ਮਨੋਰੰਜਨ
ਮਿਲਣ ਤੇ ਵਿਛੜਣ ਦੀ ਨਵੀਂ ਵਿਆਖਿਆ ਕਰਦੀ ਫਿਲਮ 'ਇਜਾਜ਼ਤ'
- ਕੁਲਦੀਪ ਕੌਰ
ਮਿਲਣ ਤੇ ਵਿਛੜਣ ਦੀ ਨਵੀਂ ਵਿਆਖਿਆ ਕਰਦੀ ਫਿਲਮ 'ਇਜਾਜ਼ਤ'ਫਿਲਮ 'ਇਜਾਜ਼ਤ' ਜਦੋਂ ਰਿਲੀਜ਼ ਹੋਈ ਤਾਂ ਇੱਕ ਵਾਰ ਫਾਰਮੂਲਾ ਆਧਾਰਿਤ ਪ੍ਰੇਮ-ਕਹਾਣੀਆਂ ਅਤੇ ਪਿਆਰ-ਤਿਕੋਣਾਂ 'ਤੇ ਪਟਕਥਾਵਾਂ ਲਿਖਣ ਵਾਲੇ ਦੰਗ ਰਹਿ ਗਏ। ਇਹ ਫਿਲਮ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਹੀ ਤਜਰਬਾ ਸੀ। ਇਸ ਫਿਲਮ ਦੀ ਨਾ ਸਿਰਫ ਕਹਾਣੀ ਹੀ ਵੱਖਰੀ ਸੀ, ਸਗੋਂ ਇਸ ਕਹਾਣੀ ਨੂੰ ਫਿਲਮਾਇਆ ਵੀ ਬੇਹੱਦ ਕਾਵਿਮਈ ਢੰਗ ਨਾਲ ਸੀ। ਫਿਲਮ ਦੇ ਤਿੰਨੇ ਕਿਰਦਾਰ ਇੱਕ-ਦੂਜੇ ਨਾਲ ਰਹਿੰਦਿਆਂ ਵੀ ਇੱਕ-ਦੂਜੇ ਨਾਲ ਨਹੀਂ ਰਹਿੰਦੇ। ਉਹ ਨਾ ਤਾਂ ਪੂਰੀ ਤਰ੍ਹਾਂ ਮਿਲਦੇ ਹਨ ਤੇ ਨਾ ਹੀ ਪੂਰੀ ਤਰ੍ਹਾਂ ਵਿਛੜਦੇ ਹਨ।

ਫਿਲਮ ਵਿੱਚ ਗੁਲਜ਼ਾਰ ਦੀ ਸ਼ਬਦਾਂ ਵਿੱਚ ਲਿਖੀ ਕਵਿਤਾ ਨੂੰ ਦ੍ਰਿਸ਼ਾਂ ਵਿੱਚ ਫਿਲਮਾਇਆ ਗਿਆ ਹੈ। ਫਿਲਮ ਦੇਖਦੇ ਹੋਏ ਪਾਣੀ ਦੀਆਂ ਲਟਕਦੀਆਂ ਹੋਈਆਂ ਬੂੰਦਾਂ, ਡਿੱਗਣ ਤੋਂ ਇੱਕਦਮ ਪਹਿਲਾਂ ਟਹਿਣੀਆਂ 'ਤੇ ਲਟਕਦੇ ਪੱਤੇ, ਘਰਾਂ ਦੇ ਸਾਰੇ ਕਮਰਿਆਂ ਵਿੱਚ ਵਿਉਂਤਬੱਧ ਢੰਗ ਨਾਲ ਚਿਣੇ ਪੌਦੇ ਅਤੇ ਰਸਤਿਆਂ ਦਾ ਇੱਕ-ਦੂਜੇ ਨੂੰ ਕੱਟਦੇ ਹੋਏ ਗੁਜ਼ਰਨਾ ਇਹ ਸਾਰਾ ਕੁਝ ਵੀ ਕਹਾਣੀ ਦਾ ਕਿਰਦਾਰ ਬਣਦਾ ਹੈ। ਇਸ ਤੋਂ ਬਿਨਾਂ ਫਿਲਮ ਵਿੱਚ ਕਿਰਦਾਰਾਂ ਦਾ ਜੀਵਨ ਢੰਗ ਵੀ ਲੀਹ ਨਾਲੋਂ ਹੱਟਵਾਂ ਹੈ।

ਫਿਲਮ ਦੀ ਕਹਾਣੀ ਅਨੁਸਾਰ ਮਹਿੰਦਰ (ਨਸੀਰੂਦੀਨ ਸ਼ਾਹ) ਇੱਕ ਰੇਲਵੇ ਪਲੇਟਫਾਰਮ 'ਤੇ ਰਾਤ ਗੁਜ਼ਾਰਨ ਲਈ ਰੁਕਦਾ ਹੈ। ਉੱਥੇ ਵੇਟਿੰਗ ਰੂਮ ਵਿੱਚ ਉਸ ਦੀ ਮੁਲਾਕਾਤ ਸੁਧਾ (ਰੇਖਾ) ਨਾਲ ਹੁੰਦੀ ਹੈ। ਸੁਧਾ ਉਸ ਦੀ ਪਤਨੀ ਰਹਿ ਚੁੱਕੀ ਹੈ। ਉਹ ਦੋਵੇਂ ਹੈਰਾਨ-ਪਰੇਸ਼ਾਨ ਹੋ ਜਾਂਦੇ ਹਨ। ਫਿਰ ਹੌਲੀ-ਹੌਲੀ ਉਹ ਆਪਣੇ ਅਤੀਤ ਦੀਆਂ ਪਰਤਾਂ ਫਰੋਲਣੀਆਂ ਸ਼ੁਰੂ ਕਰਦੇ ਹਨ। ਦਰਸ਼ਕਾਂ ਨੂੰ ਇਹ ਸੁਣ ਕੇ ਹੈਰਾਨੀ ਹੁੰਦੀ ਹੈ ਕਿ ਸੁਧਾ ਨੇ ਇਹ ਜਾਣਦੇ-ਬੁੱਝਦਿਆਂ ਵੀ ਮਹਿੰਦਰ ਨਾਲ ਵਿਆਹ ਕਰਵਾਇਆ ਸੀ ਕਿ ਉਹ ਪਹਿਲਾਂ ਹੀ ਮਾਇਆ (ਅਨੁਰਾਧਾ ਪਟੇਲ) ਨਾਲ ਰਹਿ ਰਿਹਾ ਹੈ ਤੇ ਸੁਧਾ ਨੂੰ ਵੀ ਉਹ ਸਾਰਾ ਕੁਝ ਦੱਸ ਚੁੱਕਾ ਹੈ। ਉਹ ਸੁਧਾ ਨਾਲ ਵਿਆਹ ਤੋਂ ਪਹਿਲਾ ਮਾਇਆ ਨੂੰ ਲੱਭਣ ਵੀ ਜਾਂਦਾ ਹੈ ਪਰ ਮਾਇਆ ਦੀ ਆਦਤ ਹੈ ਕਿ ਉਹ ਹਫਤਿਆਂ ਤੇ ਮਹੀਨਿਆਂ ਬੱਧੀ ਘਰੋਂ ਗਾਇਬ ਹੋ ਜਾਂਦੀ ਹੈ। ਉਸ ਨੂੰ ਇੱਦਾਂ ਹੀ ਜਿਊਣ ਦੀ ਆਦਤ ਹੈ ਅਤੇ ਮਹਿੰਦਰ ਉਸ ਦੀ ਇਸੇ ਆਜ਼ਾਦ ਖਿਆਲੀ ਕਾਰਨ ਉਸ ਨੂੰ ਪਸੰਦ ਕਰਦਾ ਹੈ। ਪਰ ਇਸੇ ਆਜ਼ਾਦ ਖਿਆਲੀ ਕਾਰਨ ਉਸ ਦੇ ਮਨ ਵਿੱਚ ਮਾਇਆ ਦੇ ਫੈਸਲਿਆਂ ਨੂੰ ਲੈ ਕੇ ਇੱਕ ਅਨਿਸ਼ਚਿਤਤਾ ਅਤੇ ਬੇਭਰੋਸਗੀ ਵੀ ਲਗਾਤਾਰ ਬਣੀ ਰਹਿੰਦੀ ਹੈ। ਉਸ ਨੂੰ ਇਹ ਵੀ ਪੂਰੀ ਤਰ੍ਹਾਂ ਸ਼ਪਸੱਟ ਨਹੀਂ ਕਿ ਮਾਇਆ ਉਸ ਨੂੰ ਪਿਆਰ ਕਰਦੀ ਹੈ ਜਾਂ ਨਹੀਂ? ਇਸੇ ਕਸ਼ਮਕਸ਼ ਵਿੱਚ ਉਹ ਸੁਧਾ ਨਾਲ ਵਿਆਹ ਕਰਵਾ ਲੈਂਦਾ ਹੈ। ਸੁਧਾ ਸੁਲ਼ਝੀ ਹੋਈ ਕੁੜੀ ਹੈ ਜਿਸ ਨੂੰ ਲੱਗਦਾ ਹੈ ਕਿ ਮਾਇਆ ਮਹਿੰਦਰ ਦਾ ਬੀਤਿਆ ਕੱਲ ਹੈ ਅਤੇ ਉਹ ਉਸ ਦਾ ਅੱਜ ਹੈ ਪਰ ਸਥਿਤੀਆਂ ਉਦੋਂ ਅਣਕਿਆਸਿਆ ਮੋੜ ਲੈ ਲੈਂਦੀਆਂ ਹਨ ਜਦੋਂ ਮਹਿੰਦਰ ਕੱਲ੍ਹ ਤੇ ਅੱਜ ਵਿਚਕਾਰ ਸਫਰ ਕਰਨਾ ਜਾਰੀ ਰੱਖਦਾ ਹੈ। ਮਾਇਆ ਨੂੰ ਉਸ ਦੇ ਵਿਆਹ ਨਾਲ ਧੱਕਾ ਤਾਂ ਲੱਗਦਾ ਹੈ ਪਰ ਉਸ ਦਾ ਕਵੀ ਮਨ ਇਸ ਨੂੰ ਵੀ ਇੱਕ ਨਵੇਂ ਸਿਰਜਕ ਵਿਚਾਰ ਦੇ ਤੌਰ 'ਤੇ ਲੈਂਦਾ ਹੈ। ਉੱਧਰ ਸੁਧਾ ਨੂੰ ਲੱਗਦਾ ਹੈ ਕਿ ਮਾਇਆ ਦੀ ਛੋਹ ਘਰ ਦੀ ਹਰ ਸ਼ੈਂਅ ਵਿੱਚ ਵਸੀ ਹੋਈ ਹੈ ਤੇ ਚਾਹ ਕੇ ਵੀ ਉਹ ਇਸ ਸਥਿਤੀ ਨਾਲ ਸਮਝੌਤਾ ਨਹੀਂ ਕਰ ਸਕਦੀ। ਮਾਇਆ ਆਪਣੀਆਂ ਕਲਪਨਾਵਾਂ ਅਤੇ ਸੋਚਾਂ ਦੇ ਸੰਸਾਰ ਨੂੰ ਹਕੀਕਤ ਦਾ ਰੂਪ ਦੇਣ ਲਈ ਕਈ ਤਰ੍ਹਾਂ ਨਾਲ ਯਤਨ ਕਰਦੀ ਹੈ। ਮਹਿੰਦਰ ਨੂੰ ਭਾਵਨਾਤਮਕ ਤੌਰ 'ਤੇ ਬਲੈਕਮੇਲ ਕਰਨ ਲਈ ਉਹ ਨੀਂਦ ਦੀਆਂ ਗੋਲੀਆਂ ਖਾ ਕੇ ਮਰਨ ਦੀ ਕੋਸ਼ਿਸ਼ ਕਰਦੀ ਹੈ। ਨਤੀਜੇ ਦੇ ਤੌਰ 'ਤੇ ਮਹਿੰਦਰ ਨੂੰ ਉਸ ਕੋਲ ਹਸਪਤਾਲ ਜਾਣਾ ਪੈਂਦਾ ਹੈ ਤੇ ਸੁਧਾ ਇਸ ਤੋਂ ਅਣਜਾਣ ਮਹਿੰਦਰ ਦੇ ਗਾਇਬ ਹੋਣ ਤੋਂ ਨਾਰਾਜ਼ ਘਰ ਛੱਡ ਦਿੰਦੀ ਹੈ। ਮਹਿੰਦਰ ਨੂੰ ਇਸ ਸਾਰੇ ਹਾਲਾਤ ਕਾਰਨ ਦਿਲ ਦਾ ਦੌਰਾ ਪੈ ਜਾਂਦਾ ਹੈ। ਉਸ ਦੀ ਦੇਖਭਾਲ ਮਾਇਆ ਦੇ ਸਿਰ ਆ ਜਾਂਦੀ ਹੈ। ਇਸ ਸਾਰੇ ਘਟਨਾਕ੍ਰਮ ਤੋਂ ਪੰਜ ਸਾਲ ਬਾਅਦ ਮਹਿੰਦਰ ਤੇ ਸੁਧਾ ਦੀ ਮੁਲਾਕਾਤ ਰੇਲਵੇ ਦੇ ਇਸ ਵੇਟਿੰਗ ਰੂਮ ਵਿੱਚ ਹੁੰਦੀ ਹੈ। ਸੁਧਾ ਨੂੰ ਇੱਥੇ ਹੀ ਮਾਇਆ ਦੀ ਮੌਤ ਬਾਰੇ ਪਤਾ ਲੱਗਦਾ ਹੈ ਤਾਂ ਉਹ ਹੋਣੀ ਦੇ ਅਜੀਬ ਢੰਗਾਂ 'ਤੇ ਹੈਰਾਨ ਹੋ ਜਾਂਦੀ ਹੈ। ਉਸ ਨੂੰ ਘਰ ਛੱਡਣ ਦੇ ਆਪਣੇ ਕਾਹਲੇ ਫੈਸਲੇ ਤੇ ਅਫਸੋਸ ਵੀ ਹੁੰਦਾ ਹੈ।

ਗੁਲਜ਼ਾਰ ਨੇ ਬੇਸ਼ੱਕ ਪਿਆਰ ਦੇ ਇਸ ਤਿਕੋਣ ਨੂੰ ਸੰਵੇਦਨਸ਼ੀਲ ਤਰੀਕੇ ਨਾਲ ਫਿਲਮਾਇਆ ਹੈ ਪਰ ਇਸ ਫਿਲਮ ਨੇ ਰਿਸ਼ਤਿਆਂ ਦੇ ਦਾਇਰਿਆਂ ਬਾਰੇ ਕਈ ਮਹੱਤਵਪੂਰਨ ਸਵਾਲ ਖੜ੍ਹੇ ਕੀਤੇ। ਆਲੋਚਕਾਂ ਨੇ ਇਸ ਫਿਲਮ ਵਿੱਚਲੇ ਮਾਇਆ ਦੇ ਕਿਰਦਾਰ ਨੂੰ ਸਮੇਂ ਤੋਂ ਅੱਗੇ ਦਾ ਕਿਰਦਾਰ ਦੱਸਿਆ ਪਰ ਨਾਲ ਹੀ ਇਸ ਫਿਲਮ ਨੂੰ ਮਰਦ ਕਿਰਦਾਰ ਦੇ ਦੋਗਲੇਪਣ ਨੂੰ ਜ਼ਾਇਜ਼ ਠਹਿਰਾਉਂਦੀ ਦੱਸਿਆ ਗਿਆ। ਫਿਲਮ ਦੀ ਇਸ ਪੱਖ ਤੋਂ ਵੀ ਆਲੋਚਨਾ ਹੋਈ ਕਿ ਕੀ ਸੁਧਾ ਦੀ 'ਸ਼ਹਾਦਤ' ਦੀ ਥਾਂ ਕਹਾਣੀ ਨੂੰ ਕੋਈ ਹੋਰ ਮੋੜ ਨਹੀਂ ਸੀ ਦਿੱਤਾ ਜਾ ਸਕਦਾ।

ਇਸ ਫਿਲਮ ਦੇ ਗਾਣਿਆਂ ਨੂੰ ਸਮਝੇ ਬਿਨਾਂ ਫਿਲਮ ਵਿੱਚ ਹਵਾ ਵਾਂਗ ਮੌਜੂਦ ਗੁਲਜ਼ਾਰ ਦੀ ਕਵਿਤਾ ਨੂੰ ਨਹੀਂ ਸਮਝਿਆ ਜਾ ਸਕਦਾ।ਫਿਲਮ ਦਾ ਗਾਣਾ 'ਮੇਰਾ ਕੁਝ ਸਾਮਾਨ ਤੁਮ੍ਹਾਰੇ ਪਾਸ ਪੜਾ ਹੈ…ਪੱਤਝੜ੍ਹ ਹੈ ਕੁਛ…ਹੈ ਨਾ?
ਪੱਤਝੜ੍ਹ ਮੇਂ ਕੁਝ ਪੱਤੋਂ ਕੇ ਗਿਰਨੇ ਕੀ ਆਹਟ,
ਕਾਨੋਂ ਮੇਂ ਏਕ ਬਾਰ ਪਹਿਨ ਕੇ ਲੌਟਾਈ ਥੀ..
ਪੱਤਝੜ੍ਹ ਕੀ ਵੋਹ ਸ਼ਾਖ ਅਭੀ ਤੱਕ ਕਾਂਪ ਰਹੀ ਹੈ,
ਵੋਹ ਸ਼ਾਖ ਗਿਰਾ ਦੋ,
ਮੇਰਾ ਵੋ ਸਾਮਾਨ ਲੌਟਾ ਦੋ..' ਭਾਰਤੀ ਫਿਲਮ ਸੰਗੀਤ ਵਿੱਚ ਕਲਾਸਿਕ ਦਾ ਦਰਜਾ ਰੱਖਦਾ ਹੈ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER