ਮਨੋਰੰਜਨ

Monthly Archives: AUGUST 2017


ਉਰਦੂ ਵਿੱਚ ਰਚੀ ਇੱਕ ਖੂਬਸੂਰਤ ਗਜ਼ਲ 'ਉਮਰਾਓ ਜਾਨ'
24.08.17 - ਕੁਲਦੀਪ ਕੌਰ
ਉਰਦੂ ਵਿੱਚ ਰਚੀ ਇੱਕ ਖੂਬਸੂਰਤ ਗਜ਼ਲ 'ਉਮਰਾਓ ਜਾਨ'ਫਿਲਮ 'ਉਮਰਾਓ ਜਾਨ' ਸੰਨ 1981 ਵਿੱਚ ਰਿਲੀਜ਼ ਹੋਈ। ਇਹ ਫਿਲਮ ਉਰਦੂ ਵਿੱਚ ਰਚੀ ਇੱਕ ਖੂਬਸੂਰਤ ਗਜ਼ਲ ਹੈ। ਫਿਲਮ ਦੇ ਵਿਸ਼ਾ-ਵਸਤੂ ਬਾਰੇ ਚਰਚਾ ਕਰਨ ਤੋਂ ਪਹਿਲਾਂ ਇਸ ਦੇ ਗਾਣਿਆਂ ਬਾਰੇ ਚਰਚਾ ਕਰਨਾ ਕੁਥਾਂ ਨਹੀਂ ਹੋਵੇਗਾ। ਇਸ ਫਿਲਮ ਦਾ ਗਾਣਾ 'ਕਾਹੇ ਕੋ ਬਿਆਹੇ ਬਿਦੇਸ਼' ਔਰਤ ਦੇ ਵਲਵਲਿਆਂ ਅਤੇ ਮਨੋਦਸ਼ਾ ਨੂੰ ਜ਼ਹੀਨ ਢੰਗ ਨਾਲ ਚਿਤਰਣ ਵਾਲੇ ਅਨੋਖੇ ਸ਼ਾਇਰ ਅਮੀਰ ਖੁਸਰੋ ਦੀ ਕਲਮ ਵਿੱਚੋਂ ਨਿਕਲਿਆ ਸੀ। ਗਾਣੇ ਦੇ ਬੋਲਾਂ 'ਭਈਆ ਕੋ ਦੀਓ ਬਾਬਲ ਮਹਿਲ ਦੋ ਮਹਿਲ, ਅਰੇ ਹਮ ਕੋ ਦੀਓ ਪਰਦੇਸ, ਕਾਹੇ ਕੋ ਬਿਆਹੇ ਬਿਦੇਸ਼..'  ਰਾਹੀਂ ਅਮੀਰ ਖੁਸਰੋ ਭਾਰਤੀ ਸਮਾਜ ਵਿੱਚ ਔਰਤ ਹੋਣ ਨਾਤੇ ਹੁੰਦੇ ਵਿਤਕਰਿਆਂ ਦਾ ਕੱਚਾ ਚਿੱਠਾ ਬਿਆਨ ਕਰਦਾ ਹੈ।

ਫਿਲਮ ਦਾ ਇੱਕ ਹੋਰ ਗਾਣਾ 'ਜ਼ਿੰਦਗੀ ਜਬ ਭੀ ਤੇਰੀ ਬਜ਼ਮ ਮੇਂ ਲਾਤੀ ਹੈ ਮੁਝੇ, ਯੇ ਜ਼ਮੀਂ ਚਾਂਦ ਸੇ ਬੇਹਤਰ ਨਜ਼ਰ ਆਤੀ ਹੈ ਮੁਝੇ.. ਯਾਦ ਤੇਰੀ ਕਭੀ ਦਸਤਕ, ਕਭੀ ਸਰਗੋਸ਼ੀ ਸੇ, ਰਾਤ ਕੇ ਪਿਛਲੇ ਪਹਿਰ ਰੋਜ਼ ਜਗਾਤੀ ਹੈ ਹਮੇਂ..'  ਸ਼ਾਇਰ ਸ਼ਹਿਰਯਾਰ ਦੀ ਕਲਮ ਵਿੱਚੋਂ ਨਿਕਲਿਆ ਸੀ ਤੇ ਇਸ ਨੂੰ ਤਲਤ ਅਜ਼ੀਜ਼ ਨੇ ਆਪਣੀ ਮਦਹੋਸ਼ ਆਵਾਜ਼ ਵਿੱਚ ਗਾਇਆ ਸੀ।

ਸ਼ਹਿਰਯਾਰ ਦਾ ਹੀ ਲਿਖਿਆ ਗਾਣਾ, 'ਜਬ ਭੀ ਮਿਲਤੀ ਹੈ ਅਜਨਬੀ ਲੱਗਤੀ ਕਿਊਂ ਹੈ, ਜ਼ਿੰਦਗੀ ਰੋਜ਼ ਨਏ ਰੰਗ ਬਦਲਤੀ ਕਿਊਂ ਹੈ..'  ਆਸ਼ਾ ਭੌਸਲੇ ਦੀ ਆਵਾਜ਼ ਵਿੱਚ ਫਿਲਮਾਇਆ ਗਿਆ ਸੀ। 'ਜੁਸਤਜੂ ਜਿਸ ਕੀ ਥੀ ਉਸ ਕੋ ਤੋ ਨਾ ਪਾਇਆ ਹਮ ਨੇ, ਇਸ ਬਹਾਨੇ ਸੇ ਮਗਰ ਦੇਖ ਲੀ ਦੁਨੀਆ ਹਮ ਨੇ.. ਤੁਮ ਕੋ ਰੁਸਵਾ ਨਾ ਕੀਆ ਖੁਦ ਭੀ ਪਸ਼ੇਮਾਂ ਨਾ ਹੂਏ, ਇਸ਼ਕ ਕੀ ਰਸਮ ਕੋ ਇਸ ਤਰਹ ਨਿਭਾਇਆ ਹਮ ਨੇ..'  ਵਿੱਚ ਉਮਰਾਓ ਜਾਨ ਅਦਾ ਦੀ ਜ਼ਿੰਦਗੀ ਸਮੇਟੀ ਹੋਈ ਹੈ।

ਫਿਲਮ 'ਉਮਰਾਓ ਜਾਨ' ਮਿਰਜ਼ਾ ਰੁਸਵਾ ਦੁਆਰਾ ਲਿਖੇ ਨਾਵਲ 'ਉਮਰਾਓ ਜਾਨ ਅਦਾ' 'ਤੇ ਆਧਾਰਿਤ ਸੀ। ਕਿਹਾ ਜਾਂਦਾ ਹੈ ਕਿ ਇਹ ਸਾਰੀ ਕਹਾਣੀ ਲਖਨਊ ਦੀ ਕੋਠੇ ਵਾਲੀ ਉਮਰਾਓ ਜਾਨ ਨੇ ਖੁਦ ਲਿਖਵਾਈ ਸੀ। ਉਮਰਾਓ ਜਾਨ ਫੈਜ਼ਾਵਾਦ ਦੇ ਇੱਕ ਸਰਕਾਰੀ ਕਰਮਚਾਰੀ ਦੇ ਘਰ ਪੈਦਾ ਹੋਈ। ਜਦੋਂ ਉਹ ਮਹਿਜ਼ ਨੌਂ ਸਾਲ ਦੀ ਸੀ ਤਾਂ ਉਸ ਦੇ ਅੱਬਾ ਦੇ ਦੁਸ਼ਮਣ ਦਿਲਾਵਰ ਖਾਨ ਨੇ ਉਸ ਨੂੰ ਅਗਵਾ ਕਰ ਲਿਆ ਅਤੇ ਲਖਨਊ ਦੇ ਇੱਕ ਕੋਠੇ 'ਤੇ ਲਿਜਾ ਕੇ ਵੇਚ ਦਿੱਤਾ। ਇਹ ਕੋਠਾ ਲਖਨਊ ਦੇ ਅਮੀਰਾਂ ਦਾ ਪੇਸ਼ਾਵਰ ਕੋਠਾ ਸੀ ਜਿੱਥੇ ਉਹ ਆਪਣੇ ਜਿਸਮ ਵਿੱਚੋਂ ਨਿਕਲ ਕੇ ਰੂਹ ਲਈ ਸਕੂਨ ਤਲਾਸ਼ਦੇ ਹਨ। ਸਕੂਨ ਦਾ ਜ਼ਰੀਆ ਸੀ ਉਮਰਾਓ ਜਾਨ ਦੀ ਸ਼ਾਇਰੀ ਅਤੇ ਗਾਇਕੀ ਜਿਸ ਨੂੰ ਉਹ ਵਿਕਣ ਵਾਲੀ ਸ਼ੈਅ ਵੱਜੋਂ ਪਹਿਚਾਣਦੇ ਸਨ ਪਰ ਇਹ ਉਮਰਾਓ ਜਾਨ ਦਾ ਦਰਦ, ਇਕੱਲਾਪਣ ਤੇ ਤੜਫਨ ਸੀ ਜੋ ਉਸ ਦੀਆਂ ਅਦਾਵਾਂ ਵਿੱਚੋਂ ਝਲਕਦਾ ਸੀ।

ਪਰ ਸਮਾਜ ਵਿੱਚ ਨੀਵਾਂ ਪੇਸ਼ਾ ਕਰਨ ਵਾਲੀ ਇੱਕ ਉੱਚਪਾਏ ਦੀ ਸ਼ਾਇਰਾ ਦਾ ਕੀ ਮੁੱਲ ਪਾਇਆ ਜਾ ਸਕਦਾ ਹੈ? ਇਸ ਨੂੰ ਦੂਜੇ ਅਰਥਾਂ ਵਿੱਚ ਇੰਜ ਵੀ ਸਮਝਿਆ ਜਾ ਸਕਦਾ ਹੈ ਕਿ ਕਈ ਵਾਰ ਕਲਾ ਵੀ ਸਮਾਜਿਕ ਰੁਤਬੇ ਦੀਆਂ ਨੀਵੀਆਂ ਵਲਗਣਾਂ ਦੀ ਮੁਹਤਾਜ਼ ਬਣ ਕੇ ਰਹਿ ਜਾਂਦੀ ਹੈ।

ਉਮਰਾਓ ਜਾਨ ਦੀ ਜ਼ਿੰਦਗੀ ਵਿੱਚ ਕਈ ਮਰਦ ਆਏ ਜਿਨ੍ਹਾਂ ਨਾਲ ਉਸ ਨੇ ਪੇਸ਼ਾਵਰ ਤੌਰ 'ਤੇ 'ਪਿਆਰ' ਕੀਤਾ ਪਰ 'ਪਿਆਰ' ਦੀ ਅਦਾਇਗੀ ਵੀ ਪੇਸ਼ਗੀ ਲਈ। ਨਾਵਲ ਦੀ ਕਹਾਣੀ ਵਿੱਚ ਉਮਰਾਓ ਜਾਨ ਆਖਦੀ ਹੈ ਕਿ ਨਾ ਤਾਂ ਮੈਂ ਕਿਸੇ ਨੂੰ ਪਿਆਰ ਕੀਤਾ ਅਤੇ ਨਾ ਹੀ ਕਿਸੇ ਨੇ ਮੈਨੂੰ ਦਿਲੋਂ ਪਿਆਰ ਕੀਤਾ।

ਇਸ ਫਿਲਮ ਲਈ ਨਾਇਕਾ ਰੇਖਾ ਨੂੰ ਖੂਬ ਤਾਰੀਫ ਮਿਲੀ। ਪਰ ਕਈ ਆਲੋਚਕਾਂ ਅਨੁਸਾਰ ਉਸ ਦੀ ਅਦਾਕਾਰੀ ਸਾਧਾਰਣ ਸੀ। ਫਿਲਮ ਦੀ ਸਭ ਤੋਂ ਵੱਡੀ ਖਾਸੀਅਤ ਮੁੱਜ਼ਫਰ ਅਲੀ ਦੁਆਰਾ ਲਖਨਊ ਦੀ ਨਫਾਸਤ ਅਤੇ ਤਹਿਜ਼ੀਬ ਨੂੰ ਪਰਦੇ 'ਤੇ ਜ਼ਿੰਦਾ ਕਰਨਾ ਸੀ। ਇਸ ਲਈ ਉਨ੍ਹਾਂ ਨੇ ਫਿਲਮ ਵਿੱਚ ਵਰਤੀ ਭਾਸ਼ਾ ਦੇ ਉਰਦੂ ਰੰਗ , ਕੋਠਿਆਂ ਦੀ ਸਾਜੋ-ਸਜਾਵਟ, ਰਈਸਾਂ-ਨਵਾਬਾਂ ਦੀ ਮਨਸੂਈ ਹੈਂਕੜ ਅਤੇ ਸਮਾਜਿਕ ਤੌਰ 'ਤੇ ਕੋਠਿਆਂ ਪ੍ਰਤੀ ਖਿੱਚ ਭਰੀ ਨਫਰਤ ਨੂੰ ਬਹੁਤ ਬਰੀਕੀ ਨਾਲ ਦੁਬਾਰਾ ਤੋਂ ਪਰਦੇ 'ਤੇ ਜ਼ਿੰਦਾ ਕੀਤਾ।

ਉਮਰਾਓ ਜਾਨ ਲਖਨਊ ਦੀ ਉਹ ਬੇਬਾਕ ਰੂਹ ਹੈ ਜੋ ਇਸ ਸ਼ਹਿਰ ਦੀਆਂ ਰਗਾਂ ਵਿੱਚ ਲਹੂ ਨੂੰ ਰਵਾਂ ਰੱਖਦੀ ਹੈ। ਉਹ ਫਿਲਮਸਾਜ਼ ਵੱਲੋਂ ਲਖਨਊ ਦੇ ਅਦਬ ਨੂੰ ਦਿੱਤੀ ਲੋਰੀ ਹੈ।
[home] 1-2 of 2


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਦਵੰਦ ਦਾ ਕਾਰਨ ਅਤੇ ਹੱਲ ਹੈ ਸੰਗੀਤ
ਬੱਚਿਆਂ ਦੀਆਂ ਮਨੋਵਿਗਿਆਨਕ ਗੁੰਝਲਾਂ ਨੂੰ ਦਰਸਾਉਂਦੀ ਫਿਲਮ 'ਪਰਿਚੈ'
07.08.17 - ਕੁਲਦੀਪ ਕੌਰ
ਬੱਚਿਆਂ ਦੀਆਂ ਮਨੋਵਿਗਿਆਨਕ ਗੁੰਝਲਾਂ ਨੂੰ ਦਰਸਾਉਂਦੀ ਫਿਲਮ 'ਪਰਿਚੈ'ਗੁਲਜ਼ਾਰ ਸਾਹਿਬ ਦੇ ਅੰਦਰਲਾ ਬੱਚਾ ਉਨ੍ਹਾਂ ਦੁਆਰਾ ਨਿਰਦੇਸ਼ਤ ਹਰ ਫਿਲਮ ਵਿੱਚ ਮੌਜੂਦ ਹੈ। ਜਿੱਥੇ ਭਾਰਤੀ ਸਿਨੇਮਾ ਵਿੱਚ ਬੱਚਿਆਂ ਨੂੰ ਸਿਰਫ ਸਾਈਡ ਕਿਰਦਾਰ ਦੇ ਤੌਰ 'ਤੇ ਫਿਲਮਾਇਆ ਜਾਂਦਾ ਹੈ, ਗੁਲਜ਼ਾਰ ਦੀ ਫਿਲਮ 'ਪਰਿਚੈ' ਪੂਰੀ ਤਰ੍ਹਾਂ ਨਾਲ ਬੱਚਿਆਂ ਦੀਆਂ ਮਨੋਵਿਗਿਆਨਕ ਗੁੰਝਲਾਂ ਨਾਲ ਸਬੰਧਿਤ ਸੀ। ਰਾਜਕੁਮਾਰ ਮੈਤਰਾ ਦੁਆਰਾ ਲਿਖੇ ਬੰਗਾਲੀ ਨਾਵਲ 'ਰੰਗੀਨ ਉਤਰਨੇਂ' 'ਤੇ ਆਧਾਰਿਤ ਇਹ ਫਿਲਮ ਬਹੁਤ ਹੱਦ ਤੱਕ 1965 ਵਿੱਚ ਰਿਲੀਜ਼ ਹੋਈ ਅਮਰੀਕਨ ਫਿਲਮ ‘ਦਿ ਸਾਊਂਡ ਆਫ ਮਿਊਜ਼ਿਕ' ਨਾਲ ਮਿਲਦੀ-ਜੁਲਦੀ ਹੈ।

ਫਿਲਮ ਵਿੱਚ ਦਵੰਦ ਦਾ ਕਾਰਨ ਅਤੇ ਹੱਲ ਸੰਗੀਤ ਹੈ। ਫਿਲਮ ਵਿੱਚ ਅਦਾਕਾਰ ਪ੍ਰਾਣ ਇੱਕ ਅਜਿਹੇ ਰਿਟਾਇਰ ਹੋ ਚੁੱਕੇ ਕਰਨਲ ਦੀ ਭੂਮਿਕਾ ਵਿੱਚ ਹਨ ਜਿਨ੍ਹਾਂ ਨੂੰ ਸੰਗੀਤ ਤੋ ਅਲਗਰਜ਼ੀ ਹੈ। ਸੰਗੀਤ ਦੇ ਕਾਰਨ ਹੀ ਉਨ੍ਹਾਂ ਦਾ ਆਪਣੇ ਪੁੱਤਰ ਨਾਲ ਕਲੇਸ਼ ਸੀ। ਉਨ੍ਹਾਂ ਅਨੁਸਾਰ ਸੰਗੀਤ ਬੰਦੇ ਨੂੰ ਲਾਪਰਵਾਹੀ ਅਤੇ ਮਨਮਰਜ਼ੀ ਦੇ ਰਸਤੇ ਤੋਰਦਾ ਹੈ, ਜਿਸ ਨਾਲ ਜ਼ਿੰਦਗੀ ਵਿੱਚ ਅਸਫਲਤਾ ਲਾਜ਼ਮੀ ਹੈ। ਪੁੱਤਰ ਅਤੇ ਨੂੰਹ ਦੀ ਦੁੱਖਦਾਈ ਮੌਤ ਉਨ੍ਹਾਂ ਨੂੰ ਹੋਰ ਵੀ ਪੱਥਰ ਬਣਾ ਦਿੰਦੀ ਹੈ। ਉਪਰੋਂ ਆਪਣੇ ਪੰਜ ਪੋਤੇ-ਪੋਤੀਆਂ ਦੀ ਜ਼ਿੰਮੇਵਾਰੀ ਉਨ੍ਹਾਂ ਉੱਪਰ ਆ ਜਾਂਦੀ ਹੈ। ਉਹ ਇਸ ਵਾਰ ਬੱਚਿਆਂ ਨੂੰ ਅਨੁਸ਼ਾਸ਼ਨਹੀਣ ਬਣਨ ਦਾ ਕੋਈ ਮੌਕਾ ਨਹੀਂ ਦੇਣਾ ਚਾਹੁੰਦੇ। ਇਸ ਲਈ ਉਹ ਇੱਕ ਅਜਿਹੇ ਅਧਿਆਪਕ ਦੀ ਤਲਾਸ਼ ਵਿੱਚ ਹਨ ਜੋ ਬੱਚਿਆਂ ਨੂੰ ਛਾਂਗ ਕੇ ਰੱਖੇ ਅਤੇ ਉਨ੍ਹਾਂ ਨੂੰ ਸੰਗੀਤ ਤੇ ਕਲਾ ਵਰਗੇ 'ਫਾਲਤੂ' ਫਤੂਰਾਂ ਤੋਂ ਬਚਾ ਕੇ ਰੱਖੇ।

ਅਜਿਹੀ ਹਾਲਤ ਵਿੱਚ ਰਵੀ (ਜਤਿੰਦਰ) ਇੰਟਰਵਿਊ ਦੇਣ ਆਉਂਦਾ ਹੈ। ਕਰਨਲ ਦੇ ਵਤੀਰੇ 'ਤੇ ਬਸਤੀਵਾਦੀ ਚਰਬਾ ਹਾਲੇ ਵੀ ਹਾਵੀ ਹੈ। ਉਸ ਲਈ ਪੈਸਾ, ਸਫਲਤਾ, ਰੁਤਬਾ ਅਤੇ ਹੈਂਕੜ ਬੰਦੇ ਦੀ ਅਣਖ ਦੀਆਂ ਨਿਸ਼ਾਨੀਆਂ ਹਨ। ਉਸ ਨੂੰ ਜ਼ਿੰਦਗੀ ਦਾ ਲੁਤਫ ਲੈਂਦੇ, ਹੱਸਦੇ-ਖੇਡਦੇ, ਸ਼ਰਾਰਤਾਂ ਕਰਦੇ ਬੱਚਿਆਂ ਨਾਲ ਅਜੀਬ ਖਿੱਝ ਹੈ। ਬੱਚੇ ਉਸ ਦੀ ਹਾਜ਼ਰੀ ਵਿੱਚ ਅਣਜਾਨੇ ਡਰ ਨਾਲ ਭੈਅਭੀਤ ਰਹਿੰਦੇ ਹਨ। ਉਨ੍ਹਾਂ ਨੇ ਵੀ ਆਪਣੀਆਂ ਸ਼ਰਾਰਤਾਂ ਰਾਹੀਂ ਕਰਨਲ ਖਿਲਾਫ 'ਜੰਗ' ਐਲਾਨੀ ਹੋਈ ਹੈ। ਉਹ ਘਰ ਦੇ ਸਾਰੇ ਮੈਂਬਰਾਂ ਖਾਸ ਕਰਕੇ ਕਰਨਲ ਦੀ ਭੈਣ ਦਾ ਨੱਕ ਵਿੱਚ ਦਮ ਕਰੀ ਰੱਖਦੇ ਹਨ। ਉਨ੍ਹਾਂ ਦੀ ਅਗਵਾਈ ਕਰਨਲ ਦੀ ਵੱਡੀ ਪੋਤਰੀ ਰਮਾ (ਜਯਾ ਭਾਦੁੜੀ) ਕਰਦੀ ਹੈ।

ਪਹਿਲਾਂ-ਪਹਿਲ ਉਹ ਰਵੀ ਨੂੰ ਵੀ ਆਪਣੇ ਤਰੀਕੇ ਨਾਲ ਭਜਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਰਵੀ ਇਨ੍ਹਾਂ ਸਾਰੀਆਂ ਬਦਤਮਜ਼ੀਆਂ ਨੂੰ ਹੱਸ ਕੇ ਟਾਲ ਦਿੰਦਾ ਹੈ। ਉਹ ਬੱਚਿਆਂ ਦੁਆਰਾ ਕੀਤੀਆਂ ਕਾਰਵਾਈਆਂ ਦੇ ਪਿੱਛੇ ਕੰਮ ਕਰਦੇ ਮਨੋਵਿਗਿਆਨ ਨੂੰ ਸਮਝਣ ਦੀ ਕੋਸ਼ਿਸ਼ ਕਰਦਾ ਹੈ। ਉਸ ਨੂੰ ਜਲਦੀ ਹੀ ਉਸ ਕਰਨਲ ਅਤੇ ਬੱਚਿਆਂ ਵਿੱਚ ਖੜ੍ਹੀ ਦੀਵਾਰ ਦੀ ਸਮਝ ਆ ਜਾਂਦੀ ਹੈ। ਉਹ ਇਸ ਦੀਵਾਰ ਨੂੰ ਨੇਸਤਾਨਬੂਦ ਕਰਨ ਦਾ ਤਹੱਈਆ ਕਰਦਾ ਹੈ। ਇਸ ਲਈ ਉਹ ਬੱਚਿਆਂ ਨੂੰ ਘਰ ਦੀਆਂ ਤੰਗ ਵਲਗਣਾਂ ਤੋਂ ਕੱਢ ਕੇ ਕੁਦਰਤ ਦੇ ਨਜ਼ਦੀਕ ਲੈ ਕੇ ਜਾਂਦਾ ਹੈ। ਉਨ੍ਹਾਂ ਨੂੰ ਕੁਦਰਤ ਨਾਲ ਸੰਵਾਦ ਕਰਨ ਦੀ ਜਾਂਚ ਸਿਖਾਉਂਦਾ ਹੈ। ਇਸ ਸੰਵਾਦ ਰਾਹੀਂ ਹੌਲੀ-ਹੌਲੀ ਦਾਦੇ ਅਤੇ ਪੋਤੇ-ਪੋਤੀਆਂ ਦੇ ਰਿਸ਼ਤੇ ਵਿਚਲੀ ਕੁੱੜਤਣ ਦੀਆਂ ਗੰਢਾਂ ਖੁੱਲ੍ਹਣ ਲੱਗਦੀਆਂ ਹਨ।

ਕਰਨਲ ਦੀ ਪੋਤੀ ਰਵੀ ਨਾਲ ਆਪਸੀ ਭਰੋਸੇ ਅਤੇ ਮੋਹ ਦਾ ਰਿਸ਼ਤਾ ਬਣਾ ਲੈਂਦੀ ਹੈ। ਇਸ ਦਾ ਅਹਿਸਾਸ ਰਵੀ ਨੂੰ ਵਾਪਸ ਸ਼ਹਿਰ ਪਹੁੰਚ ਕੇ ਹੁੰਦਾ ਹੈ। ਉੱਧਰ ਕਰਨਲ ਨੂੰ ਵੀ ਸਮਝ ਆ ਜਾਂਦੀ ਹੈ ਰਿਸ਼ਤਿਆਂ ਤੋਂ ਸੱਖਣੀ ਜ਼ਿੰਦਗੀ ਅਤੇ ਸੰਗੀਤ ਤੋਂ ਸੁੰਨਾ ਘਰ ਸ਼ਮਸ਼ਾਨ ਦੀ ਨਿਆਂਈ ਹੁੰਦੇ ਹਨ। ਉਸ ਲਈ ਰਵੀ ਅਜਿਹੇ ਫਰਿਸ਼ਤੇ ਵਾਂਗ ਹੈ ਜਿਸ ਨੇ ਇੱਕ ਸੂਈ ਦੀ ਤਰ੍ਹਾਂ ਉਸ ਦੇ ਅਤੇ ਬੱਚਿਆਂ ਦੇੇ ਦਿਲਾਂ ਨੂੰ ਇੱਕ ਤਾਰ ਵਿੱਚ ਪਰੋ ਦਿੱਤਾ। ਉਹ ਰਵੀ ਦਾ ਵਿਆਹ ਰਮਾ ਨਾਲ ਕਰਨ ਦਾ ਫੈਸਲਾ ਕਰਕੇ ਇੱਕ ਨਵਾਂ ਰਿਸ਼ਤਾ ਸਿਰਜਦਾ ਹੈ। ਘਰ ਅਸਲ ਅਰਥਾਂ ਵਿੱਚ ਘਰ ਬਣਦਾ ਹੈ।

ਇਸ ਫਿਲਮ ਦਾ ਸੰਗੀਤ ਆਪਣੀ ਦਾਰਸ਼ਨਿਕਤਾ ਕਾਰਨ ਜਾਣਿਆ ਜਾਂਦਾ ਹੈ। ਫਿਲਮ ਦੇ ਗਾਣਾ 'ਮੁਸਾਫਿਰ ਹੂੰ ਯਾਰੋ, ਨਾ ਘਰ ਹੈ ਨਾ ਟਿਕਾਨਾ.. ਮੁਝੇ ਚਲਤੇ ਜਾਨਾ ਹੈ..' ਦੀਆਂ ਅਗਲੀਆਂ ਲਾਈਨਾਂ ਆਪਣੇ ਵਿੱਚ ਬਹੁਤ ਸਾਰੇ ਅਰਥ ਲਕੋਈ ਬੈਠੀਆਂ ਹਨ:

ਏਕ ਰਾਹ ਰੁਕ ਗਈ ਤੋ ਔਰ ਜੁੜ ਗਈ,
ਮੈਂ ਮੁੜਾ ਤੋ ਸਾਥ-ਸਾਥ ਰਾਹ ਮੁੜ ਗਈ।
ਹਵਾ ਕੇ ਪਰੋਂ ਪਰ ਮੇਰਾ ਆਸ਼ਿਆਨਾ...
ਦਿਲ ਨੇ ਹਾਥ ਥਾਮ ਕਰ ਇਧਰ ਬਿਠਾ ਲਿਆ,
ਰਾਤ ਨੇ ਇਸ਼ਾਰੇ ਸੇ ਉਧਰ ਬੁਲਾ ਲਿਆ।
ਸੁਬਹ ਸੇ, ਸ਼ਾਮ ਸੇ ਮੇਰਾ ਦੋਸਤਾਨਾ...
ਮੁਸਾਫਿਰ ਹੂੰ ਯਾਰੋ।

ਇਸ ਗਾਣੇ ਵਿੱਚ ਜ਼ਿੰਦਗੀ ਦੀ ਚਿਰ-ਭੁੰਗਰੀ ਹੋਂਦ ਦਾ ਦਰਸ਼ਨ ਪਿਆ ਹੈ। ਇਸੇ ਤਰ੍ਹਾਂ ਫਿਲਮ ਦਾ ਇੱਕ ਹੋਰ ਗਾਣਾ, 'ਬੀਤੀ ਨਾ ਬਿਤਾਈ ਰੈਨਾ, ਬਿਰਹਾ ਕੀ ਜਾਈ ਰੈਨਾ... ਭੀਗੀ ਹੋਈ ਅੱਖੀਓਂ ਨੇ, ਲਾਖ ਬੁਝਾਈ ਰੈਨਾ...' ਦਰਸ਼ਕ ਨੂੰ ਇੱਕੋ ਸਮੇਂ ਗਮ ਦੀਆਂ ਕਈ ਪਰਤਾਂ ਨਾਲ ਰੂਬਰੂ ਕਰਵਾਉਂਦਾ ਹੈ।ਫਿਲਮ ਦਾ ਇੱਕ ਹੋਰ ਗਾਣਾ, 'ਸਾਰੇ ਕੇ ਸਾਰੇ ਗਾਮਾ ਕੋ ਲੇਕਰ ਗਾਤੇ ਚਲੇ, ਪਾਪਾ ਨਹੀਂ ਹੈ, ਧਾਨੀ ਸੀ ਦੀਦੀ, ਦੀਦੀ ਕੇ ਹੈਂ ਸਾਥ ਸਾਰੇ...' ਬੱਚਿਆਂ ਲਈ ਲਿਖਿਆ ਗਿਆ ਪਰ ਇਸ ਦਾ ਜਾਦੂ ਹਰ ਵਰਗ ਦੇ ਦਰਸ਼ਕਾਂ ਨੂੰ ਆਪਣੇ ਰੰਗ ਵਿੱਚ ਰੰਗ ਲੈਂਦਾ ਹੈ।
[home] 1-2 of 2


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER