ਦੇ ਟੁਕੜੇ ਨਹੀਂ ਚਾਹੁੰਦਾ, ਕੋਈ ਵੀ ਅਜਿਹੀਆਂ ਵੰਡੀਆਂ ਨਹੀਂ ਚਾਹੁੰਦਾ, ਕੋਈ ਵੀ ਧਰਮ ਦੇ ਆਧਾਰ ਤੇ ਨਫ਼ਰਤ ਨਹੀਂ ਚਾਹੁੰਦਾ। ਅਸੀਂ ਤਾਂ ਗੁਰੂਆਂ ਦੀ ਸਿੱਖਿਆ ਤੇ ਚੱਲਣ ਵਾਲੀ ਰਾਜਸੀ ਪਾਰਟੀ ਹਾਂ, ਅਤੇ ਗੁਰੂ ਸਾਹਿਬਾਨ ਨੇ ਸਾਨੂੰ ਇੱਕ ਦੂਸਰੇ ਨਾਲ ਮਿਲ ਬੈਠਣ ਰਹਿਣ ਦੀ ਜਾਚ ਸਿਖਾਈ ਹੈ, ਸੋ ਅਸੀਂ ਇਸ ਰਸਤੇ ਤੋਂ ਹੱਟ ਹੀ ਨਹੀਂ ਸਕਦੇ।"

ਹੈਰਾਨ ਹੋਈ ਹੋਈ ਐਂਕਰ ਨੇ ਫਿਰ ਉਹ ਸਵਾਲ ਪੁੱਛਿਆ ਜਿਹੜਾ ਹੁਣ ਤੱਕ ਪਾਠਕਾਂ ਦੇ ਮਨ ਵਿੱਚ ਵੀ ਉਭਰ ਆਇਆ ਹੋਵੇਗਾ। "ਜੇ ਇਹ ਗੱਲ ਹੈ ਤਾਂ ਫਿਰ ਤੁਸੀਂ ਐਨਡੀਏ ਵਿੱਚ ਕੀ ਪਏ ਕਰਦੇ ਫਿਰਦੇ ਹੋ?" "Then what are you doing in the NDA?"

ਸ਼੍ਰੀ ਨਰੇਸ਼ ਗੁਜਰਾਲ ਨੇ ਪਹਿਲਾਂ ਤਾਂ ਹਾ-ਹਾ ਕਰਕੇ ਹਾਸੇ ਵਿੱਚ ਗੱਲ ਟਾਲਣ ਦਾ ਯਤਨ ਕੀਤਾ ਪਰ ਫਿਰ ਕਹਿਣ ਲੱਗੇ, "ਵੇਖੋ, ਸਾਡੀ ਪਾਰਟੀ ਦੀ ਆਪਣੀ ਵਿਚਾਰਧਾਰਾ ਹੈ। ਅਸੀਂ ਆਪਣੀ ਵਿਚਾਰਧਾਰਾ 'ਤੇ ਅਡਿੱਗ ਹਾਂ ਅਤੇ ਸਮੇਂ ਸਮੇਂ ਅਸੀਂ ਆਪਣੀ ਗੱਲ ਕਹਿੰਦੇ ਵੀ ਰਹਿੰਦੇ ਹਾਂ।" 
--------------
--------------
"ਨਵੇਂ ਆਏ ਨਾਗਰਿਕਤਾ ਸੋਧ ਕਾਨੂੰਨ ਉੱਤੇ ਵੀ ਅਸੀਂ ਆਪਣਾ ਪੱਖ ਸਪਸ਼ਟ ਰੂਪ ਵਿੱਚ ਰੱਖ ਦਿੱਤਾ ਸੀ। ਅਸੀਂ ਇਸ ਕਾਨੂੰਨ ਦੇ ਹੱਕ ਵਿੱਚ ਵੋਟ ਪਾਈ ਸੀ ਕਿਉਂ ਜੋ ਅਸੀਂ ਚਾਹੁੰਦੇ ਸਾਂ ਕਿ ਅਫਗਾਨਿਸਤਾਨ ਅਤੇ ਪਾਕਿਸਤਾਨ ਤੋਂ ਆਏ ਬਹੁਤ ਸਾਰੇ ਸਿੱਖ ਸ਼ਰਨਾਰਥੀਆਂ ਨੂੰ ਨਾਗਰਿਕਤਾ ਜ਼ਰੂਰ ਮਿਲ ਜਾਵੇ, ਪਰ ਅਸੀਂ ਇਹ ਪਾਰਲੀਮੈਂਟ ਦੇ ਅੰਦਰ ਹੀ ਕਹਿ ਦਿੱਤਾ ਸੀ ਕਿ ਅਕਾਲੀ ਦਲ ਬਿਲਕੁਲ ਵੀ ਮੁਸਲਮਾਨਾਂ ਨੂੰ ਇਸ ਤੋਂ ਬਾਹਰ ਰੱਖਣ ਦੇ ਹੱਕ ਵਿੱਚ ਨਹੀਂ ਹੈ।"  

ਹੈਰਾਨੀਜਨਕ ਗੱਲ ਇਹ ਹੈ ਕਿ ਜਿਸ ਆਮ ਆਦਮੀ ਪਾਰਟੀ ਨਾਲ ਅਕਾਲੀ ਦਲ ਦੀ ਸਿਰੇ ਦੀ ਟੱਕਰ ਹੈ, ਉਸ ਬਾਰੇ ਸ਼੍ਰੀ ਨਰੇਸ਼ ਗੁਜਰਾਲ ਹੋਰਾਂ ਨੇ ਆਪਣੀ ਪਾਰਟੀ ਦਾ ਮੁਅੱਕਅਫ਼ ਰੱਖਦਿਆਂ ਕਿਹਾ ਕਿ ਇਹ ਬਹੁਤ ਹੀ ਚੰਗੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੇ ਸਾਬਤ ਕੀਤਾ ਹੈ ਕਿ ਤੁਸੀਂ ਵੋਟਰਾਂ ਨੂੰ ਭਰਮਾਏ ਬਿਨਾਂ, ਸ਼ਰਾਬ ਵੰਡੇ ਬਿਨਾਂ, ਉਨ੍ਹਾਂ ਨੂੰ ਮੁਫ਼ਤ ਦੀਆਂ ਸੌਗਾਤਾਂ ਦਿੱਤੇ ਬਿਨਾਂ ਵੀ ਚੋਣਾਂ ਜਿੱਤ ਸਕਦੇ ਹੋ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਜਿੱਤ ਹੋਈ ਹੈ ਇਸੇ ਲਈ ਹੈ ਕਿਉਂਕਿ ਉਸਨੇ ਕੰਮ ਕਰਕੇ ਵਿਖਾਇਆ ਹੈ।  

"ਤੁਸੀਂ ਦਿੱਲੀ ਵਿੱਚ ਜਿਸ ਨੂੰ ਮਰਜ਼ੀ ਪੁੱਛ ਕੇ ਦੇਖ ਲਵੋ," ਸ਼੍ਰੀ ਨਰੇਸ਼ ਗੁਜਰਾਲ ਨੇ ਕਿਹਾ। 

ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਇੱਕ ਹੋਰ ਬਹੁਤ ਚੰਗਾ ਪੈਂਤੜਾ ਲਿਆ। "ਉਸ ਨੇ ਕੋਈ ਮਨਫ਼ੀ ਏਜੰਡਾ ਨਹੀਂ ਅਪਣਾਇਆ, ਉਸ ਨੇ ਭਾਜਪਾ ਦੀ ਨਿੰਦਾ ਕਰਨ ਵਿਚ ਸਮਾਂ ਨਹੀਂ ਗਵਾਇਆ, ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਹਮਲੇ ਨਹੀਂ ਕੀਤੇ। ਉਸ ਨੇ ਕੇਵਲ ਆਪਣੇ ਕੀਤੇ ਚੰਗੇ ਕੰਮਾਂ ਦਾ ਜ਼ਿਕਰ ਕੀਤਾ। ਸਾਡਾ ਵੀ ਪੰਜਾਬ ਵਿੱਚ ਇਹੀ ਤਜਰਬਾ ਰਿਹਾ ਹੈ ਕਿ ਜੇ ਤੁਸੀਂ ਆਪਣੇ ਏਜੰਡੇ ਤੇ ਟਿਕੇ ਰਹੋ ਤਾਂ ਲੋਕ ਤੁਹਾਨੂੰ ਵੋਟ ਪਾਉਂਦੇ ਹਨ।"  

ਇਹ ਯਾਦ ਰੱਖਣ ਵਾਲੀ ਗੱਲ ਹੈ ਕਿ ਜਿਸ ਵੇਲੇ ਦਿੱਲੀ ਵਿੱਚ ਭਾਰਤੀ ਜਨਤਾ ਪਾਰਟੀ ਦੇ ਵੱਡੇ ਨੇਤਾ ਨਫਰਤ ਭਰਿਆ ਪ੍ਰਚਾਰ ਕਰ ਰਹੇ ਸਨ, ਇੱਕ ਕੇਂਦਰੀ ਮੰਤਰੀ "ਦੇਸ਼ ਕੇ ਗੱਦਾਰੋਂ ਕੋ..." ਵਰਗੇ ਘਟੀਆ ਨਾਅਰੇ ਲਗਾ ਰਿਹਾ ਸੀ ਅਤੇ ਦੇਸ਼ ਦਾ ਗ੍ਰਹਿ ਮੰਤਰੀ ਲੋਕਾਂ ਨੂੰ ਕਹਿ ਰਿਹਾ ਸੀ ਕਿ ਉਹ ਈਵੀਐਮ ਦਾ ਬਟਨ ਏਨੇ ਜ਼ੋਰ ਨਾਲ ਦੱਬਣ ਕਿ ਸ਼ਾਹੀਨ ਬਾਗ਼ ਵਿੱਚ ਵੀ ਕਰੰਟ ਪਹੁੰਚ ਜਾਵੇ, ਉਸ ਵੇਲੇ ਅਕਾਲੀ ਦਲ ਨੇ ਮੂੰਹ ਨਹੀਂ ਖੋਲ੍ਹਿਆ। ਅਕਾਲੀ ਦਲ ਦਾ ਕੋਈ ਨੇਤਾ ਨਾਗਰਿਕਤਾ ਕਾਨੂੰਨ ਦੇ ਖਿਲਾਫ ਚੱਲ ਰਹੇ ਕਿਸੇ ਧਰਨਾ ਪ੍ਰਦਰਸ਼ਨ ਰੈਲੀ ਉੱਤੇ ਨਜ਼ਰ ਨਹੀਂ ਆਇਆ, ਕਿਸੇ ਨੇ ਮੂੰਹੋਂ ਇੱਕ ਵੀ ਬਚਨ ਨਹੀਂ ਬੋਲਿਆ, ਪਰ ਹੁਣ ਸ਼੍ਰੀ ਨਰੇਸ਼ ਗੁਜਰਾਲ ਨੇ ਅਕਾਲੀ ਦਲ ਦੀ ਇਸ ਨਵੀਂ ਸਮਝ ਬਾਰੇ ਕੋਈ ਸ਼ੱਕ ਨਹੀਂ ਰਹਿਣ ਦਿੱਤਾ। 

ਉਨ੍ਹਾਂ ਕਿਹਾ ਕਿ ਦਿੱਲੀ ਦੇ ਚੋਣ ਨਤੀਜਿਆਂ ਨੇ ਇੱਕ ਬੜਾ ਸਪੱਸ਼ਟ ਸੰਦੇਸ਼ ਭੇਜਿਆ ਹੈ ਅਤੇ ਜੇ ਭਾਰਤੀ ਜਨਤਾ ਪਾਰਟੀ ਇਸ ਨੂੰ ਅਣਗੌਲਿਆਂ ਕਰੇਗੀ ਤਾਂ ਆਪਣਾ ਹੀ ਨੁਕਸਾਨ ਕਰ ਰਹੀ ਹੋਵੇਗੀ। "ਅਸੀਂ ਆਸ ਕਰਦੇ ਹਾਂ ਕਿ ਸਦਬੁੱਧੀ ਤੋਂ ਕੰਮ ਲਿਆ ਜਾਵੇਗਾ।"  ("Delhi has sent a very strong message and if they ignore it, they will do so at their own peril. I do hope that better sense will prevail.”)

ਸ਼੍ਰੀ ਨਰੇਸ਼ ਗੁਜਰਾਲ ਨੇ ਕਿਹਾ ਕਿ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਐਨਡੀਏ ਨੂੰ ਇੱਕ ਬਿਲਕੁਲ ਵੱਖਰੇ ਏਜੰਡੇ ਤਹਿਤ ਲੋਕ-ਫਤਵਾ ਮਿਲਿਆ ਸੀ ਅਤੇ ਉਹ ਆਰਥਿਕਤਾ ਦਾ ਏਜੰਡਾ ਸੀ। ਹੁਣ ਇਹ ਸਪੱਸ਼ਟ ਹੈ ਕਿ ਅਰਥਚਾਰਾ ਨਿਵਾਣ ਵੱਲ ਜਾ ਰਿਹਾ ਹੈ। "ਸਮੇਂ ਦੀ ਲੋੜ ਇਹ ਹੈ ਕਿ ਸਰਕਾਰ ਦਾ ਸਾਰਾ ਧਿਆਨ ਇੱਕ ਵਾਰੀ ਫਿਰ ਆਰਥਿਕਤਾ ਵੱਲ ਨੂੰ ਮੁੜ ਜਾਣਾ ਚਾਹੀਦਾ ਹੈ।" 

ਸ਼੍ਰੀ ਨਰੇਸ਼ ਗੁਜਰਾਲ ਨੇ ਇਹ ਵੀ ਕਿਹਾ ਕਿ "ਦਿੱਲੀ ਦੇ ਚੋਣ ਨਤੀਜਿਆਂ ਤੋਂ ਇੱਕ ਹੋਰ ਸਿੱਖਣ ਵਾਲਾ ਸਬਕ ਇਹ ਹੈ ਕਿ ਲੋਕਾਂ ਨਾਲ ਕਿਸੇ ਕਿਸਮ ਦਾ ਝੂਠਾ ਵਾਅਦਾ ਨਹੀਂ ਕਰਨਾ ਚਾਹੀਦਾ ਕਿਉਂਕਿ ਜੇ ਤੁਸੀਂ ਅਜਿਹਾ ਕਰੋਗੇ ਤਾਂ ਲੋਕ ਤੁਹਾਨੂੰ ਬਾਹਰ ਸੁੱਟ ਦੇਣਗੇ ਪਰ ਜੇ ਤੁਸੀਂ ਆਪਣੇ ਵਾਅਦੇ ਨਿਭਾਵੋਗੇ ਤਾਂ ਫਿਰ ਲੋਕ ਤੁਹਾਨੂੰ ਸੱਤਾ ਵਿੱਚ ਦੁਬਾਰਾ ਲਿਆ ਕੇ ਇਨਾਮ ਵੀ ਦਿੰਦੇ ਹਨ।" ਉਹਨਾਂ ਕਿਹਾ ਕਿ ਇਹ ਸੁਨੇਹਾ ਸਭਨਾਂ ਲਈ ਹੈ। 

ਬਦਕਿਸਮਤੀ ਨਾਲ ਐਂਕਰ ਨੇ ਸ਼੍ਰੀ ਨਰੇਸ਼ ਗੁਜਰਾਲ ਨੂੰ ਇਹ ਨਹੀਂ ਪੁੱਛਿਆ ਕਿ ਅਕਾਲੀ ਦਲ ਦੀ ਸੁਰ ਦਿੱਲੀ ਦੇ ਅੰਗਰੇਜ਼ੀ ਟੀਵੀ ਚੈਨਲਾਂ ਤੇ ਵੱਖ ਅਤੇ ਪੰਜਾਬ ਵਿੱਚ ਵੱਖ ਕਿਉਂ ਹੁੰਦੀ ਹੈ? ਕੀ ਅੰਗਰੇਜ਼ੀ ਵਿੱਚ ਚੰਗਾ-ਚੰਗਾ ਬਣ, ਉਹ ਹਿੰਦੁਸਤਾਨ ਨੂੰ ਕੋਈ ਹੋਰ ਤਸਵੀਰ ਪੇਸ਼ ਕਰਨੀ ਚਾਹੁੰਦੇ ਹਨ ਕਿਉਂ ਜੋ ਪੰਜਾਬ ਵਿੱਚ ਤਾਂ ਅਕਾਲੀ ਦਲ ਨੇ ਦਿੱਲੀ ਚੋਣਾਂ ਦੇ ਨਤੀਜਿਆਂ ਉੱਤੇ ਆਪਣਾ ਪੱਖ ਸਪਸ਼ਟ ਰੂਪ ਵਿੱਚ ਨਹੀਂ ਰੱਖਿਆ? ਪਾਰਟੀ ਦੇ ਬੁਲਾਰੇ ਅਤੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਨੇ ਏਨਾ ਹੀ ਕਿਹਾ ਹੈ ਕਿ ਜੇ ਭਾਜਪਾ ਅਤੇ ਅਕਾਲੀ ਦਲ ਵਿਚਕਾਰ ਕੋਈ ਬੇਹਤਰ ਸਮਝ ਬਣ ਜਾਂਦੀ ਤਾਂ ਨਤੀਜੇ ਥੋੜ੍ਹੇ ਵੱਖਰੇ ਹੋਣੇ ਸਨ। ਸ਼ਾਇਦ ਚੀਮਾ ਜੀ ਪੰਜਾਬੀ ਬੋਲਦੇ ਹਨ, ਇਸ ਲਈ ਅਕਾਲੀ ਦਲ ਦਾ ਬਿਆਨ ਪੰਜਾਬ ਵਿੱਚ ਕੁਝ ਬਦਲ ਜਾਂਦਾ ਹੈ। ਦਿੱਲੀ ਵਿੱਚ ਸ਼੍ਰੀ ਨਰੇਸ਼ ਗੁਜਰਾਲ ਦਾ ਬਿਆਨ ਅੰਗਰੇਜ਼ੀ ਵਿੱਚ ਅੰਗਰੇਜ਼ੀ ਚੈਨਲਾਂ ਲਈ ਹੁੰਦਾ ਹੈ, ਇਸ ਲਈ ਗੱਲ ਦਾ ਭਾਵ ਕੁਝ ਵੱਖਰਾ ਹੁੰਦਾ ਹੈ। 

ਦਿੱਲੀ ਵਿੱਚ ਕੇਜਰੀਵਾਲ ਸਾਰੇ ਦਿੱਲੀ ਨਿਵਾਸੀਆਂ ਨੂੰ "ਆਈ ਲਵ ਯੂ" ਕਹਿ ਰਹੇ ਸਨ ਪਰ ਪਤਾ ਨਹੀਂ ਪੰਜਾਬ ਵਿੱਚ ਅਕਾਲੀ ਦਲ ਨੂੰ ਆਮ ਆਦਮੀ ਪਾਰਟੀ ਨੂੰ ਇਹ ਕਹਿੰਦਿਆਂ ਕਿਓਂ ਏਨੀ ਤਕਲੀਫ਼ ਹੁੰਦੀ ਹੈ? ਵੈਸੇ ਸਾਬਕਾ ਪ੍ਰਧਾਨ ਮੰਤਰੀ ਇੰਦਰ ਕੁਮਾਰ ਗੁਜਰਾਲ ਦੇ ਸਪੁੱਤਰ, ਦੇਸ਼ ਦੀ ਪਾਰਲੀਮੈਂਟ ਦੇ ਮੈਂਬਰ ਅਤੇ ਅਕਾਲੀ ਦਲ ਦੇ ਦੇਸ਼ ਦੀ ਰਾਜਧਾਨੀ ਵਿਚਲੇ ਕੌਮੀ ਬੁਲਾਰੇ, ਸ਼੍ਰੀ ਨਰੇਸ਼ ਗੁਜਰਾਲ ਨੇ ਕਸਰ ਤਾਂ ਕੋਈ ਨਹੀਂ ਛੱਡੀ।

 ਵੇਖੋ ਵੀਡੀਓ: 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਉਨ੍ਹਾਂ ਹਲਵਾ ਖਾ ਲਿਆ ਹੈ, ਤੁਸੀਂ ਸੈਲਫ਼ੀ ਦੀ ਤਿਆਰੀ ਕਰੋ

______________________  
Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER