ਮਨੋਰੰਜਨ

Monthly Archives: JULY 2017


ਭਾਰਤੀ ਸਿਨੇਮਾ ਵਿੱਚ ਇੱਕ ਮੀਲ ਪੱਥਰ
ਖਾਸ ਜ਼ਰੂਰਤਾਂ ਵਾਲੇ ਵਰਗ ਨੂੰ ਜ਼ਬਾਨ ਦਿੰਦੀ ਫਿਲਮ: 'ਕੋਸ਼ਿਸ਼'
24.07.17 - ਕੁਲਦੀਪ ਕੌਰ
ਖਾਸ ਜ਼ਰੂਰਤਾਂ ਵਾਲੇ ਵਰਗ ਨੂੰ ਜ਼ਬਾਨ ਦਿੰਦੀ ਫਿਲਮ: 'ਕੋਸ਼ਿਸ਼'ਸਾਲ 1972 ਵਿੱਚ ਆਈ ਫਿਲਮ 'ਕੋਸ਼ਿਸ਼' ਕਈ ਪੱਖਾਂ ਤੋਂ ਮਹੱਤਵਪੂਰਨ ਫਿਲਮ ਹੈ। ਇਹ ਫਿਲਮ ਮੁੱਖ ਰੂਪ ਵਿੱਚ ਸੰਜੀਵ ਕੁਮਾਰ ਅਤੇ ਜਯਾ ਭਾਦੁੜੀ ਦੀਆਂ ਭੂਮਿਕਾਵਾਂ ਲਈ ਜਾਣੀ ਜਾਂਦੀ ਹੈ ਪਰ ਫਿਲਮ ਆਪਣੇ ਨਿਵੇਕਲੇ ਵਿਸ਼ੇ ਅਤੇ ਸਮਾਜਿਕ ਸੁਨੇਹੇ ਦੇ ਕਾਰਨ ਭਾਰਤੀ ਸਿਨੇਮਾ ਵਿੱਚ ਇੱਕ ਮੀਲ ਪੱਥਰ ਦੀ ਨਿਆਂਈ ਹੈ। ਇਸ ਫਿਲਮ ਦੇ ਮੁੱਖ ਕਿਰਦਾਰ ਹਰੀਚਰਨ (ਸੰਜੀਵ ਕੁਮਾਰ) ਅਤੇ ਆਰਤੀ (ਜਯਾ ਭਾਦੁੜੀ) ਸੁਣ ਅਤੇ ਬੋਲ ਨਹੀਂ ਸਕਦੇ ਪਰ ਉਹ ਆਪਣੀ ਜ਼ਿੰਦਗੀ ਨੂੰ ਇਸ ਨਿੱਕੇ ਕਾਰਨ ਕਰਕੇ ਦੁਨੀਆ ਦੀ ਮੁਹਤਾਜ ਨਹੀਂ ਹੋਣ ਦਿੰਦੇ।

ਭਾਰਤੀ ਸਿਨੇਮਾ ਵਿੱਚ ਅਜਿਹੀਆਂ ਫਿਲਮਾਂ ਦੀ ਗਿਣਤੀ ਬਹੁਤ ਘੱਟ ਹੈ ਜਿਨ੍ਹਾਂ ਵਿੱਚ ਸਰੀਰਕ ਭਿੰਨਤਾ ਨਾਲ ਜੁੜੀਆਂ ਹੋਈਆਂ ਧਾਰਨਾਵਾਂ ਤੇ ਜ਼ਰੂਰਤਾਂ ਸਬੰਧੀ ਸਾਰਥਿਕ ਢੰਗ ਨਾਲ ਸਮਾਜਿਕ ਸੰਵਾਦ ਦੀ ਸੰਭਾਵਨਾ ਲੱਭਣ ਦੀ ਕੋਸ਼ਿਸ਼ ਕੀਤੀ ਗਈ ਹੋਵੇ। ਇਸ ਵਰਗ ਦੀ ਪਹਿਲੀ ਜ਼ਰੂਰਤ ਸਮਾਜਿਕ ਢਾਂਚੇ ਦੁਆਰਾ ਇਨ੍ਹਾਂ ਨੂੰ ਜਿਉਂ ਦਾ ਤਿਉਂ ਸਵੀਕਾਰ ਕਰਨ ਨਾਲ ਜੁੜੀ ਹੋਈ ਹੈ। ਪਰ ਇਸ ਸਵੀਕਾਰ ਵਿੱਚੋਂ ਤਰਸ ਦਾ ਮਨਫੀ ਹੋਣਾ ਜ਼ਰੂਰੀ ਹੈ ਜੋ ਉਨ੍ਹਾਂ ਦੀ ਮਾਨਸਿਕ ਬਹਾਲੀ ਲਈ ਪਹਿਲੀ ਸ਼ਰਤ ਹੈ।

ਭਾਰਤੀ ਸਿਨੇਮਾ ਫਿਲਮ 'ਦੋਸਤੀ' (1964) ਵਿੱਚ ਸਮਾਜਿਕ ਘੇਰਿਆਂ ਨਾਲ ਇਸ ਵਰਗ ਦੇ ਟਕਰਾਉ ਨੂੰ ਦੋ ਨਜ਼ਰ ਵਿਹੂਣੇ ਦੋਸਤਾਂ ਦੀ ਕਹਾਣੀ ਰਾਹੀਂ ਫਿਲਮਾਇਆ ਗਿਆ। ਇਸ ਕਹਾਣੀ ਨੂੰ ਪੇਸ਼ ਕਰਨ ਦਾ ਢੰਗ ਮੂਲ ਰੂਪ ਵਿੱਚ ਇਸ ਵਰਗ ਨਾਲ ਹੁੰਦੇ ਸਮਾਜਿਕ ਭੇਦਭਾਵ ਨੂੰ ਦਰਸਾਉਣਾ ਸੀ। ਫਿਲਮ ਦਾ ਮੁੱਖ ਕਿਰਦਾਰ ਮੋਹਨ ਜਦੋਂ ਕੰਮ ਦੀ ਤਲਾਸ਼ ਵਿੱਚ ਜਾਂਦਾ ਹੈ ਤਾਂ ਉਸ ਨੂੰ ਕਿਹਾ ਜਾਂਦਾ ਹੈ, 'ਅਰੇ ਤੁਮ ਕਿਆ ਕਰ ਸਕਤੇ ਹੋ?' ਰੋਜ਼ਗਾਰ ਦੀ ਭਾਲ ਹੱਥੋਂ ਬੇਬੱਸ ਅਖੀਰ ਦੋਵਾਂ ਭਰਾਵਾਂ ਨੂੰ ਢਿੱਡ ਭਰਨ ਲਈ ਭੀਖ ਮੰਗਣੀ ਪੈਂਦੀ ਹੈ।

ਪਰ ਗੁਲਜ਼ਾਰ ਦੇ ਹੱਥਾਂ ਵਿੱਚ ਇਹ ਵਿਸ਼ਾ ਲੋੜੀਂਦੀ ਸੰਵੇਦਨਸ਼ੀਲਤਾ ਧਾਰਨ ਕਰਦਾ ਹੈ। ਗੁਲਜ਼ਾਰ ਆਪਣੇ ਕਿਰਦਾਰਾਂ ਨੂੰ ਆਪਣੇ ਆਪ ਨੂੰ ਭਰਿਆ-ਪੂਰਿਆ ਦੱਸਦੀ ਦੁਨੀਆ ਨਾਲੋਂ ਕੱਦਾਵਰ ਸਿਰਜਦਾ ਹੈ। ਇਹ ਗੁਲਜ਼ਾਰ ਦਾ ਹੀ ਜਾਦੂ ਹੈ ਕਿ ਉਹ ਇੱਕ ਅੱਖਾਂ ਵਿਹੂਣੇ ਕਿਰਦਾਰ ਦੀ ਸਮੁੰਦਰ ਅਤੇ ਸੂਰਜ ਬਾਰੇ ਗੱਲਬਾਤ ਉਨ੍ਹਾਂ ਕਿਰਦਾਰਾਂ ਨਾਲ ਕਰਵਾਉਂਦਾ ਹੈ ਜਿਹੜੇ ਨਾ ਸੁਣ ਸਕਦੇ ਹਨ ਤੇ ਨਾ ਬੋਲ ਸਕਦੇ ਹਨ। ਇਹ ਪਾਤਰ ਜ਼ਿੰਦਗੀ ਨੂੰ ਨਾਪ-ਕੱਟ ਕੇ ਆਪਣੇ ਹਾਣ ਦੀ ਕਰ ਲੈਂਦੇ ਹਨ। ਨਾਪਣ ਤੇ ਕੱਟਣ ਦੀ ਇਸ ਕੋਸ਼ਿਸ਼ ਵਿੱਚ ਉਹ ਆਪਣੇ ਬਾਰੇ ਪ੍ਰਚੱਲਿਤ ਇਤਿਹਾਸਕ ਤੇ ਮਿਥਿਹਾਸਕ ਧਾਰਨਾਵਾਂ ਨੂੰ ਰੱਦ ਕਰਦੇ ਹਨ ਅਤੇ ਦਰਸ਼ਕਾਂ ਨੂੰ ਆਪਣੇ ਸਰੋਕਾਰਾਂ ਬਾਰੇ ਦੁਬਾਰਾ ਤੋਂ ਸੋਚਣ ਲਈ ਮਜਬੂਰ ਕਰਦੇ ਹਨ।

ਫਿਲਮ ਵਿੱਚ ਹਰੀਚਰਨ ਅਤੇ ਆਰਤੀ ਦੇ ਰਿਸ਼ਤੇ ਦੇ ਪਣਪਨ ਵਿੱਚ ਫਿਲਮ ਦਾ ਮੁੱਖ ਤਰਕ ਪਿਆ ਹੈ। ਇਹ ਰਿਸ਼ਤਾ ਇੱਕ-ਦੂਜੇ ਦੇ ਜਜ਼ਬਾਤਾਂ ਦੀ ਕਦਰ ਦੇ ਆਧਾਰ 'ਤੇ ਬਣਦਾ ਹੈ ਜਿਸ ਵਿੱਚ ਆਪਸੀ ਸਮਝਦਾਰੀ ਦਾ ਤੱਤ ਸੀਮਿੰਟ ਦਾ ਕੰਮ ਕਰਦਾ ਹੈ। ਪਹਿਲੇ ਬੱਚੇ ਦਾ ਜਨਮ ਖੁਸ਼ੀ ਦੇ ਨਾਲ-ਨਾਲ ਡਰ ਲੈ ਕੇ ਆਉਂਦਾ ਹੈ। ਜੇਕਰ ਬੱਚਾ ਵੀ ਉਨ੍ਹਾਂ ਵਾਂਗ ਹੀ ਬੋਲ ਨਾ ਸਕਿਆ ਜਾਂ ਸੁਣ ਨਾ ਸਕਿਆ। ਫਿਲਮ ਦਾ ਉਹ ਖਾਸ ਦ੍ਰਿਸ਼ ਵਰਣਨਯੋਗ ਹੈ ਜਦੋਂ ਦੰਪਤੀ ਬੱਚੇ ਨੂੰ ਛੁਣਛਣਾ ਸੁਣਾਉਂਦੇ ਹਨ ਅਤੇ ਉਸ ਦਾ ਕੋਈ ਜਵਾਬ ਨਾ ਦੇਖ ਕੇ ਬੇਹੱਦ ਪਰੇਸ਼ਾਨ ਹੋ ਉੱਠਦੇ ਹਨ। ਇਸ ਦ੍ਰਿਸ਼ ਨੂੰ ਜਿੰਨੀ ਸੁਭਾਵਿਕਤਾ ਨਾਲ ਸੰਜੀਵ ਕੁਮਾਰ ਨੇ ਨਿਭਾਇਆ, ਉਸ ਨੇ ਸੰਜੀਵ ਕੁਮਾਰ ਨੂੰ ਭਾਰਤੀ ਸਿਨੇਮਾ ਦਾ ਬਿਹਰਤਰੀਨ ਅਭਿਨੇਤਾ ਸਾਬਿਤ ਕਰ ਦਿੱਤਾ।

ਫਿਲਮ ਵਿੱਚ ਇਸ ਦੰਪਤੀ ਦੇ ਪਹਿਲੇ ਬੱਚੇ ਦੀ ਮੌਤ ਨੂੰ ਨਿਰਦੇਸ਼ਕ ਇੱਕ ਪ੍ਰਯੋਗ ਵਾਂਗ ਵਰਤਦਾ ਹੈ। ਬੱਚੇ ਦੀ ਮੌਤ ਦਾ ਕਾਰਨ ਸੰਵਾਦ ਦੀ ਅਣਹੋਂਦ ਹੈ ਜੋ ਦੰਪਤੀ ਨੂੰ ਅਣਕਿਆਸੀਆਂ ਹਕੀਕਤਾਂ ਦੇ ਰੂਬਰੂ ਕਰਾਉਂਦੀ ਹੈ। ਇਹ ਉਸ ਦੰਪਤੀ ਲਈ ਜ਼ਿੰਦਗੀ ਦਾ ਸਭ ਤੋਂ ਮਾੜਾ ਤਜਰਬਾ ਵੀ ਹੋ ਨਿਬੜਦਾ ਹੈ। ਇਸ ਤੋਂ ਸਿੱਖ ਕੇ ਉਹ ਆਪਣੇ ਦੂਜੇ ਬੱਚੇ ਦੀ ਸੰਭਾਲ ਲਈ ਅੱਖਾਂ ਤੋਂ ਵਿਰਵੇ ਆਪਣੇ ਦੋਸਤ ਦੀ ਮਦਦ ਲੈਂਦੇ ਹਨ। ਦੂਜੇ ਬੱਚੇ ਦਾ ਪਾਲਣ-ਪੋਸ਼ਣ ਬਹੁਤ ਪਿਆਰ ਨਾਲ ਕਰਦੇ ਹਨ। ਇੱਕ ਬੀਮਾਰੀ ਕਾਰਨ ਜਦੋਂ ਆਰਤੀ ਦੀ ਮੌਤ ਹੋ ਜਾਂਦੀ ਹੈ ਤਾਂ ਹਰੀਚਰਨ ਬੇਟੇ ਨੂੰ ਪਾਲਦਾ ਹੈ। ਫਿਲਮ ਦੇ ਅੰਤ ਵਿੱਚ ਜਦੋਂ ਉਸ ਦਾ ਬੇਟਾ ਬੋਲਣ ਵਿਹੂਣੀ ਕੁੜੀ ਨਾਲ ਵਿਆਹ ਤੋਂ ਇਨਕਾਰ ਕਰ ਦਿੰਦਾ ਹੈ ਤਾਂ ਉਸ ਦੇ ਦਿਲ ਨੂੰ ਬੇਹੱਦ ਸਦਮਾ ਪਹੁੰਚਦਾ ਹੈ। ਉਹ ਆਪਣੇ ਬੇਟੇ ਨੂੰ ਮਨਾ ਕੇ ਦਮ ਲੈਂਦਾ ਹੈ। ਇਸ ਕਾਰਨ ਇਸ ਫਿਲਮ ਦੀ ਆਲੋਚਨਾ ਵੀ ਹੋਈ।

ਫਿਲਮ ਖਾਸ ਜ਼ਰੂਰਤਾਂ ਵਾਲੇ ਵਰਗ ਦੀ ਦੂਜਿਆਂ 'ਤੇ ਨਿਰਭਰਤਾ ਦੀ ਥਿਊਰੀ ਨੂੰ ਤਾਂ ਰੱਦ ਕਰਦੀ ਹੀ ਹੈ ਪਰ ਨਾਲ ਹੀ ਇਸ ਵਰਗ ਪ੍ਰਤੀ ਸਮਾਜਿਕ ਨਜ਼ਰੀਏ 'ਤੇ ਵੀ ਝਾਤ ਮਾਰਦੀ ਹੈ। ਬੇਚਾਰਗੀ ਸਿਖਾਉਣ ਤੋਂ ਲੈ ਕੇ ਇਨ੍ਹਾਂ ਦਾ ਫਾਇਦਾ ਉਠਾਉਣ ਦੀ ਪ੍ਰਵਿਰਤੀ ਵਿਰੋਧੀ ਸਮਾਜਿਕ ਚੇਤੰਨਤਾ ਦੀ ਜ਼ਰੂਰਤ ਹੁਣ ਵੀ ਉਨੀ ਹੀ ਮਹਿਸੂਸ ਕੀਤੀ ਜਾ ਸਕਦੀ ਹੈ ਜਿੰਨੀ ਇਸ ਫਿਲਮ ਦੇ ਬਣਾਉਣ ਸਮੇਂ ਸੀ।
[home] [1] 2  [prev.]1-5 of 6


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਫਿਲਮ ਮੇਲਾ 14 ਜੁਲਾਈ-6 ਅਗਸਤ
ਨਿਊਜ਼ੀਲੈਂਡ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਚ ਇਸ ਵਾਰ ਸ਼ਾਮਲ ਹਨ ਤਿੰਨ ਭਾਰਤੀ ਫਿਲਮਾਂ
18.07.17 - ਹਰਜਿੰਦਰ ਸਿੰਘ ਬਸਿਆਲਾ
ਨਿਊਜ਼ੀਲੈਂਡ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਚ ਇਸ ਵਾਰ ਸ਼ਾਮਲ ਹਨ ਤਿੰਨ ਭਾਰਤੀ ਫਿਲਮਾਂਔਕਲੈਂਡ 'ਚ ਚੱਲ ਰਹੇ ਨਿਊਜ਼ੀਲੈਂਡ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿਚ ਇਸ ਵਾਰ ਤਿੰਨ ਭਾਰਤੀ ਫਿਲਮਾਂ 'ਹੋਟਲ ਸਲਵੇਸ਼ਨ', 'ਨਿਊਟਨ' ਅਤੇ 'ਐੱਨ ਇਨਸਿਗਨੀਫਿਕੈਂਟ ਮੈਨ' ਵਿਖਾਈਆਂ ਜਾ ਰਹੀਆਂ ਹਨ।

'ਹੋਟਲ ਸਲਵੇਸ਼ਨ' 26 ਜੁਲਾਈ ਨੂੰ 2 ਵਜੇ ਅਤੇ 29 ਜੁਲਾਈ ਨੂੰ 3.45 ਵਜੇ ਔਕਲੈਂਡ ਦੇ ਏ.ਐੱਸ.ਬੀ. ਵਾਟਰ ਫਰੰਟ ਥੀਏਟਰ ਵਿਖੇ ਵਿਖਾਈ ਜਾਏਗੀ ਜਦ ਕਿ 1 ਅਗਸਤ ਨੂੰ 11.45 ਸਵੇਰੇ ਅਤੇ ਅਤੇ 5 ਅਗਸਤ ਨੂੰ ਸ਼ਾਮ 6 ਵਜੇ ਰਿਆਲਟੋ ਸਿਨੇਮਾ ਨਿਊਮਾਰਕੀਟ ਵਿਖੇ ਵਿਖਾਈ ਜਾਵੇਗੀ।

'ਨਿਊਟਨ' 21 ਜੁਲਾਈ ਨੂੰ 2.15 ਵਜੇ ਰਿਆਲਟੋ ਸਿਨੇਮਾ ਨਿਊਮਾਰਕੀਟ, 2 ਅਗਸਤ ਨੂੰ ਦੁਪਹਿਰ 1.30 ਅਤੇ 4 ਅਗਸਤ ਨੂੰ ਸ਼ਾਮ 6.30 ਵਜੇ ਏ.ਐੱਸ.ਬੀ. ਥੀਏਟਰ ਵਿਖੇ ਵਿਖਾਈ ਜਾਵੇਗੀ।

'ਐੱਨ ਇਨਸਿਗਨੀਫਿਕੈਂਟ ਮੈਨ' 26 ਜੁਲਾਈ ਨੂੰ ਸ਼ਾਮ 8 ਵਜੇ ਅਤੇ 27 ਜੁਲਾਈ ਨੂੰ ਸ਼ਾਮ 3.15 ਵਜੇ ਏ. ਐਸ.ਬੀ. ਵਾਟਰ ਫਰੰਟ ਥੀਏਟਰ ਵਿਖੇ ਵਿਖਾਈ ਜਾਵੇਗੀ। ਇਹ ਡਾਕੂਮੈਂਟਰੀ ਫਿਲਮ ਅਰਵਿੰਦ ਕੇਜਰੀਵਾਲ ਉੱਤੇ ਬਣੀ ਹੋਈ ਹੈ।

ਇਹ ਫਿਲਮ ਮੇਲਾ 14 ਜੁਲਾਈ ਤੋਂ ਔਕਲੈਂਡ 'ਚ ਚੱਲ ਰਿਹਾ ਹੈ ਅਤੇ 6 ਅਗਸਤ ਤੱਕ ਚੱਲੇਗਾ। ਸੈਂਕੜਿਆਂ ਦੀ ਗਿਣਤੀ ਵਿਚ ਫਿਲਮਾਂ ਜਾਰੀ ਹਨ।
[home] [1] 2  [prev.]1-5 of 6


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਸੁਨਹਿਰੀ ਪਰਦੇ 'ਤੇ ਕਵਿਤਾ ਨੂੰ ਜ਼ਿੰਦਾ ਕਰਦਾ ਫ਼ਿਲਮਸਾਜ਼: ਗੁੁਲਜ਼ਾਰ
15.07.17 - ਕੁਲਦੀਪ ਕੌਰ
ਸੁਨਹਿਰੀ ਪਰਦੇ 'ਤੇ ਕਵਿਤਾ ਨੂੰ ਜ਼ਿੰਦਾ ਕਰਦਾ ਫ਼ਿਲਮਸਾਜ਼: ਗੁੁਲਜ਼ਾਰਗੁੁਲਜ਼ਾਰ ਕਵੀ ਹਨ। ਉਨ੍ਹਾਂ ਦੁਆਰਾ ਨਿਰਦੇਸ਼ਿਤ ਫ਼ਿਲਮਾਂ ਦੀ ਸੁਰ ਕਾਵਿਮਈ ਹੈ। ਉਨ੍ਹਾਂ ਦੀਆਂ ਜ਼ਿਆਦਾਤਰ ਫ਼ਿਲਮਾਂ ਬੰਗਾਲੀ ਸਾਹਿਤ 'ਤੇ ਆਧਾਰਿਤ ਹਨ। ਗੁਲਜ਼ਾਰ ਦੀ ਪਹਿਲੀ ਫ਼ਿਲਮ 'ਮੇਰੇ ਅਪਨੇ' ਦਾ ਗਾਣਾ 'ਕੋਈ ਹੋਤਾ ਜਿਸ ਕੋ ਅਪਨਾ, ਹਮ ਅਪਨਾ ਕਹਿ ਲੇਤੇ ਯਾਰੋ, ਪਾਸ ਨਹੀਂ ਤੋਂ ਦੂਰ ਹੀ ਹੋਤਾ ਲੇਕਿਨ ਕੋਈ ਮੇਰਾ ਅਪਨਾ' ਬੇਗਾਨਗੀ ਦੇ ਲੁਪਤ ਘੇਰਿਆਂ ਦੀ ਨਿਸ਼ਾਨਦੇਹੀ ਕਰਦਾ ਹੈ।

ਇਸ ਫ਼ਿਲਮ ਨਾਲ ਜੁੜਿਆ ਦੂਜਾ ਮਹੱਤਵਪੂਰਨ ਤੱਥ ਸੀ ਕਿ ਇਹ ਫ਼ਿਲਮ ਅਦਾਕਾਰਾ ਮੀਨਾ ਕੁਮਾਰੀ ਦੀ ਆਖਰੀ ਫ਼ਿਲਮ ਸੀ। ਫ਼ਿਲਮ ਵਿੱਚ ਉਸ ਦਾ ਕਿਰਦਾਰ ਅਜਿਹੀ ਬਜ਼ੁਰਗ ਔਰਤ ਦਾ ਹੈ ਜੋ ਰਿਸ਼ਤਿਆਂ ਦੀ ਘੁੰਮਣਘੇਰੀ ਵਿੱਚ ਉਲਝ ਕੇ ਰਹਿ ਜਾਂਦੀ ਹੈ, ਪਰ ਉਹ ਹਾਰਦੀ ਨਹੀਂ, ਸਗੋਂ ਮੁੰਡਿਆਂ ਦੇ ਦੋ ਅਜਿਹੇ ਗਰੁੱਪਾਂ ਨਾਲ ਜਜ਼ਬਾਤੀ ਤੌਰ 'ਤੇ ਜੁੜ ਜਾਂਦੀ ਹੈ ਜਿਹੜੇ ਦੋ ਵੱਖ-ਵੱਖ ਸਿਆਸੀ ਪਾਰਟੀਆਂ ਲਈ ਕੰਮ ਕਰ ਰਹੇ ਹਨ। ਇਹ ਮੁੰਡੇ 70ਵੇਂ ਦਹਾਕੇ ਦੇ ਮੁੰਡੇ ਹਨ। ਇਹ ਦਹਾਕਾ ਸਿਆਸੀ ਵਿਚਾਰਾਂ ਦੇ ਭੇੜ, ਲੱਕ ਤੋੜਵੀਂ ਮਹਿੰਗਾਈ, ਬੇਰੁਜ਼ਗਾਰਾਂ ਦੀਆਂ ਭੀੜਾਂ ਅਤੇ ਅਲਗਰਜ਼ੀ ਦਾ ਦੌਰ ਹੈ।

ਮੀਨਾ ਕੁਮਾਰੀ ਬਿਮਾਰੀ ਦੇ ਕਮਜ਼ੋਰ ਕੀਤੇ ਸਰੀਰ ਪਰ ਮਜ਼ਬੂਤ ਇਰਾਦੇ ਨਾਲ ਫ਼ਿਲਮ 'ਤੇ ਆਪਣੀ ਛਾਪ ਛੱਡਦੀ ਹੈ। ਫ਼ਿਲਮ ਵਿੱਚ ਫਿਲਮ ਸੰਸਥਾਨ ਪੂਨੇ ਤੋਂ ਤਾਜ਼ਾ-ਤਾਜ਼ਾ ਅਦਾਕਾਰ ਬਣ ਕੇ ਨਿਕਲੇ ਅਸਰਾਨੀ, ਡੈਨੀ, ਦੇਵਨ ਵਰਮਾ ਨੇ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਸਨ। ਆਪਣੀ ਇਸ ਪਹਿਲੀ ਫ਼ਿਲਮ ਨਾਲ ਗੁਲਜ਼ਾਰ ਦਾ ਰਿਸ਼ਤਾ ਕਾਫੀ ਭਾਵਨਾਤਮਕ ਹੈ ਜਿਸ ਨੂੰ ਉਨ੍ਹਾਂ ਦੇ ਇਸ ਖੂਬਸੂਰਤ ਬਿਆਨ ਰਾਹੀਂ ਸਮਝਿਆ ਜਾ ਸਕਦਾ ਹੈ:

"ਜਦੋਂ ਸ਼ਹਿਰ ਦੇ ਨੁੱਕੜਾਂ 'ਤੇ ਇਸ ਫ਼ਿਲਮ ਦੇ ਪੋਸਟਰ ਲੱਗੇ ਤਾਂ ਕਈ ਦੋਸਤਾਂ ਨੇ ਸਵਾਲ ਪੁੱਛਣੇ ਸ਼ੁਰੂ ਕੀਤੇ ਕਿ ਗੁੰਡਿਆਂ-ਬਦਮਾਸ਼ਾਂ ਨਾਲ ਭਰੀ ਇਸ ਫ਼ਿਲਮ ਵਿੱਚ ਮੀਨਾ ਕੁਮਾਰੀ ਕੀ ਕਰ ਰਹੀ ਹੈ? ਮੈਨੂੰ ਉਨ੍ਹਾਂ ਨੂੰ ਦੱਸਣਾ ਪਿਆ ਕਿ ਜਦੋਂ ਮੈਂ ਤਪਨ ਸਿਨਹਾ ਦੀ ਬੰਗਾਲੀ ਫ਼ਿਲਮ 'ਅਪਨ ਜਾਨ' ਦੇਖੀ ਤਾਂ ਇਸ ਵਿਚਲਾ ਪਿਆਰ ਤੇ ਹਿੰਸਾ ਦਾ ਦਵੰਦ ਕਿੰਨੇ ਦਿਨ ਮੇਰੇ ਅੰਦਰ ਚੱਲਦਾ ਰਿਹਾ। ਜੇ ਮੀਨਾ ਕੁਮਾਰੀ ਪਿਆਰ ਦੀ ਨੁਮਾਇੰਦਗੀ ਕਰਦੀ ਹੈ ਤਾਂ ਫ਼ਿਲਮ ਵਿੱਚ ਵਿਨੋਦ ਖੰਨਾ ਤੇ ਸ਼ਤਰੂਘਣ ਸਿਨਹਾ ਹਿੰਸਾ ਦੀਆਂ ਚਲਦੀਆਂ-ਫਿਰਦੀਆਂ ਦੁਕਾਨਾਂ ਹਨ। ਪਰ ਜਿਹੜੀ ਗੱਲ ਉਨ੍ਹਾਂ ਨੂੰ ਪੁੱਛਣੀ ਚਾਹੀਦੀ ਸੀ ਪਰ ਉਨ੍ਹਾਂ ਨਹੀਂ ਪੁੱਛੀ ਉਹ ਇਹ ਸੀ ਕਿ ਮੈਂ ਲੇਖਕ ਅਤੇ ਨਿਰਦੇਸ਼ਕ ਵਿਚਲੇ ਆਪਸੀ ਰਿਸ਼ਤੇ ਨੂੰ ਕਿਵੇਂ ਹੰਢਾਇਆ? 'ਮੇਰੇ ਅਪਨੇ' ਮੇਰੇ ਲਈ ਦੋਹਰਾ ਕਿਰਦਾਰ ਨਿਭਾਉਣ ਵਾਂਗ ਸੀ। ਫ਼ਿਲਮ ਦਾ ਨਿਰਦੇਸ਼ਕ ਨੌਸਿੱਖਿਆ ਸੀ ਪਰ ਲੇਖਕ ਦੇ ਪੈਰ ਜੰਮ ਚੁੱਕੇ ਸਨ। ਉਹ ਉਸ ਸਮੇਂ ਪਟਕਥਾ ਲੇਖਕ ਦੇ ਤੌਰ 'ਤੇ ਸਥਾਪਿਤ ਹੋ ਚੁੱਕਾ ਸੀ। ਹੁੰਦਾ ਇਹ ਸੀ ਕਿ ਬਹੁਤੀ ਵਾਰ ਪਟਕਥਾ ਲੇਖਕ ਭਾਰੂ ਹੋ ਜਾਂਦਾ ਸੀ। ਉਹ ਅਕਸਰ ਨਿਰਦੇਸ਼ਕ ਨੂੰ ਡਾਂਟ ਦਿੰਦਾ ਅਖੇ ਪਹਿਲਾਂ ਮੇਰੀ ਗੱਲ ਸੁਣ। ਮੈਂ ਉਸ ਨੂੰ ਵਰਜਦਾ ਪਰ ਹੌਲੀ-ਹੌਲੀ ਮੈਂ ਉਸ ਦਾ ਆਗਿਆਕਾਰੀ ਬਣ ਗਿਆ। ਕਈ ਵਾਰ ਉਹ ਮੇਰੇ ਵੱਲ ਕੁਣੱਖਾ ਝਾਕਦਾ ਜਿਵੇਂ ਕਹਿ ਰਿਹਾ ਹੋਵੇ ਕਿ ਮੇਰੀ ਵਜ੍ਹਾ ਨਾਲ ਹੀ ਤਾਂ ਤੂੰ ਅੱਜ ਨਿਰਦੇਸ਼ਕ ਬਣਿਆ। ਸੈੱਟ 'ਤੇ ਬੈਠਾ ਉਹ ਮੈਨੂੰ ਸੰਮੋਹਿਤ ਕਰਨ ਦੀ ਕੋਸ਼ਿਸ਼ ਕਰਦਾ ਰਹਿੰਦਾ। ਸਾਡੇ ਦੋਹਾਂ ਵਿੱਚ ਕਸ਼ਮਕਸ਼ ਚੱਲਦੀ ਰਹਿੰਦੀ। ਅਚਾਨਕ ਮੈਂ ਕੁਝ ਇੱਦਾਂ ਦੇ ਸ਼ਾਟ ਲੈਂਦਾ ਜਿਨ੍ਹਾਂ ਬਾਰੇ ਉਹਨੂੰ ਕਿਆਸਾ ਵੀ ਨਹੀਂ ਸੀ ਹੋ ਸਕਦਾ। ਕੁਨੱਖੀਆਂ ਵਿੱਚੋਂ ਮੈਂ ਉਸ ਦੇ ਚਿਹਰੇ 'ਤੇ ਫੈਲਦੀ ਹੈਰਾਨੀ ਪੜ੍ਹਨ ਦੀ ਕੋਸ਼ਿਸ਼ ਕਰਦਾ। ਦਿਨ ਬੀਤਣ ਨਾਲ ਨਿਰਦੇਸ਼ਕ ਦਾ ਆਤਮ ਵਿਸ਼ਵਾਸ ਵੱਧਦਾ ਗਿਆ।

ਜਦੋਂ ਕਦੀ ਉਹ ਮੈਨੂੰ ਨਿੱਠ ਕੇ ਲਿੱਖਣ ਲਈ ਆਖਦਾ ਤਾਂ ਮੈਂ ਘੇਸਲ ਮਾਰ ਜਾਂਦਾ। ਮੈਂ ਘਰੋਂ ਤਿਆਰੀ ਕਰਕੇ ਨਾ ਜਾਂਦਾ। ਉਹ ਸੈੱਟ 'ਤੇ ਮੂੰਹ ਵਿੰਗਾ ਕਰ ਲੈਂਦਾ ਤੇ ਕੰਮ ਤੋਂ ਜੀ ਚਰਾਉਂਦਾ। ਜੇ ਕਿਸੇ ਸੀਨ ਵਿੱਚ ਮੈਂ ਕੁਝ ਬਦਲਣਾ ਚਾਹੁੰਦਾ ਤਾਂ ਉਹ ਭੱਜ ਖਲੋਂਦਾ। ਮੈਂ ਉਸ ਦੇ ਪਿੱਛੇ ਜਾਂਦਾ ਤੇ ਉਹਨੂੰ ਮਨਾ ਲੈਂਦਾ। ਆਖਿਰ ਨੂੰ ਤਾਂ ਅਸੀਂ ਇਕੱਠੇ ਹੀ ਕੰਮ ਕਰਨਾ ਸੀ। ਆਖਰ ਅਸੀਂ ਇਹ ਕਿਵੇਂ ਭੁੱਲ ਸਕਦੇ ਸਾਂ ਕਿ ਅਸੀਂ ਪਰਦੇ ਦੇ ਪਿੱਛੇ ਦੂਹਰਾ ਕਿਰਦਾਰ ਨਿਭਾ ਰਹੇ ਸਾਂ। ਹੌਲੀ-ਹੌਲੀ ਅਸੀਂ ਇੱਕ ਦੂਜੇ ਨੂੰ ਬਰਦਾਸ਼ਤ ਕਰਨਾ ਸਿੱਖ ਲਿਆ। ਮੈਂ ਘਰੋਂ ਪੂਰੀ ਤਿਆਰੀ ਨਾਲ ਆਉਂਦਾ। ਜਦੋਂ ਮੈਂ ਦ੍ਰਿਸ਼ ਸਿਰਜਣਾ ਹੁੰਦਾ ਉਹ ਮੈਨੂੰ ਇਕੱਲਾ ਛੱਡ ਦਿੰਦਾ। ਮੈਂ ਉਸ ਦੇ ਮਾਧਿਅਮ ਦੀ ਇੱਜ਼ਤ ਕਰਦਾ ਸਾਂ ਅਤੇ ਹੁਣ ਉਹ ਮੇਰੇ ਨਵੇਂ ਹੁਨਰ ਨੂੰ ਪਸੰਦ ਕਰਨਾ ਸਿੱਖ ਰਿਹਾ ਸੀ।ਹੁਣ ਅਸੀਂ 'ਲੇਖਕ-ਨਿਰਦੇਸ਼ਕ' ਭਾਈ-ਭਾਈ ਬਣ ਚੁੱਕੇ ਸਾਂ।

ਜੇਕਰ 'ਮੇਰੇ ਅਪਨੇ' ਦੇ ਬਣਾਉਣ ਸਮੇਂ ਮੈਂ ਇਸ ਕਲਾਤਮਿਕ ਕਸ਼ਮਕਸ਼ ਵਿਚੋਂ ਲੰਘ ਰਿਹਾ ਸੀ ਤਾਂ ਕਈ ਹੋਰ ਮੁੱਦੇ ਵੀ ਸਨ ਜਿਨ੍ਹਾਂ ਨਾਲ ਮੈਨੂੰ ਜੂਝਣਾ ਪੈ ਰਿਹਾ ਸੀ। ਸਭ ਤੋਂ ਪਹਿਲਾਂ ਤਾਂ ਫ਼ਿਲਮ ਦਾ ਵਿਸ਼ਾ ਪਿਆਰ ਅਤੇ ਹਿੰਸਾ ਦੇ ਆਪਸੀ ਰਿਸ਼ਤੇ 'ਤੇ ਆਧਾਰਿਤ ਹੋਣਾ ਸੀ। ਕੀ ਇਹ ਰਿਸ਼ਤਾ ਸਿਰਫ ਸਮਾਜਿਕ ਹੀ ਹੈ? ਕੀ ਇਨ੍ਹਾਂ ਦੋਹਾਂ ਨਾਲ ਜੁੜੀਆਂ ਹੋਈਆਂ ਮਾਨਵੀ ਭਾਵਨਾਵਾਂ ਦਾ ਕੋਈ ਮੁੱਲ ਨਹੀਂ? ਇਨ੍ਹਾਂ ਭਾਵਨਾਵਾਂ ਨੂੰ ਵੀ ਤਾਂ ਬੇਕਾਬੂ ਹੋਣ ਤੋਂ ਬਚਾਉਣਾ ਪਵੇਗਾ। ਪੇਸ਼ਕਾਰੀ ਦੇ ਢੰਗ ਵਿੱਚ ਇਨ੍ਹਾਂ ਭਾਵਨਾਵਾਂ ਨੂੰ ਕਿਵੇਂ ਵਰਤਿਆਂ ਜਾ ਸਕਦਾ ਹੈ? ਭੀੜ ਵਿੱਚੋਂ ਵਿਅਕਤੀਆਂ ਨੂੰ ਕਿਵੇਂ ਵੱਖ ਕੀਤਾ ਜਾਵੇ? ਘੱਟ ਤੋਂ ਘੱਟ ਸ਼ਬਦਾਂ ਵਿੱਚ ਗੁੰਡਿਆਂ ਵਿੱਚੋਂ ਬੰਦਿਆਈ ਕਿਵੇਂ ਬਾਹਰ ਲਿਆਉਂਦੀ ਜਾਵੇ? ਫ਼ਿਲਮ ਵਿੱਚ ਫਲੈਸ਼ ਬੈਕਸ ਨੂੰ ਕਿਵੇਂ ਵਰਤਿਆ ਜਾਵੇ? ਸਭ ਤੋਂ ਜ਼ਿਆਦਾ ਮਸਲਾ ਇਹ ਹੋਇਆ ਕਿ ਹਿੰਸਾ ਅਤੇ ਪਿਆਰ ਵਿੱਚੋਂ ਕਿਸ ਨੂੰ ਜਿਤਾਇਆ ਜਾਵੇ? ਹੁਣ ਤ੍ਰਾਸਦੀ ਇਹ ਹੈ ਬੰਦੂਕ ਦੀ ਨੋਕ 'ਤੇ ਹਮੇਸ਼ਾ ਪਿਆਰ ਹੀ ਹੁੰਦਾ ਹੈ। ਇਹੀ ਫ਼ਿਲਮ ਦੇ ਅੰਤ ਸਮੇਂ ਹੋਇਆ ਜਿੱਥੇ ਫ਼ਿਲਮ ਦੀ ਸਭ ਤੋਂ ਪਿਆਰੀ ਕਿਰਦਾਰ ਆਨੰਦੀ ਨੂੰ ਦੋਹਾਂ ਗਰੁੱਪਾਂ ਦੀ ਲੜਾਈ ਵਿੱਚ ਆਪਣੀ ਜਾਨ ਦੇਣੀ ਪੈਂਦੀ ਹੈ।"

ਫ਼ਿਲਮ ਵਿੱਚ ਉਸੇ ਸਾਲ ਫ਼ਿਲਮ ਸੰਸਥਾਨ ਪੂਨੇ ਤੋਂ ਅਦਾਕਾਰ ਬਣ ਕੇ ਨਿਕਲੇ ਅਸਰਾਨੀ, ਡੈਨੀ, ਦੇਵਨ ਵਰਮਾ ਨੇ ਮਹੱਤਵਪੂਰਨ ਭੂਮਿਕਾਵਾਂ ਨਿਭਾਈਆਂ ਸਨ। ਸਲਿਲ ਚੌਧਰੀ ਦੇ ਸੰਗੀਤ ਵਿੱਚ ਭਿੱਜਿਆ ਗਾਣਾ 'ਰੋਜ਼ ਅਕੇਲੀ ਆਏ, ਰੋਜ਼ ਅਕੇਲੀ ਜਾਏ…ਚਾਂਦ ਕਟੋਰਾ ਲੀਏ ਭਿਖਾਰਨ ਰਾਤ' ਫ਼ਿਲਮ ਦਾ ਹਿੱਸਾ ਨਾ ਬਣ ਸਕਣ ਦੇ ਬਾਵਜੂਦ ਹੁਣ ਤੱਕ ਹਿੰਦੀ ਸਿਨੇਮਾ ਦੇ ਬਿਹਤਰੀਨ ਗੀਤਾਂ ਵਿੱਚ ਸ਼ਾਮਿਲ ਹੈ। ਇਹੀ ਗੁਲਜ਼ਾਰ ਸਾਹਿਬ ਦੇ ਸ਼ਬਦਾਂ ਦੀ ਜਾਦੂਗਰੀ ਹੈ।
[home] [1] 2  [prev.]1-5 of 6


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਗੁਲਜ਼ਾਰ ਦੁਆਰਾ ਨਿਰਦੇਸ਼ਿਤ ਭੂਤ ਕਹਾਣੀ
ਰਾਜਸਥਾਨ ਦੇ ਰੇਤੀਲੇ ਜੀਵਨ ਵਿੱਚੋਂ ਝਰਦੀ ਕਵਿਤਾ: ਫ਼ਿਲਮ 'ਲੇਕਿਨ'
07.07.17 - ਕੁਲਦੀਪ ਕੌਰ
ਰਾਜਸਥਾਨ ਦੇ ਰੇਤੀਲੇ ਜੀਵਨ ਵਿੱਚੋਂ ਝਰਦੀ ਕਵਿਤਾ: ਫ਼ਿਲਮ 'ਲੇਕਿਨ'1991 ਵਿੱਚ ਆਈ ਫ਼ਿਲਮ 'ਲੇਕਿਨ' ਗੁਲਜ਼ਾਰ ਦੁਆਰਾ ਨਿਰਦੇਸ਼ਿਤ ਭੂਤ ਕਹਾਣੀ ਹੈ। ਗੁਲਜ਼ਾਰ ਨੇ ਇਸ ਫ਼ਿਲਮ ਦੀ ਪਟਕਥਾ ਇੱਕ ਲੋਕ-ਕਥਾ ਤੋਂ ਪ੍ਰਭਾਵਿਤ ਹੋ ਕੇ ਲਿਖੀ। ਇਸੇ ਲੋਕ-ਕਥਾ ਨੂੰ ਆਧਾਰ ਬਣਾ ਕੇ ਪਹਿਲਾਂ ਰਬਿੰਦਰਨਾਥ ਟੈਗੋਰ ਵੀ ਇੱਕ ਕਹਾਣੀ ਲਿਖ ਚੁਕੇ ਸਨ।

ਭਾਰਤੀ ਸਿਨੇਮਾ ਵਿੱਚ ਭੂਤਾਂ-ਪ੍ਰੇਤਾਂ 'ਤੇ ਅਨੇਕਾਂ ਫਿਲਮਾਂ ਬਣੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਸਦੀਆਂ ਤੋਂ ਚਲੀਆਂ ਆ ਰਹੀਆਂ ਦੰਦ-ਕਥਾਵਾਂ ਨੂੰ ਹੀ ਫ਼ਿਲਮੀ ਜਾਮਾ ਪਹਿਨਾਉਣ ਤੱਕ ਸੀਮਿਤ ਰਹਿ ਜਾਂਦੀਆਂ ਹਨ। ਇਨ੍ਹਾਂ ਫ਼ਿਲਮੀ ਕਹਾਣੀਆਂ ਵਿਚਲੇ ਭੂਤਾਂ ਦੇ ਭੂਤ ਬਣਨ ਦਾ 'ਦੁੱਖ' ਵੀ ਨਿਰਦੇਸ਼ਕਾਂ ਦੇ ਹੱਥਾਂ ਵਿੱਚ ਦਰਸ਼ਕਾਂ ਨੂੰ ਡਰਾਉਣ ਦਾ ਸਾਧਨ ਬਣ ਜਾਂਦਾ ਹੈ। ਇਹ ਗੰਭੀਰ ਚਰਚਾ ਦਾ ਵਿਸ਼ਾ ਬਣ ਸਕਦਾ ਹੈ ਕਿ ਜੇਕਰ ਭੂਤ ਕਲਪਿਤ ਵੀ ਹਨ ਤਾਂ ਵੀ ਉਨ੍ਹਾਂ ਬਾਰੇ ਸੋਚਦੇ ਹੋਏ ਤਰਕ ਅਤੇ ਦਲੀਲ ਨੂੰ ਖੂੰਜੇ ਕਿਉਂ ਲਗਾ ਦਿੱਤਾ ਜਾਂਦਾ ਹੈ? ਕਿਤੇ ਇਹ ਤਾਂ ਨਹੀਂ ਕਿ ਇਹ ਮੁੱਦਾ ਅਸਲ ਵਿੱਚ ਭੂਤ ਬਣੇ ਬੰਦੇ ਦੀ ਨਿੱਜੀ ਪੀੜ ਨੂੰ ਸਮਝਣ ਦੀ ਸਾਡੀ ਸਮੂਹਿਕ ਅਸਮਰੱਥਾ ਦੀ ਨਿਸ਼ਾਨੀ ਹੈ? ਵਿਗਿਆਨ ਭੂਤਾਂ ਨੂੰ ਸਿਰੇ ਤੋਂ ਰੱਦ ਕਰਦਾ ਹੈ, ਇਸ ਨੂੰ ਮਾਨਸਿਕ ਕਮਜ਼ੋਰੀ ਦੱਸਦਾ ਹੈ। ਇਸ ਦਲੀਲ ਨੂੰ ਤੱਥਾਂ ਨਾਲ ਸਾਬਿਤ ਵੀ ਕਰਦਾ ਹੈ। ਇਸ ਦੇ ਬਾਵਜੂਦ ਸਦੀਆਂ ਤੋਂ ਬੰਦੇ ਦੀ ਦਿਲਚਸਪੀ ਭੂਤਾਂ ਵਿੱਚ ਜਿਉਂ ਦੀ ਤਿਉਂ ਬਣੀ ਹੋਈ ਹੈ। ਸ਼ਾਇਦ ਇਹ ਬੰਦੇ ਦੀ ਦਿਮਾਗੀ ਕਲਪਨਾ ਦਾ ਉਹ ਹਿੱਸਾ ਹੈ ਜਿਸ ਨੂੰ ਉਹ ਆਪਣੀ ਹੋਂਦ ਤੇ ਸਮਰੱਥਾ ਤੋਂ ਪਾਰ ਜਾਣ ਲਈ ਵਰਤਦਾ ਹੈ। ਜਿਸ ਨੂੰ ਉਹ ਸਮਝ ਕੇ ਵੀ ਸਮਝਣਾ ਨਹੀਂ ਚਾਹੁੰਦਾ। 'ਭੂਤ ਤਾਂ ਕੁਝ ਵੀ ਕਰ ਸਕਦੇ ਹਨ' ਅਰਥਾਤ ਇਸ ਸੰਦ ਨਾਲ ਬੰਦਾ ਆਪਣੀ ਜਵਾਬਦੇਹੀ ਤੋਂ ਆਰਾਮ ਨਾਲ ਬਚ ਸਕਦਾ ਹੈ। ਬੰਦਿਆਂ ਤੋਂ ਭੂਤ ਬਣਨ ਦੀਆਂ ਕਹਾਣੀਆਂ ਬੰਦੇ ਦੇ ਹਾਲਤਾਂ ਅੱਗੇ ਬੇਬੱਸ ਹੋ ਕੇ ਭੂਤ ਜਾਮਾ ਪਾਉਣ ਦੀ ਅਦਾਕਾਰੀ ਕਰਨ ਦੀਆਂ ਕਹਾਣੀਆਂ ਹਨ।

ਕਿਹਾ ਜਾਂਦਾ ਹੈ ਕਿ ਹਰ ਮੁਜਰਮ ਦੇ ਜੁਰਮ ਦੀ ਕਹਾਣੀ ਦਾ ਸਿਰਾ ਉਸ ਨਾਲ ਹੋਈ ਕਿਸੇ ਨਾ ਕਿਸੇ ਵਧੀਕੀ ਨਾਲ ਜਾ ਜੁੜਦਾ ਹੈ। ਜੁਰਮ ਕਰਨ ਦੇ ਕਾਰਨ ਨਿੱਜੀ ਨਾਲੋਂ ਸਮਾਜਿਕ ਵੱਧ ਹੁੰਦੇ ਹਨ, ਜਿਨ੍ਹਾਂ ਨੂੰ ਉਨ੍ਹਾਂ ਦੇ ਸਹੀ ਸੰਦਰਭ ਨਾਲ ਜੋੜ ਕੇ ਪੜ੍ਹਿਆ ਜਾਣਾ ਬਣਦਾ ਹੈ। ਭੂਤਾਂ ਬਾਰੇ ਪ੍ਰਚੱਲਿਤ ਮਹਤੱਵਪੂਰਨ ਧਾਰਨਾਵਾਂ ਵਿੱਚੋਂ ਇੱਕ ਇਹ ਹੈ ਕਿ ਇਹ ਜ਼ਮਾਨੇ ਦੇ ਸਤਾਏ ਹੁੰਦੇ ਹਨ ਅਤੇ ਬਦਲਾ ਲੈਣ ਲਈ ਭੂਤ ਬਣ ਜਾਂਦੇ ਹਨ।

ਇਸ ਦਾ ਦੂਜਾ ਅਰਥ ਇਹ ਬਣਦਾ ਹੈ ਕਿ ਭੂਤ ਖਿਲਾਅ ਵਿੱਚ ਚਮਤਕਾਰ ਨਾਲ ਅਚਾਨਕ ਪੈਂਦਾ ਨਹੀਂ ਹੁੰਦੇ ਸਗੋਂ ਉਨ੍ਹਾਂ ਨੂੰ ਸਮਾਜਿਕ ਨਿਆਂ ਦੀ ਝਾਕ ਹੁੰਦੀ ਹੈ। ਇਸੇ ਕਾਰਨ ਭੂਤਾਂ ਨੂੰ ਸਿਰੋਂ ਲਹਾਉਣ ਅਤੇ ਉਨ੍ਹਾਂ ਤੋਂ ਖਹਿੜਾ ਛਡਾਉਣ ਦਾ ਕਾਰੋਬਾਰ ਜਿਊਂਦੇ ਜਾਗਦੇ ਬੰਦੇ ਕਰਦੇ ਹਨ। ਇਹ ਵੀ ਖੋਜ ਦਾ ਵਿਸ਼ਾ ਹੋ ਸਕਦਾ ਹੈ ਕਿ ਕਿਤੇ ਭੂਤ ਬਣੇ ਬੰਦੇ ਉਹ ਬਾਗੀ ਰੂਹਾਂ ਤਾਂ ਨਹੀ ਜਿਹੜੀਆਂ ਕਿਸੇ ਕਾਰਨ ਸਮਾਜਿਕ ਚੌਖਟੇ ਵਿੱਚ ਫਿੱਟ ਨਹੀਂ ਹੋ ਸਕੀਆਂ?

ਔਰਤ ਭੂਤਾਂ ਦਾ ਮਸਲਾ ਹੋਰ ਵੀ ਗੁੰਝਲਦਾਰ ਹੈ। ਉਨ੍ਹਾਂ ਦੇ ਭੂਤ ਬਣਨ ਦੇ ਕਾਰਨ ਮਰਦਾਂ ਦੇ ਮੁਕਾਬਲੇ ਵੱਧ ਜਜ਼ਬਾਤੀ ਅਤੇ ਮਨੋਵਿਗਿਆਨਕ ਹੁੰਦੇ ਹਨ। ਉਨ੍ਹਾਂ ਨੂੰ ਨਿਰਧਾਰਿਤ ਚੌਖਟੇ ਵਿੱਚ ਫਿੱਟ ਕਰਨ ਦੀ ਕੋਸ਼ਿਸ਼ ਕਰਦਾ ਸਮਾਜਿਕ ਢਾਂਚਾ ਉਨ੍ਹਾਂ ਨੂੰ ਚੁੜੇਲ ਕਰਾਰ ਦੇ ਕੇ ਆਸਾਨੀ ਨਾਲ ਹਰ ਦੋਸ਼ ਤੋਂ ਬਰੀ ਹੋ ਸਕਦਾ ਹੈ ਜਾਂ ਫਿਰ ਇਸ ਦੀ ਚੱਕੀ ਵਿੱਚ ਪਿਸਦੀ ਔਰਤ ਨੂੰ ਵੀ ਕਵੀ ਪਾਸ਼ ਦੇ ਸ਼ਬਦਾਂ ਵਿੱਚ 'ਫਿਕਰਾਂ ਵਿੱਚ ਗ੍ਰਸੀ ਤੀਵੀਂ ਨੂੰ ਚੁੜੇਲ ਦਾ ਸਾਇਆ' ਕਹਿ ਕੇ ਸਮਾਜਿਕ ਹਾਲਤਾਂ ਨੂੰ ਜਿਉਂ ਦਾ ਤਿਉਂ ਬਰਕਰਾਰ ਰੱਖਿਆ ਜਾ ਸਕਦਾ ਹੈ।

ਇਸ ਫ਼ਿਲਮ ਦੀ ਮੁੱਖ ਕਿਰਦਾਰ ਬਾਰੇ ਦਿੱਤੀ ਇੱਕ ਇੰਟਰਵਿਊ ਵਿੱਚ ਗੁਲਜ਼ਾਰ ਕਹਿੰਦਾ ਹੈ, 'ਉਹ ਭੂਤ ਨਹੀਂ, ਜਿਊਂਦੀ-ਜਾਗਦੀ ਸਾਬਤੀ ਸਬੂਤੀ ਔਰਤ ਹੈ।' ਫ਼ਿਲਮ ਦੇਖਦਿਆਂ ਦਰਸ਼ਕ ਗੁਲਜ਼ਾਰ ਨਾਲ ਸਹਿਮਤ ਹੋਣ ਤੋਂ ਇਨਕਾਰ ਵੀ ਕਰ ਸਕਦਾ ਹੈ। ਫ਼ਿਲਮ ਵਿੱਚ ਰੇਵਾ (ਡਿੰਪਲ ਕਪਾਡੀਆ) ਰਾਜਸਥਾਨ ਦੇ ਮੀਲਾਂ ਤੱਕ ਫੈਲੇ ਮਾਰੂਥਲ ਵਿੱਚ ਭਟਕਦੀ 'ਆਤਮਾ' ਹੈ। ਉਸ ਦਾ ਵਾਸਾ ਜਿਸੌਦ ਦੇ ਰਾਜੇ ਪਰਮ ਸਿੰਘ ਦੀ ਹਵੇਲੀ ਵਿੱਚ ਹੈ। ਸ਼ਹਿਰ ਤੋਂ ਆਇਆ ਸਮੀਰ ਜੋਗੀ (ਵਿਨੋਦ ਖੰਨਾ) ਇਸ ਹਵੇਲੀ ਨੂੰ ਸਰਕਾਰੀ ਕੰਟਰੋਲ ਹੇਠ ਲੈਣ ਦੀ ਕਾਰਵਾਈ ਕਰਨ ਆਉਂਦਾ ਹੈ ਜਿੱਥੇ ਉਸ ਦੀ ਮੁਲਾਕਾਤ ਵਾਰ-ਵਾਰ ਰੇਵਾ ਨਾਲ ਹੁੰਦੀ ਹੈ। ਸਮੀਰ ਰੇਵਾ ਨਾਲ ਹੋਈਆਂ ਅਚਾਨਕ ਅਤੇ ਅਣਕਿਆਸੀਆਂ ਮੁਲਾਕਾਤਾਂ ਦੌਰਾਨ ਰੇਵਾ ਦੇ ਦਰਦਨਾਕ ਅਤੀਤ ਬਾਰੇ ਜਾਣੂ ਹੁੰਦਾ ਹੈ। ਜਾਣੂ ਹੋਣ ਦੇ ਇਸ ਅਭਿਆਸ ਦੌਰਾਨ ਹੀ ਉਸ ਨੂੰ ਅਹਿਸਾਸ ਹੁੰਦਾ ਹੈ ਕਿ ਰਾਜਿਆਂ ਦੇ ਕਿਰਦਾਰ ਸਦਾ ਹੀ ਜਨ-ਵਿਰੋਧੀ ਹੁੰਦੇ ਹਨ ਅਤੇ ਉਹ ਬਾਹੂਬਲ ਦੇ ਦਮ 'ਤੇ ਹਰ ਤਰ੍ਹਾਂ ਦੀਆਂ ਧੱਕੇਸ਼ਾਹੀਆਂ ਕਰਕੇ ਸਾਫ ਬਚ ਨਿਕਲਦੇ ਹਨ।

ਇਸ ਕਹਾਣੀ ਵਿੱਚ ਰੇਵਾ ਦੀ ਵੱਡੀ ਭੈਣ ਤਾਰਾ (ਹੇਮਾ ਮਾਲਿਨੀ) ਜਦੋਂ ਰਾਜਾ ਪਰਮ ਸਿੰਘ ਦੀ ਵਧੀਕੀ ਦਾ ਕਰਾਰਾ ਜਵਾਬ ਦਿੰਦੀ ਹੈ ਤਾਂ ਇਸ ਦਾ ਸਜ਼ਾ ਰੇਵਾ ਦੇ ਸੰਗੀਤ ਮਾਸਟਰ ਪਿਤਾ ਅਤੇ ਰੇਵਾ ਨੂੰ ਭੁਗਤਣੀ ਪੈਂਦੀ ਹੈ। ਫ਼ਿਲਮ ਵਿੱਚ ਪਿਓ-ਧੀ ਦੁਆਰਾ ਕਾਰਾਵਾਸ ਭੁਗਤਣ ਦੇ ਬਹੁਤ ਸਾਰੇ ਦ੍ਰਿਸ਼ ਹਨ। ਫ਼ਿਲਮ ਦੇ ਅੰਤ ਤੱਕ ਪਹੁੰਚਦਿਆਂ ਇਹ ਸ਼ਪਸ਼ੱਟ ਹੋ ਜਾਂਦਾ ਹੈ ਕਿ ਰੇਵਾ ਦੀ ਮੁਕਤੀ ਦਾ ਇੱਕਲੌਤਾ ਰਾਹ ਉਸ ਦੁਆਰਾ ਸਾਰੇ ਮਾਰੂਥਲ ਨੂੰ ਪਾਰ ਕਰਨਾ ਹੈ ਜਿਸ ਲਈ ਉਸ ਨੂੰ ਸਮੀਰ ਦੀ ਜ਼ਰੂਰਤ ਹੈ।ਸਮੀਰ ਇਸ ਦੀ ਜ਼ਿੰਮੇਵਾਰੀ ਲੈ ਲੈਂਦਾ ਹੈ ਅਤੇ ਇਸ ਨੂੰ ਤੋੜ ਚੜਾਉਂਦਾ ਹੈ। ਇਥੇ ਮਾਰੂਥਲ ਨੂੰ ਪਾਰ ਕਰਨਾ ਸਮੇਂ ਅਤੇ ਸਥਾਨ ਦੀਆਂ ਹੱਦਾਂ ਤੋਂ ਪਾਰ ਜਾਣ ਦੇ ਪ੍ਰਤੀਕ ਦੇ ਤੌਰ 'ਤੇ ਉੱਭਰਦਾ ਹੈ।

ਇਸ ਫ਼ਿਲਮ ਦੇ ਸੰਗੀਤ ਦੇ ਜ਼ਿਕਰ ਤੋਂ ਬਿਨ੍ਹਾਂ ਫ਼ਿਲਮ ਨੂੰ ਪੂਰੀ ਤਰ੍ਹਾਂ ਨਹੀਂ ਸਮਝਿਆ ਜਾ ਸਕਦਾ।ਇਸ ਫ਼ਿਲਮ ਦਾ ਸੰਗੀਤ ਗਾਇਕਾ ਲਤਾ ਮੰਗੇਸ਼ਕਰ ਦੇ ਭਰਾ ਹਿਰਦੇ ਮੰਗੇਸ਼ਕਰ ਨੇ ਦਿੱਤਾ ਸੀ ਜਿਸ ਲਈ ਉਨ੍ਹਾਂ ਨੂੰ ਰਾਸ਼ਟਰੀ ਪੁਰਸਕਾਰ ਵੀ ਮਿਲਿਆ। ਫ਼ਿਲਮ ਦਾ ਗਾਣਾ, 'ਮੈਂ ਏਕ ਸਦੀ ਸੇ ਬੈਠੀ ਹੂੰ, ਇਸ ਰਾਹ ਸੇ ਕੋਈ ਗੁਜ਼ਰਾ ਨਹੀਂ, ਕੁਝ ਚਾਂਦ ਕੇ ਰੱਥ ਤੋਂ ਗੁਜ਼ਰੇ ਥੇ, ਪਰ ਚਾਂਦ ਸੇ ਕੋਈ ਉਤਰਾ ਨਹੀਂ' ਇਕੱਲਤਾ ਅਤੇ ਉਡੀਕ ਦੀ ਤਸਵੀਰ ਖਿੱਚਦਾ ਹੈ।

ਫ਼ਿਲਮ ਦਾ ਇੱਕ ਹੋਰ ਗਾਣਾ, 'ਸੁਰਮਈ ਸ਼ਾਮ ਇਸ ਤਰ੍ਹਾਂ ਆਏ, ਸਾਂਸ ਲੇਤੇ ਹੈ ਜਿਸ ਤਰ੍ਹਾਂ ਸਾਏ' ਜਜ਼ਬਾਤੀ ਕਿਸਮ ਦਾ ਗਾਣਾ ਹੈ। ਬਾਕੀ ਗਾਣੇ ਰਾਜਸਥਾਨੀ ਲੋਕ ਗੀਤਾਂ ਦੀਆਂ ਧੁਨਾਂ 'ਤੇ ਆਧਾਰਿਤ ਹਨ। 'ਸੁਨਿਓ ਜੀ ਅਰਜ਼ ਮਹਾਰੀ', 'ਕੇਸਰੀਆ ਬਾਲਮ', 'ਝੂਠੇ ਨੈਨਾ ਬੋਲੇ ਸੱਚੀ ਬਤੀਆ', ਅਤੇ 'ਦਿਲ ਮੇ ਲੇ ਕੇ ਤੁਮਹਾਰੀ ਯਾਦ ਚਲੇ' ਜਿੰਨੀ ਖੂਬਸੂਰਤੀ ਨਾਲ ਫ਼ਿਲਮ ਵਿੱਚ ਫ਼ਿਲਮਾਏ ਗਏ ਹਨ, ਉਹ ਗੁਲਜ਼ਾਰ ਵਰਗਾ ਸੰਵੇਦਨਸ਼ੀਲ ਨਿਰਦੇਸ਼ਕ ਹੀ ਕਰ ਸਕਦਾ ਹੈ।
[home] [1] 2  [prev.]1-5 of 6


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਟੈਸਟ ਟਿਊਬ ਬੇਬੀ ਪੈਦਾ ਕਰਨ ਦੀ ਮਹਤੱਵਪੂਰਨ ਖੋਜ 'ਤੇ ਅਧਾਰਿਤ
ਪੂਰੇ ਮੁਲਕ ਦੁਆਰਾ ਕੀਤੇ ਕਤਲ ਦੀ ਚਸ਼ਮਦੀਦ ਫ਼ਿਲਮ 'ਏਕ ਡਾਕਟਰ ਦੀ ਮੌਤ'
06.07.17 - ਕੁਲਦੀਪ ਕੌਰ
ਪੂਰੇ ਮੁਲਕ ਦੁਆਰਾ ਕੀਤੇ ਕਤਲ ਦੀ ਚਸ਼ਮਦੀਦ ਫ਼ਿਲਮ 'ਏਕ ਡਾਕਟਰ ਦੀ ਮੌਤ'1991 ਵਿਚ ਆਈ ਫ਼ਿਲਮ 'ਏਕ ਡਾਕਟਰ ਦੀ ਮੌਤ' ਨਿਰਦੇਸ਼ਕ ਤਪਨ ਸਿਨਹਾ ਦੀ ਆਖਰੀ ਫ਼ਿਲਮ ਸੀ। ਇਹ ਫ਼ਿਲਮ ਇੱਕ ਬੰਗਾਲੀ ਡਾਕਟਰ ਦੁਆਰਾ ਟੈਸਟ ਟਿਊਬ ਬੇਬੀ ਪੈਦਾ ਕਰਨ ਦੀ ਮਹਤੱਵਪੂਰਨ ਖੋਜ ਕਰਨ ਤੋਂ ਬਾਅਦ ਉਸ ਨਾਲ ਵਾਪਰੀਆਂ ਤ੍ਰਾਸਦੀਆਂ ਨੂੰ ਮੁਲਕ ਦੇ ਆਵਾਮ ਦੀ ਕਚਹਿਰੀ ਵਿੱਚ ਪੇਸ਼ ਕਰਦੀ ਫ਼ਿਲਮ ਹੈ।

ਪਹਿਲੀ ਤ੍ਰਾਸਦੀ ਉਸ ਨਾਲ ਇਸਲਈ ਵਾਪਰਦੀ ਹੈ ਕਿ ਉਹ ਭਾਰਤ ਵਰਗੇ ਮਾੜੇ-ਧੀੜ੍ਹੇ ਦੇਸ਼ ਵਿੱਚ ਪੈਦਾ ਹੋ ਕੇ ਅਜਿਹੀ ਮਹਤੱਵਪੂਰਨ ਖੋਜ ਕਰਨ ਵਿੱਚ ਕਾਮਯਾਬ ਕਿਵੇਂ ਹੋ ਗਿਆ ਕਿਉਂਕਿ ਅਜਿਹੀਆਂ 'ਮਹਾਨ ਖੋਜਾਂ' ਤਾਂ ਸਿਰਫ ਪੱਛਮੀ ਸਾਇੰਸਦਾਨ ਹੀ ਕਰ ਸਕਦੇ ਹਨ? ਇਹੀ ਸਵਾਲ ਕਦੇ ਨਾ ਕਦੇ ਹਰਗੋਬਿੰਦ ਖੁਰਾਣਾ ਅਤੇ ਰੁਚੀ ਰਾਮ ਸਾਹਨੀ ਨੂੰ ਵੀ ਪੁੱਛੇ ਗਏ ਹੋਣਗੇ। ਇਹ ਸਵਾਲ ਉਸ ਸਮੇਂ ਹੋਰ ਵੀ ਜ਼ਿਆਦਾ ਦੁੱਖਦਾਈ ਅਤੇ ਬੇਦਰਦ ਹੋ ਨਿਬੜਦੇ ਹਨ ਜਦੋਂ ਵਿਗਿਆਨ ਤੇ ਕਲਾ ਦੀ ਲੌਅ ਨੂੰ ਪ੍ਰਣਾਈਆਂ ਇਨ੍ਹਾਂ ਜਿੰਦੜੀਆਂ ਲਈ ਸੂਲੀ ਤਿਆਰ ਕਰਨ ਵਾਲੀ ਇਨ੍ਹਾਂ ਦੀ ਆਪਣੀ ਸਰਕਾਰ, ਸਮਾਜ ਤੇ ਆਵਾਮ ਹੋਵੇ।

ਦੂਜੀ ਤ੍ਰਾਸਦੀ ਉਸ ਦੇ ਕੰਮ ਦੀ ਹੁੰਦੀ ਬੇਕਦਰੀ ਹੈ। ਆਪਣਾ ਸਾਰਾ ਕੁਝ ਦਾਅ 'ਤੇ ਲਾ ਕੇ ਕਲਾ, ਵਿਗਿਆਨ ਤੇ ਸਾਹਿਤ ਦੇ ਖੇਤਰਾਂ ਵਿੱਚ ਯੁੱਗ ਪਲਟਾਉਣ ਵਾਲਿਆਂ ਦਾ ਸਫਰ ਇੰਨਾ ਇਕੱਲਾ, ਜੋਖਮ ਭਰਿਆ ਤੇ ਰੂਹ ਨੂੰ ਛਿੱਲ ਦੇਣ ਵਾਲਾ ਕਿਉਂ ਹੁੰਦਾ ਹੈ? ਇਸ ਫ਼ਿਲਮ ਦੀ ਪ੍ਰੇਰਣਾ ਬਣਨ ਵਾਲਾ ਡਾਕਟਰ ਵੀ ਟੈਸਟ ਟਿਊਬ ਬੇਬੀ ਦੀ ਖੋਜ ਦੀ ਕਲਗੀ ਅਮਰੀਕਣਾਂ ਦੇ ਸਿਰ ਸਜਣ ਤੋਂ ਨਿਰਾਸ਼ ਹੋਇਆ ਖੁਦਕੁਸ਼ੀ ਕਰ ਜਾਂਦਾ ਹੈ ਪਰ ਫ਼ਿਲਮ ਵਿੱਚ ਤਪਨ ਸਿਨਹਾ ਆਪਣੇ ਸਿਰਜੇ ਕਿਰਦਾਰ ਡਾਕਟਰ ਦੀਪਾਂਕਰ ਰਾਏ ਨੂੰ ਮਰਨ ਨਹੀਂ ਦਿੰਦਾ। ਸਾਰਥਿਕ ਸਿਨੇਮਾ ਦੀ ਖੂਬਸੂਰਤੀ ਹੀ ਜ਼ਿੰਦਗੀ ਅਤੇ ਉਮੀਦ ਦੇ ਹੱਕ ਵਿੱਚ ਖੜ੍ਹਨ ਵਿੱਚ ਹੈ।

ਫ਼ਿਲਮ ਵਿੱਚ ਡਾਕਟਰ ਦੀਪਾਂਕਰ ਰਾਏ (ਪੰਕਜ ਕਪੂਰ) ਇੱਕ ਸਰਕਾਰੀ ਡਾਕਟਰ ਹੈ ਜੋ ਆਪਣੇ ਘਰ ਵਿੱਚ ਹੀ ਇੱਕ ਪ੍ਰਯੋਗਸ਼ਾਲਾ ਤਿਆਰ ਕਰਦਾ ਹੈ ਜਿੱਥੇ ਉਹ ਦਿਨ ਭਰ ਨੌਕਰੀ ਕਰਨ ਤੋਂ ਬਾਅਦ ਆਪਣੀ ਪਤਨੀ ਅਤੇ ਆਲੇ-ਦੁਆਲੇ ਤੋਂ ਬੇਖਬਰ ਦਿਨ-ਰਾਤ ਕੋਹੜ ਦੀ ਬਿਮਾਰੀ ਦਾ ਟੀਕਾ ਬਣਾਉਣ ਲਈ ਰੁੱਝਿਆ ਰਹਿੰਦਾ ਹੈ। ਵਰ੍ਹਿਆਂ ਬੱਧੀ ਮਿਹਨਤ ਕਰਣ ਤੋਂ ਬਾਅਦ ਉਹ ਕੋਹੜ ਦਾ ਟੀਕਾ ਤਿਆਰ ਕਰ ਲੈਂਦਾ ਹੈ। ਉਸ ਦੁਆਰਾ ਤਿਆਰ ਕੀਤਾ ਟੀਕਾ ਬਾਂਝਪਣ ਨੂੰ ਵੀ ਦੂਰ ਕਰ ਸਕਦਾ ਹੈ। ਜਦੋਂ ਉਹ ਇਸ ਖੋਜ ਬਾਰੇ ਆਪਣੇ ਉੱਚ-ਅਧਿਕਾਰੀ ਨਾਲ ਗੱਲ ਕਰਦਾ ਹੈ ਤਾਂ ਉਹ ਖੋਜ ਦੀ ਪ੍ਰਮਾਣਕਿਤਾ 'ਤੇ ਸਵਾਲ ਖੜ੍ਹੇ ਕਰਦਾ ਹੈ। ਡਾਕਟਰ ਦਾ ਪੱਤਰਕਾਰ ਦੋਸਤ ਉਸ ਦੀ ਇਸ ਖੋਜ ਲਈ ਸਹਾਇਤਾ ਦੇ ਮੰਤਵ ਨਾਲ ਇਸ ਬਾਰੇ ਅਖਬਾਰ ਵਿੱਚ ਖਬਰ ਲਿਖ ਦਿੰਦਾ ਹੈ। ਕਲਕੱਤੇ ਦੇ ਬਾਂਝਪਣ ਮਾਹਿਰਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਕਿਉਂਕਿ ਬੱਚਾ ਪੈਂਦਾ ਕਰਨ ਦੀ ਸਮਾਜਿਕ ਜ਼ਰੂਰਤ ਅਤੇ ਭਾਵਨਾਤਮਕ ਸ਼ੋਸ਼ਣ 'ਤੇ ਹੀ ਤਾਂ ਉਨ੍ਹਾਂ ਦਾ ਸਾਰਾ ਕਾਰੋਬਾਰ ਟਿਕਿਆ ਹੋਇਆ ਹੈ। ਹੁਣ ਇੱਕ ਮਾਮੂਲੀ ਟੀਕਾ ਉਨ੍ਹਾਂ ਦੀ ਕਰੋੜਾਂ ਦੀ ਕਮਾਈ ਕਿਵੇਂ ਨਿਗਲ ਸਕਦਾ ਹੈ। ਉਹ ਮਿਲ ਕੇ ਡਾਕਟਰ ਦੀ ਆਲੋਚਨਾ ਸ਼ੁਰੂ ਕਰ ਦਿੰਦੇ ਹਨ। ਡਾਕਟਰ ਦੀ ਖੋਜ ਕਲਪਨਾ 'ਤੇ ਆਧਾਰਿਤ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਹੌਲੀ-ਹੌਲੀ ਸਰਕਾਰੀ ਅਧਿਕਾਰੀ ਉਸ ਨੂੰ ਆਨੀ-ਬਹਾਨੀ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੇ ਹਨ। ਉਸ ਦੇ ਡਾਕਟਰੀ ਕੰਮ ਵਿੱਚ ਉਸ ਦਾ ਆਪਣਾ ਵਿਭਾਗ ਹਾਸੋਹੀਣੀਆਂ ਗਲਤੀਆਂ ਕੱਢਣ ਲੱਗਦਾ ਹੈ। ਆਖਰੀ ਹਥਿਆਰ ਦੇ ਤੌਰ 'ਤੇ ਉਸ ਦੀ ਬਦਲੀ ਇੱਕ ਦੂਰ-ਦੁਰਾਡੇ ਪਿੰਡ ਵਿੱਚ ਕਰ ਦਿੱਤੀ ਜਾਂਦੀ ਹੈ ਤਾਂ ਕਿ ਉਹ ਆਪਣੇ ਖੋਜ-ਪੱਤਰ ਪੂਰੇ ਨਾ ਕਰ ਸਕੇ।

ਅਜਿਹੇ ਸਮੇਂ ਉਸ ਲਈ ਇੱਕ ਉਮੀਦ ਦੀ ਕਿਰਨ ਉਦੋਂ ਜਗਦੀ ਹੈ, ਜਦੋਂ ਉਸ ਦਾ ਇੱਕ ਸੀਨੀਅਰ ਡਾਕਟਰ ਉਸ ਦੀ ਖੋਜ ਦੇ ਸਿੱਟਿਆਂ ਦਾ ਇੱਕ ਖਰੜਾ ਅਮਰੀਕਾ ਦੀ ਇੱਕ ਨਾਮੀ ਡਾਕਟਰੀ ਸੰਸਥਾ ਨੂੰ ਭੇਜਦਾ ਹੈ। ਕਿਉਂਕਿ ਉਸ ਦਾ ਆਪਣਾ ਤਜਰਬਾ ਹੈ ਕਿ ਜਿੰਨਾ ਮਰਜ਼ੀ ਮਹਤੱਵਪੂਰਨ ਖੋਜ ਜਾਂ ਕੰਮ ਹੋਵੇ ਜਦ ਤੱਕ ਉਸ 'ਤੇ ਕਿਸੇ ਪੱਛਮੀ ਸੰਸਥਾ ਦੀ ਮਾਨਤਾ ਦਾ ਠੱਪਾ ਨਹੀਂ ਲੱਗੇਗਾ, ਇਸ ਮੁਲਕ ਵਿੱਚ ਉਸ ਦੀ ਕੋਈ ਵੁੱਕਤ ਨਹੀਂ। ਅਮਰੀਕਨ ਸੰਸਥਾ ਜਾਨ ਐਂਡਰਸਨ ਫਾਊਂਡੇਸ਼ਨ ਆਪਣੇ ਪ੍ਰਤੀਨਿਧੀ ਡਾਕਟਰ ਇਮਾਇਲੀ ਨੂੰ ਉਸ ਪਿੰਡ ਵਿੱਚ ਭੇਜਦੀ ਹੈ ਜਿੱਥੇ ਡਾਕਟਰ ਰਾਏ ਦੀ ਬਦਲੀ ਕਰ ਦਿੱਤੀ ਗਈ ਹੈ। ਉਹ ਉਸ ਦੀ ਖੋਜ ਅਤੇ ਤੱਥਾਂ ਤੋਂ ਬੇਹੱਦ ਪ੍ਰਭਾਵਿਤ ਹੁੰਦੀ ਹੈ ਤੇ ਜਲਦੀ ਤੋਂ ਜਲਦੀ ਸਾਰਾ ਲਿਖਤੀ ਖਰੜਾ ਭੇਜਣ ਦੀ ਤਾਕੀਦ ਕਰਦੀ ਹੈ।

ਦੋਸਤਾਂ-ਮਿੱਤਰਾ ਦੇ ਸਾਂਝੇ ਯਤਨਾਂ ਸਦਕਾ ਡਾਕਟਰ ਰਾਏ ਦੀ ਬਦਲੀ ਦੁਬਾਰਾ ਕਲਕੱਤੇ ਹੋ ਜਾਂਦੀ ਹੈ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਹੈ। ਉਸ ਨੂੰ ਪਤਾ ਚਲਦਾ ਹੈ ਕਿ ਇੱਕ ਵੱਕਾਰੀ ਸੰਸਥਾ ਨੇ ਟੀਕਾ ਬਣਾਉਣ ਦੀ ਮਨਜ਼ੂਰੀ ਲੈਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਦੋ ਵਿਗਿਆਨੀਆਂ ਨੂੰ ਇਸ ਲਈ ਸਨਮਾਨਿਤ ਵੀ ਕੀਤਾ ਜਾ ਰਿਹਾ ਹੈ। ਦਿਲਚਸਪ ਤੱਥ ਇਹ ਹੁੰਦਾ ਹੈ ਕਿ ਟੀਕਾ ਵਿਕਸਤ ਕਰਨ ਦੀ ਪੂਰੀ ਪ੍ਰਕਿਰਿਆ ਡਾਕਟਰ ਰਾਏ ਵਾਲੀ ਹੀ ਹੈ। ਹੈਰਾਨੀ ਵਿੱਚ ਉਸ ਦੇ ਮੂੰਹੋਂ ਨਿਕਲਦਾ ਹੈ, 'ਮੈਨੂੰ ਪਤਾ ਸੀ ਕਿ ਮੇਰੀ ਖੋਜ ਝੂਠ ਨਹੀਂ ਹੋ ਸਕਦੀ।'

ਇਸ ਤਰ੍ਹਾਂ ਸਾਰਾ ਮੁਲਕ ਆਪਣੀ ਤੰਗ-ਦਿਲੀ ਨਾਲ ਆਪਣੀ ਹੀ ਪ੍ਰਤਿਭਾ ਦਾ ਕਤਲ ਕਰ ਲੈਂਦਾ ਹੈ। ਬਦਕਿਸਮਤੀ ਨਾਲ ਇਹ ਵਰਤਾਰਾ ਹੁਣ ਵੀ ਬਿਨ੍ਹਾਂ ਕਿਸੇ ਸ਼ਰਮਿੰਦਗੀ ਤੋਂ ਜਾਰੀ ਹੈ।
[home] [1] 2  [prev.]1-5 of 6


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER