ਮਨੋਰੰਜਨ
ਫਿਲਮ
ਭਾਰਤੀ ਕਾਮੇਡੀ ਫਿਲਮਾਂ ਵਿੱਚ ਮੀਲ ਪੱਥਰ ਹੈ ਫਿਲਮ 'ਚੁਪਕੇ-ਚੁਪਕੇ'
- ਕੁਲਦੀਪ ਕੌਰ
ਭਾਰਤੀ ਕਾਮੇਡੀ ਫਿਲਮਾਂ ਵਿੱਚ ਮੀਲ ਪੱਥਰ ਹੈ ਫਿਲਮ 'ਚੁਪਕੇ-ਚੁਪਕੇ'ਭਾਰਤੀ ਸਿਨੇਮਾ ਵਿੱਚ ਬਹੁਤ ਸਾਰੇ ਅਦਾਕਾਰਾਂ ਦੀ ਇਹ ਤ੍ਰਾਸਦੀ ਰਹੀ ਹੈ ਕਿ ਬਹੁਪੱਖੀ ਪ੍ਰਤਿਭਾ ਦੇ ਮਾਲਕ ਹੋਣ ਦੇ ਬਾਵਜੂਦ ਉਹ ਆਪਣੇ ਕੈਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਨਿਭਾਏ ਕਿਰਦਾਰਾਂ ਦੇ ਖਾਸ ਅਕਸ ਵਿੱਚ ਕੈਦ ਹੋ ਕੇ ਰਹਿ ਗਏ ਅਤੇ ਬਾਕੀ ਸਾਰੀ ਉਮਰ ਉਨ੍ਹਾਂ ਨੂੰ ਉਸੇ ਕਿਰਦਾਰ ਦੀਆਂ ਨਕਲਾਂ ਉਤਾਰਣੀਆਂ ਪੈ ਗਈਆਂ। ਫਿਲਮ 'ਚੁਪਕੇ-ਚੁਪਕੇ' ਉਸੇ ਸਾਲ ਰਿਲੀਜ਼ ਹੋਈ ਜਿਸ ਸਾਲ ਹਿੰਦੀ ਸਿਨੇਮਾ ਦੀ ਕਲਾਸਿਕ ਮੰਨੀ ਜਾਂਦੀ ਫਿਲਮ 'ਸ਼ੋਅਲੇ' ਰਿਲੀਜ਼ ਹੋਈ। 'ਸ਼ੋਅਲੇ' ਫਿਲਮ ਵਿੱਚ ਅਮਿਤਾਬ ਬੱਚਨ ਨੇ ਜਯ ਅਤੇ ਧਰਮਿੰਦਰ ਨੇ ਵੀਰੂ ਦੀ ਭੂਮਿਕਾ ਨਿਭਾਈ ਸੀ। ਇਸ ਭੂਮਿਕਾ ਦੇ ਵੱਖ-ਵੱਖ ਰੰਗਾਂ ਨੂੰ ਉਨ੍ਹਾਂ ਨੇ ਆਪਣੀਆਂ ਅਨੇਕਾਂ ਫਿਲਮਾਂ ਵਿੱਚ ਦੁਹਰਾਇਆ। ਇਸ ਭੂਮਿਕਾ ਦਾ ਅਮਿਤਾਬ ਬੱਚਨ ਨੂੰ ਹਿੰਦੀ ਸਿਨੇਮਾ ਦਾ 'ਐਂਗਰੀ ਯੰਗ ਮੈਨ' ਬਣਾਉਣ ਵਿੱਚ ਅਤੇ ਧਰਮਿੰਦਰ ਨੂੰ 'ਹੀਮੈਨ' ਬਣਾਉਣ ਵਿੱਚ ਵੀ ਵੱਡਾ ਰੋਲ ਸੀ।

ਅਮਿਤਾਬ ਬੱਚਨ ਅਤੇ ਧਰਮਿੰਦਰ ਦੀ ਅਦਾਕਾਰੀ ਦਾ ਅਸਲ ਰੂਪ ਰਿਸ਼ੀਕੇਸ਼ ਮੁਖਰਜੀ ਦੁਆਰਾ ਨਿਰਦੇਸ਼ਤ ਫਿਲਮ 'ਚੁਪਕੇ-ਚੁਪਕੇ' ਵਿੱਚ ਦੇਖਿਆ ਜਾ ਸਕਦਾ ਹੈ ਜਿਸ ਵਿੱਚ ਦੋਵਾਂ ਨੇ ਇੰਨੀ ਸੁਭਾਵਿਕ ਅਦਾਕਾਰੀ ਕੀਤੀ ਹੈ ਕਿ ਦਰਸ਼ਕਾਂ ਨੂੰ ਉਹ ਪਰਿਵਾਰਕ ਮੈਂਬਰਾਂ ਵਾਂਗ ਭਾਸਣ ਲੱਗਦੇ ਹਨ। ਇਹ ਫਿਲਮ ਇਸ ਗੱਲ ਦਾ ਵੀ ਸਬੂਤ ਹੈ ਕਿ ਇਨ੍ਹਾਂ ਦੋਵਾਂ ਅਦਾਕਾਰਾਂ ਨੂੰ 'ਸ਼ੋਅਲੇ' ਦੀ ਸਫਲਤਾ ਦੀ ਕਿੰਨੀ ਭਾਰੀ ਕੀਮਤ ਅਦਾ ਕਰਨੀ ਪਈ ਹੈ।

ਫਿਲਮ 'ਚੁਪਕੇ-ਚੁਪਕੇ' ਪੂਰੀ ਤਰ੍ਹਾਂ ਨਾਲ ਕਾਮੇਡੀ ਅਧਾਰਿਤ ਹੈ ਪਰ ਸਾਰੀ ਫਿਲਮ ਵਿੱਚ ਹਾਸਾ ਆਪਣੇ-ਆਪ ਅਜਿਹੀਆਂ ਸਥਿਤੀਆਂ ਤੋਂ ਉਪਜਦਾ ਹੈ ਜਿਨ੍ਹਾਂ ਵਿੱਚ ਕਿਰਦਾਰ ਆਪ-ਮੁਹਾਰੇ ਫਸਦੇ ਚਲੇ ਜਾਂਦੇ ਹਨ। ਰਿਸ਼ੀਕੇਸ਼ ਮੁਖਰਜੀ ਕਾਮੇਡੀ ਪੈਦਾ ਕਰਨ ਲਈ ਨਾ ਤਾਂ ਕਿਰਦਾਰਾਂ ਦੀਆਂ ਸਰੀਰਿਕ-ਮਾਨਸਿਕ ਕਮੀਆਂ ਦਾ ਮਜ਼ਾਕ ਉਡਾਉਣ ਦਾ ਤਰੀਕਾ ਅਪਣਾਉਂਦੇ ਹਨ ਅਤੇ ਨਾ ਹੀ ਉਨ੍ਹਾਂ ਲਈ ਕਾਮੇਡੀ ਦਾ ਅਰਥ ਕਿਰਦਾਰਾਂ ਨੂੰ ਇੱਕ-ਦੂਜੇ ਨੂੰ ਆਨੀ-ਬਹਾਨੀ ਜ਼ਲੀਲ ਕਰਨਾ ਹੈ ਸਗੋਂ ਉਨ੍ਹਾਂ ਦੇ ਕਿਰਦਾਰ ਜ਼ਿੰਦਗੀ ਨੂੰ ਹੱਸਦੇ-ਹੱਸਦੇ ਗੁਜ਼ਾਰਣ ਦਾ ਸੁਨੇਹਾ ਦੇਣ ਵਾਲੇ ਹੁੰਦੇ ਹਨ। ਇਸ ਫਿਲਮ ਵਿੱਚ ਸਾਰੀ ਕਾਮੇਡੀ ਫਿਲਮ ਦੇ ਜ਼ਬਰਦਸਤ ਸਕਰੀਨ-ਪਲੇਅ ਵਿੱਚੋਂ ਉਪਜਦੀ ਹੈ।
----------
ਰਿਸ਼ੀਕੇਸ਼ ਮੁਖਰਜੀ ਕਾਮੇਡੀ ਪੈਦਾ ਕਰਨ ਲਈ ਨਾ ਤਾਂ ਕਿਰਦਾਰਾਂ ਦੀਆਂ ਸਰੀਰਿਕ-ਮਾਨਸਿਕ ਕਮੀਆਂ ਦਾ ਮਜ਼ਾਕ ਉਡਾਉਣ ਦਾ ਤਰੀਕਾ ਅਪਣਾਉਂਦੇ ਹਨ ਅਤੇ ਨਾ ਹੀ ਉਨ੍ਹਾਂ ਲਈ ਕਾਮੇਡੀ ਦਾ ਅਰਥ ਕਿਰਦਾਰਾਂ ਨੂੰ ਇੱਕ-ਦੂਜੇ ਨੂੰ ਆਨੀ-ਬਹਾਨੀ ਜ਼ਲੀਲ ਕਰਨਾ ਹੈ ਸਗੋਂ ਉਨ੍ਹਾਂ ਦੇ ਕਿਰਦਾਰ ਜ਼ਿੰਦਗੀ ਨੂੰ ਹੱਸਦੇ-ਹੱਸਦੇ ਗੁਜ਼ਾਰਣ ਦਾ ਸੁਨੇਹਾ ਦੇਣ ਵਾਲੇ ਹੁੰਦੇ ਹਨ।
----------
ਫਿਲਮ ਦੀ ਕਹਾਣੀ ਅਨੁਸਾਰ ਪ੍ਰੋਫੈਸਰ ਪਰੀਮਲ ਤ੍ਰਿਪਾਠੀ (ਧਰਮਿੰਦਰ) ਬਨਸਪਤੀ ਵਿਗਿਆਨ ਪੜ੍ਹਾਉਂਦਾ ਹੈ ਅਤੇ ਸੁਭਾਅ ਤੋਂ ਕਾਫੀ ਮਜ਼ਾਕੀਆ ਹੈ। ਇੱਕ ਵਾਰ ਕਾਲਜ ਵਿੱਚ ਹੋਏ ਇੱਕ ਪ੍ਰੋਗਰਾਮ ਦੌਰਾਨ ਉਸ ਦੀ ਮੁਲਾਕਾਤ ਸੁਲੇਖਾ ਚਤੁਰਵੇਦੀ (ਸ਼ਰਮੀਲਾ ਟੈਗੋਰ) ਨਾਲ ਹੁੰਦੀ ਹੈ ਜੋ ਪਿਆਰ ਵਿੱਚ ਵੱਟ ਜਾਂਦੀ ਹੈ। ਉਸ ਦੇ ਜਾਣੂ ਇੱਕ ਗੈਸਟ ਹਾਊਸ ਦੇ ਚੌਕੀਦਾਰ ਨੂੰ ਪਿੰਡ ਜਾਣ ਲਈ ਜਦੋਂ ਛੁੱਟੀ ਨਹੀਂ ਮਿਲਦੀ ਤਾਂ ਪ੍ਰੋਫੈਸਰ ਪਰੀਮਲ ਤ੍ਰਿਪਾਠੀ ਉਸ ਦੀ ਮਦਦ ਕਰਨ ਲਈ ਖੁਦ ਚੌਕੀਦਾਰ ਬਣ ਕੇ ਉਸ ਦੀ ਥਾਂ 'ਤੇ ਡਿਊਟੀ ਕਰਨ ਲੱਗਦਾ ਹੈ। ਇਸ ਤੋਂ ਪ੍ਰਭਾਵਿਤ ਹੋ ਕੇ ਸੁਲੇਖਾ ਉਸ ਨਾਲ ਮੰਦਿਰ ਵਿੱਚ ਵਿਆਹ ਕਰਵਾ ਲੈਂਦੀ ਹੈ ਤੇ ਸੋਚਦੀ ਹੈ ਕਿ ਮੌਕਾ ਆਉਣ 'ਤੇ ਘਰਦਿਆਂ ਨੂੰ ਦੱਸ ਦਿਆਂਗੇ ਪਰ ਉਹ ਆਪਣੇ ਜੀਜੇ (ਓਮ ਪ੍ਰਕਾਸ਼) ਦੀ ਵਿਦਵਤਾ ਤੋਂ ਇੰਨੀ ਪ੍ਰਭਾਵਿਤ ਹੈ ਕਿ ਉਹ ਝਿਜਕ ਜਾਂਦੀ ਹੈ।

ਦੂਜੇ ਪਾਸੇ ਉਸ ਦਾ ਜੀਜਾ ਆਪਣੇ ਮਿੱਤਰ ਨੂੰ ਪੱਤਰ ਲਿਖ ਕੇ ਇੱਕ ਅਜਿਹੇ ਡਰਾਈਵਰ ਦਾ ਇੰਤਜ਼ਾਮ ਕਰਨ ਲਈ ਆਖਦਾ ਹੈ ਜਿਸ ਨੂੰ ਸ਼ੁੱਧ ਹਿੰਦੀ ਆਉਂਦੀ ਹੋਵੇ ਕਿਉਂਕਿ ਉਸ ਦਾ ਮੌਜੂਦਾ ਡਰਾਈਵਰ (ਕੇਸ਼ਟੋ ਮੁਖਰਜੀ) ਹਿੰਦੀ ਦੀ ਵਿਆਕਰਣ ਗਲਤ ਬੋਲਦਾ ਹੈ।ਪ੍ਰੋਫੈਸਰ ਪਰੀਮਲ ਤ੍ਰਿਪਾਠੀ ਨੂੰ ਸੁਲੇਖਾ ਦੇ ਜੀਜੇ 'ਤੇ ਆਪਣੀ ਵਿਦਵਤਾ ਦਾ ਰੋਅਬ ਜਮਾਉਣ ਦਾ ਇਹ ਸੁਨਹਿਰੀ ਮੌਕਾ ਲੱਗਦਾ ਹੈ ਤੇ ਉਹ ਸੁਲੇਖਾ ਦੇ ਘਰ ਡਰਾਈਵਰ ਪਿਆਰੇ ਲਾਲ ਬਣ ਕੇ ਆ ਜਾਂਦਾ ਹੈ। ਉਹ ਅਤੇ ਸੁਲੇਖਾ ਜੀਜਾ ਜੀ ਸਾਹਮਣੇ ਇੱਦਾਂ ਦਾ ਵਰਤਾਓ ਕਰਦੇ ਹਨ ਜਿਵੇਂ ਦੋਵਾਂ ਨੂੰ ਆਪਸ ਵਿੱਚ ਗਹਿਰੀ ਮੁਹੱਬਤ ਹੋਵੇ। ਜੀਜਾ ਇੱਕ ਡਰਾਈਵਰ ਦੇ ਇੱਦਾਂ ਦੇ ਵਰਤਾਓ 'ਤੇ ਖਫਾ ਖੂੰਨ ਹੁੰਦਾ ਰਹਿੰਦਾ ਹੈ।

ਇਸ ਖੇਡ ਨੂੰ ਜ਼ਿਆਦਾ ਮਜ਼ੇਦਾਰ ਬਣਾਉਣ ਦੇ ਚੱਕਰ ਵਿੱਚ ਉਹ ਆਪਣੇ ਇੱਕ ਹੋਰ ਪ੍ਰਫੈਸਰ ਮਿੱਤਰ ਸੁਕੁਮਾਰ ਸਿਨਹਾ (ਅਮਿਤਾਬ ਬੱਚਨ) ਨੂੰ ਪ੍ਰੋਫੈਸਰ ਪਰੀਮਲ ਤ੍ਰਿਪਾਠੀ ਦੇ ਤੌਰ 'ਤੇ ਸ਼ਾਮਿਲ ਕਰ ਲੈਂਦੇ ਹਨ ਜਿਸ ਨੂੰ ਉਸੇ ਘਰ ਦੀ ਇੱਕ ਹੋਰ ਕੁੜੀ ਵਸੁਧਾ (ਜਯਾ ਭਾਦੁੜੀ) ਨਾਲ ਪਿਆਰ ਹੋ ਜਾਂਦਾ ਹੈ। ਇਸ ਸਾਰੀ ਸਥਿਤੀ ਵਿੱਚ ਲਗਾਤਾਰ ਹਾਸੇ ਵਾਲੀਆਂ ਸਥਿਤੀਆਂ ਉਪਜਦੀਆਂ ਰਹਿੰਦੀਆਂ ਹਨ। ਜਦੋਂ ਆਖਰ ਵਿੱਚ ਪੂਰੀ ਘੁੰਡੀ ਖੁਲਦੀ ਹੈ ਤਾਂ ਕਿਰਦਾਰਾਂ ਦੇ ਨਾਲ-ਨਾਲ ਦਰਸ਼ਕ ਵੀ ਹੱਸ-ਹੱਸ ਲੋਟ-ਪੋਟ ਹੋ ਜਾਂਦੇ ਹਨ।

ਫਿਲਮ ਦਾ ਸੰਗੀਤ ਵੀ ਆਪਣੇ-ਆਪ ਵਿਚ ਆਪਣੀ ਉਦਾਹਰਣ ਆਪ ਹੈ। ਫਿਲਮ ਦਾ ਬੇਹੱਦ ਮਾਰਮਿਕ ਗਾਣਾ, 'ਚਲ ਪਰਵਈਆਂ' ਜਿੰਨੀ ਰੂਹ ਨਾਲ ਲਤਾ ਨੇ ਗਾਇਆ ਹੈ, ਉਸ ਤੋਂ ਵੀ ਵਧੀਆ ਤਰੀਕੇ ਨਾਲ ਫਿਲਮਾਇਆ ਗਿਆ ਹੈ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER