ਮਨੋਰੰਜਨ

Monthly Archives: JULY 2018


ਫ਼ਿਲਮ ਕੋਨਾ
ਜਾਤੀ ਤਅਸੁੱਬ ਬਾਰੇ ਚੁੱਪ ਦੀ ਸਿਆਸਤ ਨੂੰ ਤੋੜਦੀ ਫ਼ਿਲਮ: ਸੈਰਾਟ
24.07.18 - ਕੁਲਦੀਪ ਕੌਰ
ਜਾਤੀ ਤਅਸੁੱਬ ਬਾਰੇ ਚੁੱਪ ਦੀ ਸਿਆਸਤ ਨੂੰ ਤੋੜਦੀ ਫ਼ਿਲਮ: ਸੈਰਾਟ2016 ਵਿੱਚ ਆਈ ਫ਼ਿਲਮ 'ਸੈਰਾਟ' ਦੇ ਨਿਰਦੇਸ਼ਕ ਨਾਗਰਾਜ ਮੁੰਜਲੇ ਦਾ ਪਿਤਾ ਪੱਥਰ ਤੋੜਣ ਦਾ ਕੰਮ ਕਰਦਾ ਸੀ। ਕੰਮ ਸਖਤ ਹੋਣ ਦੇ ਨਾਲ-ਨਾਲ ਸਾਰਾ ਦਿਨ ਸਿਰ 'ਤੇ ਚਮਕਦਾ ਸੂਰਜ ਉਸ ਦੇ ਸਰੀਰ ਨੂੰ ਰੂਹ ਤਕ ਸਾੜ ਦਿੰਦਾ ਸੀ। ਇਸ ਲਈ ਜਦੋਂ ਉਸ ਦਾ ਮੁੰਡਾ ਨਾਗਰਾਜ ਮੁੰਜਲੇ ਕੰਮ 'ਤੇ ਜਾਣ ਜੋਗਾ ਹੋਇਆ ਤਾਂ ਪਿਉ ਦੇ ਮੂੰਹੋਂ ਇੱਕੋ ਦੁਆ ਨਿਕਲੀ, "ਰੱਬ ਕਰੇ ਇਸ ਨੂੰ ਛਾਵੇਂ ਖੜ੍ਹ ਕੇ ਕਰਨ ਵਾਲਾ ਕੰਮ ਮਿਲੇ।"

ਅੱਜ ਨਾਗਰਾਜ ਮਰਾਠੀ ਸਿਨੇਮਾ ਤੇ ਨਾਲ-ਨਾਲ ਭਾਰਤੀ ਸਿਨੇਮਾ ਵਿੱਚ ਫ਼ਿਲਮ ਬਣਾਉਣ ਦੇ ਢੰਗ-ਤਰੀਕਿਆਂ ਲਈ ਇੱਕ ਚੁਣੌਤੀ ਬਣ ਕੇ ਟੱਕਰਿਆ ਹੈ। ਉਸ ਦੀਆਂ ਫ਼ਿਲਮਾਂ ਵਿੱਚ ਉੁੱਚ ਜਾਤੀ ਦੀ ਸਿਆਸਤ ਆਪਣੀ ਪੂਰੀ ਨਿਰਲੱਜਤਾ, ਬੇਕਿਰਕੀ ਅਤੇ ਤਰਕਹੀਣਤਾ ਨਾਲ ਪਰਦੇ 'ਤੇ ਪੇਸ਼ ਹੁੰਦੀ ਹੈ। ਫ਼ਿਲਮ 'ਫੌਂਡਰੀ' (ਸੂਰ) ਤੋਂ ਬਾਅਦ ਉਸ ਦੀ ਦੂਜੀ ਫ਼ਿਲਮ 'ਸੈਰਾਟ' (ਜੰਗਲੀ) ਰਿਲੀਜ਼ ਹੁੰਦਿਆਂ ਹੀ ਅਖਿਲ ਭਾਰਤੀ ਮਹਾਂਰਾਸ਼ਟਰ ਮਰਾਠਾ ਸੰਘ ਨੇ ਆਪਣੀਆਂ 'ਭਾਵਨਾਵਾਂ' ਨੂੰ 'ਠੇਸ' ਲਗਾਉਣ ਲਈ ਉਸ ਦੀ ਆਲੋਚਨਾ ਕੀਤੀ, ਦੂਜੇ ਪਾਸੇ ਮਹਾਂਰਾਸ਼ਟਰ ਦੇ ਅਖ਼ਬਾਰਾਂ ਵਿੱਚ ਉੱਚ-ਜਾਤੀ ਦੁਆਰਾ ਅੰਤਰ-ਜਾਤੀ ਵਿਆਹ ਕਰਵਾਉਣ ਵਾਲੇ ਜੋੜਿਆਂ ਦੇ ਕੀਤੇ ਕਤਲਾਂ ਦੀਆਂ ਸੁਰਖੀਆਂ ਖਤਮ ਹੋਣ ਦਾ ਨਾਮ ਨਹੀਂ ਲੈ ਰਹੀਆਂ।

ਨਾਗਰਾਜ ਭਾਰਤੀ ਸਿਨੇਮਾ ਵਿੱਚ ਜਾਤ ਦੇ ਸਵਾਲਾਂ ਦੁਆਲੇ ਹੁਣ ਤਕ ਬਣੇ ਸਿਨੇਮਾ ਨੂੰ ਨਾਕਾਫੀ ਮੰਨਦਿਆਂ ਜਾਤ ਦੇ ਆਧਾਰ 'ਤੇ ਕਤਲ ਹੋਈ ਉਮੀਦਾਂ ਤੇ ਸੁਪਨਿਆਂ ਦੀ ਨਵੀਂ ਨਸਲ ਦੀ ਹੋਣੀ ਦੀ ਪਟਕਥਾ ਸਿਰਜਦਾ ਹੈ। ਇਨ੍ਹਾਂ ਕਤਲਾਂ ਦੇ ਚਸ਼ਮਦੀਦ ਗਵਾਹ ਦੀ ਤਰ੍ਹਾਂ ਉਹ ਉਸ ਘੁਟਨ, ਜਲਾਲਤ, ਹਿੰਸਾ, ਬੇਦਰਦੀ ਤੇ ਅਮਾਨਵੀ ਵਰਤਾਰੇ ਨੂੰ ਪਰਦੇ 'ਤੇ ਫ਼ਿਲਮਾਉਂਦਾ ਹੈ ਜੋ ਕਿਸੇ ਜਣੇ ਨਾਲ ਸਿਰਫ ਇਸ ਆਧਾਰ 'ਤੇ ਕੀਤੀ ਜਾ ਸਕਦੀ ਹੈ ਕਿ ਉਹ ਦਲਿਤ ਜਾਤ ਨਾਲ ਸਬੰਧਿਤ ਹੈ। ਨਾਗਰਾਜ ਆਪਣੇ ਬਿਰਤਾਂਤ ਵਿੱਚ ਜਾਤ ਦੇ ਸੱਤਾ ਨਾਲ ਸਬੰਧਾਂ, ਜਾਤ ਦੇ ਧਰਮ ਨਾਲ ਸਬੰਧਾਂ ਅਤੇ ਜਾਤ ਦੇ ਮਨੁੱਖੀ ਆਜ਼ਾਦੀ ਨਾਲ ਸਬੰਧਾਂ 'ਤੇ ਸੁੰਨ ਕਰ ਦੇਣ ਵਾਲੇ ਸਵਾਲ ਖੜ੍ਹੇ ਕਰਦਾ ਹੈ।

ਉਸ ਦੀ ਮਰਾਠੀ ਫ਼ਿਲਮ 'ਸੈਰਾਟ' ਦੀ ਕਹਾਣੀ ਹੁਣ ਤਕ ਬਣੀਆਂ ਹਜ਼ਾਰਾਂ ਫ਼ਿਲਮਾਂ ਵਿੱਚ ਫ਼ਿਲਮਾਏ ਗਏ ਮਹੁੱਬਤ ਦੇ ਅਫਸਾਨਿਆਂ ਵਰਗੀ ਲੱਗਦੀ ਜ਼ਰੂਰ ਹੈ। ਪਰ ਉਸ ਦੀ ਫ਼ਿਲਮ ਵਿਚਲਾ ਜੋੜਾ ਭਾਰਤੀ ਸਮਾਜ ਦੀਆਂ ਸਮਕਾਲੀ ਹਕੀਕਤਾਂ ਨਾਲ ਦੋ-ਚਾਰ ਵੀ ਹੁੰਦਾ ਹੈ ਤੇ ਜਾਤੀ-ਨਫਰਤ ਦੇ ਸਿਰ ਚੜ੍ਹ ਕੇ ਮਰਦਾ ਵੀ ਹੈ। ਨਿਰਦੇਸ਼ਕ ਇਸ ਮੌਤ ਨੂੰ ਸਾਡੇ ਦੌਰ ਦੀ ਸਭ ਤੋਂ ਬੇਦਰਦ ਸਿਆਸਤ ਦੱਸਦਾ ਹੈ। ਇਸੇ ਸਿਆਸਤ ਨੂੰ ਗੁਜਰਾਤ ਦਾ ਦਲਿਤ ਵਿਦਰੋਹੀ ਜ਼ਿਗਨੇਸ਼ ਮਵਾਨੀ ਦਲਿਤਾਂ ਖਿਲਾਫ ਢਾਂਚਾਗਤ ਸਿਆਸਤ ਦਾ ਹਿੱਸਾ ਦੱਸਦਿਆਂ ਇਸ ਤੋਂ ਛੁਟਕਾਰੇ ਲਈ 'ਆਜ਼ਾਦੀ ਕੂਚ' ਦਾ ਐਲਾਨ ਕਰਦਾ ਹੈ।

'ਸੈਰਾਟ' ਫ਼ਿਲਮ ਦੀ ਨਾਇਕਾ ਆਰਚੀ ਦੀ ਹਮਉਮਰ ਤੇ ਸਮਕਾਲੀ ਪੰਜਾਬ ਦੀ ਰੈਪ ਗਾਇਕ ਗਿੰਨੀ ਮਾਹੀ ਨਵੀਂ ਪੌਦ ਨੂੰ ਜਾਤੀ-ਸ਼ਰਮ ਦਾ ਜੂਲਾ ਹਰ ਹੀਲਾ ਵਰਤ ਕੇ ਲਾਹ ਸੁੱਟਣ ਅਤੇ ਅਣਖ ਨਾਲ ਜਿਊਣ ਦਾ ਸੱਦਾ ਦਿੰਦੀ ਹੈ।

ਨਾਗਰਾਜ ਦੀ ਫ਼ਿਲਮ ਦੇ ਕਿਰਦਾਰਾਂ ਵਿੱਚ ਇੱਕ ਅਜਿਹੀ ਸੁਭਾਵਿਕਤਾ ਹੈ ਜੋ ਉਨ੍ਹਾਂ ਦੀ ਨਿੱਤ ਦਿਨ ਦੀ ਜ਼ਿੰਦਗੀ ਦੀਆਂ ਬਾਰੀਕੀਆਂ ਨੂੰ ਸ਼ਿੱਦਤ ਨਾਲ ਪਰਦੇ 'ਤੇ ਸਾਕਾਰ ਕਰਦੀ ਹੈ। ਉਸ ਦੁਆਰਾ ਚੁਣੇ ਅਦਾਕਾਰ ਉਸ ਦੀ ਹੰਢਾਈ ਜ਼ਿੰਦਗੀ ਨੂੰ ਜਿੰਨੀ ਤਨਦੇਹੀ ਨਾਲ ਨਿਭਾਉਂਦੇ ਹਨ, ਉਹ ਬਾਕਮਾਲ ਹੈ। ਉਨ੍ਹਾਂ ਦੇ ਸਰੀਰ ਜਾਤ ਦੀ ਲੈਅ ਨਾਲ ਤੁਰਦੇ ਹਨ, ਉਨ੍ਹਾਂ ਦੇ ਅੰਗ ਉਨ੍ਹਾਂ ਦੀ ਸਮਾਜਿਕ ਸਥਿਤੀ ਦੇ ਹਿਸਾਬ ਨਾਲ ਹਿੱਲਦੇ ਹਨ ਤੇ ਉਨ੍ਹਾਂ ਦਾ ਜੀਵਣ-ਢੰਗ ਜਿਵੇਂ ਸਦੀਆਂ ਤੋਂ ਮਿੱਥੀ ਕਿਸੇ ਲੀਹ 'ਤੇ ਬੇਰੋਕ ਤੁਰਿਆ ਜਾ ਰਿਹਾ ਹੈ।

ਅਜਿਹੀ ਬੇਹਰਕਤ ਸੁੰਨ ਵਿੱਚ ਜਦੋਂ ਉੱਚ-ਜਾਤੀ ਮਾਪਿਆਂ ਦੀ ਲਾਡਲੀ ਕੁੜੀ ਆਰਚੀ ਉਰਫ ਅਰਚਨਾ (ਰਿੰਕੂ ਰਾਜਗੁਰੂ) ਮੱਛਿਆਰਿਆਂ ਦੇ ਮੁੰਡੇ ਪਰਸ਼ੀਆ (ਆਕਾਸ਼ ਥੋਸਰ) 'ਤੇ ਮਰ ਮਿੱਟਦੀ ਹੈ ਤਾਂ ਅਚਾਨਕ ਸਮਾਜਿਕ ਹਿੰਸਾ ਦੀਆਂ ਸਾਰੀਆਂ ਪਰਤਾਂ ਇੱਕ-ਇੱਕ ਕਰਕੇ ਖੁੱਲ੍ਹਣ ਲੱਗਦੀਆਂ ਹਨ।

ਨਾਗਰਾਜ ਨੇ ਉਨ੍ਹਾਂ ਦੀ ਪਿਆਰ ਕਹਾਣੀ ਦੀ ਬੁਣਤੀ ਲਈ ਭਾਰਤੀ ਸਿਨੇਮਾ ਦੀਆਂ ਸਦਾਬਹਾਰ ਜੁਗਤਾਂ ਦਾ ਇਸਤੇਮਾਲ ਤਾਂ ਕੀਤਾ ਹੈ, ਪਰ ਕਹਾਣੀ ਨੂੰ ਉਹ ਆਪਣੀ ਨਾਇਕਾ ਆਰਚੀ ਦੀ ਦਲੇਰੀ ਦੇ ਸਿਰ 'ਤੇ ਪਾਰ ਲਗਾਉਂਦਾ ਹੈ। ਉਸ ਨੂੰ ਪਤਾ ਹੈ ਕਿ ਜਾਤ ਦੀ ਲੜਾਈ ਲੜਦੀਆਂ ਔਰਤਾਂ ਦੀ ਇੱਕ ਜੰਗ ਸਦਾ ਪਿੱਤਰਸੱਤਾ ਨਾਲ ਚਲਦੀ ਰਹਿੰਦੀ ਹੈ। ਉਹ ਆਪਣੀ ਨਾਇਕਾ ਨੂੰ ਸੋਚਣ ਲਈ ਸਪੇਸ ਵੀ ਦਿੰਦਾ ਹੈ ਤੇ ਉੱਡਣ ਲਈ ਅਸਮਾਨ ਵੀ ਦਿੰਦਾ ਹੈ। ਉਹ ਕੁੜੀ ਫ਼ਿਲਮ ਦੇ ਪਹਿਲੇ ਅੱਧ ਵਿੱਚ ਮੋਟਰਸਾਈਕਲ 'ਤੇ ਮਟਰਗਸ਼ਤੀ ਕਰਦੀ ਹੈ, ਟਰੈਕਟਰ 'ਤੇ ਆਪਣੇ ਖੇਤਾਂ ਦਾ ਗੇੜਾ ਕੱਢਦੀ ਹੈ, ਮੁੰਡਿਆਂ ਦੀਆਂ ਆਕੜਾਂ ਭੰਨਦੀ ਸਾਰੀ ਦੁਨੀਆਂ ਨੂੰ ਟਿੱਚ ਜਾਣਦੀ ਹੈ।ਅਜਿਹੀ ਹਾਲਤ ਵਿੱਚ ਪਰਸ਼ੀਆਂ ਨਾਲ ਪਿਆਰ ਪੈ ਜਾਣ ਤੋਂ ਬਾਅਦ ਉਸ ਲਈ ਉਪਰੋਕਤ ਸਾਰਾ ਰੋਅਬ ਬੇਮਾਅਨਾ ਹੋ ਜਾਂਦਾ ਹੈ।

ਨਾਗਰਾਜ ਪਿਆਰ ਤੇ ਜਾਤ ਦੀ ਸੰਵੇਦਨਸ਼ੀਲਤਾ ਨੂੰ ਬਾਰੀਕੀ ਨਾਲ ਫ਼ਿਲਮਾਉਂਦਾ ਹੈ। ਉਸ ਨੂੰ ਅਹਿਸਾਸ ਹੈ ਕਿ ਸਦੀਆਂ ਤੋਂ ਪਿਆਰ ਦੇ ਆਲੇ-ਦੁਆਲੇ ਮਿੱਥਾਂ ਤੇ ਭਰਮਾਂ ਦਾ ਅਜਿਹਾ ਜਾਲ ਹੈ ਕਿ ਇਸ ਦਾ ਅਨਭੁਵ ਹੀ ਬੰਦੇ ਨੂੰ ਅਸਲੀਅਤ ਦੀ ਸੋਝੀ ਕਰਵਾ ਸਕਦਾ ਹੈ।ਉਸ ਆਪਣੇ ਜੋੜੇ ਵਿੱਚ ਪਿਆਰ ਪਣਪਣ ਤੇ ਸਿਰੇ ਚੜ੍ਹਣ ਨੂੰ ਕਮਾਲ ਦੀ ਕਲਾਤਮਿਕਤਾ ਨਾਲ ਫ਼ਿਲਮਾਉਂਦਾ ਹੈ। ਉਨ੍ਹਾਂ ਦੀ ਕੁੱਟਮਾਰ ਹੁੰਦੀ ਹੈ, ਮਾਮਲਾ ਥਾਣੇ ਜਾਂਦਾ ਹੈ, ਗੋਲੀਆਂ ਵਰਸਦੀਆਂ ਹਨ।

ਇੱਥੇ ਆਰਚੀ ਦਾ ਕਿਰਦਾਰ ਭਾਰਤੀ ਫ਼ਿਲਮਾਂ ਦੀ ਇੱਕ ਅਜਿਹੀ ਅਮੋੜ ਨਾਇਕਾ ਦੇ ਰੂਪ ਵਿੱਚ ਉੱਭਰਦਾ ਹੈ ਜਿਸ ਲਈ ਪਰਸ਼ੀਆ ਉਸ ਦੇ ਹੀ ਵਜੂਦ ਦਾ ਹਿੱਸਾ ਹੈ ਤੇ ਉਹ ਉਸ ਨੂੰ ਬਚਾਉਣ ਲਈ ਕਿਸੇ ਵੀ ਹੱਦ ਤਕ ਜਾ ਸਕਦੀ ਹੈ। ਉਹ ਥਾਣੇਦਾਰ ਦੇ ਹੱਥੋਂ ਐੱਫ.ਆਈ.ਆਰ. ਦੀ ਕਾਪੀ ਲੈ ਕੇ ਪਾੜ੍ਹ ਦਿੰਦੀ ਹੈ ਜਿਹੜੀ ਕਿ ਉਸ ਦੇ ਨੇਤਾ ਪਿਤਾ ਨੇ ਪਰਸ਼ੀਆ ਅਤੇ ਉਸ ਦੇ ਦੋਸਤਾਂ ਖਿਲਾਫ ਆਰਚੀ ਦਾ ਸਮੂਹਿਕ ਬਲਾਤਕਾਰ ਕਰਨ ਬਾਰੇ ਲਿਖਵਾਈ ਹੁੰਦੀ ਹੈ। ਉਹ ਆਪਣੇ ਪਿਤਾ ਨੂੰ ਇਸ ਮਾੜੀ ਸੋਚ ਲਈ ਲਾਹਣਤਾਂ ਪਾਉਂਦੀ ਹੈ। ਉਸ ਨੂੰ ਇਹ ਸਮਝ ਵਿੱਚ ਨਹੀਂ ਆਉਂਦਾ ਕਿ ਉਸ ਨੇ ਪਰਸ਼ੀਆਂ ਨੂੰ ਪਿਆਰ ਕਰਕੇ ਅਜਿਹੀ ਕਿਹੜੀ ਗਲਤੀ ਕੀਤੀ ਹੈ ਜਿਸ ਦੀ ਸਜ਼ਾ ਉਨ੍ਹਾਂ ਨੂੰ ਦਿੱਤੀ ਜਾ ਰਹੀ ਹੈ।

ਇੱਥੇ ਉਸ ਦਾ ਕਿਰਦਾਰ ਅਜਿਹੇ ਨੌਜਵਾਨਾਂ ਦਾ ਪ੍ਰਤੀਨਿਧ ਕਰਦਾ ਹੈ ਜਿਨ੍ਹਾਂ ਦਾ ਬਚਪਨ ਤੇ ਅੱਲੜਪਣ ਇਹ ਸੁਣਦਿਆਂ ਲੰਘਦਾ ਹੈ ਕਿ ਪਿਆਰ ਤੋਂ ਪਵਿੱਤਰ ਕੋਈ ਸ਼ੈਅ ਨਹੀਂ ਜਾਂ ਪਿਆਰ ਹੀ ਜ਼ਿੰਦਗੀ ਦਾ ਆਧਾਰ ਹੈ ਪਰ ਜਦੋਂ ਉਨ੍ਹਾਂ ਦੀ ਜ਼ਿੰਦਗੀ ਵਿੱਚ ਉਸ ਖੂਬਸੂਰਤ ਮੋੜ ਦੀ ਦਸਤਕ ਹੁੰਦੀ ਹੈ ਤਾਂ ਸਮਾਜ ਉਨ੍ਹਾਂ ਨੂੰ ਆਪਣੀ ਚੋਣ ਇੱਕ ਖਾਸ ਜਾਤ, ਧਰਮ, ਤਬਕੇ, ਲਿੰਗ, ਮੁਲਕ ਤਕ ਸੀਮਿਤ ਕਰਨ ਲਈ ਮਜਬੂਰ ਕਰਦਾ ਹੈ।

ਨਾਗਰਾਜ ਨਵੇਂ ਭਾਰਤ ਦੀ ਅਜਿਹੀ ਪੀੜ੍ਹੀ ਦੀ ਨਿਸ਼ਾਨਦੇਹੀ ਕਰਦਾ ਹੈ ਜਿਹੜੀ ਸਮਾਂ ਵਿਹਾ ਚੁੱਕੀਆਂ ਰੂੜ੍ਹੀਆਂ ਅਤੇ ਭਾਰਤੀ 'ਮਹਾਨਤਾ' ਦੇ ਸੰਕਲਪ ਕਾਰਨ ਅਜਿਹੀ ਘੁੰਮਣਘੇਰੀ ਵਿੱਚ ਫਸੀ ਹੋਈ ਹੈ ਕਿ ਉਸ ਦੀ ਜ਼ਿੰਦਗੀ ਦੇ ਸਭ ਤੋਂ ਉਪਜਾਊ ਸਾਲ ਇਸ ਚੱਕਰਵਿਊ ਵਿੱਚੋਂ ਨਿਕਲਣ ਵਿੱਚ ਖਰਚ ਹੋ ਜਾਂਦੇ ਹਨ। ਇਸ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਬਹੁਤ ਵਾਰ ਇਹ ਨੌਜਵਾਨ ਇਸ ਵਿਰੁੱਧ ਲੜਦਿਆਂ ਇਸੇ ਵਿਵਸਥਾ ਦਾ ਹਿੱਸਾ ਬਣ ਜਾਂਦੇ ਹਨ।

ਨਾਗਰਾਜ ਫ਼ਿਲਮ ਵਿੱਚ 'ਇਸ ਹਿੱਸਾ ਬਣਨ' ਦੀਆਂ ਬਾਰੀਕੀਆਂ ਨੂੰ ਸ਼ੰਵੇਦਨਸ਼ੀਲ ਢੰਗ ਨਾਲ ਫੜਦਾ ਹੈ। ਆਰਚੀ ਦਾ ਭਰਾ ਪ੍ਰਿੰਸ ਕਿਵੇਂ ਦਿਨਾਂ ਵਿੱਚ ਹੀ ਆਪਣੇ ਪਿਓ-ਦਾਦਾ ਵਾਲੀ ਬੇਕਿਰਕੀ ਤੇ ਘੁਮੰਡ ਨੂੰ ਅਪਣਾਉਂਦਾ ਹੈ, ਇਸ ਦੀ ਝਲਕ ਉਸ ਦੁਆਰਾ ਆਪਣੇ ਸਕੂਲ ਅਧਿਆਪਕ ਨੂੰ ਥੱਪੜ ਮਾਰਨ ਤੋਂ ਮਿਲਦੀ ਹੈ ਜਦੋਂ ਉਹ ਇਸ ਘਟਨਾ ਦਾ ਪਛਤਾਵਾ ਕਰਨ ਦੀ ਬਜਾਏ ਆਪਣੇ ਪਿਤਾ ਨੂੰ ਉਸ ਅਧਿਆਪਕ ਨੂੰ ਸਖਤ ਸਜ਼ਾ ਦੇਣ ਲਈ ਕਹਿੰਦਾ ਹੈ। ਦੂਜੇ ਪਾਸੇ ਸਕੂਲ ਜਾਂ ਕਾਲਜ ਇੱਕੋ-ਇੱਕ ਅਜਿਹੀ ਉਮੀਦ ਭਰੀ ਜਗ੍ਹਾ ਹੈ ਜਿੱਥੇ ਜਮਹੂਰੀ ਕਦਰਾਂ-ਕੀਮਤਾਂ ਦੇ ਪਸਾਰੇ ਰਾਹੀਂ ਬੱਚਿਆਂ ਨੂੰ ਇਸ ਦਲਦਲ ਵਿੱਚੋਂ ਕੱਢਿਆ ਜਾ ਸਕਦਾ ਹੈ। ਨਾਗਰਾਜ ਇਨ੍ਹਾਂ ਥਾਵਾਂ 'ਤੇ ਪਣਪੇ ਰਿਸ਼ਤਿਆਂ ਨੂੰ ਮਨੁੱਖੀ ਜ਼ਿੰਦਗੀ ਦਾ ਹਾਸਿਲ ਤੇ ਭਵਿੱਖ ਦੀ ਉਮੀਦ ਦੱਸਦਾ ਹੈ।

ਨਾਗਰਾਜ ਦੀ ਫ਼ਿਲਮ ਦੀ ਵਿਆਕਰਣ ਭਾਰਤੀ ਸਿਨੇਮਾ ਦੇ 'ਰਾਜਾ-ਰਾਣੀ ਦੇ ਮਿਲਣ ਤੋਂ ਬਾਅਦ ਪਰਜਾ ਦੇ ਸੁਖੀ ਵੱਸਣ' ਦੀ ਧਾਰਨਾ ਤੋਂ ਅੱਗੇ ਦੀ ਕਹਾਣੀ ਹੈ। ਪਾਪੂਲਰ ਸਿਨੇਮਾ ਵਿੱਚ ਹੀਰੋ-ਹੀਰੋਇਨ ਦੇ ਮਿਲਣ ਤੋਂ ਬਾਅਦ ਫ਼ਿਲਮ ਖਤਮ ਹੋ ਜਾਂਦੀ ਹੈ। ਆਰਚੀ ਤੇ ਪਰਸ਼ੀਆ ਦੇ ਪਿਆਰ ਦੀ ਅਸਲ ਪਰਖ ਇੱਥੋਂ ਸ਼ੁਰੂ ਹੁੰਦੀ ਹੈ। ਇੱਥੋਂ ਨਾਗਰਾਜ ਪਿਆਰ ਦੀਆਂ ਜ਼ਮੀਨੀ ਹਕੀਕਤਾਂ ਉੱਪਰ ਕੈਮਰਾ ਫੋਕਸ ਕਰਦਾ ਹੈ। ਆਰਚੀ ਅਤੇ ਪਰਸ਼ੀਆ ਬੇਘਰੀ, ਬੇਯਕੀਨੀ ਅਤੇ ਬੇਰੁਜ਼ਗਾਰੀ ਦੇ ਨਾਲ-ਨਾਲ ਇੱਕ-ਦੂਜੇ ਬਾਰੇ ਬੇਭਰੋਸਗੀ ਤੇ ਬੇਚੈਨੀ ਨਾਲ ਕਿਵੇਂ ਲੜਦੇ ਹਨ, ਇਸ ਦਾ ਮਾਰਮਿਕ ਚਿੱਤਰ ਨਾਗਰਾਜ ਆਪਣੀ ਫ਼ਿਲਮ ਵਿੱਚ ਖਿੱਚਦਾ ਹੈ। ਉਨ੍ਹਾਂ ਵਿਚਲਾ ਪਿਆਰ ਕਿਵੇਂ ਸਮਾਂ ਪੈ ਕੇ ਜ਼ਿੰਮੇਵਾਰੀ ਅਤੇ ਸਨਮਾਨ ਵਿੱਚ ਵੱਟਦਾ ਹੈ, ਇਸ ਨੂੰ ਫ਼ਿਲਮ ਦੇ ਆਖਰੀ ਦ੍ਰਿਸ਼ ਤਕ ਮਾਣਿਆ ਜਾ ਸਕਦਾ ਹੈ।

ਇਹ ਫ਼ਿਲਮ ਭਾਰਤੀ ਸਿਨੇਮਾ ਵਿੱਚ ਜਾਤ ਬਾਰੇ ਬਣੀਆਂ ਪਹਿਲੀਆਂ ਫ਼ਿਲਮਾਂ ਨਾਲੋਂ ਇਸ ਲਈ ਵੀ ਵੱਖਰੀ ਹੈ ਕਿ ਇਸ ਰਾਹੀਂ ਦਲਿਤ ਕਹੇ ਜਾਣ ਵਾਲਿਆਂ ਦੀ ਕਲਾਤਮਿਕ ਸੂਝ-ਬੂਝ ਬਾਰੇ ਸੰਵਾਦ ਦਾ ਨਵਾਂ ਦਰ ਖੁੱਲ੍ਹਦਾ ਹੈ। ਹੁਣ ਤਕ ਜ਼ਿਆਦਾਤਰ ਉੱਚ-ਜਾਤ ਦੁਆਰਾ ਸਿਰਜੀ ਤੇ ਮੰਨਵਾਈ ਸਿਨੇਮਈ ਕਲਾ ਦੇ ਵਿਹੜੇ ਵਿੱਚ 'ਸੈਰਾਟ' ਦਾ ਛਣਕਾਟਾ ਚਿਰਾਂ ਤਕ ਪੈਂਦਾ ਰਹੇਗਾ। ਨਾਗਰਾਜ ਨੂੰ ਭਵਿੱਖ ਵਿੱਚ ਅਜਿਹੇ ਸਿਨੇਮਾ ਰਚਣ ਲਈ ਵੀ ਯਾਦ ਕੀਤਾ ਜਾਵੇਗਾ ਜੋ ਕਲਾ ਅਤੇ ਸੁਹਜ ਦੇ ਮਿਆਰਾਂ 'ਤੇ ਵੀ ਪੂਰਾ ਉੱਤਰਿਆ ਹੈ ਤੇ ਜਿਸ ਨੇ ਮਣਾਂ-ਮੂੰਹੀ ਕਮਾਈ ਵੀ ਕੀਤੀ ਹੈ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________
[home] 1-2 of 2


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਫ਼ਿਲਮ ਕੋਨਾ
ਅਣਦਿਸਦੇ ਸਮਾਜਿਕ ਘੇਰਿਆਂ ਦੀ ਹਿੰਸਾ ਨੂੰ ਦਰਸਾਉਂਦੀ ਫ਼ਿਲਮ: ਦਸਤਕ
07.07.18 - ਕੁਲਦੀਪ ਕੌਰ
ਅਣਦਿਸਦੇ ਸਮਾਜਿਕ ਘੇਰਿਆਂ ਦੀ ਹਿੰਸਾ ਨੂੰ ਦਰਸਾਉਂਦੀ ਫ਼ਿਲਮ: ਦਸਤਕਰਾਜਿੰਦਰ ਸਿੰਘ ਬੇਦੀ ਦੁਆਰਾ ਨਿਰਦੇਸ਼ਤ ਫ਼ਿਲਮ 'ਦਸਤਕ' ਮੁੱਖ ਰੂਪ ਵਿੱਚ ਮਦਨ ਮੋਹਨ ਦੀਆਂ ਧੁਨਾਂ ਕਰਕੇ ਜਾਣੀ ਜਾਂਦੀ ਹੈ। 1970 ਵਿੱਚ ਬਣੀ ਇਹ ਫ਼ਿਲਮ ਉਸ ਸਮੇਂ ਰਿਲੀਜ਼ ਹੋਈ ਜਦੋਂ ਰਾਜ਼ੇਸ ਖੰਨਾ ਦਾ ਸਟਾਰਡਮ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਸੀ। ਇਸ ਫ਼ਿਲਮ ਦੇ ਗਾਣਿਆਂ ਦੇ ਬੋਲ ਵੀ ਉਸ ਦੌਰ ਦੀਆਂ ਫ਼ਿਲਮਾਂ ਨਾਲੋਂ ਵੱਖਰੇ ਸਨ। 'ਬਹੀਆ ਨਾ ਧਰੋ, ਬਾਲਮਾ' ਅਤੇ 'ਮੈਂ ਕਾਸੇ ਕਹੂੰ' ਵਰਗੇ ਕਲਾਸਿਕ ਹਿੰਦੀ ਗਾਣਿਆਂ ਨੇ ਫ਼ਿਲਮ ਦੀ ਉਰਦੂ ਪਟਕਥਾ ਵਿੱਚ ਵੱਖਰਾ ਹੀ ਰੰਗ ਭਰ ਦਿੱਤਾ।

ਫ਼ਿਲਮ 'ਦਸਤਕ' ਰਾਜਿੰਦਰ ਸਿੰਘ ਬੇਦੀ ਦੇ ਉਰਦੂ ਡਰਾਮੇ 'ਨਕਲ-ਏ-ਮਕਾਨੀ' 'ਤੇ ਅਧਾਰਿਤ ਸੀ। ਇਹ ਡਰਾਮਾ ਲਾਹੌਰ ਦੇ ਅਦਬੀ ਹਲਕਿਆਂ ਵਿੱਚ ਪਹਿਲਾਂ ਹੀ ਕਾਫੀ ਮਕਬੂਲ ਹੋ ਚੁੱਕਾ ਸੀ। ਇਸ ਫ਼ਿਲਮ ਨੂੰ ਬਣਾਉਣ ਤੋਂ ਪਹਿਲਾਂ ਬੇਦੀ ਵੀ ਸੰਵਾਦ ਅਤੇ ਪਟਕਥਾ ਲੇਖਣ ਵਿੱਚ ਨਾਮ ਕਮਾ ਚੁੱਕੇ ਸਨ। ਇਸ ਫ਼ਿਲਮ ਦੀ ਕਹਾਣੀ ਵਿੱਚ ਗੁੰਝਲਦਾਰ ਮਨੋਵਿਗਿਆਨਕ ਪਰਤਾਂ ਦੀ ਮੌਜੂਦਗੀ ਕਾਰਨ ਬੇਦੀ ਨੂੰ ਜਾਪਦਾ ਸੀ ਕਿ ਸ਼ਾਇਦ ਹੋਰ ਕੋਈ ਨਿਰਦੇਸ਼ਕ ਇਸ ਕਹਾਣੀ ਨਾਲ ਨਿਆਂ ਨਾ ਕਰ ਸਕੇ। ਬੇਦੀ ਕਹਾਣੀ ਲਿਖਣ ਦੇ ਤਾਂ ਮਾਹਿਰ ਸਨ ਪਰ 'ਫ਼ਿਲਮ ਕਹਾਣੀ ਫ਼ਿਲਮਾਉਣ ਦੀ ਕਲਾ' ਦੇ ਸਿਖਾਂਦਰੂ ਸਾਬਿਤ ਹੋਏ। ਉਨ੍ਹਾਂ ਨੇ ਫ਼ਿਲਮ ਵਿੱਚ ਪ੍ਰਤੀਕਾਂ, ਚਿੰਨ੍ਹਾਂ ਅਤੇ ਸੰਕੇਤਾਂ ਦੀ ਝੜੀ ਲਾ ਦਿੱਤੀ। ਫ਼ਿਲਮ ਦੀ ਰਿਲੀਜ਼ ਤੋਂ ਬਾਅਦ ਬਹੁਤ ਸਾਰੇ ਖੱਪੇ ਨਜ਼ਰ ਆਉਣੇ ਸ਼ੁਰੂ ਹੋਏ, ਜਿਨ੍ਹਾਂ ਨੇ ਫ਼ਿਲਮ ਨੂੰ ਦਰਸ਼ਕਾਂ ਤੋਂ ਮਹਿਰੂਮ ਕਰ ਦਿੱਤਾ।

ਫ਼ਿਲਮ 'ਦਸਤਕ' ਦੀ ਕਹਾਣੀ ਅਨੁਸਾਰ ਇੱਕ ਨਿਮਨ ਮੱਧ-ਵਰਗੀ ਮੁਸਲਿਮ ਨਵ-ਵਿਆਹਿਆ ਜੋੜਾ ਹਾਮਿਦ (ਸੰਜੀਵ ਕੁਮਾਰ) ਅਤੇ ਸਲਮਾ (ਰੇਹੀਨਾ ਸਲਤਾਨ) ਬੰਬਈ ਵਿੱਚ ਮਕਾਨ ਦੀ ਤਲਾਸ਼ ਕਰ ਰਿਹਾ ਹੈ। ਉਨ੍ਹਾਂ ਦਾ ਇੱਕ ਜਾਣਕਾਰ ਪਾਨ ਵੇਚਣ ਵਾਲਾ ਅਖਤਰ (ਅਨਵਰ ਹੁਸੈਨ) ਉਨ੍ਹਾਂ ਨੂੰ ਇੱਕ ਸਸਤੇ ਮਕਾਨ ਦੀ ਦੱਸ ਪਾਉਂਦਾ ਹੈ। ਉਹ ਹੋਰ ਖੱਜਲ-ਖੁਆਰੀ ਤੋਂ ਬੱਚਣ ਲਈ ਝੱਟ ਹਾਂ ਬੋਲ ਦਿੰਦੇ ਹਨ। ਉਹ ਉਸ ਮਕਾਨ ਵਿੱਚ ਰਹਿਣ ਲੱਗਦੇ ਹਨ ਪਰ ਛੇਤੀ ਹੀ ਉਨ੍ਹਾਂ ਨੂੰ ਇਸ ਮਕਾਨ ਦੇ ਸਸਤੇ ਹੋਣ ਦਾ ਰਾਜ਼ ਸਮਝ ਵਿੱਚ ਆ ਜਾਂਦਾ ਹੈ। ਉਨ੍ਹਾਂ ਨੂੰ ਪਤਾ ਚੱਲਦਾ ਹੈ ਕਿ ਇਸ ਮਕਾਨ ਵਿੱਚ ਉਨ੍ਹਾਂ ਤੋਂ ਪਹਿਲਾਂ ਇੱਕ ਕੋਠੇ ਵਾਲੀ ਸ਼ਮਸ਼ਾਦ (ਸ਼ਕੀਲਾ ਬਾਨੋ ਭਪਾਲੀ) ਰਹਿੰਦੀ ਸੀ।

ਹਾਮਿਦ ਤੇ ਸਲਮਾ ਦੀ ਜ਼ਿੰਦਗੀ ਵਿੱਚ ਨਵਾਂ ਮੋੜ ਉਦੋਂ ਆਉਂਦਾ ਹੈ ਜਦੋਂ ਸ਼ਮਸ਼ਾਦ ਦੇ ਪੁਰਾਣੇ ਗਾਹਕ ਅੱਧੀ-ਅੱਧੀ ਰਾਤ ਨੂੰ ਆ ਕੇ ਉਨ੍ਹਾਂ ਦੇ ਘਰ ਦਾ ਦਰਵਾਜ਼ਾ ਭੰਨਦੇ ਹਨ ਅਤੇ ਜੋੜੇ ਦੀ ਨਿੱਜੀ ਜ਼ਿੰਦਗੀ ਨੂੰ ਸਰਵਜਨਕ ਦੰਦਕਥਾ ਦਾ ਹਿੱਸਾ ਬਣਾ ਦਿੰਦੇ ਹਨ। ਇਸ ਦੰਦਕਥਾ ਦੇ ਦੰਦ ਇੰਨੇ ਤਿੱਖੇ ਹਨ ਕਿ ਇਹ ਜੋੜੇ ਦੇ ਆਪਸੀ ਰਿਸ਼ਤੇ 'ਤੇ ਅਸਰ-ਅੰਦਾਜ਼ ਹੋਣੇ ਸ਼ੁਰੂ ਹੋ ਜਾਂਦੇ ਹਨ।

ਇਸ ਕਲੇਸ਼ ਦਾ ਮੁੱਢਲਾ ਕਾਰਨ ਭਾਵੇਂ ਉਨ੍ਹਾਂ ਦੀ ਮਾੜੀ ਆਰਥਿਕਤਾ ਹੈ, ਪਰ ਮੁਹੱਲੇ ਵਾਲਿਆਂ ਦਾ ਵਾਰ-ਵਾਰ ਉਨ੍ਹਾਂ ਨੂੰ ਪਤੀ-ਪਤਨੀ ਦੀ ਬਜਾਏ ਦਲਾਲ-ਵੇਸਵਾ ਸਮਝਣ ਦੀ ਗਲਤੀ ਉਨ੍ਹਾਂ ਨੂੰ ਅੰਦਰ ਤਕ ਝੰਜੋੜ ਦਿੰਦੀ ਹੈ। ਉਹ ਰਿਸ਼ਤੇ ਨੂੰ ਸਾਬਿਤ ਕਰਨ ਦੀ ਹੋੜ ਵਿੱਚ ਲੱਗ ਜਾਂਦੇ ਹਨ ਪਰ ਅਸਫਲ ਰਹਿੰਦੇ ਹਨ। ਸਲਮਾ ਦਾ ਤਾਨਪੁਰਾ ਵਜਾਉਣ ਦਾ ਹੁਨਰ ਇਸ ਅੱਗ ਉੱਤੇ ਘੀ ਪਾਉਣ ਦਾ ਕੰਮ ਕਰਦਾ ਹੈ। ਉਨ੍ਹਾਂ ਦੀ ਜ਼ਿੰਦਗੀ ਬਿਨਾਂ ਜੇਲ੍ਹ ਦੇ ਕੈਦੀ ਵਾਂਗ ਹੋ ਜਾਂਦੀ ਹੈ।

ਆਖਿਰ ਉਨ੍ਹਾਂ ਦੀ ਜ਼ਿੰਦਗੀ ਵਿੱਚ ਇੱਕ ਦਿਨ ਅਜਿਹਾ ਵੀ ਆਉਂਦਾ ਹੈ ਜਦੋਂ ਸਲਮਾ ਪੈਸਿਆਂ ਦੀ ਡਾਢੀ ਤੋਟ ਕਾਰਨ ਸ਼ਮਸ਼ਾਦ ਦੇ ਇੱਕ ਪੁਰਾਣੇ ਗਾਹਕ ਨੂੰ ਤਾਨਪੁਰਾ ਸੁਣਾਉਂਦੀ ਹੈ। ਹਾਮਿਦ ਗੁੱਸੇ ਨਾਲ ਅੱਗ-ਬਬੂਲਾ ਹੋ ਕੇ ਉਨ੍ਹਾਂ ਦੋਵਾਂ ਨੂੰ ਚਾਕੂ ਨਾਲ ਮਾਰਨ ਦੀ ਕੋਸ਼ਿਸ਼ ਕਰਦਾ ਹੈ। ਅਚਾਨਕ ਉਹ ਇਹ ਸੁਣ ਕੇ ਸੁੰਨ ਹੋ ਜਾਂਦਾ ਹੈ ਕਿ ਸਲਮਾ ਮਾਂ ਬਣਨ ਵਾਲੀ ਹੈ। ਉਸ ਨੂੰ ਮਹਿਸੂਸ ਹੁੰਦਾ ਹੈ ਕਿ ਉਹ ਸਲਮਾ ਨਾਲ ਕਿੰਨੀ ਜ਼ਿਆਦਤੀ ਕਰਨ ਜਾ ਰਿਹਾ ਸੀ ਜਦਕਿ ਉਹ ਤਾਂ ਉਸ ਦੀ ਮੁਸੀਬਤ ਨੂੰ ਘੱਟ ਕਰਨ ਦਾ ਤਰਦੱਦ ਕਰ ਰਹੀ ਸੀ।

ਇਸ ਤਰ੍ਹਾਂ ਇਹ ਫ਼ਿਲਮ ਉਨ੍ਹਾਂ ਅਣਦਿਸਦੇ ਸਮਾਜਿਕ ਘੇਰਿਆਂ ਦੀ ਨਿਸ਼ਾਨਦੇਹੀ ਕਰਦੀ ਹੈ ਜਿਹੜੇ ਅਚੇਤ-ਸੁਚੇਤ ਰੂਪ ਵਿੱਚ ਇਨਸਾਨ ਦੀ ਹੋਂਦ ਨੂੰ ਅਣਚਾਹੀਆਂ ਬੇੜੀਆਂ ਅਤੇ ਭੁਲੇਖਿਆਂ ਵਿੱਚ ਜਕੜੀ ਰੱਖਦੇ ਹਨ।

ਇਸ ਫ਼ਿਲਮ ਵਿੱਚ ਮੁੱਖ ਭੂਮਿਕਾਵਾਂ ਸੰਜੀਵ ਕੁਮਾਰ, ਰੇਹਾਨਾ ਸੁਲਤਾਨ, ਅੰਜੂ ਮਹਿੰਦਰੂ, ਅਨਵਰ ਹੁਸੈਨ ਅਤੇ ਸ਼ਕੀਲਾ ਬਾਨੋ ਭੁਪਾਲੀ ਨੇ ਨਿਭਾਈਆਂ ਸਨ। ਇਸ ਫ਼ਿਲਮ ਦੇ ਬਣਨ ਤਕ ਸੰਜੀਵ ਕੁਮਾਰ ਤਾਂ ਜਾਣੇ-ਮਾਣੇ ਅਦਾਕਾਰ ਵਜੋਂ ਸਥਾਪਿਤ ਹੋ ਚੁੱਕੇ ਸਨ, ਪਰ ਰੇਹਾਨਾ ਸੁਲਤਾਨ ਦੀ ਇਹ ਪਹਿਲੀ ਫ਼ਿਲਮ ਸੀ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________
[home] 1-2 of 2


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER