ਮਨੋਰੰਜਨ
ਫਿਲਮ
ਖੂਬਸੂਰਤੀ ਦੀ ਧਾਰਨਾ 'ਤੇ ਕਟਾਕਸ਼ ਕਰਦੀ ਫਿਲਮ: ਖੂਬਸੂਰਤ
- ਕੁਲਦੀਪ ਕੌਰ
ਖੂਬਸੂਰਤੀ ਦੀ ਧਾਰਨਾ 'ਤੇ ਕਟਾਕਸ਼ ਕਰਦੀ ਫਿਲਮ: ਖੂਬਸੂਰਤਖੂਬਸੂਰਤੀ ਦੀ ਧਾਰਨਾ 'ਤੇ ਸਦੀਆਂ ਤੋਂ ਬਹਿਸ ਜਾਰੀ ਹੈ। ਦੁਨੀਆਂ ਇੰਨੀ ਜ਼ਿਆਦਾ ਰੰਗ-ਬਿਰੰਗੀ ਹੈ ਕਿ ਖੂਬਸੂਰਤੀ ਦਾ ਕੋਈ ਆਲਮੀ ਮਿਆਰ ਜਾਂ ਪੈਮਾਨਾ ਤੈਅ ਕਰਨ ਦਾ ਯਤਨ ਆਪਣੇ-ਆਪ ਵਿੱਚ ਹਾਸੋ-ਹੀਣਾ ਭਾਸਦਾ ਹੈ। ਖੂਬਸੂਰਤੀ ਬਾਰੇ ਪੰਜਾਬ ਵਿੱਚ ਕਿਹਾ ਜਾਂਦਾ ਹੈ ਕਿ 'ਕੰਮ ਪਿਆਰਾ ਹੈ, ਚੰਮ ਨਹੀਂ'। ਜੇਕਰ ਇਸ ਤਰਕ ਨੂੰ ਥੋੜ੍ਹੀ ਹੋਰ ਜ਼ਰਬ ਦਿੱਤੀ ਜਾਵੇ ਤਾਂ ਲੋਕ-ਦਲੀਲ ਹੈ ਕਿ, 'ਸੋਹਣਾ ਉਹ ਜੋ ਸੁਹਣੇ ਕੰਮ ਕਰੇ'। ਰਿਸ਼ੀਕੇਸ਼ ਮੁਖਰਜੀ ਨੇ ਆਪਣੀ ਫਿਲਮ 'ਖੂਬਸੂਰਤ' ਦੀ ਪਟਕਥਾ ਖੂਬਸੂਰਤੀ ਦੀ ਪਰਿਭਾਸ਼ਾ ਅਤੇ ਜ਼ਿੰਦਾਦਿਲੀ ਦੇ ਮਾਇਨਿਆਂ ਦੇ ਆਸ-ਪਾਸ ਬੁਣੀ ਹੈ। 1980 ਵਿੱਚ ਆਈ ਇਹ ਫਿਲਮ ਰਿਸ਼ੀਕੇਸ਼ ਮੁਖਰਜੀ ਦੀਆਂ ਸਫਲ ਫਿਲਮਾਂ ਵਿੱਚੋਂ ਇੱਕ ਹੈ। ਇਸ ਨਾਲ ਅਦਾਕਾਰਾ ਦੇ ਤੌਰ 'ਤੇ ਰੇਖਾ ਨੂੰ ਵੀ ਨਵੀਂ ਪਹਿਚਾਣ ਮਿਲੀ।

ਇਸ ਫਿਲਮ ਦੀ ਕਹਾਣੀ ਕਾਫੀ ਸਧਾਰਨ ਹੈ ਪਰ ਇਹ ਸਾਬਿਤ ਕਰਨ ਲਈ ਕਾਫੀ ਹੈ ਕਿ ਕਿਵੇਂ ਇੱਕ ਆਮ ਕਹਾਣੀ ਰਾਹੀਂ ਸਮਾਜਿਕ ਨਜ਼ਰੀਏ ਵਿੱਚ ਵੀ ਤਬਦੀਲੀ ਲਿਆਉਣ ਦੀ ਸੰਭਾਵਨਾ ਹੁੰਦੀ ਹੈ। ਫਿਲਮ ਦੀ ਕਹਾਣੀ ਅਨੁਸਾਰ ਲਾਲਾ ਰਾਮ ਦਿਆਲ (ਡੇਵਿਡ) ਦੀ ਕੁੜੀ ਅੰਜੂ ਦਾ ਵਿਆਹ ਇੱਕ ਅਜਿਹੇ ਘਰ ਵਿੱਚ ਹੋਣਾ ਤੈਅ ਹੁੰਦਾ ਹੈ ਜਿੱਥੇ ਘਰ ਦੀ ਮਾਲਕਣ ਨਿਰਮਲਾ ਦੇਵੀ (ਦੀਨਾ ਪਾਠਕ) ਦੀ ਤਾਨਾਸ਼ਾਹੀ ਚੱਲਦੀ ਹੈ। ਉਸ ਨੇ ਘਰ ਵਿੱਚ ਤੁਰਨ-ਫਿਰਨ, ਖਾਣ-ਪੀਣ ਅਤੇ ਆਪਸੀ ਵਰਤੋਂ-ਵਿਹਾਰ ਲਈ ਇੰਨੇ ਕਾਇਦੇ ਲਾਗੂ ਕੀਤੇ ਹੋਏ ਹਨ ਕਿ ਘਰ ਦੇ ਮੈਂਬਰਾਂ ਨੂੰ ਘਰ ਇੱਕ ਜੇਲ੍ਹ-ਖਾਨਾ ਜਾਪਦਾ ਹੈ। ਉਸ ਦਾ ਪਰਿਵਾਰ ਦੇ ਮੈਂਬਰਾਂ 'ਤੇ ਇਸ ਤਰ੍ਹਾਂ ਦਾ ਦਬਦਬਾ ਹੈ ਕਿ ਉਹ ਆਪਣੇ ਮੁੰਡਿਆਂ ਦੀਆਂ ਵਹੁਟੀਆਂ ਵੀ ਆਪਣੀ ਪਸੰਦ ਦੀਆਂ ਲੈਕੇ ਆਉਂਦੀ ਹੈ। ਵਿਚਕਾਰਲੇ ਮੁੰਡੇ ਦਾ ਵਿਆਹ ਜਦੋਂ ਅੰਜੂ ਨਾਲ ਹੁੰਦਾ ਹੈ ਤਾਂ ਉਸ ਦੀ ਛੋਟੀ ਭੈਣ ਮੰਜੂ ਵੀ ਉਸ ਨਾਲ ਕੁਝ ਦਿਨ ਰਹਿਣ ਲਈ ਆਉਂਦੀ ਹੈ।

ਮੰਜੂ (ਰੇਖਾ) ਇੱਕ ਆਜ਼ਾਦ ਖਿਆਲ ਤੇ ਪੜ੍ਹੀ-ਲਿਖੀ ਕੁੜੀ ਹੈ ਜਿਸ ਨੂੰ ਇਨ੍ਹਾਂ ਕਾਇਦਿਆਂ ਵਿੱਚੋਂ ਔਰਤਾਂ ਦੀ ਨਾਬਰਾਬਰੀ ਅਤੇ ਖਿਆਲਾਂ ਦੀ ਆਜ਼ਾਦੀ 'ਤੇ ਪਾਬੰਦੀ ਦਾ ਝਲਕਾਰਾ ਪੈਂਦਾ ਹੈ। ਹੌਲੀ-ਹੌਲੀ ਉਸ ਨੂੰ ਸਮਝ ਲੱਗਣ ਲੱਗਦੀ ਹੈ ਕਿ ਕਿਵੇਂ ਘਰ ਦੇ ਸਾਰੇ ਮੈਂਬਰ ਇਨ੍ਹਾਂ ਪਾਬੰਦੀਆਂ ਕਾਰਨ ਉਨ੍ਹਾਂ ਦੀ ਜ਼ਿੰਦਗੀ ਵਿੱਚੋਂ ਹਾਸਾ ਤੇ ਖੂਬਸੂਰਤੀ ਕਿਰ ਰਹੀ ਹੈ। ਉੱਧਰ ਉਸ ਦੇ ਆਜ਼ਾਦ ਖਿਆਲ ਸੁਭਾਅ ਅਤੇ ਸੋਚ ਕਾਰਨ ਨਿਰਮਲਾ ਉਸ ਨੂੰ ਇੱਕਦਮ ਹੀ ਰੱਦ ਕਰ ਦਿੰਦੀ ਹੈ।

ਨਿਰਮਲਾ ਦਾ ਪਤੀ ਵੀ ਉਸ ਦੀ ਤਾਨਾਸ਼ਾਹੀ ਤੋਂ ਦੁਖੀ ਤਾਂ ਹੈ ਪਰ ਉਸ ਵਿੱਚ ਹਿੰਮਤ ਨਹੀਂ ਕਿ ਉਹ ਆਪਣੀ ਪਤਨੀ ਦਾ ਸਾਹਮਣਾ ਕਰ ਸਕੇ। ਉਹ ਅਤੇ ਉਸ ਦਾ ਛੋਟਾ ਬੇਟਾ ਇੰਦਰ (ਰਾਕੇਸ਼ ਰੋਸ਼ਨ) ਦਿਲੋਂ ਮੰਜੂ ਨੂੰ ਪਸੰਦ ਕਰਨ ਦੇ ਨਾਲ-ਨਾਲ ਪਹਿਲੀ ਵਾਰ ਆਪਣੀ ਜ਼ਿੰਦਗੀ ਦਾ ਹਾਲ ਉਸ ਦੀਆਂ ਅੱਖਾਂ ਨਾਲ ਦੇਖਦੇ ਹਨ। ਉਨ੍ਹਾਂ ਨੂੰ ਆਪਣੀ ਜ਼ਿੰਦਗੀ ਵਿਚਲੀ ਗੁੰਝਲ ਦੀ ਸਮਝ ਆਉਣੀ ਸ਼ੁਰੂ ਹੋ ਜਾਂਦੀ ਹੈ।

ਇਸ ਮਸਲੇ ਦਾ ਹੱਲ ਲੱਭਣ ਲਈ ਮੰਜੂ ਜਾਣ-ਬੁੱਝ ਕੇ ਇੱਕ ਨਾਟਕ ਖੇਡਦੀ ਹੈ ਜਿਸ ਵਿੱਚ ਉਹ ਘਰ ਦੇ ਸਾਰੇ ਮੈਂਬਰਾਂ ਨੂੰ ਸ਼ਾਮਿਲ ਕਰ ਲੈਂਦੀ ਹੈ। ਜਦੋਂ ਉਹ ਸਾਰੇ ਨਿਰਮਲਾ ਬਾਰੇ ਆਪਣੀਆਂ ਅਸਲ ਭਾਵਨਾਵਾਂ ਨਾਟਕ ਰਾਹੀਂ ਪ੍ਰਗਟਾ ਰਹੇ ਹੁੰਦੇ ਹਨ ਤਾਂ ਅਚਾਨਕ ਆਈ ਉਰਮਲਾ ਲਈ ਇਹ ਸਭ ਸੁਣਨਾ ਕਿਸੇ ਸਦਮੇ ਤੋਂ ਘੱਟ ਨਹੀਂ ਹੁੰਦਾ। ਉਸ ਨੂੰ ਜਾਪਦਾ ਹੈ ਕਿ ਮੇਰੀ ਉਮਰ ਭਰ ਦੀ ਕਮਾਈ ਮਿੱਟੀ ਹੋ ਗਈ ਹੈ। ਉਸ ਦਾ ਆਪਣੇ ਪਤੀ ਨਾਲ ਜ਼ਬਰਦਸਤ ਝਗੜਾ ਹੁੰਦਾ ਹੈ ਜਿਸ ਕਾਰਨ ਦੁਆਰਕਾ ਪ੍ਰਸਾਦ ਨੂੰ ਦਿਲ ਦਾ ਦੌਰਾ ਪੈ ਜਾਂਦਾ ਹੈ। ਜਦੋਂ ਸਾਰੇ ਪਰਿਵਾਰਕ ਮੈਂਬਰ ਘਬਰਾ ਜਾਂਦੇ ਹਨ ਤਾਂ ਮੰਜੂ ਆਪਣੀ ਹੁਸ਼ਿਆਰੀ ਨਾਲ ਉਸ ਦੀ ਜਾਨ ਬਚਾ ਲੈਂਦੀ ਹੈ ਤੇ ਨਿਰਮਲਾ ਦੇਵੀ ਨੂੰ ਜ਼ਿੰਦਗੀ ਦਾ ਨਵਾਂ ਸਬਕ ਮਿਲਦਾ ਹੈ।

ਇਸ ਫਿਲਮ ਦਾ ਸੰਗੀਤ ਵੀ ਸਧਾਰਨ ਪਰ ਫਿਲਮ ਦੀ ਪਟਕਥਾ ਮੁਤਾਬਿਕ ਢੁਕਵਾਂ ਹੈ। 'ਸਾਰੇ ਨਿਯਮ ਤੋੜ ਦੋ, ਨਿਯਮ ਪੇ ਚਲਨਾ ਛੋੜ ਦੋ' ਅਤੇ 'ਸੁਨ ਦੀਦੀ ਸੁਨ ਦੀਦੀ ਤੇਰੇ ਲੀਏ ਏਕ ਰਿਸ਼ਤਾ ਆਇਆ ਹੈ' ਉਸ ਸਮੇਂ ਦੀ ਅੱਲੜ੍ਹ ਪੀੜ੍ਹੀ ਵਿੱਚ ਖੂਬ ਮਕਬੂਲ ਹੋਏ ਸਨ। ਇਸ ਫਿਲਮ ਨੂੰ ਇੱਕ ਤੰਦਰੁਸਤ ਜੀਵਨ ਦਾ ਮੰਤਰ ਦੇਣ ਲਈ ਵੀ ਯਾਦ ਕੀਤਾ ਜਾਂਦਾ ਰਹੇਗਾ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER