ਮਨੋਰੰਜਨ

Monthly Archives: JULY 2016


ਅੱਬਾਸ ਦੁਆਰਾ ਨਿਰਦੇਸ਼ਿਤ 'ਨਯਾ ਸੰਸਾਰ' ਹੈ ਪੱਤਰਕਾਰਤਾ 'ਤੇ ਬਣੀ ਪਹਿਲੀ ਫ਼ਿਲਮ
ਪੱਤਰਕਾਰਤਾ ਆਧਾਰਿਤ ਫ਼ਿਲਮਾਂ ਬਣਾਉਣ ਵਿੱਚ ਮਾਹਿਰ ਸਨ ਖੁਆਜਾ ਅਹਿਮਦ ਅੱਬਾਸ
28.07.16 - ਕੁਲਦੀਪ ਕੌਰ
ਪੱਤਰਕਾਰਤਾ ਆਧਾਰਿਤ ਫ਼ਿਲਮਾਂ ਬਣਾਉਣ ਵਿੱਚ ਮਾਹਿਰ ਸਨ ਖੁਆਜਾ ਅਹਿਮਦ ਅੱਬਾਸਬੀ.ਆਰ. ਚੋਪੜਾ ਦੀਆਂ ਫ਼ਿਲਮਾਂ ਵਿੱਚੋਂ 'ਗੁਮਰਾਹ', 'ਹਮਰਾਜ਼' ਤੇ 'ਧੁੰਦ' ਦਾ ਜ਼ਿਕਰ ਜ਼ਰੂਰੀ ਹੈ। 'ਗੁਮਰਾਹ' ਫ਼ਿਲਮ ਦੀ ਪਟਕਥਾ ਹੋਵੇ ਜਾਂ 'ਹਮਰਾਜ਼' ਫ਼ਿਲਮ ਦਾ ਪਲਾਟ ਬੀ.ਆਰ.ਚੋਪੜਾ ਦੀਆਂ ਫ਼ਿਲਮਾਂ ਵਿਚ ਉੱਚ-ਵਰਗ ਦੀਆਂ ਪ੍ਰੇਮ-ਕਹਾਣੀਆਂ ਨੂੰ ਰਹੱਸ ਅਤੇ ਦੁਵਿਧਾ ਦੀ ਚਾਸ਼ਨੀ ਵਿੱਚ ਲਪੇਟ ਕੇ ਪੇਸ਼ ਕੀਤਾ ਜਾਂਦਾ ਰਿਹਾ। ਇਨ੍ਹਾਂ ਵਿੱਚੋਂ ਜ਼ਿਆਦਾਤਰ ਹਾਲਾਤ ਦੀ ਕਸ਼ਮਕਸ਼ ਵਿਚ ਫਸੇ ਨੌਜਵਾਨ ਮੁੰਡੇ-ਕੁੜੀਆਂ ਦੀ ਭਾਵੁਕਤਾ ਅਤੇ ਬੇਬਸੀ ਦੀਆਂ ਕਹਾਣੀਆਂ ਸਨ। ਕਹਾਣੀ ਵਿਚ ਕਿਰਦਾਰਾਂ ਦਾ ਜਿਊਣ-ਢੰਗ ਆਦਰਸ਼ਵਾਦੀ ਹੁੰਦਾ ਸੀ ਤੇ ਆਮ ਤੌਰ 'ਤੇ ਫ਼ਰਜ਼, ਕੁਰਬਾਨੀ, ਆਪਸੀ ਪ੍ਰੇਮ ਨੂੰ ਲੋੜੋਂ ਵੱਧ ਮਹੱਤਤਾ ਦਿੱਤੀ ਜਾਂਦੀ ਸੀ। 'ਹਮਰਾਜ਼' ਜਿਸ ਨੂੰ ਬੀ.ਆਰ. ਚੋਪੜਾ ਦੀ ਸ਼ਾਹਕਾਰ ਫ਼ਿਲਮ ਮੰਨਿਆ ਜਾਂਦਾ ਹੈ, ਵਿਚ ਇਨ੍ਹਾਂ ਤੱਤਾਂ ਨੂੰ ਵਾਚਿਆ ਜਾ ਸਕਦਾ ਹੈ। ਫ਼ਿਲਮ ਦਾ ਸਭ ਤੋਂ ਖੂਬਸੂਰਤ ਪੱਖ ਇਸ ਦੇ ਗੀਤ ਸਨ, ਜਿਨ੍ਹਾਂ ਨੂੰ ਸਾਹਿਰ ਲੁਧਿਆਣਵੀ ਨੇ ਲਿਖਿਆ ਅਤੇ ਮਹਿੰਦਰ ਕਪੂਰ ਨੇ ਗਾਇਆ ਸੀ। ਫ਼ਿਲਮ ਦੇ ਗੀਤ, 'ਨੀਲੇ ਗਗਨ ਕੇ ਤਲੇ, ਧਰਤੀ ਦਾ ਪਿਆਰ ਪਲੇ', 'ਨਾ ਮੂੰਹ ਛੁਪਾ ਕੇ ਜੀਓ ਔਰ ਨਾ ਸਿਰ ਝੁਕਾ ਕੇ ਜੀਓ' ਅਤੇ 'ਤੁਮ ਅਗਰ ਸਾਥ ਦੇਨੇ ਕਾ ਵਾਅਦਾ ਕਰੋ' ਆਦਿ ਨੌਜਵਾਨ ਦਿਲਾਂ ਦੀ ਧੜਕਣ ਬਣ ਗਏ।

ਵੀ. ਸ਼ਾਂਤਾਰਾਮ, ਗੁਰੂ ਦੱਤ, ਬਿਮਲ ਰਾਏ, ਬੀ.ਆਰ.ਚੋਪੜਾ ਤੋਂ ਬਿਨਾਂ ਇੱਕ ਅਜਿਹੇ ਨਿਰਦੇਸ਼ਕ ਦਾ ਜ਼ਿਕਰ ਸਿਨੇਮਾ ਵਿਚ ਬਹੁਤ ਮਾਣ ਨਾਲ ਕੀਤਾ ਜਾਂਦਾ ਹੈ ਜਿਨ੍ਹਾਂ ਦੀਆਂ ਬਣਾਈਆਂ ਫ਼ਿਲਮਾਂ ਨੇ ਇੱਕ ਵੱਖਰੀ ਕਿਸਮ ਦਾ ਤਲਿੱਸਮ ਅਤੇ ਆਦਰਸ਼ਵਾਦ ਪਰਦੇ 'ਤੇ ਸਾਕਾਰ ਕੀਤਾ।

ਮਹਿਬੂਬ ਖਾਨ ਦੁਆਰਾ 1940 ਵਿਚ ਬਣਾਈ ਫ਼ਿਲਮ 'ਔਰਤ' ਕਈ ਪੱਖਾਂ ਤੋਂ ਜ਼ਿਕਰਯੋਗ ਹੈ। ਸ਼ਾਇਦ ਇਹ ਭਾਰਤੀ ਔਰਤ ਨੂੰ ਸਿਨੇਮਾ ਵੱਲੋਂ ਭੇਂਟ ਕੀਤਾ ਭਾਵੁਕ ਸਤਿਕਾਰ ਸੀ। ਇਸੇ ਫ਼ਿਲਮ ਨੂੰ ਮਹਿਬੂਬ ਖਾਨ ਨੇ ਜਦੋਂ 'ਮਦਰ-ਇੰਡੀਆ' ਦੇ ਨਾਮ ਨਾਲ ਦੁਬਾਰਾ ਤੋਂ ਬਣਾਇਆ ਤਾਂ ਫ਼ਿਲਮ ਦੇ 'ਮਾਂ' ਦੇ ਕਿਰਦਾਰ ਨੇ ਸਿਨੇਮਾ ਵਿਚ ਔਰਤ ਨੂੰ ਨਵੇਂ ਸਿਰਿਓਂ ਪਰਿਭਾਸ਼ਿਤ ਕਰ ਦਿੱਤਾ। ਫ਼ਿਲਮ ਵਿਚ ਨਰਗਿਸ ਦੁਆਰਾ ਨਿਭਾਇਆ 'ਮਾਂ' ਦਾ ਕਿਰਦਾਰ ਨੈਤਿਕ ਸੁੱਚਤਾ ਅਤੇ ਆਦਰਸ਼ਵਾਦੀ ਔਰਤ ਲਈ ਇੱਕ ਅਜਿਹਾ ਪੈਮਾਨਾ ਬਣ ਗਿਆ ਜਿਸ ਨੇ ਮਾਂ ਅਤੇ ਰਾਸ਼ਟਰ, ਮਾਂ ਅਤੇ ਆਦਰਸ਼, ਮਾਂ ਅਤੇ ਕੁਰਬਾਨੀ ਵਰਗੀਆਂ ਧਾਰਨਾਵਾਂ ਨੂੰ ਇੱਕ-ਮਿੱਕ ਕਰ ਦਿੱਤਾ। ਇਹ ਫ਼ਿਲਮ ਇਸ ਲਈ ਵੀ ਮਹੱਤਵਪੂਰਨ ਹੈ ਕਿ ਫ਼ਿਲਮ ਵਿਚ ਪਹਿਲੀ ਵਾਰ ਮਾਂ-ਪੁੱਤ ਦੇ ਰਿਸ਼ਤੇ ਵਿਚਲੇ 'ਓਡੀਪਸ ਕੰਪਲੈਕਸ' ਵੱਲ ਇਸ਼ਾਰਾ ਕੀਤਾ ਗਿਆ। ਦਿਲਚਸਪ ਤੱਥ ਇਹ ਹੈ ਕਿ ਇਸ ਫ਼ਿਲਮ ਦੇ ਕਿਰਦਾਰ ਰਾਹੀਂ ਰਾਮਾਇਣ ਵਿਚਲੀ ਸੀਤਾ, ਰਾਧਾ-ਕ੍ਰਿਸ਼ਨ ਪ੍ਰੇਮ ਕਥਾ ਵਿਚਲੀ ਰਾਧਾ, ਸੱਵਿਤਰੀ, ਦਰੌਪਦੀ, ਧਰਤੀ-ਮਾਤਾ, ਲਕਸ਼ਮੀ ਅਤੇ ਭਾਰਤ ਮਾਤਾ ਦੇ ਅਲੱਗ-ਅਲੱਗ ਰੰਗ ਲੱਭੇ ਜਾ ਸਕਦੇ ਹਨ। ਦੂਜੇ ਪਾਸੇ ਕਈ ਫ਼ਿਲਮ ਆਲੋਚਕ ਇਸ ਫ਼ਿਲਮ ਨੂੰ ਇਸ ਪੱਖੋਂ ਵੀ ਮਹੱਤਵਪੂਰਨ ਮੰਨਦੇ ਹਨ ਕਿ ਫ਼ਿਲਮ ਵਿਚ ਰਾਧਾ ਦਾ ਕਿਰਦਾਰ ਜਿਵੇਂ ਇੱਕ ਦੱਬੀ-ਕੁਚਲੀ ਪਤਨੀ ਤੋਂ ਆਜ਼ਾਦ-ਖ਼ਿਆਲ ਮਾਂ ਵਿਚ ਢਲਦਾ ਹੈ, ਇਸ ਨੇ ਕੁਝ ਹੱਦ ਤੱਕ ਭਾਰਤੀ ਸਿਨੇਮਾ ਵਿਚ ਔਰਤ ਦੇ ਕਿਰਦਾਰ ਨਾਲ ਜੁੜੀਆਂ ਧਾਰਨਾਵਾਂ ਨੂੰ ਤੋੜਨ ਵਿਚ ਹਿੱਸਾ ਪਾਇਆ ਹੈ।

ਮਹਿਬੂਬ ਖ਼ਾਨ ਅਤੇ ਬਿਮਲ ਰਾਏ ਦੀਆਂ ਫ਼ਿਲਮਾਂ ਨੂੰ ਸਮਾਜਿਕ-ਯਥਾਰਥਿਕ ਸਿਨੇਮਾ ਦੀ ਸ਼੍ਰੇਣੀ ਵਿਚ ਰੱਖਿਆ ਜਾਂਦਾ ਹੈ। ਦੂਜੇ ਪਾਸੇ ਗੁਰੂ ਦੱਤ ਅਤੇ ਵੀ. ਸ਼ਾਂਤਾਰਾਮ ਦਾ ਸਿਨੇਮਾ ਭਾਵਨਾ, ਤਰਕ ਅਤੇ ਯਥਾਰਥਵਾਦੀ ਆਦਰਸ਼ਾਂ ਦੇ ਗੁਣਗਾਨ ਦਾ ਸਿਨੇਮਾ ਹੈ। ਇਨ੍ਹਾਂ ਨਿਰਦੇਸ਼ਕਾਂ ਦੀਆਂ ਫ਼ਿਲਮਾਂ ਦੇ ਵਿਸ਼ੇ-ਵਸਤੂ, ਸੰਗੀਤ ਅਤੇ ਫ਼ਿਲਮਾਂਕਣ ਦਾ ਢੰਗ ਇਨ੍ਹਾਂ ਨੂੰ ਇੱਕ ਦੂਜੇ ਨਾਲੋਂ ਵੱਖਰਾ ਕਰਦਾ ਹੈ। ਇਹ ਸਾਰੇ ਫ਼ਿਲਮਸਾਜ਼ ਬੇਹਤਰ ਸਮਾਜ ਸਿਰਜਣ ਦਾ ਸੁਪਨਾ ਦੇਖਦੇ ਹਨ, ਬੇਬਸੀ ਤੇ ਬੇਕਸੀ ਤੋਂ ਹਤਾਸ਼ ਕਿਰਦਾਰਾਂ ਨੂੰ ਚੰਗਿਆਈ ਵੱਲ ਜਾਂਦਿਆਂ ਦਿਖਾਉਂਦੇ ਹਨ। ਇਨ੍ਹਾਂ ਤੋਂ ਥੋੜ੍ਹੀ ਵਿੱਥ 'ਤੇ ਖੜ੍ਹ ਕੇ ਰਾਜਕਪੂਰ ਤੇ ਕੇ. ਏ. ਅੱਬਾਸ 'ਜਾਗਤੇ ਰਹੋ' ਦਾ ਹੋਕਾ ਦਿੰਦੇ ਹਨ। ਇਨ੍ਹਾਂ ਦਾ ਸਿਨੇਮਾ ਰੁਮਾਂਟਿਕ ਲੀਹਾਂ ਦੇ ਸਫੇ ਅੱਗੇ ਪਲਟਦਿਆਂ ਸਮਾਜਿਕ ਮੁੱਦਿਆਂ ਦੀਆਂ ਇੱਧਰ-ਉੱਧਰ ਬਿਖਰੀਆਂ ਤੰਦਾਂ ਨੂੰ ਸਮੇਟਦਾ ਹੈ।

ਖੁਆਜਾ ਅਹਿਮਦ ਅੱਬਾਸ ਭਾਰਤੀ ਸਿਨੇਮਾ ਵਿੱਚ ਅਜਿਹੇ ਪਹਿਲੇ ਪੱਤਰਕਾਰ ਸਨ ਜਿਨ੍ਹਾਂ ਨੇ ਪੱਤਰਕਾਰੀ ਖੇਤਰ ਦੀਆਂ ਘਟਨਾਵਾਂ ਨੂੰ ਆਧਾਰ ਬਣਾ ਕੇ ਲਿਖੀਆਂ ਕਹਾਣੀਆਂ 'ਤੇ ਅਨੇਕਾਂ ਫ਼ਿਲਮਾਂ ਬਣਾਈਆਂ। ਫ਼ਿਲਮ ਨਿਰਦੇਸ਼ਕ ਤੋਂ ਬਿਨਾਂ ਉਹ ਵਧੀਆ ਸਕਰੀਨ ਪਲੇਅ ਲੇਖਕ ਸਨ, ਤਤਕਾਲੀ ਸਿਆਸਤ 'ਤੇ ਤਿੱਖੀਆਂ ਟਿੱਪਣੀਆਂ ਕਰਦੀਆਂ ਕਹਾਣੀਆਂ ਲਿਖਦੇ ਸਨ। ਇਸ ਤੋਂ ਵੀ ਦਿਲਚਸਪ ਤੱਥ ਇਹ ਹੈ ਕਿ ਜਿੱਥੇ ਖੱਬੇ-ਪੱਖੀ ਸਿਆਸਤ ਵਿੱਚ ਉਨ੍ਹਾਂ ਨੂੰ ਬੁਰਜ਼ੂਆ ਗਿਣਿਆ ਜਾਂਦਾ ਸੀ, ਉੱਥੇ ਲੱਖਾਂ-ਕਰੋੜਾਂ ਵਿੱਚ ਖੇਡਣ ਵਾਲਾ ਤਬਕਾ ਉਨ੍ਹਾਂ ਨੂੰ ਕਮਿਊਨਿਸਟ ਵਿਚਾਰਧਾਰਕ ਪ੍ਰਚਾਰਕ ਦੇ ਤੌਰ 'ਤੇ ਪਛਾਣਦਾ ਸੀ।

ਅਲੀਗੜ੍ਹ ਮੁਸਿਲਮ ਯੂਨੀਵਰਸਿਟੀ ਤੋਂ ਵਕਾਲਤ ਦੀ ਡਿਗਰੀ ਲੈਣ ਤੋਂ ਬਾਅਦ ਅੱਬਾਸ ਬੰਬਈ ਆ ਗਏ ਜਿੱਥੇ ਉਨ੍ਹਾਂ ਨੇ ਅਖਬਾਰ 'ਬੰਬੇ ਕਰਾਨੀਕਲ' ਵਿੱਚ ਨੌਕਰੀ ਕਰ ਲਈ। ਬੰਗਾਲ ਦੇ ਆਕਾਲ 'ਤੇ ਬੇਹੱਦ ਮਾਰਮਿਕ ਫ਼ਿਲਮ 'ਧਰਤੀ ਕੇ ਲਾਲ' ਉਨ੍ਹਾਂ ਨੇ ਸੰਨ 1945 ਵਿੱਚ ਨਿਰਦੇਸ਼ਿਤ ਕੀਤੀ। ਇਸ ਫ਼ਿਲਮ ਦਾ ਨਿਰਮਾਣ 'ਇਪਟਾ' ਨੇ ਕੀਤਾ ਸੀ। 1947 ਵਿੱਚ ਉਨ੍ਹਾਂ ਨੇ ਫ਼ਿਲਮ 'ਆਜ ਔਰ ਕੱਲ' ਬਣਾਈ ਜਿਸ ਦਾ ਨਿਰਮਾਣ ਲਾਹੌਰ ਦੇ 'ਚਿੱਤਰਾ ਪ੍ਰੋਡਕਸ਼ਨ' ਨੇ ਕੀਤਾ ਸੀ। ਫ਼ਿਲਮ ਫਲਾਪ ਰਹੀ।

1951 ਵਿੱਚ ਅੱਬਾਸ ਨੇ 'ਨਯਾ ਸੰਸਾਰ' ਦੇ ਬੈਨਰ ਹੇਠ ਆਪਣੀ ਪ੍ਰੋਡਕਸ਼ਨ ਕੰਪਨੀ ਸ਼ੁਰੂ ਕੀਤੀ। ਇਸ ਕੰਪਨੀ ਦੀ ਪਹਿਲੀ ਫ਼ਿਲਮ ਰਿਲੀਜ਼ ਹੋਈ 'ਅਨਹੋਨੀ'। ਇਸ ਵਿੱਚ ਮੁੱਖ ਅਦਾਕਾਰ ਸਨ ਰਾਜਕਪੂਰ ਜਿਨ੍ਹਾਂ ਲਈ ਬਾਅਦ ਵਿੱਚ ਉਨ੍ਹਾਂ ਨੇ ਅਨੇਕਾਂ ਫ਼ਿਲਮਾਂ ਦੀਆਂ ਪਟਕਥਾਵਾਂ ਲਿਖੀਆਂ। ਜਿਵੇਂ ਗੁਰੁ ਦੱਤ ਦੀਆਂ ਫ਼ਿਲਮਾਂ ਦੀ ਸਫਲਤਾ ਅਬਰਾਰ ਅਲਵੀ ਦੇ ਦਮ 'ਤੇ ਟਿਕੀ ਹੋਈ ਸੀ ਰਾਜ ਕਪੂਰ ਦੀਆਂ ਫ਼ਿਲਮਾਂ ਦਾ ਵਿਚਾਰਧਾਰਕ ਚੌਖਟਾ ਅੱਬਾਸ ਦੀ ਸਿਆਸੀ ਸਮਝ 'ਤੇ ਖੜ੍ਹਾ ਸੀ। ਆਪਣੀ ਇਸ ਫ਼ਿਲਮ ਤੋਂ ਪਹਿਲਾਂ ਉਹ ਵੀ. ਸ਼ਾਂਤਾਰਾਮ ਦੀ ਸਫਲ ਫ਼ਿਲਮ 'ਡਾ. ਕੋਟਨਿਸ ਕੀ ਅਮਰ ਕਹਾਣੀ' ਅਤੇ ਸ੍ਰੀ ਚੇਤਨ ਆਨੰਦ ਦੀ ਫ਼ਿਲਮ 'ਨੀਚਾ ਨਗਰ' ਦੀ ਪਟਕਥਾ ਵੀ ਲਿਖ ਚੁੱਕੇ ਸਨ।

1942-1955 ਦੇ ਸਮੇਂ ਦੌਰਾਨ ਹੀ ਉਨ੍ਹਾਂ ਨੇ ਆਪਣਾ ਵੱਡ-ਆਕਾਰੀ ਨਾਵਲ 'ਇਨਕਲਾਬ' ਲਿਖਿਆ। ਲਿਖਣ ਤੋਂ ਬਾਅਦ ਜਦੋਂ ਉਹ ਪ੍ਰਕਾਸ਼ਕ ਕੋਲ ਨਾਵਲ ਲੈ ਕੇ ਪਹੁੰਚੇ ਤਾਂ ਉਸ ਨੇ ਇਸ ਦੇ ਬਹੁਤ ਸਾਰੇ ਹਿੱਸਿਆਂ 'ਤੇ ਕੈਂਚੀ ਮਾਰਨ ਦਾ ਸੁਝਾਅ ਦਿੱਤਾ ਜਿਸ ਨੂੰ ਅੱਬਾਸ ਨੇ ਸਵੀਕਾਰ ਨਾ ਕੀਤਾ। 1945 ਵਿੱਚ ਇਹ ਨਾਵਲ ਜਦੋਂ ਸੋਵੀਅਤ ਯੂਨੀਅਨ ਵਿੱਚ 90,000 ਦੀ ਗਿਣਤੀ ਵਿੱਚ ਛਪਿਆ ਤਾਂ ਹੱਥੋਂ-ਹੱਥ ਵਿੱਕ ਗਿਆ। ਇਸ ਤੋਂ ਬਾਅਦ ਇਹ ਜਰਮਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵਿਕਿਆ। ਭਾਰਤ ਵਿੱਚ ਇਸ ਦਾ ਹਿੰਦੀ ਰੂਪ 1976 ਵਿੱਚ ਛਪਿਆ।

ਅੱਬਾਸ ਦੁਆਰਾ ਨਿਰਦੇਸ਼ਿਤ ਫ਼ਿਲਮ 'ਨਯਾ ਸੰਸਾਰ' ਨੂੰ ਪੱਤਰਕਾਰਤਾ 'ਤੇ ਬਣੀ ਪਹਿਲੀ ਫ਼ਿਲਮ ਹੋਣ ਦਾ ਮਾਣ ਪ੍ਰਾਪਤ ਹੈ। ਇਸ ਫ਼ਿਲਮ ਦੀ ਪਟਕਥਾ ਅਤੇ ਫ਼ਿਲਮ ਦਾ ਕੇਂਦਰੀ ਨੁਕਤਾ ਅੱਬਾਸ ਦੇ ਪੱਤਰਕਾਰੀ ਵਿੱਚ ਹੱਡੀ ਹੰਢਾਏ ਤਜਰਬਿਆਂ 'ਤੇ ਆਧਾਰਿਤ ਸੀ। ਇਸ ਫ਼ਿਲਮ ਨੂੰ ਕਾਫੀ ਸਫਲਤਾ ਮਿਲੀ। ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰਭਾਤ ਫ਼ਿਲਮ ਕੰਪਨੀ, ਨਵਯੁੱਗ ਚਿੱਤਰਪੱਟ ਦੀਆਂ ਕਈ ਫਿਲਮਾਂ ਦੀਆਂ ਪਟਕਥਾਵਾਂ ਵੀ ਲਿਖੀਆਂ ਪਰ ਇਹ ਪਟਕਥਾਵਾਂ ਜਦੋਂ ਫ਼ਿਲਮਾਂ ਦੇ ਰੂਪ ਵਿੱਚ ਉਨ੍ਹਾਂ ਸਾਹਮਣੇ ਆਈਆਂ ਤਾਂ ਇਨ੍ਹਾਂ ਦੇ ਵਿਗਾੜੇ ਰੂਪ ਲਈ ਉਨ੍ਹਾਂ ਨੇ ਨਿਰਦੇਸ਼ਕਾਂ ਦੀ ਤਿੱਖੀ ਆਲੋਚਨਾ ਕੀਤੀ। 'ਨਯਾ ਸੰਸਾਰ' ਭਾਰਤੀ ਸਿਨੇਮਾ ਦੀ ਪਹਿਲੀ ਅਜਿਹੀ ਫ਼ਿਲਮ ਸੀ ਜਿਸ ਵਿੱਚ ਕਿਰਦਾਰਾਂ ਨੂੰ ਡਬਲ ਰੋਲ ਵਿੱਚ ਪੇਸ਼ ਕੀਤਾ ਗਿਆ।

1954 ਵਿੱਚ ਉਨ੍ਹਾਂ ਨੇ ਫ਼ਿਲਮ ਨਿਰਦੇਸ਼ਿਤ ਕੀਤੀ 'ਮੁੰਨਾ'। ਇਸ ਫ਼ਿਲਮ ਦੇ ਮੁੱਖ ਅਦਾਕਾਰ ਸਨ ਡੇਵਿਡ, ਜਗਦੀਪ ਅਤੇ ਮਨਮੋਹਣ ਕ੍ਰਿਸ਼ਨ। ਇਹ ਫ਼ਿਲਮ ਅੱਬਾਸ ਦੀਆਂ ਪਹਿਲੀਆਂ ਫ਼ਿਲਮਾਂ ਨਾਲੋਂ ਬਿਲਕੁੱਲ ਵੱਖਰੀ ਕਿਸਮ ਦੀ ਫ਼ਿਲਮ ਸੀ। ਇਹ ਇੱਕ ਅਜਿਹੇ ਬੱਚੇ ਦੀ ਕਹਾਣੀ 'ਤੇ ਆਧਾਰਿਤ ਸੀ ਜਿਸ ਦੀ ਮਾਂ ਉਸ ਨਾਲੋਂ ਵਿੱਛੜ ਜਾਂਦੀ ਹੈ ਤੇ ਉਹ ਉਸ ਦੀ ਤਲਾਸ਼ ਵਿੱਚ ਘਰੋਂ ਨਿਕਲਦਾ ਹੈ। ਇਸ ਫ਼ਿਲਮ ਵਿੱਚ ਨਾ ਤਾਂ ਕੋਈ ਬਾਕਸ ਆਫਿਸ ਨੂੰ ਰੁਝਾਉਣ ਦਾ ਫਾਰਮੂਲਾ ਤੇ ਮਸਾਲਾ ਸੀ, ਨਾ ਕੋਈ ਗੀਤ-ਸੰਗੀਤ ਸੀ, ਨਾ ਕੋਈ ਰੋਮਾਂਸ-ਰਹੱਸ ਮੌਜੂਦ ਸੀ, ਬੱਸ ਇੱਕ ਛੋਟਾ ਬੱਚਾ ਤੇ ਉਸ ਨਾਲ ਵਾਪਰ ਰਹੀਆਂ ਘਟਨਾਵਾਂ ਸਨ।

ਇਸ ਫ਼ਿਲਮ ਦੇ ਨਿਰਮਾਣ ਤੋਂ ਅਗਲੇ ਦੋ ਸਾਲਾਂ ਤੱਕ ਅੱਬਾਸ ਸੋਵੀਅਤ ਯੂਨੀਅਨ ਨਾਲ ਸਾਂਝੇ ਤੌਰ 'ਤੇ ਬਣ ਰਹੀ ਫ਼ਿਲਮ 'ਪਰਦੇਸੀ' 'ਤੇ ਕੰਮ ਕਰਦੇ ਰਹੇ। ਫ਼ਿਲਮ 'ਪਰਦੇਸੀ' ਵਿੱਚ ਨਰਗਿਸ, ਬਲਰਾਜ ਸਾਹਨੀ, ਪਦਮਿਨੀ ਅਤੇ ਡੇਵਿਡ ਵਰਗੇ ਅਦਾਕਾਰ ਸ਼ਾਮਿਲ ਸਨ। ਸੋਵੀਅਤ ਯੂਨੀਅਨ ਵਿੱਚ ਉਪਲਬਧ ਉੱਚ-ਪੱਧਰੀ ਸਿਨੇਮਾ ਤਕਨੀਕਾਂ ਅਤੇ ਸੁਹਜਾਤਮਕ ਹੁਨਰ ਨੇ ਫ਼ਿਲਮ 'ਪਰਦੇਸੀ' ਨੂੰ ਨਿਖਾਰ ਦਿੱਤਾ।

ਪਰ ਜਿਸ ਫ਼ਿਲਮ ਨੂੰ ਅੱਬਾਸ ਦੀ ਸ਼ਾਹਕਾਰ ਫ਼ਿਲਮ ਗਿਣਿਆ ਜਾਂਦਾ ਹੈ, ਉਹ ਸੀ 1963 ਵਿੱਚ ਰਿਲੀਜ਼ ਹੋਈ ਫ਼ਿਲਮ 'ਸ਼ਹਿਰ ਔਰ ਸਪਨਾ'। ਇਹ ਫ਼ਿਲਮ ਉਦਯੋਗੀਕਰਣ ਅਤੇ ਸ਼ਹਿਰੀਕਰਣ ਦੀ ਜ਼ੱਦ ਵਿੱਚ ਆਏ ਫੁੱਟਪਾਥ 'ਤੇ ਰਹਿਣ ਵਾਲੇ ਇੱਕ ਅਜਿਹੇ ਜੋੜੇ ਦੀ ਕਹਾਣੀ ਸੀ ਜਿਨ੍ਹਾਂ ਤੋਂ ਉਨ੍ਹਾਂ ਦਾ ਇੱਕਲੌਤਾ ਰੈਣ-ਬਸੇਰਾ (ਪਾਣੀ ਦੀ ਇੱਕ ਪੁਰਾਣੀ ਪਾਈਪ ਜਿਸ ਨੂੰ ਉਹ ਘਰ ਦੇ ਤੌਰ 'ਤੇ ਵਰਤਦੇ ਹਨ) ਵੀ ਖੋਹ ਲਿਆ ਜਾਂਦਾ ਹੈ। ਰੋਜ਼ਗਾਰ ਦੀ ਤਲਾਸ਼ ਵਿੱਚ ਪਿੰਡਾਂ ਤੋਂ ਸ਼ਹਿਰਾਂ ਵੱਲ ਧੱਕੇ ਗਏ ਬੇਬੱਸ ਲੋਕਾਂ ਨਾਲ ਸ਼ਹਿਰਾਂ ਦਾ 'ਸੂਝਵਾਨ' ਵਰਗ ਕਿਵੇਂ ਵਰਤਦਾ ਹੈ, ਇਸ ਨੂੰ ਸ਼ੰਵੇਦਨਸ਼ੀਲ ਢੰਗ ਨਾਲ ਪਰਦੇ 'ਤੇ ਉਤਾਰਿਆ ਗਿਆ। ਫ਼ਿਲਮ ਨੂੰ ਭਾਵੇਂ ਉਸ ਸਾਲ ਦੀ ਸਰਵੋਤਮ ਫ਼ਿਲਮ ਦਾ ਰਾਸ਼ਟਰੀ ਪੁਰਸਕਾਰ ਪ੍ਰਾਪਤ ਹੋਇਆ ਪਰ ਫ਼ਿਲਮ ਆਪਣੀ ਲਾਗਤ ਵਸੂਲਣ ਵਿੱਚ ਵੀ ਨਾਕਾਮਯਾਬ ਰਹੀ। ਬਾਅਦ ਵਿੱਚ ਅੱਬਾਸ ਨੇ ਇਸ ਤੱਥ ਦਾ ਵੀ ਖੁਲਾਸਾ ਕੀਤਾ ਕਿ ਵਿਚਾਰਧਾਰਕ ਕਾਰਨਾਂ ਕਰਕੇ ਨੈਸ਼ਨਲ ਫ਼ਿਲਮ ਡਿਵੈਂਲਪਮੈਂਟ ਕੌਂਸਲ ਨੇ ਵੀ ਫੰਡ ਦੇਣ ਤੋਂ ਇਨਕਾਰ ਕੀਤਾ ਸੀ। ਇਸ ਫ਼ਿਲਮ ਦੇ ਗੀਤਾਂ ਦਾ ਰੰਗ ਵੀ ਵੱਖਰਾ ਹੀ ਸੀ। 'ਹਜ਼ਾਰ ਘਰ ਹਜ਼ਾਰ ਦਰ, ਯੇ ਸਬ ਹੈ ਅਜਨਬੀ ਮਗਰ' ਅਤੇ 'ਪਿਆਰ ਕੋ ਆਜ ਨਈ ਤਰਹ ਸੇ ਨਿਭਾਨਾ ਹੋਗਾ' ਆਪਣੀ ਨਵੀਂ ਕਿਸਮ ਦੀ ਸ਼ੈਲੀ ਅਤੇ ਅਰਥਾਂ ਲਈ ਜਾਣੇ ਜਾਂਦੇ ਹਨ। ਅਸਲ ਵਿੱਚ ਤਾਂ ਅੱਬਾਸ ਦੀਆਂ ਸਾਰੀਆਂ ਫ਼ਿਲਮਾਂ ਹੀ ਨਵੀਂ ਉਮੀਦ ਅਤੇ ਨਵੀਆਂ ਸੰਭਾਵਨਾਵਾਂ ਦੀਆਂ ਫ਼ਿਲਮਾਂ ਸਨ।

ਅੱਬਾਸ ਦੀ ਅਗਲੀ ਫ਼ਿਲਮ ਦਾ ਨਾਮ ਸੀ, 'ਹਮਾਰਾ ਘਰ'। ਇਹ ਫ਼ਿਲਮ ਵੀ ਬੱਚਿਆਂ 'ਤੇ ਹੀ ਆਧਾਰਿਤ ਸੀ। ਫ਼ਿਲਮ ਬੇਸ਼ੱਕ ਭਾਰਤ ਵਿੱਚ ਅਸਫਲ ਰਹੀ ਪਰ ਇਸ ਨੂੰ ਸਪੇਨ, ਚੈਕਲੋਸਲਵਾਕੀਆ ਅਤੇ ਅਮਰੀਕਾ ਵਿੱਚ ਹੋਏ ਅੰਤਰਰਾਸ਼ਟਰੀ ਫ਼ਿਲਮ ਮੇਲਿਆਂ ਵਿੱਚ ਵੱਖ-ਵੱਖ ਇਨਾਮ ਮਿਲੇ।

1966 ਵਿੱਚ ਦੁਬਾਰਾ ਤੋਂ ਬੰਬਈ ਸ਼ਹਿਰ ਨੂੰ ਆਪਣੀ ਪਟਕਥਾ ਦਾ ਆਧਾਰ ਬਣਾਉਂਦਿਆਂ ਅੱਬਾਸ ਨੇ ਫ਼ਿਲਮ ਬਣਾਈ, 'ਬੰਬਈ ਰਾਤ ਕੀ ਬਾਹੋਂ ਮੇਂ'। ਇਸ ਫ਼ਿਲਮ ਵਿੱਚ ਦੋ ਨੌਜਵਾਨ ਮੁੰਡਿਆਂ ਅਤੇ ਤਿੰਨ ਨੌਜਵਾਨ ਕੁੜੀਆਂ ਦੀ ਜ਼ਿੰਦਗੀ ਦੀ ਇੱਕ ਰਾਤ ਦੇ ਸਫਰ ਰਾਹੀਂ ਉਨ੍ਹਾਂ ਦੇ ਸੁਪਨਿਆਂ, ਉਮੀਦਾਂ ਅਤੇ ਭਟਕਾਓ ਨੂੰ ਪਰਦੇ 'ਤੇ ਉਤਾਰਿਆ ਗਿਆ ਸੀ।

1967 ਵਿੱਚ ਗੋਆ ਦੇ ਆਜ਼ਾਦੀ ਸੰਗਰਾਮ ਵਿੱਚ ਸ਼ਾਮਿਲ ਛੇ ਨੌਜਵਾਨਾਂ ਅਤੇ ਇੱਕ ਕੁੜੀ ਦੇ ਸੰਘਰਸ਼ 'ਤੇ ਕੇਂਦਿਰਤ ਫ਼ਿਲਮ 'ਸਾਤ ਹਿੰਦਸਤਾਨੀ' ਅੱਬਾਸ ਦੁਆਰਾ ਬਣਾਈ ਅਜਿਹੀ ਫ਼ਿਲਮ ਹੈ ਜਿਸ ਨੇ ਪੱਤਰਕਾਰੀ ਦੇ ਤੱਥਾਂ ਨੂੰ ਸਿਨਮੇ ਦੇ ਕਲਾਤਮਿਕ ਮਾਧਿਅਮ ਰਾਹੀਂ ਪੇਸ਼ ਕੀਤਾ। ਇਹ ਫ਼ਿਲਮ ਅੱਬਾਸ ਦੇ ਕਰੀਬੀ ਸਾਥੀ ਮਧੂਕਰ ਦੁਆਰਾ ਗੋਆ ਦੇ ਆਜ਼ਾਦੀ ਸੰਗਰਾਮ ਬਾਰੇ ਇਕੱਠੇ ਕੀਤੇ ਤੱਥਾਂ 'ਤੇ ਆਧਰਿਤ ਸੀ। ਇਸ ਫ਼ਿਲਮ ਨੂੰ ਉਸ ਸਾਲ ਰਾਸ਼ਟਰੀ ਸਦਭਾਵਨਾ 'ਤੇ ਬਣੀ ਸਰਬੋਤਮ ਫ਼ਿਲਮ ਦਾ ਰਾਸ਼ਟਰੀ ਐਵਾਰਡ ਵੀ ਮਿਲਿਆ। ਇਹ ਫ਼ਿਲਮ ਅਮਿਤਾਬ ਬੱਚਨ ਦੇ ਕੈਰੀਅਰ ਦੀ ਵੀ ਮਹਤੱਵਪੂਰਣ ਫ਼ਿਲਮ ਗਿਣੀ ਜਾਂਦੀ ਹੈ।

ਆਪਣੀ ਅਗਲੀ ਫ਼ਿਲਮ 'ਦੋ ਬੂੰਦ ਪਾਨੀ' ਲਈ ਅੱਬਾਸ ਆਪਣੀ ਟੀਮ ਨੂੰ ਲੈ ਕੇ ਰਾਜਸਥਾਨ ਦੇ ਮਾਰੂਥਲੀ ਇਲਾਕੇ ਵਿੱਚ ਗਏ ਜਿੱਥੇ ਅਸਲ ਵਿੱਚ ਹੀ ਪਾਣੀ ਲੋਕਾਂ ਲਈ ਜਿਊਣ-ਮਰਣ ਦਾ ਮਸਲਾ ਬਣਿਆ ਹੋਇਆ ਸੀ। ਇਸ ਫ਼ਿਲਮ ਨੂੰ ਵੀ ਸਦਭਾਵਨਾ ਲਈ ਸਰਬੋਤਮ ਫ਼ਿਲਮ ਦਾ ਐਵਾਰਡ ਮਿਲਿਆ।

ਅੱਬਾਸ ਜਿੱਥੇ ਇੱਕ ਜਾਗਰੂਕ ਨਿਰਦੇਸ਼ਕ ਸਨ, ਉੱਥੇ ਉਹ ਆਪਣੇ ਸਮੇਂ ਦੀਆਂ ਅਗਾਂਹਵਾਧੂ ਲਹਿਰਾਂ ਨਾਲ ਜੁੜੇ ਇੱਕ ਸੰਵੇਦਨਸ਼ੀਲ ਲੇਖਕ ਵੀ ਸਨ। ਉਨ੍ਹਾਂ ਦਾ ਸਿਨਮਾ ਦੇ ਪੱਖ ਵਿੱਚ ਮਹਾਤਮਾ ਗਾਂਧੀ ਨੂੰ ਲਿਖਿਆ ਹੋਇਆ ਜਨਤਕ ਪੱਤਰ ਇਸ ਲਈ ਇੱਕ ਇਤਿਹਾਸਕ ਦਸਤਾਵੇਜ਼ ਦਾ ਦਰਜਾ ਰੱਖਦਾ ਹੈ ਕਿ ਇਸ ਪੱਤਰ ਰਾਹੀਂ ਉਹ ਆਧੁਨਿਕਤਾ ਅਤੇ ਵਿਗਿਆਨਕ ਸੋਚ ਨੂੰ ਸਿਨੇਮਾ ਦਾ ਜ਼ਰੂਰੀ ਖਾਸਾ ਹੋਣ ਦਾ ਐਲਾਨ ਕਰਦੇ ਹਨ।
[home] 1-5 of 5


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਸਲਮਾਨ ਬਣੇ ਕਿਸਮਤ ਦੇ ਸੁਲਤਾਨ, ਕਾਲਾ ਹਿਰਣ-ਚਿੰਕਾਰਾ ਸ਼ਿਕਾਰ ਕੇਸ ਵਿੱਚ ਜੇਲ੍ਹ ਜਾਣ ਤੋਂ ਬਚੇ, ਕੋਰਟ ਵਲੋਂ ਬਰੀ
25.07.16 - ਪੀ ਟੀ ਟੀਮ
ਸਲਮਾਨ ਬਣੇ ਕਿਸਮਤ ਦੇ ਸੁਲਤਾਨ, ਕਾਲਾ ਹਿਰਣ-ਚਿੰਕਾਰਾ ਸ਼ਿਕਾਰ ਕੇਸ ਵਿੱਚ ਜੇਲ੍ਹ ਜਾਣ ਤੋਂ ਬਚੇ, ਕੋਰਟ ਵਲੋਂ ਬਰੀਰਾਜਸਥਾਨ ਹਾਈ ਕੋਰਟ ਨੇ ਕਾਲੇ ਹਿਰਣ ਅਤੇ ਚਿੰਕਾਰਾ ਸ਼ਿਕਾਰ ਕੇਸ ਵਿੱਚ ਬਾਲੀਵੁੱਡ ਐਕਟਰ ਸਲਮਾਨ ਖਾਨ ਨੂੰ ਵੱਡੀ ਰਾਹਤ ਦਿੱਤੀ। ਕੋਰਟ ਦੀ ਕਾਰਵਾਈ ਸ਼ੁਰੂ ਹੁੰਦੇ ਹੀ ਸਲਮਾਨ ਨੂੰ ਬਰੀ ਕਰਨ ਦਾ ਫੈਸਲਾ ਸੁਣਾਇਆ ਗਿਆ। ਮਾਮਲੇ ਵਿੱਚ 12 ਆਰੋਪੀ ਸਨ, ਜਿਨ੍ਹਾਂ ਵਿਚੋਂ 11 ਨੂੰ ਬਰੀ ਕੀਤਾ ਜਾ ਚੁੱਕਿਆ ਹੈ। ਇਸਦਾ ਫਾਇਦਾ ਸਲਮਾਨ ਨੂੰ ਮਿਲਿਆ।

ਰਾਜਸਥਾਨ ਸਰਕਾਰ ਹੁਣ ਹਾਈ ਕੋਰਟ ਦੇ ਇਸ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਅਪੀਲ ਕਰੇਗੀ।

ਕਾਲਾ ਹਿਰਣ ਸ਼ਿਕਾਰ ਮਾਮਲੇ ਵਿੱਚ ਹੇਠਲੀ ਅਦਾਲਤ ਨੇ ਸਲਮਾਨ ਨੂੰ ਇੱਕ ਸਾਲ ਅਤੇ ਚਿੰਕਾਰਾ ਸ਼ਿਕਾਰ ਮਾਮਲੇ ਵਿੱਚ 5 ਸਾਲ ਦੀ ਸਜਾ ਸੁਣਾਈ ਸੀ।  ਜੇਕਰ ਹਾਈ ਕੋਰਟ ਹੇਠਲੀ ਅਦਾਲਤ ਦੇ ਫੈਸਲੇ ਨੂੰ ਕਾਇਮ ਰੱਖਦੀ, ਤਾਂ ਸਲਮਾਨ ਨੂੰ ਜੇਲ੍ਹ ਜਾਣਾ ਪੈ ਸਕਦਾ ਸੀ।

ਸਲਮਾਨ ਖਾਨ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਚੁਣੌਤੀ ਦਿੰਦੇ ਹੋਏ ਹਾਈ ਕੋਰਟ ਵਿੱਚ ਅਪੀਲ ਕੀਤੀ ਸੀ। ਹਾਈ ਕੋਰਟ ਨੇ ਮਈ ਦੇ ਆਖਰੀ ਹਫ਼ਤੇ ਵਿੱਚ ਮਾਮਲਿਆਂ ਦੀ ਸੁਣਵਾਈ ਪੂਰੀ ਕਰ ਲਈ ਸੀ।

ਕੋਰਟ ਦੇ ਇਸ ਫੈਸਲੇ ਉੱਤੇ ਸਲਮਾਨ ਖਾਨ ਦੇ ਵਕੀਲ ਨੇ ਕਿਹਾ, ਸਲਮਾਨ ਦੇ ਖਿਲਾਫ ਦੋ ਮੁਕੱਦਮੇ ਸਨ। ਇੱਕ ਵਿੱਚ 5 ਸਾਲ ਦੀ ਸਜਾ ਸੀ ਅਤੇ ਦੂਜੇ ਮਾਮਲੇ ਵਿੱਚ ਇੱਕ ਸਾਲ ਦੀ ਸਜਾ ਮਿਲੀ ਸੀ। ਦੋਵਾਂ ਦੇ ਖਿਲਾਫ ਹਾਈ ਕੋਰਟ ਵਿੱਚ ਅਪੀਲ ਕੀਤੀ ਗਈ ਸੀ। ਸਲਮਾਨ ਨੂੰ ਦੋਵਾਂ ਮਾਮਲਿਆਂ ਵਿੱਚ ਬਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੋਰਟ ਵਿੱਚ ਬਹਿਸ ਦੇ ਦੌਰਾਨ ਇਸ ਗੱਲ ਦੀ ਦਲੀਲ ਦਿੱਤੀ ਗਈ ਕਿ ਸਲਮਾਨ ਨੂੰ ਝੂਠੇ ਮਾਮਲੇ ਵਿੱਚ ਫਸਾਇਆ ਗਿਆ ਹੈ।

ਇਹ ਕੇਸ ਉਦੋਂ ਦਾ ਹੈ ਜਦੋਂ 1998 ਵਿੱਚ ਸਲਮਾਨ ਜੋਧਪੁਰ ਵਿੱਚ ਫ਼ਿਲਮ ਹਮ ਸਾਥ ਸਾਥ ਹੈਂ ਦੀ ਸ਼ੂਟਿੰਗ ਕਰ ਰਹੇ ਸਨ। ਦੋ ਵੱਖ ਵੱਖ ਮਾਮਲਿਆਂ 'ਚ ਸਲਮਾਨ 'ਤੇ ਕਾਲਾ ਹਿਰਣ ਅਤੇ ਚਿੰਕਾਰਾ ਦੇ ਗ਼ੈਰਕਾਨੂੰਨੀ ਸ਼ਿਕਾਰ ਕਰਨ ਦਾ ਦੋਸ਼ ਸੀ।

ਕੋਰਟ ਨੇ ਜਦੋਂ ਇਹ ਫੈਸਲਾ ਸੁਣਾਇਆ, ਉਸ ਵਕਤ ਉਨ੍ਹਾਂ ਦੀ ਭੈਣ ਅਲਵੀਰਾ ਵਕੀਲ ਦੇ ਨਾਲ ਕੋਰਟ ਵਿੱਚ ਮੌਜੂਦ ਸੀ। ਅੱਜ ਕੋਰਟ ਵਿੱਚ ਸਲਮਾਨ ਖਾਨ ਮੌਜੂਦ ਨਹੀਂ ਸਨ। ਇਸ ਤੋਂ ਪਹਿਲਾਂ ਜਦੋਂ ਸਲਮਾਨ ਖਾਨ ਇਸ ਮਾਮਲੇ ਵਿੱਚ ਸੁਣਵਾਈ ਲਈ ਪੁੱਜੇ ਸਨ ਤਾਂ ਉਨ੍ਹਾਂ ਨੇ ਕਿਹਾ ਸੀ ਕਿ ‘ਮੈਂ ਨਿਰਦੋਸ਼ ਹਾਂ।’

ਇਸ ਮਾਮਲੇ ਉੱਤੇ ਪ੍ਰਤੀਕਿਰਿਆ ਦਿੰਦੇ ਹੋਏ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਨੇ ਏਬੀਪੀ ਨਿਊਜ਼ ਨੂੰ ਕਿਹਾ ‘ਮੈਂ 15 ਸਾਲ ਤੋਂ ਚੁੱਪ ਹਾਂ ਅਤੇ ਹੁਣ ਵੀ ਚੁੱਪ ਰਹਾਂਗਾ।’

ਕੋਰਟ ਦੇ ਫੈਸਲੇ ਤੋਂ ਬਾਅਦ ਫ਼ਿਲਮ ਅਦਾਕਾਰ ਰਜਾ ਮੁਰਾਦ ਨੇ ਕਿਹਾ ਕਿ ਇਹ ਲੋਕਤੰਤਰ ਹੈ ਅਤੇ ਹਮੇਸ਼ਾ ਸੱਚਾਈ ਦੀ ਜਿੱਤ ਹੁੰਦੀ ਹੈ। ਉਨ੍ਹਾਂ ਨੇ ਫੈਸਲੇ ਉੱਤੇ ਖੁਸ਼ੀ ਜਤਾਉਂਦੇ ਹੋਏ ਕਿਹਾ ਕਿ ਸਲਮਾਨ ਖਾਨ ਹੁਣ ਕੇਸ ਦੇ ਮਾਮਲੇ ਤੋਂ ਨਿੱਬੜ ਗਏ ਹਨ, ਉਨ੍ਹਾਂ ਨੂੰ ਹੁਣ ਘਰ ਵਸਾ ਲੈਣਾ ਚਾਹੀਦਾ ਹੈ।
[home] 1-5 of 5


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਸਿਨੇਮਾ ਵਿੱਚ ਤ੍ਰਾਸਦੀ ਦਾ ਬਾਦਸ਼ਾਹ ਮੰਨਿਆ ਜਾਂਦਾ ਹੈ ਦਲੀਪ ਕੁਮਾਰ ਨੂੰ
18.07.16 - ਕੁਲਦੀਪ ਕੌਰ
ਸਿਨੇਮਾ ਵਿੱਚ ਤ੍ਰਾਸਦੀ ਦਾ ਬਾਦਸ਼ਾਹ ਮੰਨਿਆ ਜਾਂਦਾ ਹੈ ਦਲੀਪ ਕੁਮਾਰ ਨੂੰਰਾਜ ਕਪੂਰ ਦੇ ਜਾਦੂ ਦਾ ਸਮਾਂ ਦਲੀਪ ਕੁਮਾਰ ਉਰਫ ਮੁਹੰਮਦ ਯੂਸੁਫ਼ ਖਾਨ ਦਾ ਦੌਰ ਵੀ ਸੀ। ਦਲੀਪ ਕੁਮਾਰ ਪੇਸ਼ਾਵਰ ਨਾਲ ਸਬੰਧਤ ਸਨ ਅਤੇ ਉਨ੍ਹਾਂ ਦੇ ਪੁਰਖੇ ਹਿੰਦਕੋ ਬੋਲਣ ਵਾਲੇ ਕਬਾਇਲੀ ਸਨ। ਜਦੋਂ ਦਲੀਪ ਕੁਮਾਰ ਦੇ ਪਿਤਾ ਆਪਣੇ ਬਾਰ੍ਹਾਂ ਬੱਚਿਆਂ ਸਮੇਤ ਰੋਜ਼ੀ-ਰੋਟੀ ਦੀ ਤਲਾਸ਼ ਵਿੱਚ ਬੰਬਈ ਆਏ ਤਾਂ ਉਨ੍ਹਾਂ ਨੇ ਪਰਿਵਾਰ ਦੇ ਗੁਜ਼ਾਰੇ ਲਈ ਫਲਾਂ ਦੀ ਵੱਖ-ਵੱਖ ਸ਼ਹਿਰਾਂ ਵਿੱਚ ਸਪਲਾਈ ਕਰਨੀ ਸ਼ੁਰੂ ਕੀਤੀ। ਸੁਰਤ ਸੰਭਾਲਣ ’ਤੇ ਜਦੋਂ ਦਲੀਪ ਕੁਮਾਰ ਨੇ ਫ਼ਿਲਮਾਂ ਨਾਲ ਜੁੜਨ ਦੀ ਇੱਛਾ ਪ੍ਰਗਟ ਕੀਤੀ ਤਾਂ ਪਿਤਾ ਨੇ ਸਿਨੇਮਾ ਨੂੰ ਘਟੀਆ ਦਰਜੇ ਦੀ ਕਲਾ ਅਤੇ ਬੇਗੈਰਤੀ ਵਾਲਾ ਕੰਮ ਗਿਣਦਿਆਂ ਸਖਤੀ ਨਾਲ ਮਨ੍ਹਾਂ ਕਰ ਦਿੱਤਾ। ਹਤਾਸ਼ ਹੋ ਕੇ ਦਲੀਪ ਕੁਮਾਰ ਨੇ ਆਰਮੀ ਕੰਟੀਨ ਵਿੱਚ ਨੌਕਰੀ ਕਰ ਲਈ।
ਦਲੀਪ ਕੁਮਾਰ ਦੀ ਜ਼ਿੰਦਗੀ ਵਿੱਚ ਵੱਡਾ ਮੋੜ ਉਦੋਂ ਆਇਆ ਜਦੋ ਉਨ੍ਹਾਂ ਦੀ ਮੁਲਾਕਾਤ ਬੰਬੇ ਟਾਕੀਜ਼ ਦੇ ਸੰਸਥਾਪਕ ਹਿੰਮਾਸ਼ੂ ਰਾਏ ਅਤੇ ਦੇਵਿਕਾ ਰਾਣੀ ਨਾਲ ਹੋਈ। ਦੇਵਿਕਾ ਰਾਣੀ ਨੇ ਉਨ੍ਹਾਂ ਨੂੰ ਆਪਣੀ ਆਉਣ ਵਾਲੀ ਫ਼ਿਲਮ ‘ਜਵਾਰਭਾਟਾ’ ਵਿੱਚ ਮੁੱਖ ਭੂਮਿਕਾ ਲਈ ਸਾਈਨ ਕਰ ਲਿਆ। ਉਨ੍ਹਾਂ ਦਾ ਨਾਮ ‘ਦਲੀਪ ਕੁਮਾਰ’ ਹਿੰਦੀ ਦੇ ਪ੍ਰਸਿੱਧ ਲੇਖਕ ਸ੍ਰੀ ਭਗਵਤੀ ਚਰਨ ਵਰਮਾ ਨੇ ਰੱਖਿਆ।
 
ਫ਼ਿਲਮ ‘ਜਵਾਰਭਾਟਾ’ ਨੂੰ ਬੰਗਾਲ ਦੇ ਨੌਜਵਾਨ ਨਿਰਦੇਸ਼ਕ ਅਮੀਆ ਚੱਕਰਵਰਤੀ ਨੇ ਨਿਰਦੇਸ਼ਤ ਕੀਤਾ ਸੀ ਅਤੇ ਫ਼ਿਲਮ ਪੈਸੇ ਵਸੂਲਣ ਵਿੱਚ ਨਾਕਾਮਯਾਬ ਰਹੀ। ਪਰ ਫ਼ਿਲਮ ‘ਜੁਗਨੂੰ’ ਨੇ ਦਲੀਪ ਕੁਮਾਰ ਨੂੰ ਸਟਾਰ ਦਾ ਦਰਜਾ ਦਿਵਾ ਦਿੱਤਾ। ਇਸ ਫ਼ਿਲਮ ਵਿੱਚ ਦਲੀਪ ਕੁਮਾਰ ਨਾਲ ਮੁੱਖ ਭੂਮਿਕਾ ਵਿੱਚ ਸੀ ਨੂਰਜਹਾਂ। ਦਲੀਪ ਕੁਮਾਰ ਦਾ ਚਿਹਰਾ ਜਿਵੇਂ ਕਿਰਦਾਰ ਦੀਆਂ ਰੂਹ ਵਿੱਚਲੀਆਂ ਤਿਸ਼ਨਗੀਆਂ ਅਤੇ ਪੇਚਦਗੀਆਂ ਨੂੰ ਜ਼ੁਬਾਨ ਦੇ ਦਿੰਦਾ ਸੀ। ਦਲੀਪ ਕੁਮਾਰ ਦੀ ਅਦਾਕਾਰੀ ਵਿੱਚ ਨਾਟਕੀਅਤਾ ਦੀ ਥਾਂ ਇੱਕ ਸੁਭਾਵਿਕਤਾ ਸੀ। ਲੱਗਦਾ ਸੀ ਜਿਵੇਂ ਉਹ ਅਦਾਕਾਰੀ ਨਹੀਂ ਕਰ ਰਿਹਾ ਸਗੋਂ ਪਾਤਰ ਨੂੰ ਜਿਊਂ ਰਿਹਾ ਹੈ। ਇਸ ਤਰ੍ਹਾਂ ਦਲੀਪ ਕੁਮਾਰ ਨੇ ਪਾਰਸੀ ਥੀਏਟਰ ਦੀਆਂ ਕਾਇਮ ਕੀਤੀਆਂ ਅਦਾਕਾਰੀ ਲੀਹਾਂ ਤੋਂ ਵੱਖਰੀ ਸ਼ੈਲੀ ਨੂੰ ਜਨਮ ਦਿੱਤਾ ਜੋ ਇੱਕ ਦਮ ਦਰਸ਼ਕਾਂ ਵਿੱਚ ਮਕਬੂਲ ਹੋ ਗਈ।
 
1949 ਵਿੱਚ ਬਣੀ ਫ਼ਿਲਮ ‘ਅੰਦਾਜ਼’ ਵਿੱਚ ਪਹਿਲੀ ਵਾਰ ਰਾਜਕਪੂਰ, ਨਰਗਿਸ ਅਤੇ ਦਲੀਪ ਕੁਮਾਰ ਨੇ ਇੱਕਠਿਆਂ ਅਦਾਕਾਰੀ ਕੀਤੀ। ਮਹਿਬੂਬ ਖਾਨ ਦੇ ਨਿਰਦੇਸ਼ਨ ਵਿੱਚ ਬਣੀ ਇਸ ਫ਼ਿਲਮ ਦਾ ਵੱਖਰਾ ਹੀ ਰੰਗ ਸੀ। ਫ਼ਿਲਮ ਵਿੱਚ ਪਹਿਲੀ ਵਾਰ ਮੁਲਕ ਦੀ ਆਜ਼ਾਦੀ ਤੋਂ ਬਾਅਦ ਪੱਛਮੀ ਪ੍ਰਭਾਵ ਹੇਠ ਆਏ ਉੱਚ-ਵਰਗ ਦੇ ਕਿਰਦਾਰਾਂ ਨੂੰ ਪੇਸ਼ ਕੀਤਾ ਗਿਆ ਸੀ। ਫ਼ਿਲਮ ਸਫਲ ਰਹੀ ਪਰ ਰਾਜਕਪੂਰ ਅਤੇ ਦਲੀਪ ਕੁਮਾਰ ਨੇ ਫਿਰ ਕਦੇ ਇੱਕਠਿਆਂ ਕੰਮ ਨਹੀਂ ਕੀਤਾ।
 
ਦਲੀਪ ਕੁਮਾਰ ਦੇ ਫ਼ਿਲਮੀ ਗਰਾਫ ਵਿੱਚ ਦੂਜਾ ਵੱਡਾ ਯੋਗਦਾਨ ਸੀ ਫ਼ਿਲਮ ‘ਦੇਵਦਾਸ’ ਦਾ, ਜਿਸ ਨੇ ਸਿਨੇਮਾ ਵਿੱਚ ਮੁਹਬੱਤ ਨੂੰ ਇੱਕ ਨਵੇਂ ਤਰੀਕੇ ਨਾਲ ਪੇਸ਼ ਕਰਨ ਦੀ ਪਿਰਤ ਸ਼ੁਰੂ ਕੀਤੀ। ‘ਦੇਵਦਾਸ’ ਫ਼ਿਲਮ ਨੇ ਹੀ ਦਲੀਪ ਕੁਮਾਰ ਨੂੰ ‘ਟ੍ਰੈਜਿਡੀ ਕਿੰਗ’ ਦਾ ਰੁਤਬਾ ਦਿਵਾਇਆ। ਆਖਿਰ ਇਸ ਨਾਵਲ ਵਿੱਚ ਅਜਿਹਾ ਕੀ ਸੀ ਕਿ ਹਿੰਦੀ ਸਮੇਤ ਤਮਿਲ, ਤੇਲਗੂ, ਬੰਗਾਲੀ ਆਦਿ ਭਾਸ਼ਾਵਾਂ ਵਿੱਚ ਇਸ ’ਤੇ ਕੁੱਲ ਸਤਾਰ੍ਹਾਂ ਫ਼ਿਲਮਾਂ ਬਣੀਆਂ ਹਨ? ਇਨ੍ਹਾਂ ਫ਼ਿਲਮਾਂ ਨੇ ਜਿੱਥੇ ਕੁੰਦਨ ਲਾਲ ਸਹਿਗਲ, ਦਲੀਪ ਕੁਮਾਰ ਅਤੇ ਸ਼ਾਹਰੁਖ ਖਾਨ ਨੂੰ ਮਣਾਂਮੂੰਹੀ ਸ਼ੋਹਰਤ ਦਿੱਤੀ ਉੱਥੇ ਇਨ੍ਹਾਂ ਫ਼ਿਲਮਾਂ ਨੇ ਆਪਣੇ-ਆਪਣੇ ਸਮੇਂ ਦੀ ਨੌਜਵਾਨੀ ਨੂੰ ਇਸ ਹੱਦ ਤੱਕ ਨਿਰਾਸ਼ਤਾ ਅਤੇ ਬੇਗਾਨਗੀ ਵੱਲ ਜਾਣ ਲਈ ਪ੍ਰੇਰਿਤ ਕੀਤਾ ਕਿ ਇੱਕ ਇੰਟਰਵਿਊ ਵਿੱਚ ਸ਼ਰਤ ਚੰਦਰ ਚੈਟਰਜੀ ਨੂੰ ਦਲੀਪ ਕੁਮਾਰ ਵਾਲੀ ਫ਼ਿਲਮ ਤੋਂ ਬਾਅਦ ਇਹ ਕਹਿਣਾ ਪਿਆ ਕਿ ਜੇ ਮੈਨੂੰ ਪਤਾ ਹੁੰਦਾ ਕਿ ਇਹ ਨਾਵਲ ਇੱਦਾਂ ਸ਼ਰਾਬ ਬਣਕੇ ਨੌਜਵਾਨੀ ਦੀਆਂ ਰਗਾਂ ਵਿੱਚ ਵਹੇਗਾ ਤਾਂ ਮੈਂ ਇਸ ’ਤੇ ਫ਼ਿਲਮ ਬਣਾਉਣ ਦੀ ਕਦੇ ਇਜ਼ਾਜ਼ਤ ਨਾ ਦਿੰਦਾ।
 
‘ਦੇਵਦਾਸ’ ਤੋਂ ਪਹਿਲਾਂ ਦਲੀਪ ਕੁਮਾਰ ਨੂੰ ਫ਼ਿਲਮ ‘ਦਾਗ’ ਲਈ ਸਭ ਤੋਂ ਵਧੀਆ ਅਦਾਕਾਰ ਦਾ ਰਾਸ਼ਟਰੀ ਪੁਰਸਕਾਰ ਮਿਲ ਚੁੱਕਾ ਸੀ। ਕਿਸੇ ਅਦਾਕਾਰ ਨੂੰ ਬਿਹਰਤੀਨ ਅਦਾਕਾਰ ਦੇ ਤੌਰ ’ਤੇ ਮਿਲਣ ਵਾਲਾ ਇਹ ਪਹਿਲਾ ਪੁਰਸਕਾਰ ਸੀ। ‘ਦਾਗ’ ਤੋਂ ਹੀ ਆਵਾਜ਼ ਵਿਚਲੀ ਗਹਿਰਾਈ, ਡਾਇਲਾਗ ਨੂੰ ਬੋਲਣ ਦਾ ਢੰਗ, ਸਾਹਮਣੇ ਵਾਲੇ ਨੂੰ ਬੇਚੈਨ ਕਰ ਦੇਣ ਵਾਲੀ ਨਜ਼ਰ ਉਨ੍ਹਾਂ ਦਾ ਖਾਸ ਅੰਦਾਜ਼ ਬਣ ਗਏ।
 
1955 ਤੱਕ ਆਉਂਦਿਆਂ ਉਹ ‘ਜੋਗਨ’, ‘ਯਹੂਦੀ’ ਅਤੇ ‘ਉੜਨ-ਖਟੋਲਾ’ ਵਰਗੀਆਂ ਅਨੇਕ ਫ਼ਿਲਮਾਂ ਕਰ ਚੁੱਕੇ ਸਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਵਿੱਚ ਉਹ ਨਿਰਾਸ਼ ਪ੍ਰੇਮੀ ਜਾਂ ਉਦਾਸ ਇਨਸਾਨ ਦੀ ਭੂਮਿਕਾ ਵਿੱਚ ਸਨ। ਇਸ ਤੋਂ ਇਲਾਵਾ ਫ਼ਿਲਮ ‘ਫੁੱਟਪਾਥ’, ‘ਮੁਸਾਫਿਰ’ ਅਤੇ ‘ਪੈਗਾਮ’ ਰਾਹੀਂ ਉਨ੍ਹਾਂ ਨੇ ਸਮਾਜਿਕ ਤੇ ਯਥਾਰਥਵਾਦੀ ਸਿਨੇਮਾ ਵਿੱਚ ਵੀ ਕਾਫੀ ਨਾਮ ਕਮਾਇਆ ਸੀ। ਸ਼ਾਇਦ ਇਨ੍ਹਾਂ ਫ਼ਿਲਮਾਂ ਦੇ ਕਿਰਦਾਰਾਂ ਨਾਲ ਭਾਵੁਕਤਾ ਦਾ ਅਸਰ ਸੀ ਜਾਂ ਦਲੀਪ ਕੁਮਾਰ ਦੀਆਂ ਆਪਣੀਆਂ ਮਾਨਿਸਕ ਗੁੰਝਲਾਂ, ਉਨ੍ਹਾਂ ਨੂੰ ਮਨੋਵਿਗਿਆਨੀ ਦੀ ਮਦਦ ਲੈਣੀ ਪਈ। ਮਨੋਵਿਗਿਆਨੀ ਨੇ ਉਨ੍ਹਾਂ ਨੂੰ ਅਜਿਹੀਆਂ ਭੂਮਿਕਾਵਾਂ ਤੋਂ ਕੁਝ ਸਮੇਂ ਲਈ ਕਿਨਾਰਾ ਕਰਨ ਲਈ ਕਿਹਾ। ਨਤੀਜੇ ਵਜੋਂ ਦਰਸ਼ਕਾਂ ਨੂੰ ਦਲੀਪ ਕੁਮਾਰ ਦਾ ਇੱਕ ਵੱਖਰਾ ਰੂਪ ਦੇਖਣ ਨੂੰ ਮਿਲਿਆ। ਉਹ ਫ਼ਿਲਮ ‘ਕੋਹਿਨੂਰ’ ਅਤੇ ‘ਆਜ਼ਾਦ’ ਵਿੱਚ ਕਾਮੇਡੀ ਭੂਮਿਕਾਵਾਂ ਵਿੱਚ ਨਜ਼ਰ ਆਏ।

ਦਲੀਪ ਕੁਮਾਰ ਦੀਆਂ ਫ਼ਿਲਮਾਂ ਤੋਂ ਇਲਾਵਾ ਇਸ ਦੌਰ ਵਿੱਚ ਨਿਰਦੇਸ਼ਕ ਵੱਖ-ਵੱਖ ਵਿਸ਼ਿਆਂ ’ਤੇ ਫ਼ਿਲਮਾਂ ਬਣਾ ਰਹੇ ਸਨ। 1957 ਵਿੱਚ ਸੁਬੋਧ ਮੁਖਰਜੀ ਨੇ ਦੇਵਾਨੰਦ ਅਤੇ ਨੂਤਨ ਨੂੰ ਲੈ ਕੇ ਫ਼ਿਲਮ ਬਣਾਈ, ‘ਪੇਇੰਗ ਗੈਸਟ’।

ਇਹ ਦੌਰ ਸ਼ੰਮੀ ਕਪੂਰ ਵਰਗੇ ਅਲਬੇਲੇ ਨਾਇਕ ਦੇ ਉਭਰਣ ਦਾ ਦੌਰ ਵੀ ਸੀ, ਜਿਸ ਨੇ ਭਾਰਤੀ ਸਿਨੇਮਾ ਵਿੱਚ ਨਾਇਕ ਦੇ ਅਕਸ ਨੂੰ ਇੱਕ ਵੱਖਰੀ ਹੀ ਰੰਗਤ ਦਿੱਤੀ। ਨਾਸਿਰ ਹੁਸੈਨ ਦੁਆਰਾ ਨਿਰਦੇਸ਼ਿਤ ਪਹਿਲੀ ਹੀ ਫ਼ਿਲਮ ‘ਤੁਮ ਸਾ ਨਹੀਂ ਦੇਖਾ’ ਰਾਹੀ ਸ਼ੰਮੀ ਕਪੂਰ ਸਥਾਪਿਤ ਅਦਾਕਾਰਾਂ ਨੂੰ ਟੱਕਰ ਦੇਣ ਦੀ ਸਥਿਤੀ ਵਿੱਚ ਆ ਗਏ।

ਉਧਰ ਕਾਮੇਡੀ ਦੇ ਖੇਤਰ ਵਿੱਚ ਕਿਸ਼ੋਰ ਕੁਮਾਰ ਦਾ ਆਪਣਾ ਦਰਸ਼ਕ ਵਰਗ ਸੀ। ਫ਼ਿਲਮ ‘ਚਲਤੀ ਕਾ ਨਾਮ ਗਾੜੀ’ ਵਿੱਚ ਨਾਇਕ ਜਿੱਥੇ ਸਮਾਜਿਕ ਵਿਵਹਾਰ ’ਤੇ ਤਿੱਖਾ ਵਿਅੰਗ ਕਰਦਾ ਹੈ, ਉੱਥੇ ਹਲਕੇ-ਫੁਲਕੇ ਢੰਗ ਨਾਲ ਸਥਿਤੀਆਂ ਦਾ ਮੁਕਾਬਲਾ ਕਰਨ ਦਾ ਸੁਨੇਹਾ ਵੀ ਦਿੰਦਾ ਹੈ।
 
1958 ਵਿੱਚ ਹੀ ਸ਼ਕਤੀ ਸਾਮੰਤ ਦੀ ਫ਼ਿਲਮ ‘ਹਾਵੜਾ ਬ੍ਰਿਜ’ ਰਿਲੀਜ਼ ਹੋਈ। ਇਸ ਫ਼ਿਲਮ ਦੀ ਵਿਸ਼ੇਸ਼ ਖਿੱਚ ਸੀ ਇਸ ਫ਼ਿਲਮ ਦਾ ਸੰਗੀਤ ਅਤੇ ਗਾਣੇ। ਫ਼ਿਲਮ ਦੇ ਗਾਣੇ ‘ਆਈਏ ਮੇਹਰਬਾਨ’ ਅਤੇ ‘ਮੇਰਾ ਨਾਮ ਚੁਨਚੁਨ’ ਨੇ ਮਧੂਬਾਲਾ ਨੂੰ ਲੱਖਾਂ ਦਰਸ਼ਕਾਂ ਦੀ ਚਹੇਤੀ ਨਾਇਕਾ ਬਣਾ ਦਿੱਤਾ।
 
1958 ਵਿੱਚ ਹੀ ਆਈ ਫ਼ਿਲਮ ‘ਫਿਰ ਸੁਬਹ ਹੋਗੀ’। ਇਹ ਫ਼ਿਲਮ ਰੂਸ ਦੇ ਪ੍ਰਸਿਧ ਨਾਵਲਕਾਰ ਦੋਸਤੋਵਸਕੀ ਦੇ ਨਾਵਲ ‘ਕਰਾਈਮ ਐਂਡ ਪਨਿਸ਼ਮੈਂਟ’ ’ਤੇ ਆਧਾਰਿਤ ਸੀ। ਇਸ ਫ਼ਿਲਮ ਵਿੱਚ ਮੁੱਖ ਭੂਮਿਕਾਵਾਂ ਰਾਜ ਕਪੂਰ ਅਤੇ ਮਾਲਾ ਸਿਨਹਾ ਨੇ ਨਿਭਾਈਆਂ ਸਨ। ਫ਼ਿਲਮ ਦਾ ਕਥਾਨਿਕ ਬਹੁਤ ਹੀ ਮਾਰਮਿਕ ਅਤੇ ਉਸ ਸਮੇਂ ਬਣ ਰਹੇ ਸਿਨੇਮਾ ਨਾਲੋਂ ਵੱਖਰਾ ਸੀ। ਫ਼ਿਲਮ ਦਾ ਸੰਗੀਤ ਖੈਆਮ ਨੇ ਤਿਆਰ ਕੀਤਾ ਸੀ ਤੇ ਇਸ ਦੇ ਗੀਤਾਂ ਨੂੰ ਸਾਹਿਰ ਲੁਧਿਆਣਵੀ ਨੇ ਲਿਖਿਆ ਸੀ। ਫ਼ਿਲਮ ਦਾ ਗਾਣਾ, ‘ਵੋ ਸੁਬਹ ਕਭੀ ਤੋਂ ਆਏਗੀ’ ਆਪਣੀ ਪ੍ਰਸਤੁਤੀ ਅਤੇ ਉਮੀਦ ਦੇ ਰੰਗ ਕਾਰਣ ਬੇਹੱਦ ਮਕਬੂਲ ਹੋਇਆ। ਇਸ ਤੋਂ ਬਿਨਾਂ ‘ਚੀਨ-ਔਰ-ਅਰਬ ਹਮਾਰਾ, ਹਿੰਦੋਸਤਾਂ ਹਮਾਰਾ, ਰਹਿਨੇ ਕੋ ਘਰ ਨਹੀਂ ਹੈ, ਸਾਰਾ ਜਹਾਂ ਹਮਾਰਾ’ ਵਿਚਲੇ ਵਿਅੰਗ ਅਤੇ ਯਥਾਰਥ ਨੇ ਇਸ ਗਾਣੇ ਨੂੰ ਅਮਰ ਕਰ ਦਿੱਤਾ। ਇਸ ਫ਼ਿਲਮ ਦਾ ਤੀਜਾ ਗਾਣਾ ‘ਫਿਰ ਨਾ ਕੀਜੇ ਮੇਰੀ ਗੁਸਤਾਖ ਨਿਗਾਹੀਂ ਕਾ ਗਿਲਾ, ਦੇਖੀਏ ਆਪ ਨੇ ਫਿਰ ਪਿਆਰ ਸੇ ਦੇਖਾ ਮੁਝਕੋ’ ਸਿਰਫ ਸਾਹਿਰ ਵਰਗਾ ਸ਼ਾਇਰ ਹੀ ਲਿਖ ਸਕਦਾ ਸੀ।

1960 ਦੇ ਦੌਰ ਨੂੰ ਦੋ ਹੋਰ ਫ਼ਿਲਮਾਂ ਕਾਰਣ ਵੀ ਯਾਦ ਕੀਤਾ ਜਾਂਦਾ ਹੈ- ਪਹਿਲੀ ਸੀ ਫ਼ਿਲਮ, ‘ਗੂੰਜ ਉਠੀ ਸ਼ਹਿਨਾਈ’ ਅਤੇ ਦੂਸਰੀ ਸੀ ਫ਼ਿਲਮ, ‘ਧੂਲ ਕਾ ਫੂਲ’।
 
‘ਗੂੰਜ ਉਠੀ ਸ਼ਹਿਨਾਈ’ ਫ਼ਿਲਮ ਦੀ ਸਭ ਤੋ ਵੱਡੀ ਖਾਸੀਅਤ ਸੀ ਪ੍ਰਸਿੱਧ ਸ਼ਹਿਨਾਈ ਵਾਦਕ ਉਸਤਾਦ ਬਿੱਸਮਿਲਾ ਖਾਨ ਦੀ ਸ਼ਹਿਨਾਈ ਦੀਆਂ ਧੁੰਨਾਂ। ਫ਼ਿਲਮ ਦਾ ਬਿਰਤਾਂਤ ਵੀ ਇੱਕ ਸ਼ਹਿਨਾਈ ਵਾਦਕ ਦੀ ਜ਼ਿੰਦਗੀ ’ਤੇ ਆਧਾਰਿਤ ਸੀ।

‘ਧੂਲ ਕਾ ਫੂਲ’ ਫ਼ਿਲਮ ਨੂੰ ਬੀ.ਆਰ. ਚੌਪੜਾ ਦੇ ਭਰਾ ਯਸ਼ ਚੌਪੜਾ ਨੇ ਨਿਰਦੇਸ਼ਿਤ ਕੀਤਾ ਸੀ। ਇਸ ਫ਼ਿਲਮ ਵਿੱਚ ਮੁੱਖ ਅਦਾਕਾਰ ਸਨ ਰਾਜਿੰਦਰ ਕੁਮਾਰ, ਮਾਲਾ ਸਿਨਹਾ, ਲੀਨਾ ਚਿਟਨਿਸ ਅਤੇ ਨੰਦਾ। ਯਸ਼ ਚੌਪੜਾ ਉਸ ਸਮੇਂ ਸਤਾਈ ਸਾਲ ਦੇ ਨੌਜਵਾਨ ਸਨ ਅਤੇ ਜਵਾਹਰ ਲਾਲ ਨਹਿਰੂ ਤੋਂ ਬਹੁਤ ਪ੍ਰਭਾਵਿਤ ਸਨ। ਇਸ ਫ਼ਿਲਮ ਵਿੱਚ ਇੱਕ ਮੁਸਲਮਾਨ ਇੱਕ ਹਿੰਦੂ ਬੱਚੇ ਜੋ ਕਿ ਬਿਨਾਂ ਵਿਆਹ ਤੋਂ ਪੈਦਾ ਹੋਇਆ ਹੈ ਨੂੰ ਪਾਲਦਾ ਹੈ। ਫ਼ਿਲਮ ਦਾ ਗਾਣਾ, ‘ਤੂੰ ਹਿੰਦੂ ਬਨੇਗਾ ਨਾ ਮੁਸਲਮਾਨ ਬਨੇਗਾ, ਇਨਸਾਨ ਕੀ ਔਲਾਦ ਹੈ, ਇਨਸਾਨ ਬਨੇਗਾ’ ਨਹਿਰੂ ਦੀ ਧਰਮ-ਨਿਰਪੱਖਤਾ ਅਤੇ ਸਮਾਜਵਾਦੀ ਨੀਤੀਆਂ ਦਾ ਝਲਕਾਰਾ ਸੀ।
 
ਜੇ ਗੁਰੁ ਦੱਤ ਦੀਆਂ ਫ਼ਿਲਮਾਂ ਨੂੰ ਛੱਡ ਦਿੱਤਾ ਜਾਵੇ ਤਾਂ 1950 ਤੋਂ 1960 ਤੱਕ ਦਾ ਸਿਨੇਮਾ ਮੁੜ-ਘਿੜ ਕੇ ਰਾਸ਼ਟਰ ਨਵ-ਨਿਰਮਾਣ ਦੇ ਆਸ-ਪਾਸ ਘੁੰਮਦਾ ਨਜ਼ਰ ਆਉਂਦਾ ਹੈ। ਇਸ ਦੌਰ ਦੇ ਸਿਨੇਮਾ ਨੇ ਜਮਰੂਹੀਅਤ, ਧਰਮ-ਨਿਰਪੱਖਤਾ ਅਤੇ ਸਮਾਜਿਕ ਮੁੱਦਿਆਂ ਨੂੰ ਲੋਕਾਈ ਦੇ ਵੱਡੇ ਹਿੱਸਿਆਂ ਤੱਕ ਪਹੁੰਚਾਉਣ ਦਾ ਕੰਮ ਕੀਤਾ। ਨਵਾਂ-ਨਵਾਂ ਆਜ਼ਾਦ ਹੋਇਆ ਮੁਲਕ ਆਪਣੇ ਨੌਜਵਾਨਾਂ ’ਤੇ ਟੇਕ ਲਗਾਈ ਬੈਠਾ ਸੀ। ਸਿਨੇਮਾ ਇਸੇ ਨੌਜਵਾਨ ਨੂੰ ਨਵੀਆਂ ਰਾਹਾਂ ਦੀ ਤਲਾਸ਼ ਕਰਨ ਲਈ ਉਕਸਾ ਰਿਹਾ ਸੀ। ਰਾਜ ਕਪੂਰ ‘ਜਾਗਤੇ ਰਹੋ’ ਦਾ ਹੋਕਾ ਦੇ ਰਿਹਾ ਸੀ, ਬੀ.ਆਰ. ਚੌਪੜਾ ‘ਨਵੇਂ ਦੌਰ’ ਦਾ ਰਾਹ ਤਲਾਸ਼ ਰਿਹਾ ਸੀ, ਸ਼ੰਮੀ ਕਪੂਰ ਦਾ ‘ਜੰਗਲੀ’ ਵਾਲਾ ਪਿਆਰ ਦਰਸ਼ਕਾਂ ਦੇ ਗਲੇ ਉਤਰਨਾ ਸ਼ੁਰੂ ਹੋ ਗਿਆ ਸੀ।
 
1960 ਵਿੱਚ ਬਣੀ ਫ਼ਿਲਮ ‘ਮੁਗਲੇ-ਆਜ਼ਮ’ ਨੂੰ ਭਾਰਤੀ ਸਿਨੇਮਾ ਵਿੱਚ ਇੱਕ ਮੋੜ ਦੇ ਤੌਰ ’ਤੇ ਦੇਖਿਆ ਜਾ ਸਕਦਾ ਹੈ। ‘ਮੁਗਲੇ-ਆਜ਼ਮ’ ਦੇ ਨਿਰਦੇਸ਼ਕ ਕੇ.ਆਸਿਫ ਦੀ ਇਹ ਸ਼ਾਹਕਾਰ ਫ਼ਿਲਮ ਸੀ। ਇਹ ਫ਼ਿਲਮ ਲੱਗਭੱਗ ਦਸ ਸਾਲਾਂ ਵਿੱਚ ਪੂਰੀ ਹੋਈ। ਫ਼ਿਲਮ ਖੂਬਸੂਰਤ ਅਦਾਕਾਰਾ ਮਧੂਬਾਲਾ ਦੇ ਕੈਰੀਅਰ ਦੀ ਵੀ ਮਹਤੱਵਪੂਰਨ ਫ਼ਿਲਮ ਸੀ ਅਤੇ ਨਿੱਜੀ ਪੱਧਰ ’ਤੇ ਵੀ ਉਹ ਅਤੇ ਦਲੀਪ ਕੁਮਾਰ ਆਪਣੀ ਮਹੁਬੱਤ ਨੂੰ ਰੇਤ ਵਾਂਗ ਕਿਰਦਿਆਂ ਦੇਖ ਰਹੇ ਸਨ। ਫ਼ਿਲਮ ਦੇ ਦੂਜੇ ਅੱਧ ਤੋਂ ਬਾਅਦ ਉਨ੍ਹਾਂ ਦੀ ਆਪਸੀ ਗੱਲਬਾਤ ਵੀ ਬੰਦ ਹੋ ਚੁੱਕੀ ਸੀ। ਇਸ ਫ਼ਿਲਮ ਤੋਂ ਬਾਅਦ ਹੀ ਦਿਲ ਦੀ ਮਰੀਜ਼ ਹੋਣ ਕਾਰਣ ਡਾਕਟਰਾਂ ਨੇ ਮਧੂਬਾਲਾ ਨੂੰ ਨਵੀਆਂ ਭੂਮਿਕਾਵਾਂ ਸਾਈਨ ਕਰਨ ਤੋਂ ਮਨ੍ਹਾਂ ਕਰ ਦਿੱਤਾ।
 
ਇਸ ਫ਼ਿਲਮ ਤੋਂ ਬਾਅਦ ਦੇ ਸਿਨੇਮਾ ਵਿੱਚ ਜਿੱਥੇ ਇੱਕ ਪਾਸੇ ਕਾਲੇ-ਚਿੱਟੇ ਦੌਰ ਦੀ ਰੁਮਾਨੀਅਤ ਦਾ ਜਾਦੂ ਉਤਰਨਾ ਸ਼ੁਰੂ ਹੋ ਗਿਆ ਸੀ ਉੱਥੇ ਦੂਜੇ ਪਾਸੇ ਇਸੇ ਸਿਨੇਮਾ ਦੇ ਗਰਭ ਵਿੱਚੋ ਇੱਕ ਨਵੇਂ ‘ਕਲਾ ਅੰਦੋਲਨ’ ਦਾ ਜਨਮ ਹੋਣਾ ਸੀ।
[home] 1-5 of 5


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਭਾਰਤੀ ਸਿਨੇਮਾ ਦੇ ਸੁਨਿਹਰੀ ਦੌਰ ਦਾ ਸੁਪਨਸਾਜ਼ ਸੀ ਰਾਜ ਕਪੂਰ
11.07.16 - ਕੁਲਦੀਪ ਕੌਰ
ਭਾਰਤੀ ਸਿਨੇਮਾ ਦੇ ਸੁਨਿਹਰੀ ਦੌਰ ਦਾ ਸੁਪਨਸਾਜ਼ ਸੀ ਰਾਜ ਕਪੂਰਗੁਰੂ-ਦੱਤ ਅਤੇ ਰਾਜ ਕਪੂਰ ਦਾ ਸਿਨੇਮਾ ਕਈ ਪੱਧਰ ’ਤੇ ਇੱਕ ਦੂਜੇ ਨਾਲੋਂ ਵੱਖਰੇ ਧਰੁਵਾਂ ’ਤੇ ਖੜ੍ਹਾ ਹੈ। ਗੁਰੂ-ਦੱਤ ਦੀਆਂ ਫ਼ਿਲਮਾਂ ਬਹੁਤ ਹੱਦ ਤੱਕ ਮਾਨਸਿਕ ਹੇਰਵਿਆਂ ਅਤੇ ਸਦਮਿਆਂ ਦੀਆਂ ਫ਼ਿਲਮਾਂ ਹਨ ਜਿਨ੍ਹਾਂ ਵਿਚ ਆਰਥਿਕਤਾ ਬਹੁਤ ਸਾਰੇ ਤੱਤਾਂ ਵਿੱਚੋਂ ਇੱਕ ਕਾਰਣ ਬਣਦੀ ਹੈ। ਰਾਜ ਕਪੂਰ ਦਾ ਸਿਨੇਮਾ ਆਰਥਿਕ-ਵੰਡ ਅਤੇ ਜਮਾਤੀ-ਟਕਰਾਉ ਦੇ ਸਮਾਜਿਕ ਨਤੀਜਿਆਂ ਨੂੰ ਸਾਧਾਰਣ ਕਹਾਣੀ ਰਾਹੀਂ ਪੇਸ਼ ਕਰਨ ਦਾ ਸਿਨੇਮਾ ਸੀ। ਇਸ ਸੰਦਰਭ ਵਿਚ ‘ਜਾਗਤੇ ਰਹੋ’ ਫ਼ਿਲਮ ਨੂੰ ਬੇਹੱਦ ਮਹੱਤਵਪੂਰਨ ਮੰਨਿਆ ਜਾ ਸਕਦਾ ਹੈ। ‘ਜਾਗਤੇ ਰਹੋ’ ਇੱਕ ਸਾਧਾਰਣ ਪੇਂਡੂ ਨੌਜਵਾਨ ਦੀ ਕਹਾਣੀ ਹੈ ਜਿਹੜਾ ਪਾਣੀ ਦਾ ਗਿਲਾਸ ਪੀਣ ਲਈ ਇੱਕ ਉੱਚ-ਕਲਾਸ ਸੁਸਾਇਟੀ ਵਿਚ ਜਾਂਦਾ ਹੈ ਜਿੱਥੇ ਉਸਨੂੰ ਚੋਰ ਸਮਝ ਲਿਆ ਜਾਂਦਾ ਹੈ। ਪਿੱਛਾ ਕਰ ਰਹੇ ਚੌਕੀਦਾਰਾਂ ਤੋਂ ਬੱਚਣ ਲਈ ਉਹ ਇੱਕ ਫ਼ਲੈਟ ਤੋਂ ਦੂਜੇ ਫ਼ਲੈਟ ਜਾ ਕੇ ਲੁਕਣ ਦੀ ਕੋਸ਼ਿਸ਼ ਕਰਦਾ ਹੈ। ਇਸ ਕੋਸ਼ਿਸ਼ ਦੌਰਾਨ ਉਹ ਉੱਚ-ਵਰਗੀ ਅਤੇ ਸਮਾਜ ਦੇ ‘ਸਨਮਾਨਿਤ’ ਤਬਕੇ ਦਾ ਖੋਖਲਾਪਣ, ਲਾਲਚ ਅਤੇ ਬੇਗੈਰਤੀ ਨੂੰ ਨੇੜਿਉਂ ਤੱਕਦਾ ਅਤੇ ਸੁਣਦਾ ਹੈ। ਬਿਲਕੁੱਲ ਸੁੰਨ ਹੋਇਆ ਇੱਕ ਫ਼ਲੈਟ ਵਿਚ ਉਹ ਜਦੋਂ ਸਮਾਜਵਾਦੀ ਵਿਚਾਰਾਂ ਵਾਲੀ ਕੁੜੀ ਨੂੰ ਮਿਲਦਾ ਹੈ ਤਾਂ ਕੁੜੀ ਉਸ ਵਿਚ ਆ ਗਈ ਨਿਰਾਸ਼ਾ ਅਤੇ ਉਦਾਸੀ ਨੂੰ ਤਰਕ ਅਤੇ ਉਮੀਦ ਨਾਲ ਦੂਰ ਕਰ ਦਿੰਦੀ ਹੈ। ਜਦੋਂ ਉਹ ਹਾਲਾਤ ਦਾ ਸਾਹਮਣਾ ਕਰਨ ਲਈ ਬਾਹਰ ਸੜਕ ’ਤੇ ਨਿਕਲਦਾ ਹੈ ਤਾਂ ਇਹ ਦੇਖ ਕੇ ਹੈਰਾਨ ਹੋ ਜਾਂਦਾ ਹੈ ਕਿ ਕਿਸੇ ਨੂੰ ਉਹਦੀ ਕੋਈ ਪਰਵਾਹ ਹੀ ਨਹੀਂ। ਇਸ ਫ਼ਿਲਮ ਦੇ ਨਿਰਦੇਸ਼ਕ ਬੰਗਾਲੀ ਨੌਜਵਾਨ ਸ੍ਰੀ ਸੋਂਭੂ ਮਿੱਤਰਾ ਅਤੇ ਅਮਿਤ ਮੈਤਰਾ ਸਨ। ਫ਼ਿਲਮ ਆਪਣੀ ਬਿਰਤਾਂਤਕਾਰੀ ਅਤੇ ਵੱਖਰੇ ਵਿਚਾਰ ਕਾਰਣ ਕਲਾਸਿਕ ਦਾ ਦਰਜਾ ਰੱਖਦੀ ਹੈ।
ਰਾਜਕਪੂਰ ਨਿਰਦੇਸ਼ਕ ਦੇ ਤੌਰ ’ਤੇ ਫ਼ਿਲਮ ‘ਆਗ’ ਨਾਲ ਚਰਚਾ ਵਿਚ ਆਏ। ਇਹ ਫ਼ਿਲਮ ਰਾਜ ਕਪੂਰ ਨੇ ਆਪਣੇ ਨਵੇਂ-ਨਵੇਂ ਸਥਾਪਿਤ ਕੀਤੇ ‘ਆਰ.ਕੇ. ਫ਼ਿਲਮਜ਼’ ਦੇ ਬੈਨਰ ਥੱਲੇ ਬਣਾਈ ਸੀ। ਇਸ ਫ਼ਿਲਮ ਵਿਚ ਰਾਜਕਪੂਰ ਤੋਂ ਬਿਨਾਂ ਨਰਗਿਸ ਨੇ ਵੀ ਅਦਾਕਾਰੀ ਕੀਤੀ ਸੀ ਪਰ ਫ਼ਿਲਮ ਅਸਫ਼ਲ ਰਹੀ। ਇਸ ਤੋਂ ਪਹਿਲੇ 10-12 ਸਾਲ ਰਾਜਕਪੂਰ ਫ਼ਿਲਮ ਨਿਰਮਾਣ ਦੇ ਲੱਗਭੱਗ ਸਾਰੇ ਪੱਖਾਂ ’ਤੇ ਕੰਮ ਕਰ ਚੁੱਕੇ ਸਨ। ਘੱਟ ਪੜ੍ਹੇ-ਲਿਖੇ ਹੋਣ ਕਾਰਣ ਉਨ੍ਹਾਂ ਨੂੰ ਕਈ ਗੁਣਾ ਵੱਧ ਮਿਹਨਤ ਕਰਨੀ ਪਈ ਪਰ ਉਨ੍ਹਾਂ ਦੇ ਸਿਨੇਮਾ ਨਾਲ ਜਨੂੰਨ ਦੀ ਹੱਦ ਤੱਕ ਲਗਾਉ ਨੇ ਉਨ੍ਹਾਂ ਅੰਦਰਲੀ ਅੱਗ ਨੂੰ ਜ਼ਿੰਦਾ ਰੱਖਿਆ। ਫ਼ਿਲਮ ‘ਨੀਲਕਮਲ’ ਉਨ੍ਹਾਂ ਦੇ ਅਦਾਕਾਰੀ ਕੈਰੀਅਰ ਦੀ ਪਹਿਲੀ ਫ਼ਿਲਮ ਸੀ। ‘ਆਗ’ ਦੀ ਅਸਫ਼ਲਤਾ ਨੇ ਕੁਝ ਦਿਨ ਤੱਕ ‘ਆਰ.ਕੇ. ਫ਼ਿਲਮਜ਼’ ਨੂੰ ਜੱਕੋਤੱਕੀ ਵਿਚ ਰੱਖਿਆ। ਇਸੇ ਫ਼ਿਲਮ ਦੌਰਾਨ ਰਾਜਕਪੂਰ ਅਤੇ ਨਰਗਿਸ ਵਿਚਕਾਰ ਗਹਿਰੀ ਦੋਸਤੀ ਜਿਸ ਨੂੰ ਰੁਮਾਂਸ ਦਾ ਨਾਂ ਵੀ ਦਿੱਤਾ ਜਾ ਸਕਦਾ ਹੈ ਪਣਪੀ। ਇਹ ਦੋਸਤੀ ਨਰਗਿਸ ਦੀ ਬੌਧਿਕਤਾ ਅਤੇ ਰਾਜਕਪੂਰ ਦੀ ਸੁਪਨਸਾਜੀ ਦਾ ਖੂਬਸੂਰਤ ਸੰਗਮ ਸੀ।

ਇਸ ਫ਼ਿਲਮ ਤੋਂ ਬਾਅਦ ਦੋਵਾਂ ਨੇ ਲੱਗਭਗ 16 ਫ਼ਿਲਮਾਂ ਵਿਚ ਇੱਕਠਿਆਂ ਅਦਾਕਾਰੀ ਕੀਤੀ। ਇਨ੍ਹਾਂ ਵਿੱਚੋਂ ਫ਼ਿਲਮ ‘ਬਰਸਾਤ’ ਦਾ ਜ਼ਿਕਰ ਜ਼ਰੂਰੀ ਹੈ। ਇਸ ਫ਼ਿਲਮ ਵਿਚ ਦੋ ਸਮਾਂਨਤਰ ਪ੍ਰੇਮ-ਕਹਾਣੀਆਂ ਨੂੰ ਇੱਕ-ਦੂਜੇ ਦੇ ਤੁਲਨਾਤਮਕ ਰੂਪ ਵਿਚ ਪੇਸ਼ ਕੀਤਾ ਗਿਆ। ਪ੍ਰੇਮ ਸਿਨੇਮਾ ਦੀ ਸ਼ੁਰੂਆਤ ਤੋਂ ਹੀ ਜ਼ਿਆਦਾਤਰ ਫ਼ਿਲਮ ਨਿਰਦੇਸ਼ਕਾਂ ਦਾ ਪਸੰਦੀਦਾ ਵਿਸ਼ਾ ਰਿਹਾ ਹੈ ਤੇ ਅੱਜ ਵੀ ਹੈ। ਰਾਜ ਕਪੂਰ ਦੇ ਸਿਨੇਮਾ ਵਿਚ ਪ੍ਰਸਤੁਤ ਪ੍ਰੇਮ ਦੋ-ਧਾਰੀ ਤਲਵਾਰ ਦੀ ਤਰ੍ਹਾਂ ਹੈ। ਉਸਦੀ ਪ੍ਰੇਮ-ਕਹਾਣੀਆਂ ਵਿਚ ਜਮਾਤੀ ਸੰਘਰਸ਼, ਜਾਤ-ਪਾਤ ਦੇ ਝਗੜੇ ਅਤੇ ਪ੍ਰੇਮ ਸਬੰਧੀ ਸਮਾਜਿਕ ਨਜ਼ਰੀਏ ’ਤੇ ਵਿਅੰਗ ਆਦਿ ਤਾਂ ਸ਼ਾਮਿਲ ਸਨ ਹੀ ਪਰ ਪ੍ਰੇਮ ਕਹਾਣੀ ਦੇ ਵਿਗਸਣ ਅਤੇ ਮੌਲਣ ਨੂੰ ਫ਼ਿਲਮਾਉਣ ਦਾ ਢੰਗ ਜੋੜੇ ਵਿੱਚ ਇੱਕ-ਦੂਜੇ ਦੀਆਂ ਸਮੱਸਿਆਵਾਂ ਨੂੰ ਸਮਝਣ, ਆਪਸੀ ਸਹਿਹੋਂਦ ਅਤੇ ਕੁੱਝ ਹੱਦ ਤੱਕ ਦੇਹ ਦੇ ਆਕਰਸ਼ਣ ’ਤੇ ਆਧਾਰਿਤ ਹੁੰਦਾ ਸੀ। ਉਸਦਾ ਸਿਨੇਮਾ ਪ੍ਰੇਮ ਨੂੰ ਰਹੱਸ ਅਤੇ ਅਲੌਕਿਤਤਾ ਤੋਂ ਤੋੜ੍ਹ ਕੇ ਇਨਸਾਨਾਂ ਦੇ ਆਪਸੀ ਵਿਵਹਾਰ ਦੀ ਜ਼ਰੂਰਤ ਦੇ ਤੌਰ ’ਤੇ ਸਥਾਪਿਤ ਕਰਦਾ ਹੈ। ‘ਬਰਸਾਤ’ ਫ਼ਿਲਮ ਵਿਚ ਵੀ ਉਹ ਪ੍ਰੇਮੀਆਂ ਦੇ ਆਪਸੀ ਵਿਸ਼ਵਾਸ, ਸਾਦਗੀ, ‘ਕਿਸੇ ਦਾ ਦਿਲ ਨਾ ਦੁਖਾਉਣ’ ਅਤੇ ‘ਕਿਸੇ ਦੀਆਂ ਭਾਵਨਾਵਾਂ ਅਤੇ ਜ਼ਜਬਾਤ ਨੂੰ ਠੇਸ ਨਾ ਪਹੁੰਚਣ ਦੇਣ’ ਦਾ ਵਿਚਾਰ ਪਰਦਾਪੇਸ਼ ਕਰਦਾ ਹੈ। ਇਸ ਫ਼ਿਲਮ ਰਾਹੀਂ ਰਾਜਕਪੂਰ ਨੇ ਸ਼ੰਕਰ-ਜੈ ਕਿਸ਼ਨ ਦੇ ਸੰਗੀਤ ਨੂੰ ਵੀ ਪਹਿਲੀ ਵਾਰ ਦਰਸ਼ਕਾਂ ਸਾਹਮਣੇ ਪੇਸ਼ ਕੀਤਾ ਜਿਸ ਤੋਂ ਬਾਅਦ ਰਾਜਕਪੂਰ ਦੇ ਕੈਰੀਅਰ ਦਾ ਸੁਨਹਿਰੀ ਦੌਰ ਸ਼ੁਰੂ ਹੋਇਆ।

‘ਬਰਸਾਤ’ ਦੀ ਸਫ਼ਲਤਾ ਤੋਂ ਬਾਅਦ ਜਿਸ ਫ਼ਿਲਮ ਨੇ ‘ਆਰ.ਕੇ. ਫ਼ਿਲਮਜ਼’ ਬੈਨਰ ਨੂੰ ਸਥਾਪਿਤ ਕਰ ਦਿੱਤਾ ਉਹ ਸੀ ਫ਼ਿਲਮ ‘ਅੰਦਾਜ਼’। ਇਸ ਫ਼ਿਲਮ ਨੇ ਭਾਵੇਂ ‘ਬਰਸਾਤ’ ਵਾਲੀ ਸਫ਼ਲਤਾ ਨੂੰ ਤਾਂ ਨਹੀਂ ਦੁਹਰਾਇਆ ਪਰ ਫਿਰ ਵੀ ਇਹ ਫ਼ਿਲਮ ਆਪਣੇ ਪੈਸੇ ਵਸੂਲ ਕਰਨ ਵਿਚ ਕਾਮਯਾਬ ਰਹੀ। ਇਸ ਫ਼ਿਲਮ ਦੇ ਬਣਨ ਤੱਕ ਆਰ.ਕੇ. ਫ਼ਿਲਮਜ਼, ‘ਬਰਸਾਤ’ ਫ਼ਿਲਮ ਦੇ ਪੋਸਟਰ ਨੂੰ ਆਪਣੀ ਕੰਪਨੀ ਦੇ ਲੋਗੋ ਦੇ ਤੌਰ ’ਤੇ ਅਪਣਾ ਚੁੱਕੇ ਸਨ। ਇਸ ਪੋਸਟਰ ਵਿਚ ਨਰਗਿਸ ਰਾਜਕਪੂਰ ਦੀਆਂ ਬਾਹਾਂ ਵਿਚ ਝੂਲਦੇ ਹੋਏ ਨਜ਼ਰ ਆਉਂਦੀ ਹੈ।

‘ਬਰਸਾਤ’ ਦੀ ਸਫ਼ਲਤਾ ਅਤੇ ‘ਅੰਦਾਜ਼’ ਦੇ ਪ੍ਰਦਰਸ਼ਨ ਤੋਂ ਬਾਅਦ ਰਾਜਕਪੂਰ ਨੇ ਅਗਲੀ ਫ਼ਿਲਮ ਨਿਰਦੇਸ਼ਿਤ ਕੀਤੀ ‘ਬੂਟ ਪਾਲਿਸ਼’। ਇਸ ਫ਼ਿਲਮ ਦੀ ਪਟਕਥਾ ਸ੍ਰੀ. ਭਾਨੂੰ ਪ੍ਰਤਾਪ ਨੇ ਲਿਖੀ ਸੀ। ਇਹ ਫ਼ਿਲਮ ਕਈ ਪੱਖਾਂ ਤੋਂ ਵਿਲੱਖਣ ਸੀ। ਪਹਿਲਾ ਇਹ ਭਾਰਤ ਦੇ ਉਸ ਸਮੇਂ ਦੇ ਗਰੀਬ ਤਬਕੇ ਦੇ ਬੱਚਿਆਂ ’ਤੇ ਆਧਾਰਿਤ ਸੀ। ਦੂਜਾ ਫ਼ਿਲਮ ਵਿਚ ਵਿਅੰਗ ਦੀ ਧਾਰਾ ਕਾਫ਼ੀ ਤਿੱਖੀ ਸੀ। ਤੀਸਰਾ ਸੀ ਸ਼ੰਕਰ-ਜੈਕ੍ਰਿਸ਼ਨ ਦੀਆਂ ਸਦਾਬਹਾਰ ਧੁੰਨਾਂ ਜਿਹਨਾਂ ਵਿੱਚੋਂ ਦੋ ਗਾਣੇ, ‘ਨੰਨ੍ਹੇ-ਮੁੰਨ੍ਹੇ ਬੱਚੇ ਤੇਰੀ ਮੁੱਠੀ ਮੇਂ ਕਿਆ ਹੈ’, ‘ਤੁਮਹਾਰੇ ਹੈ ਤੁਮ ਸੇ ਦਿਆ ਮਾਂਗਤੇ ਹੈ’ ਆਪਣੇ ਸ਼ਬਦਾਂ ਅਤੇ ਸੁਰਾਂ ਕਾਰਨ ਅੱਜ ਵੀ ਤਾਜ਼ਾ ਲੱਗਦੇ ਹਨ।

‘ਅਵਾਰਾ’ ਦੀ ਸਫ਼ਲਤਾ ਨੂੰ ਭਾਰਤੀ ਸਿਨੇਮਾ ਦੇ ਇਤਿਹਾਸ ਵਿਚ ਇੱਕ ਸੁਨਹਿਰੀ ਪੰਨੇ ਦੀ ਤਰ੍ਹਾਂ ਦੇਖਿਆ ਜਾਂਦਾ ਹੈ। ਇਸ ਦੀਆਂ ਜੜ੍ਹਾਂ ਕੁਝ ਹੱਦ ਤੱਕ ਰਾਜ ਕਪੂਰ ਦੇ ਪਰਿਵਾਰ ਵਿਚ ਵੀ ਪਈਆਂ ਸਨ। ਉਨ੍ਹਾਂ ਦੇ ਪਿਤਾ ਸ੍ਰੀ ਪ੍ਰਿਥਵੀ ਰਾਜ ਕਪੂਰ ਜੀ ਇਪਟਾ ਦੇ ਮੈਂਬਰ ਸਨ ਜਿਨ੍ਹਾਂ ਨੇ ਇਪਟਾ ਦੇ ਥੀਏਟਰ ਨੂੰ ਸਮਾਜਿਕ ਕਾਜ਼ ਲਈ ਵਰਤੋਂ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

‘ਅਵਾਰਾ’ ਫ਼ਿਲਮ ਨਾਲ ਖੱਵਾਜਾ ਅਹਿਮਦ ਅੱਬਾਸ ਦਾ ਪਟਕਥਾ ਲੇਖਕ ਦੇ ਤੌਰ ’ਤੇ ਨਾਮ ਜੁੜਿਆ ਹੋਇਆ ਸੀ ਜੋ ਉਸ ਸਮੇਂ ਦੀ ਸਿਆਸੀ ਪੱਤਰਕਾਰੀ ਦਾ ਉੱਘਾ ਹਸਤਾਖਰ ਸਨ। ਖੱਵਾਜਾ ਅਹਿਮਦ ਅੱਬਾਸ ਨੇ ਅੱਗੇ ਚੱਲ ਕੇ ਖੁਦ ਫ਼ਿਲਮ-ਨਿਰਦੇਸ਼ਕ ਵਿਚ ਨਵੀਂ ਧਾਰਾ ਨੂੰ ਜਨਮ ਦਿੱਤਾ। ਉਨ੍ਹਾਂ ਲਈ ਸੋਵੀਅਤ ਸੰਘ ਦਾ ਮੂਕ ਸਿਨੇਮਾ, ਜਰਮਨ ਦਾ ਛਾਇਆਵਾਦ (expressionism) ਇਟਲੀ ਦਾ ਨਵ-ਯਥਾਰਥਵਾਦ (neo-realism) ਅਤੇ ਅਮਰੀਕੀ ਸਿਨੇਮਾ ਦੇ ਚਰਚਿਤ ਨਿਰਦੇਸ਼ਕਾਂ ਚਾਰਲੀ ਚੈਪਲਿਨ ਅਤੇ ਕੈਪਰਾ ਦਾ ਸਿਨੇਮਾ ਬੇਹੱਦ ਮਹੱਤਵਪੂਰਨ ਸੀ।

ਰਾਜਕਪੂਰ ਅਤੇ ਗੁਰੂ ਦੱਤ ਦੀ ਭਾਰਤੀ ਸਿਨੇਮਾ ਨੂੰ ਦੇਣ ਇਸ ਪੱਖੋਂ ਵੀ ਮਹੱਤਵਪੂਰਨ ਹੈ ਕਿ ਇਨ੍ਹਾਂ ਨੇ ਮੁੱਖ ਧਾਰਾ ਦੇ ਸਿਨੇਮਾ ਦੀਆਂ ਆਰਥਿਕ ਮਜਬੂਰੀਆਂ ਵਿਚ ਕੰਮ ਕਰਦਿਆਂ ਵੀ ਵਿਸ਼ੇ-ਵਸਤੂ ਪੱਖੋਂ, ਕਥਾਨਿਕ ਪੱਖੋਂ, ਫਿਲਮਾਂਕਣ ਪੱਖੋਂ, ਕਲਾਤਮਿਕਤਾ ਅਤੇ ਸੁਹਜ ਨੂੰ ਸਿਨੇਮਾ ਵਿਚੋਂ ਮਰਨ ਨਹੀਂ ਦਿੱਤਾ। ‘ਅਵਾਰਾ’ ਅਤੇ ‘ਸ੍ਰੀ 420’ ਦੀ ਰਿਲੀਜ਼ ਨਾਲ ਰਾਜ ਕਪੂਰ ਦੀ ਲੋਕਪ੍ਰਿਅਤਾ ਦੇਸ਼-ਵਿਦੇਸ਼ ਦੀਆਂ ਹੱਦਾਂ ਪਾਰ ਕਰਕੇ ਦੁਨੀਆ ਦੇ ਕੋਨੇ-ਕੋਨੇ ਵਿਚ ਫ਼ੈਲ ਗਈ। ਤੁਰਕੀ, ਅਫ਼ਰੀਕਾ ਅਤੇ ਈਰਾਨ ਵਿਚ ‘ਅਵਾਰਾ ਹੂੰ’, ‘ਘਰ ਆਇਆ ਮੇਰਾ ਪਰਦੇਸੀ’, ਅਤੇ ‘ਹਮ ਤੁਮਸੇ ਮਹੁੱਬਤ ਕਰਕੇ ਸਨਮ, ਹਸਤੇ ਭੀ ਰਹੇ, ਰੋਤੇ ਭੀ ਰਹੇ’ ਰਾਤੋਂ-ਰਾਤ ਲੱਖਾਂ ਦਰਸ਼ਕਾਂ ਦੇ ਹੋਠਾਂ ’ਤੇ ਗੂੰਜਣ ਲੱਗ ਪਏ। ਪਰ ਜੋ ਪ੍ਰਸਿੱਧੀ ਇਸ ਫ਼ਿਲਮ ਨੂੰ ਸੋਵੀਅਤ ਸੰਘ ਵਿਚ ਮਿਲੀ, ਉਹ ਆਪਣੇ-ਆਪ ਵਿਚ ਇੱਕ ਮਿਸਾਲ ਹੈ। ਇਸ ਦਾ ਕਾਰਣ ਸੀ ਕਿ ਜਦੋਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੁਨੀਆ ਮੰਦਵਾੜੇ, ਬੇਰੁਜ਼ਗਾਰੀ ਅਤੇ ਗਰੀਬੀ ਨਾਲ ਘੁੱਲ ਰਹੀ ਸੀ, ਰਾਜਕਪੂਰ ਦਾ ਹਸਾਉਣ ਵਾਲਾ ਚਿਹਰਾ ਅਤੇ ਦੁਸ਼ਵਾਰੀਆਂ ਨੂੰ ਹੱਸ ਕੇ ਬਰਦਾਸ਼ਤ ਕਰਨ ਦਾ ਮਾਦਾ ਦਰਸ਼ਕਾਂ ਦੇ ਜਿਹਨ ਵਿਚ ਡੂੰਘਾ ਅਸਰ ਅੰਦਾਜ਼ ਹੁੰਦਾ ਸੀ। ਰਾਜਕਪੂਰ ਉਮੀਦ ਅਤੇ ਭੱਵਿਖ ਦੇ ਸੁਪਨਿਆਂ ਦਾ ਚਿੰਨ੍ਹ ਬਣਕੇ ਉੱਭਰਿਆ। ਦੂਜੇ ਪਾਸੇ ਰਾਜਕਪੂਰ ਨੇ ਨਿਰਦੇਸ਼ਕ ਦੇ ਤੌਰ ’ਤੇ ਭਾਰਤੀ ਗੀਤ-ਸੰਗੀਤ, ਸੁਹਜ ਅਤੇ ਕਦਰਾਂ-ਕੀਮਤਾਂ ਨੂੰ ਜਿੰਨੇ ਵਧੀਆ ਤਰੀਕੇ ਨਾਲ ਪਰਦੇ ’ਤੇ ਪੇਸ਼ ਕੀਤਾ, ਉਸ ਨੇ ਨਵੇਂ-ਨਵੇਂ ਆਜ਼ਾਦ ਹੋਏ ਪੇਸ਼ ਦੇਸ਼ ਦੇ ਨਵ-ਨਿਰਮਾਣ ਪ੍ਰੋਜੈਕਟ ਨੂੰ ਵੀ ਵੱਡਾ ਠੁੰਮਣਾ ਦਿੱਤਾ। ਨਰਗਿਸ ਦੀ ਰਾਜਕਪੂਰ ਦੀਆਂ ਫ਼ਿਲਮਾਂ ਵਿਚ ਮੌਜੂਦਗੀ ਵੀ ਫ਼ਿਲਮਾਂ ਦੀ ਸਫ਼ਲਤਾ ਦਾ ਵੱਡਾ ਕਾਰਣ ਬਣੀ।

1956 ਵਿਚ ਰਾਜਕਪੂਰ ਨੇ ਦੋ ਫ਼ਿਲਮਾਂ ਨਿਰਦੇਸ਼ਿਤ ਕੀਤੀਆਂ ‘ਚੋਰੀ-ਚੋਰੀ’ ਅਤੇ ‘ਜਾਗਤੇ ਰਹੋ’। ਇਸ ਵਿੱਚੋਂ ‘ਚੋਰੀ-ਚੋਰੀ’ ਦੀ ਕੋਈ ਜ਼ਿਆਦਾ ਚਰਚਾ ਨਾ ਹੋਈ ਪਰ ‘ਸ੍ਰੀ 420’ ਨਾਲ ਉਹ ਇੱਕ ਤਰ੍ਹਾਂ ਨਾਲ ਚਾਰਲੀ ਚੈਪਲਿਨ ਦੀ ਵਿਅੰਗਾਤਮਕ ਸ਼ੈਲੀ ਅਤੇ ਅਦਾਕਾਰੀ ਦੇ ਤਰੀਕੇ ਦੀ ਨਕਲ ਪੇਸ਼ ਕਰਨ ਵਿਚ ਕਾਮਯਾਬ ਹੋ ਗਏ। ਬਾਅਦ ਵਿਚ ਉਨ੍ਹਾਂ ਨੇ ਆਪਣੇ ਇਸ ਅਕਸ ਨੂੰ ‘ਅਨਾੜੀ’ ਅਤੇ ‘ਛੱਲਾ’ ਜੋ ਕਿ ਦੂਸਰੇ ਨਿਰਦੇਸ਼ਕਾਂ ਦੁਆਰਾ ਬਣਾਈਆਂ ਗਈਆਂ ਸਨ, ਉਨ੍ਹਾਂ ਵਿਚ ਦੁਹਰਾਇਆ।
 
ਜੇਕਰ ਰਾਜਕਪੂਰ ਦੇ ਕੈਰੀਅਰ ਨੂੰ ਦੋ ਹਿੱਸਿਆਂ ਵਿਚ ਵੰਡ ਕੇ ਦੇਖਣਾ ਹੋਵੇ ਤਾਂ ਸੰਨ 1960 ਤੋਂ ਪਹਿਲਾਂ ਦਾ ਸਿਨੇਮਾ ਅਤੇ ਸੰਨ 1960 ਤੋਂ ਬਾਅਦ ਦਾ ਸਿਨੇਮਾ ਵਿਚ ਵੰਡਿਆ ਜਾ ਸਕਦਾ ਹੈ। 1960 ਤੋਂ ਪਹਿਲਾਂ ਰਾਜ ਕਪੂਰ ਦਾ ਸਿਨੇਮਾ ਆਜ਼ਾਦ ਹੋਏ ਭਾਰਤ ਦੀਆਂ ਸਮੱਸਿਆਵਾਂ, ਲੋਕਾਂ ਦੇ ਜ਼ਿੰਦਗੀ ਜਿਊਣ ਦੇ ਸੰਘਰਸ਼ ਅਤੇ ਸਮਾਜਿਕ ਤਰਾਸਦੀਆਂ ਨੂੰ ਰੂਪਮਾਨ ਕਰਦਾ ਹੈ, 1960 ਤੋਂ ਬਾਅਦ ਰਾਜ ਕਪੂਰ ਦੀਆਂ ਫ਼ਿਲਮਾਂ ਵਿਚ ਵੱਡੇ ਪੱਧਰ ’ਤੇ ਤਬਦੀਲੀ ਸਪਸ਼ੱਟ ਦਿਖਾਈ ਦਿੰਦੀ ਹੈ। 1960 ਵਿਚ ਬਣੀ ‘ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ’ ਸ਼ਾਇਦ ਇਸ ਧਾਰਾ ਦੀ ਉਨ੍ਹਾਂ ਦੁਆਰਾ ਨਿਰਦੇਸ਼ਿਤ ਕੀਤੀ ਆਖਰੀ ਫ਼ਿਲਮ ਸੀ ਕਿਉਂਕਿ 1964 ਵਿਚ ਬਣੀ ‘ਸੰਗਮ’ ਵਿਚ ਵਿਸ਼ਾ-ਵਸਤੂ ਪੱਖੋਂ ਅਤੇ ਨਜ਼ਰੀਏ ਪੱਖੋਂ ਰਾਜਕਪੂਰ ਨਵੀਂ ਕਿਸਮ ਦਾ ਸਿਨੇਮਾ ਸਿਰਜਦਾ ਹੈ। ਇਹ ਸਿਨੇਮਾ ਜ਼ਿਆਦਾ ਰੁਮਾਂਟਿਕ, ਉੱਚ-ਵਰਗ ਆਧਾਰਿਤ ਅਤੇ ਇਸ ਫ਼ਿਲਮ ਦੀ ਜ਼ਿਆਦਾਤਰ ਸ਼ੂਟਿੰਗ ਵੀ ਵੀਨਸ, ਪੈਰਿਸ ਅਤੇ ਸਵਿੱਟਜ਼ਰਲੈਂਡ ਵਰਗੀਆਂ ਥਾਵਾਂ ’ਤੇ ਕੀਤੀ ਗਈ ਸੀ। ਪਹਿਲੀ ਵਾਰ ਦਰਸ਼ਕਾਂ ਨੂੰ ਰਾਜਕਪੂਰ ਦੀ ਫ਼ਿਲਮ ਵਿੱਚੋਂ ਭਾਰਤੀ ਪਿੰਡ, ਗਰੀਬ ਬਸਤੀਆਂ ਅਤੇ ਭੋਲਾਪਣ ਗਾਇਬ ਮਿਲੇ। ਇਸ ਤਰ੍ਹਾਂ ਜੋ ਨਿਰਦੇਸ਼ਕ ‘ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ’ ਵਿਚ ‘ਹਮ ਉਸ ਦੇਸ਼ ਕੇ ਵਾਸੀ ਹੈ ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ’ ਦਾ ਵਿਖਿਆਨ ਕਰਦਾ ਹੈ, ਉਹ ‘ਸੰਗਮ’ ਵਿਚ ‘ਦੋਸਤ ਦੋਸਤ ਨਾ ਰਹਾ, ਪਿਆਰ-ਪਿਆਰ ਨਾ ਰਹਾ, ਜ਼ਿੰਦਗੀ ਹਮੇਂ ਤੇਰਾ ਇੰਤਜ਼ਾਰ ਨਾ ਰਹਾ’ ’ਤੇ ਪਹੁੰਚ ਜਾਂਦਾ ਹੈ।
ਰਾਜ ਕਪੂਰ ਦੇ ਸਿਨੇਮਾ ਵਿਚਲੀ ਇਸ ਤਬਦੀਲੀ ਨੂੰ ਕਈ ਤਰ੍ਹਾਂ ਨਾਲ ਘੋਖਿਆ ਜਾ ਸਕਦਾ ਹੈ ਪਰ ਇਹ ਸਵਾਲ ਹਮੇਸ਼ਾ ਉੱਠਦਾ ਰਹੇਗਾ ਕਿ ਕੀ 1960 ਤੱਕ ਆਉਂਦਿਆਂ ਭਾਰਤੀ ਸਿਆਸਤ ਦੀ ਤਰ੍ਹਾਂ ਭਾਰਤੀ ਸਿਨੇਮਾ ਵਿਚੋਂ ਵੀ ਨਿਮਨ-ਵਰਗ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਹਾਸ਼ੀਏ ’ਤੇ ਧੱਕੀਆਂ ਜਾਣ ਲੱਗੀਆਂ ਸਨ? ਜਾਂ ਇਹ ਭਾਰਤੀ ਸਿਨੇਮਾ ਦੁਆਰਾ ਸਿਨੇਮਾ ਦੀ ਅੰਤਰਰਾਸ਼ਟਰੀ ਮੰਡੀ ’ਤੇ ਖਰੇ ਉੱਤਰਣ ਲਈ ਕੀਤਾ ਤਰਦੱਦ ਸੀ? ਜਾਂ ਫਿਰ ਇਸਦਾ ਕਾਰਣ 1956 ਵਿਚ ‘ਜਾਗਤੇ ਰਹੋ’ ਦੇ ਵਿੱਚ ਇੱਕ ਗਾਣੇ ਵਿਚ ਨਜ਼ਰ ਆਉਣ ਤੋਂ ਬਾਅਦ ਨਰਗਿਸ ਦੁਆਰਾ ‘ਆਰ.ਕੇ.ਫ਼ਿਲਮਜ਼’ ਦੇ ਬੈਨਰ ਨੂੰ ਛੱਡਣ ਦਾ ਫ਼ੈਸਲਾ ਸੀ। ਨਰਗਿਸ ਨੇ ‘ਆਰ.ਕੇ.ਬੈਨਰ’ ਨੂੰ ਅਲਵਿਦਾ ਕੀ ਕਿਹਾ ਜਿੱਦਾਂ ਰਾਜਕਪੂਰ ਦੇ ਸਿਨੇਮਾ ਦੀ ਰੂਹ ਵੀ ਨਾਲ ਹੀ ਚਲੀ ਗਈ। ਪਿੱਛੇ ਰਹਿ ਗਿਆ ਸੁਪਨਸਾਜ ਰਾਜਕਪੂਰ ਜੋ ਇਸ ਰੂਹ ਦੀ ਤਲਾਸ਼ ਵਿੱਚ ਕਦੇ ਰਾਧਾ (ਫ਼ਿਲਮ-ਸੰਗਮ) ਕਦੇ ਬਾਬੀ, ਕਦੇ ਮੈਰੀ, ਮਰੀਨਾ ਅਤੇ ਮੀਨੂ (ਫ਼ਿਲਮ-ਮੇਰਾ ਨਾਮ ਜੋਕਰ) ਅਤੇ ਕਦੇ ਬਾਬੀ (ਫ਼ਿਲਮ-ਬਾਬੀ) ਵਰਗੇ ਬੁੱਤ ਤਰਾਸ਼ਦਾ ਹੈ ਪਰ ਉਸ ਦੇ ਅੰਦਰਲਾ ਖਲਾਅ ਭਰਨ ਦਾ ਨਾਮ ਨਹੀਂ ਲੈਂਦਾ।
[home] 1-5 of 5


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਗੁਰੂ-ਦੱਤ ਅਤੇ ਬਿਮਲ ਰਾਏ ਸਨ ਭਾਰਤੀ ਸਿਨੇਮਾ ਦੀਆਂ ਚੇਤੰਨ ਰੂਹਾਂ
02.07.16 - ਕੁਲਦੀਪ ਕੌਰ
ਗੁਰੂ-ਦੱਤ ਅਤੇ ਬਿਮਲ ਰਾਏ ਸਨ ਭਾਰਤੀ ਸਿਨੇਮਾ ਦੀਆਂ ਚੇਤੰਨ ਰੂਹਾਂ"ਹਰ ਏਕ ਜਿਸਮ ਘਾਇਲ, ਹਰ ਏਕ ਰੂਹ ਪਿਆਸੀ,
ਨਿਗਾਹੋਂ ਮੇਂ ਉਲਝਣ, ਦਿਲੋ ਮੇਂ ਉਦਾਸੀ,
ਯੇ ਦੁਨੀਆ ਹੈ ਯਾਂ ਆਲਿਮੇ ਬਦਹਵਾਸੀ,
ਯੇ ਦੁਨੀਆ ਅਗਰ ਮਿਲ ਭੀ ਜਾਏ ਤੋਂ ਕਿਆ ਹੈ..."
Guru Dutt
ਮੁਹੰਮਦ ਰਫ਼ੀ ਦੀ ਸ਼ੋਜ ਭਰੀ ਆਵਾਜ, ਸਾਹਿਰ ਲੁਧਿਆਣਵੀ ਦੇ ਦਰਦਮੰਦ ਬੋਲ ਅਤੇ ਭਾਰਤੀ ਸਿਨੇਮਾ ਦੇ ਬੇਹੱਦ ਸੰਵੇਦਨਸ਼ੀਲ ਨਿਰਦੇਸ਼ਕ ਗੁਰੂ ਦੱਤ ਦੁਆਰਾ ਸਿਰਜੀ ਫ਼ਿਲਮ 'ਪਿਆਸਾ' ਭਾਰਤ ਦੀ ਨਵੀਂ-ਨਵੀਂ ਮਿਲੀ ਆਜ਼ਾਦੀ 'ਤੇ ਤਿੱਖਾ ਕਟਾਕਸ਼ ਕਰਦੀ ਹੈ। ਉਪਰੋਕਤ ਬੋਲਾਂ ਤੋਂ ਬਿਨਾਂ ਵੀ ਫ਼ਿਲਮ ਦੀ ਰੂਹ ਵਿਚ ਅਜਿਹਾ ਕੁਝ ਸੀ ਜਿਸ ਨੇ ਭਾਰਤੀ ਦਰਸ਼ਕਾਂ ਨੂੰ ਝੰਜੋੜ ਕੇ ਰੱਖ ਦਿੱਤਾ। ਫ਼ਿਲਮ ਵਿਚਲੇ ਕੁੱਝ ਡਾਇਲਾਗ ਜਿਵੇਂ,
 
"ਜਬ ਹਮ ਚਲੇ ਤੋਂ ਸਾਇਆ ਭੀ ਅਪਨਾ ਨਾ ਸਾਥ ਦੇ
ਜਬ ਤੁਮ ਚੱਲੋ ਜ਼ਮੀਂ ਚਲੇ, ਆਸਮਾਂ ਚਲੇ।
ਜਬ ਹਮ ਰੁਕੇ ਤੋਂ ਸਾਥ ਰੁਕੇ ਸ਼ਾਮ-ਏ-ਬੇਕਸੀ,
ਜਬ ਤੁਮ ਰੁਕੋ ਬਹਾਰ ਰੁਕੇ, ਚਾਂਦਨੀ ਰੁਕੇ।"

ਅਤੇ, "ਮੈਂ ਅਬ ਵੋ ਵਿਜੇ ਨਹੀਂ"  ਨੇ ਭਾਰਤੀ ਸਿਨੇਮਾ ਵਿਚ ਕਲਾ, ਭਾਵੁਕਤਾ ਅਤੇ ਰੁਮਾਂਸ ਦੀ ਪੇਸ਼ਕਾਰੀ ਨੂੰ ਇੱਕ ਨਵਾਂ ਮੋੜ ਦਿੱਤਾ। ਇਹ ਸਿਰਫ਼ ਪ੍ਰੇਮ ਨਹੀਂ ਸੀ ਸਗੋਂ ਇੱਜ਼ਤ-ਮਾਨ ਦੀ ਜ਼ਿੰਦਗੀ ਆਜ਼ਾਦੀ ਨਾਲ ਜਿਊਣ ਲਈ ਇੱਕ ਫ਼ਿਲਮਸ਼ਾਜ ਦਾ ਦਿੱਤਾ ਹੋਕਾ ਸੀ।

ਗੁਰੂ-ਦੱਤ ਦੀਆਂ ਫ਼ਿਲਮਾਂ ਵਿਚਲੇ ਕਿਰਦਾਰ ਅਤੇ ਫ਼ਿਲਮਾਂ ਦਾ ਸੰਗੀਤ ਨਾ ਸਿਰਫ਼ ਫ਼ਿਲਮ ਬਣਾਉਣ ਦੇ ਫਾਰਮੂਲਿਆਂ ਨੂੰ ਰੱਦ ਕਰਦੇ ਸਨ ਸਗੋਂ ਉਸ ਦੀਆਂ ਫ਼ਿਲਮਾਂ ਬੰਦੇ ਦੇ ਅੰਦਰ ਚੱਲਦੀ ਕਸ਼ਮਕਸ, ਸਮਾਜਿਕ ਸਥਿਤੀਆਂ ਨਾਲ ਟਕਰਾਉ ਵਿੱਚੋਂ ਉਪਜੀ ਟੁੱਟ-ਭੱਜ, ਉਸਦੀ ਰੂਹ ਵਿਚ ਚੁਭ ਰਹੀਆਂ ਛਿੱਲਤਰਾਂ ਅਤੇ ਹਰ ਕੀਮਤ ਆਪਣੀ ਅੰਦਰਲੀ ਅੱਗ ਨੂੰ ਜਿਊਂਦਾ ਰੱਖਣ ਦੇ ਤਰਦੱਦ ਨੂੰ ਬਿਆਨ ਕਰਦੀਆਂ ਹਨ।

ਗੁਰੂ ਦੱਤ ਨੇ ਆਪਣਾ ਫ਼ਿਲਮੀ ਸਫ਼ਰ 1951 ਵਿਚ ਬਣੀ ਫ਼ਿਲਮ 'ਬਾਜ਼ੀ' ਤੋਂ ਸ਼ੁਰੂ ਕੀਤਾ ਜਿਸ ਵਿਚ ਮੁੱਖ ਭੂਮਿਕਾਵਾਂ ਦੇਵ ਆਨੰਦ, ਗੀਤਾ ਬਾਲੀ ਤੇ ਕਲਪਨਾ ਕਾਰਤਿਕ ਨੇ ਅਦਾ ਕੀਤੀਆਂ। 'ਬਾਜ਼ੀ' ਫ਼ਿਲਮ ਵਿਚ ਦੇਵ ਆਨੰਦ ਦੇ ਕਿਰਦਾਰ ਰਾਹੀਂ ਗੁਰੂ ਦੱਤ ਨੇ ਸਿਨੇਮਾ ਨੂੰ ਇੱਕ ਅਜਿਹਾ ਹੀਰੋ ਦਿੱਤਾ ਜੋ ਬੇਸ਼ਕ ਸਮਾਜ ਦੇ ਨਿਚਲੇ ਤਬਕੇ ਨਾਲ ਸਬੰਧਿਤ ਸੀ ਪਰ ਉਸ ਵਿਚ ਜਿਊਣ ਦਾ ਜਜ਼ਬਾ ਬੇਹੱਦ ਮੂੰਹਜ਼ੋਰ ਸੀ।
 
1952 ਵਿਚ ਆਪਣੀ ਅਗਲੀ ਫ਼ਿਲਮ 'ਜਾਲ' ਵਿਚ ਦੇਵ ਆਨੰਦ ਅਤੇ ਗੀਤਾ ਬਾਲੀ ਦੀ ਜੋੜੀ ਨੂੰ ਦੁਹਰਾਉਂਦਿਆਂ ਉਸ ਨੇ ਪ੍ਰੇਮ ਦੇ ਪਿਛੇ ਲੁਕੇ ਦਵੰਦਾਂ, ਜਲਣ, ਸ਼ੱਕ, ਧੋਖੇ ਅਤੇ ਇੱਕ-ਦੂਜੇ ਨੂੰ ਚੋਟ ਪਹੁੰਚਾਉਣ ਦੀ ਭਾਵਨਾ ਨੂੰ ਪਰਦੇ 'ਤੇ ਸਾਕਾਰ ਕੀਤਾ। ਫ਼ਿਲਮ ਦੇ ਗਾਣੇ ਜਿਵੇਂ ਕਿ, "ਸੁਨ ਜਾ ਦਿਲ ਕੀ ਦਾਸਤਾਂ", "ਚੋਰੀ-ਚੋਰੀ ਮੇਰੀ ਗਲੀ ਆਨਾ ਹੈ ਬੁਰਾ", ਨੇ ਇਕਦਮ ਫ਼ਿਲਮ ਜਗਤ ਵਿਚ ਤਹਿਲਕਾ ਮਚਾ ਦਿੱਤਾ।

1954 ਵਿਚ ਫ਼ਿਲਮ 'ਆਰ-ਪਾਰ' ਰਾਹੀਂ ਗੁਰੂ ਦੱਤ ਨੇ ਸੰਗੀਤ ਰਾਹੀਂ ਫ਼ਿਲਮ ਦੀ ਕਹਾਣੀ ਸੁਣਾਉਣ ਦੀ ਖੂਬਸੂਰਤ ਅਤੇ ਸ਼ਾਇਰਾਨਾ ਪ੍ਰਥਾ ਸ਼ੁਰੂ ਕੀਤੀ। ਫ਼ਿਲਮ ਦੇ ਗੀਤ ਜਿਵੇਂ, "ਬਾਬੂ ਜੀ ਧੀਰੇ ਚਲਨਾ, ਪਿਆਰ ਮੇਂ ਜ਼ਰਾ ਸੰਭਲਨਾ, ਬੜੇ ਧੋਖੇ ਹੈ ਇਸ ਪਿਆਰ ਮੇਂ", "ਕਭੀ ਆਰ-ਕਭੀ ਪਾਰ ਲਾਗਾ ਤੀਰ-ਏ-ਨਜ਼ਰ", "ਯੇ ਲੋ ਮੈਂ ਹਾਰੀ ਪ੍ਰਿਆ ਹੂਈ ਤੇਰੀ ਜੀਤ ਰੇ, ਕਾਹੇ ਕਾ ਝਗੜਾ ਬਾਲਮ, ਨਈ-ਨਈ ਪ੍ਰੀਤ ਨੇ" ਰਾਹੀਂ ਔਰਤ-ਮਰਦ ਦੇ ਸਬੰਧਾਂ ਦੇ ਨਵੇਂ ਸਮੀਕਰਣ ਤਲਾਸ਼ ਕੀਤੇ। ਫ਼ਿਲਮ ਵਿਚ ਇੱਕ ਦਵੰਦ ਲਗਾਤਾਰ ਦਰਸ਼ਕਾਂ ਨੂੰ ਪ੍ਰੇਸ਼ਾਨ ਕਰਦਾ ਹੈ ਜੋ ਕਿਸੇ ਵੀ ਜਾਗਰੂਕ ਬੰਦੇ ਦਾ ਸੁਆਲ ਹੋ ਸਕਦਾ ਹੈ ਬੇਸ਼ੱਕ ਜਿੰਨਾ ਮਰਜ਼ੀ ਅਜੀਬ ਲੱਗਦਾ ਹੋਵੇ- ਫ਼ਿਲਮ ਦਾ ਮੁੱਖ ਕਿਰਦਾਰ ਇਸ ਸਵਾਲ ’ਤੇ ਅਟੱਕ ਜਾਂਦਾ ਹੈ ਕਿ ਜ਼ਿੰਦਗੀ ਵਿਚ ਅੰਨਾਧੁੰਦ ਪੈਸਾ ਕਮਾਉਣਾ ਜ਼ਿਆਦਾ ਜ਼ਰੂਰੀ ਹੈ ਜਾਂ ਫਿਰ ਬੰਦੇ ਨੂੰ ਨੀਂਦ ਵਧੀਆ ਆਉਣੀ ਚਾਹੀਦੀ ਹੈ।
 
ਇਸ ਤਰ੍ਹਾਂ ਗੁਰੂ ਦੱਤ ਦਾ ਫ਼ਿਲਮ ਬਣਾਉਣ ਦਾ ਹੁਨਰ ਬਹੁਤ ਹੱਦ ਤੱਕ ਇੱਕ ਅਜਿਹੇ ਫਿਲਾਸਫ਼ਰ ਦੀ ਨਿਆਂਈ ਹੈ ਜਿਹੜਾ ਜ਼ਿੰਦਗੀ ਦੀਆਂ ਵੱਡੀਆਂ ਸੱਚਾਈਆਂ ਦੇ ਰੂਬਰੂ ਆਪਣੀ ਮਸੂਮੀਅਤ ਅਤੇ ਸਾਦਗੀ ਬਚਾ ਕੇ ਨਿਕਲ ਜਾਣਾ ਚਾਹੁੰਦਾ ਹੈ। ਕੁੱਝ ਆਲੋਚਕਾਂ ਅਨੁਸਾਰ ਉਸ ਦਾ ਸਿਨੇਮਾ 'ਦੇਵਦਾਸ' ਦੀ ਰਵਾਇਤ ਨੂੰ ਅੱਗੇ ਤੋਰਦਿਆਂ ਨਿਰਾਸ਼ਾਵਾਦ ਤੇ ਭਾਂਜਵਾਦ ਨੂੰ ਉਤਸ਼ਾਹਿਤ ਕਰਦਾ ਹੈ ਪਰ ਉਸ ਦੀਆਂ ਫ਼ਿਲਮਾਂ ਵਿੱਚੋਂ ਉਸ ਦੀ ਛਟਪਟਾਹਟ, ਜ਼ਿੰਦਗੀ ਨੂੰ ਡੀਕ ਲਾਕੇ ਪੀਣ ਲੈਣ ਦਾ ਹੌਸਲਾ ਅਤੇ ਬੇਬਾਕੀ ਨਾਲ ਸੱਚ ਨੂੰ ਮੂੰਹ 'ਤੇ ਬੋਲਣ ਦਾ ਕਮਾਲ ਨਜ਼ਰ ਆਉਂਦਾ ਹੈ। ਗੁਰੂ ਦੱਤ ਬੰਗਾਲੀ ਸਾਹਤਿਕ ਰਵਾਇਤਾਂ ਅਤੇ ਬੰਗਾਲੀਆਂ ਦੇ ਸੁਹਜ ਦਾ ਕਾਇਲ ਸੀ। ਉਸ ਦੀਆਂ ਫ਼ਿਲਮਾਂ ਅਜਿਹੇ ਨੌਜਵਾਨਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੀਆਂ ਹਨ ਜਿਨ੍ਹਾਂ ਨੂੰ ਸੰਤਾਲੀ ਵਿਚ ਬਣੇ ਨਵੇਂ ਮੁਲਕ ਦਾ ਤਾਪ ਚੜ੍ਹਿਆ ਹੋਇਆ ਹੈ ਪਰ ਖੱਪਤਕਾਰੀ ਵਰਤਾਰਾ ਜਿਨ੍ਹਾਂ ਦੇ ਦਿਮਾਗਾਂ ਨੂੰ ਕੰਬਣੀ ਛੇੜ ਰਿਹਾ ਹੈ।
ਜਿੱਥੇ 'ਪਿਆਸਾ' ਫ਼ਿਲਮ ਰਾਹੀਂ ਗੁਰੂ ਦੱਤ ਇੱਕ ਕਵੀ ਦੇ ਸ਼ੰਵੇਦਨਸ਼ੀਲ ਦਿਲ ਦੇ ਬਦਲ ਰਹੀਆਂ ਕਦਰਾਂ-ਕੀਮਤਾਂ ਨਾਲ ਟਕਰਾਉ ਨੂੰ ਪਰਦਾਪੇਸ਼ ਕਰਦਾ ਹੈ ਉੱਥੇ 'ਕਾਗਜ਼ ਦੇ ਫੂਲ' ਫ਼ਿਲਮ ਵਿਚ ਗੁਰੂ ਦੱਤ ਆਪਣੀ ਖੁਦ ਦੀ ਤਲਾਸ਼ ਵਿਚ ਨਿਕਲਦਾ ਹੈ। 'ਕਾਗਜ਼ ਦੇ ਫੂਲ' ਦੇ ਕਲਾਈਮੈਕਸ ਵਿਚ ਇੱਕ ਸੁੰਨਸਾਨ ਫ਼ਿਲਮ ਸਟੂਡੀਓ ਦੀ ਵੀਰਾਨ ਕੁਰਸੀ 'ਤੇ ਨਿਰਦੇਸ਼ਕ ਜਿਸ ਨੂੰ ਵਕਤ ਕਦੋਂ ਦਾ ਚੇਤਿਆਂ ਵਿੱਚੋਂ ਮੇਟ ਚੁੱਕਾ ਹੈ, ਉਸ ਦੀ ਲਾਸ਼ ਪਈ ਹੈ। 'ਵਕਤ ਨੇ ਕੀਆ ਕਿਆ ਹਸੀਂ ਸਿਤਮ' ਨਾਂ ਦਾ ਗਾਣਾ ਜਿਸ ਨੇ ਕੈਫ਼ੀ ਆਜ਼ਮੀ ਨੂੰ ਸ਼ੋਹਰਦ ਦੀਆਂ ਬੁਲੰਦੀਆਂ 'ਤੇ ਪਹੁੰਚਾਇਆ ਅਸਲ ਵਿਚ ਗੁਰੂ ਦੱਤ ਦੇ ਭਵਿੱਖ ਵੱਲ ਇਸ਼ਾਰਾ ਕਰ ਰਿਹਾ ਸੀ। ਜ਼ਿੰਦਗੀ ਦਾ ਮਕਸਦ ਕੀ ਹੈ? ਸਫ਼ਲਤਾ-ਅਸਫ਼ਲਤਾ ਦੇ ਕੀ ਅਰਥ ਹਨ? ਬੰਦੇ ਨੂੰ ਆਖ਼ਿਰ ਜ਼ਿੰਦਗੀ ਵਿਚ ਕਿਹੜੀ ਚੀਜ਼ ਦੀ ਤਲਾਸ਼ ਹੈ? ਇਹ ਤਲਾਸ਼ ਆਪਣੇ-ਆਪ ਦੀ ਹੀ ਤਾਂ ਨਹੀਂ? ਆਦਿ ਸਵਾਲਾਂ ਨੂੰ ਮੁਖਾਤਿਬ ਹੁੰਦੀ ਇਹ ਫ਼ਿਲਮ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਪਿੱਟ ਗਈ। ਜਿਵੇਂ ਦਰਸ਼ਕਾਂ ਨੇ ਅਸਲੀਅਤ ਵਿਚਲੇ ਦਰਦ ਤੋਂ ਡਰਦਿਆਂ ਫ਼ਿਲਮ ਵੱਲ ਪਿੱਠ ਕਰ ਲਈ ਹੋਵੇ। ਇਸ ਫ਼ਿਲਮ ਨੇ ਗੁਰੂ ਦੱਤ ਨੂੰ ਅੰਦਰ ਤੱਕ ਹਿਲਾ ਦਿੱਤਾ। ਇਸ ਤੋਂ ਬਾਅਦ ਉਸ ਨੇ ਜ਼ਿਆਦਾਤਰ ਫ਼ਿਲਮਾਂ ਆਪਣੇ ਸਹਿ-ਨਿਰਦੇਸ਼ਕਾਂ ਦੇ ਨਾਮ 'ਤੇ ਰਿਲੀਜ਼ ਕੀਤੀਆਂ।
 
'ਸਾਹਿਬ ਬੀਬੀ ਔਰ ਗੁਲਾਮ' ਸੰਨ 1962 ਵਿਚ ਉਸ ਨੇ ਆਪਣੇ ਸਕਰੀਨ ਪਲੇਅ ਲੇਖਕ ਅਬਰਾਰ ਅਲਵੀ ਦੇ ਨਿਰਦੇਸ਼ਨ ਥੱਲੇ ਬਣਾਈ। ਇਹ ਫ਼ਿਲਮ ਬੰਗਾਲੀ ਨਾਵਲਕਾਰ ਸ੍ਰੀ ਬਿਮਲ ਮਿੱਤਰਾ ਦੇ ਇਸੇ ਨਾਮ ਦੇ ਨਾਵਲ 'ਤੇ ਆਧਾਰਿਤ ਸੀ। ਫ਼ਿਲਮ ਵਿਚ ਮੀਨਾ ਕੁਮਾਰੀ ਦੁਆਰਾ ਨਿਭਾਏ 'ਛੋਟੀ ਬਹੂ' ਦੇ ਕਿਰਦਾਰ ਨੇ ਉਸ ਨੂੰ ਸਿਨੇਮਾ ਵਿਚ ਅਮਰ ਕਰ ਦਿੱਤਾ। ਫ਼ਿਲਮ ਵਿਚ ਬੰਗਾਲੀ ਸਮਾਜ ਵਿਚ ਟੁੱਟ ਰਹੇ ਜਾਗੀਰਦਾਰ ਸਿਸਟਮ ਵਿਚ ਜਿਊ ਰਹੀਆਂ ਔਰਤਾਂ ਨੂੰ ਮੀਨਾ ਕੁਮਾਰੀ ਦੇ ਕਿਰਦਾਰ ਦੁਆਰਾ ਜ਼ੁਬਾਨ ਦਿੱਤੀ ਗਈ। ਫ਼ਿਲਮ ਵਿਚ 'ਛੋਟੀ ਬਹੂ' ਦੇ ਕਿਰਦਾਰ ਰਾਹੀਂ ਅਜਿਹੇ ਬੰਦੇ ਨੂੰ ਸੰਬੋਧਿਤ ਕੀਤਾ ਗਿਆ ਹੈ ਜੋ ਜਾਗੀਰਦਾਰੀ ਧੋਂਸ ਅਤੇ ਆਕੜ ਵਿਚ ਜਿਊਂ ਰਹੇ ਪਰ ਅੰਦਰੋ ਖੋਖਲੇ ਅਤੇ ਸੰਵੇਦਨਾ-ਰਹਿਤ ਸਾਮੰਤਾਂ ਨਾਲ ਜ਼ਿੰਦਗੀ ਮੇਚਣ ਦੀ ਕੋਸ਼ਿਸ ਕਰ ਰਿਹਾ ਹੈ। 'ਛੋਟੀ ਬਹੂ' ਆਪਣੇ ਜਾਗੀਰਦਾਰ ਪਤੀ ਨੂੰ ਖੁਸ਼ ਕਰਨ ਲਈ ਬਜ਼ਾਰੀ ਔਰਤਾਂ ਵਾਲੀਆਂ ਆਦਤਾਂ ਤਾਂ ਆਪਣਾ ਲੈਂਦੀ ਹੈ ਪਰ ਉਸਦੇ ਅੰਦਰ ਪਈਆਂ ਕਦਰਾਂ-ਕੀਮਤਾਂ ਨਾਲ ਉਸ ਦਾ ਲਗਾਤਾਰ ਟਕਰਾਉ ਚੱਲਦਾ ਰਹਿੰਦਾ ਹੈ। ਅੰਤ ਵਿਚ ਉਹ ਇਸ ਦੁਨੀਆ ਨੂੰ ਧਿਤਕਾਰਦਿਆਂ ਇਸ ਤੋਂ ਵਿਦਾ ਲੈਂਦੀ ਹੈ। ਇਹ ਫ਼ਿਲਮ ਬੇਹੱਦ ਮਕਬੂਲ ਹੋਈ। ਫ਼ਿਲਮ ਦੀ ਕਾਮਯਾਬੀ ਤੋਂ ਉਤਸ਼ਾਹਿਤ ਹੋ ਕੇ ਗੂਰੂ ਦੱਤ ਨੇ ਆਪਣੀ ਅਗਲੀ ਫ਼ਿਲਮ ਬਣਾਈ 'ਚੌਧਵੀਂ ਕਾ ਚਾਂਦ'। ਇਸ ਫ਼ਿਲਮ ਵਿੱਚ ਲਖਨਊ ਦੀ ਸਰਜਮੀਂ 'ਤੇ ਪਣਪੇ ਇੱਕ ਪ੍ਰੇਮ-ਤਿਕੋਣ ਨੂੰ ਆਧਾਰ ਬਣਾਇਆ ਗਿਆ ਸੀ। ਇਹ ਫ਼ਿਲਮ ਅੱਜ ਤੱਕ ਆਪਣੇ ਗੀਤ 'ਚੌਧਵੀਂ ਕਾ ਚਾਂਦ ਹੋ ਯਾ ਆਫਤਾਬ ਹੋ ,ਜੋ ਭੀ ਹੋ ਤੁਮ ਖੁਦਾ ਕੀ ਕਸਮ ਲਾਜਵਾਬ ਹੋ' ਦੇ ਬੇਹੱਦ ਖੂਬਸੂਰਤ ਫ਼ਿਲਮਾਂਕਣ ਲਈ ਜਾਣੀ ਜਾਂਦੀ ਹੈ। ਇਸ ਨੂੰ ਫ਼ਿਲਮ ਜਗਤ ਲਈ ਤੇ ਕਲਾ ਲਈ ਤਰਾਸਦੀ ਹੀ ਮੰਨਿਆ ਜਾਵੇਗਾ ਕਿ ਇਸ ਖੂਬਸੂਰਤ, ਦਰਦਮੰਦ ਤੇ ਸੰਵੇਦਨਸ਼ੀਲ ਨਿਰਦੇਸ਼ਕ ਦਾ ਅੰਤ ਖੁਦਕੁਸ਼ੀ ਵਿੱਚ ਹੋਇਆ।

ਗੁਰੁ ਦੱਤ ਤੋਂ ਇਲਾਵਾ ਭਾਰਤੀ ਸਿਨੇਮਾ ਦੇ ਇਸ ਸੁਨਿਹਰੀ ਦੌਰ ਵਿੱਚ ਤਿੰਨ ਵਿਅਕਤੀਆਂ ਦਾ ਯੋਗਦਾਨ ਮਹਤੱਵਪੂਰਨ ਹੈ। ਪਹਿਲੇ ਹਨ ਪ੍ਰਸਿੱਧ ਫ਼ਿਲਮਸਾਜ ਰਾਜਕਪੂਰ, ਦੂਜੇ ਫ਼ਿਲਮ ਲੇਖਕ ਕੇ.ਆਸਿਫ ਅਤੇ ਤੀਸਰੇ ਹਨ ਸ੍ਰੀ ਬਿਮਲ ਰਾਏ।

ਇਨ੍ਹਾਂ ਵਿੱਚੋਂ ਸ੍ਰੀ ਬਿਮਲ ਰਾਏ ਦੇ ਫਿਲਮੀ ਜੀਵਨ ਦੀ ਸਭ ਤੋਂ ਮਹਤੱਵਪੂਰਨ ਫ਼ਿਲਮ ਸੀ, 'ਦੋ ਬੀਘਾ ਜ਼ਮੀਨ' ਜਿਸ ਵਿੱਚ ਮੁੱਖ ਭੂਮਿਕਾਵਾਂ ਸ੍ਰੀ ਬਲਰਾਜ ਸਾਹਨੀ ਅਤੇ ਨਿਰੂਪਮਾ ਦੱਤ ਨੇ ਨਿਭਾਈਆਂ ਸਨ। ਫ਼ਿਲਮ ਖੇਤੀ ਦੇ ਧੰਦੇ ਨਾਲ ਜੁੜੀ ਹੋਈ ਅਨਿਸ਼ਚਿੰਤਤਾ ਅਤੇ ਸ਼ੋਸ਼ਣ ਨੂੰ ਯਥਾਰਥਿਕ ਤਰੀਕੇ ਨਾਲ ਪਰਦੇ 'ਤੇ ਸਾਕਾਰ ਕਰਦੀ ਹੈ। ਫ਼ਿਲਮ ਵਿੱਚ ਸਾਹੂਕਾਰ ਤੋਂ ਲਿਆ ਹੋਇਆ ਕਰਜ਼ ਉਤਾਰਣ ਲਈ ਸ਼ੰਭੂ ਆਪਣੇ ਬੇਟੇ ਅਤੇ ਪਤਨੀ ਨਾਲ ਕਲਕੱਤਾ ਪਲਾਇਨ ਕਰਦਾ ਹੈ ਜਿੱਥੋਂ ਦਾ ਗੈਰਮਾਨਵੀ ਵਿਵਹਾਰ ਅਤੇ ਸ਼ਹਿਰੀ ਢੰਗ ਤਰੀਕੇ ਉਸ ਦੀ ਬਚਦੀ ਉਮੀਦ ਵੀ ਖੋਹ ਲੈਂਦੇ ਹਨ। ਉਸ ਦਾ ਪੂਰਾ ਪਰਿਵਾਰ ਵਿੱਛੜ ਜਾਂਦਾ ਹੈ। ਬਦਹਵਾਸੀ ਦੀ ਹਾਲਤ ਵਿੱਚ ਜਦੋਂ ਉਹ ਪਿੰਡ ਵਾਪਸ ਪਰਤਦਾ ਹੈ ਤਾਂ ਦੇਖਦਾ ਹੈ ਕਿ ਉਸ ਦੀ ਜ਼ਮੀਨ ਉੱਤੇ ਦਿਉਕੱਦ ਫੈਕਟਰੀ ਬਣ ਚੁੱਕੀ ਹੈ। ਭਾਰਤ ਦੀ ਆਜ਼ਾਦੀ ਤੋਂ ਬਾਅਦ ਇਹ ਪਹਿਲੀ ਫ਼ਿਲਮ ਸੀ ਜਿਹੜੀ ਤਤਕਾਲੀਨ ਭਾਰਤ ਦੇ ਪੇਂਡੂ ਤਬਕੇ ਦੇ ਸਮਾਜਿਕ-ਆਰਥਿਕ ਢਾਂਚੇ, ਸਾਹੂਕਾਰੀ ਪ੍ਰਥਾ ਦੇ ਖੂਨੀ ਪੰਜਿਆਂ ਅਤੇ ਇਸ ਸਾਰੀ ਘੁੰਮਣਘੇਰੀ ਵਿੱਚ ਫਸੇ ਕਿਸਾਨਾਂ ਦੀ ਹਾਲਤਾਂ ਨੂੰ ਪਰਦੇ 'ਤੇ ਸਾਕਾਰ ਕਰਦੀ ਸੀ। ਫ਼ਿਲਮ ਨੂੰ ਭਾਰਤ ਦੀ ਪਹਿਲੀ ਨਿਊ-ਰਿਲੀਸਿਟਕ (Neo-Realistic) ਫ਼ਿਲਮ ਵੀ ਮੰਨਿਆ ਜਾਂਦਾ ਹੈ।
1954 ਵਿੱਚ ਸ੍ਰੀ ਬਿਮਲ ਰਾਏ ਨੇ ਫ਼ਿਲਮ 'ਨੌਕਰੀ' ਬਣਾਈ ਜਿਸ ਦਾ ਵਿਸ਼ਾ-ਵਸਤੂ ਆਜ਼ਾਦੀ ਦਾ ਦਹਾਕਾ ਬੀਤਣ ਦੇ ਬਾਵਜੂਦ ਨੌਜਵਾਨ ਵਰਗ ਦੀਆਂ ਆਸਾਂ-ਉਮੀਦਾਂ ਨੂੰ ਬੂਰ ਨਾ ਪੈਣ ਨੂੰ ਬਣਾਇਆ ਗਿਆ ਸੀ। ਫ਼ਿਲਮ ਵਿੱਚ ਰੋਜ਼ਗਾਰ ਲਈ ਦਰ-ਬ-ਦਰ ਭਟਕਦੇ ਨੌਜਵਾਨ ਦੇ ਕਿਰਦਾਰ ਨੂੰ ਪਰਦੇ 'ਤੇ ਸਾਕਾਰ ਕੀਤਾ ਸੀ ਹਰਫਨਮੌਲਾ ਕਲਾਕਾਰ ਕਿਸ਼ੋਰ ਕੁਮਾਰ ਨੇ।

ਇਸੇ ਸਾਲ ਸ੍ਰੀ ਬਿਮਲ ਰਾਏ ਦੁਆਰਾ ਨਿਰਦੇਸ਼ਿਤ ਫ਼ਿਲਮ 'ਦੇਵਦਾਸ' ਰਿਲੀਜ਼ ਹੋਈ ਜਿਸ ਨੇ ਅਭਿਨੇਤਾ ਦਲੀਪ ਕੁਮਾਰ ਨੂੰ 'ਟ੍ਰੈਜਡੀ ਕਿੰਗ' ਦਾ ਖਿਤਾਬ ਦਿਵਾਇਆ। ਇਸ ਤੋਂ ਪਹਿਲਾਂ 1935 ਵਿੱਚ ਸ੍ਰੀ ਪੀ.ਸੀ.ਬਰੂਆ ਕੁੰਦਨ ਲਾਲ ਸਹਿਗਲ ਨੂੰ ਲੈ ਕੇ 'ਦੇਵਦਾਸ' ਬਣਾ ਚੁੱਕੇ ਸਨ ਜਿਸ ਨੇ ਸਹਿਗਲ ਨੂੰ ਭਾਰਤੀ ਸਿਨੇਮਾ ਦਾ ਪਹਿਲਾ ਸੁਪਰਸਟਾਰ ਬਣਾਇਆ ਸੀ। ਸ੍ਰੀ ਬਿਮਲ ਰਾਏ ਦੀ 'ਦੇਵਦਾਸ' ਵਿੱਚ ਮੁੱਖ ਭੂਮਿਕਾਵਾਂ ਵਿੱਚ ਪਾਰੋ ਦੀ ਭੂਮਿਕਾ ਵਿੱਚ ਬੰਗਾਲ ਦੀ ਜ਼ਹੀਨ ਅਭਿਨੇਤਰੀ ਸੁਚਿੱਤਰਾ ਸੇਨ ਅਤੇ ਚੰਦਰਮੁਖੀ ਦੀ ਭੂਮਿਕਾ ਵਿੱਚ ਵੈਜੰਤੀਮਾਲਾ ਸਨ। ਇਹ ਫ਼ਿਲਮ ਆਪਣੇ ਗੰਭੀਰ ਬਿਰਤਾਂਤ, ਸ਼ਰਤਚੰਦਰ ਦੀ ਸਜੀਵ ਲੇਖਣੀ ਅਤੇ ਅਦਾਕਾਰਾਂ ਦੀ ਜੀਵੰਤ ਅਦਾਕਾਰੀ ਦੇ ਕਾਰਨ ਹਿੰਦੀ ਸਿਨੇਮਾ ਵਿੱਚ ਮੀਲ-ਪੱਥਰ ਸਾਬਿਤ ਹੋਈ।
 
ਫ਼ਿਲਮ 'ਬੰਦਿਨੀ' ਅਤੇ 'ਪਰਿਣੀਤਾ' ਫ਼ਿਲਮਾਂ ਰਾਹੀ ਸ੍ਰੀ ਬਿਮਲ ਰਾਏ ਨੇ ਔਰਤਾਂ ਨੂੰ ਕੇਂਦਰੀ ਕਿਰਦਾਰਾਂ ਦੇ ਰੂਪ ਵਿੱਚ ਪ੍ਰਸਤੁਤ ਕੀਤਾ। ਇਹ ਦੋਵੇਂ ਫ਼ਿਲਮਾਂ ਬੰਗਾਲੀ ਨਾਵਲਾਂ 'ਤੇ ਆਧਾਰਿਤ ਸਨ। ਜਿੱਥੇ 'ਬੰਦਿਨੀ' ਫ਼ਿਲਮ ਜੇਲ ਸੁਪਰਡੈਂਟ ਚਾਰੂ ਚੰਦਰਾ ਚੱਕਰਾਵਰਤੀ ਦੁਆਰਾ ਲਿਖੇ ਨਾਵਲ 'ਤਾਮਸੀ' 'ਤੇ ਆਧਾਰਿਤ ਸੀ, ਉੱਥੇ ਫ਼ਿਲਮ 'ਪਰਿਣੀਤਾ' ਸ੍ਰੀ ਸ਼ਰਤਚੰਦਰ ਚੈਟੋਪਿਧਾਏ ਦੁਆਰਾ ਲਿਖੇ ਇਸੇ ਨਾਮ ਦੇ ਨਾਵਲ 'ਤੇ ਆਧਾਰਿਤ ਸੀ।

ਇਸ ਤੋਂ ਬਿਨਾਂ ਸ੍ਰੀ ਬਿਮਲ ਰਾਏ ਜੀ ਨੇ ਜਿਹੜੀਆਂ ਹੋਰ ਫ਼ਿਲਮਾਂ ਨਿਰਦੇਸ਼ਤ ਕੀਤੀਆਂ ਉਨ੍ਹਾਂ ਵਿੱਚ 'ਸੁਜਾਤਾ' ਤੇ 'ਬਿਰਾਜ ਬਹੂ' ਪ੍ਰਮੁੱਖ ਹਨ। ਇਹ ਫ਼ਿਲਮਾਂ ਜਿੱਥੇ ਸ੍ਰੀ ਬਿਮਲ ਰਾਏ ਦੇ ਬਿਹਤਰੀਨ ਨਿਰਦੇਸ਼ਨ ਲਈ ਜਾਣੀਆਂ ਜਾਂਦੀਆਂ ਹਨ, ਉੱਥੇ ਸਲਿਲ ਚੌਧਰੀ ਨੇ ਇਨ੍ਹਾਂ ਫ਼ਿਲਮਾਂ ਨੂੰ ਆਪਣੀਆਂ ਧੁਨਾਂ ਅਤੇ ਸੰਗੀਤ ਨਾਲ ਅਮਰ ਕਰ ਦਿੱਤਾ।

ਇਸ ਦੌਰ ਦਾ ਜ਼ਿਕਰ ਦਲੀਪ ਕੁਮਾਰ ਅਤੇ ਦੇਵਾਨੰਦ ਤੋਂ ਬਿਨਾਂ ਤਾਂ ਅਧੂਰਾ ਹੈ ਹੀ ਪਰ ਇਹ ਦੌਰ ਰਾਜਕਪੂਰ ਅਤੇ ਕੇ.ਆਸਿਫ ਦੀ ਜੋੜੀ ਦੇ ਨਾਮ ਵੀ ਰਿਹਾ।
[home] 1-5 of 5


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER