ਮਨੋਰੰਜਨ

Monthly Archives: NOVEMBER 2017


ਬਿਹਾਰ ਦੀ ਸਿਆਸਤ ਦੀਆਂ ਪਰਤਾਂ ਫਰੋਲਦਾ ਪ੍ਰਕਾਸ਼ ਝਾਅ ਦਾ ਸਿਨੇਮਾ
22.11.17 - ਕੁਲਦੀਪ ਕੌਰ
ਬਿਹਾਰ ਦੀ ਸਿਆਸਤ ਦੀਆਂ ਪਰਤਾਂ ਫਰੋਲਦਾ ਪ੍ਰਕਾਸ਼ ਝਾਅ ਦਾ ਸਿਨੇਮਾਪ੍ਰਕਾਸ਼ ਝਾਅ ਆਪਣੀ ਫਿਲਮ 'ਹਿੱਪ ਹਿੱਪ ਹੁਰੇ' ਨਾਲ ਚਰਚਾ ਵਿੱਚ ਆਏ। ਇਹ ਫਿਲਮ ਗੁਲਜ਼ਾਰ ਨੇ ਲਿਖੀ ਸੀ। ਇਸ ਵਿੱਚ ਮੁੱਖ ਭੂਮਿਕਾਵਾਂ ਦੀਪਤੀ ਨਵਲ ਅਤੇ ਰਾਜ ਕਿਰਣ ਨੇ ਅਦਾ ਕੀਤੀਆਂ ਸਨ। ਫਿਲਮ ਵਿਦਿਆਰਥੀ ਸਿਆਸਤ ਨਾਲ ਸਬੰਧਿਤ ਸੀ ਅਤੇ 'ਜ਼ਿੰਦਗੀ ਵੀ ਖੇਡ ਦਾ ਮੈਦਾਨ ਹੈ ਜਿਸ ਵਿੱਚ ਜਿੱਤਦਾ ਉਹੀ ਹੈ ਜੋ ਖੇਡ ਭਾਵਨਾ ਨਾਲ ਖੇਡਦਾ ਹੈ' ਰੂਪੀ ਸਨੇਹਾ ਦਿੰਦੀ ਇਹ ਫਿਲਮ ਆਪਣੇ ਗੁੰਦੇ ਹੋਏ ਕਥਾਨਿਕ ਅਤੇ ਗੀਤਾਂ ਦੇ ਬੋਲਾਂ ਕਾਰਨ ਸੁਰਖੀਆਂ ਦਾ ਹਿੱਸਾ ਬਣੀ।

ਇਸ ਫਿਲਮ ਤੋਂ ਬਾਅਦ ਪ੍ਰਕਾਸ਼ ਝਾਅ ਨੇ ਫਿਲਮ ਨਿਰਦੇਸ਼ਿਤ ਕੀਤੀ 'ਦਾਮੁਲ'। 1985 ਵਿੱਚ ਰਿਲੀਜ਼ ਹੋਈ ਇਹ ਫਿਲਮ ਬੰਧੂਆ ਮਜ਼ਦੂਰੀ ਦੇ ਜਾਤ ਅਤੇ ਜ਼ਮੀਨ ਨਾਲ ਸਬੰਧਾਂ ਨੂੰ ਘੋਖਦੀ ਹੈ। ਫਿਲਮ ਬਿਹਾਰ ਦੇ ਕਹਾਣੀਕਾਰ ਸਾਹੀਵਾਲ ਦੀ ਕਹਾਣੀ 'ਕਾਲਸੂਤਰਾ' 'ਤੇ ਆਧਾਰਿਤ ਸੀ। ਇਸ ਵਿੱਚ ਮੁੱਖ ਭੂਮਿਕਾਵਾਂ ਅਨੂ ਕਪੂਰ, ਸ਼ੀਲਾ ਮਜੂਮਦਾਰ, ਮਨੋਹਰ ਸਿੰਘ ਅਤੇ ਦੀਪਤੀ ਨਵਲ ਨੇ ਨਿਭਾਈਆਂ ਸਨ। ਫਿਲਮ ਦਾ ਮੁੱਖ ਕਿਰਦਾਰ ਆਪਣੇ ਮਾਲਿਕ ਦੀ ਮਰਜ਼ੀ ਦਾ ਗੁਲਾਮ ਹੈ ਜਿਸ ਨੂੰ ਮਾਲਿਕ ਜੁਰਮਾਂ ਦੀ ਦੁਨੀਆ ਵਿੱਚ ਧਕੇਲ ਦਿੰਦਾ ਹੈ। ਭੱਜਣ ਦੇ ਸਾਰੇ ਰਾਹ ਬੰਦ ਹਨ। ਇਸ ਫਿਲਮ ਵਿੱਚ ਪਹਿਲੀ ਵਾਰ ਉਨ੍ਹਾਂ ਤ੍ਰਾਸਦਿਕ ਸਥਿਤੀਆਂ ਦੀ ਪੇਸ਼ਕਾਰੀ ਕੀਤੀ ਗਈ ਜਿਸ ਕਾਰਨ ਬਿਹਾਰੀ ਮਜ਼ਦੂਰਾਂ ਨੂੰ ਬੇਬੱਸ ਹੋ ਕੇ ਆਪਣੇ ਘਰ-ਬਾਰ ਛੱਡ ਕੇ ਪੰਜਾਬ ਵਰਗੇ ਸੂਬਿਆਂ ਦਾ ਰੁੱਖ ਕਰਨਾ ਪੈਂਦਾ ਹੈ। ਫਿਲਮ ਇੱਕ ਪਾਸੇ ਪਿਛੜੇਪਣ ਦੀ ਸਿਆਸਤ 'ਤੇ ਨਜ਼ਰਸਾਨੀ ਕਰਦੀ ਹੈ ੳੁੱਥੇ ਇਸ ਦੇ ਸਭ ਤੋਂ ਮਾੜੇ ਸ਼ਿਕਾਰਾਂ ਦੇ ਧਰਮ ਅਤੇ ਜਾਤ ਦੇ ਨਾਮ 'ਤੇ ਹੁੰਦੇ ਸ਼ੋਸ਼ਣ ਨੂੰ ਵੀ ਸੰਬੋਧਿਤ ਹੁੰਦੀ ਹੈ।

'ਦਾਮੁਲ' ਲਈ ਰਾਸ਼ਟਰੀ ਪੁਰਸਕਾਰ ਜਿੱਤਣ ਤੋਂ ਬਾਅਦ ਪ੍ਰਕਾਸ਼ ਝਾਅ ਦੀ ਅਗਲੀ ਫਿਲਮ 'ਪਰੀਨੀਤੀ' ਰਾਜਸਥਾਨ ਦੀ ਇੱਕ ਲੋਕ-ਗਾਥਾ 'ਤੇ ਆਧਾਰਿਤ ਸੀ। ਦਿਲਚਸਪ ਤੱਥ ਇਹ ਹੈ ਕਿ ਇਸ ਫਿਲਮ ਵਿੱਚ ਪ੍ਰਕਾਸ਼ ਝਾਅ ਜ਼ਿੰਦਗੀ ਦੀ ਇੱਕ ਵੱਖਰੀ ਹੀ ਧਾਰਨਾ ਦਰਸ਼ਕਾਂ ਅੱਗੇ ਰੱਖਦਾ ਹੈ। ਫਿਲਮ ਦਾ ਸਿਰਲੇਖ ਹੀ ਸੀ- 'ਪਰੀਨੀਤੀ' ਅਰਥਾਤ ਜੋ ਵਾਪਰਨਾ ਤੈਅ ਹੈ ਅਤੇ ਕਿਸੇ ਵੀ ਕੀਮਤ 'ਤੇ ਬਦਲਿਆ ਨਹੀਂ ਜਾ ਸਕਦਾ। ਫਿਲਮ ਦੀ ਪਟਕਥਾ ਅਨੁਸਾਰ ਗਣੇਸ਼ ਅਤੇ ਉਸ ਦੀ ਪਤਨੀ ਕੁੰਜਣ ਘੁਮਿਆਰ ਹਨ ਅਤੇ ਆਪਣੇ ਇਕਲੌਤੇ ਮੁੰਡੇ ਨਾਲ ਸੁਖੀ ਵਸਦੇ ਹਨ। ਉਨ੍ਹਾਂ ਦੀ ਜ਼ਿੰਦਗੀ ਦੀਆਂ ਖੁਸ਼ੀਆਂ ਭੋਲੀਆਂ-ਭਾਲੀਆਂ ਹਨ ਜਿਵੇਂ ਕਿ ਆਪਣੀ ਹੋਣ ਵਾਲੀ ਇਕਲੌਤੀ ਨੂੰਹ ਅਤੇ ਮੁੰਡੇ ਦੀਆਂ ਖੁਸ਼ੀਆਂ ਲਈ ਕਤਰਾ-ਕਤਰਾ ਜੋੜਨਾ। ਪਰ ਉਨ੍ਹਾਂ ਦੀ ਹੋਣੀ ਉਨ੍ਹਾਂ ਅੱਗੇ ਇੱਕ ਨਵਾਂ ਜਾਲ ਵਿਛਾਉਦੀਂ ਹੈ। ਗਣੇਸ਼ ਅਤੇ ਉਸ ਦੇ ਪਰਿਵਾਰ ਨੂੰ ਇੱਕ ਧਨੀ ਸੇਠ ਆਪਣੀ ਜੰਗਲ ਵਿੱਚ ਖਾਲੀ ਪਈ ਧਰਮਸ਼ਾਲਾ ਸੰਭਾਲਣ ਦਾ ਕੰਮ ਦੇ ਦਿੰਦਾ ਹੈ, ਜਿੱਥੇ ਉਸ ਦੀ ਮੁਲਾਕਾਤ ਇੱਕ ਅਮੀਰ ਪਤੀ-ਪਤਨੀ ਨਾਲ ਹੁੰਦੀ ਹੈ। ਉਹ ਬਹਿਲਾ-ਫੁਸਲਾ ਕੇ ਉਨ੍ਹਾਂ ਦੇ ਮੁੰਡੇ ਨੂੰ ਆਪਣੇ ਨਾਲ ਕਿਸੇ ਦੂਰ ਦੇ ਸ਼ਹਿਰ ਲੈ ਜਾਂਦੇ ਹਨ। ਮੁੰਡੇ ਦੇ ਵਿਯੋਗ ਵਿੱਚ ਤੜਫਦੇ ਪਤੀ-ਪਤਨੀ ਨੂੰ ਜਾਪਦਾ ਹੈ ਕਿ ਜੇਕਰ ਉਹ ਅਮੀਰ ਹੁੰਦੇ ਤਾਂ ਉਨ੍ਹਾਂ ਦਾ ਮੁੰਡਾ ਉਨ੍ਹਾਂ ਤੋਂ ਕਦੇ ਅੱਡ ਨਹੀਂ ਸੀ ਹੋਣਾ। ਉਨ੍ਹਾਂ 'ਤੇ ਅਮੀਰ ਹੋਣ ਦੀ ਅਜਿਹੀ ਵਹਿਸ਼ਤ ਸਵਾਰ ਹੁੰਦੀ ਹੈ ਕਿ ਉਹ ਧਰਮਸ਼ਾਲਾ ਵਿੱਚ ਰਾਤ ਕੱਟਣ ਆਏ ਯਾਤਰੀਆਂ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਹਨ ਤਾਂ ਕਿ ਉਨ੍ਹਾਂ ਦਾ ਮਾਲ ਹੜੱਪ ਸਕਣ। ਇਸ ਤਰ੍ਹਾਂ ਪ੍ਰਕਾਸ਼ ਝਾਅ ਲਾਲਚ ਰੂਪੀ ਇੱਕ ਅਜਿਹੀ ਤ੍ਰਾਸਦੀ ਨੂੰ ਪਰਦੇ 'ਤੇ ਸਾਕਾਰ ਕਰਦਾ ਹੈ ਜੋ ਇਨਸਾਨ ਦੇ ਤਰਕ ਅਤੇ ਵਿਵੇਕ ਨੂੰ ਨਿਗਲ ਜਾਂਦੀ ਹੈ।

ਆਪਣੇ ਲੰਬੇ ਨਿਰਦੇਸ਼ਨ ਕੈਰੀਅਰ ਦੌਰਾਨ ਫੀਚਰ-ਫਿਲਮਾਂ ਤੋਂ ਇਲਾਵਾ ਪ੍ਰਕਾਸ਼ ਝਾਅ ਨੇ ਅਨੇਕਾਂ ਦਸਤਾਵੇਜ਼ੀ ਫਿਲਮਾਂ ਦਾ ਨਿਰਮਾਣ ਵੀ ਕੀਤਾ ਹੈ। ਉਨ੍ਹਾਂ ਦੀ ਨਿਰਦੇਸ਼ਿਤ ਕੀਤੀ ਦਸਤਾਵੇਜ਼ੀ ਫਿਲਮ 'ਲੋਕ ਨਾਇਕ', ਜੋ ਕਿ ਸਮਾਜਵਾਦੀ ਨੇਤਾ ਜੈ ਪ੍ਰਕਾਸ਼ ਨਰਾਇਣ ਦੀ ਸਿਆਸਤ 'ਤੇ ਆਧਾਰਿਤ ਸੀ, ਬਿਹਾਰ ਦੀ ਰਾਜਨੀਤੀ ਦਾ ਮਹਤੱਵਪੂਰਨ ਦਸਤਾਵੇਜ਼ ਹੈ।

ਇਸ ਫਿਲਮ ਤੋਂ ਬਾਅਦ 2010 ਵਿੱਚ ਪ੍ਰਕਾਸ਼ ਝਾਅ ਦੀ ਫਿਲਮ 'ਰਾਜਨੀਤੀ' ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ। ਫਿਲਮ ਵਿਵਾਦਾਂ ਵਿੱਚ ਵੀ ਘਿਰੀ ਰਹੀ। ਇਸ ਦੀ ਪਟਕਥਾ ਮਹਾਭਾਰਤ ਵਰਗੇ ਇਤਿਹਾਸਕ ਮਹਾਂ-ਕਾਵਿ 'ਤੇ ਆਧਾਰਿਤ ਹੋਣ ਕਾਰਨ ਗੁੰਝਲਦਾਰ ਤਾਂ ਸੀ ਹੀ ਪਰ ਨਾਲ ਹੀ ਮੌਜੂਦਾ ਸਿਆਸਤ ਦੇ ਮੁਹਾਂਦਰੇ ਨੂੰ ਵੀ ਉਭਾਰਦੀ ਸੀ। ਸਿਆਸੀ ਪੈਂਤੜੇਬਾਜ਼ੀਆਂ, ਸਿਆਸੀ ਪਰਿਵਾਰਾਂ ਦੇ ਰਿਸ਼ਤਿਆਂ ਵਿਚਲੀ ਸਿਆਸਤ ਅਤੇ ਉਸ ਵਿੱਚੋਂ ਨਿਕਲਦੀ ਹਿੰਸਾ ਨੂੰ ਉਹ ਆਪਣੇ ਕੈਮਰੇ ਵਿੱਚ ਕੈਦ ਕਰਦਾ ਹੈ। ਮਹਾਂਭਾਰਤ ਹਰ ਯੁੱਗ ਵਿੱਚ ਜਾਰੀ ਹੈ- ਨਾ ਇਸ ਦਾ ਕੋਈ ਆਦਿ ਹੈ ਨਾ ਅੰਤ।

ਫਿਲਮ 'ਗੰਗਾਜਲ' ਪ੍ਰਕਾਸ਼ ਝਾਅ ਦੀਆਂ ਬਾਕੀ ਫਿਲਮਾਂ ਦੀ ਤਰ੍ਹਾਂ ਸ਼ੁੱਧ ਵਪਾਰਿਕ ਵੀ ਨਹੀਂ ਪਰ ਪੂਰੀ ਤ੍ਹਰਾਂ ਨਾਲ ਕਲਾ ਸਿਨੇਮਾ ਦੀ ਧਾਰਾ ਦੀ ਫਿਲਮ ਵੀ ਨਹੀਂ ਮੰਨੀ ਜਾ ਸਕਦੀ। ਫਿਲਮ ਵਿੱਚ ਹਿੰਸਾ ਸਿਰਫ ਸੰਕੇਤਕ ਨਾ ਰਹਿ ਕੇ ਸੱਤਾ ਦੇ ਮੁੱਖ ਹਥਿਆਰ ਦੇ ਰੂਪ ਵਿੱਚ ਵਰਤੀ ਜਾਂਦੀ ਦਿਖਾਈ ਗਈ ਹੈ। ਆਲੋਚਕਾਂ ਨੇ ਇਸ ਫਿਲਮ ਨੂੰ ਫਿਲਮ 'ਅਰਧ-ਸੱਤਿਆ' ਦੀ ਨਵੀਂ ਵਿਆਖਿਆ ਅਤੇ ਉਸ ਦੀ ਪਟਕਥਾ ਦਾ ਅਗਲਾ ਸਫਾ ਵੀ ਕਿਹਾ। ਫਿਲਮ ਵਿੱਚ ਭਾਵੇਂ ਪ੍ਰਕਾਸ਼ ਝਾਅ ਬਿਹਾਰ ਵਿੱਚ ਪੁਲਿਸ, ਗੂੰਡਿਆਂ ਤੇ ਸਿਆਸੀ ਲਾਣੇ ਦੇ ਗੱਠਜੋੜ ਨੂੰ ਦਿਖਾਉਣ ਵਿੱਚ ਸਫਲ ਰਿਹਾ ਪਰ ਉਸ ਦੁਆਰਾ ਇਸੇ ਗੱਠਜੋੜ ਤੋਂ ਸਮੱਸਿਆ ਦੇ ਹੱਲ ਦੀ ਉਮੀਦ ਰੱਖਣੀ ਕਿਸੇ ਤਰ੍ਹਾਂ ਵੀ ਦਰਸ਼ਕਾਂ ਦੇ ਗਲੇ ਨਹੀਂ ਉਤਰੀ। ਜਾਪਿਆ ਜਿਵੇਂ 'ਦਾਮੁਲ' ਦਾ ਨਿਰਦੇਸ਼ਕ ਵੀ ਫਿਲਮ ਵਿਚਲੇ ਮੁਜਰਮਾਂ ਵਾਂਗ 'ਗੰਗਾਜਲ' ਨਾਲ ਅੰਨ੍ਹਾਂ ਹੋ ਗਿਆ ਹੋਵੇ।

ਉਸ ਦੀ ਅਗਲੀ ਫਿਲਮ 'ਸੱਤਿਆਗ੍ਰਹਿ' ਦੀ ਕਹਾਣੀ ਅਤੇ ਇਸ ਨਾਲ ਜੁੜੇ ਵਿਵਾਦ ਵੀ ਘੱਟ ਦਿਲਚਸਪ ਨਹੀਂ। ਫਿਲਮ ਉਸ ਸਮੇਂ ਆਈ ਜਦੋਂ ਅੰਨਾ ਹਜ਼ਾਰੇ ਲੋਕਪਾਲ ਬਿੱਲ ਪਾਸ ਕਰਾਉਣ ਲਈ 'ਸੱਤਿਆਗ੍ਰਹਿ' ਕਰ ਰਹੇ ਸਨ। ਮੁਲਕ ਵਿੱਚ ਭ੍ਰਿਸ਼ਟਾਚਾਰੀਆਂ ਵਿਰੁੱਧ ਤਿੱਖਾ ਰੋਸ ਸਿਰ ਚੁੱਕ ਰਿਹਾ ਸੀ। ਫਿਲਮ ਵਿੱਚ ਵਿਚਾਰ ਦੇ ਪੱਧਰ 'ਤੇ ਕੁਝ ਵੀ ਇੱਦਾਂ ਦਾ ਨਹੀਂ ਸੀ ਜੋ ਸਮੇਂ ਦੀ ਨਬਜ਼ ਪਕੜ ਸਕਦਾ।
[home] 1-4 of 4


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਮਿਸ ਵਰਲਡ
ਹੁਸਨ ਦੀ ਦੁਨੀਆ 'ਚ ਮਾਨੁਸ਼ੀ ਤੋਂ ਪਹਿਲਾਂ ਇਨ੍ਹਾਂ ਪੰਜ ਭਾਰਤੀ ਸੁੰਦਰੀਆਂ ਦੇ ਸਿਰ ਸੱਜ ਚੁੱਕਿਆ ਹੈ ਸੁੰਦਰਤਾ ਦਾ ਤਾਜ
21.11.17 - ਪੀ ਟੀ ਟੀਮ
ਹੁਸਨ ਦੀ ਦੁਨੀਆ 'ਚ ਮਾਨੁਸ਼ੀ ਤੋਂ ਪਹਿਲਾਂ ਇਨ੍ਹਾਂ ਪੰਜ ਭਾਰਤੀ ਸੁੰਦਰੀਆਂ ਦੇ ਸਿਰ ਸੱਜ ਚੁੱਕਿਆ ਹੈ ਸੁੰਦਰਤਾ ਦਾ ਤਾਜਭਾਰਤੀ ਔਰਤਾਂ ਸੁੰਦਰ ਹੁੰਦੀਆਂ ਹਨ, ਇਸ 'ਚ ਕੋਈ ਸ਼ੱਕ ਨਹੀਂ। ਉਨ੍ਹਾਂ ਦੀ ਖੂਬਸੂਰਤੀ ਦੇ ਚਰਚੇ ਹਰ ਜ਼ੁਬਾਨ ਉੱਤੇ ਹੁੰਦੇ ਹਨ, ਦੇਸ਼ ਦੀ ਸਰਹੱਦ ਦੇ ਪਾਰ ਹੀ ਨਹੀਂ, ਸੱਤ ਸਮੁੰਦਰ ਪਾਰ ਵੀ। ਅਤੇ ਇਹ ਕਮਾਲ ਇੱਕ ਵਾਰ ਨਹੀਂ, ਕਈ ਵਾਰ ਹੋਇਆ ਹੈ। ਇਸ ਦੀ ਮਿਸਾਲ ਹੈ ਸੁੰਦਰਤਾ ਦੀ ਰੇਸ ਵਿੱਚ ਭਾਰਤੀ ਔਰਤਾਂ ਦਾ ਸੰਸਾਰ ਪੱਧਰ ਉੱਤੇ ਖਿਤਾਬ ਆਪਣੇ ਨਾਮ ਕਰਨਾ।

ਭਾਰਤ ਦੀ ਪਹਿਲੀ ਮਿਸ ਵਰਲਡ ਰੀਤਾ ਫਾਰਿਆ ਤੋਂ ਲੈ ਕੇ ਇਸ ਸਾਲ ਮਿਸ ਵਰਲਡ ਚੁਣੀ ਗਈ ਮਾਨੁਸ਼ੀ ਛਿੱਲਰ ਤੱਕ ਅਜਿਹੇ ਤਮਾਮ ਉਦਾਹਰਣ ਮੌਜੂਦ ਹਨ ਜੋ ਇਹ ਸਾਬਤ ਕਰਦੇ ਹਨ ਕਿ ਭਾਰਤੀ ਔਰਤਾਂ ਸੁੰਦਰਤਾ ਦੇ ਮਾਮਲੇ ਵਿੱਚ ਕਿਸੇ ਵੀ ਦੂਜੇ ਦੇਸ਼ ਦੀਆਂ ਔਰਤਾਂ ਤੋਂ ਘੱਟ ਨਹੀਂ ਹਨ।
ਮਾਨੁਸ਼ੀ ਛਿੱਲਰ ਦੇਸ਼ ਦੀ ਛੇਵੀਂ ਮਿਸ ਵਰਲਡ ਹੈ। ਇਸ ਤੋਂ ਪਹਿਲਾਂ ਪੰਜ ਹੋਰ ਭਾਰਤੀ ਮਹਿਲਾਵਾਂ ਨੇ ਮਿਸ ਵਰਲਡ ਦਾ ਖਿਤਾਬ ਆਪਣੇ ਨਾਮ ਕੀਤਾ ਹੈ। ਆਓ ਜਾਣਦੇ ਹਾਂ ਇਨ੍ਹਾਂ ਭਾਰਤੀ ਮਹਿਲਾਵਾਂ ਦੇ ਬਾਰੇ ਜਿਨ੍ਹਾਂ ਨੇ ਦੁਨੀਆ ਭਰ ਵਿੱਚ ਆਯੋਜਿਤ ਹੋਣ ਵਾਲੇ ਸਮਾਰੋਹ ਵਿੱਚ ਸੁੰਦਰੀਆਂ ਨੂੰ ਪਛਾੜ ਕੇ ਮਿਸ ਵਰਲਡ ਦਾ ਖਿਤਾਬ ਆਪਣੇ ਨਾਮ ਕੀਤਾ:

  • ਰੀਤਾ ਫਾਰਿਆ
ਦੇਸ਼ ਤੋਂ ਬਾਹਰ ਭਾਰਤੀ ਔਰਤਾਂ ਦੀ ਸੁੰਦਰਤਾ ਦਾ ਪਰਚਮ ਸਭ ਤੋਂ ਪਹਿਲਾਂ ਰੀਤਾ ਫਾਰਿਆ ਨੇ ਲਹਿਰਾਇਆ ਸੀ। 7 ਨਵੰਬਰ 1966 ਨੂੰ ਰੀਤਾ ਫਾਰਿਆ ਨੇ ਮਿਸ ਵਰਲਡ ਦਾ ਖਿਤਾਬ ਆਪਣੇ ਨਾਮ ਕੀਤਾ ਸੀ। ਮਿਸ ਵਰਲਡ ਬਣਨ ਵਾਲੀ ਉਹ ਪਹਿਲੀ ਭਾਰਤੀ ਮਹਿਲਾ ਸੀ। ਰੀਤਾ ਦਾ ਜਨਮ ਮੁੰਬਈ ਵਿੱਚ 1945 ਵਿੱਚ ਹੋਇਆ ਸੀ।

  • ਐਸ਼ਵਰਿਆ ਰਾਏ
ਬਾਲੀਵੁੱਡ ਦੀ ਖੁਬਸੂਰਤ ਆਦਾਕਾਰਾ ਐਸ਼ਵਰਿਆ ਰਾਏ ਸਾਲ 1994 ਵਿੱਚ ਮਿਸ ਵਰਲਡ ਦਾ ਤਾਜ ਆਪਣੇ ਨਾਮ ਕਰਨ ਵਾਲੀ ਦੂਜੀ ਭਾਰਤੀ ਮਾਡਲ ਹੈ। ਐਸ਼ਵਰਿਆ ਰਾਏ ਬੱਚਨ ਨੂੰ 2014 ਦੇ ਮਿਸ ਵਰਲਡ ਪੀਜੈਂਟ ਦੇ ਦੌਰਾਨ ਸਭ ਤੋਂ ਸਕਸੈੱਸਫੁੱਲ ਮਿਸ ਵਰਲਡ ਦਾ ਸਨਮਾਨ ਦਿੱਤਾ ਗਿਆ ਸੀ।

  • ਡਾਇਨਾ ਹੇਡਨ
ਹੈਦਰਾਬਾਦ ਦੀ ਰਹਿਣ ਵਾਲੀ ਡਾਇਨਾ ਹੇਡਨ ਨੇ 1997 ਵਿੱਚ ਮਿਸ ਵਰਲਡ ਦਾ ਤਾਜ ਆਪਣੇ ਨਾਮ ਕੀਤਾ ਸੀ। ਡਾਇਨਾ 'ਬਿਗ ਬਾਸ 2' ਦੇ ਇਲਾਵਾ ਕਈ ਫਿਲਮਾਂ ਵਿੱਚ ਨਜ਼ਰ ਆ ਚੁੱਕੀ ਹੈ। ਡਾਇਨਾ ਫਰੋਜ਼ਨ ਐੱਗ ਤੋਂ ਪ੍ਰੈਗਨੈਂਟ ਹੋਣ ਦੀ ਵਜ੍ਹਾ ਨਾਲ ਵੀ ਚਰਚਾ ਵਿੱਚ ਆ ਚੁੱਕੀ ਹੈ।

  • ਯੁਕਤਾ ਮੁਖੀ
ਯੁਕਤਾ ਮੁਖੀ ਨੇ 1999 ਵਿੱਚ 49ਵਾਂ ਮਿਸ ਵਰਲਡ ਦਾ ਖਿਤਾਬ ਆਪਣੇ ਨਾਮ ਕੀਤਾ ਸੀ। ਉਸ ਨੇ 93 ਦੇਸ਼ਾਂ ਦੇ ਪ੍ਰਤੀਯੋਗੀਆਂ ਨੂੰ ਹਰਾਉਂਦੇ ਹੋਏ ਇਹ ਤਾਜ ਜਿੱਤਿਆ ਸੀ। ਯੁਕਤਾ ਮੁਖੀ ਨੇ 2002 ਵਿੱਚ ਆਫਤਾਬ ਸ਼ਿਵਦਾਸਾਨੀ ਦੇ ਨਾਲ ਫਿਲਮ 'ਪਿਆਸਾ' ਰਾਹੀਂ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ।

  • ਪ੍ਰਿਅੰਕਾ ਚੋਪੜਾ
ਸਾਲ 2000 ਵਿੱਚ ਪ੍ਰਿਅੰਕਾ ਚੋਪੜਾ ਨੇ ਮਿਸ ਵਰਲਡ ਦਾ ਖਿਤਾਬ ਆਪਣੇ ਨਾਮ ਕੀਤਾ। ਮਿਸ ਵਰਲਡ ਬਣਨ ਦੇ ਬਾਅਦ ਫਿਲਮ 'ਦ ਹੀਰੋ' ਤੋਂ ਪ੍ਰਿਅੰਕਾ ਨੇ ਆਪਣੇ ਬਾਲੀਵੁੱਡ ਕੈਰੀਅਰ ਦੀ ਸ਼ੁਰੂਆਤ ਕੀਤੀ ਅਤੇ ਇੱਕ ਦੇ ਬਾਅਦ ਇੱਕ ਕਈ ਸੁਪਰਹਿਟ ਫਿਲਮਾਂ ਦੇ ਕੇ ਉਹ ਬੀ-ਟਾਊਨ ਦੀ ਸਭ ਤੋਂ ਪਾਪੂਲਰ ਐਕਟਰੈਸ ਬਣੀ। ਬਾਲੀਵੁੱਡ ਦੇ ਬਾਅਦ ਹੁਣ ਹਾਲੀਵੁੱਡ ਵਿੱਚ ਆਪਣਾ ਜਲਵਾ ਦਿਖਾ ਰਹੀ ਪ੍ਰਿਅੰਕਾ ਚੋਪੜਾ ਮਿਸ ਵਰਲਡ ਦਾ ਖਿਤਾਬ ਆਪਣੇ ਨਾਮ ਕਰਨ ਵਾਲੀ ਪੰਜਵੀਂ ਭਾਰਤੀ ਮਹਿਲਾ ਹੈ।

  • ਮਾਨੁਸ਼ੀ ਛਿੱਲਰ
2017 ਵਿੱਚ 17 ਸਾਲ ਬਾਅਦ ਭਾਰਤੀ ਸੁੰਦਰਤਾ ਨੇ ਅੰਤਰਰਾਸ਼ਟਰੀ ਪੱਧਰ ਉੱਤੇ ਆਪਣਾ ਪਰਚਮ ਲਹਿਰਾਇਆ। ਮੁਕਾਬਲੇ ਵਿੱਚ ਦੁਨੀਆ ਭਰ ਤੋਂ ਹਿੱਸਾ ਲੈ ਰਹੀਆਂ 118 ਸੁੰਦਰੀਆਂ ਨੂੰ ਪਛਾੜਦੇ ਹੋਏ ਮਾਨੁਸ਼ੀ ਛਿੱਲਰ ਨੇ ਮਿਸ ਵਰਲਡ ਦਾ ਖਿਤਾਬ ਆਪਣੇ ਨਾਮ ਕੀਤਾ। ਮਾਨੁਸ਼ੀ ਹਰਿਆਣਾ ਦੇ ਸੋਨੀਪਤ ਸ਼ਹਿਰ ਦੀ ਰਹਿਣ ਵਾਲੀ ਹੈ। 20 ਸਾਲ ਦੀ ਮਾਨੁਸ਼ੀ ਛਿੱਲਰ ਸੋਨੀਪਤ ਦੇ ਭਗਤ ਫੂਲ ਸਿੰਘ ਮੈਡੀਕਲ ਕਾਲਜ ਦੀ ਵਿਦਿਆਰਥਣ ਹੈ ਅਤੇ ਕਾਰਡੀਏਕ ਸਰਜਨ ਬਣਨਾ ਚਾਹੁੰਦੀ ਹੈ।
 
ਵੇਖੋ ਵੀਡੀਓ:
[home] 1-4 of 4


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਨਵਾਜਿਆ ਜਾ ਚੁੱਕਿਆ ਹੈ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰਾਂ ਨਾਲ
ਵੀ.ਸ਼ਾਂਤਾਰਾਮ ਨੂੰ ਗੂਗਲ ਨੇ ਡੂਡਲ ਬਣਾ ਕੇ ਕੀਤਾ ਯਾਦ
18.11.17 - ਪੀ ਟੀ ਟੀਮ
ਵੀ.ਸ਼ਾਂਤਾਰਾਮ ਨੂੰ ਗੂਗਲ ਨੇ ਡੂਡਲ ਬਣਾ ਕੇ ਕੀਤਾ ਯਾਦ40 ਤੋਂ ਜ਼ਿਆਦਾ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਮਸ਼ਹੂਰ ਨਿਰਮਾਤਾ ਅਤੇ ਐਕਟਰ ਵੀ.ਸ਼ਾਂਤਾਰਾਮ ਦਾ ਅੱਜ 116ਵਾਂ ਜਨਮਦਿਵਸ ਹੈ। ਇਸ ਮੌਕੇ ਉੱਤੇ ਗੂਗਲ ਨੇ ਇੱਕ ਖਾਸ ਡੂਡਲ ਬਣਾ ਕੇ ਉਨ੍ਹਾਂ ਨੂੰ ਸਮਰਪਿਤ ਕੀਤਾ ਹੈ। ਬਾਲੀਵੁੱਡ ਨੂੰ ਦਿੱਤੇ ਵੀ.ਸ਼ਾਂਤਾਰਾਮ ਦੇ ਯੋਗਦਾਨ ਨੂੰ ਲੋਕ ਕਦੇ ਨਹੀਂ ਭੁੱਲ ਸਕਦੇ। ਗੂਗਲ ਨੇ ਵੀ.ਸ਼ਾਂਤਾਰਾਮ ਦਾ ਡੂਡਲ ਬਣਾਉਂਦੇ ਹੋਏ ਉਨ੍ਹਾਂ ਦੀਆਂ ਤਿੰਨ ਬਹੁਚਰਚਿਤ ਫਿਲਮਾਂ ਨੂੰ ਦਿਖਾਇਆ ਹੈ ਜਿਨ੍ਹਾਂ ਵਿੱਚ 1951 ਵਿੱਚ ਆਈ ਫਿਲਮ 'ਅਮਰ ਭੋਪਾਲੀ', 1955 ਵਿੱਚ ਆਈ ਫਿਲਮ 'ਝਨਕ-ਝਨਕ ਪਾਯਲ ਬਾਜੇ' ਅਤੇ 1957 ਵਿੱਚ ਆਈ ਫਿਲਮ 'ਦੋ ਆਂਖੇ ਬਾਰ੍ਹਾ ਹਾਥ' ਸ਼ਾਮਿਲ ਹਨ। ਫਿਲਮ 'ਦੋ ਆਂਖੇ ਬਾਰ੍ਹਾ ਹਾਥ' ਲਈ ਵੀ.ਸ਼ਾਂਤਾਰਾਮ ਨੂੰ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੁਰਸਕਾਰਾਂ ਨਾਲ ਨਵਾਜਿਆ ਜਾ ਚੁੱਕਿਆ ਹੈ। ਵੀ.ਸ਼ਾਂਤਾਰਾਮ ਨੇ ਕਰੀਬ ਪੰਜ ਫਿਲਮਾਂ ਵਿੱਚ ਅਭਿਨੈ ਕੀਤਾ ਅਤੇ ਕਈ ਫਿਲਮਾਂ ਦਾ ਨਿਰਮਾਣ-ਨਿਰਦੇਸ਼ਨ ਵੀ ਕੀਤਾ।

ਮਹਾਰਾਸ਼ਟਰ ਦੇ ਕੋਲਹਾਪੁਰ ਵਿੱਚ 18 ਨਵੰਬਰ, 1901 ਨੂੰ ਜੰਮੇ ਵੀ.ਸ਼ਾਂਤਾਰਾਮ ਨੂੰ 'ਸ਼ਕੁੰਤਲਾ', 'ਅਪਨਾ ਦੇਸ਼', 'ਦਹੇਜ', 'ਡਾਕਟਰ ਕੋਟਨਿਸ ਕੀ ਅਮਰ ਕਹਾਣੀ', 'ਨਵਰੰਗ' ਅਤੇ 'ਪਿੰਜਰਾ' ਵਰਗੀਆਂ ਬਿਹਤਰੀਨ ਫਿਲਮਾਂ ਲਈ ਵੀ ਜਾਣਿਆ ਜਾਂਦਾ ਹੈ। ਵੀ.ਸ਼ਾਂਤਾਰਾਮ ਦਾ ਮੂਲ ਨਾਮ ਰਾਜਾਰਾਮ ਵਾਨਕੁਦਰੇ ਸ਼ਾਂਤਾਰਾਮ ਸੀ। ਆਰਥਕ ਹਾਲਾਤ ਠੀਕ ਨਾ ਹੋਣ ਦੇ ਕਾਰਨ ਉਨ੍ਹਾਂ ਨੂੰ ਆਪਣੀ ਪੜ੍ਹਾਈ ਵਿੱਚ ਹੀ ਛੱਡਣੀ ਪੈ ਗਈ ਸੀ। ਉਨ੍ਹਾਂ ਨੂੰ ਬਚਪਨ ਤੋਂ ਹੀ ਫਿਲਮਾਂ ਵਿਚ ਦਿਲਚਸਪੀ ਸੀ ਅਤੇ ਉਹ ਫਿਲਮਕਾਰ ਬਣਨਾ ਚਾਹੁੰਦੇ ਸਨ। ਸਾਲ 1920 ਦੇ ਸ਼ੁਰੂਆਤੀ ਦੌਰ ਵਿੱਚ ਵੀ.ਸ਼ਾਂਤਾਰਾਮ ਬਾਬੂ ਰਾਵ ਪੇਂਟਰ ਦੀ ਮਹਾਰਾਸ਼ਟਰ ਫਿਲਮ ਕੰਪਨੀ ਨਾਲ ਜੁੜ ਗਏ ਅਤੇ ਉਨ੍ਹਾਂ ਨੂੰ ਫਿਲਮ ਨਿਰਮਾਣ ਦੀਆਂ ਬਰੀਕੀਆਂ ਸਿੱਖੀਆਂ।

ਸ਼ਾਂਤਾਰਾਮ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 1921 ਵਿੱਚ ਆਈ ਮੂਕ ਫਿਲਮ ਸੁਰੇਖ ਹਰਣ ਤੋਂ ਕੀਤੀ ਸੀ। ਇਸ ਫਿਲਮ ਵਿੱਚ ਉਨ੍ਹਾਂ ਨੂੰ ਬਤੌਰ ਐਕਟਰ ਕੰਮ ਕਰਨ ਦਾ ਮੌਕਾ ਮਿਲਿਆ ਸੀ।
 
 
ਭਾਰਤੀ ਸਿਨੇਮਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਸ਼ਾਂਤਾਰਾਮ ਨੇ ਦੇਸ਼ ਦੀ ਪਹਿਲੀ ਦੋ ਭਾਸ਼ਾ ਵਾਲੀ ਫਿਲਮ ਦਾ ਨਿਰਮਾਣ ਕੀਤਾ ਸੀ। ਇਹ ਫਿਲਮ ਸੀ 'ਆਯੋਧਿਆਚਾ ਰਾਜਾ' (ਮਰਾਠੀ) ਅਤੇ ‘ਅਯੋਧਯਾ ਦਾ ਰਾਜਾ' (ਹਿੰਦੀ) ਜਿਸ ਦਾ 'ਦ ਕਿੰਗ ਆਫ ਅਯੋਧਯਾ' ਤੋਂ ਅਨੁਵਾਦ ਕੀਤਾ ਗਿਆ ਸੀ। ਵੀ.ਸ਼ਾਂਤਾਰਾਮ ਨੇ ਕੇਵਲ ਹਿੰਦੀ ਹੀ ਨਹੀਂ, ਬਲਕਿ ਕਈ ਮਰਾਠੀ ਫਿਲਮ ਵੀ ਬਣਾਈਆਂ ਸਨ।
 
1929 ਵਿੱਚ ਵੀ.ਸ਼ਾਂਤਾਰਾਮ ਨੇ ਪ੍ਰਭਾਤ ਫਿਲਮ ਕੰਪਨੀ ਸ਼ੁਰੂ ਕੀਤੀ ਸੀ ਜਿਸ ਵਿੱਚ ਉਨ੍ਹਾਂ ਨਾਲ ਪੰਜ ਹੋਰ ਲੋਕ ਵੀ ਸ਼ਾਮਿਲ ਸਨ। ਪ੍ਰਭਾਤ ਕੰਪਨੀ ਦੇ ਬੈਨਰ ਹੇਠ ਵੀ.ਸ਼ਾਂਤਰਾਮ ਨੇ 'ਗੋਪਾਲ ਕ੍ਰਿਸ਼ਣਾ', 'ਖੂਨੀ ਖੰਜਰ', 'ਰਾਣੀ ਸਾਹਿਬਾ' ਅਤੇ 'ਉਦਯਕਾਲ' ਵਰਗੀਆਂ ਫਿਲਮਾਂ ਨਿਰਦੇਸ਼ਤ ਕੀਤੀਆਂ। 1942 ਵਿੱਚ ਉਨ੍ਹਾਂ ਨੇ ਇਸ ਫਿਲਮ ਕੰਪਨੀ ਨੂੰ ਛੱਡ ਦਿੱਤਾ ਅਤੇ ਮੁੰਬਈ ਵਿੱਚ ਰਾਜਕਮਲ ਕਲਾ ਮੰਦਿਰ ਦੀ ਸਥਾਪਨਾ ਕੀਤੀ। ਥੋੜ੍ਹੇ ਹੀ ਸਮਾਂ ਵਿੱਚ ਰਾਜਕਮਲ ਭਾਰਤ ਦਾ ਮੁਸ਼ਹੂਰ ਸਟੂਡੀਓ ਬਣ ਗਿਆ ਸੀ। ਭਾਰਤੀ ਸਿਨੇਮਾ ਨੂੰ ਦਿੱਤੇ ਉਨ੍ਹਾਂ ਦੇ ਯੋਗਦਾਨ ਵਿੱਚ ਫਿਲਮ ਦੇ ਦੌਰਾਨ ਇਸਤੇਮਾਲ ਕੀਤੇ ਗਏ ਉਨ੍ਹਾਂ ਦੇ ਟੈਕਨੀਕਲ ਸ਼ਾਟਸ ਵੀ ਸ਼ਾਮਿਲ ਹਨ।
 
ਸ਼ਾਂਤਾਰਾਮ ਨੇ ਆਪਣੇ ਛੇ ਦਹਾਕੇ ਲੰਬੇ ਫਿਲਮੀ ਕੈਰੀਅਰ ਵਿੱਚ ਲੱਗਭੱਗ 50 ਫਿਲਮਾਂ ਨਿਰਦੇਸ਼ਤ ਕੀਤੀਆਂ। ਦਰਸ਼ਕਾਂ ਵਿੱਚ ਖਾਸ ਪਹਿਚਾਣ ਬਣਾਉਣ ਵਾਲੇ ਮਹਾਨ ਫਿਲਮਕਾਰ ਵੀ.ਸ਼ਾਂਤਾਰਾਮ 30 ਅਕਤੂਬਰ 1990 ਨੂੰ ਇਸ ਦੁਨੀਆ ਤੋਂ ਵਿਦਾ ਹੋ ਗਏ।
[home] 1-4 of 4


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਸ਼ਿਆਮ ਬੈਨੇਗਲ ਦੀਆਂ ਫਿਲਮਾਂ ਵਿਚਲੀਆਂ ਸਮਾਜਿਕ ਪਰਤਾਂ
10.11.17 - ਕੁਲਦੀਪ ਕੌਰ
ਸ਼ਿਆਮ ਬੈਨੇਗਲ ਦੀਆਂ ਫਿਲਮਾਂ ਵਿਚਲੀਆਂ ਸਮਾਜਿਕ ਪਰਤਾਂਸ਼ਿਆਮ ਬੈਨੇਗਲ ਦੀ 1974 ਵਿੱਚ ਆਈ ਫਿਲਮ 'ਅੰਕੁਰ' ਵਿੱਚ ਜਦੋਂ ਸਾਮੰਤਵਾਦੀ ਸੋਚ ਦਾ ਧਾਰਨੀ ਅਨੰਤ ਨਾਗ ਸ਼ਬਾਨਾ ਆਜ਼ਮੀ ਦੇ ਗੂੰਗੇ-ਬੋਲੇ ਪਤੀ ਨੂੰ ਬਿਨਾਂ ਕਸੂਰੋਂ ਬੇਰਹਿਮੀ ਨਾਲ ਮਾਰਦਾ-ਕੁੱਟਦਾ ਹੈ ਤਾਂ ਸਾਮਰਾਜਵਾਦੀ ਕਾਇਰਤਾ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ। ਸ਼ਿਆਮ ਬੈਨੇਗਲ ਹਿੰਦੀ ਸਿਨੇਮਾ ਦੇ ਸ਼ਾਹਕਾਰ ਨਿਰਦੇਸ਼ਕ ਗੁਰੂ ਦੱਤ ਦੇ ਰਿਸ਼ਤੇ ਵਿੱਚੋਂ ਦੂਰ ਦੇ ਭਰਾ ਲੱਗਦੇ ਹਨ ਅਤੇ ਹੈਦਰਾਬਾਦ ਵਿੱਚ ਜੰਮੇ-ਪਲੇ ਹਨ। ਉਨ੍ਹਾਂ ਉੱਤੇ ਜਿੱਥੇ ਹੈਦਰਾਬਾਦੀ ਤਹਿਜ਼ੀਬ ਦਾ ਡੂੰਘਾ ਅਸਰ ਹੈ, ਉੱਥੇ ਬੰਬਈ ਆ ਕੇ ਥੋਕ ਦੇ ਭਾਅ ਦੇਖੀਆਂ ਯੂਰਪੀਨ ਫਿਲਮਾਂ ਨੇ ਉਨ੍ਹਾਂ ਦੀ ਸਿਨੇਮਾ ਵਰਗੇ ਮਾਧਿਅਮ ਬਾਰੇ ਸਮਝ ਨੂੰ ਪ੍ਰਬੁੱਧ ਕੀਤਾ।

'ਅੰਕੁਰ' ਨੈਸ਼ਨਲ ਫਿਲਮ ਫਾਇਨਾਂਸ ਕਾਰਪੋਰੇਸ਼ਨ ਦੀ ਸਹਾਇਤਾ ਨਾਲ ਬਣੀ ਸੀ। ਭਾਰਤੀ ਸਿਨੇਮਾ ਵਿੱਚ ਉਸ ਸਮੇਂ ਅਜਿਹੀਆਂ ਫਿਲਮਾਂ ਦੇ ਬਣਨ ਦਾ ਰੁਝਾਨ ਦੇਖਦੇ ਹੋਏ ਕਈ ਨਿੱਜੀ ਅਦਾਰੇ ਵੀ ਇਸ ਵਿੱਚ ਦਿਲਚਸਪੀ ਲੈ ਰਹੇ ਸਨ। ਅਜਿਹੀ ਹੀ ਇੱਕ ਇਸ਼ਤਿਹਾਰ ਤਿਆਰ ਕਰਨ ਵਾਲੀ ਕੰਪਨੀ ਬਲੇਜ਼ ਐਡਵਰਟਾਈਜ਼ਿੰਗ ਨਾਲ ਸ਼ਿਆਮ ਬੈਨੇਗਲ ਨੇ ਅਨੇਕਾਂ ਇਸ਼ਤਿਹਾਰਾਂ ਅਤੇ ਦਸਤਾਵੇਜ਼ੀ ਫਿਲਮਾਂ ਦਾ ਨਿਰਮਾਣ ਕੀਤਾ ਜਿਹੜੇ ਕਲਾ ਅਤੇ ਰੂਪਕ ਪੱਖ ਤੋਂ ਪ੍ਰੰਪਰਾਗਤ ਫਾਰਮੂਲਿਆਂ ਤੋਂ ਨਿਹਾਇਤ ਜੁਦਾ ਸਨ।

'ਚਰਨ ਦਾਸ ਚੋਰ' ਸ਼ਿਆਮ ਬੈਨੇਗਲ ਨੇ ਖਾਸ ਤੌਰ 'ਤੇ ਬੱਚਿਆਂ ਲਈ ਤਿਆਰ ਕੀਤੀ ਪਰ ਇਸ ਵਿੱਚ ਪਈ ਲੋਕ-ਪ੍ਰੰਪਰਾ ਅਤੇ ਤਤਕਾਲੀ ਵਿਅੰਗ ਕਾਰਨ ਇਹ ਫਿਲਮ ਆਪਣੇ ਦਿੱਸਹਦਿਆਂ ਤੋਂ ਕਈ ਗੁਣਾ ਬਾਹਰ ਜ਼ਰਬ ਖਾ ਗਈ। ਇਸ ਦਾ ਵਿਸ਼ਾ ਨਿਵੇਕਲਾ ਸੀ, ਸਿਆਸੀ ਟਿੱਪਣੀਆਂ ਨਾਲ ਸਮੇਂ ਦੀ ਸਰਕਾਰ ਨੂੰ ਸਵਾਲ ਪੁੱਛੇ ਗਏ ਸਨ ਅਤੇ ਭਾਸ਼ਾ ਲੋਕਾਂ ਦੇ ਦਿਲਾਂ ਨੂੰ ਟੁੰਬਦੀ ਸੀ।

ਇਸ ਫਿਲਮ ਦੀ ਪਟਕਥਾ ਸ਼ਮਾ ਜ਼ੈਦੀ ਨੇ ਲਿਖੀ ਸੀ ਅਤੇ ਉੱਘੇ ਰੰਗ-ਕਰਮੀ ਤਨਵੀਰ ਹਬੀਬ ਨੇ ਇਸ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ ਸੀ। ਹਿੰਦੀ ਸਿਨੇਮਾ ਦੀ ਸ਼ਾਨਦਾਰ ਅਦਾਕਾਰਾ ਸਮਿਤਾ ਪਾਟਿਲ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇਸੇ ਫਿਲਮ ਤੋਂ ਕੀਤੀ। ਇੱਕ ਇੰਟਰਵਿਊ ਵਿਚ ਇਸ ਫਿਲਮ ਸਬੰਧੀ ਸ਼ਿਆਮ ਬੈਨੇਗਲ ਆਖਦਾ ਹੈ ਕਿ ਕਦੇ ਤਾਂ ਸਿਨੇਮਾ ਨੂੰ ਝੂਠ ਤੋਂ ਭੱਜਣਾ ਹੀ ਪੈਣਾ, ਇਸ ਨੂੰ ਤਤਕਾਲੀ ਹਾਲਤਾਂ ਨਾਲ ਜੁੜਨਾ ਪੈਣਾ ਅਤੇ ਅਜਿਹੀਆਂ ਫਿਲਮਾਂ ਬਣਾਉਣੀਆਂ ਪੈਣੀਆਂ ਜਿਹੜੀਆਂ ਤੁਹਾਡੇ ਦੌਰ ਦੇ ਸੱਚ ਨੂੰ ਬਿਆਨ ਕਰ ਸਕਣ।

1977 ਵਿੱਚ ਬਣੀ ਫਿਲਮ 'ਭੂਮਿਕਾ' ਲਈ ਸ਼ਿਆਮ ਬੈਨੇਗਲ ਨੇ ਪਿੱਠਭੂਮੀ ਦੇ ਤੌਰ 'ਤੇ ਸ਼ਹਿਰ ਨੂੰ ਚੁਣਿਆ। ਇਹ ਫਿਲਮ ਮਰਾਠੀ ਨਾਟਕਾਂ ਦੀ ਸਪ੍ਰਸਿੱਧ ਅਭਿਨੇਤਰੀ ਹੰਸਾ ਵਾਡੇਕਰ ਦੀ ਜੀਵਣੀ 'ਤੇ ਆਧਾਰਿਤ ਸੀ। ਸ਼ਿਆਮ ਬੈਨੇਗਲ ਨੇ ਇਸ ਫਿਲਮ ਰਾਹੀਂ ਨਾ ਸਿਰਫ਼ ਹੰਸਾ ਵਾਡੇਕਰ ਦੀ ਜ਼ਿੰਦਗੀ ਦੇ ਸ਼ੰਘਰਸ ਅਤੇ ਹਾਲਤਾਂ ਨੂੰ ਪਰਦੇ 'ਤੇ ਲੈ ਕੇ ਆਂਦਾ ਸਗੋਂ ਲੋਕਾਂ ਦੇ ਸਿਨੇਮਾ ਅਤੇ ਕਲਾਕਾਰਾਂ ਵੱਲ ਨਜ਼ਰੀਏ ਨੂੰ ਵੀ ਬਿਰਤਾਂਤ ਦਾ ਆਧਾਰ ਬਣਾਇਆ।

ਇਸ ਫਿਲਮ ਵਿੱਚ ਮੁੱਖ ਕਿਰਦਾਰ ਹੰਸਾ (ਸਮਿਤਾ ਪਾਟਿਲ) ਦੇ ਬਚਪਨ ਤੋਂ ਅਭਿਨੇਤਰੀ ਬਣਨ ਦੇ ਸਫ਼ਰ ਨੂੰ ਦਿਖਾਉਂਦੇ ਹੋਏ ਬੈਨੇਗਲ ਉਸ ਅੰਦਰ ਪਈ ਜ਼ਿੱਦ, ਅਮੋੜਤਾ, ਪ੍ਰੰਪਰਾਵਾਂ ਤੋਂ ਬਾਗੀਪੁਣੇ ਨੂੰ ਸੰਵੇਦਨਸ਼ੀਲਤਾ ਨਾਲ ਫਿਲਮਾਉਂਦਾ ਹੈ। ਨਿੱਜੀ ਕਸ਼ਮਕਸ਼ ਨੂੰ ਕੈਮਰੇ ਰਾਹੀ ਫੜਦਾ ਬੈਨੇਗਲ ਔਰਤ ਹੋਣ ਨਾਤੇ ਉਸ ਦੀਆਂ ਉਲਝਣਾਂ ਅਤੇ ਬੇਵਿਸਾਹੀਆਂ ਨੂੰ ਬਿਆਨ ਕਰਦਾ ਹੈ। ਅੰਤ ਜਦੋਂ ਉਸ ਦੀ ਬੇਟੀ ਉਸ ਨੂੰ ਆਪਣੇ ਗਰਭਵਤੀ ਹੋਣ (ਵਿਆਹ ਬਾਹਰੇ) ਬਾਰੇ ਦੱਸਦੀ ਹੈ ਤਾ ਇੱਕੋਂ ਸਮੇਂ ਅਨੇਕਾਂ ਪ੍ਰੇਮ-ਪ੍ਰਸੰਗਾਂ ਵਿੱਚ ਉਲਝੀ ਰਹਿਣ ਵਾਲੀ ਹੰਸਾ ਨੂੰ ਭਾਵਨਾਤਮਕ ਧੱਕਾ ਤਾਂ ਲੱਗਦਾ ਹੀ ਹੈ ਪਰ ਉਸ ਦੀ ਪ੍ਰਤੀਕਿਰਿਆ ਪ੍ਰੰਪਰਾਗਤ ਮੁੱਲਾਂ ਅਤੇ ਸੰਸਕਾਰਾਂ ਆਧਾਰਿਤ ਹੋਣਾ ਦਰਸ਼ਕਾਂ ਅੱਗੇ ਔਰਤ ਦੀ ਆਜ਼ਾਦੀ ਦੀਆਂ ਹੱਦਾਂ ਦਾ ਸਵਾਲ ਖੜ੍ਹਾ ਕਰਦੀ ਹੈ। ਹੰਸਾ ਆਪਣੀ ਹੋਂਦ ਦੇ ਸਵਾਲਾਂ ਦੇ ਮੁਖਾਤਿਬ ਖੜ੍ਹੀ ਹੈ ਜਿੱਥੇ ਸਾਰਾ ਸਾਗਰ ਉਸ ਦੀ ਮੁੱਠੀ ਵਿੱਚ ਹੈ ਪਰ ਪਿਆਸ ਬੁਝਾਉਣ ਲਈ ਦੋ ਬੂੰਦ ਪਾਣੀ ਨਹੀਂ।

1857 ਦੇ ਗਦਰ 'ਤੇ ਬਣੀ ਫਿਲਮ 'ਜਨੂੰਨ' ਹਿੰਦੀ ਸਿਨੇਮਾ ਵਿੱਚ ਯਾਦਗਾਰੀ ਸਥਾਨ ਰੱਖਦੀ ਹੈ। ਇਸ ਫਿਲਮ ਦੀ ਪਟਕਥਾ ਉੱਘੇ ਨਾਟਕਕਾਰ ਗਿਰੀਸ਼ ਕਿਰਨਾਡ ਅਤੇ ਬੈਨੇਗਲ ਨੇ ਇੱਕਠਿਆਂ ਲਿਖੀ ਸੀ। ਇਸ ਦਾ ਆਧਾਰ ਰਸਕਿਨ ਬਾਂਡ ਦੀ ਕਹਾਣੀ 'ਏ ਫਲਾਈਟ ਆਫ ਪੀਜ਼ਨਜ਼' ਨੂੰ ਬਣਾਇਆ ਗਿਆ ਸੀ। ਉਰਦੂ ਦੀ ਲੇਖਿਕਾ ਇਸਮਤ ਚੁਗਤਾਈ ਨੇ ਇਸ ਫਿਲਮ ਦੇ ਸੰਵਾਦ ਲਿਖੇ ਸਨ। ਫਿਲਮ ਵਿੱਚ ਮੁੱਖ ਭੂਮਿਕਾਵਾਂ ਵਿੱਚ ਸ਼ਸ਼ੀ ਕਪੂਰ, ਸ਼ਬਾਨਾ ਆਜ਼ਮੀ, ਜੈਨੀਫਰ ਕਡਿਲ ਅਤੇ ਨਸੀਰੂਦੀਨ ਸ਼ਾਹ ਸਨ। ਫਿਲਮ ਵਿੱਚ ਜਦੋਂ ਅਮਰੀਸ਼ ਪੁਰੀ ਦੀ ਭਰਵੀਂ ਤੇ ਖਰਵੀਂ ਆਵਾਜ਼ ਘਟਨਾਵਾਂ ਨੂੰ ਸੂਤਰ ਵਿੱਚ ਪਰੋਂਦੀ ਸੀ ਤਾਂ ਦਰਸ਼ਕਾਂ ਦਾ ਸਾਹ ਰੁਕ ਜਾਂਦਾ ਸੀ।

ਇਸ ਫਿਲਮ ਵਿੱਚ 1857 ਦੇ ਗਦਰ ਦੌਰਾਨ ਪ੍ਰਵਾਨ ਚੜੀ ਇੱਕ ਪ੍ਰੇਮ ਕਹਾਣੀ ਰਾਹੀਂ ਉਨ੍ਹਾਂ ਸਮਿਆਂ ਦਾ ਖਾਕਾ ਖਿੱਚਿਆ ਗਿਆ ਹੈ। ਇੱਕ ਮੁਸਲਮਾਨ ਸਾਮੰਤ ਦੇ ਇੱਕ ਇਸਾਈ ਕੁੜੀ ਨਾਲ ਸਬੰਧਾਂ ਨੂੰ ਬਿਆਨ ਕਰਦੀ ਇਸ ਫਿਲਮ ਵਿੱਚ ਸ਼ਸ਼ੀ ਕਪੂਰ ਪੁਸ਼ਤੈਨੀ ਪਠਾਣ ਦੀ ਭੂਮਿਕਾ ਵਿੱਚ ਸੀ। ਉਨ੍ਹਾਂ ਨੂੰ ਕਬੂਤਰ ਪਾਲਣ ਦਾ ਬਹੁਤ ਸ਼ੌਕ ਹੈ। ਉਸ ਦਾ ਸਾਲਾ ਸਰਫਰਾਜ਼ ਖਾਨ (ਨਸੀਰੂਦੀਨ ਸ਼ਾਹ) ਸਿਆਸੀ ਕਾਰਕੁੰਨ ਹੈ ਅਤੇ ਅੰਗਰੇਜ਼ਾਂ ਖਿਲਾਫ ਆਜ਼ਾਦੀ ਸੰਗਰਾਮ ਵਿੱਚ ਸਰਗਰਮ ਹੈ। ਅਫਵਾਹਾਂ ਤੇ ਘਟਨਾਵਾਂ ਦਾ ਬਜ਼ਾਰ ਗਰਮ ਹੋ ਚੁੱਕਾ ਹੈ। ਤੱਤੇ ਸੰਗਰਾਮੀਆਂ ਦਾ ਇੱਕ ਦਲ ਚਰਚ ਵਿੱਚ ਦਾਖਲ ਹੁੰਦਾ ਹੈ ਅਤੇ ਪ੍ਰਾਥਨਾ ਕਰ ਰਹੇ ਅੰਗਰੇਜ਼ ਅਧਿਕਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ 'ਤੇ ਕਾਤਲਾਨਾ ਹਮਲਾ ਕਰ ਦਿੰਦਾ ਹੈ। ਇਸ ਹਮਲੇ ਵਿੱਚੋਂ ਬਚ ਕੇ ਨਿਕਲੀ ਮਰੀਅਮ ਆਪਣੀ ਬੇਟੀ ਰੂਥ ਸਮੇਤ ਲਾਲਾ ਰਾਮਜੀਲਾਲ (ਕੁਲਭੂਸ਼ਣ ਖਰਬੰਦਾ) ਦੇ ਘਰ ਪਨਾਹ ਲੈ ਲੈਂਦੀ ਹੈ। ਲਾਲਾ ਹਿੰਦੂ ਹੋਣ ਕਾਰਨ ਜਿੱਥੇ ਦਇਆ ਤੇ ਧਰਮ ਵਰਗੀਆਂ ਧਾਰਨਾਵਾਂ ਨਾਲ ਜੁੜਿਆ ਹੋਇਆ ਹੈ ਉੱਥੇ ਉਸ ਦੀ ਹਮਦਰਦੀ ਆਜ਼ਾਦੀ ਸੰਗਰਾਮ ਨਾਲ ਵੀ ਹੈ। ਉਹ ਅੰਗਰੇਜ਼ ਸਰਕਾਰ ਦੀਆਂ ਨਜ਼ਰਾਂ ਵਿੱਚ ਆਉਣ ਤੋਂ ਵੀ ਡਰਦਾ ਹੈ। ਦੂਜੇ ਪਾਸੇ ਇਸ ਬਾਰੇ ਜਦੋਂ ਜਾਵੇਦ ਖਾਨ (ਸ਼ਸ਼ੀ ਕਪੂਰ) ਨੂੰ ਪਤਾ ਲੱਗਦਾ ਹੈ ਤਾਂ ਉਹ ਜ਼ਬਰਦਸਤੀ ਲਾਲਾ ਦੇ ਘਰੋਂ ਮਰੀਅਮ, ਉਸ ਦੀ ਮਾਂ ਅਤੇ ਬੇਟੀ ਨੂੰ ਆਪਣੇ ਘਰ ਲੈ ਆਉਂਦਾ ਹੈ। ਜਾਵੇਦ ਖਾਨ ਦੀ ਪਤਨੀ ਫਿਰਦੌਸ (ਸ਼ਬਾਨਾ ਆਜ਼ਮੀ) ਆਪਣੀ ਨਿੱਜੀ ਈਰਖਾ ਕਾਰਨ ਮਰੀਅਮ ਤੇ ਰੂਥ ਨੂੰ ਨਫਰਤ ਕਰਨ ਲੱਗਦੀ ਹੈ। ਮੁਸਲਮਾਨਾਂ ਦੇ ਘਰ ਵਿੱਚ ਈਸਾਈ ਮਹਿਮਾਨਾਂ ਦੇ ਆਉਣ ਨਾਲ ਦੋਹਾਂ ਫਿਰਕਿਆਂ ਵਿਚਲੀਆਂ ਸੱਭਿਆਚਾਰਕ ਤਰੇੜਾਂ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜਾਵੇਦ ਖਾਨ ਰੂਥ ਨੂੰ ਪਿਆਰ ਕਰਨ ਲੱਗ ਜਾਂਦਾ ਹੈ ਅਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਮਰੀਅਮ ਤੇ ਫਿਰਦੌਸ ਸਾਰੀ ਸਥਿਤੀ ਵਿੱਚ ਬੇਬੱਸ ਮਹਿਸੂਸ ਕਰਦੀਆਂ ਹਨ। ਆਖਿਰ ਮਰੀਅਮ ਵਿਆਹ ਲਈ ਅਜੀਬ ਸ਼ਰਤ ਰੱਖਦੀ ਹੈ ਜਿਸ ਅਨੁਸਾਰ ਉਹ ਰੂਥ ਦਾ ਵਿਆਹ ਜਾਵੇਦ ਖਾਨ ਨਾਲ ਕਰਨ ਲਈ ਮੰਨ ਸਕਦੀ ਹੈ ਜੇਕਰ ਅੰਗਰੇਜ਼ਾਂ ਦੀ ਗਦਰ ਵਿੱਚ ਹਾਰ ਹੋ ਜਾਵੇ। ਇਸ ਤਰ੍ਹਾਂ ਸਾਰੇ ਕਿਰਦਾਰ ਹੋਣੀ ਦੇ ਵੱਸ ਪੈ ਜਾਂਦੇ ਹਨ। ਬਗਾਵਤ ਕੁਚਲ ਦਿੱਤੀ ਜਾਂਦੀ ਹੈ ਤੇ ਅੰਗਰੇਜ਼ੀ ਸੈਨਾ ਹਰ ਮੋਰਚੇ 'ਤੇ ਜਿੱਤਣਾ ਸ਼ੁਰੂ ਕਰ ਦਿੰਦੀ ਹੈ। ਵਾਪਰ ਰਹੀਆਂ ਘਟਨਾਵਾਂ ਜਾਵੇਦ ਖਾਨ ਅੱਗੇ ਹੌਲੀ-ਹੌਲੀ ਗੁਲਾਮ ਜ਼ਹਿਨੀਅਤ ਦੀਆਂ ਪਰਤਾਂ ਖੋਲ੍ਹਣੀਆਂ ਸ਼ੁਰੂ ਕਰ ਦਿੰਦੀਆਂ ਹਨ। ਸਰਫਰਾਜ਼ ਇੱਕ ਮੁੱਠਭੇੜ ਵਿੱਚ ਮਾਰਿਆ ਜਾਂਦਾ ਹੈ। ਫਿਰਦੌਸ ਆਪਣੇ ਵਿਆਹ ਨੂੰ ਬਚਾਉਣ ਲਈ ਮੁਖਬਰੀ ਕਰਕੇ ਮਰੀਅਮ ਦਾ ਭੇਦ ਅੰਗਰੇਜ਼ਾਂ ਕੋਲ ਖੋਲ੍ਹ ਦਿੰਦੀ ਹੈ। ਰੂਥ ਨੂੰ ਵਾਪਿਸ ਇੰਗਲੈਂਡ ਭੇਜਣ ਲਈ ਚਰਚ ਵਿੱਚ ਰੱਖਿਆ ਜਾਂਦਾ ਹੈ ਜਿੱਥੇ ਜਾਵੇਦ ਉਸ ਨੂੰ ਮਿਲਣ ਆਉਂਦਾ ਹੈ। ਜਾਵੇਦ ਖਾਨ ਅੰਗਰੇਜ਼ਾਂ ਹੱਥੋਂ ਮਾਰਿਆ ਜਾਂਦਾ ਹੈ। ਰੂਥ ਇੰਗਲੈਂਡ ਚਲੀ ਜਾਂਦੀ ਹੈ ਤੇ ਉਮਰ ਭਰ ਜਾਵੇਦ ਖਾਨ ਦੀਆਂ ਯਾਦਾਂ ਨੂੰ ਸਹੇਜਦੀ ਰਹਿੰਦੀ ਹੈ।

ਫਿਲਮ 'ਮੰਡੀ' ਸਿਆਸਤ ਅਤੇ ਵੇਸਵਾਗਿਰੀ ਦੀਆਂ ਸਾਂਝੀਆਂ ਰਮਜ਼ਾਂ ਨੂੰ ਫੜਦੀ ਫਿਲਮ ਹੈ। ਇਸ ਦੀ ਸ਼ੈਲੀ ਵਿਅੰਗਆਤਮਕ ਸੀ, ਇਸ ਦਾ ਰੰਗ ਬਾਜ਼ਾਰ ਦੀ ਕਲਿੱਤਣ ਦਾ ਰੰਗ ਸੀ। ਫਿਲਮ ਵਿੱਚ ਕੋਠੇ ਦੀ ਮੈਡਮ (ਸ਼ਬਾਨਾ ਆਜ਼ਮੀ) ਦਾ ਕੁੜੀਆਂ ਨਾਲ ਜਜ਼ਬਾਤੀ ਰਿਸ਼ਤਾ ਦਰਸ਼ਕਾਂ ਨੂੰ ਚੁੱਭਦਾ ਵੀ ਸੀ ਤੇ ਪਰੇਸ਼ਾਨ ਵੀ ਕਰਦਾ ਸੀ। ਉਨ੍ਹਾਂ ਦੀ ਸਾਂਝ ਵਿੱਚੋਂ ਗੌਸ਼ਤ ਦੀ ਗੰਧ ਆਉਂਦੀ ਸੀ। ਕਿਸੇ ਪਿੰਡ ਤੋਂ ਧੋਖੇ ਨਾਲ ਵਿਆਹ ਕੇ ਇਸ ਕੋਠੇ 'ਤੇ ਵੇਚੀ ਸਰਲਾ ਮਜੂਮਦਾਰ ਦੀ ਖੁਦਕੁਸ਼ੀ ਦੀ ਕੋਸ਼ਿਸ਼ ਤਮਾਸ਼ਾਬੀਨਾਂ ਦੀ ਭੀੜ ਇਕੱਠੀ ਕਰਦੀ ਹੈ। ਖੁਦਕੁਸ਼ੀ ਦੀ ਕੋਸ਼ਿਸ਼ ਤੋਂ ਕੁਝ ਦੇਰ ਪਹਿਲਾਂ ਹੋਣ ਜਾ ਰਹੇ ਬਲਾਤਕਾਰ ਬਾਰੇ ਇਸ ਭੀੜ ਕੋਲ ਕੋਈ ਸਵਾਲ ਨਹੀਂ, ਕੋਈ ਰੰਜ਼ ਨਹੀਂ। ਫਿਲਮ ਉਨ੍ਹਾਂ ਸਮਿਆਂ ਦੀ ਨਿਸ਼ਾਨਦੇਹੀ ਕਰਦੀ ਹੈ ਜਿੱਥੇ ਮੰਡੀ ਵਿੱਚ ਵਿਕਣ ਲਈ ਬੈਠੀ ਵੇਸਵਾ ਦੇ ਲੁੱਟੇ ਜਾਣ ਦਾ ਖਤਰਾ ਸਭ ਤੋਂ ਜ਼ਿਆਦਾ ਹੈ।

ਫਿਲਮ 'ਗਰਮ ਹਵਾ' ਬਣਾਉਣ ਵਾਲੇ ਐੱਮ.ਐੱਸ.ਸੱਥਿਊ ਦੀ ਫਿਲਮ 'ਸੂਕਾ' ਉਨ੍ਹਾਂ ਦੀ ਕੰਨੜ ਭਾਸ਼ਾ ਵਿੱਚ ਬਣਾਈ ਫਿਲਮ 'ਬਰਾਂ' (ਅਕਾਲ) ਦਾ ਹਿੰਦੀ ਰੂਪ ਸੀ। ਫਿਲਮ ਉਨ੍ਹਾਂ ਸਾਲਾਂ ਵਿੱਚ ਕਰਨਾਟਕਾ ਵਿੱਚ ਪਏ ਭਿਅੰਕਰ ਅਕਾਲ ਦੀ ਸਿਆਸਤ ਨੂੰ ਸੰਬੋਧਿਤ ਸੀ। ਕਿਸਾਨਾਂ ਦੀ ਬੇਜ਼ਾਰੀ, ਇੱਕ ਇਮਾਨਦਾਰ ਅਫਸਰ ਦੀਆਂ ਉਨ੍ਹਾਂ ਨੂੰ ਮੁਆਵਜ਼ਾ ਦਿਵਾਉਣ ਦੀਆਂ ਕੋਸ਼ਿਸ਼ਾਂ ਦੀ ਹਾਰ, ਸੋਕੇ ਨੂੰ ਧਾਰਮਿਕ ਆਗੂਆਂ ਦੁਆਰਾ ਫਿਰਕੂ ਰੰਗਤ ਦੇ ਦੇਣ ਵਿੱਚ ਸਫਲਤਾ, ਸਰਕਾਰੀ ਤੰਤਰ ਦੀ ਨਾਅਹਿਲੀਅਤ ਦੀ ਸੰਵੇਦਨਸ਼ੀਲ ਪੇਸ਼ਕਾਰੀ ਇਸ ਫਿਲਮ ਨੂੰ ਸਮੇਂ ਦਾ ਦਸਤਾਵੇਜ਼ ਬਣਾ ਦਿੰਦੀ ਹੈ।

ਫਿਲਮਸਾਜ਼ ਐੱਮ.ਐੱਸ.ਸੱਥਿਊ ਦੀ ਫਿਲਮ 'ਗਰਮ ਹਵਾ' ਇਸਮਤ ਚੁਗਤਾਈ ਦੀ ਇੱਕ ਕਹਾਣੀ 'ਤੇ ਅਧਾਰਿਤ ਸੀ। 'ਗਰਮ ਹਵਾ' ਦਾ ਕੇਂਦਰੀ ਨੁਕਤਾ ਭਾਰਤੀਆਂ ਦੀ ਉਸ ਸਾਂਝੀ ਸੋਚ ਨਾਲ ਜੁੜਦਾ ਹੈ ਜਿੱਥੇ ਮਜ਼ਹਬਾਂ, ਜਾਤਾਂ, ਫਿਰਕਿਆਂ ਤੇ ਮੁਫਾਦਾਂ ਦੀ ਸਿਆਸਤ ਦੇ ਬਾਵਜੂਦ ਉਹ ਇਨਸਾਨ ਦੇ ਤੌਰ 'ਤੇ ਇੱਕ-ਦੂਜੇ ਨੂੰ ਅੰਦਰੋਂ ਘੁੱਟ ਕੇ ਫੜੀ ਰੱਖਦੇ ਹਨ। ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਬਲਰਾਜ ਸਾਹਨੀ ਸਨ ਜਿਨ੍ਹਾਂ ਨੇ ਇਹ ਜਜ਼ਬਾਤੀ ਭੂਮਿਕਾ ਖੁੱਭ ਕੇ ਨਿਭਾਈ। ਵੰਡ ਵੇਲੇ ਅੱਧਖੜ੍ਹ ਉਮਰ ਦਾ ਇੱਕ ਇਮਾਨਦਾਰ ਮੁਸਲਮਾਨ ਆਪਣਾ ਘਰ ਛੱਡ ਕੇ ਪਾਕਿਸਤਾਨ ਜਾਣ ਤੋਂ ਨਾਬਰ ਹੋ ਜਾਂਦਾ ਹੈ। ਉਹ ਆਪਣੇ ਆਸਪਾਸ ਪਣਪ ਰਹੀ ਨਫਰਤ, ਬੇਭਰੋਸਗੀ ਤੇ ਬੇਈਮਾਨੀ ਨੂੰ ਪੂਰੀ ਸ਼ਿੱਦਤ ਨਾਲ ਨੰਗੇ ਪਿੰਡੇ ਝੱਲਦਾ ਹੈ। ਉਸ ਨੂੰ ਵੰਡ ਦੀ ਆਰਥਿਕਤਾ ਦੇ ਲਾਲਚ ਵਿੱਚ ਚਿੱਟੇ ਹੋ ਗਏ ਰਿਸ਼ਤੇ ਸੌਣ ਨਹੀਂ ਦਿੰਦੇ ਜਿੱਥੇ ਉਸ ਨੂੰ ਵਾਰ-ਵਾਰ ਅਹਿਸਾਸ ਹੁੰਦਾ ਹੈ ਕਿ ਵੰਡ ਤੋਂ ਵੀ ਤਰਾਸਦਿਕ ਦਿਲਾਂ ਵਿੱਚ ਪਈਆਂ ਗੰਢਾਂ ਹਨ। ਫਿਲਮ ਦੇ ਆਖਰੀ ਦ੍ਰਿਸ਼ ਵਿੱਚ ਜਦੋਂ ਉਸ ਦਾ ਛੋਟਾ ਪੁੱਤਰ ਪਾਕਿਸਤਾਨ ਜਾ ਰਹੇ ਰਿਕਸ਼ੇ ਵਿੱਚੋਂ ਛਾਲ ਮਾਰ ਕੇ ਹੜਤਾਲ ਕਰ ਰਹੇ ਮਜ਼ਦੂਰਾਂ ਵਿੱਚ ਜਾ ਰਲਦਾ ਹੈ ਤਾਂ ਉਸ ਨੂੰ ਵੀ ਅਹਿਸਾਸ ਹੁੰਦਾ ਹੈ ਕਿ ਇਨਸਾਨੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੂਬਸੂਰਤੀ ਗਰੀਬੀ, ਬੇਬਸੀ ਤੇ ਜ਼ਲਾਲਤ ਦੇ ਖਾਤਮੇ ਖਿਲਾਫ ਜੂਝਣਾ ਹੈ ਤੇ ਇਹ ਜੰਗ ਮੁਲਖਾਂ ਦੀਆਂ ਹੱਦਾਂ-ਸਰਹੱਦਾਂ ਤੋਂ ਕਿਤੇ ਵੱਡੀ ਹੈ।

ਸੱਥਿਊ ਦੀ ਅਗਲੀ ਫਿਲਮ ਸੀ 'ਕਹਾਂ ਕਹਾਂ ਸੇ ਗੁਜ਼ਰ ਗਿਆ'। ਇਹ ਫਿਲਮ ਕਲਕੱਤਾ ਸ਼ਹਿਰ ਦੇ ਉੱਚ-ਵਰਗੀ ਨੌਜਵਾਨਾਂ ਦੇ ਵਿਵਸਥਾ ਖਿਲਾਫ ਖੜ੍ਹੇ ਹੋਣ ਨਾਲ ਸਬੰਧਿਤ ਸੀ। ਇਸ ਫਿਲਮ ਦੇ ਬਣਨ ਸਮੇਂ ਤੱਕ ਸਨਅੱਤਕਾਰਾਂ, ਰਈਸਾਂ ਅਤੇ ਸਿਆਸੀ ਰਸੂਖ ਵਾਲੇ ਘਰਾਂ ਦੇ ਮੁੰਡੇ-ਕੁੜੀਆਂ ਦਾ ਆਪਣੇ ਮਾਪਿਆਂ ਦੀ ਜੀਵਣ-ਸ਼ੈਲੀ ਅਤੇ ਪੂੰਜੀਵਾਦੀ ਸੋਚ ਤੋਂ ਬਾਗੀ ਹੋ ਕੇ ਮਾਰਕਸਵਾਦੀ ਸਫਾ ਵਿੱਚ ਰਲਣ ਦਾ ਰੁਝਾਨ ਜ਼ੋਰ ਫੜ ਚੁੱਕਾ ਸੀ। ਉਨ੍ਹਾਂ ਅੰਦਰਲੀ ਬੇਚੈਨੀ, ਰੰਜ਼, ਬੇਬਸੀ ਤੇ ਦਿਸ਼ਾਹੀਣਤਾ ਨੇ ਜਦੋਂ ਸਮਿਆਂ ਦੀ ਕਰੂਰਤਾ ਨਾਲ ਜ਼ਰਬ ਖਾਧੀ ਤਾਂ ਵਿਚਾਰ, ਕਦਰਾਂ-ਕੀਮਤਾਂ, ਸਮਾਜਿਕ ਤੰਤਰ, ਰਿਸ਼ਤੇ ਤੇ ਤਦਬੀਰਾਂ ਸਭ ਚੁਰਾਹਿਆਂ ਵਿੱਚ ਲਹੂ-ਲੁਹਾਣ ਹੋ ਗਏ। ਪਿੱਛੇ ਬਚੀ ਨਾਉਮੀਦੀ ਫਿਲਮ ਵਿੱਚ ਵੀ ਸਾਫ ਦਿਖੀ। ਇਸ ਲਈ ਸੱਥਿਊ ਦੀ ਆਲੋਚਨਾ ਵੀ ਹੋਈ ਜਿਸ ਦਾ ਜਵਾਬ ਦਿੰਦਿਆਂ ਉਸ ਕਿਹਾ ਕਿ ਇਸ ਫਿਲਮ ਨੂੰ ਉਮੀਦ 'ਤੇ ਖਤਮ ਕਰਨ ਦਾ ਮਤਲਬ ਸਚਾਈ ਤੋਂ ਭੱਜਣਾ ਸੀ। ਮੇਰੀ ਫਿਲਮ ਭੌਪੂ ਨਹੀਂ ਬਣ ਸਕਦੀ। ਮੁੱਦੇ ਤਾਂ ਹੁਣ ਖਤਰਨਾਕ ਮੌੜਾਂ 'ਤੇ ਹਨ।

ਉੱਧਰ ਮੁਲਕ ਵੀ ਖਤਰਨਾਕ ਮੌੜ 'ਤੇ ਸੀ। ਸੰਨ 1973-74 ਦੇ ਅਕਾਲ ਨੂੰ ਹਰੀ ਕ੍ਰਾਂਤੀ ਨੇ ਡੱਕ ਲਿਆ ਪਰ ਹਰੀ ਕ੍ਰਾਂਤੀ ਦੇ ਪਿੱਛੇ ਦੀ ਸਿਆਸਤ ਨੇ ਦਿਹਾਤੀ ਖੇਤਰਾਂ ਦੀ ਸਮਾਜਿਕ ਵਰਗ-ਵੰਡ ਨੂੰ ਹੋਰ ਤਿਖੇਰਾ ਕਰ ਦਿੱਤਾ। ਵੱਡੇ ਕਿਸਾਨਾਂ ਨੇ ਪੈਸੇ ਦੇ ਬਲ ਸਿਆਸੀ ਪਿੜ੍ਹਾਂ ਵਿੱਚ ਜ਼ੋਰ ਅਜ਼ਮਾਈ ਸ਼ੁਰੂ ਕਰ ਦਿੱਤੀ। ਪੈਸੇ ਅਤੇ ਸੱਤਾ ਨੇ ਮਿਲ ਕੇ ਨਵੇਂ ਆਦਰਸ਼ ਘੜ੍ਹੇ ਜਿੱਥੇ ਇਮਾਨਦਾਰੀ ਨੂੰ ਮੂਰਖਾਂ ਦੀ ਪਹਿਚਾਣ ਮੰਨਿਆ ਗਿਆ। ਇਹੀ ਰੁਝਾਨ ਬੰਬਈ ਦੀ ਮਾਇਆ ਨਗਰੀ ਵਿੱਚ ਦਿਖਣ ਲੱਗਾ ਜਿੱਥੇ ਕਾਲਾ-ਬਜ਼ਾਰੀ, ਮਾਫੀਆ, ਅੰਡਰਵਰਲਡ, ਸਮਗਲਿੰਗ, ਜੁਰਮ, ਵੇਸਵਾਗਿਰੀ, ਦਲਾਲੀ ਆਦਿ ਸ਼ਬਦ ਫਿਲਮੀ ਜ਼ੁਬਾਨਾਂ 'ਤੇ ਫਿਸਲਣ ਲੱਗੇ।

ਜੇਕਰ ਇੱਕ ਪਾਸੇ ਸ਼ਿਆਮ ਬੈਨੇਗਲ ਆਪਣੀ ਫਿਲਮ 'ਮੰਥਨ' ਅਤੇ 'ਨਿਸ਼ਾਂਤ' ਦੀ ਪਟਕਥਾ ਲਈ 'ਸਾਈਲੈਂਸ ਕੋਰਟ ਚਾਲੂ ਹੈ' ਵਾਲੇ ਲੇਖਕ ਵਿਜੇ ਤੇਂਦੂਲਕਰ ਨਾਲ ਵਿਚਾਰਾਂ ਕਰ ਰਹੇ ਸਨ ਤਾਂ ਦੂਜੇ ਪਾਸੇ ਉਨ੍ਹਾਂ ਦਾ ਕਾਬਿਲ ਦੋਸਤ ਗੋਵਿੰਦ ਨਿਹਲਾਨੀ ਆਪਣੀ ਪਹਿਲੀ ਫਿਲਮ 'ਆਕ੍ਰੋਸ਼' ਦਾ ਖਾਕਾ ਵੀ ਵਿਜੇ ਤੇਂਦੂਲਕਰ ਨਾਲ ਮਿਲ ਕੇ ਤਿਆਰ ਕਰ ਰਿਹਾ ਸੀ ਜਿਸ ਵਿੱਚ ਉਸ ਨੇ ਸ਼ਹਿਰ ਦੇ ਉਪਰੋਕਤ ਕਿਰਦਾਰ ਨੂੰ ਇੱਕ ਅਜਿਹੀ ਕਹਾਣੀ ਰਾਹੀਂ ਫਿਲਮਾਉਣਾ ਸੀ ਜਿਸ ਵਿੱਚ ਵਧੀਕੀ ਦਾ ਸ਼ਿਕਾਰ ਮਨੁੱਖ ਮੌਨ ਧਾਰ ਲੈਂਦਾ ਹੈ ਤੇ ਸ਼ਬਦਾਂ ਦੀ ਬੇਅਰਥੀ ਨੂੰ ਜਾਹਰ ਕਰਦਾ ਹੈ। ਆਖਿਰ ਉੱਥੇ ਨਿਆਂ ਮੰਗਣ ਦਾ ਅਰਥ ਵੀ ਕੀ ਰਹਿ ਜਾਂਦਾ ਜਿੱਥੇ ਕਟਿਹਰੇ ਵਿੱਚ ਖੜ੍ਹਾ ਦੋਸ਼ੀ ਕੋਈ ਇਨਸਾਨ ਨਹੀਂ ਸਗੋਂ ਸਮਾਜ ਦਾ ਨਿਪੁੰਸਕ ਖਾਸਾ ਹੋਵੇ?

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

[home] 1-4 of 4


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER