ਮਨੋਰੰਜਨ

Monthly Archives: JUNE 2016


ਸੰਤਾਲੀ ਤੋਂ ਪਹਿਲਾਂ ਫ਼ਿਲਮ ਸਨਅੱਤ ਦਾ ਮੱਕਾ ਸੀ ਸ਼ਹਿਰ ਲਾਹੌਰ
22.06.16 - ਕੁਲਦੀਪ ਕੌਰ
ਸੰਤਾਲੀ ਤੋਂ ਪਹਿਲਾਂ ਫ਼ਿਲਮ ਸਨਅੱਤ ਦਾ ਮੱਕਾ ਸੀ ਸ਼ਹਿਰ ਲਾਹੌਰਫ਼ਿਲਮ ਸਨਅੱਤ ਦਾ ਉੱਨੀ ਸੌ ਸੰਤਾਲੀ ਦੀ ਵੰਡ ਦੇ ਸਮੇਂ ਉੱਜੜ ਜਾਣਾ ਕਲਾ ਅਤੇ ਸੱਭਿਆਚਾਰ ਦੇ ਪੱਖ ਤੋਂ ਇੱਕ ਨਾ ਭਰਨ ਵਾਲਾ ਖੱਪਾ ਹੈ। ਇਸ ਸਬੰਧ ਵਿਚ ਪਾਕਿਸਤਾਨ ਦੇ ਪ੍ਰਸਿੱਧ ਫ਼ਿਲਮ ਵਿਤਰਕ ਏਜ਼ਾਜ ਗੁਲ ਲਿਖਦੇ ਹਨ ਕਿ ਉੱਨੀ ਸੌ ਸੰਤਾਲੀ ਦੀ ਵੰਡ ਤੋਂ ਪਹਿਲਾਂ ਲਾਹੌਰ ਇੱਕ ਤਰ੍ਹਾਂ ਨਾਲ ਪੰਜਾਬ ਦੀ ਸੱਭਿਆਚਾਰਕ ਤੇ ਕਲਾਤਮਿਕ ਰਾਜਧਾਨੀ ਸੀ। ਲਾਹੌਰ ਵਿਚ ਵੰਡ ਦੌਰਾਨ ਹੋਈਆਂ ਅਗਜ਼ਨੀ ਤੇ ਭੰਨ-ਤੋੜ ਦੀਆਂ ਘਟਨਾਵਾਂ ਨੇ ਜਿੱਥੇ ਬਹੁਤੇ ਸਟੂਡੀਓ ਅਤੇ ਕੰਪਨੀਆਂ ਦੇ ਦਫ਼ਤਰ ਨਸ਼ਟ ਕਰ ਦਿੱਤੇ, ਉੱਥੇ ਨੂਰ ਜਹਾਂ, ਗੁਲਾਮ ਹੈਦਰ ਵਰਗੇ ਅਨੇਕਾਂ ਨਿਰਦੇਸ਼ਕਾਂ/ਅਦਾਕਾਰਾਂ/ਫ਼ਿਲਮ ਤਕਨੀਸ਼ੀਅਨਾਂ ਨੂੰ ਲਾਹੌਰ ਛੱਡ ਕੇ ਨਵੇਂ ਮੁਲਕ ਪਾਕਿਸਤਾਨ ਵਿਚ ਜਾਣਾ ਪਿਆ। ਲਾਹੌਰ ਨੇ ਹੀ ਭਾਰਤ ਦੀ ਸਦਾਬਹਾਰ ਗਾਇਕਾ ਲਤਾ ਮੰਗੇਸ਼ਕਰ ਅਤੇ ਸਦਾਬਹਾਰ ਗਾਇਕ ਮਹੁੰਮਦ ਰਫ਼ੀ ਨੂੰ ਆਪਣੀ ਜ਼ਿੰਦਗੀ ਦੇ ਪਹਿਲੇ ਮੌਕੇ ਪੰਜਾਬੀ ਫ਼ਿਲਮ ਸਨਅੱਤ ਵਿੱਚ ਮਹੁੱਈਆ ਕਰਵਾਏ। ਗੁਲਾਮ ਹੈਦਰ ਦੁਆਰਾ ਕੰਪੋਜ਼ ਕੀਤਾ ਗੀਤ ‘ਸ਼ਾਲਾ ਜਵਾਨੀਆ ਮਾਣੇ’ ਜੋ ਕਿ ਨੂਰਜਹਾਂ ਤੇ ਫ਼ਿਲਮਾਇਆ ਗਿਆ ਸੀ, ਸਾਲਾਂ ਬੱਧੀ ਲਾਹੌਰ ਦੀ ਫ਼ਿਜ਼ਾ ਵਿਚ ਗੂੰਜਦਾ ਰਿਹਾ। ਲਾਹੌਰ ਦੇ ਲੱਛਮੀ ਚੌਕ ਵਿਚ ਰੋਜ਼ ਰਾਤ ਨੂੰ ਫ਼ਿਲਮੀ ਸਿਤਾਰਿਆਂ ਦਾ ਜਮਘਟ ਜੁੜਦਾ। ਪ੍ਰਾਣ ਵਰਗੇ ਨੌਜਵਾਨ ਅਦਾਕਾਰ ਆਪਣੇ ਖ਼ਾਸ ਢੰਗ ਨਾਲ ਸਜਾਏ ਹੋਏ ਟਾਂਗਿਆਂ ਤੋਂ ਪਹਿਚਾਣੇ ਜਾਂਦੇ। ਬੀ.ਆਰ. ਚੋਪੜਾ ਦਾ ਛੋਟਾ ਭਰਾ ਯਸ਼ ਚੋਪੜਾ ਵੀ ਲਾਹੌਰ ਦਾ ਹੀ ਜੰਮਿਆ ਪਲਿਆ ਸੀ। ਖੁਆਜਾ ਅਹਿਮਦ ਅੱਬਾਸ ਲਾਹੌਰ ਰਹਿੰਦੇ ਸਨ। ਬਲਰਾਜ ਸਾਹਨੀ ਉਸ ਸਮੇਂ ਆਲ ਇੰਡੀਆ ਕਮਿਉੂਨਿਸਟ ਪਾਰਟੀ ਦੇ ਜਨਰਲ ਸਕੱਤਰ ਸਨ ਤੇ ਲਾਹੌਰ ਦੇ ਮਾਟੀ ਚੌਕ ਖੇਤਰ ਵਿਚ ਰਹਿੰਦੇ ਸਨ। ਉਨ੍ਹਾਂ ਦੇ ਭਰਾ ਭੀਸ਼ਮ ਸਾਹਨੀ ਨੇ ਬਾਅਦ ਵਿਚ ‘ਤਮਸ’ ਲਿਖ ਕੇ ਵੰਡ ਸਮੇਂ ਵਾਪਰੀ ਤਰਾਸਦੀ ਨੂੰ ਹੂਬਹੂ ਪੰਨਿਆਂ ’ਤੇ ਉਕੇਰ ਦਿੱਤਾ। ਦੇਵਾਨੰਦ ਵੀ ਲਾਹੌਰੀ ਗੇਟ ਦੇ ਬਾਸ਼ਿੰਦੇ ਸਨ ਤੇ ਉਸ ਸਮੇਂ ਸਿਆਸਤ ਵਿਚ ਖੂਬ ਸਰਗਰਮ ਸਨ। ਉਨ੍ਹਾਂ ਦੇ ਭਰਾ ਚੇਤਨ ਆਨੰਦ ਫ਼ਿਲਮ ਨਿਰਦੇਸ਼ਨ ਵਿਚ ਸਰਗਰਮ ਸਨ। ਕੇ.ਐਲ. ਸਹਿਗਲ ਵੀ ਲਾਹੌਰ ਵਿਚ ਹੀ ਗਾਇਕ ਦੇ ਤੌਰ ’ਤੇ ਪ੍ਰਵਾਨ ਚੜ੍ਹੇ। ਖੁਰਸ਼ੀਦ ਬੇਗਮ ਦਾ ਨਾਮ ਗਾਇਕਾ ਦੇ ਤੌਰ ’ਤੇ ਲਾਹੌਰ ਦੇ ਘਰ-ਘਰ ਵਿਚ ਗੂੰਜਦਾ ਸੀ। ਮਸ਼ਹੂਰ ਸੰਗੀਤਕਾਰ ਖ਼ਿਆਮ ਨੇ ਵੀ ਆਪਣਾ ਕੈਰੀਅਰ ਲਾਹੌਰ ਤੋਂ ਹੀ ਸ਼ੁਰੂ ਕੀਤਾ। ਉੱਨੀ ਸੌ ਸੰਤਾਲੀ ਦੀ ਵੰਡ ਤੋਂ ਬਾਅਦ ਲਾਹੌਰ ਤੋਂ ਬੰਬਈ ਜਾਣ ਵਾਲੇ ਹੋਰ ਪ੍ਰਸਿੱਧ ਸੰਗੀਤਕਾਰ ਸਨ-ਪੰਡਿਤ ਅਮਰਨਾਥ, ਸ਼ਿਆਮ ਸੁੰਦਰ, ਗੋਬਿੰਦ ਰਾਮ ਆਦਿ। ਜੇਕਰ ਨਾਟਕ ਦੇ ਖੇਤਰ ਵਿਚ ਦੇਖਿਆ ਜਾਵੇ ਤਾਂ ਨਾਦਿਰਾ ਬੱਬਰ ਦੇ ਪਿਤਾ ਸ੍ਰੀ ਸੱਜਦ ਜ਼ਹੀਰ, ਜਾਵੇਦ ਅਖ਼ਤਰ ਦੇ ਅੱਬਾ ਸ੍ਰੀ ਜਾਨ ਨਿਸਾਰ ਅਖ਼ਤਰ, ਸ਼ਬਾਨਾ ਆਜ਼ਮੀ ਦੇ ਪਿਤਾ ਕੈਫ਼ੀ ਆਜ਼ਮੀ, ਲੋਕਾਂ ਦੇ ਗੀਤਕਾਰ ਕਹੇ ਜਾਂਦੇ ਸਾਹਿਰ ਲੁਧਿਆਣਵੀ, ਮਜ਼ਰੂਹ ਸੁਲਤਾਨਪੁਰੀ, ਤਨਵੀਰ ਨਕਵੀ ਆਦਿ ਜਿਹੜੇ ਕਿ ਉਸ ਸਮੇਂ ਦੀਆਂ ਪ੍ਰਗਤੀਵਾਦੀ ਸਾਹਿਤਕ ਸਰਗਰਮੀਆਂ ਨਾਲ ਜੁੜੇ ਹੋਏ ਸਨ, ਉਨ੍ਹਾਂ ਨੂੰ ਵੀ ਅਣਸਰਦੇ ਨੂੰ ਲਾਹੌਰ ਛੱਡਣਾ ਪਿਆ।

ਸੰਤਾਲੀ ਦੇ ਬਟਵਾਰੇ ਦੀ ਤਰਾਸਦੀ ਬਾਰੇ ਫ਼ਿਲਮੀ ਸਨਅੱਤ ਦਾ ਰੁਖ ਕਾਫ਼ੀ ਹੈਰਾਨ ਕਰ ਦੇਣ ਵਾਲਾ ਰਿਹਾ। ਜਿੱਥੇ ਪੰਜਾਬੀ ਸਿਨੇਮਾ ਜਗਤ ਵਿਚ ‘ਚੌਧਰੀ ਕਰਨੈਲ ਸਿੰਘ’ ਫ਼ਿਲਮ ਦੇ ਬਣਨ ਤੱਕ ਕੋਈ ਅਜਿਹੀ ਫ਼ਿਲਮ ਨਹੀਂ ਬਣੀ ਜੋ ਇਸ ਤਰਾਸਦੀ ਵੱਲ ਇਸ਼ਾਰਾ ਵੀ ਕਰਦੀ ਹੋਵੇ, ਉਥੇ ਦਿਲਚਸਪ ਤੱਥ ਇਹ ਹੈ ਕਿ ਹਿੰਦੀ ਫ਼ਿਲਮ ਸਨਅੱਤ ਨੇ ਸੰਤਾਲੀ ਦੇ ਬਟਵਾਰੇ ਤੋਂ ਬਾਅਦ ਮੁਗਲ ਰਾਜਿਆਂ ਦੀ ਦਰਿਆਦਿਲੀ ਤੇ ਮੁਸਲਿਮ ਸਮਾਜ ਵਿੱਚਲੇ ਹਾਂ-ਮੁੱਖੀ ਵਰਤਾਰਿਆਂ ਨੂੰ ਆਧਾਰ ਬਣਾ ਕੇ ਅਨੇਕਾਂ ਫ਼ਿਲਮਾਂ ਬਣਾਈਆਂ। ਇੱਦਾਂ ਲੱਗ ਰਿਹਾ ਸੀ ਜਿਵੇਂ ਪੰਜਾਬੀ ਫ਼ਿਲਮ ਜਗਤ ਤਾਂ ਜ਼ਖਮਾਂ ਦੀ ਭਿਅੰਕਰਤਾ ਤੋਂ ਤ੍ਰਬਕਦਾ ਹੋਇਆ ਇਨ੍ਹਾਂ ਨੂੰ ਛੇੜਣ ਤੋਂ ਡਰ ਰਿਹਾ ਸੀ ਤੇ ਹਿੰਦੀ ਫ਼ਿਲਮ ਸਨਅੱਤ ਇਨ੍ਹਾਂ ਜ਼ਖ਼ਮਾਂ ਨੂੰ ਆਪਸੀ ਸਦਭਾਵਨਾ, ਭਾਈਚਾਰੇ ਅਤੇ ਸਾਂਝੀਆਂ ਤੰਦਾਂ ਰਾਹੀਂ ਸੰਬੋਧਿਤ ਹੋਣ ਦਾ ਯਤਨ ਕਰ ਰਿਹਾ ਸੀ। ਇਸ ਸਬੰਧ ਵਿਚ ਤਿੰਨ ਮਹੱਤਵਪੂਰਨ ਫ਼ਿਲਮਾਂ ਦਾ ਜ਼ਿਕਰ ਜ਼ਰੂਰੀ ਹੈ।

ਪਹਿਲੀ ਫ਼ਿਲਮ ਸੀ ‘ਬੈਜੂ ਬਾਵਰਾ’, ਇਹ ਫ਼ਿਲਮ 1952 ਵਿਚ ਰਿਲੀਜ਼ ਹੋਈ। ਫ਼ਿਲਮ ਦੇ ਨਿਰਦੇਸ਼ਕ ਵਿਜੇ ਭੱਟ ਸਨ ਅਤੇ ਇਸ ਵਿਚ ਮੁੱਖ ਰੋਲ ਭਾਰਤ ਭੂਸ਼ਣ ਅਤੇ ਮੀਨਾ ਕੁਮਾਰੀ ਨੇ ਅਦਾ ਕੀਤੇ ਸਨ। ਫ਼ਿਲਮ ਸੰਗੀਤਕਾਰ ਨੌਸ਼ਾਦ ਦੇ ਕੈਰੀਅਰ ਦੀ ਇਹ ਸਭ ਤੋਂ ਮਹੱਤਵਪੂਰਨ ਫ਼ਿਲਮ ਗਿਣੀ ਜਾਂਦੀ ਹੈ। ਫ਼ਿਲਮ ਮੁਗਲ ਬਾਦਸ਼ਾਹ ਅਕਬਰ ਦੇ ਦਰਬਾਰ ਵਿਚ ਗਾਇਕ ਰਹੇ ਬੈਜੂ ਬਾਵਰਾ ਨਾਮੀ ਸੰਗੀਤਕਾਰ ਦੀ ਜੀਵਣੀ ’ਤੇ ਆਧਾਰਿਤ ਸੀ। ਫ਼ਿਲਮ ਦੇ ਮੁੱਖ ਪਾਤਰ ਬੈਜੂ ਬਾਵਰਾ ਨੂੰ ਇਹ ਗਲਤਫ਼ਹਿਮੀ ਹੋ ਜਾਂਦੀ ਹੈ ਕਿ ਉਸਦੇ ਪਿਤਾ ਦਾ ਕਾਤਲ ਅਕਬਰ ਦੇ ਦਰਬਾਰ ਦਾ ਅਤਿ ਸਨਮਾਨਿਤ ਗਾਇਕ ਤਾਨਸੇਨ ਹੈ। ਬਦਲੇ ਦੀ ਭਾਵਨਾ ਨਾਲ ਉਹ ਤਾਨਸੇਨ ਨੂੰ ਗਾਇਕੀ ਦੇ ਮੁਕਾਬਲੇ ਲਈ ਵੰਗਾਰਦਾ ਹੈ। ਸਾਰੇ ਉਸਦਾ ਪਾਗਲ ਕਹਿ ਕੇ ਮਜ਼ਾਕ ਉਡਾਉਂਦੇ ਹਨ। ਅੰਤ ਵਿਚ ਉਸ ਦੀ ਤੇ ਉਸਦੀ ਪ੍ਰੇਮਿਕਾ ਦੋਵਾਂ ਦੀ ਦਰਦਨਾਕ ਮੌਤ ਹੋ ਜਾਂਦੀ ਹੈ। ਇਸ ਫ਼ਿਲਮ ਦੇ ਨਿਰਦੇਸ਼ਕ ਵਿਜੇ ਭੱਟ ਨੇ ਹੀ 1945 ਵਿਚ ਇੱਕ ਮਹੱਤਵਪੂਰਨ ਸਮਾਜਿਕ ਫ਼ਿਲਮ ਬਣਾਈ ‘ਸਮਾਜ ਕੋ ਬਦਲ ਡਾਲੋ’ ਜਿਸ ਵਿਚ ਦਾਜ ਵਰਗੀ ਵਿਕਰਾਲ ਸਮੱਸਿਆ ’ਤੇ ਤਿੱਖਾ ਵਿਅੰਗ ਕੀਤਾ ਗਿਆ ਸੀ।
 
ਦੂਜੀ ਮਹੱਤਵਪੂਰਨ ਫ਼ਿਲਮ ਸੀ, 1953 ਵਿਚ ਬਣੀ ਫ਼ਿਲਮ ‘ਅਨਾਰਕਲੀ’। ਇਸ ਫ਼ਿਲਮ ਦੇ ਨਿਰਦੇਸ਼ਕ ਸ੍ਰੀ ਨੰਦ ਲਾਲ-ਜਸਵੰਤ ਲਾਲ ਸਨ ਤੇ ਫ਼ਿਲਮ ਮੁਗਲ ਬਾਦਸ਼ਾਹ ਜਹਾਂਗੀਰ ’ਤੇ ਆਧਾਰਿਤ ਸੀ ਜਿਸਨੇ ਇੱਕ ਸਾਧਾਰਣ ਕੁੜੀ ਨਾਲ ਵਿਆਹ ਕਰਾਉਣ ਲਈ ਅਕਬਰ ਵਿਰੁੱਧ ਬਗਾਵਤ ਕਰ ਦਿੱਤੀ ਸੀ। ਇਹ ਫ਼ਿਲਮ ਬੇਹੱਦ ਮਕਬੂਲ ਹੋਈ ਅਤੇ ਇਸ ਦੇ ਗੀਤਾਂ ‘ਯੇ ਜ਼ਿੰਦਗੀ ਉਸੀ ਕੀ ਹੈ’, ‘ਦੁਆ ਕਰ ਗਮੇਂ-ਦਿਲ, ਖੁਦਾ ਸੇ ਦੁਆ ਕਰ’, ‘ਮਹੁੱਬਤ ਐਸੀ ਧੜਕਣ ਹੈ’ ਅਤੇ ‘ਐ ਜਾਨੇ-ਵਫ਼ਾ’ ਹਿੰਦੀ ਫ਼ਿਲਮ ਸੰਗੀਤ ਵਿਚ ਕਲਾਸਿਕ ਦਾ ਦਰਜਾ ਰੱਖਦੇ ਹਨ।
 
ਤੀਜੀ ਫ਼ਿਲਮ ਸੀ 1954 ਵਿਚ ਬਣੀ ‘ਮਿਰਜ਼ਾ ਗਾਲਿਬ’ ਜਿਸ ਨੂੰ ਸ੍ਰੀ ਸੋਹਰਾਬ ਮੋਦੀ ਨੇ ਨਿਰਦੇਸ਼ਿਤ ਕੀਤਾ ਸੀ। ਇਸ ਵਿਚ ਮੁੱਖ ਰੋਲ ਭਾਰਤ ਭੂਸ਼ਣ ਅਤੇ ਸੁਰੱਣੀਆ ਨੇ ਨਿਭਾਏ ਸਨ। ਫ਼ਿਲਮ ਦੀ ਕਹਾਣੀ ਸਆਦਤ ਹਸਨ ਮੰਟੋ ਅਤੇ ਰਾਜਿੰਦਰ ਸਿੰਘ ਬੇਦੀ ਨੇ ਸਾਂਝਿਆ ਤੌਰ ’ਤੇ ਲਿਖੀ ਸੀ। ਫ਼ਿਲਮ ਵਿਚ ਬਹੁਤ ਖੂਬਸੂਰਤੀ ਨਾਲ ਮਸ਼ਹੂਰ ਉਰਦੂ ਸ਼ਾਇਰ ਮਿਰਜ਼ਾ ਗਾਲਿਬ ਦੇ ਜੀਵਨ ਵਿਚ ਅਮੀਰੀ-ਗਰੀਬੀ ਦੇ ਚੱਕਰ, ਉਸਦੀ ਪ੍ਰੇਮ ਕਹਾਣੀ, ਰਾਜਸੀ ਠਾਠ ਦੇ ਦਿਨਾਂ ਅਤੇ ਮੁਫ਼ਲਿਸੀ ਦੇ ਦਿਨਾਂ ਨੂੰ ਪਰਦੇ ’ਤੇ ਸਾਕਾਰ ਕੀਤਾ ਗਿਆ ਸੀ।
 
1952 ਵਿੱਚ ਹੀ ਬਣੀ ਫ਼ਿਲਮ ‘ਕਲਪਨਾ’ ਹਿੰਦੀ ਫ਼ਿਲਮ ਇਤਿਹਾਸ ਵਿਚ ਇੱਕ ਵਿਲੱਖਣ ਕਿਸਮ ਦੀ ਫ਼ਿਲਮ ਹੈ ਜਿਸ ਨੂੰ ਪ੍ਰਸਿੱਧ ਨ੍ਰਿਤ-ਨਿਰਦੇਸ਼ਕ ਉਦੈ ਸ਼ੰਕਰ ਜੀ ਨੇ ਲਿਖਿਆ ਤੇ ਨਿਰਦੇਸ਼ਿਤ ਕੀਤਾ ਸੀ। ਜ਼ਿਕਰਯੋਗ ਹੈ ਕਿ ਉਨ੍ਹਾਂ ਨੇ ਆਪਣੇ ਪੂਰੇ ਫ਼ਿਲਮੀ ਕੈਰੀਅਰ ਵਿਚ ਸਿਰਫ਼ ਇਹੋ ਫ਼ਿਲਮ ਬਣਾਈ। ਫ਼ਿਲਮ ਦੀ ਕਹਾਣੀ ਨਾਚ ਦੀ ਕਲਾ ਨਾਲ ਜੁੜੇ ਇੱਕ ਅਜਿਹੇ ਵਿਅਕਤੀ ਦੇ ਅੰਤਰ-ਦਵੰਦ ਅਤੇ ਸੰਘਰਸ਼ ਦੀ ਕਹਾਣੀ ਹੈ ਜੋ ਸੰਗੀਤ ਸਿੱਖਿਆ ਨੂੰ ਸੰਚਾਰ ਦਾ ਸਭ ਤੋਂ ਸਮਰੱਥ ਮਾਧਿਅਮ ਮੰਨਦਿਆਂ ਇਸ ਦੀ ਸਿਖਲਾਈ ਨੂੰ ਸਿੱਖਿਆ ਦਾ ਮਹੱਤਵਪੂਰਨ ਭਾਗ ਬਣਾਉਣਾ ਚਾਹੁੰਦਾ ਹੈ। ਫ਼ਿਲਮ ਪੂਰੀ ਦੀ ਪੂਰੀ ਫੈਂਟੇਸੀ ਅਤੇ ਨਾਚ ਵਿਚ ਫ਼ਿਲਮਾਈ ਗਈ ਹੈ। ਨਾਚ ਸਾਰਾ ਭਾਰਤੀ ਪ੍ਰੰਪਰਾਗਤ ਤਕਨੀਕਾਂ ਅਤੇ ਵਿਧੀਆਂ ’ਤੇ ਆਧਾਰਿਤ ਹੈ।

 1951 ਵਿਚ ਹੀ ਜ਼ਿਆ ਸਰਹੱਦੀ ਨੇ ਫ਼ਿਲਮ ‘ਹਮਲੋਗ’ ਦਾ ਨਿਰਦੇਸ਼ਨ ਕੀਤਾ ਜੋ ਕਿ ਬਹੁਤ ਸਫਲ ਰਹੀ।

1951 ਵਿਚ ਭਾਰਤ ਵਿਚ ਲੱਗਭਗ ਦੋ ਹਜ਼ਾਰ ਉਨਾਹਟ ਕਰੋੜ ਦੇ ਨਿਵੇਸ਼ ਨਾਲ ਪਹਿਲੀ ਪੰਜ ਸਾਲਾਂ ਯੋਜਨਾ ਲਾਗੂ ਕੀਤੀ ਗਈ। ਭਾਰਤ ਦਾ ਆਜ਼ਾਦ ਮੁਲਕ ਦੇ ਤੌਰ ’ਤੇ ਵਿਕਾਸ ਸਮਾਜਵਾਦੀ-ਨਹਿਰੂਵਾਦ ਵਿਚਾਰਧਾਰਾ ਅਨੁਸਾਰ ਕਰਨਾ ਮਿਥਿੱਆ ਗਿਆ। ਸੰਨ 1952 ਵਿੱਚ ਹੀ ਸਰਕਾਰ ਦੁਆਰਾ ਸਥਾਪਿਤ ਕੀਤੀ ਫ਼ਿਲਮ ਇਨਕੁਆਰੀ ਕਮੇਟੀ ਨੇ ਆਪਣੀਆਂ ਮਹੱਤਵਪੂਰਨ ਸਿਫ਼ਾਰਿਸ਼ਾਂ ਅਤੇ ਰਿਪੋਰਟ ਪੇਸ਼ ਕੀਤੀ। ਇਹ ਰਿਪੋਰਟ ਇਸ ਲਈ ਮਹੱਤਵਪੂਰਨ ਹੈ ਕਿ ਇਸ ਦੀਆਂ ਸਿਫ਼ਾਰਿਸ਼ਾਂ ਨੂੰ ਲਾਗੂ ਕਰਦਿਆਂ ਸਰਕਾਰ ਨੇ ਨਾ ਸਿਰਫ਼ ਸਟੂਡੀਓ ਸਿਸਟਮ ਦਾ ਖ਼ਾਤਮਾ ਕਰ ਦਿੱਤਾ ਸਗੋਂ ਉਨ੍ਹਾਂ ਫ਼ਿਲਮ ਨਿਰਦੇਸ਼ਕਾਂ-ਨਿਰਮਾਤਾਵਾਂ ਨੂੰ ਉਤਸ਼ਾਹਿਤ ਕਰਨਾ ਸ਼ੁਰੂ ਕਰ ਦਿੱਤਾ ਜਿਨ੍ਹਾਂ ਨੂੰ ਸਿਨੇਮਾ ਬਣਾਉਣ ਦੀ ਕਲਾ ਤੇ ਸੁਹਜ ਦਾ ਮਿਆਰ ਕਾਇਮ ਰੱਖਣ ਦਾ ਹੁਨਰ ਸੀ। ਸਰਕਾਰ ਨੇ ਫ਼ਿਲਮ ਵਿੱਤ ਨਿਗਮ ਦੀ ਸਥਾਪਨਾ ਕੀਤੀ ਅਤੇ ਇੱਕ ਤਰ੍ਹਾਂ ਨਾਲ ਸਰਕਾਰੀ ਤੌਰ ’ਤੇ ਫ਼ਿਲਮ ਸਨਅੱਤ ਵਿਚ ਲੱਗ ਰਹੇ ਕਾਲੇ ਧਨ ’ਤੇ ਪਾਬੰਦੀ ਲਗਾ ਦਿੱਤੀ। ਵਿੱਤ ਵਿਭਾਗ ਨੇ ਹੁਨਰਮੰਦ ਨਿਰਦੇਸ਼ਕਾਂ ਨੂੰ ਫ਼ਿਲਮ ਲਈ ਕਰਜ਼ੇ ਅਤੇ ਪੂੰਜੀ ਮਹੁੱਈਆ ਕਰਵਾਈ। ਇਸੇ ਕਮੇਟੀ ਦੀਆਂ ਸਿਫ਼ਾਰਿਸ਼ਾਂ ਨੂੰ ਆਧਾਰ ਬਣਾਕੇ ‘ਫ਼ਿਲਮ ਇੰਸਟੀਚਿਊਟ ਪੂਨਾ’ ਦੀ ਸਥਾਪਨਾ ਕੀਤਾ ਗਿਆ ਜਿਸ ਦਾ ਮੁੱਖ ਉਦੇਸ਼ ਨਾ ਸਿਰਫ ਭਾਰਤੀ ਸਿਨੇਮਾ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਨਿਰਦੇਸ਼ਨ, ਅਦਾਕਾਰੀ, ਤਕਨੀਕ, ਆਵਾਜ਼-ਪ੍ਰਬੰਧਨ ਦੇ ਖੇਤਰਾਂ ਵਿਚ ਅੰਤਰਰਾਸ਼ਟਰੀ ਪੱਧਰ ਦੀ ਟਰੇਨਿੰਗ ਦਾ ਪ੍ਰਬੰਧ ਕਰਨਾ ਸੀ, ਸਗੋਂ ਭਾਰਤੀ ਸਿਨੇਮਾ ਵਿਚ ਸਮਾਜ ਤੇ ਕਲਾ, ਕਲਾ ਤੇ ਸੰਚਾਰ, ਸੰਚਾਰ ਤੇ ਸਮਾਜ, ਸਿਨੇਮਾ ਤੇ ਸੱਭਿਆਚਾਰ ਵਰਗੇ ਖੇਤਰਾਂ ਵਿਚ ਨਵੇਂ ਸਿਰਿਉਂ ਧਾਰਨਾਵਾਂ ਤੇ ਵਿਚਾਰਧਾਰਾਵਾਂ ਨੂੰ ਵਾਚਣਾ ਵੀ ਸੀ। ਇਸ ਤੋਂ ਇਲਾਵਾ ਕਮੇਟੀ ਨੇ ਮੂਕ ਸਿਨੇਮਾ ਦੇ ਦੌਰ ਦੀਆਂ ਫ਼ਿਲਮਾਂ ਨੂੰ ਸਾਂਭਣ ਅਤੇ ਸਹੇਜਣ ਲਈ ਵੀ ਇੱਕ ਖ਼ਾਸ ਵਿਭਾਗ ਬਣਾਉਣ ਦੀ ਸਿਫ਼ਾਰਿਸ਼ ਕੀਤੀ।

1952 ਵਿਚ ਭਾਰਤ ਵਿਚ ਪਹਿਲਾ ਅੰਤਰਰਾਸ਼ਟਰੀ ਫ਼ਿਲਮ ਸਮਾਰੋਹ ਹੋਇਆ ਜਿਸ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਸ੍ਰੀ ਜਵਾਹਰਲਾਲ ਨਹਿਰੂ ਨੇ ਕੀਤੀ। ਇਨ੍ਹਾਂ ਸਾਰੀਆਂ ਗੀਤੀਵਿਧੀਆਂ ਦੇ ਦੌਰ ਵਿਚ ਭਾਰਤੀ ਸਿਨੇਮਾ ਵਿਚ ਬਣ ਰਹੀਆਂ ਫ਼ਿਲਮਾਂ ’ਤੇ ਇੱਕ ਝਾਤ ਮਾਰਨੀ ਜ਼ਰੂਰੀ ਹੈ।

ਇਸ ਦੌਰ ਦੀ ਇੱਕ ਮਹੱਤਵਪੂਰਨ ਫ਼ਿਲਮ ਸ਼੍ਰੀ ਬਲਦੇਵ ਰਾਜ ਚੋਪੜਾ ਦੁਆਰਾ ਬਣਾਈ ਫ਼ਿਲਮ ‘ਅਫ਼ਸਾਨਾ’ ਸੀ। ਇਹ ਫ਼ਿਲਮ ਅਮੀਰ ਅਤੇ ਗਰੀਬ ਦੋ ਪਰਿਵਾਰਕ ਮਾਹੌਲ ਵਿੱਚ ਪਲੇ ਹੋਏ ਹਮਸ਼ਕਲ ਭਰਾਵਾਂ ਦੀ ਕਹਾਣੀ ਸੀ ਜਿਹੜੇ ਆਪਸ ਵਿਚ ਚੰਗਿਆਈ ਅਤੇ ਬੁਰਾਈ ਦੇ ਮੁੱਦੇ ’ਤੇ ਇੱਕ-ਦੂਜੇ ਨਾਲ ਆਹਮਣੇ-ਸਾਹਮਣੇ ਹੁੰਦੇ ਹਨ। ਫ਼ਿਲਮ ਵਿਚ ਜਿੱਥੇ ਦੂਜੇ ਵਿਸ਼ਵ-ਯੁੱਧ ਤੋਂ ਬਾਅਦ ਹੋਂਦ ਵਿਚ ਆਈ ਸੁਪਰ ਅਮੀਰ ਕਲਾਸ ਦੇ ਸਮਾਜਿਕ ਸਰੋਕਾਰਾਂ ਤੋਂ ਕੰਨੀ ਵੱਟਣ ਨੂੰ ਫ਼ਿਲਮਾਇਆ ਗਿਆ ਸੀ, ਉੱਥੇ ਫ਼ਿਲਮ ਗੀਤ-ਸੰਗੀਤ ਦੀ ਖੂਬਸੂਰਤੀ ਕਰਕੇ ਵੀ ਯਾਦ ਕੀਤੀ ਜਾਂਦੀ ਹੈ।
 
ਇਸ ਤੋਂ ਪਹਿਲਾਂ ਰਾਜਕਪੂਰ ‘ਬਰਸਾਤ’ ਫ਼ਿਲਮ ਰਾਹੀਂ ਆਪਣੀ ਸ਼ਾਨਦਾਰ ਸ਼ੁਰੂਆਤ ਕਰ ਚੁੱਕੇ ਸਨ। ਰਾਜਕਪੂਰ ਪ੍ਰਿਥਵੀ ਰਾਜ ਕਪੂਰ ਖ਼ਾਨਦਾਨ ਨਾਲ ਤਾਂ ਸਬੰਧਿਤ ਸਨ ਹੀ, ਪਰ ਉਹ ਨਵੇਂ ਬਣੇ ਮੁਲਕ ਦੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੇ ਨਜ਼ਦੀਕੀ ਵੀ ਮੰਨੇ ਜਾਂਦੇ ਸਨ।

1951 ਵਿਚ ਨਿਤਿਨ ਬੋਸ ਦੇ ਨਿਰਦੇਸ਼ਨ ਵਿਚ ਬਣੀ ਫ਼ਿਲਮ ‘ਦੀਦਾਰ’ ਵੀ ਕਾਫ਼ੀ ਚਰਚਿਤ ਰਹੀ ਪਰ ਮਹਿਬੂਬ ਖਾਨ ਦੁਆਰਾ ਨਿਰਦੇਸ਼ਿਤ ਫ਼ਿਲਮ ‘ਆਨ’ ਨੇ 1952 ਵਿਚ ਅੰਤਰਰਾਸ਼ਟਰੀ ਪੱਧਰ ’ਤੇ ਭਾਰਤ ਨੂੰ ਮੂਹਰਲੀਆਂ ਕਤਾਰਾਂ ਵਿਚ ਲਿਜਾ ਖੜ੍ਹਾ ਕੀਤਾ।
 
ਉੱਨੀ ਸੌ ਸੰਤਾਲੀ ਤੋਂ ਲੈਕੇ ਉੱਨੀ ਸੌ ਪਚਵੰਜਾ ਤੱਕ ਬਣੇ ਸਿਨੇਮਾ ਨੂੰ ਭਾਰਤ ਦੇ ਸਿਨੇਮਾ ਦਾ ‘ਕਲਾਤਮਿਕ ਦੌਰ’ ਜਾਂ ‘ਸੁਨਹਿਰੀ ਦੌਰ’ ਕਿਹਾ ਜਾਂਦਾ ਹੈ। ਇਹ ਦੌਰ ਮੁੱਖ ਰੂਪ ਵਿਚ ਗੁਰੂ ਦੱਤ ਅਤੇ ਰਾਜ ਕਪੂਰ ਦੇ ਨਾਮ ਲਿਖਿਆ ਜਾ ਸਕਦਾ ਹੈ। ਇਨ੍ਹਾਂ ਦੋਵਾਂ ਦੁਆਰਾ ਬਣਾਈਆਂ ਫਿਲਮਾਂ ਨੇ ਕਲਾ ਪੱਖੋਂ, ਸੁਹਜ ਪੱਖੋਂ, ਤਕਨੀਕ ਪੱਖੋਂ ਤੇ ਵਿਸ਼ੇ ਪੱਖੋਂ ਭਾਰਤ ਦੇ ਸਿਨੇਮਾ ਨੂੰ ਨਵੀਆਂ ਲੀਹਾਂ ’ਤੇ ਤੋਰਿਆ।
[home] 1-3 of 3


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 'ਸ਼ੋਰਗੁਲ' ਵਿਚ ਕਿਵੇਂ ਹੋਇਆ ਕੈਰਾਨਾ ਅਤੇ ਨਿਰਭੈ ਯਾਤਰਾ ਦਾ ਹੂਬਹੂ ਚਿਤਰਨ ?
21.06.16 - ਸੁਖਦਰਸ਼ਨ ਸਿੰਘ
'ਸ਼ੋਰਗੁਲ' ਵਿਚ ਕਿਵੇਂ ਹੋਇਆ ਕੈਰਾਨਾ ਅਤੇ ਨਿਰਭੈ ਯਾਤਰਾ ਦਾ ਹੂਬਹੂ ਚਿਤਰਨ ?ਇਹ ਕੈਸੀ ਵਿਡੰਬਨਾ ਹੈ ਕਿ ਜਿੰਮੀ ਸ਼ੇਰਗਿੱਲ-ਆਸ਼ੂਤੋਸ਼ ਰਾਣਾ ਜਿਹੇ ਸਿਤਾਰਿਆਂ ਨਾਲ ਸਜੀ ਫ਼ਿਲਮ ਸ਼ੋਰਗੁਲ (ਜੋ 24 ਜੂਨ ਨੂੰ ਸਿਨੇਮਾਘਰਾਂ ਵਿਚ ਲੱਗਣ ਜਾ ਰਹੀ ਹੈ) ਇਸ ਕਰਕੇ ਖਬਰਾਂ ਵਿਚ ਛਾਈ ਹੋਈ ਹੈ ਕਿ ਜੋ ਇੱਕ ਸਾਲ ਪਹਿਲਾਂ ਸਿਰਫ਼ ਡਰਾਮਾ ਸ਼ੂਟ ਕੀਤਾ ਸੀ, ਅੱਜ ਉਹ ਅਸਲ ਹਾਲਾਤ ਬਣਦੇ ਜਾ ਰਹੇ ਹਨ।
 
ਹਾਲ ਹੀ ਵਿਚ ਫ਼ਿਲਮ ਦਾ ਇਕ ਦ੍ਰਿਸ਼ ਆਨਲਾਈਨ ਰਿਲੀਜ਼ ਕੀਤਾ ਗਿਆ ਜਿਸ ਵਿਚ ਨਰੇਂਦਰ ਝਾ (ਜਿਨ੍ਹਾਂ ਦੇ ਫ਼ਿਲਮ ਵਿਚ ਕਿਰਦਾਰ ਆਲਮ ਖਾਨ ਨੂੰ ਰਾਜਨੀਤਕ ਨੇਤਾ ਆਜ਼ਮ ਖਾਨ ਤੋਂ ਪ੍ਰੇਰਿਤ ਮੰਨਿਆ ਜਾ ਰਿਹਾ ਹੈ) ਇੱਕ ਰਾਜਨੀਤਕ ਰੈਲੀ ਵਿਚ ਭੜਕਾਊ ਭਾਸ਼ਣ ਦੇ ਰਹੇ ਹੁੰਦੇ ਹਨ ਜੋ ਕਿ ਸਿੱਧੇ ਤੌਰ 'ਤੇ ਕੈਰਾਨਾ ਮੁੱਦੇ ਨਾਲ ਸਬੰਧਿਤ ਹੈ। ਅਸਲ ਜ਼ਿੰਦਗੀ 'ਚ ਕੈਰਾਨਾ 'ਚ ਕਾਨੂੰਨ ਵਿਵਸਥਾ ਵਿਗੜੀ ਹੋਈ ਹਾਲਤ 'ਚ ਹੈ, ਜੋ ਕਿ ਧਾਰਮਿਕ ਅਤੇ ਸੰਪਰਦਾਇਕ ਭਾਵਨਾਵਾਂ ਤੋਂ ਪ੍ਰਭਾਵਿਤ ਹੈ। ਇਹ ਹੈਰਾਨੀ ਵਾਲੀ ਗੱਲ ਹੈ ਕਿ ਇੱਕ ਸਾਲ ਪਹਿਲਾਂ ਸ਼ੂਟ ਹੋਈ ਫ਼ਿਲਮ 'ਚ ਫ਼ਿਲਮ ਦਾ ਇੱਕ ਕਿਰਦਾਰ ਨਰੇਂਦਰ ਝਾ ਕਿਵੇਂ ਕੈਰਾਨਾ ਮੁੱਦੇ ਦਾ ਹਵਾਲਾ ਦੇ ਰਿਹਾ ਹੈ।


ਫ਼ਿਲਮ ਦੇ ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਇਸ ਗੱਲ ਨੂੰ ਲੈ ਕੇ ਖਲਬਲੀ ਮਚੀ ਹੋਈ ਹੈ ਕਿਵੇਂ ਫ਼ਿਲਮ ਵਿਚ ਜਿੰਮੀ ਸ਼ੇਰਗਿੱਲ ਦਾ ਕਿਰਦਾਰ (ਰੰਜੀਤ ਓਮ) ਰਾਜਨੀਤਕ ਨੇਤਾ ਸੰਗੀਤ ਸੋਮ ਨਾਲ ਮੇਲ ਖਾਂਦਾ ਹੈ, ਜਿਸ ਦਾ ਨਾਮ ਮੁਜ਼ਫਰਨਗਰ ਦੰਗਿਆਂ ਨਾਲ ਜੁੜਿਆ ਹੋਇਆ ਹੈ। ਫ਼ਿਲਮ ਵਿਚ ਆਪਣੇ ਨਕਾਰਤਾਕਮਕ ਕਿਰਦਾਰ ਨੂੰ ਲੈ ਕੇ ਸੰਗੀਤ ਸੋਮ ਨੇ ਫ਼ਿਲਮ ਦੇ ਨਿਰਮਾਤਾਵਾਂ ਖਿਲਾਫ ਇੱਕ ਯਾਚਿਕਾ ਦਾਇਰ ਕਰਕੇ ਫ਼ਿਲਮ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਜਦੋਂ ਕਿ ਜਿੰਮੀ ਸ਼ੇਰਗਿੱਲ ਲਗਾਤਾਰ ਇਸ ਗੱਲ ਦਾ ਖੰਡਨ ਕਰ ਰਹੇ ਹਨ ਕਿ ਉਨ੍ਹਾਂ ਦਾ ਕਿਰਦਾਰ ਅਸਲ ਜ਼ਿੰਦਗੀ ਦੇ ਕਿਰਦਾਰ ਤੋਂ ਪ੍ਰਭਾਵਿਤ ਨਹੀਂ ਹੈ। ਪਰ ਹਰ ਨਵੇਂ ਸੀਨ ਦੇ ਰਿਲੀਜ਼ ਨਾਲ ਅਸਲ ਜ਼ਿੰਦਗੀ ਤੇ ਫ਼ਿਲਮ ਵਿਚ ਸਮਾਨਤਾਵਾਂ ਜ਼ਿਆਦਾ ਨਜ਼ਰ ਆ ਰਹੀਆਂ ਹਨ।


ਹੁਕਮ ਸਿੰਘ ਦੇ ਮਨ੍ਹਾ ਕਰਨ ਦੇ ਬਾਅਦ ਵੀ ਸੰਗੀਤ ਸੋਮ ਨੇ ਕੈਰਾਨਾ ਵਿਚ ਨਿਰਭੈ ਮਾਰਚ ਕਰਨ ਦੀ ਘੋਸ਼ਣਾ ਕਰ ਦਿੱਤੀ। ਕੈਰਾਨਾ ਵਿਚ ਵੀ ਮੁਜ਼ਫਰਨਗਰ ਵਰਗੇ ਦੰਗੇ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ ਅਤੇ ਫ਼ਿਲਮ ਸ਼ੋਰਗੁਲ ਇਸ ਸਾਰੇ ਮਸਲੇ ਨੂੰ ਵੱਡੇ ਪਰਦੇ ’ਤੇ ਦਰਸਾਉਣ ਜਾ ਰਹੀ ਹੈ। ਦੇਖੋ ਕਿਸ ਤਰ੍ਹਾਂ ਪ੍ਰਸ਼ਾਸ਼ਨ ਦੇ ਮਨ੍ਹਾ ਕਰਨ ਦੇ ਬਾਵਜੂਦ ਵੀ ਜਿੰਮੀ ਦਾ ਕਿਰਦਾਰ ਸੰਗੀਤ ਸੋਮ ਦੀ ਤਰ੍ਹਾਂ ਪ੍ਰਭਾਵਿਤ ਖੇਤਰਾਂ ਵਿਚ ਜਾਣ ਦੀ ਜ਼ਿੱਦ ਕਰਦਾ ਹੈ। 


24 ਐਫ ਪੀ ਐਸ ਫ਼ਿਲਮ ਵਲੋਂ ਬਣਾਈ ਗਈ ਫ਼ਿਲਮ ਸ਼ੋਰਗੁਲ ਕਈ ਰਾਜਨੀਤਕ ਪਰਟੀਆਂ ਤੇ ਸੈਂਸਰ ਬੋਰਡ ਦੇ ਨਿਸ਼ਾਨੇ ’ਤੇ ਹੈ। ਇਸ ਵਿਚ ਸੈਂਸਰ ਬੋਰਡ ਸਭ ਤੋਂ ਉਪਰ ਹੈ ਕਿਉਂਕਿ ਫ਼ਿਲਮ ਨੇ ਪਹਿਲਾਂ ਤੋਂ ਹੀ ਮੁਜ਼ਫਰਨਗਰ ,ਬਾਬਰੀ ਮਸਜਿਦ, ਗੋਧਰਾ ਦੰਗੇ ਅਤੇ ਹੁਣ ਕੈਰਾਨਾ ਵਰਗੇ ਮੁੱਦਿਆਂ ਨੂੰ ਛੂਹਿਆ ਹੈ। ਸੈਂਸਰ ਬੋਰਡ ਨੇ ਫ਼ਿਲਮ ਦੇ ਨਿਰਮਾਤਾਵਾਂ ਨੂੰ ਗੋਧਰਾ ਅਤੇ ਗੋ ਗੰਗਾ ਵਰਗੇ ਸ਼ਬਦਾਂ ਨੂੰ ਸਾਈਲੈਂਟ ਕਰਨ ਨੂੰ ਕਿਹਾ ਹੈ। ਮਜ਼ੇਦਾਰ ਗੱਲ ਇਹ ਹੈ ਕਿ ਫ਼ਿਲਮ ਦੇ ਕਈ ਸੀਨਾਂ ਵਿਚ ਅਸਲ ਰਾਜਨੀਤਕ ਰੈਲੀਆਂ ਨੂੰ ਫਿਲਮਾਇਆ ਗਿਆ ਹੈ ਅਤੇ ਕਈ ਸਮਾਜਿਕ ਸੰਗਠਨਾਂ ਨੇ ਫ਼ਿਲਮ ਦੀ ਸ਼ੂਟਿੰਗ ਦੌਰਾਨ ਇਸ ਨੂੰ ਅਸਲ ਸਮਝ ਕੇ ਨਿਰਮਾਤਾਵਾਂ 'ਤੇ ਦੰਗੇ ਭੜਕਾਉਣ ਦਾ ਇਲਜ਼ਾਮ ਲਗਾਇਆ। 

ਸ਼ੋਰਗੁਲ ਦੇ ਨਿਰਮਾਤਾ ਸਵਤੰਤਰ ਵਿਜੇ ਸਿੰਘ ਨੇ ਕਿਹਾ "ਸ਼ੋਰਗੁਲ ਦੀ ਸ਼ੂਟਿੰਗ ਕਰਨ ਤੋਂ ਪਹਿਲਾਂ ਅਸੀਂ ਅਤੀਤ ਦੀਆਂ ਸੰਪਰਦਾਇਕ ਘਟਨਾਵਾਂ ਬਾਰੇ ਚੰਗੀ ਤਰ੍ਹਾਂ ਖੋਜ ਕੀਤੀ ਸੀ। ਇਹ ਪਹਿਲੀ ਫ਼ਿਲਮ ਹੋਵੇਗੀ ਜਿਸ ਵਿਚ ਰਾਜਨੀਤਕ ਫਾਇਦੇ ਲਈ ਧਾਰਮਿਕ ਭਾਵਨਾਵਾਂ ਨਾਲ ਕੀਤੇ ਜਾਂਦੀ ਤੋੜ-ਮਰੋੜ ਨੂੰ ਪੇਸ਼ ਕਰਨ ਦੀ ਹਿੰਮਤ ਕੀਤੀ ਗਈ ਹੈ। ਕੈਰਾਨਾ ਵਿਚ ਜੋ ਵੀ ਹੋ ਰਿਹਾ ਹੈ ਉਹ ਬੜੇ ਦੁੱਖ ਦੀ ਗੱਲ ਹੈ, ਪਰ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਪਹਿਲੀ ਵਾਰ ਨਹੀਂ ਹੈ। ਕੈਰਾਨਾ ਬਹੁਤ ਸਮੇਂ ਤੋਂ ਖਰਾਬ ਕਾਨੂੰਨ ਵਿਵਸਥਾ ਤੋਂ ਗੁਜ਼ਰ ਰਿਹਾ ਹੈ ਜਿਥੇ ਕਈ ਨੇਤਾਵਾਂ ਨੇ ਆਪਣੇ ਨਿੱਜੀ ਸਵਾਰਥਾਂ ਲਈ ਸਮਾਜਿਕ ਹਾਲਾਤ ਨੂੰ ਹੋਰ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ। ਸਾਡੀ ਫ਼ਿਲਮ ਬੇਸ਼ਕ ਕਈ ਅਜਿਹੇ ਰਾਜਨੀਤਿਕ ਅਤੇ ਸਮਾਜਿਕ ਮਸਲਿਆਂ ਨੂੰ ਉਜਾਗਰ ਕਰਦੀ ਹੈ ਪਰੰਤੂ ਇਹ ਕਿਸੇ ਦੀ ਜੀਵਨੀ 'ਤੇ ਅਧਾਰਿਤ ਨਹੀਂ ਹੈ। ਅਸੀਂ ਕਿਸੀ ਰਾਜਨੀਤਕ ਪਾਰਟੀ ਨੂੰ ਬਦਨਾਮ ਨਹੀਂ ਕਰਨਾ ਚਾਹੁੰਦੇ। ਸਾਡਾ ਮਕਸਦ ਸਿਰਫ਼ ਇਨ੍ਹਾਂ ਮਸਲਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਹੈ। ਅਸੀਂ ਚਾਹੁੰਦੇ ਹਾਂ ਕਿ ਦਰਸ਼ਕ ਸਾਡੀ ਫ਼ਿਲਮ ਦੇਖ ਕੇ ਕਈ ਸਵਾਲਾਂ ਨੂੰ ਆਪਣੇ ਜ਼ਿਹਨ ਵਿਚ ਲੈ ਕੇ ਘਰ ਜਾਣ ਅਤੇ ਇੱਕ ਵਿਕਾਸਸ਼ੀਲ ਸੋਚ ਨਾਲ ਅੱਗੇ ਵਧਣ।"
[home] 1-3 of 3


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਭਾਰਤੀ ਫ਼ਿਲਮ-ਕੰਪਨੀਆਂ ਦਾ ਸੁਨਿਹਰਾ ਸਫ਼ਰ ਅਤੇ ਦੂਜਾ ਵਿਸ਼ਵ-ਯੁੱਧ
20.06.16 - ਕੁਲਦੀਪ ਕੌਰ
ਭਾਰਤੀ ਫ਼ਿਲਮ-ਕੰਪਨੀਆਂ ਦਾ ਸੁਨਿਹਰਾ ਸਫ਼ਰ ਅਤੇ ਦੂਜਾ ਵਿਸ਼ਵ-ਯੁੱਧਦੂਜੇ ਵਿਸ਼ਵ-ਯੁੱਧ ਦਾ ਭਾਰਤੀ ਫ਼ਿਲਮ ਸੱਨਅਤ ’ਤੇ ਗਹਿਰਾ ਅਸਰ ਪਿਆ। ਭਾਰਤੀ ਬ੍ਰਿਟਿਸ਼ ਹਕੂਮਤ ਨੇ ਫ਼ਿਲਮਾਂ ਲਈ ਵਰਤੇ ਜਾਂਦੇ ਕੱਚੇ ਮਾਲ ਨੂੰ ਆਯਾਤ ਕਰਨ ’ਤੇ ਪਾਬੰਦੀ ਲਾ ਦਿੱਤੀ। ਤਿੰਨ ਸਤੰਬਰ 1939 ਨੂੰ ਜਦੋਂ ਨਾਜ਼ੀ ਜਰਮਨੀ ਨੇ ਪੋਲੈਡ ’ਤੇ ਹਮਲਾ ਕੀਤਾ, ਬ੍ਰਿਟਿਸ਼ ਸਰਕਾਰ ਨੇ ਜਰਮਨੀ ਖਿਲਾਫ਼ ਯੁੱਧ ਦਾ ਐਲਾਨ ਕਰ ਦਿੱਤਾ। ਇਸ ਐਲਾਨ ਵਿੱਚ ਉਨ੍ਹਾਂ ਨੇ ਭਾਰਤ ਨੂੰ ਵੀ ਸ਼ਾਮਿਲ ਕਰ ਲਿਆ। ਇੰਡੀਅਨ ਨੈਸ਼ਨਲ ਕਾਂਗਰਸ ਨੇ ਇਸ ਦਾ ਸਖ਼ਤ ਵਿਰੋਧ ਕੀਤਾ। ਭਾਵੇਂ ਕਾਂਗਰਸੀ ਨੇਤਾਵਾਂ ਨੇ ਵੱਧ ਰਹੇ ਫ਼ਾਂਸੀਵਾਦ ਅਤੇ ਨਾਜ਼ੀਵਾਦ ਤੋਂ ਖ਼ਤਰੇ ਦੀ ਵੀ ਨਿਸ਼ਾਨਦੇਹੀ ਕੀਤੀ ਪਰ ਉਨ੍ਹਾਂ ਅਨੁਸਾਰ, "ਭਾਰਤ ਕਿਸੇ ਵੀ ਅਜਿਹੀ ਜੰਗ ਦਾ ਹਿੱਸਾ ਨਹੀਂ ਬਣ ਸਕਦਾ ਜਿਹੜੀ ਜਮਰੂਹੀ ਆਜ਼ਾਦੀ ਲਈ ਕਹੀ ਜਾ ਰਹੀ ਹੋਵੇ ਜਦਕਿ ਇਹੀ ਆਜ਼ਾਦੀ ਤਾਂ ਇਸ ਤੋਂ ਖੋਹੀ ਗਈ ਹੈ।” ਕਾਂਗਰਸ ਦੇ ਪ੍ਰਭਾਵ ਕਾਰਨ ਫ਼ਿਲਮ ਸਨਅੱਤ ਦਾ ਅਗਾਂਹਵਧੂ ਤਬਕਾ ਜਿਸ ਵਿਚ ਕਈ ਫ਼ਿਲਮ ਲੇਖਕ, ਫਿਲਮ ਨਿਰਮਾਤਾ, ਫ਼ਿਲਮ ਵਿਤਰਕ ਅਤੇ ਅਦਾਕਾਰ ਸ਼ਾਮਿਲ ਸਨ, ਨੇ ਫ਼ਿਲਮਾਂ ਵਿਚ ਪੈਸਾ ਲਗਾਉਣਾ ਸ਼ੁਰੂ ਕਰ ਦਿੱਤਾ। 1940 ਤੋਂ ਹੀ ਭਾਰਤ ਵਿਚ ਸੱਨਅਤੀ ਖੇਤਰ ਵਿਚ ਨਿਵੇਸ਼ ਵੱਧਣਾ ਸ਼ੁਰੂ ਹੋ ਗਿਆ ਸੀ। ਬਹੁਤ ਸਾਰੀਆਂ ਭਾਰਤੀ ਸੱਨਅਤਾਂ ਵਿਸ਼ਵ-ਯੁੱਧ ਵਿਚ ਮੁਨਾਫ਼ਾ ਕਮਾਉਣ ਲਈ ਗੋਲਾ-ਬਾਰੂਦ ਅਤੇ ਹਥਿਆਰ ਆਦਿ ਬਣਾ ਰਹੀਆਂ ਸਨ। ਦੂਜੇ ਪਾਸੇ ਵਿਸ਼ਵ-ਯੁੱਧ ਦੇ ਕਾਰਣ ਰੋਜ਼ਮਰ੍ਹਾ ਦੀਆਂ ਖਾਣ-ਪੀਣ ਦੀਆਂ ਵਸਤਾਂ ਤੋਂ ਲੈਕੇ ਸਟੀਲ, ਸੀਮਿੰਟ ਅਤੇ ਕਪਾਹ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਸਨ। ਇਸ ਸਾਰੀ ਆਰਥਿਕ ਅਸਥਿਰਤਾ ਤੋਂ ਬਲੈਕੀਆਂ ਅਤੇ ਜਮ੍ਹਾਂਖੋਰਾਂ ਨੇ ਮਣਾਂ-ਮੂੰਹੀ ਪੈਸਾ ਕਮਾਇਆ। ਇਹ ‘ਕਾਲਾ ਪੈਸਾ’ ਦਿਨੋਂ-ਦਿਨ ਸ਼ੋਹਰਤ ਕਮਾ ਰਹੀ ਫ਼ਿਲਮ ਸਨਅੱਤ ਵਿਚ ਲੱਗਣਾ ਸ਼ੁਰੂ ਹੋਇਆ। ਇਸ ਨਾਲ ਜਿੱਥੇ ਇਹ ‘ਕਾਲਾ ਪੈਸੇ’ ਚਿੱਟੇ ਵਿਚ ਵੱਟਣਾ ਸ਼ੁਰੂ ਹੋਇਆ, ਉੱਥੇ ਟੈਕਸਾਂ ਦੀ ਬੱਚਤ ਵੀ ਕੀਤੀ ਗਈ। ਸਾਗਰ ਮੂਵੀਟੋਨ ਦੇ ਇੱਕ ਨਿਰਮਾਤਾ ਦੁਆਰਾ ਪ੍ਰਸਿੱਧ ਫ਼ਿਲਮ ਪੱਤਰਕਾ ‘ਫ਼ਿਲਮਫੇਅਰ’ ਨੂੰ ਦਿੱਤੀ ਇੰਟਰਵਿਊ ਅਨੁਸਾਰ, "ਇਸ ਵਿਸ਼ਵ-ਯੁੱਧ ਤੋਂ ਬਾਅਦ ਤਾਂ ਸਿਤਾਰਿਆਂ ਨੇ ਅਚਾਨਕ ਹੀ ਆਪਣੀ ਕੀਮਤ ਦੁੱਗਣੀ-ਤਿੱਗਣੀ ਕਰ ਦਿੱਤੀ। ਉਨ੍ਹਾਂ ਨੇ ਪਹਿਲਾਂ ਦੀ ਤਰ੍ਹਾਂ ਇੱਕ ਕੰਪਨੀ ਨਾਲ ਬੰਧੂਆ ਦੇ ਤੌਰ ’ਤੇ ਕੰਮ ਕਰਨ ਦੀ ਰਵਾਇਤ ਤੋਂ ਪਾਲਾ ਵੱਟ ਲਿਆ। ਇਨ੍ਹਾਂ ਹਾਲਾਤਾਂ ਵਿਚ ਸਾਡੇ ਕੋਲ ਕੰਪਨੀ ਨੂੰ ਬੰਦ ਕਰਨ ਤੋਂ ਬਿਨਾਂ ਕੋਈ ਚਾਰਾ ਨਾ ਬਚਿਆ ਤੇ ਇੱਦਾਂ ਕੰਪਨੀ ਬੰਦ ਹੋ ਗਈ।”

ਇਸ ਮਾਹੌਲ ਵਿਚ ਕਈ ਨਿਰਮਤਾਵਾਂ ਨੇ ਯੁੱਧ ਨਾਲ ਸਬੰਧਿਤ ਫ਼ਿਲਮਾਂ ਦਾ ਨਿਰਮਾਣ ਕਰਨਾ ਸ਼ੁਰੂ ਕੀਤਾ। ਬੰਬੇ ਟਾਕੀਜ਼ ਨੇ ਪ੍ਰਸਿੱਧ ਅਦਾਕਾਰਾ ਦੇਵਿਕਾ ਰਾਣੀ ਦੀ ਸਲਾਹ ’ਤੇ ਫ਼ਿਲਮ ਬਣਾਈ ‘ਚਾਰ ਆਂਖੇ’। ਇਹ ਫ਼ਿਲਮ ਯੁੱਧ ਦੇ ਖੇਤਰ ਵਿਚ ਨਰਸਾਂ ਦੁਆਰਾ ਰੋਗੀਆਂ ਦੀ ਸੰਭਾਲ ’ਤੇ ਆਧਾਰਿਤ ਸੀ। ਫ਼ਿਲਮ ਬੁਰੀ ਤਰ੍ਹਾਂ ਪਿੱਟ ਗਈ ਅਤੇ ਇਹ ਬੰਬੇ ਟਾਕੀਜ਼ ਵਰਗੇ ਪ੍ਰਸਿੱਧ ਬੈਨਰ ਲਈ ਕਾਫ਼ੀ ਨਮੋਸ਼ੀ ਭਰੀ ਗੱਲ ਸੀ। ‘ਇੰਡੀਅਨ ਟਾਕੀਜ਼’ ਵਿਚ ਛਪੇ ਇੱਕ ਇੰਟਰਵਿਊ ਵਿੱਚ ਪ੍ਰਭਾਤ ਅਤੇ ਬੰਬੇ ਟਾਕੀਜ਼ ਲਈ ਲਿੱਖਦੇ ਇੱਕ ਸਕਰੀਨ ਪਲੇਅ ਲੇਖਕ ਅਨੁਸਾਰ, "ਜਿਉਂ-ਜਿਉਂ ਸਨਅੱਤ ਵਿਚ ਪੂੰਜੀ-ਨਿਵੇਸ਼ ਵੱਧਦਾ ਗਿਆ, ਖੁੰਬਾਂ ਵਾਂਗ ਰਾਤੋਂ-ਰਾਤ ਨਿਰਮਾਤਾ ਪੈਦਾ ਹੋ ਗਏ। ਇਸ ਨਾਲ ਸਭ ਤੋਂ ਵੱਧ ਧੱਕਾ ਫ਼ਿਲਮੀ ਲੇਖਕਾਂ ਨੂੰ ਲੱਗਿਆ। ਨਿਰਮਾਤਾ ਰਾਤੋਂ-ਰਾਤ ਨਾਵਲਾਂ ਜਾਂ ਹਾਲੀਵੁੱਡ ਫ਼ਿਲਮਾਂ ਦੇ ਪਲਾਟ ਚੋਰੀ ਕਰਕੇ ਕਹਾਣੀਆਂ ਲਿੱਖਣ ਲੱਗੇ। ਦੂਜੀ ਵਿਸ਼ਵ-ਯੁੱਧ ਤੋਂ ਬਾਅਦ ਮੌਲਿਕ ਕਹਾਣੀ ਦੇ ਯੁੱਗ ਦਾ ਜਿਵੇਂ ਅੰਤ ਹੀ ਹੋ ਗਿਆ।” ਦੂਜੇ ਪਾਸੇ ਜਿਸ ਵੀ ਅਦਾਕਾਰ ਜਾਂ ਅਦਾਕਾਰਾ ਦੀ ਇੱਕ ਅੱਧੀ ਫ਼ਿਲਮ ਹਿੱਟ ਹੋ ਜਾਂਦੀ, ਉਸ ਬਾਰੇ ਤਰ੍ਹਾਂ-ਤਰ੍ਹਾਂ ਦੀਆਂ ਕਹਾਣੀਆਂ/ਅਫ਼ਵਾਹਾਂ ਫ਼ੈਲ ਜਾਂਦੀਆਂ ਕਿ ਉਸਨੇ ਆਪਣੀ ਤਨਖ਼ਾਹ ਦਾ ਪਝੰਤਰ ਪ੍ਰਤੀਸ਼ਤ ‘ਕਾਲਾ’ ਅਤੇ ਪੰਝੀ ਪ੍ਰਤੀਸ਼ਤ ‘ਚਿੱਟੇ’ ਵਿਚ ਲਿਆ ਹੈ।

 ਫ਼ਿਲਮ ਸਨਅੱਤ ਤੋਂ ਬਿਨਾਂ ਪੱਤਰਕਾਰੀ ਅਤੇ ਕਲਾਵਾਂ ਦੀ ਬਾਕੀ ਵੰਨਗੀਆਂ ’ਤੇ ਵੀ ਵਿਸ਼ਵ-ਯੁੱਧ ਦਾ ਤਿੱਖਾ ਪ੍ਰਭਾਵ ਪਿਆ। ਉਦਾਹਰਣ ਦੇ ਤੌਰ ’ਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਡਿਗਰੀ ਲੈਕੇ ਨਿਕਲੇ ਖੁਆਜਾ ਅਹਿਮਦ ਅੱਬਾਸ ਨੇ ਜਦੋਂ ‘ਬੰਬੇ ਕਰੌਨੀਕਲ’ ਅਖ਼ਬਾਰ ਵਿਚ ਨੌਕਰੀ ਸ਼ੁਰੂ ਕੀਤੀ ਤਾਂ ਉਨ੍ਹਾਂ ਨੇ ਨਾਲ-ਨਾਲ ਬੰਬੇ ਟਾਕੀਜ਼ ਵਿਚ ਵੀ ਸਹਾਇਕ ਨਿਰਦੇਸ਼ਕ ਵੱਜੋਂ ਕੰਮ ਕੀਤਾ। ਅਖ਼ਬਾਰ ਲਈ ਉਨ੍ਹਾਂ ਨੇ ਫ਼ਿਲਮਾਂ ਦੀ ਸਮੀਖਿਆ ਲਿਖਣੀ ਸ਼ੁਰੂ ਕੀਤੀ। ਫ਼ਿਲਮ ਸਮੀਖਿਆ ਨੇ ਸਨਅੱਤ ਵਿਚ ਰਾਤੋਂ-ਰਾਤ ਅੱਬਾਸ ਦੇ ਕਈ ਦੁਸ਼ਮਣ ਪੈਦਾ ਕਰ ਦਿੱਤੇ। ਤਿੱਖੀਆਂ ਦਲੀਲਾਂ, ਤਨਜ਼ਾਂ ਤੇ ਡਰਾਵਿਆਂ ਦਾ ਦੌਰ ਚੱਲਿਆ। ਇਸ ਸਾਰੀ ਕਸ਼ਮਕਸ਼ ਵਿੱਚੋਂ ਨਿਕਲਣ ਤੋਂ ਬਾਅਦ ਅਤੇ ਇਸੇ ਨੂੰ ਆਧਾਰ ਬਣਾ ਕੇ ਖੁਆਜਾ ਅਹਿਮਦ ਅੱਬਾਸ ਨੇ ਸੰਨ 1941 ਵਿਚ ਬੰਬੇ ਟਾਕੀਜ਼ ਦੇ ਬੈਨਰ ਹੇਠ ‘ਨਯਾ ਸੰਸਾਰ’ ਫ਼ਿਲਮ ਦਾ ਨਿਰਮਾਣ ਕੀਤਾ। 1941 ਵਿਚ ਹੀ ਹਿੰਦੀ ਦੇ ਪ੍ਰਸਿੱਧ ਨਾਵਲਕਾਰ ਭਗਵਤੀ ਚਰਨ ਵੋਹਰਾ ਦੇ ਨਾਵਲ ’ਤੇ ਆਧਾਰਿਤ ਫ਼ਿਲਮ ਬਣੀ ‘ਚਿੱਤਰ ਲੇਖਾ’ ਜਿਸ ਵਿਚ ਵਿਸ਼ਵ-ਯੁੱਧ ਵਿੱਚੋਂ ਕਮਾਇਆ ਮੁਨਾਫ਼ਾ ਸਾਫ਼ ਝਲਕਦਾ ਹੈ।

ਸੰਨ 1942 ਤੱਕ ਭਾਰਤ ਵਿਚ ਆਜ਼ਾਦੀ ਦਾ ਘੋਲ ਆਪਣੀ ਚਰਮ ਸੀਮਾ ’ਤੇ ਪਹੁੰਚ ਚੁੱਕਿਆ ਸੀ। ‘ਭਾਰਤ ਛੋੜੋ ਅੰਦੋਲਨ’ ਨੇ ਦੇਸ਼ ਦੇ ਹਰ ਹਿੱਸੇ ਵਿਚ ਨੌਜਵਾਨਾਂ ਨੂੰ ਵੱਡੇ ਪੱਧਰ ’ਤੇ ਇਸ ਅੰਦੋਲਨ ਦਾ ਹਿੱਸਾ ਬਣਨ ਲਈ ਪ੍ਰੇਰਿਆ। ਅਸਲ ਵਿਚ 1930 ਤੋਂ 1945 ਤੱਕ ਭਾਰਤੀ ਸਿਨੇਮਾ ਦਾ ਸਫ਼ਰ ਵੱਖ-ਵੱਖ ਫ਼ਿਲਮ ਕੰਪਨੀਆਂ ਦੇ ਸਫ਼ਰ ਵਿੱਚੋਂ ਹੀ ਪੜ੍ਹਿਆ ਜਾ ਸਕਦਾ ਹੈ।

‘ਕੋਹਿਨੂਰ ਫ਼ਿਲਮ ਕੰਪਨੀ’ ਮੂਕ ਫ਼ਿਲਮਾਂ ਦੇ ਦੌਰ ਵਿਚ ਡੀ.ਐਨ.ਸੰਪਤ ਅਤੇ ਮਾਣਿਕ ਲਾਲ ਪਟੇਲ ਨੇ ਬਣਾਈ। ਕੰਪਨੀ ਦੇ ਸਟੂਡੀਉ ਅਤਿ-ਆਧੁਨਿਕ ਤਕਨੀਕੀ ਸ਼ਾਜੋ-ਸਮਾਨ ਨਾਲ ਲੈਸ ਸਨ। ਡੀ.ਐਨ.ਸੰਪਤ ਗਾਂਧੀ ਜੀ ਦੀ ਵਿਚਾਰਧਾਰਾ ਤੋਂ ਬੇਹੱਦ ਪ੍ਰੇਰਿਤ ਸਨ ਤੇ ਉਨ੍ਹਾਂ ਦੀ ਕੰਪਨੀ ਨੇ ਗਾਂਧੀ ਜੀ ਦੀ ਵਿਚਾਰਧਾਰਾ ਬਾਰੇ ਕਈ ਛੋਟੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ। ਇਸੇ ਕੰਪਨੀ ਨੇ 1924 ਵਿਚ ਫ਼ਿਲਮ ‘ਗੁਲੇ-ਬਕਾਵਲੀ’ ਦਾ ਨਿਰਮਾਣ ਕੀਤਾ ਜਿਸ ਨੂੰ ਇੱਕ ਤਰ੍ਹਾਂ ਨਾਲ ਉਸ ਦੌਰ ਦੀ ਸੁਪਰਹਿੱਟ ਫ਼ਿਲਮ ਮੰਨਿਆ ਜਾ ਸਕਦਾ ਹੈ। ਇਸ ਫ਼ਿਲਮ ਕੰਪਨੀ ਨੇ ਭਾਰਤੀ ਸਿਨੇਮਾ ਵਿਚ ਹਾਲੀਵੁੱਡ ਦੇ ‘ਸਟਾਈਲ’ ’ਤੇ ਫ਼ਿਲਮਾਂ ਬਣਾਉਣ ਦਾ ਰੁਝਾਣ ਸ਼ੁਰੂ ਕੀਤਾ। ਮੋਤੀ, ਜਮਨਾ, ਤਾਰਾ, ਖ਼ਾਲਿਦ, ਜੁਬੈਦਾ ਵਰਗੇ ਕਲਾਕਾਰਾਂ ਨੇ ਇਸ ਕੰਪਨੀ ਤੋਂ ਆਪਣਾ ਕੈਰੀਅਰ ਸ਼ੁਰੂ ਕੀਤਾ। ਪਰ ਇਸ ਕੰਪਨੀ ਨੂੰ ਅਸਲ ਪ੍ਰਸਿੱਧੀ ਪ੍ਰਸਿੱਧ ਅਦਾਕਾਰਾ ਸਲੋਚਨਾ ਦੀ ਸਫ਼ਲਤਾ ਨਾਲ ਮਿਲੀ ਜਿਸ ਨੂੰ ਕੰਪਨੀ ਨੇ ‘ਵੀਰ ਬਾਲਾ’ ਫ਼ਿਲਮ ਵਿਚ ਪੇਸ਼ ਕੀਤਾ। ਕੰਪਨੀ 1932 ਵਿਚ ਅਚਾਨਕ ਬੰਦ ਹੋ ਗਈ।

‘ਕ੍ਰਿਸ਼ਨਾ ਫ਼ਿਲਮ ਕੰਪਨੀ’ ਦੀ ਸਥਾਪਨਾ ਸ੍ਰੀ ਮਾਣਿਕ ਲਾਲ ਪਟੇਲ ਨੇ ਕੀਤੀ। ਉਹ ਪਹਿਲਾਂ ‘ਕੋਹਿਨੂਰ’ ਕੰਪਨੀ ਵਿਚ ਡੀ.ਐਨ.ਸੰਪਤ ਨਾਲ ਭਾਗੀਦਾਰ ਸਨ। ਇਸ ਕੰਪਨੀ ਦੀ ਪ੍ਰਸਿੱਧੀ ਫ਼ਿਲਮ ‘ਹਾਤਮਤਾਈ’ ਤੋਂ ਹੋਈ। ਫ਼ਿਲਮ ਨਾਲ ਜੁੜੇ ਮਾਣਿਕ ਲਾਲ ਪਟੇਲ ਜੋ ਕਿ ਉਸ ਸਮੇਂ ਦੇ ਪ੍ਰਸਿੱਧ ਸਾਹਿਤਕਾਰ ਵੀ ਸਨ, ਦੁਆਰਾ ਲਿਖੀ ਫ਼ਿਲਮ ‘ਜ਼ੰਜੀਰੇ ਝਣਕਾਰ’ ਉੱਤੇ ਬ੍ਰਿਟਿਸ਼ ਸਰਕਾਰ ਨੇ ਪਾਬੰਦੀ ਲਗਾ ਦਿੱਤੀ ਕਿਉਂਕਿ ਫ਼ਿਲਮ ’ਤੇ ਸਿੱਧੇ ਤੌਰ ਉੱਤੇ ਮਹਾਤਮਾ ਗਾਂਧੀ ਦਾ ਅਸਰ ਪੜ੍ਹਿਆ ਜਾ ਸਕਦਾ ਸੀ। ਇਹ ਕੰਪਨੀ ਵੀ ਸੰਨ 1935 ਵਿਚ ਬੰਦ ਹੋ ਗਈ।

‘ਇੰਮਪੀਰੀਅਲ ਫ਼ਿਲਮ ਕੰਪਨੀ’ ਦੀ ਸਥਾਪਨਾ ਅਰਦੇਸ਼ਿਰ ਇਰਾਨੀ ਜੀ ਨੇ ਕੀਤੀ ਸੀ। ਇਸ ਕੰਪਨੀ ਦਾ ਭਾਰਤ ਦੇ ਫ਼ਿਲਮ ਇਤਿਹਾਸ ਵਿਚ ਖ਼ਾਸ ਦਰਜਾ ਹੈ। ਇਸ ਫ਼ਿਲਮ ਕੰਪਨੀ ਦਾ ਯੋਗਦਾਨ ਇਸ ਤੱਥ ਤੋਂ ਵੀ ਵਾਚਿਆ ਜਾ ਸਕਦਾ ਹੈ ਕਿ ਜਦੋਂ ਧਾਰਮਿਕ ਫ਼ਿਲਮਾਂ ਬਣਾਉਣ ਦਾ ਦੌਰ ਚੱਲ ਰਿਹਾ ਸੀ, ਆਰ.ਐਸ. ਚੌਧਰੀ ਦੇ ਨਿਰਦੇਸ਼ਨ ਹੇਠ ਇਸ ਕੰਪਨੀ ਨੇ 1928 ਵਿਚ ਅਨਾਰਕਲੀ ਤੇ ਸਲੀਮ ਦੀ ਪੇ੍ਰਮ ਕਹਾਣੀ ’ਤੇ ਆਧਾਰਿਤ ਫ਼ਿਲਮ ‘ਅਨਾਰਕਲੀ’ ਦਾ ਨਿਰਮਾਣ ਕੀਤਾ। ਇਸੇ ਫ਼ਿਲਮ ਨੂੰ ਅੰਤਰਰਾਸ਼ਟਰੀ ਦਰਸ਼ਕ ਵਰਗ ਲਈ, "ਦ ਲਵ ਆਫ਼ ਏ ਮੁਗਲ ਪ੍ਰਿੰਸ” ਦੇ ਨਾਮ ਨਾਲ ਰਿਲੀਜ਼ ਕੀਤਾ ਗਿਆ।

‘ਇੰਮਪੀਰੀਅਲ ਫ਼ਿਲਮ ਕੰਪਨੀ’ ਦਾ ਵੱਡਾ ਯੋਗਦਾਨ ਭਾਰਤ ਦੀ ਪਹਿਲੀ ਸਵਾਕ ਫ਼ਿਲਮ ‘ਆਲਮਆਰਾ’ ਬਣਾਉਣਾ ਵੀ ਹੈ। ਕੰਪਨੀ ਨੇ ਫ਼ਿਲਮ ਦਾ ਨਿਰਮਾਣ ਬਹੁਤ ਹੈਰਾਨੀਜਨਕ ਢੰਗ ਨਾਲ ਇੰਨੇ ਘੱਟ ਸਮੇਂ ਵਿਚ ਕੀਤਾ ਕਿ ਇਸ ਫ਼ਿਲਮ ਨੇ ਮਦਨ ਥੀਏਟਰ ਦੀ ਤਿਆਰ ਹੋ ਚੁੱਕੀ ਪਹਿਲੀ ਸਵਾਕ ਫ਼ਿਲਮ ‘ਸ਼ੀਰੀ ਫ਼ਰਿਹਾਦ’ ਨੂੰ ਪਛਾੜ ਦਿੱਤਾ ਤੇ ਇਤਿਹਾਸ ਰਚਿਆ ਗਿਆ। ‘ਆਲਮਆਰਾ’ ਫ਼ਿਲਮ ਵਿਚ ਮੁੱਖ ਭੂਮਿਕਾਵਾਂ ਮਾਸਟਰ ਬਿਠੁਲ ਤੇ ਜ਼ੁਬੈਦਾ ਨੇ ਨਿਭਾਈਆਂ ਸਨ। ਫ਼ਿਲਮ ਇੱਕ ਪਾਰਸੀ ਨਾਟਕ ’ਤੇ ਆਧਾਰਿਤ ਸੀ। ਇਸ ਫ਼ਿਲਮ ਕੰਪਨੀ ਨੇ ਹੀ ਸਭ ਤੋਂ ਪਹਿਲਾਂ ਰਾਤ ਦੀ ਸ਼ੂਟਿੰਗ ਕਰਨ ਦਾ ਰਿਵਾਜ ਸ਼ੁਰੂ ਕੀਤਾ। ਕੰਪਨੀ ਨੇ ਆਪਣੇ ਆਪ ਨੂੰ ਸਿਰਫ਼ ਹਿੰਦੀ ਭਾਸ਼ਾ ਤੱਕ ਮਹਿਦੂਦ ਨਾ ਕਰਦਿਆਂ ਗੁਜਰਾਤੀ, ਤਮਿਲ, ਤੇਲਗੂ, ਪਸ਼ਤੋ ਅਤੇ ਉਰਦੂ ਵਿਚ ਵੀ ਕਈ ਫ਼ਿਲਮਾਂ ਦਾ ਨਿਰਮਾਣ ਕੀਤਾ। ਇਸ ਕੰਪਨੀ ਦੀ ਇੱਕ ਵੱਡੀ ਉਪਲਬਧੀ ਸੀ ਫ਼ਿਲਮ ‘ਕਿਸਾਨ ਕੰਨਿਆ’ ਜੋ ਕਿ ਭਾਰਤ ਵਿਚ ਬਣੀ ਪਹਿਲੀ ਰੰਗੀਨ ਫ਼ਿਲਮ ਸੀ। ‘ਕਿਸਾਨ ਕੰਨਿਆ’ ਸਅਦਤ ਹਸਨ ਮੰਟੋ ਦੇ ਨਾਵਲ ’ਤੇ ਆਧਾਰਿਤ ਸੀ ਤੇ ਗਰੀਬ ਕਿਸਾਨਾਂ ਦੇ ਹਾਲਾਤ ਦੀ ਬਾਤ ਪਾਉਂਦੀ ਸੀ।

ਭਾਰਤੀ ਫ਼ਿਲਮ ਸਿਨੇਮਾ ਦੇ ਇਤਿਹਾਸ ਵਿਚ ‘ਪ੍ਰਭਾਤ ਫ਼ਿਲਮ ਕੰਪਨੀ’ ਦਾ ਨਾਮ ਬੇਹੱਦ ਮਹੱਤਵਪੂਰਨ ਹੈ। ਇਸ ਕੰਪਨੀ ਨਾਲ ਸਮਾਜਿਕ ਕਥਾ-ਵਸਤੂ ’ਤੇ ਆਧਾਰਿਤ ਮਾਰਮਿਕ ਫ਼ਿਲਮਾਂ ਦੇ ਨਿਰਦੇਸ਼ਕ ਵੀ ਸ਼ਾਂਤਾਰਾਮ ਦਾ ਨਾਮ ਵੀ ਜੁੜਿਆ ਹੋਇਆ ਹੈ। ਇਸ ਕੰਪਨੀ ਕੋਲ ਆਪਣੀ ਪ੍ਰਯੋਗਸ਼ਾਲਾ, ਸੰਪਾਦਕੀ ਅਮਲਾ ਅਤੇ ਆਵਾਜ਼-ਰਿਕਾਰਡ ਕਰਨ ਦਾ ਵਧੀਆ ਪ੍ਰਬੰਧ ਸੀ। ਫ਼ਿਲਮ ‘ਅੰਮ੍ਰਿਤ ਮੰਥਨ’ ਨਾਲ ਇਹ ਕੰਪਨੀ ਚਰਚਾ ਵਿਚ ਆਈ। 1934 ਵਿਚ ਬਣੀ ‘ਅੰਮ੍ਰਿਤ ਮੰਥਨ’ ਫ਼ਿਲਮ ਦੀ ਕਹਾਣੀ ਦੇਵਿਤਆਂ ਅਤੇ ਰਾਖ਼ਸ਼ਸਾਂ ਦੇ ਆਪਸੀ ਯੁੱਧ ’ਤੇ ਆਧਾਰਿਤ ਇੱਕ ਮਿਥਿਹਾਸਕ ਲੋਕ-ਕਥਾ ’ਤੇ ਆਧਾਰਿਤ ਸੀ। ਫ਼ਿਲਮ ਵਿਚ ਸ੍ਰੀ ਚੰਦਰ ਮੋਹਨ, ਨਲਿਨੀ ਤਾਰਖੜੇ, ਸਾਂਤਾ ਆਪਟੇ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਸਨ। ਇਸ ਮਿਥਿਹਾਸਕ ਲੋਕ-ਕਥਾ ਨੂੰ ਪ੍ਰੇਮ ਕਹਾਣੀ ਤੇ ਸਮਾਜ-ਸੁਧਾਰਕ ਰਾਜੇ ਦੀ ਕਥਾ ਨਾਲ ਜੋੜ ਕੇ ਵੀ.ਸ਼ਾਂਤਾਰਾਮ ਨੇ ਧਰਮ ਦੇ ਨਾਮ ’ਤੇ ਦਿੱਤੀ ਜਾਂਦੀ ਜਾਨਵਰਾਂ ਦੀ ਬਲੀ ਦਾ ਜ਼ੋਰਦਾਰ ਵਿਰੋਧ ਕੀਤਾ। ਕੰਪਨੀ ਨੇ ਸਿਨੇਮਾ ਨੂੰ ਸਾਹਿਤ, ਨਾਟਕ ਅਤੇ ਸੰਗੀਤ ਦੀਆਂ ਪ੍ਰੰਪਰਾਵਾਂ ਨਾਲ ਵੀ ਜੋੜਣ ਦਾ ਯਤਨ ਕੀਤਾ। ਕੰਪਨੀ ਨੇ ਆਪਣੇ ਤੌਰ ’ਤੇ ਇਨ੍ਹਾਂ ਕਲਾਵਾਂ ਨਾਲ ਸੰਬੰਧਿਤ ਗਤੀਵਿਧੀਆਂ/ ਸਮਾਰੋਹ ਕਰਾਉਣ ਦੇ ਵਿਸ਼ੇਸ ਯਤਨ ਕੀਤੇ। ਇਸੇ ਕੰਪਨੀ ਦੇ ਬੈਨਰ ਥੱਲੇ 1937 ਵਿਚ ਫ਼ਿਲਮ ‘ਸੰਤ ਤੁਕਾਰਾਮ’ ਬਣੀ। ਕੰਪਨੀ ਲਈ ਫ਼ਿਲਮ ਦੀ ਪਟਕਥਾ, ਉੱਚ-ਮਿਆਰ, ਸਮਾਜਿਕ ਸੁਨੇਹੇ ਦੀ ਮੌਜੂਦਗੀ ਬੇਹੱਦ ਜ਼ਰੂਰੀ ਸੀ। ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ‘ਦੁਨੀਆ ਨਾ ਮਾਨੇ’ ਫ਼ਿਲਮ ਨੂੰ ਜੋ ਇਸੇ ਕੰਪਨੀ ਨੇ ਤਿਆਰ ਕੀਤੀ ਸੀ, ਅੰਤਰਰਾਸ਼ਟਰੀ ਪੱਧਰ ’ਤੇ ਖੂਬ ਮਾਣ-ਸਨਮਾਨ ਮਿਲਿਆ। ਭਾਵੇਂ 1942 ਵਿਚ ਕਈ ਕਾਰਨਾਂ ਕਰਕੇ ਵੀ.ਸ਼ਾਂਤਾਰਾਮ ਨੇ ਇਸ ਕੰਪਨੀ ਨੂੰ ਅਲਵਿਦਾ ਕਹਿ ਦਿੱਤਾ, ਪਰ ਕੰਪਨੀ ਨੇ ਆਪਣਾ ਮਿਆਰ ਕਾਇਮ ਰੱਖਿਆ। ਦੇਵਾਨੰਦ ਜਿਨ੍ਹਾਂ ਨੂੰ ਸਦਾਬਹਾਰ ਹੀਰੋ ਦਾ ਦਰਜਾ ਪ੍ਰਾਪਤ ਹੈ, ਉਨ੍ਹਾਂ ਨੂੰ ਕੰਪਨੀ ਨੇ ਫ਼ਿਲਮ ‘ਹਮ ਏਕ ਹੈ’ ਰਾਹੀਂ ਪਰਦੇ ’ਤੇ ਪਹਿਲੀ ਵਾਰ ਦਰਸ਼ਕਾਂ ਅੱਗੇ ਪੇਸ਼ ਕੀਤਾ।

ਇੱਕ ਹੋਰ ਫ਼ਿਲਮ ਕੰਪਨੀ ‘ਰਣਜੀਤ ਮੂਵੀਟੋਨ’ ਦਾ ਪੰਜਾਬੀ ਸਿਨੇਮਾ ਵਿਚ ਖ਼ਾਸ ਮੁਕਾਮ ਮੰਨਿਆ ਜਾਂਦਾ ਹੈ। ਇਸ ਕੰਪਨੀ ਦੀ ਸਥਾਪਨਾ ਸ੍ਰੀ ਚੰਦੂ ਲਾਲ ਸ਼ਾਹ ਤੇ ਮਸ਼ਹੂਰ ਅਭਿਨੇਤਰੀ ਗੌਹਰ ਨੇ ਕੀਤੀ ਸੀ। ਇਸ ਕੰਪਨੀ ਨੇ ਸ੍ਰੀ ਪ੍ਰਿਥਵੀ ਰਾਜਕਪੂਰ, ਮੋਤੀਲਾਲ ਅਤੇ ਕੇ.ਐਲ. ਸਹਿਗਲ ਵਰਗੇ ਸਮਰੱਥ ਕਲਾਕਾਰਾਂ ਨੂੰ ਪਹਿਲਾ ਮੌਕਾ ਦਿੱਤਾ। ਇਨ੍ਹਾਂ ਵਿੱਚੋਂ ਜ਼ਿਆਦਾਤਰ ਪੰਜਾਬ ਨਾਲ ਸਬੰਧਿਤ ਸਨ। 1932 ਵਿਚ ਬਣੀ ਫ਼ਿਲਮ ‘ਸਤੀ-ਸੱਵਿਤਰੀ’ ਨੇ ਇਸ ਕੰਪਨੀ ਨੂੰ ਆਪਣੇ ਪੈਰਾਂ ’ਤੇ ਖੜ੍ਹਾ ਕਰ ਦਿੱਤਾ। ਇਸ ਕੰਪਨੀ ਦੀਆਂ ਕਈ ਫ਼ਿਲਮ ਹਲਕੇ-ਫ਼ੁਲਕੇ ਵਿਅੰਗਾਤਮਕ ਸਮਾਜਿਕ ਵਰਤਾਰਿਆਂ ’ਤੇ ਆਧਾਰਿਤ ਹੁੰਦੀਆਂ ਸਨ, ਜਿਵੇਂ ਕਿ 1935 ਵਿਚ ਬਣੀ ‘ਮਿਸ 1933’ ਅਤੇ 1933 ਵਿਚ ਹੀ ਬਣੀ ਫ਼ਿਲਮ ‘ਸਿਤਮਗਰ’ ਆਦਿ। ਪਰ ਕੰਪਨੀ ਨੂੰ ਅਸਲ ਪ੍ਰਸਿੱਧੀ ਕੇ.ਐਲ. ਸਹਿਗਲ ਦੀ ਅਦਾਕਾਰੀ ਨਾਲ ਸਜੀ ਫ਼ਿਲਮ ‘ਤਾਨਸੇਨ’ ਤੋਂ ਮਿਲੀ। ਇਸ ਫ਼ਿਲਮ ਨੂੰ ਭਾਰਤੀ ਸਿਨੇਮਾ ਦੀਆਂ ਕਲਾਸਿਕ ਫ਼ਿਲਮਾਂ ਵਿਚ ਗਿਣਿਆ ਜਾਂਦਾ ਹੈ।

‘ਨਿਊ ਥੀਏਟਰਜ਼ ਫਿਲਮ ਕੰਪਨੀ’ ਦੀ ਸਥਾਪਨਾ ਸੰਨ 1931 ਵਿਚ ਬੀ.ਐਨ.ਸਰਕਾਰ ਨੇ ਕੀਤੀ। ਕੰਪਨੀ ਨੇ ਹਿੰਦੀ ਅਤੇ ਬੰਗਲਾ ਦੋਵਾਂ ਭਾਸ਼ਾਵਾਂ ਵਿਚ ਫ਼ਿਲਮਾਂ ਦਾ ਨਿਰਮਾਣ ਸ਼ੁਰੂ ਕੀਤਾ। ਪਹਿਲੀ ਫ਼ਿਲਮ ਵੀ ਬੰਗਾਲੀ ਭਾਸ਼ਾ ਵਿਚ ਹੀ ਬਣਾਈ ਗਈ ਜਿਸ ਦਾ ਨਾਮ ਸੀ ‘ਨਾਤਿਰ ਪੂਜਾ’। ਇਸ ਫ਼ਿਲਮ ਬਾਰੇ ਸਭ ਤੋਂ ਦਿਲਚਸਪ ਤੱਥ ਇਹ ਹੈ ਕਿ ਇਸ ਫ਼ਿਲਮ ਦਾ ਨਿਰਦੇਸ਼ਨ ਸ੍ਰੀ. ਰਬਿੰਦਰਨਾਥ ਟੈਗੋਰ ਨੇ ਕੀਤਾ ਸੀ। ਕੇ.ਐਲ.ਸਹਿਗਲ ਨੂੰ ਲੈ ਕੇ 1933 ਵਿਚ ਕੰਪਨੀ ਨੇ ਹਿੰਦੀ ਫ਼ਿਲਮ ਬਣਾਈ ‘ਭਗਤ ਪੁਰਾਣ’। ਪਰ ਕੰਪਨੀ ਨੂੰ ਅਸਲ ਪ੍ਰਸਿੱਧੀ ਫ਼ਿਲਮ ‘ਚੰਦੀਦਾਸ’ ਤੋਂ ਮਿਲੀ ਜਿਸ ਦਾ ਨਿਰਮਾਣ/ਨਿਰਦੇਸ਼ਨ ਦੇਵਕੀ ਬੋਸ ਨੇ ਕੀਤਾ ਸੀ ਤੇ ਫ਼ਿਲਮ ਛੂਤ-ਛਾਤ, ਜਾਤ-ਪਾਤ, ਵਿਧਵਾ-ਵਿਆਹ ਨਾ ਹੋਣ ਦੇਣ ਵਰਗੀਆਂ ਕੁਰੀਤੀਆਂ ’ਤੇ ਤਿੱਖਾ ਵਾਰ ਕਰਦੀ ਸੀ। ਫ਼ਿਲਮ ‘ਦੇਵਦਾਸ’ ਨੇ ਇਸ ਕੰਪਨੀ ਨੂੰ ਸਦਾ ਲਈ ਫ਼ਿਲਮ ਇਤਿਹਾਸ ਵਿਚ ਅਮਰ ਕਰ ਦਿੱਤਾ। ‘ਦੇਵਦਾਸ’ ਫ਼ਿਲਮ ਰਾਹੀਂ ਪਹਿਲੀ ਵਾਰ ਸਿਨੇਮਾ ਵਿਚ ਪ੍ਰੀਤ-ਕਹਾਣੀਆਂ ਦੇ ਦਰਦਨਾਕ ਅੰਤ ਨੂੰ ਬੇਹੱਦ ਮਾਰਮਿਕ ਤਰੀਕੇ ਨਾਲ ਪੇਸ਼ ਕੀਤਾ ਗਿਆ। ਇਸ ਫ਼ਿਲਮ ਨੇ ਇੱਕ ਤਰ੍ਹਾਂ ਨਾਲ ਕੇ.ਐਲ. ਸਹਿਗਲ ਨੂੰ ਭਾਰਤੀ ਸਿਨੇਮਾ ਦਾ ਪਹਿਲਾ ਸੁਪਰਸਟਾਰ ਬਣਾ ਦਿੱਤਾ। ਕੰਪਨੀ ਨੇ 1937 ਵਿਚ ‘ਪ੍ਰੈਜ਼ੀਡੈਂਟ’ ਨਾਮ ਦੀ ਫ਼ਿਲਮ ਦਾ ਨਿਰਮਾਣ ਕੀਤਾ, ਜਿਸ ਵਿਚ ਪ੍ਰਿਥਵੀਰਾਜ ਕਪੂਰ ਅਤੇ ਕੇ.ਐਲ.ਸਹਿਗਲ ਨੇ ਇੱਕਠਿਆਂ ਅਦਾਕਾਰੀ ਕੀਤੀ। 1944 ਵਿਚ ਬਣੀ ਫ਼ਿਲਮ ‘ਹਮਰਾਹੀ’ ਵੀ ਇਸ ਕੰਪਨੀ ਦੀਆਂ ਖ਼ਾਸ ਫ਼ਿਲਮਾਂ ਵਿੱਚੋਂ ਇੱਕ ਮੰਨੀ ਜਾ ਸਕਦੀ ਹੈ। ਇਸ ਕੰਪਨੀ ਦੇ ਸੰਸਥਾਪਕ ਸ੍ਰੀ ਬੀ.ਐਨ.ਸਰਕਾਰ ਨੂੰ 1972 ਵਿਚ ਉਨ੍ਹਾਂ ਦੁਆਰਾ ਪਾਏ ਯੋਗਦਾਨ ਲਈ ‘ਦਾਦਾ ਸਾਹਿਬ ਫ਼ਾਲਕੇ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ।

‘ਬੰਬੇ ਟਾਕੀਜ਼’ ਫਿਲਮ ਕੰਪਨੀ ਨਾਲ ਫ਼ਿਲਮਾਂ ਵਿਚ ਪੱਛਮੀ ਵਿਚਾਰਧਾਰਾ ਅਤੇ ਪੁਰਾਣੇ ਦਾਰਸ਼ਨਿਕ ਵਿਚਾਰਾਂ ਦਾ ਖੂਬਸੂਰਤ ਸੰਗਮ ਹੋਂਦ ਵਿਚ ਆਇਆ। ਇਸ ਕੰਪਨੀ ਦੀ ਸਥਾਪਨਾ 1934 ਵਿਚ ਸ੍ਰੀ ਹਿਮਾਂਸ਼ੂ ਰਾਏ ਨੇ ਕੀਤੀ ਸੀ। ਹਿਮਾਂਸ਼ੂ ਰਾਏ ਅਤੇ ਉਨ੍ਹਾਂ ਦੀ ਪਤਨੀ ਦੇਵਿਕਾ ਰਾਣੀ ਨੇ ਕਲਾਤਮਿਕ ਪੱਖ ਤੋਂ ਭਾਰਤੀ ਸਿਨੇਮਾ ਨੂੰ ਨਵਾਂ ਮੋੜ ਦਿੱਤਾ। ਕੰਪਨੀ ਨੇ ਭਾਰਤੀ ਫ਼ਿਲਮ ਸੱਨਅਤ ਨੂੰ ਦੋ ਮਸ਼ਹੂਰ ਅਦਾਕਾਰ ਵੀ ਦਿੱਤੇ- ਸਦਾਬਹਾਰ ਅਸ਼ੋਕ ਕੁਮਾਰ ਅਤੇ ਟਰੈਜਡੀ ਕਿੰਗ ਦਲੀਪ ਕੁਮਾਰ। ਇਸ ਕੰਪਨੀ ਦੀਆਂ ਜ਼ਿਆਦਾਤਰ ਫ਼ਿਲਮਾਂ ਦਾ ਨਿਰਦੇਸ਼ਨ ਫਰਾਂਸੀਸੀ ਨਿਰਦੇਸ਼ਕ ਸ੍ਰੀ ਫਰਾਜ਼ ਆਸਟਿਨ ਕਰਦੇ ਸਨ। ‘ਅਛੂਤ ਕੰਨਿਆ’, ‘ਜਨਮਭੂਮੀ’, ‘ਦੁਰਗਾ’ ਅਤੇ ‘ਕੰਗਨ’ ਵਰਗੀਆਂ ਫ਼ਿਲਮਾਂ ਜਿੱਥੇ ਰੂੜੀਵਾਦੀ ਵਿਵਸਥਾ ਦੇ ਸਿੱਧੇ ਵਿਰੋਧ ਵੱਜੋਂ ਦਰਜ ਕੀਤੀਆਂ ਗਈਆਂ ਉੱਥੇ ‘ਬੰਧਨ’ ਅਤੇ ‘ਆਜ਼ਾਦ’ ਵਰਗੀਆਂ ਫ਼ਿਲਮਾਂ ਨੇ ਨੌਜਵਾਨੀ ਦੇ ਦਿਲਾਂ ਵਿਚ ਨਵੀਆਂ ਉਮੰਗਾਂ ਅਤੇ ਸੁਪਨੇ ਭਰ ਦਿੱਤੇ। ਇਸੇ ਕੰਪਨੀ ਨੇ 1943 ਵਿਚ ਭਾਰਤੀ ਸਿਨੇਮਾ ਨੂੰ ਪਹਿਲੀ ਸੁਪਰਹਿੱਟ ਫ਼ਿਲਮ ਦਿੱਤੀ ‘ਕਿਸਮਤ’।

‘ਵਾਡੀਆ ਮੂਵੀਟੋਨ ਕੰਪਨੀ’ ਦੀਆਂ ਫ਼ਿਲਮਾਂ ਦੀ ਕਥਾ-ਵਸਤੂ, ਤਕਨੀਕੀ ਪੱਧਰ ਅਤੇ ਅਦਾਕਾਰੀ ਉਪਰੋਕਤ ਕੰਪਨੀਆਂ ਨਾਲੋਂ ਇੱਕਦਮ ਵੱਖਰੀ ਸੀ। ਇਸ ਕੰਪਨੀ ਨੇ ਸਟੰਟ ਆਧਾਰਿਤ ਐਕਸ਼ਨ ਫ਼ਿਲਮਾਂ ਜੋ ਜਾਦੂਈ ਚਮਤਕਾਰਾਂ, ਮਾਰ-ਕੁਟਾਈ ਅਤੇ ਦਿੱਲ ਦਹਿਲਾਉਣ ਵਾਲੀਆਂ ਲੜਾਈਆਂ ਨਾਲ ਭਰੀਆਂ ਹੁੰਦੀਆਂ ਸਨ, ਬਣਾਈਆਂ। ‘ਫੀਅਰਲੈੱਸ ਨਾਦੀਆ’ ਦੇ ਨਾਮ ਨਾਲ ਮਸ਼ਹੂਰ ਇਨ੍ਹਾਂ ਫ਼ਿਲਮਾਂ ਦੀ ਮੁੱਖ ਅਦਾਕਾਰਾ ਨਾਦੀਆ ਨੂੰ ਅੱਜ ਵੀ ‘ਹੰਟਰਵਾਲੀ’ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ। ਇਹ ਫ਼ਿਲਮਾਂ ਭਾਰਤੀ ਦਰਸ਼ਕਾਂ ਵਿਚ ਇਸ ਲਈ ਬੇਹੱਦ ਮਕਬੂਲ ਰਹੀਆਂ ਕਿ ਜਿੱਥੇ ਸਮਾਜਿਕ ਸਥਾਨਾਂ ’ਤੇ ਔਰਤਾਂ ਦਾ ਮੂੰਹ ਤੱਕ ਨੰਗਾ ਨਹੀਂ ਸੀ ਦੇਖਿਆ ਜਾ ਸਕਦਾ, ਉੱਥੇ ਇਨ੍ਹਾਂ ਫ਼ਿਲਮਾਂ ਵਿਚ ਨਾਦੀਆ ਮਰਦਾਂ ਨੂੰ ਘਸੁੰਨ-ਮੁੱਕਿਆਂ ਨਾਲ ਕੁੱਟਦੀ ਵੀ ਸੀ ਤੇ ਬੇਖੌਫ ਹੋ ਕੇ ਹਰ ਕਿਸਮ ਦਾ ਪਹਿਰਾਵਾ ਪਹਿਨ ਕੇ ਘੋੜਸਵਾਰੀ, ਤੈਰਾਕੀ, ਕਿਸ਼ਾਨੇਬਾਜ਼ੀ ਕਰਦੀ ਘੁੰਮਦੀ ਦਿਖਦੀ ਸੀ। ਇਹ ਜ਼ਿਆਦਾਤਰ ਦਰਸ਼ਕਾਂ ਲਈ ਕੌਤਕ ਭਰਿਆ ਦ੍ਰਿਸ਼ ਹੁੰਦਾ ਸੀ।

ਇਸ ਤਰ੍ਹਾਂ ਭਾਰਤੀ ਸਿਨੇਮਾ ਦੇ ਸ਼ੁਰੂਆਤੀ ਦੌਰ ਵਿਚ ਫ਼ਿਲਮ ਕੰਪਨੀਆਂ ਨੇ ਜਿੱਥੇ ਬਹੁਤ ਸਾਰੀਆਂ ਸਮਾਜਿਕ, ਮਿਥਿਹਾਸਕ, ਇਤਿਹਾਸਕ ਤੇ ਧਾਰਮਿਕ ਫ਼ਿਲਮਾਂ ਦਾ ਨਿਰਮਾਣ ਕੀਤਾ, ਉੱਥੇ ਦੂਜੇ ਵਿਸ਼ਵ-ਯੁੱਧ ਤੋਂ ਬਾਅਦ ਸ਼ੁਰੂ ਹੋਏ ਮੰਦਵਾੜੇ, ‘ਸਟਾਰ-ਸਿਸਟਮ` ਦੀ ਚੜ੍ਹਤ ਅਤੇ ਸਰਕਾਰੀ ਅਣਦੇਖੀ ਨੇ ਬਹੁਤੀਆਂ ਕੰਪਨੀਆਂ ਵਿਕਣ ਦੀ ਕਗਾਰ ’ਤੇ ਲਿਆ ਖੜੀਆਂ ਕੀਤੀਆਂ।
[home] 1-3 of 3


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER