ਮਨੋਰੰਜਨ

Monthly Archives: JANUARY 2018


ਫਿਲਮ
ਔਰਤ ਅਤੇ ਸੱਤਾ ਦੀਆਂ ਏਜੰਸੀਆਂ ਵਿਚਲੀ ਕਸ਼ਮਕਸ਼ ਦਰਸਾਉਂਦੀ ਮਿਰਚ-ਮਸਾਲਾ
13.01.18 - ਕੁਲਦੀਪ ਕੌਰ
ਔਰਤ ਅਤੇ ਸੱਤਾ ਦੀਆਂ ਏਜੰਸੀਆਂ ਵਿਚਲੀ ਕਸ਼ਮਕਸ਼ ਦਰਸਾਉਂਦੀ ਮਿਰਚ-ਮਸਾਲਾਸਮਿਤਾ ਪਾਟਿਲ ਹਿੰਦੀ ਸਿਨੇਮਾ ਦੀ ਸਮਰੱਥ ਅਦਾਕਾਰਾ ਹੈ। ਫਿਲਮ 'ਮਿਰਚ ਮਸਾਲਾ' ਵਿੱਚ ਉਸ ਦੁਆਰਾ ਨਿਭਾਇਆ ਸੋਨਾਬਾਈ ਦਾ ਕਿਰਦਾਰ ਭਾਰਤੀ ਸਿਨੇਮਾ ਵਿੱਚ ਨਾਰੀਵਾਦ ਅਤੇ ਸੱਤਾ ਦੇ ਆਪਸੀ ਸਬੰਧਾਂ ਨੂੰ ਸਾਰੀਆਂ ਪੇਚੀਦਗੀਆਂ ਸਹਿਤ ਫੜਦਾ ਹੈ। ਨਾਰੀਵਾਦ ਵਿਚਾਰਧਾਰਾ ਦੇ ਆਲੋਚਕ ਨਾਰੀਵਾਦ ਦੀ ਵਿਆਖਿਆ ਕਰਦਿਆਂ ਇਸ ਨੂੰ ਸਾਰੇ ਮਰਦਾਂ ਨੂੰ ਨਫਰਤ ਕਰਨ ਦੀ ਵਿਚਾਰਧਾਰਾ ਆਖਦਿਆਂ ਰੱਦ ਕਰ ਦਿੰਦੇ ਹਨ ਜਦਕਿ ਮਸਲਾ ਇਸ ਤੋਂ ਵੱਧ ਪੇਚੀਦਾ ਹੈ। ਸੱਤਾ ਇਨ੍ਹਾਂ ਦੋਹਾਂ ਨੂੰ ਬਹੁਤੀ ਵਾਰ ਇੱਕ-ਦੂਜੇ ਦੇ ਖਿਲਾਫ ਵਰਤਦੀ ਹੈ। ਇਸ ਸਵਾਲ ਨਾਲ ਇਹ ਫਿਲਮ ਵਾਰ-ਵਾਰ ਉਲਝਦੀ ਹੈ।

1987 'ਚ ਆਈ ਕੇਤਨ ਮਹਿਤਾ ਦੁਆਰਾ ਨਿਰਦੇਸ਼ਤ ਇਹ ਫਿਲਮ ਗੁਜਰਾਤ ਦੇ ਇੱਕ ਪਿੰਡ 'ਤੇ ਆਧਾਰਿਤ ਹੈ ਅਤੇ ਫਿਲਮ ਵਿੱਚ ਘਟਨਾਵਾਂ ਦੇ ਵਾਪਰਣ ਦਾ ਸਮਾਂ 1940 ਦਾ ਹੈ। ਉਦੋਂ ਭਾਰਤ ਅੰਗਰੇਜ਼ੀ ਹਕੂਮਤ ਦੇ ਅਧੀਨ ਸੀ ਅਤੇ ਉਨ੍ਹਾਂ ਨੇ ਕਰ ਉਗਰਾਹਣ ਲਈ ਪਿੰਡ-ਪਿੰਡ ਟੈਕਸ ਕਲੈਕਟਰਾਂ ਦੀ ਨਿਯੁਕਤੀ ਕੀਤੀ ਹੋਈ ਸੀ। ਅਜਿਹਾ ਹੀ ਇੱਕ ਸੂਬੇਦਾਰ (ਨਸੀਰੂਦੀਨ ਸ਼ਾਹ) ਇੱਕ ਪਿੰਡ ਵਿੱਚ ਸੋਨਾਬਾਈ ਨਾਲ ਟਕਰਾ ਜਾਂਦਾ ਹੈ। ਉਸ ਨੂੰ ਆਪਣੇ ਪੁਰਾਣੇ ਤਜਰਬਿਆਂ ਤੋਂ ਪਤਾ ਹੈ ਕਿ ਉਸ ਲਈ ਸੋਨਾਬਾਈ ਨੂੰ ਹਾਸਿਲ ਕਰਨਾ ਕਿੰਨਾ ਸੌਖਾ ਹੈ। ਉਹ ਜਾਣਦਾ ਹੈ ਕਿ ਅੰਗਰੇਜ਼ੀ ਹਕੂਮਤ ਦੇ ਝੋਲੀ-ਚੁੱਕ ਸਰਪੰਚ ਅਤੇ ਜਾਗੀਰਦਾਰ ਕਿਵੇਂ ਸੋਨਾਬਾਈ ਨੂੰ ਉਸ ਦੀ ਦਾਸੀ ਬਣ ਲਈ ਖੁਦ ਹੀ ਮਜ਼ਬੂਰ ਕਰ ਦੇਣਗੇ।

ਸੋਨਾਬਾਈ ਪਿੰਡ ਦੀ ਇੱਕ ਮਸਾਲਾ ਕੁੱਟਣ ਵਾਲੀ ਮਿੱਲ ਵਿੱਚ ਕੰਮ ਕਰਦੀ ਹੈ। ਉਸ ਨੂੰ ਵੀ ਅੰਗਰੇਜ਼ੀ ਹਕੂਮਤ ਦੀ ਦਹਿਸ਼ਤ ਦਾ ਅੰਦਾਜ਼ਾ ਹੈ ਪਰ ਉਸ ਲਈ ਆਪਣੀ ਅਣਖ ਅਤੇ ਇੱਜ਼ਤ ਤੋਂ ਉੱਪਰ ਕੁਝ ਨਹੀਂ। ਉਹ ਆਪਣੀ ਮਿੱਲ ਦੀਆਂ ਸਾਥਣਾਂ ਨਾਲ ਮਿਲ ਕੇ ਮਿੱਲ ਦੇ ਦਰਵਾਜ਼ੇ ਬੰਦ ਕਰ ਲੈਂਦੀ ਹੈ। ਸੂਬੇਦਾਰ ਨੂੰ ਇਹ ਵੀ ਇੱਕ ਖੇਡ ਹੀ ਲੱਗਦੀ ਹੈ। ਉਸ ਨੂੰ ਭਾਸਦਾ ਹੈ ਕਿ ਦੋ-ਚਾਰ ਦਿਨਾਂ ਵਿੱਚ ਸੋਨਾਬਾਈ ਨੂੰ ਆਪਣੀ ਔਕਾਤ ਆਪੇ ਸਮਝ ਵਿੱਚ ਆ ਜਾਣੀ ਹੈ, ਜੇ ਅਜਿਹਾ ਨਾ ਹੋਇਆ ਤਾਂ ਪਿੰਡ ਦੇ ਮੋਹਤਬਰ ਪਿੰਡ ਨੂੰ ਉਸ ਦੇ ਕਹਿਰ ਤੋਂ ਬਚਾਉਣ ਲਈ ਆਪੇ ਮਿੱਲ ਵਿੱਚੋਂ ਸੋਨਾਬਾਈ ਨੂੰ ਲਿਆ ਕੇ ਉਸ ਦੇ ਸਪੁਰਦ ਕਰ ਦੇਣਗੇ। ਉਹ ਪਿੰਡ ਵਾਲਿਆਂ ਨੂੰ ਡਰਾਉਣ-ਧਮਕਾਉਣ ਦਾ ਸਿਲਸਿਲਾ ਸ਼ੁਰੂ ਕਰਦਾ ਹੈ।

ਹੁਣ ਕਹਾਣੀ ਦਾ ਪੂਰਾ ਫੋਕਸ ਪਿੰਡ ਵਾਲਿਆਂ ਦੇ ਕਿਰਦਾਰ 'ਤੇ ਆ ਟਿਕਦਾ ਹੈ। ਪਿੰਡ ਵਿੱਚ ਸੂਬੇਦਾਰ ਦੀ ਚਿਤਾਵਨੀ ਤੋਂ ਉਹ ਲੋਕ ਡਰ ਜਾਂਦੇ ਹਨ ਜਿਹੜੇ ਸੱਤਾ ਦੇ ਨਜ਼ਦੀਕ ਹਨ। ਉਨ੍ਹਾਂ ਵਿੱਚ ਪਿੰਡ ਦਾ ਸਰਪੰਚ ਤੇ ਉਸ ਦੀ ਪੂਰੀ ਜੁੰਡਲੀ ਸ਼ਾਮਿਲ ਹੈ। ਪਿੰਡ ਦੀਆਂ ਅੋਰਤਾਂ ਜਿਨ੍ਹਾਂ ਵਿੱਚ ਸਰਪੰਚ ਦੀ ਪਤਨੀ ਵੀ ਸ਼ਾਮਿਲ ਹੈ ਇਸ ਚਿਤਾਵਨੀ ਨੂੰ ਪਿੰਡ ਦੀ ਮਾਨ-ਮਰਿਆਦਾ ਨੂੰ ਗਾਲ ਸਮਝਦੀਆਂ ਹਨ। ਉਨ੍ਹਾਂ ਨੂੰ ਭਾਸਦਾ ਹੈ ਕਿ ਸੋਨਾਬਾਈ ਨੂੰ ਸੂਬੇਦਾਰ ਦੇ ਹਵਾਲੇ ਕਰਨ ਦਾ ਅਰਥ ਹੈ ਕਿ ਉਨ੍ਹਾਂ ਦੀ ਕੋਈ ਹੋਂਦ ਤੇ ਅਣਖ ਹੀ ਨਹੀਂ। ਕਈ ਪਿੰਡ ਵਾਸੀ ਇਸ ਨੂੰ ਪੁਰਾਣੀ ਰੀਤ ਮੰਨਦਿਆਂ ਆਖਦੇ ਹਨ ਕਿ ਅਜਿਹਾ ਤਾਂ ਸਦਾ ਤੋਂ ਹੁੰਦਾ ਆਇਆ ਹੈ। ਕਈ ਨੌਜਵਾਨਾਂ ਨੂੰ ਲੱਗਦਾ ਹੈ ਕਿ ਇਹ ਸਭ ਹੁਣ ਖਤਮ ਕਰਨ ਦਾ ਵੇਲਾ ਆ ਗਿਆ ਹੈ। ਨਿਰਕੁੰਸ਼ ਸੱਤਾ ਨਾਲ ਸਿੱਧੇ ਟਕਰਾਉ ਤੋਂ ਆਖਿਰ ਕਦੋਂ ਤੱਕ ਭੱਜਿਆ ਜਾ ਸਕਦਾ ਹੈ? ਇਸ ਤਰ੍ਹਾਂ ਸਾਰਾ ਪਿੰਡ ਕਈ ਧੜਿਆਂ ਵਿੱਚ ਵੰਡਿਆਂ ਜਾ ਚੁੱਕਾ ਹੈ।

ਉੱਧਰ ਮਿੱਲ ਦੇ ਅੰਦਰ ਕੈਦ ਹੋਈਆਂ ਔਰਤਾਂ ਲਈ ਸੋਨਾਬਾਈ ਨੂੰ ਸੂਬੇਦਾਰ ਦੇ ਹਵਾਲੇ ਨਾ ਕਰਨ ਦਾ ਫੈਸਲਾ ਉਨ੍ਹਾਂ ਦੀ ਪਿੱਤਰਸ਼ਾਹੀ ਖਿਲਾਫ ਇਕੱਠੀ ਹੋਈ ਨਫਰਤ ਦੇ ਪ੍ਰਗਟਾ ਦਾ ਜ਼ਰੀਆ ਹੈ। ਉਹ ਆਪਸੀ ਅਣਬਣ ਅਤੇ ਪਤੀਆਂ-ਰਿਸ਼ਤੇਦਾਰਾਂ ਦੀਆਂ ਧਮਕੀਆਂ ਦੇ ਬਾਵਜੂਦ ਝੁਕਣ ਤੋਂ ਇਨਕਾਰ ਕਰ ਦਿੰਦੀਆਂ ਹਨ। ਸੂਬੇਦਾਰ ਦੇ ਵੱਧਦੇ ਦਬਾਉ ਕਾਰਨ ਪਿੰਡ ਵਿੱਚ ਦਹਿਸ਼ਤ ਅਤੇ ਬੇਗਾਨਗੀ ਦਾ ਮਾਹੌਲ ਭਾਰੂ ਹੋ ਜਾਂਦਾ ਹੈ। ਸੋਨਾਬਾਈ ਅੱਗੇ ਇੱਕ ਵਾਰੀ ਪਿੰਡ ਪ੍ਰਤੀ ਜ਼ਿੰਮੇਵਾਰੀ ਦਾ ਸਵਾਲ ਖੜ੍ਹਾ ਹੁੰਦਾ ਹੈ ਪਰ ਉਸ ਨੂੰ ਪਤਾ ਹੈ ਕਿ ਉਸ ਦੁਆਰਾ ਆਤਮ-ਸਮਰਪਣ ਕਰਨ 'ਤੇ ਵੀ ਪਿੰਡ ਵਾਲਿਆਂ ਦੀ ਦੁਰਦਸ਼ਾ ਸੁਧਰੇਗੀ ਨਹੀਂ। ਉਸ ਨਾਲ ਹਮਦਰਦੀ ਰੱਖਣ ਵਾਲੀਆਂ ਔਰਤਾਂ ਦਾ ਵੀ ਇਹੀ ਮੱਤ ਹੈ ਕਿ ਸੂਬੇਦਾਰ ਦੀ ਜ਼ਿੱਦ ਲਈ ਸੋਨਾਬਾਈ ਦੀ ਬਲੀ ਨਹੀਂ ਦਿੱਤੀ ਜਾ ਸਕਦੀ।

ਇਸ ਫਿਲਮ ਦੀ ਸਭ ਤੋਂ ਵੱਡੀ ਖਾਸੀਅਤ ਨਿਰਦੇਸ਼ਕ ਕੇਤਨ ਮਹਿਤਾ ਦੁਆਰਾ ਸੱਤਾ ਦੇ ਮੂੰਹਜ਼ੋਰ ਹੋਣ ਦੇ ਬਾਵਜੂਦ ਸੋਨਾਬਾਈ ਵਰਗੇ ਨਿਤਾਣਿਆਂ ਜਿਨ੍ਹਾਂ ਕੋਲ ਸਿਰਫ ਸਰੀਰ ਤੋਂ ਬਿਨਾਂ ਕੁਝ ਵੀ ਨਹੀਂ, ਦੁਆਰਾ ਉਸ ਸੱਤਾ ਨੂੰ ਨਕੇਲ ਪਾਉਣ ਦਾ ਬਿਰਤਾਂਤ ਸਿਰਜਣਾ ਹੈ। ਇਸ ਬਿਰਤਾਂਤ ਦਾ ਸੂਤਰਧਾਰ ਮਿੱਲ ਦਾ ਬਜ਼ੁਰਗ ਚੌਕੀਦਾਰ ਅੱਬੂ ਮਿਆਂ ਹੈ ਜਿਹੜਾ ਸੂਬੇਦਾਰ ਦੇ ਗੁੰਡਿਆਂ ਨੂੰ ਮਿੱਲ ਅੰਦਰ ਦਾਖਿਲ ਹੋਣ ਤੋਂ ਰੋਕਣ ਲਈ ਆਪਣੀ ਜਾਨ ਕੁਰਬਾਨ ਕਰ ਦਿੰਦਾ ਹੈ। ਜਦੋਂ ਪਿੰਡ ਦੇ ਝੋਲੀਚੁੱਕ ਉਸ ਨੂੰ ਇਹ ਡਰਾਵਾ ਦਿੰਦੇ ਹਨ ਕਿ ਪਿੰਡ ਦੀ ਬਰਬਾਦੀ ਲਈ ਉਹ ਜ਼ਿੰਮੇਵਾਰ ਹੋਵੇਗਾ ਅਤੇ ਮਿੱਲ ਦਾ ਦਰਵਾਜ਼ਾ ਖੋਲ੍ਹਣ ਲਈ ਆਖਦੇ ਹਨ ਤਾਂ ਉਹ ਕਹਿੰਦਾ ਹੈ, "ਜ਼ਿੰਮੇਵਾਰੀ ਊਪਰ ਵਾਲਾ ਜਾਨੇ, ਹਮ ਤੋਂ ਸਿਰਫ ਫਰਜ਼ ਜਾਨਤੇ ਹੈਂ"

ਇਹ ਫਿਲਮ ਭਾਰਤੀ ਫਿਲਮਾਂ ਦੇ ਫਾਰਮੂਲੇ ਕਿ 'ਔਰਤਾਂ ਦੀ ਰੱਖਿਆ ਸਿਰਫ ਮਰਦ ਕਰ ਸਕਦੇ ਹਨ' ਨੂੰ ਵੀ ਰੱਦ ਕਰਦੀ ਹੈ। ਫਿਲਮ ਵਿੱਚ ਮਿੱਲ ਦੀਆਂ ਅੋਰਤਾਂ ਜਿਸ ਤਰੀਕੇ ਨਾਲ ਸੋਨਾਬਾਈ ਦੀ ਰੱਖਿਆ ਕਰਦੀਆਂ ਹਨ, ਉਹ ਪਿੱਤਰਸ਼ਾਹੀ ਖਿਲਾਫ ਬਗਾਵਤ ਦੀ ਵੱਖਰੀ ਸੁਰ ਹੋ ਨਿਬੜਦੀ ਹੈ। ਫਿਲਮ ਵਿੱਚ ਲਾਲ ਮਿਰਚ ਵੀ ਬਗਾਵਤ ਦਾ ਮੈਟਾਫਰ ਹੈ ਜਿਸ ਨਾਲ ਔਰਤਾਂ ਹਮਲਾ ਕਰਕੇ ਸੂਬੇਦਾਰ ਨੂੰ ਸਬਕ ਸਿਖਾਉਂਦੀਆਂ ਹਨ।
[home] 


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER