ਮਨੋਰੰਜਨ

Monthly Archives: MARCH 2016


ਖੁਸ਼ੀਆਂ ਅਤੇ ਜ਼ਿੰਦਾਦਿਲੀ ਦਾ ਦਿਨ : ਇੱਕ ਅਪ੍ਰੈਲ
31.03.16 - ਵਿਸ਼ਵਜੀਤ ਸਿੰਘ
ਖੁਸ਼ੀਆਂ ਅਤੇ ਜ਼ਿੰਦਾਦਿਲੀ ਦਾ ਦਿਨ : ਇੱਕ ਅਪ੍ਰੈਲ'ਅਪ੍ਰੈਲ ਫੂਲਸ ਡੇ' ਸਾਲ ਦਾ ਸਭ ਤੋਂ ਅਨੋਖਾ ਦਿਨ ਹੁੰਦਾ ਹੈ। ਹਾਲਾਂਕਿ ਇਹ ਕਿਵੇਂ ਅਤੇ ਕਿਥੋਂ ਸ਼ੁਰੂ ਹੋਇਆ, ਇਹ ਅੱਜੇ ਤੱਕ ਨਹੀਂ ਪਤਾ ਲਗ ਸਕਿਆ। ਪਰ ਹਰ ਸਾਲ 1 ਅਪ੍ਰੈਲ ਨੂੰ ਇਹ ਦਿਨ ਮਨਾਇਆ ਜਾਂਦਾ ਹੈ
 
ਲੋਕ ਇਸ ਦਿਨ ਆਪਸ 'ਚ ਹਾਸਾ-ਠੱਠਾ ਕਰਦੇ ਹਨ ਅਤੇ ਖੱਟੀਆਂ-ਮਿਠੀਆਂ ਅਫਵਾਹਾਂ ਉਡਾਉਂਦੇ ਹਨ। ਜਦੋਂ ਕਿਸੇ ਨੂੰ ਪਤਾ ਲੱਗਦਾ ਹੈ ਕਿ ਉਸ ਨਾਲ ਮਜ਼ਾਕ ਕੀਤਾ ਗਿਆ ਤਾਂ ਬਾਕੀ ਉਸਨੂੰ ਅਪ੍ਰੈਲ ਫੂਲ ਕਹਿ ਕੇ ਛੇੜਦੇ ਹਨ।
 
ਇਥੋਂ ਤੱਕ ਕਿ ਕੁਝ ਅਖਬਾਰ, ਰਸਾਲੇ ਕਈ ਵਾਰ ਝੂਠੀ ਖਬਰਾਂ ਲਾਉਂਦੇ ਹਨ ਤੇ ਅਗਲੇ ਦਿਨ ਦਸਦੇ ਹਨ ਕਿ ਇਹ ਝੂਠੀ ਸੀ।
 
19ਵੀਂ ਸ਼ਤਾਬਦੀ ਤੋਂ ਇਹ ਦਿਨ ਮਸ਼ਹੂਰ ਹੋਇਆ, ਹਾਲਾਂਕਿ ਇਸ ਦਿਨ ਕਿਸੀ ਵੀ ਦੇਸ਼ 'ਚ ਜਨਤਕ ਛੁੱਟੀ ਨਹੀਂ ਹੁੰਦੀ।
 
ਜੈਫ਼ਰੀ ਚੌਸਰ ਵਲੋਂ ਰਚਿਤ 'ਦੀ ਕੈਂਟਰਬਰੀ ਟੇਲਸ', ਜੋ ਕਿ 1392 ਵਿਚ ਛਪੀ ਸੀ, ਵਿਚ 1 ਅਪ੍ਰੈਲ ਦਾ ਪਹਿਲੀ ਵਾਰ ਜ਼ਿਕਰ ਆਉਂਦਾ ਹੈ।
 
ਕੁਝ ਲੋਕ ਮੰਨਦੇ ਹਨ ਕਿ ਇਹ ਦਿਨ ਇਸ ਕਰਕੇ ਸ਼ੁਰੂ ਹੋਇਆ ਕਿ ਇਸ ਵਕਤ ਰੁੱਤਾਂ ਬਦਲਦੀਆਂ ਹਨ ਤੇ ਬਸੰਤ ਰੁੱਤ, ਜੋ ਕਿ ਖੁਸ਼ੀਆਂ ਭਰੀ ਰੁੱਤ ਹੈ, ਵਿੱਚ ਇਸ ਦਿਨ ਨੂੰ ਮਨਾਇਆ ਜਾਂਦਾ ਹੈ।
 
ਇਸ ਦਿਨ ਦੇ ਇਤਿਹਾਸ ਵਿਚ ਕੁਝ ਮਹਾਂ ਅਫਵਾਹਾਂ ਰਹੀਆਂ ਹਨ।
 
1957 ਵਿਚ ਬੀ.ਬੀ.ਸੀ. ਦੇ ਖਬਰਾਂ ਦੇ ਪ੍ਰੋਗਰਾਮ ਪੈਨੋਰਮਾ ਵਿਚ ਇਹ ਦਸਿਆ ਗਿਆ ਕਿ ਸਵਿੱਸ ਕਿਸਾਨਾਂ ਨੇ ਇਸ ਵਾਰ ਰਿਕਾਰਡ ਤੋੜ ਨੂਡਲਸ ਦੀ ਫਸਲ ਉਗਾਈ ਹੈ। ਨਿਊਜ਼ ਫੂਟੇਜ 'ਚ ਦਿਖਾਇਆ ਗਿਆ ਕਿ ਕਿਸਾਨ ਰੁਖਾਂ ਤੋਂ ਨੂਡਲ ਤੋੜ ਰਹੇ ਹਨ। ਹਜ਼ਾਰਾਂ ਲੋਕਾਂ ਨੂੰ ਬੇਵਕੂਫ਼ ਬਣਾਇਆ ਗਿਆ। ਬੀ.ਬੀ.ਸੀ. ਨੇ ਇਹ ਵੀ ਦਸਿਆ ਕਿ ਉਨ੍ਹਾਂ ਨੂੰ ਬਹੁਤ ਲੋਕਾਂ ਨੇ ਫੋਨ ਕਰਕੇ ਇਹ ਪੁਛਿਆ ਕਿ ਇਹ ਰੁਖ ਉਨ੍ਹਾਂ ਨੂੰ ਕਿਵੇਂ ਮਿਲ ਸਕਦੇ ਹਨ।
 
ਇਸੇ ਤਰ੍ਹਾਂ 1980 ਵਿਚ ਬੀ.ਬੀ.ਸੀ. ਨੇ ਇਹ ਖਬਰ ਦਿੱਤੀ ਕਿ ਬਿੱਗ ਬੇਨ ਨੂੰ ਵੇਚਿਆ ਜਾ ਰਿਹਾ ਹੈ ਤੇ ਪਹਿਲਾਂ ਜਿਹੜਾ ਆ ਕੇ ਖ਼ਰੀਦ ਲਵੇਗਾ, ਉਸਨੂੰ ਬੇਚ ਦਿੱਤਾ ਜਾਵੇਗਾ। ਇੱਕ ਜਪਾਨੀ ਮਲਾਹ ਨੇ ਇਹ ਗੱਲ ਸੁਣ ਕੇ ਰੇਡਿਓ ਜ਼ਰੀਏ ਆਪਣੀ ਪੇਸ਼ਕਸ਼ ਤੱਕ ਰੱਖ ਦਿੱਤੀ।
 
1989 ਵਿਚ ਉਦਯੋਗਪਤੀ ਰਿਚਰਡ ਬ੍ਰੈਨਮਸਨ ਨੇ ਆਪਣੀ ਨਵੀਂ ਏਅਰਲਾਈਨ ਦੀ ਮਸ਼ਹੂਰੀ ਲਈ 1 ਅਪ੍ਰੈਲ ਨੂੰ ਵੱਡੀ ਅਫਵਾਹ ਫੈਲਾਉਣ ਦੀ ਸੋਚੀ। ਉਸਨੇ ਇੱਕ ਵਡਾ ਗਰਮ ਹਵਾ ਦਾ ਗੁਬਾਰਾ ਬਣਵਾਇਆ ਜੋ ਦੇਖਣ ਵਿੱਚ ਉਡਨ ਤਸ਼ਤਰੀ ਵਰਗਾ ਸੀ ਤੇ ਉਸਨੂੰ ਲੰਡਨ ਦੇ ਹਾਈਡ ਪਾਰਕ ਵਿੱਚ ਉਤਾਰਨ ਦੀ ਸੋਚੀ। ਹਾਲਾਂਕਿ ਇਹ ਗੁਬਾਰਾ ਉੱਥੇ ਉਤਰ ਨਹੀਂ ਸਕਿਆ ਤੇ ਜਾ ਕੇ ਦੂਰ ਖੇਤਾਂ ਵਿੱਚ ਉਤਰ ਗਿਆ। ਪਰ ਕੁਝ ਲੋਕਾਂ ਨੇ ਇਸ ਨੂੰ ਦੇਖ ਪੁਲਿਸ ਨੂੰ ਆਪਾਤਕਾਲੀਨ ਫੋਨ ਕਰ ਦਿੱਤੇ।
 
ਇਸ ਤਰ੍ਹਾਂ ਇਸ ਦਿਨ ਲੋਕ ਵੱਖ-ਵੱਖ ਦੇਸ਼ਾਂ ਵਿਚ ਇਸਨੂੰ ਆਪਣੇ ਤਰੀਕੇ ਨਾਲ ਮਨਾਉਂਦੇ ਹਨ ਤੇ ਇਸ ਦਿਨ ਦਾ ਲੁਤਫ਼ ਉਠਾਉਂਦੇ ਹਨ।
 
ਅੱਜ-ਕਲ ਦੀ ਤਣਾਉ ਭਰੀ ਜਿੰਦਗੀ ਵਿੱਚ ਇਹ ਦਿਨ ਖੁਸ਼ੀਆਂ ਦਾ ਚਾਨਣ ਮੁਨਾਰਾ ਬਣ ਕੇ ਆਉਂਦਾ ਹੈ ਤੇ ਲੋਕਾਂ ਨੂੰ ਜ਼ਿੰਦਾਦਿਲੀ ਦਾ ਅਹਿਸਾਸ ਦਿਵਾਉਂਦਾ ਹੈ। ਇਸ ਦਿਨ ਸਾਨੂੰ ਬਸ ਇੱਕ ਗਲ ਦਾ ਧਿਆਨ ਰਖਣਾ ਚਾਹੀਦਾ ਹੈ ਕਿ ਮਜ਼ਾਕ ਸਿਰਫ ਹਲਕਾ ਫੁਲਕਾ ਰਹੇ ਤੇ ਇਸ ਨਾਲ ਕਿਸੇ ਨੂੰ ਕੋਈ ਨੁਕਸਾਨ ਨਾ ਪਹੁੰਚੇ ਤਾਂ ਹੀ ਇਹ ਦਿਨ ਸਫਲ ਹੋ ਸਕਦਾ ਹੈ।
[home] [1] 2  [prev.]1-5 of 8


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਸਮਾਜਿਕ ਮੁੱਦਿਆਂ ਦੀ ਤਰਜਮਾਨੀ ਕਰਦਾ 1930 ਦੇ ਦਹਾਕੇ ਦਾ ਸਿਨੇਮਾ
30.03.16 - ਕੁਲਦੀਪ ਕੌਰ
ਸਮਾਜਿਕ ਮੁੱਦਿਆਂ ਦੀ ਤਰਜਮਾਨੀ ਕਰਦਾ 1930 ਦੇ ਦਹਾਕੇ ਦਾ ਸਿਨੇਮਾਸ਼ੁਰੂਆਤੀ ਦੌਰ ਤੋਂ ਹੀ ਭਾਰਤੀ ਸਿਨੇਮਾ ਬਿਰਤਾਂਤਕ ਤੌਰ ਤੇ ਹਾਲੀਵੁੱਡ ਅਤੇ ਬਿ੍ਰਟਿਸ਼ ਸਿਨੇਮਾ ਤੋਂ ਪ੍ਰਭਾਵਿਤ ਰਿਹਾ ਹੈ। ਇਸਦੇ ਬਾਵਜੂਦ ਵਿਸ਼ਾ-ਵਸਤੂ ਦੇ ਤੌਰ ’ਤੇ ਇਤਿਹਾਸ-ਮਿਥਿਹਾਸ, ਸਮਾਜਿਕ ਹਾਲਾਤ ਅਤੇ ਰਾਸ਼ਟਰਵਾਦ ਨੇ ਵੱਡੇ ਪੱਧਰ ਤੇ ਫ਼ਿਲਮਸਾਜਾਂ ਨੂੰ ਪ੍ਰਭਾਵਿਤ ਕੀਤਾ ਹੈ। 1913 ਵਿੱਚ ਬਣੀ ‘ਰਾਜਾ ਹਰੀਸ਼ਚੰਦਰ’ ਜਿੱਥੇ ਮਾਨਵੀ-ਮੁੱਲਾਂ ਅਤੇ ਭਾਰਤੀ ਦਰਸ਼ਨ-ਸ਼ਾਸਤਰ ਦੀ ਕਥਾ ਸੁਣਾਉਣ ਦਾ ਹੀਲਾ ਬਣੀ , ਉੱਥੇ ਸਿਨੇਮਾ ਅਤੇ ਸਮਾਜ ਦੇ ਆਪਸੀ ਸਬੰਧਾਂ ਨੂੰ 1925 ਵਿੱਚ ਬਾਬੂ ਰਾਉ ਪੇਂਟਰ ਦੁਆਰਾ ਬਣਾਈ ਫ਼ਿਲਮ ‘ਸਾਵਕਾਰੀ ਪਾਸ਼’ ਨੇ ਨਵੇਂ ਸਿਰਿਉਂ ਪਰਿਭਾਸ਼ਿਤ ਕਰ ਦਿੱਤਾ। ਇਹ ਫ਼ਿਲਮ ਬਿ੍ਰਟਿਸ਼ ਸਾਮਰਾਜਵਾਦ ਦੀਆਂ ਨੀਤੀਆਂ ਦੀ ਪਿੱਠਭੂਮੀ ਵਿਚ ਜੀ ਰਹੇ ਮਿਹਨਤੀ ਕਿਸਾਨਾਂ ਦੀ ਤ੍ਰਾਸਦੀ ’ਤੇ ਆਧਾਰਿਤ ਸੀ। ਇਸ ਫ਼ਿਲਮ ਨੇ ਪਹਿਲੀ ਵਾਰ ਕੈਮਰੇ ਦਾ ਵਿਸ਼ਾ ਉਸ ਵਰਗ ਨੂੰ ਬਣਾਇਆ ਜੋ ਟੈਕਸਾਂ, ਮਹਿੰਗਾਈ ਅਤੇ ਭਿ੍ਰਸ਼ਟਾਚਾਰ ਦੀ ਦੂਹਰੀ-ਤੀਹਰੀ ਮਾਰ ਝੱਲ ਰਿਹਾ ਸੀ। ਇਸ ਸਮੇਂ ਦੌਰਾਨ ਬਣੀ ਫ਼ਿਲਮ ‘ਦੇਵਦਾਸ’ ਜੋ ਬੰਗਾਲ ਦੇ ਪ੍ਰਸਿੱਧ ਨਾਵਲਕਾਰ ਸ੍ਰੀ ਸ਼ਰਤਚੰਦਰ ਚੈਟਰਜੀ ਦੇ ਇਸੇ ਨਾਮ ਦੇ ਨਾਵਲ ’ਤੇ ਆਧਾਰਿਤ ਸੀ, ਨੇ ਸਾਹਿਤਕ ਕਿਰਤਾਂ ’ਤੇ ਆਧਾਰਿਤ ਫ਼ਿਲਮਾਂ ਬਣਾਉਣ ਦਾ ਰਾਹ ਖੋਲ੍ਹਿਆ। ਇਸ ਦੌਰ ਵਿੱਚ ਭਾਵੇਂ ਬੇਹੱਦ ਸਤਹੀ ਕਿਸਮ ਦੀਆਂ ਫ਼ਿਲਮਾਂ ਜਿਵੇਂ ‘ਸਿਨੇਮਾ ਕੁਵੀਨ’, ‘ਮੁੰਬਈ ਕੀ ਮੋਹਣੀ’, ‘ਬੁਲਬਲੇ ਪਰੀਸਤਾਨ’ ਆਦਿ ਵੀ ਬਣ ਰਹੀਆਂ ਸਨ ਪਰ ਇਸਦੇ ਬਾਵਜੂਦ ਇਸ ਸਮਰੱਥ ਕਲਾ ਨੂੰ ਸਮਾਜਿਕ ਸਰੋਕਾਰਾਂ ਅਤੇ ਮਨੁੱਖੀ ਸੰਵੇਦਨਾਵਾਂ ਨਾਲ ਜੋੜਣ ਦਾ ਤਰਦੱਦ ਵੀ ਹੋ ਰਿਹਾ ਸੀ।

ਸੰਨ 1932 ਵਿਚ ਵੀ ਸ਼ਾਂਤਾਰਾਮ ਨੇ ‘ਪ੍ਰਭਾਤ ਸਟੂਡੀਉ’ ਦੇ ਬੈਨਰ ਥੱਲੇ ‘ਅਯੁੱਧਿਆ ਕਾ ਰਾਜਾ’ ਫ਼ਿਲਮ ਦਾ ਨਿਰਮਾਣ ਕੀਤਾ। ‘ਆਲਮ-ਆਰਾ’ ਨਾਲ ਫ਼ਿਲਮਾਂ ਸਵਾਕ ਹੋ ਚੁੱਕੀਆਂ ਸਨ। ਇਹ ਸਮਾਂ ਰਾਸ਼ਟਰੀ ਪੁਨਰ-ਜਾਗਰਣ ਅਤੇ ਬਿ੍ਰਟਿਸ਼ ਸਰਕਾਰ ਦੇ ਖਿਲਾਫ਼ ਤਿੱਖੇ ਰੰਜ ਦਾ ਦੌਰ ਵੀ ਸੀ। ਰਾਸ਼ਟਰੀ ਪੁਨਰ-ਜਾਗਰਣ ਦਾ ਸਭ ਤੋਂ ਮਹੱਤਵਪੂਰਨ ਭਾਗ ਸੀ, ਸੱਭਿਆਚਾਰ ਅਤੇ ਕਲਾ ਦੇ ਪੱਧਰ ’ਤੇ ਪ੍ਰੰਪਰਾਗਤ ਆਦਰਸ਼ਾਂ ਅਤੇ ਮੁੱਲਾਂ ਨੂੰ ਤਤਕਾਲੀ ਸਥਿਤੀਆਂ ਅਨੁਸਾਰ ਨਵੇਂ ਸਿਰਿਉਂ ਘੜ੍ਹਣਾ। ਇਸ ਕਾਰਣ ਇਸ ਦੌਰ ਦੀਆਂ ਬਣੀਆਂ ਫ਼ਿਲਮਾਂ ਜਿਵੇਂ ‘ਭਗਤ ਪਹਿਲਾਦ’, ‘ਸੰਤ ਤੁਕਾਰਾਮ’, ‘ਰਾਜਰਾਣੀ ਮੀਰਾ’, ‘ਸੰਤ ਤੁਲਸੀਦਾਸ’, ‘ਭਗਤ ਕਬੀਰ’ ਆਦਿ ਵਿੱਚ ਇਨ੍ਹਾਂ ਸਾਧੂ-ਸੰਤਾਂ ਨੂੰ ਚਮਤਕਾਰੀ ਕਿਰਦਾਰਾਂ ਦੀ ਥਾਂ ਤੇ ਤਿਆਗ, ਸੇਵਾ, ਭਾਈਚਾਰਕ ਸਾਂਝ, ਸਦਭਾਵਨਾ, ਮਾਨਵੀ ਮੁੱਲਾਂ ਅਤੇ ਸਮਾਜਿਕ ਆਦਰਸ਼ਾਂ ਦੇ ਰੋਲ-ਮਾਡਲਾਂ ਦੇ ਤੌਰ ਤੇ ਸੁਨਹਿਰੀ ਪਰਦੇ ਤੇ ਸਿਰਜਿਆ ਗਿਆ। ਰਾਸ਼ਟਰ-ਪ੍ਰੇਮ ਅਤੇ ਭਾਰਤੀਪੁਣੇ ਦੀ ਭਾਵਨਾ ਨਾਲ ਉਤਪੋਤ ਫ਼ਿਲਮਾਂ ਜਿਵੇਂ ‘ਸਿਕੰਦਰ’ ਜਿਸ ਵਿੱਚ ਮੁੱਖ-ਭੂਮਿਕਾ ਪ੍ਰਸਿੱਧ ਅਭਿਨੇਤਾ ਪਿ੍ਰਥਵੀਰਾਜ ਕਪੂਰ ਨੇ ਅਦਾ ਕੀਤੀ ਅਤੇ ‘ਸੋਹਰਾਬ ਮੋਦੀ’ ਜਿਹੀਆਂ ਫ਼ਿਲਮਾਂ ਵੀ ਬਣ ਰਹੀਆਂ ਸਨ ਜਿਨ੍ਹਾਂ ਵਿੱਚ ਵਿਦੇਸ਼ੀ ਹਕੂਮਤ ਦੇ ਡਰ, ਜ਼ੁਲਮ ਅਤੇ ਸਮਾਜਿਕ ਵਧੀਕੀਆਂ ਨੂੰ ਇਤਿਹਾਸਕ ਤੱਥਾਂ ਅਤੇ ਕਿਰਦਾਰਾਂ ਦੇ ਉਹਲੇ ਵਿਚ ਪੇਸ਼ ਕੀਤਾ ਜਾਂਦਾ ਹੈ। ਸੰਨ 1934 ਵਿੱਚ ਬਣੀ ਫ਼ਿਲਮ ‘ਚੰਦੀਦਾਸ’, ਜਿਸਦਾ ਨਿਰਮਾਣ ਕਲਕੱਤਾ ਦੀ ਫ਼ਿਲਮ ਕੰਪਨੀ ਨਿਊ ਥੀਏਟਰਜ਼ ਨੇ ਕੀਤਾ ਸੀ ਅਤੇ ਜਿਸਦੇ ਫ਼ਿਲਮਸਾਜ ਬੀ.ਐਨ.ਸਰਕਾਰ ਸਨ, ਵਿੱਚ ਪਹਿਲੀ ਵਾਰ ਭਾਰਤੀ ਸਮਾਜ ਨੂੰ ਅੰਦਰੋਂ ਖੋਖਲਾ ਕਰ ਰਹੀ ਜਾਤੀ-ਵਿਵਸਥਾ ਤੇ ਤਿੱਖਾ ਵਾਰ ਕੀਤਾ ਗਿਆ। ਇਸ ਫ਼ਿਲਮ ਨੇ ਜਿੱਥੇ ਜਾਤ ਅਤੇ ਧਰਮ ਦੇ ਨਾਮ ’ਤੇ ਹੁੰਦੇ ਅਣਮਨੁੱਖੀ ਵਿਵਹਾਰ ਨੂੰ ਕਲਾਤਮਿਕ ਢੰਗ ਨਾਲ ਨੰਗਾ ਕੀਤਾ ਉੱਥੇ ਇਸ ਫ਼ਿਲਮ ਰਾਹੀਂ ਪਹਿਲੀ ਵਾਰ ਇੱਕ ਬ੍ਰਾਹਮਣ ਪੁਜਾਰੀ ਦੇ ਕੁੜੀ ਨਾਲ ਪੇ੍ਰਮ-ਸਬੰਧਾਂ ਦੀ ਸਮਾਜਿਕ ਪੇਚੀਦਗੀ ਨੂੰ ਜ਼ੁਬਾਨ ਦਿੱਤੀ ਗਈ। ਮਹਾਤਮਾ ਗਾਂਧੀ ਦੇ ਛੂਆਛਾਤ ਵਿਰੋਧੀ ਅੰਦੋਲਨ ਦਾ ਅਸਰ ਕਬੂਲਦਿਆਂ ਸੰਨ 1935 ਵਿਚ ਦੇਵਕੀ ਬੋਸ ਨੇ ਇਸੇ ਸਮੱਸਿਆ ਦੇ ਅਣਛੌਹੇ ਪਹਿਲੂਆਂ ਨੂੰ ‘ਇੰਨਕਲਾਬ’ ਨਾਮੀ ਫ਼ਿਲਮ ਰਾਹੀਂ ਪਰਦੇ ਤੇ ਸਾਕਾਰ ਕੀਤਾ। ਉਸ ਸਮੇਂ ਦੇ ਭਾਰਤੀ ਸਮਾਜ ਵਿੱਚ ਜਿੱਥੇ ਧਾਰਮਿਕ ਪਰੰਪਰਾਵਾਂ ਨੂੰ ਨਵੇਂ-ਸਿਰਿਉਂ ਸੋਚਣ ਅਤੇ ਧਰਮ ਨੂੰ ਸਮਾਜ-ਸੁਧਾਰ ਵਰਗੇ ਵੱਡੇ ਉਦੇਸ਼ ਨਾਲ ਜੋੜਕੇ ਸਮਝਣ ਦਾ ਰੁਝਾਨ ਚੱਲ ਰਿਹਾ ਸੀ, ਉੱਥੇ ਵਿਗਿਆਨਕ ਅਤੇ ਤਰਕ ਆਧਾਰਿਤ ਮੁੱਲਾਂ ਅਤੇ ਵਿਚਾਰਧਾਰਾ ਨਾਲ ਇਨ੍ਹਾਂ ਦਾ ਸਿੱਧਾ ਟਕਰਾਉ ਵੀ ਸਪੱਸ਼ਟ ਹੋ ਰਿਹਾ ਸੀ। ਭਾਰਤੀ ਨੌਜਵਾਨਾਂ ਦਾ ਵੱਡਾ ਵਰਗ ਨਸ਼ਿਆਂ, ਬੇਰੁਜ਼ਗਾਰੀ ਅਤੇ ਧਾਰਮਿਕ ਕੱਟੜਤਾ ਤੋਂ ਆਵਾਜ਼ਾਰ ਹੋ ਕੇ ‘ਆਜ਼ਾਦੀ’ ਲਈ ਮੁਲਕ ਦੇ ਸਿਆਸੀ ਆਗੂਆਂ ਤੇ ਟੇਕ ਲਗਾਈ ਬੈਠਾ ਸੀ। ਵੀ.ਸ਼ਾਂਤਾਰਾਮ, ਬਾਬੂਰਾਮ ਪੇਂਟਰ, ਧੀਰੇਨ ਗਾਂਗੁਲੀ, ਪੀ.ਸੀ. ਬਰੂਆ, ਦੇਵਕੀ ਬੋਸ, ਸੇਠ ਦਵਾਰਕਾ ਦਾਸ, ਬੀ.ਐਨ. ਸਰਕਾਰ, ਸੋਹਰਾਬ ਮੋਦੀ ਅਤੇ ਨਿਤਿਨ ਬੋਸ ਵਰਗੇ ਨੌਜਵਾਨ ਫ਼ਿਲਮਸਾਜ ਇਸੇ ਨੌਜਵਾਨੀ ਦੇ ਪ੍ਰਤੀਨਿਧ ਦੇ ਤੌਰ ’ਤੇ ਉੱਭਰਕੇ ਸਾਹਮਣੇ ਆਉਂਦੇ ਹਨ।

ਜਿੱਥੇ ਹਿਮਾਂਸ਼ੂ ਰਾਏ ਅਤੇ ਦੇਵਿਕਾ ਰਾਣੀ ਨੇ ਬੰਬੇ-ਟਾਕੀਜ਼ ਦੇ ਬੈਨਰ ਥੱਲੇ ‘ਅਛੂਤ ਕੰਨਿਆ’ ਬਣਾਕੇ ਛੂਆਛਾਤ ਦੀ ਸਮੱਸਿਆ ਨੂੰ ਆਲਮੀ ਦਰਸ਼ਕਾਂ ਦੀ ਨਜ਼ਰ ਕੀਤਾ, ਉੱਥੇ 1936 ਵਿੱਚ ਮੋਹਣ ਭਵਨਾਨੀ ਨੇ ਬੇਰੁਜ਼ਗਾਰੀ ਨੂੰ ਕੇਂਦਰ ਵਿੱਚ ਰੱਖਦਿਆਂ ‘ਜਾਗਰਣ’ ਨਾਮ ਦੀ ਫ਼ਿਲਮ ਬਣਾਈ। ਵੀ.ਸ਼ਾਂਤਾਰਾਮ ਦੁਆਰਾ ਬਣਾਈਆਂ ਫ਼ਿਲਮਾਂ ‘ਆਦਮੀ’ ਅਤੇ ‘ਦੁਨੀਆ ਨਾ ਮਾਨੇ’ ਆਪਣੀ ਖੂਬਸੂਰਤ ਕਥਾ-ਬੁਣਤਰ ਅਤੇ ਸੰਵੇਦਨਸ਼ੀਲ ਪੇਸ਼ਕਾਰੀ ਲਈ ਆਲਮੀ ਪੱਧਰ ’ਤੇ ਸਰਾਹੀਆਂ ਗਈਆਂ। ਇਨ੍ਹਾਂ ਫ਼ਿਲਮਾਂ ਦੀ ਖ਼ਾਸੀਅਤ ਸਮਾਜਿਕ ਕੁਰੀਤੀਆਂ ਦੀ ਜੜ੍ਹ ਵਿੱਚ ਪਈਆਂ ਗੈਰ-ਮਨੁੱਖੀ ਮਿੱਥਾਂ, ਧਾਰਨਾਵਾਂ ਅਤੇ ਵਿਤਕਰਿਆਂ ਵੱਲ ਦਰਸ਼ਕਾਂ ਦਾ ਧਿਆਨ ਖਿੱਚਣਾ ਸੀ, ਉਨ੍ਹਾਂ ਨੂੰ ਇਨ੍ਹਾਂ ਦੇ ਸੰਭਾਵੀ ਹੱਲਾਂ ਸਬੰਧੀ ਸੋਚਣ ਲਈ ਪ੍ਰੇਰਿਤ ਕਰਨਾ ਸੀ। ਧਰਮ ਅਤੇ ਸਾਮਰਾਜਵਾਦ ਦਾ ਗੱਠਜੋੜ ਕਿਵੇਂ ਕੰਮ ਕਰਦਾ ਹੈ? ਇਸ ਦੀ ਇੱਕ ਉਦਾਹਰਣ 1935 ਵਿਚ ਵੀ.ਸ਼ਾਂਤਰਾਮ ਦੁਆਰਾ ਆਪਣੀ ਕੰਪਨੀ ਪ੍ਰਭਾਤ ਸਟੂਡੀਓ ਦੇ ਬੈਨਰ ਥੱਲੇ ਬਣੀ ਫ਼ਿਲਮ ‘ਧਰਮਾਤਮਾ’ ’ਤੇ ਬਿ੍ਰਟਿਸ਼ ਸਰਕਾਰ ਦੁਆਰਾ ਲਗਾਈ ਸੈਂਸਰਸ਼ਿੱਪ ਹੈ। ਇਸ ਫ਼ਿਲਮ ਰਾਹੀਂ ਵੀ.ਸ਼ਾਤਾਰਾਮ ਨੇ ਧਾਰਮਿਕ ਰੂੜੀਵਾਦ ਅਤੇ ਮਾਨਤਾਵਾਂ ਨੂੰ ਗੁਲਾਮ ਜ਼ਿਹਨੀਅਤ ਦਾ ਚਿੰਨ੍ਹ ਦੱਸਦਿਆਂ ਹਰ ਕਿਸਮ ਦੇ ਮੂਲਵਾਦ ’ਤੇ ਤਿੱਖੀ ਟਿੱਪਣੀ ਕੀਤੀ।

ਇਸੇ ਦੌਰ ਦੇ ਇੱਕ ਹੋਰ ਮਹੱਤਵਪੂਰਣ ਫ਼ਿਲਮਸ਼ਾਜ ਮਹਬੂਬ ਖਾਨ ਨੂੰ ਉਨ੍ਹਾਂ ਦੀਆਂ ਫ਼ਿਲਮਾਂ ਵਿੱਚਲੀਆਂ ਰਾਸ਼ਟਰਵਾਦੀ ਭਾਵਨਾਵਾਂ ਅਤੇ ਔਰਤਾਂ ਦੀ ਸਮਾਜਿਕ ਸਥਿਤੀਆਂ ਨੂੰ ਚਣੌਤੀ ਭਰਪੂਰ ਕਿਰਦਾਰਾਂ ਰਾਹੀਂ ਪੇਸ਼ ਕਰਨ ਲਈ ਜਾਣਿਆ ਜਾਂਦਾ ਹੈ। 1937 ਵਿੱਚ ਫ਼ਿਲਮ ‘ਜਾਗੀਰਦਾਰ’ ਬਣਾਕੇ ਸਾਮੰਤਵਾਦ ਅਤੇ ਜਗੀਰੂ ਸਮਾਜਿਕ ਸੰਸਥਾਵਾਂ ਦੀ ਤਤਕਾਲੀਨ ਹਾਲਤ ਨੂੰ ਪਰਦੇ ’ਤੇ ਸਾਕਾਰ ਕਰਨ ਦੇ ਨਾਲ-ਨਾਲ 1940 ਵਿੱਚ ‘ਔਰਤ’ ਫ਼ਿਲਮ ਬਣਾਕੇ ਮਹਿਬੂਬ ਖਾਨ ਨੇ ਸਿਆਸੀ, ਸਮਾਜਿਕ, ਆਰਥਿਕ ਅਤੇ ਧਾਰਮਿਕ ਸ਼ੋਸਣ ਦੇ ਅੰਤਰ-ਸਬੰਧਾਂ ਦੀ ਨਵੀਂ ਵਿਆਖਿਆ ਕੀਤੀ। ਮਹਿਬੂਬ ਖਾਨ ਦੀਆਂ ਫ਼ਿਲਮਾਂ ਦੀ ਭਾਸ਼ਾ ਅਤੇ ਉਨ੍ਹਾਂ ਵਿੱਚ ਭਾਵਨਾਵਾਂ ਦੇ ਜ਼ੋਰਦਾਰ ਆਵੇਗ ਉਸ ਨੂੰ ਕਿਰਦਾਰਾਂ ਦੇ ਮਨੋਵਿਗਿਆਨ ਪੜ੍ਹਣ ਅਤੇ ਉਨ੍ਹਾਂ ਨੂੰ ਹੂਬਹੂ ਪਰਦੇ ’ਤੇ ਸਿਰਜਣ ਵਾਲਾ ਫ਼ਿਲਮਸਾਜ ਸਿੱਧ ਕਰਦੇ ਹਨ। 1934 ਵਿੱਚ ਹਿੰਦੀ ਲੇਖਕ ਮੁਨਸ਼ੀ ਪ੍ਰੇਮ ਚੰਦ ਦੀ ਕਹਾਣੀ ’ਤੇ ਬਣੀ ਫ਼ਿਲਮ ‘ਮਜ਼ਦੂਰ’ ਨੇ ਭਾਰਤੀ ਸਮਾਜ ਦੇ ਇੱਕ ਵੱਡੇ ਤਬਕੇ ਦੀ ਹਾਲਤ ’ਤੇ ਕੈਮਰਾ ਫ਼ੋਕਸ ਕੀਤਾ। 1940 ਵਿੱਚ ਬਣੀ ਇੱਕ ਖੂਬਸੂਰਤ ਫ਼ਿਲਮ ਸੀ ‘ਆਪਨੀ ਨਗਰੀਆਂ ਕੀ ਕਥਾ’ ਜਿਸ ਦੀ ਪਟਕਥਾ ਪ੍ਰਸਿੱਧ ਅਫ਼ਸਾਨਾਨਿਗਾਰ ਸੁਆਦਤ ਹਸਨ ਮੰਟੋ ਨੇ ਲਿਖੀ ਸੀ। ਭਾਵੇਂ ਇਹ ਦੌਰ ਸਿਆਸੀ ਅਤੇ ਸਾਹਿਤਕ ਤੌਰ ’ਤੇ ਉੱਥਲ-ਪੁੱਥਲ ਵਾਲਾ ਦੌਰ ਸੀ ਪਰ ਇਸਦੇ ਬਾਵਜੂਦ ਸਿਨੇਮਾ ਵਿੱਚ ਵੱਡੀ ਪੱਧਰ ’ਤੇ ਅਜਿਹੀਆਂ ਫ਼ਿਲਮਾਂ ਵੀ ਧੜਾਧੜ ਬਣ ਰਹੀਆਂ ਸਨ ਜਿਹੜੀਆਂ ਨਾ ਸਿਰਫ਼ ਸੁਹਜ ਤੇ ਕਲਾ ਪੱਖੋਂ ਕੋਰੀਆਂ ਸਨ ਸਗੋਂ ਉਸ ਸਮੇਂ ਦੀਆਂ ਹਕੀਕਤਾਂ ਤੋਂ ਵੀ ਕੋਹਾਂ ਦੂਰ ਸਨ। ਇਨ੍ਹਾਂ ਵਿਚੋਂ ਜਿਹੜੀਆਂ ਫ਼ਿਲਮਾਂ ਚਰਚਾ ਵਿੱਚ ਰਹੀਆਂ, ਉਨ੍ਹਾਂ ਵਿੱਚ ਸਨ 1932 ਵਿੱਚ ਬਣੀ ‘ਜ਼ਾਲਿਮ ਜਵਾਨੀ’, 1934 ਵਿੱਚ ਬਣੀ ‘ਪੀਆ ਪਿਆਰੇ’, 1935 ਵਿੱਚ ਬਣੀ ‘ਫ਼ੈਸ਼ਨੇਬਲ’, 1936 ਵਿੱਚ ਬਣੀ ‘ਦੋ ਦੀਵਾਨੇ’, 1938 ਵਿੱਚ ਬਣੀ ‘ਜਵਾਲਾ’ ਆਦਿ। ਇੱਕ ਮਹੱਤਵਪੂਰਨ ਦਰਸ਼ਕ ਵਰਗ ਵਾਡੀਆ ਦੀਆਂ ਫ਼ਿਲਮਾਂ ਦਾ ਵੀ ਮੌਜੂਦ ਸੀ ਜੋ ਪੱਛਮੀ ਸਟੰਟ ਆਧਾਰਿਤ ਅਤੇ ਐਕਸ਼ਨ ਸਿਨੇਮਾ ਆਧਾਰਿਤ ਸਸਤੀ ਕਿਸਮ ਦੀਆਂ ਫ਼ਿਲਮਾਂ ਸਨ। ਇਨ੍ਹਾਂ ਵਿੱਚ 1935 ਵਿੱਚ ਬਣੀ ਫ਼ਿਲਮ ‘ਹੰਟਰਵਾਲੀ’, 1936 ਵਿੱਚ ‘ਡੇਕਨ ਕੁਈਨ’, ‘ਮਿਸ ਫਰੰਟੀਅਰ ਮੇਲ’ ਆਦਿ ਮਹੱਤਵਪੂਰਨ ਫ਼ਿਲਮਾਂ ਸਨ। ਦਿਲਚਸਪ ਤੱਥ ਇਹ ਹੈ ਕਿ ਜਿੱਥੇ ਇਨ੍ਹਾਂ ਫ਼ਿਲਮਾਂ ਵਿਚ ਨਾਇਕਾ ਘੋੜਿਆਂ ਤੇ ਤਲਵਾਰਬਾਜ਼ੀ ਕਰਦਿਆਂ ਮਰਦਾਂ ਨਾਲ ਦੋ-ਦੋ ਹੱਥ ਕਰ ਰਹੀ ਸੀ ਉੱਥੇ ਦੂਜੇ ਪਾਸੇ ਯਥਾਰਵਾਦੀ ਸਿਨੇਮਾ ਵਿਚ ਅਤੇ ਸਮਾਜਿਕ ਸੰਸਥਾਵਾਂ ਵਿੱਚ ਔਰਤ ਦੀ ਦੁਰਦਸ਼ਾ ਜੱਗਜਾਹਿਰ ਸੀ। ਸਤੀ-ਪ੍ਰਥਾ, ਬਾਲ-ਵਿਆਹ, ਪਰਦਾ-ਪ੍ਰਥਾ, ਵਿਧਵਾਵਾਂ ਦੇ ਪੁਨਰ-ਵਿਆਹ ’ਤੇ ਪਾਬੰਦੀ ਵਰਗੀਆਂ ਕੁਰੀਤੀਆਂ ਤੋਂ ਬਿਨਾਂ ਜਿੱਥੇ ਔਰਤਾਂ ਸਿਆਸੀ ਅਤੇ ਆਰਥਿਕ ਅਦਾਰਿਆਂ ਦੀ ਸੱਤਾ ਵਿਚੋਂ ਵੀ ਲੱਗਭਗ .ਗੈਰਹਾਜ਼ਿਰ ਸਨ , ਉੱਥੇ ਵਾਡੀਆ ਬ੍ਰਦਰਜ਼ ਦੁਆਰਾ ਕਾਲਪਨਿਕ ਅਤੇ ਸਟੰਟਾਂ ਨਾਲ ਭਰੀਆਂ ਫ਼ਿਲਮਾਂ ਇੱਕ ਵੱਖਰਾ ਹੀ ਭਰਮ ਸਿਰਜਦੀਆਂ ਸਨ।
1941 ਵਿਚ ਹੀ ਵੀ.ਸਾਂਤਾਰਾਮ ਨੇ ਵੱਖ-ਵੱਖ ਫ਼ਿਰਕਿਆਂ ਦੀ ਆਪਸੀ ਸਹਿਹੋਂਦ ਅਤੇ ਮਿਲਵਰਤਣ ਤੇ ਆਧਾਰਿਤ ਫ਼ਿਲਮ ‘ਪੜੋਸੀ’ ਬਣਾਈ ਜਿਸ ਵਿਚ ਆਮ ਲੋਕਾਈ ਦੀ ਜ਼ਿੰਦਗੀ ਵਿਚ ਮਹੱਤਵਪੂਰਨ ਮੁੱਦੇ ਜਿਵੇਂ ਬਰਾਬਰੀ ਦਾ ਅਹਿਸਾਸ, ਮਹੁੱਬਤ, ਭਾਈਚਾਰਕ, ਸੱਭਿਆਚਾਰਕ ਮਿਲਵਰਤਣ, ਸਹਿਯੋਗ ਅਤੇ ਮਾਨਵੀ ਸਰੋਕਾਰਾਂ ਦੀ ਮਹੱਤਤਾ ਦੀ ਬਾਤ ਪਾਈ ਗਈ। 1942 ਵਿਚ ਮਹਿਬੂਬ ਖਾਨ ਨੇ ਫ਼ਿਲਮ ‘ਰੋਟੀ’ ਬਣਾਕੇ ਵਰਗ-ਵੰਡ ਦੀ ਵਿਚਾਰਧਾਰਾ ਅਤੇ ਮਜ਼ਦੂਰਾਂ ਦੀ ਤਰਸਯੋਗ ਹਾਲਤ ਨੂੰ ਸ਼ਸਕਤ ਢੰਗ ਨਾਲ ਉਠਾਇਆ। ਉਸ ਸਮੇਂ ਦੇ ਨੌਜਵਾਨਾਂ ਦੇ ਮਾਨਸਿਕ ਦਵੰਦਾਂ ਨੂੰ ਆਵਾਜ਼ ਦਿੰਦੀ ਫ਼ਿਲਮ ‘ਕਿਸਮਤ’ ਨੂੰ ਭਾਰਤ ਦੀ ਪਹਿਲੀ ਸੁਪਰਹਿੱਟ ਫ਼ਿਲਮ ਮੰਨਿਆ ਜਾਂਦਾ ਹੈ। ਇਸ ਫ਼ਿਲਮ ਨੂੰ ਗਿਆਨ ਮੁਖਰਜੀ ਨੇ ਨਿਰਦੇਸ਼ਿਤ ਕੀਤਾ ਸੀ ਅਤੇ ਫ਼ਿਲਮ ਵਿਚ ਮੁੱਖ ਭੂਮਿਕਾ ਅਸ਼ੋਕ ਕੁਮਾਰ ਅਤੇ ਮੁਮਤਾਜ਼ ਸ਼ਾਂਤੀ ਨੇ ਨਿਭਾਈ ਸੀ। ਫ਼ਿਲਮ ਵਿਚ ਅਸ਼ੋਕ ਕੁਮਾਰ ਇੱਕ ਅਜਿਹੇ ਨੌਜਵਾਨ ਦੀ ਭੂਮਿਕਾ ਵਿੱਚ ਹੈ ਜੋ ਬੇਰੁਜ਼ਗਾਰੀ ਅਤੇ ਗਰੀਬੀ ਤੋਂ ਤੰਗ ਆ ਕੇ ਜੇਬਕਤਰਾ ਬਣ ਜਾਂਦਾ ਹੈ। ਅਪਰਾਧ ਦੀ ਦੁਨੀਆ ਵਿਚ ਰਹਿੰਦਿਆਂ ਵੀ ਉਸ ਅੰਦਰਲੀ ਸੰਵੇਦਨਸ਼ੀਲਤਾ, ਮਮਤਾ ਅਤੇ ਮੋਹ ਨਹੀਂ ਮਰਦਾ। ਇਸ ਫ਼ਿਲਮ ਦੀ ਜ਼ਿਆਦਾ ਚਰਚਾ ਇਸ ਦੇ ਗੀਤ ‘ਦੂਰ ਹਟੋ, ਦੂਰ ਹਟੋ, ਐ ਦੁਨੀਆ ਵਾਲੋਂ ਹਿੰਦੋਸਤਾਨ ਹਮਾਰਾ ਹੈ’ ਦੇ ਕਾਰਣ ਹੁੰਦੀ ਹੈ ਜਿਸ ਦਾ ਬਿ੍ਰਟਿਸ਼ ਸਰਕਾਰ ਨੇ ਸਖ਼ਤ ਨੋਟਿਸ ਲਿਆ ਸੀ। ਇਸ ਫ਼ਿਲਮ ਦੇ ਵਿਚਾਰ ਨੂੰ ਨੌਜਵਾਨਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਦੇ ਤੌਰ ਤੇ ਅਗਾਂਹ ਵਧਾਉਂਦਿਆਂ ਸੰਨ 1944 ਵਿਚ ਇੱਕ ਫ਼ਿਲਮ ਆਈ ‘ਚਲ-ਚਲ ਰੇ ਨੌਜਵਾਨ’ ਜਿਸ ਦੀ ਪਟਕਥਾ ਸਆਦਤ ਹਸਨ ਮੰਟੋ ਨੇ ਲਿਖੀ ਸੀ। 1944 ਵਿਚ ਫ਼ਿਲਮ ‘ਫੂਲ’ ਰਾਹੀਂ ਪ੍ਰਸਿੱਧ ਪੱਤਰਕਾਰ ਅਤੇ ਕਹਾਣੀਕਾਰ ਖ਼ਵਾਜ਼ਾ ਅਹਿਮਦ ਅੱਬਾਸ ਨੇ ਫ਼ਿਲਮੀ ਸੰਸਾਰ ਵਿਚ ਪਹਿਲੀ ਦਸਤਕ ਦਿੱਤੀ। 1946 ਵਿਚ ਮਹਿਬੂਬ ਖ਼ਾਨ ਦੁਆਰਾ ਬਣਾਈ ਫ਼ਿਲਮ ‘ਅਨਮੋਲ ਘੜੀ’ ਨੇ ਭਾਰਤੀ ਸਿਨੇਮਾ ਵਿਚ ਗੀਤ-ਸੰਗੀਤ ਦੀ ਪ੍ਰਧਾਨਤਾ ਨੂੰ ਜਿੱਥੇ ਪੱਕੇ-ਪੈਰੀਂ ਕੀਤਾ, ਉੱਥੇ ਦੂਜੇ ਪਾਸੇ ਇਸ ਫ਼ਿਲਮ ਨੇ ਨੂਰਜਹਾਂ ਵਰਗੀ ਖੂਬਸੂਰਤ ਅਦਾਕਾਰਾ ਅਤੇ ਮਖੁਮਲੀ ਆਵਾਜ਼ ਨੂੰ ਰਾਤੋਂ-ਰਾਤ ਘਰ-ਘਰ ਪਹੁੰਚਾ ਦਿੱਤਾ। ਇਸ ਫ਼ਿਲਮ ਵਿੱਚਲੇ ਗਾਣੇ, "ਆਵਾਜ਼ ਦੇ ਕਹਾਂ ਹੈ , ਦੁਨੀਆ ਮੇਰੀ ਜ਼ਵਾ ਹੈ’’, ‘‘ਜਵਾਂ ਹੈ ਮਹੁੱਬਤ, ਜਵਾਂ ਹੈ” ਅਜਿਹੀਆਂ ਸਦਾਬਹਾਰ ਧੁੰਨਾਂ ਹਨ ਜਿਹੜੀਆਂ ਅੱਜ ਵੀ ਦਰਸ਼ਕਾਂ ਨੂੰ ਧੁਰ-ਅੰਦਰ ਤੱਕ ਝਣਕੋਰ ਦਿੰਦੀਆਂ ਹਨ।
1946 ਦਾ ਵਰ੍ਹਾ ਭਾਰਤੀ ਸਿਨੇਮਾ ਵਿਚ ਬੇਹੱਦ ਮਹੱਤਵਪੂਰਨ ਸੀ। 1946 ਤੱਕ ਆਉਂਦਿਆਂ ਜਿੱਥੇ ਆਲਮੀ ਪੱਧਰ ਤੇ ਦੂਜੀ ਵਿਸ਼ਵ ਜੰਗ ਨੇ ਜ਼ਿਆਦਾਤਰ ਮੁਲਕਾਂ ਦੀ ਆਰਥਿਕਤਾ ਨੂੰ ਤੋੜਕੇ ਰੱਖ ਦਿੱਤਾ ਸੀ, ਉੱਥੇ ਇਸ ਦੇ ਪ੍ਰਭਾਵ ਕਾਰਨ ਬਿ੍ਰਟਿਸ਼ ਸਾਮਰਾਜਵਾਦ ਦੀਆਂ ਚੂਲਾਂ ਵੀ ਜਰਕ ਰਹੀਆਂ ਸਨ। 1941 ਵਿਚ ਨਜ਼ਰਬੰਦੀ ਤੋਂ ਛੁੱਟਕੇ ਸੁਭਾਸ਼ਚੰਦਰ ਬੋਸ ਅਚਾਨਕ ਫ਼ਰਾਰ ਹੋ ਗਏ। ਬਰਲਿਨ ਪਹੁੰਚ ਕੇ ਹਿਟਲਰ ਨਾਲ ਮਿਲਕੇ ਉਨ੍ਹਾਂ ਨੇ ਅੰਗਰੇਜ਼ਾਂ ਖਿਲਾਫ਼ ਮੋਰਚਾ ਖੋਲ੍ਹ ਲਿਆ। ਉੱਧਰ 1942 ਤੱਕ ਆਉਂਦਿਆਂ-ਆਉਂਦਿਆਂ ‘ਭਾਰਤ ਛੱਡੋ’ ਦਾ ਨਾਅਰਾ ਬੁਲੰਦ ਹੋਣਾ ਸ਼ੁਰੂ ਹੋ ਗਿਆ, ਜਿਸ ਨੇ ਸਾਰੇ ਮੁਲਕ ਵਿਚ ਆਉਣ ਵਾਲੀ ‘ਆਜ਼ਾਦੀ’ ਦੀ ਸੁਨਹਿਰੀ ਉਮੀਦ ਜਗਾ ਦਿੱਤੀ। 1943-44 ਵਿਚ ਹੀ ਬੰਗਾਲ ਵਿਚ ਬੇਹੱਦ ਭਿਅੰਕਰ ਆਕਾਲ ਪਿਆ ਜਿਸ ਵਿਚ ਲੱਖਾਂ ਲੋਕਾਂ ਦੀ ਮੌਤ ਹੋ ਗਈ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ। 1944 ਵਿਚ ਹੀ ਭਾਰਤੀ ਕਮਿਊਨਿਸਟ ਪਾਰਟੀ ਨੇ ਆਪਣੀ ਸਭਿਆਚਾਰਕ ਇਕਾਈ ਦੇ ਤੌਰ ਤੇ ਇਪਟਾ (ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ) ਦੀ ਸਥਾਪਨਾ ਕੀਤੀ। ਇਸ ਦੇ ਨਾਲ ਹੀ ਮੁਸਲਿਮ ਲੀਗ ਨੇ ਨਵੇਂ ਰਾਸ਼ਟਰ ਦੀ ਸਥਾਪਨਾ ਦੀ ਮੰਗ ਚੁੱਕਣੀ ਸ਼ੁਰੂ ਕਰ ਦਿੱਤੀ। ਬਿ੍ਰਟਿਸ਼ ਸਰਕਾਰ ਦੁਆਰਾ ਸਿਆਸੀ ਸਥਿਤੀ ਦਾ ਫ਼ਾਇਦਾ ਲੈਣ ਲਈ ਅਤੇ ਵੋਟਾਂ ਦੇ ਆਧਾਰ ਤੇ ਫ਼ਿਰਕਾਪ੍ਰਸਤੀ ਦੇ ਉਭਾਰ ਲਈ ਚੋਣਾਂ ਕਰਵਾਈਆਂ ਗਈਆਂ। ਕਾਂਗਰਸ ਪਾਰਟੀ ਜੇਤੂ ਰਹੀ ਪਰ ਮੁਸਲਿਮ ਬਹੁਗਿਣਤੀ ਵਾਲੇ ਖ਼ੇਤਰਾਂ ਤੋਂ ਮੁਸਲਿਮ ਨੇਤਾ ਚੁਣੇ ਗਏ। ਇਸ ਤੋਂ ਉਤਸ਼ਾਹਿਤ ਹੁੰਦਿਆਂ 16 ਅਗਸਤ 1946 ਤੋਂ ਮਹੁੰਮਦ ਜਿੰਨਹਾ ਨੇ ਭਾਰਤ ਦੇ ਬੰਟਵਾਰੇ ਅਤੇ ਮੁਸਲਮਾਨਾਂ ਲਈ ਵੱਖਰੇ ਮੁਲਕ ਦੀ ਪ੍ਰਾਪਤੀ ਲਈ ਅੰਦੋਲਨ ਸ਼ੁਰੂ ਕਰ ਦਿੱਤਾ। ਬਿ੍ਰਟਿਸ਼ ਹਕੂਮਤ ਲਈ ਇਹ ਸਾਰੀ ਉੱਥਲ-ਪੁੱਥਲ ਭਾਰਤ ਵਿੱਚੋਂ ਆਪਣਾ ਬੋਰੀਆ-ਬਿਸਤਰ ਸਮੇਟਣ ਦੀ ਘੰਟੀ ਸੀ। ਉਂਝ ਵੀ ਦੂਜੀ ਵਿਸ਼ਵ ਜੰਗ ਦੀ ਝੰਬੀ ਅੰਗਰੇਜ਼ੀ ਹਕੂਮਤ ਲਈ ਬਸਤੀਆਂ ਦਾ ਸ਼ਾਸਨ ਤੇ ਪ੍ਰਬੰਧਨ ਗਲੇ ਦੀ ਹੱਡੀ ਬਣ ਰਿਹਾ ਸੀ। ਬੰਗਾਲ ਦਾ ਕਾਲ 1946 ਵਿਚ ਫ਼ਿਲਮਸਾਜ .ਖੁਆਜਾ ਅਹਿਮਦ ਅੱਬਾਸ ਦੁਆਰਾ ਨਿਰਦੇਸ਼ਿਤ ਕੀਤੀ ਫ਼ਿਲਮ ‘ਧਰਤੀ ਕੇ ਲਾਲ’ ਦਾ ਆਧਾਰ ਬਣਿਆ। ਇਹ ਫ਼ਿਲਮ ਇਪਟਾ ਦੁਆਰਾ ਬਣਾਈ ਪਹਿਲੀ ਫ਼ਿਲਮ ਸੀ ਜੋ ਅਕਾਲ ਦੌਰਾਨ ਹੋਈਆਂ ਮੌਤਾਂ ਅਤੇ ਤਬਾਹੀ ਦੇ ਬਾਵਜੂਦ ਸਮੂਹਿਕ ਚੇਤਨਾ ਅਤੇ ਸੰਘਰਸ਼ ਵਿਚ ਉਮੀਦ ਦੀ ਕਿਰਣ ਤਲਾਸ਼ਦੀ ਹੈ। ਫ਼ਿਲਮ ਨੂੰ ਯਥਾਰਥਵਾਦੀ ਸਿਨੇਮਾ ਨਾਲ ਜੋੜਕੇ ਵੀ ਸਮਝਿਆ ਜਾ ਸਕਦਾ ਹੈ ਅਤੇ ਸਿਆਸਤ ਤੋਂ ਬਾਹਰ ਰਹਿ ਗਏ ਮੁੱਦਿਆਂ ਦੀ ਪੈਰਵੀ ਕਰਨ ਦੇ ਪੱਖ ਤੋਂ ਵੀ ਦੇਖਿਆ ਜਾ ਸਕਦਾ ਹੈ। ਫ਼ਿਲਮ ਅਕਾਲ ਦੀ ਵਜ੍ਹਾ ਨਾਲ ਉੱਜੜੇ ਪਿੰਡਾਂ ਦੇ ਲੋਕਾਂ ਦੁਆਰਾ ਵਾਪਿਸ ਪਿੰਡਾਂ ਵਿਚ ਜਾਕੇ ਖੇਤੀ ਕਰਨ ਦੇ ਫ਼ੈਸਲੇ ਨੂੰ ਦਰਸਾਉਂਦੀ ਹੈ। ਫ਼ਿਲਮ ਆਪਣੀ ਮੈਲੋਡਰਾਮੈਟਿਕ ਪੇਸ਼ਕਾਰੀ ਕਰਕੇ ਵੀ ਯਾਦ ਕੀਤੀ ਜਾਂਦੀ ਹੈ। ਇਸੇ ਸਮੇਂ ਦੌਰਾਨ ਹੀ ਵੀ.ਸ਼ਾਤਾਰਾਮ ਨੇ ਖੁੱਆਜਾ ਅਹਿਮਦ ਅੱਬਾਸ ਦੀ ਕਹਾਣੀ ‘ਐਂਡ ਵੰਨ ਡਿਡ ਨੋਟ ਕਮ ਬੈਕ’ ਤੇ ਆਧਾਰਿਤ ਫ਼ਿਲਮ ਬਣਾਈ ‘ਡਾ. ਕੋਟਨਿਸ ਕੀ ਅਮਰ ਕਹਾਣੀ’। ਇਹ ਫ਼ਿਲਮ ਕਈ ਪੱਖਾਂ ਤੋਂ ਬੇਹੱਦ ਮਹੱਤਵਪੂਰਨ ਹੈ। ਫ਼ਿਲਮ ਵਿਚ ਇੱਕ ਅਜਿਹੇ ਨੌਜਵਾਨ ਡਾਕਟਰ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ ਜਿਸ ਨੂੰ ਅੰਗਰੇਜ਼ੀ ਹਕੂਮਤ ਦੂਜੀ ਵਿਸ਼ਵ ਜੰਗ ਵਿਚ ਲੜ ਰਹੇ ਚੀਨੀ ਸੈਨਿਕਾਂ ਦੇ ਇਲਾਜ ਲਈ ਚੀਨ ਭੇਜਦੀ ਹੈ। ਚੀਨੀ ਸੈਨਿਕਾਂ ਦਾ ਇਲਾਜ ਕਰਨ ਦੌਰਾਨ ਹੀ ਡਾ. ਕੋਟਨਿਸ ਦੀ ਮੁਲਾਕਾਤ ਚਿੰਗ ਲਾਨ ਨਾਮ ਦੀ ਚੀਨੀ ਕੁੜੀ ਨਾਲ ਹੁੰਦੀ ਹੈ ਤੇ ਉਹ ਉਸ ਨਾਲ ਪ੍ਰੇਮ-ਵਿਆਹ ਕਰ ਲੈਂਦਾ ਹੈ। ਜ਼ਖਮੀਆਂ ਦੇ ਇਲਾਜ ਦੌਰਾਨ ਹੀ ਉਸ ਨੂੰ ਵੀ ਭਿਅੰਕਰ ਰੋਗ ਆਪਣੀ ਚਪੇਟ ਵਿਚ ਲੈ ਲੈਂਦਾ ਹੈ ਤੇ ਅੰਤ ਉਸਦੀ ਮੌਤ ਹੋ ਜਾਂਦੀ ਹੈ। ਇਸ ਤਰ੍ਹਾਂ ਇਹ ਫ਼ਿਲਮ ਜਿੱਥੇ ਇੱਕ ਪਾਸੇ ਪੰਡਿਤ ਨਹਿਰੂ ਦੇ ਸਮਾਜਵਾਦੀ ਜਮੂਹਰੀਅਤ ਦੇ ਮਾਡਲ ਵਿਚਲੇ ਮਨੁੱਖ ਦੀ ਖ਼ਾਸੀਅਤ ਦੀ ਨਿਸ਼ਾਨਦੇਹੀ ਕਰਦੀ ਹੈ ਉੱਥੇ ਨੌਜਵਾਨਾਂ ਨੂੰ ਰਾਸ਼ਟਰ ਦੇ ਪੁਨਰ-ਨਿਰਮਾਣ ਲਈ ਜੀ-ਜਾਨ ਲਗਾ ਦੇਣ ਲਈ ਵੀ ਪ੍ਰੇਰਿਤ ਕਰਦੀ ਹੈ।
ਇਪਟਾ (ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ) ਦਾ ਭਾਰਤ ਵਿਚ ਕਲਾ ਦੇ ਜਮਹੂਰੀਕਰਣ ਵਿਚ ਬੇਹੱਦ ਮਹੱਤਵਪੂਰਨ ਰੋਲ ਰਿਹਾ ਹੈ। ਇਪਟਾ ਦੀ ਟੀਮ ਦੀ ਮੱਦਦ ਨਾਲ 1946 ਵਿਚ ਨਿਰਦੇਸ਼ਕ ਚੇਤਨ ਆਨੰਦ ਨੇ ਆਪਣੀ ਪਹਿਲੀ ਫ਼ਿਲਮ ‘ਨੀਚਾ ਨਗਰ’ ਦਾ ਨਿਰਮਾਣ ਕੀਤਾ। ਇਹ ਫ਼ਿਲਮ ਮੈਕਿਸਮ ਗੋਰਕੀ ਦੀ ਇੱਕ ਕਹਾਣੀ ’ਤੇ ਆਧਾਰਿਤ ਮਾਰਮਿਕ ਫ਼ਿਲਮ ਸੀ ਜਿਸ ਵਿਚ ਕਿਸਾਨਾਂ/ਮਜ਼ਦੂਰਾਂ/ਨਿਮਨ ਵਰਗਾਂ ਦੀਆਂ ਜਿਊਣ ਹਾਲਤਾਂ ਨੂੰ ਯਥਾਰਥਿਕ ਢੰਗ ਨਾਲ ਫ਼ਿਲਮਾਇਆ ਗਿਆ ਸੀ। ਫ਼ਿਲਮ ਇੱਕ ਅਜਿਹੇ ਜ਼ਿੰਮੀਦਾਰ ਦੀ ਸੋਚ ਅਤੇ ਕਾਰਜਸ਼ੈਲੀ ਨੂੰ ਪੇਸ਼ ਕਰਦੀ ਹੈ ਜਿਸ ਲਈ ਮਜ਼ਦੂਰ ਤੇ ਕਿਸਾਨ ਅਜਿਹੇ ਕੀੜੇ-ਮਕੌੜਿਆਂ ਦੀ ਤਰ੍ਹਾਂ ਹਨ ਜਿਨ੍ਹਾਂ ਦੇ ਸਰੀਰਾਂ ਨੂੰ ਕਿਸੇ ਤਰ੍ਹਾਂ ਵੀ ਮੁਨਾਫ਼ਾ ਕਮਾਉਣ ਲਈ ਵਰਤਿਆ ਜਾ ਸਕਦਾ ਹੈ। ਇਸ ਫ਼ਿਲਮ ਨੂੰ ਫ਼ਰਾਂਸ ਦੇ ਕਾਨ ਫ਼ੈਸਟੀਵਲ ਵਿੱਚ ਖ਼ਾਸ ਪੁਰਸਕਾਰ ਵੀ ਦਿੱਤਾ ਗਿਆ।
ਇਸ ਦੌਰ ਦੇ ਸਿਨੇਮਾ ਵਿਚ ਬਹੁਤ ਸਾਰੇ ਨਿਰਦੇਸ਼ਕ ਤੇ ਅਦਾਕਾਰ ਮੁਸਲਿਮ ਸਨ। ਮੁਸਲਿਮ ਸਮਾਜ ਵਿਚਲੀਆਂ ਸਮੱਸਿਆਵਾਂ ਅਤੇ ਵਰਗ-ਸ਼ੰਘਰਸ ’ਤੇ ਆਧਾਰਿਤ ਇੱਕ ਫ਼ਿਲਮ 1947 ਵਿਚ ਰਿਲੀਜ਼ ਹੋਈ। ਫ਼ਿਲਮ ਦਾ ਨਾਮ ‘ਐਲਾਨ’ ਸੀ ਅਤੇ ਇਸ ਫ਼ਿਲਮ ਰਾਹੀਂ ਹਿੰਦੀ ਸਿਨੇਮਾ ਦੇ ਸ਼ੋਅਮੈਨ ਰਾਜਕਪੂਰ ਅਤੇ ਖੂਬਸੂਰਤ ਅਦਾਕਾਰਾ ਮਧੂਬਾਲਾ ਨੇ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕੀਤਾ।
ਇਸ ਤਰ੍ਹਾਂ ਭਾਰਤੀ ਸਿਨੇਮਾ ਵਿਚ 1940 ਤੋਂ 1950 ਦਾ ਸਮਾਂ ਜਿੱਥੇ ਸਿਆਸੀ ਪੱਧਰ ’ਤੇ ਰਾਸ਼ਟਰੀ ਉੱਥਲ-ਪੁੱਥਲ ਦਾ ਸਮਾਂ ਸੀ, ਉੱਥੇ ਸਮਾਜਿਕ ਤੌਰ ’ਤੇ ਇਹ ਸਮਾਂ ਧਾਰਮਿਕ ਅਸਹਿਣਸ਼ੀਲਤਾ, ਸਮਾਜ-ਸੁਧਾਰ ਲਹਿਰਾਂ, ਰਾਸ਼ਟਰੀ ਅੰਦੋਲਨਾਂ ਦਾ ਸਮਾਂ ਵੀ ਸੀ। ਇਸ ਦੌਰ ਦਾ ਸਿਨੇਮਾ ਇੱਕ ਪਾਸੇ ਇਨ੍ਹਾਂ ਸਥਿਤੀਆਂ ਪ੍ਰਤੀ ਯਥਾਰਥਵਾਦੀ ਨਜ਼ਰੀਆ ਰੱਖਦਾ ਸੀ, ਉੱਥੇ ਦੂਜੇ ਪਾਸੇ ਫ਼ਿਲਮਾਂ ਗੀਤ-ਸੰਗੀਤ ਪੱਖੋਂ ਮਹੁੱਬਤ ਅਤੇ ਰੂਮਾਨੀਅਤ ਵੱਲ ਵੀ ਵੱਧ ਰਹੀਆਂ ਸਨ। ਫ਼ਿਲਮ ਬਣਾਉਣਾ ਉਸ ਸਮੇਂ ਵੀ ਇੱਕ ਚਣੌਤੀ ਤੋਂ ਘੱਟ ਨਹੀਂ ਸੀ। ਫ਼ਿਲਮ ਲੇਖਕ ਤੋਂ ਲੇੈ ਕੇ ਅਦਾਕਾਰ ਤੱਕ ਸਾਰੇ ਕੰਪਨੀਆਂ ਦੀਆਂ ਤਨਖਾਹਾਂ ’ਤੇ ਕੰਮ ਕਰਦੇ ਸਨ। ਇਸ ਦੇ ਬਾਵਜੂਦ ਜੇ ਸਿਨੇਮਾ ਆਪਣੀਆਂ ਕਲਾਤਮਿਕ ਅਤੇ ਸਮਾਜਿਕ ਜ਼ਿੰਮੇਵਾਰੀਆਂ ਤੋੰ ਅਵੇਸਲਾ ਨਹੀਂ ਹੋਇਆ ਤਾਂ ਨਿਰਸੰਦੇਹ ਇਸਦਾ ਸਿਹਰਾ ਉਸ ਸਮੇਂ ਦੇ ਸਮਰੱਥ ਫ਼ਿਲਮਸਾਜ਼ਾਂ ਨੂੰ ਜਾਂਦਾ ਹੈ।
[home] [1] 2  [prev.]1-5 of 8


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਆਮਿਰ ਬਾਲੀਵੁੱਡ ਦੇ ਇਕੱਲੇ ਖਾਨ, ਜਿਨ੍ਹਾਂ ਕੋਲ ਨਹੀਂ ਹੈ ਕੋਈ ਇਸ਼ਤਿਹਾਰ
29.03.16 - ਪੀ.ਟੀ. ਟੀਮ
ਆਮਿਰ ਬਾਲੀਵੁੱਡ ਦੇ ਇਕੱਲੇ ਖਾਨ, ਜਿਨ੍ਹਾਂ ਕੋਲ ਨਹੀਂ ਹੈ ਕੋਈ ਇਸ਼ਤਿਹਾਰਆਮਿਰ ਖਾਨ ਨੂੰ ਅਸਹਿਣਸ਼ੀਲਤਾ ’ਤੇ ਦਿੱਤਾ ਗਿਆ ਬਿਆਨ ਮਹਿੰਗਾ ਪੈ ਰਿਹਾ ਹੈ। ਉਨ੍ਹਾਂ ਨੂੰ ਇੱਕ ਤੋਂ ਬਾਅਦ ਇੱਕ ਲਗਾਤਾਰ ਕਈ ਬ੍ਰਾਂਡਜ਼ ਨੇ ਆਪਣੇ ਵਿਗਿਆਪਨ ਕਰਨ ਤੋਂ ਹਟਾ ਦਿੱਤਾ ਹੈ। ਜਾਣੀ-ਪਹਿਚਾਣੀ ਈ-ਕਮਰਸ ਕੰਪਨੀ ਸਨੈਪਡੀਲ, ਜਿਸ ਦੇ ਉਹ ਬ੍ਰਾਂਡ ਅੰਬੈੱਸਡਰ ਸੀ, ਨੇ ਵੀ ਹੁਣ ਉਨ੍ਹਾਂ ਤੋਂ ਕਿਨਾਰਾ ਕਰ ਲਿਆ। ਕੁੱਲ ਮਿਲਾ ਕੇ ਆਮਿਰ ਖਾਨ ਬਾਲੀਵੁੱਡ ਵਿੱਚ ਇਕੱਲੇ ਅਜਿਹੇ ਖਾਨ ਐੱਕਟਰ ਹਨ, ਜਿਨ੍ਹਾਂ ਦੇ ਕੋਲ ਅੱਜ ਦੀ ਤਾਰੀਖ ਵਿੱਚ ਕਿਸੇ ਵੀ ਪ੍ਰੋਡੱਕਟ ਜਾਂ ਕੰਪਨੀ ਦਾ ਵਿਗਿਆਪਨ ਨਹੀਂ ਹੈ।

ਪਿਛਲੇ ਸਾਲ ਤੱਕ ਆਮਿਰ ਦੇ ਕੋਲ ਵਿਗਿਆਪਨਾਂ ਦੀ ਕੋਈ ਘਾਟ ਨਹੀਂ ਸੀ ਅਤੇ ਉਦੋਂ ਉਹ ਅਪ੍ਰੈਲ ਦੇ ਮਹੀਨੇ ਵਿੱਚ ਵਿਗਿਆਪਨ ਦੀ ਫੀਸ ਦੇ ਮਾਮਲੇ ਵਿੱਚ ਪਹਿਲੇ ਨੰਬਰ ’ਤੇ ਸੀ। ਉਹ ਇੱਕ ਵਿਗਿਆਪਨ ਦਾ ਲਗਭਗ 5 ਤੋਂ 7 ਕਰੋੜ ਰੁਪਏ ਚਾਰਜ ਕਰਦੇ ਸੀ। ਉਦੋਂ ਉਨ੍ਹਾਂ ਦੇ ਕੋਲ ਆਪਸ਼ਨ ਦੀ ਵੀ ਕੋਈ ਘਾਟ ਨਹੀਂ ਸੀ। ਪਰ ਫਿਲਹਾਲ ਹਾਲਾਤ ਬਿਲਕੁਲ ਉਲਟ ਹੋ ਗਏ ਹਨ।

ਹਾਲਾਂਕਿ ਆਮਿਰ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਅੱਜ ਉਨ੍ਹਾਂ ਕੋਲ ਇਸ ਲਈ ਕੋਈ ਵਿਗਿਆਪਨ ਨਹੀਂ ਹੈ, ਕਿਉਂਕਿ ਉਹ ਬਹੁਤ ਚੂਜ਼ੀ ਹਨ। ਉਹ ਇੱਕ ਸਮੇਂ ’ਤੇ ਸਿਰਫ ਇੱਕ ਹੀ ਬ੍ਰਾਂਡ ਨੂੰ ਇੰਡੋਰਸ ਕਰਦੇ ਹਨ। ਪਰ ਜ਼ਾਹਿਰ ਹੈ ਕਿ ਪਿਛਲੇ ਕੁਝ ਸਮੇਂ ਵਿੱਚ ਆਮਿਰ ਤੋਂ ਕੇਂਦਰ ਸਰਕਾਰ ਦੇ ‘ਅਤੁਲ ਭਾਰਤ’ ਅਭਿਆਨ ਦੇ ਅੰਬੈੱਸਡਰ ਪਦ ਖੋਹੇ ਜਾਣ ’ਤੇ ਕਈ ਵਿਗਿਆਪਨ ਕੰਪਨੀਆਂ ਨੇ ਕਿਨਾਰਾ ਕੀਤਾ ਹੈ। ਪਹਿਲਾਂ ਉਹ ‘ਸੈੱਮਸੰਗ’ ਮੋਬਾਇਲ ਅਤੇ ਟਾਟਾ ਸਕਾਈ ਦੇ ਲਈ ਵੀ ਐਡ ਕਰਦੇ ਸੀ।

ਅਸਹਿਣਸ਼ੀਲਤਾ ’ਤੇ ਬਿਆਨ ਤੋਂ ਬਾਅਦ ਨਿਸ਼ਾਨੇ ’ਤੇ :
ਜਾਣਕਾਰਾਂ ਦੀ ਮੰਨੀਏ ਤਾਂ ਆਮਿਰ ਨੂੰ ਵਿਗਿਆਪਨ ਨਾ ਮਿਲਣ ਦੀ ਵਜ੍ਹਾ ਪਿਛਲੇ ਸਾਲ ਅਸਹਿਣਸ਼ੀਲਤਾ ’ਤੇ ਦਿੱਤਾ ਗਿਆ ਉਨ੍ਹਾਂ ਦਾ ਬਿਆਨ ਹੈ। ਕੁਝ ਲੋਕਾਂ ਦਾ ਕਹਿਣਾ ਸੀ ਕਿ ਉਨ੍ਹਾਂ ਪ੍ਰੋਡੱਕਟਾਂ ਦਾ ਇਸਤੇਮਾਲ ਹੀ ਨਾ ਕੀਤਾ ਜਾਵੇ, ਜਿਨ੍ਹਾਂ ਦਾ ਆਮਿਰ ਵਿਗਿਆਪਨ ਕਰਦੇ ਹਨ। ਸ਼ਾਇਦ ਇਹੀ ਵਜ੍ਹਾ ਹੈ ਕਿ ਬ੍ਰਾਂਡ ਹੁਣ ਆਮਿਰ ਤੋਂ ਕਿਨਾਰਾ ਕਰ ਰਹੇ ਹਨ। ਦੱਸ ਦਈਏ ਕਿ ਇਸ ਵਿਵਾਦ ਤੋਂ ਬਾਅਦ ਹੀ ਈ-ਕਮਰਸ ਕੰਪਨੀ ਸਨੈਪਡੀਲ ਨੇ ਆਮਿਰ ਦਾ ਵਿਗਿਆਪਨ ਦਿਖਾਉਣਾ ਹੀ ਬੰਦ ਕਰ ਦਿੱਤਾ ਸੀ। ਹੁਣ ਉਸ ਨੇ ਆਮਿਰ ਦਾ ਕੰਟਰੈਕਟ ਵਧਾਉਣ ਤੋਂ ਵੀ ਮਨ੍ਹਾ ਕਰ ਦਿੱਤਾ ਹੈ।

[home] [1] 2  [prev.]1-5 of 8


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਨਿਦਾ ਫ਼ਾਜਲੀ ਨੂੰ ਮੌਤ ਤੋਂ ਬਾਅਦ ਮਿਲੇਗਾ ਮੌਲਾਨਾ ਅਬਦੁਲ ਕਲਾਮ ਆਜ਼ਾਦ ਅਵਾਰਡ
28.03.16 - ਪੀ ਟੀ ਟੀਮ
ਨਿਦਾ ਫ਼ਾਜਲੀ ਨੂੰ ਮੌਤ ਤੋਂ ਬਾਅਦ ਮਿਲੇਗਾ ਮੌਲਾਨਾ ਅਬਦੁਲ ਕਲਾਮ ਆਜ਼ਾਦ ਅਵਾਰਡਉੱਤਰ ਪ੍ਰਦੇਸ਼ ਵਿੱਚ ਉਰਦੂ ਅਕਾਦਮੀ ਨੇ ਸਾਲ 2015 ਦੇ ਪੁਰਸਕਾਰ ਦੇਣ ਦੀ ਘੋਸ਼ਣਾ ਕਰ ਦਿੱਤੀ ਹੈ। ਇਸ ਵਾਰ ਨਿਦਾ ਫ਼ਾਜਲੀ ਨੂੰ ਮੌਤ ਤੋਂ ਬਾਅਦ ਮੌਲਾਨਾ ਅਬਦੁਲ ਕਲਾਮ ਆਜ਼ਾਦ ਅਵਾਰਡ ਦਿੱਤਾ ਜਾਵੇਗਾ। ਇਸ ਪੁਰਸਕਾਰ ਵਿੱਚ ਪੰਜ ਲੱਖ ਰੁਪਏ ਦੀ ਰਕਮ ਦਿੱਤੀ ਜਾਂਦੀ ਹੈ। 1.5 ਲੱਖ ਰੁਪਏ ਦਾ ਅਮੀਰ ਖੁਸਰੋ ਪੁਰਸਕਾਰ ਯੂਪੀ ਅਤੇ ਉੱਤਰਾਖੰਡ ਦੇ ਪੂਰਵ ਗਵਰਨਰ ਅਜ਼ੀਜ ਕੁਰੈਸ਼ੀ ਨੂੰ ਦਿੱਤਾ ਜਾਵੇਗਾ। ਪੁਰਸਕਾਰਾਂ ਦੀ ਘੋਸ਼ਣਾ ਉਰਦੂ ਅਕਾਦਮੀ ਦੇ ਚੇਅਰਮੈਨ ਡਾ: ਨਵਾਜ਼ ਦੇਵਬੰਦੀ ਨੇ ਕੀਤੀ ਹੈ।

ਇਸ ਤੋਂ ਇਲਾਵਾ ਪੰਜ ਲੋਕਾਂ ਨੂੰ ਲਾਈਫ ਟਾਈਮ ਅਚੀਵਮੈਂਟ ਪੁਰਸਕਾਰ ਦਿੱਤਾ ਜਾਵੇਗਾ। ਇਨ੍ਹਾਂ ਵਿੱਚ ਸ਼ਾਇਰੀ ਲਈ ਅਜਮਲ ਸੁਲਤਾਨਪੁਰੀ, ਫਿਕਸ਼ਨ ਲਈ ਲਖਨਊ ਦੀ ਮਸਰੂਰ ਜਹਾਂ, ਸ਼ੋਧ ਅਤੇ ਸਮਾਲੋਚਨਾ ਲਈ ਲਖਨਊ ਦੇ ਸੈਇਦ ਫਜਲੇ ਇਮਾਮ ਰਿਜਵੀ, ਬੱਚਿਆਂ ਦੇ ਸਾਹਿਤ ਲਈ ਰਾਮਪੁਰ ਦੀ ਕਿਤਾਬ ਮਾਹਨਾਮਾ ਅਤੇ ਹਾਸੇ ਵਿਅੰਗ ਲਈ ਮਨਜ਼ੂਰ ਉਸਮਾਨੀ ਨੂੰ ਚੁਣਿਆ ਗਿਆ ਹੈ।

ਨਵਾਜ਼ ਦੇਵਬੰਦੀ ਨੇ ਦੱਸਿਆ ਕਿ ਇੱਕ-ਇੱਕ ਲੱਖ ਰੁਪਏ ਦੇ ਡਾ: ਸੁਗਰਾ ਮੇਹਦੀ ਰਾਸ਼ਟਰੀ ਏਕਤਾ ਪੁਰਸਕਾਰ ਲਈ ਦਿੱਲੀ ਦੇ ਪ੍ਰੋਫੈਸਰ ਅਖ਼ਤਰੂਲ ਵਾਸੇ ਅਤੇ ਅਲੀਗੜ੍ਹ ਦੇ ਡਾ: ਸਮੀਰ ਅਫ਼ਰਾਹੀਮ ਨੂੰ ਚੁਣਿਆ ਗਿਆ ਹੈ।
[home] [1] 2  [prev.]1-5 of 8


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਦੁਨੀਆ ਭਰ ਦੇ ਦਰਸ਼ਕਾਂ ਲਈ 3-ਡੀ ’ਚ ਅੰਗਰੇਜ਼ੀ ਵਿੱਚ ਬਣੇਗੀ ‘‘ਰਾਮਾਇਣ’’
26.03.16 - ਪੀ ਟੀ ਟੀਮ
ਦੁਨੀਆ ਭਰ ਦੇ ਦਰਸ਼ਕਾਂ ਲਈ 3-ਡੀ ’ਚ ਅੰਗਰੇਜ਼ੀ ਵਿੱਚ ਬਣੇਗੀ ‘‘ਰਾਮਾਇਣ’’‘‘ਰਾਮਾਇਣ’’ ਦੀ ਕਹਾਣੀ ਟੀ.ਵੀ. ਸੀਰੀਅਲਾਂ, ਫ਼ਿਲਮਾਂ, ਕਾਰਟੂਨਾਂ ਅਤੇ ਐਨੀਮੇਸ਼ਨ ਫ਼ਿਲਮਾਂ ਰਾਹੀਂ ਬਹੁਤ ਵਾਰ ਦਰਸਾਈ ਜਾ ਚੁਕੀ ਹੈ। ਪਰ ਹੁਣ ਤਿੰਨ ਨੌਜਵਾਨ ਫ਼ਿਲਮਕਾਰ ਵਿਸ਼ਵ ਭਰ ਦੇ ਦਰਸ਼ਕਾਂ ਲਈ ਇਸ ਪਾਰੰਪਰਿਕ ਕਥਾ ਨੂੰ ਅੰਗਰੇਜ਼ੀ ਵਿੱਚ ਬਣਾ ਰਹੇ ਹਨ।

ਅਮਰੀਕੀ ਡਾਇਰੈਕਟਰ ਵਿਨੀਤ ਸਿੰਨਹਾ ਤੇ ਸ਼ੋਨ ਗਰਾਹਮ, ਕਰੀਏਟਿਵ ਡਾਇਰੈਕਟਰ ਰੋਨੀ ਆਲਮੈਨ ਨਾਲ ਮਿਲਕੇ ਦੁਬਾਰਾ ਰਾਮਾਇਣ ਬਣਾਉਣਾ ਚਾਹੁੰਦੇ ਹਨ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਭਾਰਤ ਦੀਆਂ ਮਿਥਿਹਾਸਕ ਕਹਾਣੀਆਂ ਸੰਸਾਰ ਨੂੰ ਦਸੀਆਂ ਜਾਣੀਆਂ ਚਾਹੀਦੀਆਂ ਹਨ।

ਫ਼ਿਲਮਕਾਰ ਦਾਅਵਾ ਕਰਦੇ ਹਨ ਕਿ ਨਵੀਂ ਤਕਨੀਕ ਦੀ ਸਹਾਇਤਾ ਨਾਲ ਇਹ ਫਿਲਮ "ਪਲੈਨਟ ਆਫ਼ ਦੀ ਏਪਸ’’ ਅਤੇ "ਲੋਰਡ ਆਫ਼ ਦੀ ਰਿੰਗਸ’’ ਵਰਗੀਆਂ ਹਾਲੀਵੁਡ ਦੀਆਂ ਫਿਲਮਾਂ ਦੇ ਪੱਧਰ ਦੀ ਬਣਾਈ ਜਾਵੇਗੀ। ਸਿਨਹਾ ਨੇ ਪੀ.ਟੀ.ਆਈ ਨਾਲ ਗੱਲ ਕਰਦਿਆਂ ਕਿਹਾ "ਹਾਲੀਵੁਡ, ਜਪਾਨ ਅਤੇ ਚੀਨ ਬੈਟਮੈੱਨ, ਸੁਪਰਮੈੱਨ ਅਤੇ ਪੋਕਿਮੋਨ ਵਰਗੀਆਂ ਆਪਣੀਆਂ ਕਹਾਣੀਆਂ ਬਣਾਉਂਦੇ ਅਤੇ ਸਾਰੇ ਸੰਸਾਰ ਨੂੰ ਵੇਚਦੇ ਹਨ ਪਰ ਭਾਰਤੀ ਕਹਾਣੀਆਂ ਇੰਨ੍ਹੀਆਂ ਮਸ਼ਹੂਰ ਨਹੀਂ ਹਨ।’’

ਡਾਇਰੈਕਟਰ ਸ਼ੋਨ ਗਰਾਹਮ ਕਹਿੰਦੇ ਹਨ ਕਿ ਉਹ ਰਾਮਾਇਣ 3ਡੀ ਅਤੇ ਆਈ ਮੈਕਸ ਤਕਨੀਕ ਵਿੱਚ ਬਣਾਉਣਾ ਚਾਹੁੰਦੇ ਹਨ।

"ਭਾਰਤ ਦੀਆਂ ਸਭ ਤੋਂ ਮਹਿੰਗੀਆਂ ਫਿਲਮਾਂ ਕਰੀਬ 25 ਮਿਲੀਅਨ ਅਮਰੀਕੀ ਡਾਲਰ ’ਚ ਬਣਦੀਆਂ ਹਨ। ਪਰ ਰਾਮਾਇਣ ਬਣਾਉਣ ਲਈ ਇਸ ਤੋਂ ਦੁਗਣੀ ਰਕਮ ਲਗੇਗੀ। ਇਹ ਸੰਭਵ ਕਰਨ ਲਈ ਸਾਨੂੰ ਸਟੂਡਿਓ ਲੈਵਲ ਤਕ ਦੀ ਸਹਾਇਤਾ ਚਾਹੀਦੀ ਹੈ। "

ਵਿਨੀਤ ਅਤੇ ਸ਼ੋਨ ਲਈ ਸਬ ਤੋਂ ਵੱਡੀ ਚੁਣੌਤੀ ਭਾਰਤ ਅਤੇ ਬਾਹਰ ਦੇ ਦਰਸ਼ਕਾਂ ਦੀਆਂ ਉਮੀਦਾਂ ਤੇ ਖ਼ਰੇ ਉਤਰਨਾ ਹੈ। 

ਸਿੰਨਹਾ ਨੇ ਕਿਹਾ, "ਅਸੀਂ ਚਾਹੁੰਦੇ ਹਾਂ ਕਿ ਇਹ ਫ਼ਿਲਮ "ਪਲੈਨਟ ਆਫ਼ ਦੀ ਏਪਸ’’ ਅਤੇ "ਲੋਰਡ ਆਫ਼ ਦੀ ਰਿੰਗਸ’’ ਵਰਗੀਆਂ ਕਾਲਪਨਿਕ ਐਕਸ਼ਨ ਐਡਵੈਨਚਰ ਫ਼ਿਲਮਾਂ ਦੇਖਣ ਵਾਲੇ ਦਰਸ਼ਕਾਂ ਨੂੰ ਲੁਭਾਵੇ। ਨਾਲ ਹੀ ਅਸੀਂ ਇਸ ਗੱਲ ਦਾ ਵੀ ਪੂਰਾ ਧਿਆਨ ਰੱਖ ਰਹੇ ਹਾਂ ਕਿ ਭਾਰਤੀ ਲੋਕ ਵੀ ਸਾਡੇ ਦੁਆਰਾ ਬਣਾਈ ਫ਼ਿਲਮ ਤੋਂ ਬਹੁਤਾ ਫਰਕ ਨਾ ਮਹਿਸੂਸ ਕਰਦੇ ਹੋਏ ਇਸ ਨਾਲ ਜੁੜ ਸਕਣ।”

ਰੋਨੀ ਆਲਮੈਨ ਮੁਤਾਬਿਕ ਮਿਥਿਹਾਸਿਕ ਦੌਰ ਦਾ ਨਿਰਮਾਣ ਕਰਨਾ ਬਹੁਤ ਵੱਡੀ ਚੁਣੌਤੀ ਹੋਵੇਗੀ। ਉਨ੍ਹਾਂ ਕਿਹਾ, ‘‘ਅਜਿਹੇ ਸੰਸਾਰ ਦਾ ਨਿਰਮਾਣ ਕਰਨਾ ਜੋ ਕਿ ਹਜ਼ਾਰਾਂ ਸਾਲ ਪੁਰਾਣਾ ਹੋਵੇ ਦਾ ਮਤਲਬ ਹੈ ਬਹੁਤ ਵੱਡੇ ਪੱਧਰ ’ਤੇ ਡਿਜ਼ਾਈਨ ਬਣਾਉਣੇ। ਸਾਨੂੰ ਇਸ ਗੱਲ ਦਾ ਧਿਆਨ ਰੱਖਣਾ ਪਵੇਗਾ ਕਿ ਅੱਜ ਦੇ ਦਰਸ਼ਕਾਂ ਦੇ ਹਿਸਾਬ ਨਾਲ ਫ਼ਿਲਮ ਬਣਾਉਂਦੇ ਹੋਏ ਵੀ ਅਸੀਂ ਉਹ ਸਮਾਂ ਸਹੀ ਢੰਗ ਨਾਲ ਦਿਖਾ ਸਕੀਏ। ਸਭ ਤੋਂ ਵੱਡੀ ਚੁਣੌਤੀ ’ਤੇ ਕੰਮ ਕਰਨਾ ਸਭ ਤੋਂ ਮਜ਼ੇਦਾਰ ਰਿਹਾ। ਹਨੂੰਮਾਨ ਦਾ ਗਦਾ ਵੱਜਣ ’ਤੇ ਰਾਖ਼ਸ਼ਸ਼ ਕਿਵੇਂ ਹਵਾ ’ਚ ਉੱਡਣਗੇ।

‘‘ਰਮਾਇਣ’’ ਦੀ ਕਹਾਣੀ ਲੋਕਾਂ ਨੂੰ ਬਹੁਤ ਵਾਰ ਸੁਣਾਈ ਗਈ ਹੈ। ਪਰ ਡਾਇਰੈੱਕਟਰ ਜੋੜੀ ਦਾ ਕਹਿਣਾ ਹੈ ਕਿ ਹਨੂੰਮਾਨ ਅਤੇ ਰਾਵਣ ਦੀ ਭੂਮਿਕਾ ਦੇਖਣਾ ਲੋਕਾਂ ਲਈ ਬਹੁਤ ਉਤਸੁਕਤਾ ਭਰਪੂਰ ਹੋਵੇਗਾ।

ਗਰਾਮ ਨੇ ਕਿਹਾ, "ਅਸੀਂ ਮੰਨਦੇ ਹਾਂ ਕਿ ਰਾਵਣ ਇੱਕ ਬਹੁਤ ਸਮਝਦਾਰ, ਤਰਕਸ਼ੀਲ, ਧਿਆਨ ਰੱਖਣ ਵਾਲਾ, ਰਚਨਾਤਮਕ, ਸਖ਼ਤ ਅਤੇ ਮਜ਼ਾਕੀਆ ਸ਼ਾਸ਼ਕ ਸੀ। ਅਸੀਂ ਉਸ ਦੇ ਦਸ ਸਿਰਾਂ ਨੂੰ ਦਸ ਮਨੁੱਖੀ ਵਿਸ਼ੇਸ਼ਤਾਵਾਂ ਨਾਲ ਜੋੜਦੇ ਹਾਂ ਜੋ ਹਰ ਇਨਸਾਨ ਵਿੱਚ ਹੁੰਦੀਆਂ ਹਨ।’’

ਸਿੰਨਹਾ ਨੂੰ ਲੱਗਦਾ ਹੈ ਕਿ ਹਨੂੰਮਾਨ (ਰਾਮ ਦਾ ਭਗਤ) ਦਾ ਰੋਲ ਹਰ ਇੱਕ ਨੂੰ ਸਭ ਤੋਂ ਵੱਧ ਉਤਸਾਹਿਤ ਕਰੇਗਾ।

ਫ਼ਿਲਮਕਾਰ ਜੋੜੀ ਮੁੱਖ ਤੌਰ ’ਤੇ ਭਾਰਤੀ ਅਦਾਕਾਰਾਂ ਨੂੰ ਲੈ ਕੇ ਅੰਗਰੇਜ਼ੀ ਵਿੱਚ ਸ਼ੂਟ ਕਰਨਾ ਚਾਹੁੰਦੀ ਹੈ। ਫ਼ਿਲਮ ਹਿੰਦੀ, ਤਾਮਿਲ, ਤੇਲਗੂ, ਫਰੈਂਚ ਅਤੇ ਹੋਰ ਬਹੁਤ ਸਾਰੀਆਂ ਭਾਰਤੀ ਅਤੇ ਵਿਸ਼ਵ ਦੀਆਂ ਭਾਸ਼ਾਵਾਂ ਵਿੱਚ ਰਿਲੀਜ਼ ਹੋਵੇਗੀ।

ਵਿਨੀਤ ਨੇ ਕਿਹਾ ਕਿ ਅਸੀਂ ਮੁੱਖ ਭੂਮਿਕਾ ਵਿੱਚ ਭਾਰਤੀ ਅਦਾਕਾਰ ਲੈਣਾ ਚਾਹੁੰਦੇ ਹਾਂ ਜਦਕਿ ‘ਹਨੂੰਮਾਨ’, ‘ਅੰਗਦ’ ਤੇ ‘ਕੁੰਭਕਰਨ’ ਦੇ ਚਰਿਤਰ ਲਈ ਜੋ ਵੀ ਮੋਸ਼ਨ ਕੈਪਚਰ, ਪ੍ਰਾਸਥੈਟਿਕ ਤੇ ਸੀ.ਜੀ.ਆਈ. ਤਕਨੀਕ ’ਚ ਵਧੀਆ ਢੰਗ ਨਾਲ ਕੰਮ ਕਰ ਸਕਦਾ ਹੈ, ਉਸ ਨੂੰ ਲਵਾਂਗੇ।

- ਵਤਨਦੀਪ ਕੌਰ
[home] [1] 2  [prev.]1-5 of 8


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER