ਮਨੋਰੰਜਨ
ਬਿਹਾਰ ਦੀ ਸਿਆਸਤ ਦੀਆਂ ਪਰਤਾਂ ਫਰੋਲਦਾ ਪ੍ਰਕਾਸ਼ ਝਾਅ ਦਾ ਸਿਨੇਮਾ
- ਕੁਲਦੀਪ ਕੌਰ
ਬਿਹਾਰ ਦੀ ਸਿਆਸਤ ਦੀਆਂ ਪਰਤਾਂ ਫਰੋਲਦਾ ਪ੍ਰਕਾਸ਼ ਝਾਅ ਦਾ ਸਿਨੇਮਾਪ੍ਰਕਾਸ਼ ਝਾਅ ਆਪਣੀ ਫਿਲਮ 'ਹਿੱਪ ਹਿੱਪ ਹੁਰੇ' ਨਾਲ ਚਰਚਾ ਵਿੱਚ ਆਏ। ਇਹ ਫਿਲਮ ਗੁਲਜ਼ਾਰ ਨੇ ਲਿਖੀ ਸੀ। ਇਸ ਵਿੱਚ ਮੁੱਖ ਭੂਮਿਕਾਵਾਂ ਦੀਪਤੀ ਨਵਲ ਅਤੇ ਰਾਜ ਕਿਰਣ ਨੇ ਅਦਾ ਕੀਤੀਆਂ ਸਨ। ਫਿਲਮ ਵਿਦਿਆਰਥੀ ਸਿਆਸਤ ਨਾਲ ਸਬੰਧਿਤ ਸੀ ਅਤੇ 'ਜ਼ਿੰਦਗੀ ਵੀ ਖੇਡ ਦਾ ਮੈਦਾਨ ਹੈ ਜਿਸ ਵਿੱਚ ਜਿੱਤਦਾ ਉਹੀ ਹੈ ਜੋ ਖੇਡ ਭਾਵਨਾ ਨਾਲ ਖੇਡਦਾ ਹੈ' ਰੂਪੀ ਸਨੇਹਾ ਦਿੰਦੀ ਇਹ ਫਿਲਮ ਆਪਣੇ ਗੁੰਦੇ ਹੋਏ ਕਥਾਨਿਕ ਅਤੇ ਗੀਤਾਂ ਦੇ ਬੋਲਾਂ ਕਾਰਨ ਸੁਰਖੀਆਂ ਦਾ ਹਿੱਸਾ ਬਣੀ।

ਇਸ ਫਿਲਮ ਤੋਂ ਬਾਅਦ ਪ੍ਰਕਾਸ਼ ਝਾਅ ਨੇ ਫਿਲਮ ਨਿਰਦੇਸ਼ਿਤ ਕੀਤੀ 'ਦਾਮੁਲ'। 1985 ਵਿੱਚ ਰਿਲੀਜ਼ ਹੋਈ ਇਹ ਫਿਲਮ ਬੰਧੂਆ ਮਜ਼ਦੂਰੀ ਦੇ ਜਾਤ ਅਤੇ ਜ਼ਮੀਨ ਨਾਲ ਸਬੰਧਾਂ ਨੂੰ ਘੋਖਦੀ ਹੈ। ਫਿਲਮ ਬਿਹਾਰ ਦੇ ਕਹਾਣੀਕਾਰ ਸਾਹੀਵਾਲ ਦੀ ਕਹਾਣੀ 'ਕਾਲਸੂਤਰਾ' 'ਤੇ ਆਧਾਰਿਤ ਸੀ। ਇਸ ਵਿੱਚ ਮੁੱਖ ਭੂਮਿਕਾਵਾਂ ਅਨੂ ਕਪੂਰ, ਸ਼ੀਲਾ ਮਜੂਮਦਾਰ, ਮਨੋਹਰ ਸਿੰਘ ਅਤੇ ਦੀਪਤੀ ਨਵਲ ਨੇ ਨਿਭਾਈਆਂ ਸਨ। ਫਿਲਮ ਦਾ ਮੁੱਖ ਕਿਰਦਾਰ ਆਪਣੇ ਮਾਲਿਕ ਦੀ ਮਰਜ਼ੀ ਦਾ ਗੁਲਾਮ ਹੈ ਜਿਸ ਨੂੰ ਮਾਲਿਕ ਜੁਰਮਾਂ ਦੀ ਦੁਨੀਆ ਵਿੱਚ ਧਕੇਲ ਦਿੰਦਾ ਹੈ। ਭੱਜਣ ਦੇ ਸਾਰੇ ਰਾਹ ਬੰਦ ਹਨ। ਇਸ ਫਿਲਮ ਵਿੱਚ ਪਹਿਲੀ ਵਾਰ ਉਨ੍ਹਾਂ ਤ੍ਰਾਸਦਿਕ ਸਥਿਤੀਆਂ ਦੀ ਪੇਸ਼ਕਾਰੀ ਕੀਤੀ ਗਈ ਜਿਸ ਕਾਰਨ ਬਿਹਾਰੀ ਮਜ਼ਦੂਰਾਂ ਨੂੰ ਬੇਬੱਸ ਹੋ ਕੇ ਆਪਣੇ ਘਰ-ਬਾਰ ਛੱਡ ਕੇ ਪੰਜਾਬ ਵਰਗੇ ਸੂਬਿਆਂ ਦਾ ਰੁੱਖ ਕਰਨਾ ਪੈਂਦਾ ਹੈ। ਫਿਲਮ ਇੱਕ ਪਾਸੇ ਪਿਛੜੇਪਣ ਦੀ ਸਿਆਸਤ 'ਤੇ ਨਜ਼ਰਸਾਨੀ ਕਰਦੀ ਹੈ ੳੁੱਥੇ ਇਸ ਦੇ ਸਭ ਤੋਂ ਮਾੜੇ ਸ਼ਿਕਾਰਾਂ ਦੇ ਧਰਮ ਅਤੇ ਜਾਤ ਦੇ ਨਾਮ 'ਤੇ ਹੁੰਦੇ ਸ਼ੋਸ਼ਣ ਨੂੰ ਵੀ ਸੰਬੋਧਿਤ ਹੁੰਦੀ ਹੈ।

'ਦਾਮੁਲ' ਲਈ ਰਾਸ਼ਟਰੀ ਪੁਰਸਕਾਰ ਜਿੱਤਣ ਤੋਂ ਬਾਅਦ ਪ੍ਰਕਾਸ਼ ਝਾਅ ਦੀ ਅਗਲੀ ਫਿਲਮ 'ਪਰੀਨੀਤੀ' ਰਾਜਸਥਾਨ ਦੀ ਇੱਕ ਲੋਕ-ਗਾਥਾ 'ਤੇ ਆਧਾਰਿਤ ਸੀ। ਦਿਲਚਸਪ ਤੱਥ ਇਹ ਹੈ ਕਿ ਇਸ ਫਿਲਮ ਵਿੱਚ ਪ੍ਰਕਾਸ਼ ਝਾਅ ਜ਼ਿੰਦਗੀ ਦੀ ਇੱਕ ਵੱਖਰੀ ਹੀ ਧਾਰਨਾ ਦਰਸ਼ਕਾਂ ਅੱਗੇ ਰੱਖਦਾ ਹੈ। ਫਿਲਮ ਦਾ ਸਿਰਲੇਖ ਹੀ ਸੀ- 'ਪਰੀਨੀਤੀ' ਅਰਥਾਤ ਜੋ ਵਾਪਰਨਾ ਤੈਅ ਹੈ ਅਤੇ ਕਿਸੇ ਵੀ ਕੀਮਤ 'ਤੇ ਬਦਲਿਆ ਨਹੀਂ ਜਾ ਸਕਦਾ। ਫਿਲਮ ਦੀ ਪਟਕਥਾ ਅਨੁਸਾਰ ਗਣੇਸ਼ ਅਤੇ ਉਸ ਦੀ ਪਤਨੀ ਕੁੰਜਣ ਘੁਮਿਆਰ ਹਨ ਅਤੇ ਆਪਣੇ ਇਕਲੌਤੇ ਮੁੰਡੇ ਨਾਲ ਸੁਖੀ ਵਸਦੇ ਹਨ। ਉਨ੍ਹਾਂ ਦੀ ਜ਼ਿੰਦਗੀ ਦੀਆਂ ਖੁਸ਼ੀਆਂ ਭੋਲੀਆਂ-ਭਾਲੀਆਂ ਹਨ ਜਿਵੇਂ ਕਿ ਆਪਣੀ ਹੋਣ ਵਾਲੀ ਇਕਲੌਤੀ ਨੂੰਹ ਅਤੇ ਮੁੰਡੇ ਦੀਆਂ ਖੁਸ਼ੀਆਂ ਲਈ ਕਤਰਾ-ਕਤਰਾ ਜੋੜਨਾ। ਪਰ ਉਨ੍ਹਾਂ ਦੀ ਹੋਣੀ ਉਨ੍ਹਾਂ ਅੱਗੇ ਇੱਕ ਨਵਾਂ ਜਾਲ ਵਿਛਾਉਦੀਂ ਹੈ। ਗਣੇਸ਼ ਅਤੇ ਉਸ ਦੇ ਪਰਿਵਾਰ ਨੂੰ ਇੱਕ ਧਨੀ ਸੇਠ ਆਪਣੀ ਜੰਗਲ ਵਿੱਚ ਖਾਲੀ ਪਈ ਧਰਮਸ਼ਾਲਾ ਸੰਭਾਲਣ ਦਾ ਕੰਮ ਦੇ ਦਿੰਦਾ ਹੈ, ਜਿੱਥੇ ਉਸ ਦੀ ਮੁਲਾਕਾਤ ਇੱਕ ਅਮੀਰ ਪਤੀ-ਪਤਨੀ ਨਾਲ ਹੁੰਦੀ ਹੈ। ਉਹ ਬਹਿਲਾ-ਫੁਸਲਾ ਕੇ ਉਨ੍ਹਾਂ ਦੇ ਮੁੰਡੇ ਨੂੰ ਆਪਣੇ ਨਾਲ ਕਿਸੇ ਦੂਰ ਦੇ ਸ਼ਹਿਰ ਲੈ ਜਾਂਦੇ ਹਨ। ਮੁੰਡੇ ਦੇ ਵਿਯੋਗ ਵਿੱਚ ਤੜਫਦੇ ਪਤੀ-ਪਤਨੀ ਨੂੰ ਜਾਪਦਾ ਹੈ ਕਿ ਜੇਕਰ ਉਹ ਅਮੀਰ ਹੁੰਦੇ ਤਾਂ ਉਨ੍ਹਾਂ ਦਾ ਮੁੰਡਾ ਉਨ੍ਹਾਂ ਤੋਂ ਕਦੇ ਅੱਡ ਨਹੀਂ ਸੀ ਹੋਣਾ। ਉਨ੍ਹਾਂ 'ਤੇ ਅਮੀਰ ਹੋਣ ਦੀ ਅਜਿਹੀ ਵਹਿਸ਼ਤ ਸਵਾਰ ਹੁੰਦੀ ਹੈ ਕਿ ਉਹ ਧਰਮਸ਼ਾਲਾ ਵਿੱਚ ਰਾਤ ਕੱਟਣ ਆਏ ਯਾਤਰੀਆਂ ਨੂੰ ਮਾਰਨਾ ਸ਼ੁਰੂ ਕਰ ਦਿੰਦੇ ਹਨ ਤਾਂ ਕਿ ਉਨ੍ਹਾਂ ਦਾ ਮਾਲ ਹੜੱਪ ਸਕਣ। ਇਸ ਤਰ੍ਹਾਂ ਪ੍ਰਕਾਸ਼ ਝਾਅ ਲਾਲਚ ਰੂਪੀ ਇੱਕ ਅਜਿਹੀ ਤ੍ਰਾਸਦੀ ਨੂੰ ਪਰਦੇ 'ਤੇ ਸਾਕਾਰ ਕਰਦਾ ਹੈ ਜੋ ਇਨਸਾਨ ਦੇ ਤਰਕ ਅਤੇ ਵਿਵੇਕ ਨੂੰ ਨਿਗਲ ਜਾਂਦੀ ਹੈ।

ਆਪਣੇ ਲੰਬੇ ਨਿਰਦੇਸ਼ਨ ਕੈਰੀਅਰ ਦੌਰਾਨ ਫੀਚਰ-ਫਿਲਮਾਂ ਤੋਂ ਇਲਾਵਾ ਪ੍ਰਕਾਸ਼ ਝਾਅ ਨੇ ਅਨੇਕਾਂ ਦਸਤਾਵੇਜ਼ੀ ਫਿਲਮਾਂ ਦਾ ਨਿਰਮਾਣ ਵੀ ਕੀਤਾ ਹੈ। ਉਨ੍ਹਾਂ ਦੀ ਨਿਰਦੇਸ਼ਿਤ ਕੀਤੀ ਦਸਤਾਵੇਜ਼ੀ ਫਿਲਮ 'ਲੋਕ ਨਾਇਕ', ਜੋ ਕਿ ਸਮਾਜਵਾਦੀ ਨੇਤਾ ਜੈ ਪ੍ਰਕਾਸ਼ ਨਰਾਇਣ ਦੀ ਸਿਆਸਤ 'ਤੇ ਆਧਾਰਿਤ ਸੀ, ਬਿਹਾਰ ਦੀ ਰਾਜਨੀਤੀ ਦਾ ਮਹਤੱਵਪੂਰਨ ਦਸਤਾਵੇਜ਼ ਹੈ।

ਇਸ ਫਿਲਮ ਤੋਂ ਬਾਅਦ 2010 ਵਿੱਚ ਪ੍ਰਕਾਸ਼ ਝਾਅ ਦੀ ਫਿਲਮ 'ਰਾਜਨੀਤੀ' ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ। ਫਿਲਮ ਵਿਵਾਦਾਂ ਵਿੱਚ ਵੀ ਘਿਰੀ ਰਹੀ। ਇਸ ਦੀ ਪਟਕਥਾ ਮਹਾਭਾਰਤ ਵਰਗੇ ਇਤਿਹਾਸਕ ਮਹਾਂ-ਕਾਵਿ 'ਤੇ ਆਧਾਰਿਤ ਹੋਣ ਕਾਰਨ ਗੁੰਝਲਦਾਰ ਤਾਂ ਸੀ ਹੀ ਪਰ ਨਾਲ ਹੀ ਮੌਜੂਦਾ ਸਿਆਸਤ ਦੇ ਮੁਹਾਂਦਰੇ ਨੂੰ ਵੀ ਉਭਾਰਦੀ ਸੀ। ਸਿਆਸੀ ਪੈਂਤੜੇਬਾਜ਼ੀਆਂ, ਸਿਆਸੀ ਪਰਿਵਾਰਾਂ ਦੇ ਰਿਸ਼ਤਿਆਂ ਵਿਚਲੀ ਸਿਆਸਤ ਅਤੇ ਉਸ ਵਿੱਚੋਂ ਨਿਕਲਦੀ ਹਿੰਸਾ ਨੂੰ ਉਹ ਆਪਣੇ ਕੈਮਰੇ ਵਿੱਚ ਕੈਦ ਕਰਦਾ ਹੈ। ਮਹਾਂਭਾਰਤ ਹਰ ਯੁੱਗ ਵਿੱਚ ਜਾਰੀ ਹੈ- ਨਾ ਇਸ ਦਾ ਕੋਈ ਆਦਿ ਹੈ ਨਾ ਅੰਤ।

ਫਿਲਮ 'ਗੰਗਾਜਲ' ਪ੍ਰਕਾਸ਼ ਝਾਅ ਦੀਆਂ ਬਾਕੀ ਫਿਲਮਾਂ ਦੀ ਤਰ੍ਹਾਂ ਸ਼ੁੱਧ ਵਪਾਰਿਕ ਵੀ ਨਹੀਂ ਪਰ ਪੂਰੀ ਤ੍ਹਰਾਂ ਨਾਲ ਕਲਾ ਸਿਨੇਮਾ ਦੀ ਧਾਰਾ ਦੀ ਫਿਲਮ ਵੀ ਨਹੀਂ ਮੰਨੀ ਜਾ ਸਕਦੀ। ਫਿਲਮ ਵਿੱਚ ਹਿੰਸਾ ਸਿਰਫ ਸੰਕੇਤਕ ਨਾ ਰਹਿ ਕੇ ਸੱਤਾ ਦੇ ਮੁੱਖ ਹਥਿਆਰ ਦੇ ਰੂਪ ਵਿੱਚ ਵਰਤੀ ਜਾਂਦੀ ਦਿਖਾਈ ਗਈ ਹੈ। ਆਲੋਚਕਾਂ ਨੇ ਇਸ ਫਿਲਮ ਨੂੰ ਫਿਲਮ 'ਅਰਧ-ਸੱਤਿਆ' ਦੀ ਨਵੀਂ ਵਿਆਖਿਆ ਅਤੇ ਉਸ ਦੀ ਪਟਕਥਾ ਦਾ ਅਗਲਾ ਸਫਾ ਵੀ ਕਿਹਾ। ਫਿਲਮ ਵਿੱਚ ਭਾਵੇਂ ਪ੍ਰਕਾਸ਼ ਝਾਅ ਬਿਹਾਰ ਵਿੱਚ ਪੁਲਿਸ, ਗੂੰਡਿਆਂ ਤੇ ਸਿਆਸੀ ਲਾਣੇ ਦੇ ਗੱਠਜੋੜ ਨੂੰ ਦਿਖਾਉਣ ਵਿੱਚ ਸਫਲ ਰਿਹਾ ਪਰ ਉਸ ਦੁਆਰਾ ਇਸੇ ਗੱਠਜੋੜ ਤੋਂ ਸਮੱਸਿਆ ਦੇ ਹੱਲ ਦੀ ਉਮੀਦ ਰੱਖਣੀ ਕਿਸੇ ਤਰ੍ਹਾਂ ਵੀ ਦਰਸ਼ਕਾਂ ਦੇ ਗਲੇ ਨਹੀਂ ਉਤਰੀ। ਜਾਪਿਆ ਜਿਵੇਂ 'ਦਾਮੁਲ' ਦਾ ਨਿਰਦੇਸ਼ਕ ਵੀ ਫਿਲਮ ਵਿਚਲੇ ਮੁਜਰਮਾਂ ਵਾਂਗ 'ਗੰਗਾਜਲ' ਨਾਲ ਅੰਨ੍ਹਾਂ ਹੋ ਗਿਆ ਹੋਵੇ।

ਉਸ ਦੀ ਅਗਲੀ ਫਿਲਮ 'ਸੱਤਿਆਗ੍ਰਹਿ' ਦੀ ਕਹਾਣੀ ਅਤੇ ਇਸ ਨਾਲ ਜੁੜੇ ਵਿਵਾਦ ਵੀ ਘੱਟ ਦਿਲਚਸਪ ਨਹੀਂ। ਫਿਲਮ ਉਸ ਸਮੇਂ ਆਈ ਜਦੋਂ ਅੰਨਾ ਹਜ਼ਾਰੇ ਲੋਕਪਾਲ ਬਿੱਲ ਪਾਸ ਕਰਾਉਣ ਲਈ 'ਸੱਤਿਆਗ੍ਰਹਿ' ਕਰ ਰਹੇ ਸਨ। ਮੁਲਕ ਵਿੱਚ ਭ੍ਰਿਸ਼ਟਾਚਾਰੀਆਂ ਵਿਰੁੱਧ ਤਿੱਖਾ ਰੋਸ ਸਿਰ ਚੁੱਕ ਰਿਹਾ ਸੀ। ਫਿਲਮ ਵਿੱਚ ਵਿਚਾਰ ਦੇ ਪੱਧਰ 'ਤੇ ਕੁਝ ਵੀ ਇੱਦਾਂ ਦਾ ਨਹੀਂ ਸੀ ਜੋ ਸਮੇਂ ਦੀ ਨਬਜ਼ ਪਕੜ ਸਕਦਾ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER