ਮਾਮਲਾ ਕਾਲਜ ਦਾ ਨਾਮ ਬਦਲ ਕੇ ਵੰਦੇ ਮਾਤਰਮ ਮਹਾਵਿਦਿਆਲਾ ਰੱਖਣ ਦਾ
'ਨਿਕਲ ਜਾ ਸਾਡੇ ਦੇਸ਼ ਵਿਚੋਂ' - ਦਿਆਲ ਸਿੰਘ ਕਾਲਜ ਕਮੇਟੀ ਮੁਖੀ ਨੇ ਆਖਿਆ ਸਿਰਸੇ ਨੂੰ
- ਹਰਲੀਨ ਕੌਰ
'ਨਿਕਲ ਜਾ ਸਾਡੇ ਦੇਸ਼ ਵਿਚੋਂ' - ਦਿਆਲ ਸਿੰਘ ਕਾਲਜ ਕਮੇਟੀ ਮੁਖੀ ਨੇ ਆਖਿਆ ਸਿਰਸੇ ਨੂੰ'ਤੂੰ ਗੁੰਡਾ ਏਂ, ਤੈਨੂੰ ਸਬਕ ਸਿਖਾਊਂਗਾ ਮੈਂ,' ਮਨਜਿੰਦਰ ਸਿੰਘ ਸਿਰਸਾ ਨੇ ਦਿੱਤਾ ਕਰਾਰਾ ਜਵਾਬ

ਪਹਿਲੇ ਤਾਂ ਦਿੱਲੀ ਦੇ ਦਿਆਲ ਸਿੰਘ ਕਾਲਜ ਦੀ ਗਵਰਨਿੰਗ ਕੌਂਸਿਲ ਨੇ ਅਚਾਨਕ ਕਾਲਜ ਦਾ ਨਾਮ ਬਦਲ ਕੇ ਵੰਦੇ ਮਾਤਰਮ ਮਹਾਵਿਦਿਆਲਾ ਕਰ ਦਿੱਤਾ ਤੇ ਹੁਣ, ਜਦੋਂ ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਲਜ਼ਾਮ ਲਾਇਆ ਕਿ ਦਿਆਲ ਸਿੰਘ ਕਾਲਜ ਨੂੰ ਚਲਾਉਣ ਵਾਲੀ ਗਵਰਨਿੰਗ ਕਾਉਂਸਿਲ ਨੇ ਵਾਅਦਾ ਖ਼ਿਲਾਫ਼ੀ ਕੀਤੀ ਹੈ ਤੇ ਵਿਸ਼ਵਾਸ ਹਨਣ ਕੀਤਾ ਹੈ ਤਾਂ ਉਹਦੇ ਚੇਅਰਮੈਨ ਅਮਿਤਾਭ ਸਿਨਹਾ ਨੇ ਜਨਤਕ ਪਲੇਟਫਾਰਮ 'ਤੇ ਸਿਰਸਾ ਨੂੰ ਦੇਸ਼ ਛੱਡ ਕੇ ਜਾਣ ਲਈ ਕਹਿ ਦਿੱਤਾ।

ਅਮਿਤਾਭ ਸਿਨਹਾ ਨੇ ਹੀ ਕਾਲਜ ਦਾ ਨਾਮ ਬਦਲ ਕੇ ਵੰਦੇ ਮਾਤਰਮ ਮਹਾਵਿਦਿਆਲਾ ਰੱਖਣ ਦੀ ਮੁਹਿੰਮ ਦੀ ਅਗਵਾਈ ਕੀਤੀ ਸੀ।

ਜ਼ੀ ਟੀਵੀ ਨੈੱਟਵਰਕ ਦੇ ਇੱਕ ਚੈਨਲ 'ਤੇ ਸਿਰਸਾ ਤੇ ਸਿਨਹਾ ਵਿਚਕਾਰ ਬਹਿਸ ਦੇ ਦੌਰਾਨ ਸਿਨਹਾ ਨੇ ਅਕਾਲੀ ਦਲ ਦੇ ਲੀਡਰ ਨੂੰ ਕਾਲਜ ਦੇ ਨਵੇਂ ਨਾਮ ਤੋਂ ਸਮੱਸਿਆ ਹੋਣ 'ਤੇ ਭਾਰਤ ਛੱਡਣ ਨੂੰ ਕਹਿ ਦਿੱਤਾ।

ਸਿਨਹਾ ਨੇ ਕਾਲਜ ਦਾ ਨਾਮ ਬਦਲਣ ਦੇ ਸਮਰਥਨ ਵਿੱਚ ਬੋਲਦਿਆਂ ਕਿਹਾ ਕਿ ਕਿਸੀ ਨੂੰ ਵੀ 'ਵੰਦੇ ਮਾਤਰਮ' ਨਾਮ ਤੋਂ ਕੋਈ ਸਮੱਸਿਆ ਨਹੀਂ ਹੋਣੀ ਚਾਹੀਦੀ। ਇੱਕ ਹੋਰ ਬਿਆਨ ਵਿੱਚ ਸਿਨਹਾ ਨੇ ਕਿਹਾ, "ਭਾਵੇਂ ਤੁਹਾਡੀ ਆਪਣੀ ਮਾਂ ਹੋਵੇ, ਤੇ ਭਾਵੇਂ ਹੋਵੇ ਭਾਰਤ ਮਾਤਾ - ਮਾਂ ਤਾਂ ਮਾਂ ਹੀ ਹੁੰਦੀ ਹੈ। ਜਿਨ੍ਹਾਂ ਨੂੰ ਆਪਣੀ ਮਾਂ ਨੂੰ ਇੱਜ਼ਤ ਦੇਣ ਵਿੱਚ ਤਕਲੀਫ਼ ਹੈ, ਉਨ੍ਹਾਂ 'ਤੇ ਸਵਾਲੀਆ ਨਿਸ਼ਾਨ ਹੈ ਕਿ ਉਹ ਇਨਸਾਨ ਵੀ ਹਨ ਜਾਂ ਨਹੀਂ।"

ਹੁਣ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਹੈ ਕਿ ਉਹ ਸਿਨਹਾ ਦੇ ਖਿਲਾਫ ਕੇਸ ਕਰਨਗੇ ਅਤੇ ਉਸ ਨੂੰ ਸਬਕ ਸਿਖਾਉਣਗੇ।
----------
"ਮੈਂ ਅਮਿਤਾਭ ਸਿਨਹਾ ਨੂੰ ਇੱਕ ਚੈਲੇਂਜ ਕਰਦਾ ਹਾਂ- ਅਮਿਤਾਭ ਸਿਨਹਾ, ਤੂੰ ਬੇਈਮਾਨ ਹੈਂ। ਜੇ ਤੂੰ ਈਮਾਨਦਾਰ ਹੈਂ ਤਾਂ ਤੂੰ ਆਪਣੀ ਜਾਇਦਾਦ ਇਸ ਟਰੱਸਟ ਦੇ ਨਾਮ ਕਰਵਾ। ਫਿਰ ਅਸੀਂ ਵੰਦੇ ਮਾਤਰਮ ਨਾਮ ਰੱਖ ਦਿਆਂਗੇ। ਦੂਸਰਿਆਂ ਦੀ ਜਾਇਦਾਦ ਉੱਤੇ ਵੰਦੇ ਮਾਤਰਮ ਕਰ ਰਿਹਾ ਹੈਂ।"
----------
ਸਿਰਸਾ ਨੇ ਕਿਹਾ: "ਕੱਲ੍ਹ ਜ਼ੀ ਟੀਵੀ 'ਤੇ ਇਕ ਬਹਿਸ ਦੇ ਦੌਰਾਨ ਸਿਨਹਾ ਨੇ ਮੈਨੂੰ ਕਿਹਾ ਜੇ ਤੁਹਾਨੂੰ ਇਹ ਨਵਾਂ ਨਾਮ ਪਸੰਦ ਨਹੀਂ ਹੈ ਤਾਂ ਦੇਸ਼ ਛੋੜ ਦੋ। ਮੈਂ ਉਸ ਨੂੰ ਪੁੱਛਦਾ ਹਾਂ ਕਿ ਮੈਂ ਕਿਉਂ ਦੇਸ਼ ਛੱਡਾਂ? ਕਿਉਂ ਦੇਸ਼ ਉੱਤੇ ਤੁਹਾਡਾ ਕੋਈ ਵੱਖਰਾ ਹੱਕ ਹੈ? ਅਮਿਤਾਭ ਸਿਨਹਾ ਨੇ ਕੀ ਦੇਸ਼ ਖਰੀਦ ਲਿਆ ਹੈ? ਉਸ ਨੇ ਜਾਇਦਾਦ ਖਰੀਦੀ ਹੈ? ਕੌਣ ਹੈ ਉਹ? ਮੈਂ ਉਸ ਦੇ ਖਿਲਾਫ ਕੇਸ ਕਰਾਂਗਾ। ਮੈਂ ਚੈੱਨਲ ਤੋਂ ਪ੍ਰੋਗਰਾਮ ਦੀ ਸੀ.ਡੀ. ਮਿਲਣ ਦੀ ਉਡੀਕ ਕਰ ਰਿਹਾ ਹਾਂ। ਮੈਂ ਅਮਿਤਾਭ ਸਿਨਹਾ ਦੇ ਖਿਲਾਫ ਗੱਦਾਰੀ ਦਾ ਕੇਸ ਕਰਾਂਗਾ। ਉਹ ਦਿਆਲ ਸਿੰਘ ਮਜੀਠੀਆ ਦੀ ਜਾਇਦਾਦ ਹੜੱਪਣ ਦੀ ਕੋਸ਼ਿਸ਼ ਕਰ ਰਿਹਾ ਸੀ। ਮੈਂ ਇਹਦੇ ਦੰਦਾਂ ਥੱਲੇ ਚਨੇ ਚਬਾ ਦਿਆਂਗਾ।"

ਇਸ ਦੌਰਾਨ ਸਿਰਸਾ ਵਾਰ-ਵਾਰ ਇਸ ਤੱਥ ਦਾ ਜ਼ਿਕਰ ਕਰ ਰਹੇ ਸਨ ਕਿ ਪਾਕਿਸਤਾਨ ਵਿੱਚ ਵੀ ਦਿਆਲ ਸਿੰਘ ਮਜੀਠੀਆ ਦੇ ਨਾਮ 'ਤੇ ਚੱਲ ਰਹੀ ਲਾਇਬ੍ਰੇਰੀ ਦਾ ਕਿਸੀ ਨੇ ਨਾਮ ਬਦਲਣ ਦੀ ਕੋਸ਼ਿਸ਼ ਨਹੀਂ ਕੀਤੀ।

ਸਿਰਸਾ ਨੇ ਕਿਹਾ: "ਮੈਂ ਅਮਿਤਾਭ ਸਿਨਹਾ ਨੂੰ ਇੱਕ ਚੈਲੇਂਜ ਕਰਦਾ ਹਾਂ- ਅਮਿਤਾਭ ਸਿਨਹਾ, ਤੂੰ ਬੇਈਮਾਨ ਹੈਂ। ਜੇ ਤੂੰ ਈਮਾਨਦਾਰ ਹੈਂ ਤਾਂ ਤੂੰ ਆਪਣੀ ਜਾਇਦਾਦ ਇਸ ਟਰੱਸਟ ਦੇ ਨਾਮ ਕਰਵਾ। ਫਿਰ ਅਸੀਂ ਵੰਦੇ ਮਾਤਰਮ ਨਾਮ ਰੱਖ ਦਿਆਂਗੇ। ਦੂਸਰਿਆਂ ਦੀ ਜਾਇਦਾਦ ਉੱਤੇ ਵੰਦੇ ਮਾਤਰਮ ਕਰ ਰਿਹਾ ਹੈਂ।"

ਸਿਰਸਾ ਅਤੇ ਅਮਿਤਾਭ ਸਿਨਹਾ ਇੱਕ ਵਾਰ ਫਿਰ 20 ਨਵੰਬਰ ਦੀ ਸ਼ਾਮ ਪੀ.ਟੀ.ਸੀ. ਨਿਊਜ਼ ਦੇ ਇੱਕ ਪ੍ਰੋਗਰਾਮ ਵਿੱਚ ਆਹਮੋ-ਸਾਹਮਣੇ ਆਏ ਜਿਥੇ ਸਿਨਹਾ ਨੇ ਸਿਰਸਾ ਨੂੰ "ਆਪਣਾ ਦਿਮਾਗ" ਵਰਤਣ ਨੂੰ ਕਿਹਾ ਅਤੇ ਬੋਲਿਆ: "ਬਾਤ ਤਮੀਜ਼ ਸੇ ਕਰਨਾ ਮੇਰੇ ਸੇ। ਤਮੀਜ਼ ਸੇ ਬਾਤ ਕਰੋ।" ਸਿਰਸਾ ਨੇ ਪਲਟਵਾਰ ਕਰਦਿਆਂ ਕਿਹਾ, "ਗੁੰਡਾ ਸਮਝਤਾ ਹੈ ਤੂੰ ਅਪਨੇ ਆਪ ਕੋ... ਤੁਮਹਾਰਾ ਮਕਸਦ ਮਾਈਨੋਰਿਟੀ ਕੀ ਜਾਇਦਾਦ ਹੜੱਪਨਾ ਹੈ... ਕਹਿਤੇ ਹੋ ਤੁਮ ਸੁਪਰੀਮ ਕੋਰਟ ਕੇ ਐਡਵੋਕੇਟ ਹੋ, ਬਾਤ ਗੁੰਡੋਂ ਕੀ ਤਰਹ ਕਰਤੇ ਹੋ।" ਇਸ ਦੇ ਜਵਾਬ ਵਿੱਚ ਸਿਨਹਾ ਨੇ ਸਿਰਸਾ 'ਤੇ ਉਸ ਨੂੰ ਧਮਕਾਉਣ ਦਾ ਇਲਜ਼ਾਮ ਲਗਾਇਆ ਤੇ ਕਿਹਾ: "ਗੁੰਡੇ ਕੀ ਤਰਹ ਤੋ ਤੁਮ ਵਿਵਹਾਰ ਕਰ ਰਹੇ ਹੋ।"

ਇਸ ਦੌਰਾਨ ਕਾਲਜ ਦੇ ਪ੍ਰਿੰਸੀਪਲ ਪਵਨ ਸ਼ਰਮਾ ਨੇ ਨਵੇਂ ਨਾਮ 'ਤੇ ਮੁੜ ਵਿਚਾਰ ਕਰਨ ਦੀ ਕਿਸੀ ਸੰਭਾਵਨਾ ਤੋਂ ਇਨਕਾਰ ਕੀਤਾ। ਉਸ ਨੇ ਕਿਹਾ: "ਇਹ ਨਾਮ ਫਾਈਨਲ ਹੈ।" ਸਿਰਸਾ ਨੇ ਲੋਧੀ ਰੋਡ ਪੁਲਿਸ ਸਟੇਸ਼ਨ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਕਾਲਜ ਦਾ ਨਾਮ ਬਦਲਣ ਲਈ ਦਰਜ ਕਰਵਾਈ ਸ਼ਿਕਾਇਤ ਵਿੱਚ ਅਮਿਤਾਭ ਸਿਨਹਾ ਦੇ ਨਾਲ ਪਵਨ ਸ਼ਰਮਾ ਦਾ ਵੀ ਨਾਮ ਲਿਖਵਾਇਆ ਹੈ।

ਉਥੇ ਹੀ ਭਾਜਪਾ ਦੀ ਅਗਵਾਈ ਵਾਲੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ਏ.ਬੀ.ਵੀ.ਪੀ.) ਨੇ ਕਿਹਾ ਕਿ ਨਵੇਂ ਨਾਮ ਤੋਂ ਕਿਸੀ ਨੂੰ ਸਮੱਸਿਆ ਨਹੀਂ ਹੋਣੀ ਚਾਹੀਦੀ ਕਿਉਂਕਿ ਵੰਦੇ ਮਾਤਰਮ ਨਾ ਤਾਂ ਕਿਸੀ ਬੰਦੇ ਦਾ ਨਾਮ ਹੈ, ਨਾ ਹੀ ਕਿਸੀ ਰਾਜਨੀਤਕ ਪਾਰਟੀ ਦਾ। ਏ.ਬੀ.ਵੀ.ਪੀ. ਦਿੱਲੀ ਪ੍ਰਦੇਸ਼ ਸਕੱਤਰ ਭਾਰਤ ਕਟਾਨਾ ਨੇ ਕਿਹਾ, "ਇਹ ਦੇਸ਼ ਦਾ ਰਾਸ਼ਟਰੀ ਗੀਤ ਹੈ। ਇਸ ਨਾਲ ਕੌਣ ਨਫਰਤ ਕਰ ਸਕਦਾ ਹੈ?"
Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div> <a> <img>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER