ਮਨੋਰੰਜਨ
ਸ਼ਿਆਮ ਬੈਨੇਗਲ ਦੀਆਂ ਫਿਲਮਾਂ ਵਿਚਲੀਆਂ ਸਮਾਜਿਕ ਪਰਤਾਂ
- ਕੁਲਦੀਪ ਕੌਰ
ਸ਼ਿਆਮ ਬੈਨੇਗਲ ਦੀਆਂ ਫਿਲਮਾਂ ਵਿਚਲੀਆਂ ਸਮਾਜਿਕ ਪਰਤਾਂਸ਼ਿਆਮ ਬੈਨੇਗਲ ਦੀ 1974 ਵਿੱਚ ਆਈ ਫਿਲਮ 'ਅੰਕੁਰ' ਵਿੱਚ ਜਦੋਂ ਸਾਮੰਤਵਾਦੀ ਸੋਚ ਦਾ ਧਾਰਨੀ ਅਨੰਤ ਨਾਗ ਸ਼ਬਾਨਾ ਆਜ਼ਮੀ ਦੇ ਗੂੰਗੇ-ਬੋਲੇ ਪਤੀ ਨੂੰ ਬਿਨਾਂ ਕਸੂਰੋਂ ਬੇਰਹਿਮੀ ਨਾਲ ਮਾਰਦਾ-ਕੁੱਟਦਾ ਹੈ ਤਾਂ ਸਾਮਰਾਜਵਾਦੀ ਕਾਇਰਤਾ ਦੇ ਪ੍ਰਤੱਖ ਦਰਸ਼ਨ ਹੁੰਦੇ ਹਨ। ਸ਼ਿਆਮ ਬੈਨੇਗਲ ਹਿੰਦੀ ਸਿਨੇਮਾ ਦੇ ਸ਼ਾਹਕਾਰ ਨਿਰਦੇਸ਼ਕ ਗੁਰੂ ਦੱਤ ਦੇ ਰਿਸ਼ਤੇ ਵਿੱਚੋਂ ਦੂਰ ਦੇ ਭਰਾ ਲੱਗਦੇ ਹਨ ਅਤੇ ਹੈਦਰਾਬਾਦ ਵਿੱਚ ਜੰਮੇ-ਪਲੇ ਹਨ। ਉਨ੍ਹਾਂ ਉੱਤੇ ਜਿੱਥੇ ਹੈਦਰਾਬਾਦੀ ਤਹਿਜ਼ੀਬ ਦਾ ਡੂੰਘਾ ਅਸਰ ਹੈ, ਉੱਥੇ ਬੰਬਈ ਆ ਕੇ ਥੋਕ ਦੇ ਭਾਅ ਦੇਖੀਆਂ ਯੂਰਪੀਨ ਫਿਲਮਾਂ ਨੇ ਉਨ੍ਹਾਂ ਦੀ ਸਿਨੇਮਾ ਵਰਗੇ ਮਾਧਿਅਮ ਬਾਰੇ ਸਮਝ ਨੂੰ ਪ੍ਰਬੁੱਧ ਕੀਤਾ।

'ਅੰਕੁਰ' ਨੈਸ਼ਨਲ ਫਿਲਮ ਫਾਇਨਾਂਸ ਕਾਰਪੋਰੇਸ਼ਨ ਦੀ ਸਹਾਇਤਾ ਨਾਲ ਬਣੀ ਸੀ। ਭਾਰਤੀ ਸਿਨੇਮਾ ਵਿੱਚ ਉਸ ਸਮੇਂ ਅਜਿਹੀਆਂ ਫਿਲਮਾਂ ਦੇ ਬਣਨ ਦਾ ਰੁਝਾਨ ਦੇਖਦੇ ਹੋਏ ਕਈ ਨਿੱਜੀ ਅਦਾਰੇ ਵੀ ਇਸ ਵਿੱਚ ਦਿਲਚਸਪੀ ਲੈ ਰਹੇ ਸਨ। ਅਜਿਹੀ ਹੀ ਇੱਕ ਇਸ਼ਤਿਹਾਰ ਤਿਆਰ ਕਰਨ ਵਾਲੀ ਕੰਪਨੀ ਬਲੇਜ਼ ਐਡਵਰਟਾਈਜ਼ਿੰਗ ਨਾਲ ਸ਼ਿਆਮ ਬੈਨੇਗਲ ਨੇ ਅਨੇਕਾਂ ਇਸ਼ਤਿਹਾਰਾਂ ਅਤੇ ਦਸਤਾਵੇਜ਼ੀ ਫਿਲਮਾਂ ਦਾ ਨਿਰਮਾਣ ਕੀਤਾ ਜਿਹੜੇ ਕਲਾ ਅਤੇ ਰੂਪਕ ਪੱਖ ਤੋਂ ਪ੍ਰੰਪਰਾਗਤ ਫਾਰਮੂਲਿਆਂ ਤੋਂ ਨਿਹਾਇਤ ਜੁਦਾ ਸਨ।

'ਚਰਨ ਦਾਸ ਚੋਰ' ਸ਼ਿਆਮ ਬੈਨੇਗਲ ਨੇ ਖਾਸ ਤੌਰ 'ਤੇ ਬੱਚਿਆਂ ਲਈ ਤਿਆਰ ਕੀਤੀ ਪਰ ਇਸ ਵਿੱਚ ਪਈ ਲੋਕ-ਪ੍ਰੰਪਰਾ ਅਤੇ ਤਤਕਾਲੀ ਵਿਅੰਗ ਕਾਰਨ ਇਹ ਫਿਲਮ ਆਪਣੇ ਦਿੱਸਹਦਿਆਂ ਤੋਂ ਕਈ ਗੁਣਾ ਬਾਹਰ ਜ਼ਰਬ ਖਾ ਗਈ। ਇਸ ਦਾ ਵਿਸ਼ਾ ਨਿਵੇਕਲਾ ਸੀ, ਸਿਆਸੀ ਟਿੱਪਣੀਆਂ ਨਾਲ ਸਮੇਂ ਦੀ ਸਰਕਾਰ ਨੂੰ ਸਵਾਲ ਪੁੱਛੇ ਗਏ ਸਨ ਅਤੇ ਭਾਸ਼ਾ ਲੋਕਾਂ ਦੇ ਦਿਲਾਂ ਨੂੰ ਟੁੰਬਦੀ ਸੀ।

ਇਸ ਫਿਲਮ ਦੀ ਪਟਕਥਾ ਸ਼ਮਾ ਜ਼ੈਦੀ ਨੇ ਲਿਖੀ ਸੀ ਅਤੇ ਉੱਘੇ ਰੰਗ-ਕਰਮੀ ਤਨਵੀਰ ਹਬੀਬ ਨੇ ਇਸ ਵਿੱਚ ਮਹੱਤਵਪੂਰਨ ਰੋਲ ਅਦਾ ਕੀਤਾ ਸੀ। ਹਿੰਦੀ ਸਿਨੇਮਾ ਦੀ ਸ਼ਾਨਦਾਰ ਅਦਾਕਾਰਾ ਸਮਿਤਾ ਪਾਟਿਲ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਇਸੇ ਫਿਲਮ ਤੋਂ ਕੀਤੀ। ਇੱਕ ਇੰਟਰਵਿਊ ਵਿਚ ਇਸ ਫਿਲਮ ਸਬੰਧੀ ਸ਼ਿਆਮ ਬੈਨੇਗਲ ਆਖਦਾ ਹੈ ਕਿ ਕਦੇ ਤਾਂ ਸਿਨੇਮਾ ਨੂੰ ਝੂਠ ਤੋਂ ਭੱਜਣਾ ਹੀ ਪੈਣਾ, ਇਸ ਨੂੰ ਤਤਕਾਲੀ ਹਾਲਤਾਂ ਨਾਲ ਜੁੜਨਾ ਪੈਣਾ ਅਤੇ ਅਜਿਹੀਆਂ ਫਿਲਮਾਂ ਬਣਾਉਣੀਆਂ ਪੈਣੀਆਂ ਜਿਹੜੀਆਂ ਤੁਹਾਡੇ ਦੌਰ ਦੇ ਸੱਚ ਨੂੰ ਬਿਆਨ ਕਰ ਸਕਣ।

1977 ਵਿੱਚ ਬਣੀ ਫਿਲਮ 'ਭੂਮਿਕਾ' ਲਈ ਸ਼ਿਆਮ ਬੈਨੇਗਲ ਨੇ ਪਿੱਠਭੂਮੀ ਦੇ ਤੌਰ 'ਤੇ ਸ਼ਹਿਰ ਨੂੰ ਚੁਣਿਆ। ਇਹ ਫਿਲਮ ਮਰਾਠੀ ਨਾਟਕਾਂ ਦੀ ਸਪ੍ਰਸਿੱਧ ਅਭਿਨੇਤਰੀ ਹੰਸਾ ਵਾਡੇਕਰ ਦੀ ਜੀਵਣੀ 'ਤੇ ਆਧਾਰਿਤ ਸੀ। ਸ਼ਿਆਮ ਬੈਨੇਗਲ ਨੇ ਇਸ ਫਿਲਮ ਰਾਹੀਂ ਨਾ ਸਿਰਫ਼ ਹੰਸਾ ਵਾਡੇਕਰ ਦੀ ਜ਼ਿੰਦਗੀ ਦੇ ਸ਼ੰਘਰਸ ਅਤੇ ਹਾਲਤਾਂ ਨੂੰ ਪਰਦੇ 'ਤੇ ਲੈ ਕੇ ਆਂਦਾ ਸਗੋਂ ਲੋਕਾਂ ਦੇ ਸਿਨੇਮਾ ਅਤੇ ਕਲਾਕਾਰਾਂ ਵੱਲ ਨਜ਼ਰੀਏ ਨੂੰ ਵੀ ਬਿਰਤਾਂਤ ਦਾ ਆਧਾਰ ਬਣਾਇਆ।

ਇਸ ਫਿਲਮ ਵਿੱਚ ਮੁੱਖ ਕਿਰਦਾਰ ਹੰਸਾ (ਸਮਿਤਾ ਪਾਟਿਲ) ਦੇ ਬਚਪਨ ਤੋਂ ਅਭਿਨੇਤਰੀ ਬਣਨ ਦੇ ਸਫ਼ਰ ਨੂੰ ਦਿਖਾਉਂਦੇ ਹੋਏ ਬੈਨੇਗਲ ਉਸ ਅੰਦਰ ਪਈ ਜ਼ਿੱਦ, ਅਮੋੜਤਾ, ਪ੍ਰੰਪਰਾਵਾਂ ਤੋਂ ਬਾਗੀਪੁਣੇ ਨੂੰ ਸੰਵੇਦਨਸ਼ੀਲਤਾ ਨਾਲ ਫਿਲਮਾਉਂਦਾ ਹੈ। ਨਿੱਜੀ ਕਸ਼ਮਕਸ਼ ਨੂੰ ਕੈਮਰੇ ਰਾਹੀ ਫੜਦਾ ਬੈਨੇਗਲ ਔਰਤ ਹੋਣ ਨਾਤੇ ਉਸ ਦੀਆਂ ਉਲਝਣਾਂ ਅਤੇ ਬੇਵਿਸਾਹੀਆਂ ਨੂੰ ਬਿਆਨ ਕਰਦਾ ਹੈ। ਅੰਤ ਜਦੋਂ ਉਸ ਦੀ ਬੇਟੀ ਉਸ ਨੂੰ ਆਪਣੇ ਗਰਭਵਤੀ ਹੋਣ (ਵਿਆਹ ਬਾਹਰੇ) ਬਾਰੇ ਦੱਸਦੀ ਹੈ ਤਾ ਇੱਕੋਂ ਸਮੇਂ ਅਨੇਕਾਂ ਪ੍ਰੇਮ-ਪ੍ਰਸੰਗਾਂ ਵਿੱਚ ਉਲਝੀ ਰਹਿਣ ਵਾਲੀ ਹੰਸਾ ਨੂੰ ਭਾਵਨਾਤਮਕ ਧੱਕਾ ਤਾਂ ਲੱਗਦਾ ਹੀ ਹੈ ਪਰ ਉਸ ਦੀ ਪ੍ਰਤੀਕਿਰਿਆ ਪ੍ਰੰਪਰਾਗਤ ਮੁੱਲਾਂ ਅਤੇ ਸੰਸਕਾਰਾਂ ਆਧਾਰਿਤ ਹੋਣਾ ਦਰਸ਼ਕਾਂ ਅੱਗੇ ਔਰਤ ਦੀ ਆਜ਼ਾਦੀ ਦੀਆਂ ਹੱਦਾਂ ਦਾ ਸਵਾਲ ਖੜ੍ਹਾ ਕਰਦੀ ਹੈ। ਹੰਸਾ ਆਪਣੀ ਹੋਂਦ ਦੇ ਸਵਾਲਾਂ ਦੇ ਮੁਖਾਤਿਬ ਖੜ੍ਹੀ ਹੈ ਜਿੱਥੇ ਸਾਰਾ ਸਾਗਰ ਉਸ ਦੀ ਮੁੱਠੀ ਵਿੱਚ ਹੈ ਪਰ ਪਿਆਸ ਬੁਝਾਉਣ ਲਈ ਦੋ ਬੂੰਦ ਪਾਣੀ ਨਹੀਂ।

1857 ਦੇ ਗਦਰ 'ਤੇ ਬਣੀ ਫਿਲਮ 'ਜਨੂੰਨ' ਹਿੰਦੀ ਸਿਨੇਮਾ ਵਿੱਚ ਯਾਦਗਾਰੀ ਸਥਾਨ ਰੱਖਦੀ ਹੈ। ਇਸ ਫਿਲਮ ਦੀ ਪਟਕਥਾ ਉੱਘੇ ਨਾਟਕਕਾਰ ਗਿਰੀਸ਼ ਕਿਰਨਾਡ ਅਤੇ ਬੈਨੇਗਲ ਨੇ ਇੱਕਠਿਆਂ ਲਿਖੀ ਸੀ। ਇਸ ਦਾ ਆਧਾਰ ਰਸਕਿਨ ਬਾਂਡ ਦੀ ਕਹਾਣੀ 'ਏ ਫਲਾਈਟ ਆਫ ਪੀਜ਼ਨਜ਼' ਨੂੰ ਬਣਾਇਆ ਗਿਆ ਸੀ। ਉਰਦੂ ਦੀ ਲੇਖਿਕਾ ਇਸਮਤ ਚੁਗਤਾਈ ਨੇ ਇਸ ਫਿਲਮ ਦੇ ਸੰਵਾਦ ਲਿਖੇ ਸਨ। ਫਿਲਮ ਵਿੱਚ ਮੁੱਖ ਭੂਮਿਕਾਵਾਂ ਵਿੱਚ ਸ਼ਸ਼ੀ ਕਪੂਰ, ਸ਼ਬਾਨਾ ਆਜ਼ਮੀ, ਜੈਨੀਫਰ ਕਡਿਲ ਅਤੇ ਨਸੀਰੂਦੀਨ ਸ਼ਾਹ ਸਨ। ਫਿਲਮ ਵਿੱਚ ਜਦੋਂ ਅਮਰੀਸ਼ ਪੁਰੀ ਦੀ ਭਰਵੀਂ ਤੇ ਖਰਵੀਂ ਆਵਾਜ਼ ਘਟਨਾਵਾਂ ਨੂੰ ਸੂਤਰ ਵਿੱਚ ਪਰੋਂਦੀ ਸੀ ਤਾਂ ਦਰਸ਼ਕਾਂ ਦਾ ਸਾਹ ਰੁਕ ਜਾਂਦਾ ਸੀ।

ਇਸ ਫਿਲਮ ਵਿੱਚ 1857 ਦੇ ਗਦਰ ਦੌਰਾਨ ਪ੍ਰਵਾਨ ਚੜੀ ਇੱਕ ਪ੍ਰੇਮ ਕਹਾਣੀ ਰਾਹੀਂ ਉਨ੍ਹਾਂ ਸਮਿਆਂ ਦਾ ਖਾਕਾ ਖਿੱਚਿਆ ਗਿਆ ਹੈ। ਇੱਕ ਮੁਸਲਮਾਨ ਸਾਮੰਤ ਦੇ ਇੱਕ ਇਸਾਈ ਕੁੜੀ ਨਾਲ ਸਬੰਧਾਂ ਨੂੰ ਬਿਆਨ ਕਰਦੀ ਇਸ ਫਿਲਮ ਵਿੱਚ ਸ਼ਸ਼ੀ ਕਪੂਰ ਪੁਸ਼ਤੈਨੀ ਪਠਾਣ ਦੀ ਭੂਮਿਕਾ ਵਿੱਚ ਸੀ। ਉਨ੍ਹਾਂ ਨੂੰ ਕਬੂਤਰ ਪਾਲਣ ਦਾ ਬਹੁਤ ਸ਼ੌਕ ਹੈ। ਉਸ ਦਾ ਸਾਲਾ ਸਰਫਰਾਜ਼ ਖਾਨ (ਨਸੀਰੂਦੀਨ ਸ਼ਾਹ) ਸਿਆਸੀ ਕਾਰਕੁੰਨ ਹੈ ਅਤੇ ਅੰਗਰੇਜ਼ਾਂ ਖਿਲਾਫ ਆਜ਼ਾਦੀ ਸੰਗਰਾਮ ਵਿੱਚ ਸਰਗਰਮ ਹੈ। ਅਫਵਾਹਾਂ ਤੇ ਘਟਨਾਵਾਂ ਦਾ ਬਜ਼ਾਰ ਗਰਮ ਹੋ ਚੁੱਕਾ ਹੈ। ਤੱਤੇ ਸੰਗਰਾਮੀਆਂ ਦਾ ਇੱਕ ਦਲ ਚਰਚ ਵਿੱਚ ਦਾਖਲ ਹੁੰਦਾ ਹੈ ਅਤੇ ਪ੍ਰਾਥਨਾ ਕਰ ਰਹੇ ਅੰਗਰੇਜ਼ ਅਧਿਕਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ 'ਤੇ ਕਾਤਲਾਨਾ ਹਮਲਾ ਕਰ ਦਿੰਦਾ ਹੈ। ਇਸ ਹਮਲੇ ਵਿੱਚੋਂ ਬਚ ਕੇ ਨਿਕਲੀ ਮਰੀਅਮ ਆਪਣੀ ਬੇਟੀ ਰੂਥ ਸਮੇਤ ਲਾਲਾ ਰਾਮਜੀਲਾਲ (ਕੁਲਭੂਸ਼ਣ ਖਰਬੰਦਾ) ਦੇ ਘਰ ਪਨਾਹ ਲੈ ਲੈਂਦੀ ਹੈ। ਲਾਲਾ ਹਿੰਦੂ ਹੋਣ ਕਾਰਨ ਜਿੱਥੇ ਦਇਆ ਤੇ ਧਰਮ ਵਰਗੀਆਂ ਧਾਰਨਾਵਾਂ ਨਾਲ ਜੁੜਿਆ ਹੋਇਆ ਹੈ ਉੱਥੇ ਉਸ ਦੀ ਹਮਦਰਦੀ ਆਜ਼ਾਦੀ ਸੰਗਰਾਮ ਨਾਲ ਵੀ ਹੈ। ਉਹ ਅੰਗਰੇਜ਼ ਸਰਕਾਰ ਦੀਆਂ ਨਜ਼ਰਾਂ ਵਿੱਚ ਆਉਣ ਤੋਂ ਵੀ ਡਰਦਾ ਹੈ। ਦੂਜੇ ਪਾਸੇ ਇਸ ਬਾਰੇ ਜਦੋਂ ਜਾਵੇਦ ਖਾਨ (ਸ਼ਸ਼ੀ ਕਪੂਰ) ਨੂੰ ਪਤਾ ਲੱਗਦਾ ਹੈ ਤਾਂ ਉਹ ਜ਼ਬਰਦਸਤੀ ਲਾਲਾ ਦੇ ਘਰੋਂ ਮਰੀਅਮ, ਉਸ ਦੀ ਮਾਂ ਅਤੇ ਬੇਟੀ ਨੂੰ ਆਪਣੇ ਘਰ ਲੈ ਆਉਂਦਾ ਹੈ। ਜਾਵੇਦ ਖਾਨ ਦੀ ਪਤਨੀ ਫਿਰਦੌਸ (ਸ਼ਬਾਨਾ ਆਜ਼ਮੀ) ਆਪਣੀ ਨਿੱਜੀ ਈਰਖਾ ਕਾਰਨ ਮਰੀਅਮ ਤੇ ਰੂਥ ਨੂੰ ਨਫਰਤ ਕਰਨ ਲੱਗਦੀ ਹੈ। ਮੁਸਲਮਾਨਾਂ ਦੇ ਘਰ ਵਿੱਚ ਈਸਾਈ ਮਹਿਮਾਨਾਂ ਦੇ ਆਉਣ ਨਾਲ ਦੋਹਾਂ ਫਿਰਕਿਆਂ ਵਿਚਲੀਆਂ ਸੱਭਿਆਚਾਰਕ ਤਰੇੜਾਂ ਦਿਖਣੀਆਂ ਸ਼ੁਰੂ ਹੋ ਜਾਂਦੀਆਂ ਹਨ। ਜਾਵੇਦ ਖਾਨ ਰੂਥ ਨੂੰ ਪਿਆਰ ਕਰਨ ਲੱਗ ਜਾਂਦਾ ਹੈ ਅਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ। ਮਰੀਅਮ ਤੇ ਫਿਰਦੌਸ ਸਾਰੀ ਸਥਿਤੀ ਵਿੱਚ ਬੇਬੱਸ ਮਹਿਸੂਸ ਕਰਦੀਆਂ ਹਨ। ਆਖਿਰ ਮਰੀਅਮ ਵਿਆਹ ਲਈ ਅਜੀਬ ਸ਼ਰਤ ਰੱਖਦੀ ਹੈ ਜਿਸ ਅਨੁਸਾਰ ਉਹ ਰੂਥ ਦਾ ਵਿਆਹ ਜਾਵੇਦ ਖਾਨ ਨਾਲ ਕਰਨ ਲਈ ਮੰਨ ਸਕਦੀ ਹੈ ਜੇਕਰ ਅੰਗਰੇਜ਼ਾਂ ਦੀ ਗਦਰ ਵਿੱਚ ਹਾਰ ਹੋ ਜਾਵੇ। ਇਸ ਤਰ੍ਹਾਂ ਸਾਰੇ ਕਿਰਦਾਰ ਹੋਣੀ ਦੇ ਵੱਸ ਪੈ ਜਾਂਦੇ ਹਨ। ਬਗਾਵਤ ਕੁਚਲ ਦਿੱਤੀ ਜਾਂਦੀ ਹੈ ਤੇ ਅੰਗਰੇਜ਼ੀ ਸੈਨਾ ਹਰ ਮੋਰਚੇ 'ਤੇ ਜਿੱਤਣਾ ਸ਼ੁਰੂ ਕਰ ਦਿੰਦੀ ਹੈ। ਵਾਪਰ ਰਹੀਆਂ ਘਟਨਾਵਾਂ ਜਾਵੇਦ ਖਾਨ ਅੱਗੇ ਹੌਲੀ-ਹੌਲੀ ਗੁਲਾਮ ਜ਼ਹਿਨੀਅਤ ਦੀਆਂ ਪਰਤਾਂ ਖੋਲ੍ਹਣੀਆਂ ਸ਼ੁਰੂ ਕਰ ਦਿੰਦੀਆਂ ਹਨ। ਸਰਫਰਾਜ਼ ਇੱਕ ਮੁੱਠਭੇੜ ਵਿੱਚ ਮਾਰਿਆ ਜਾਂਦਾ ਹੈ। ਫਿਰਦੌਸ ਆਪਣੇ ਵਿਆਹ ਨੂੰ ਬਚਾਉਣ ਲਈ ਮੁਖਬਰੀ ਕਰਕੇ ਮਰੀਅਮ ਦਾ ਭੇਦ ਅੰਗਰੇਜ਼ਾਂ ਕੋਲ ਖੋਲ੍ਹ ਦਿੰਦੀ ਹੈ। ਰੂਥ ਨੂੰ ਵਾਪਿਸ ਇੰਗਲੈਂਡ ਭੇਜਣ ਲਈ ਚਰਚ ਵਿੱਚ ਰੱਖਿਆ ਜਾਂਦਾ ਹੈ ਜਿੱਥੇ ਜਾਵੇਦ ਉਸ ਨੂੰ ਮਿਲਣ ਆਉਂਦਾ ਹੈ। ਜਾਵੇਦ ਖਾਨ ਅੰਗਰੇਜ਼ਾਂ ਹੱਥੋਂ ਮਾਰਿਆ ਜਾਂਦਾ ਹੈ। ਰੂਥ ਇੰਗਲੈਂਡ ਚਲੀ ਜਾਂਦੀ ਹੈ ਤੇ ਉਮਰ ਭਰ ਜਾਵੇਦ ਖਾਨ ਦੀਆਂ ਯਾਦਾਂ ਨੂੰ ਸਹੇਜਦੀ ਰਹਿੰਦੀ ਹੈ।

ਫਿਲਮ 'ਮੰਡੀ' ਸਿਆਸਤ ਅਤੇ ਵੇਸਵਾਗਿਰੀ ਦੀਆਂ ਸਾਂਝੀਆਂ ਰਮਜ਼ਾਂ ਨੂੰ ਫੜਦੀ ਫਿਲਮ ਹੈ। ਇਸ ਦੀ ਸ਼ੈਲੀ ਵਿਅੰਗਆਤਮਕ ਸੀ, ਇਸ ਦਾ ਰੰਗ ਬਾਜ਼ਾਰ ਦੀ ਕਲਿੱਤਣ ਦਾ ਰੰਗ ਸੀ। ਫਿਲਮ ਵਿੱਚ ਕੋਠੇ ਦੀ ਮੈਡਮ (ਸ਼ਬਾਨਾ ਆਜ਼ਮੀ) ਦਾ ਕੁੜੀਆਂ ਨਾਲ ਜਜ਼ਬਾਤੀ ਰਿਸ਼ਤਾ ਦਰਸ਼ਕਾਂ ਨੂੰ ਚੁੱਭਦਾ ਵੀ ਸੀ ਤੇ ਪਰੇਸ਼ਾਨ ਵੀ ਕਰਦਾ ਸੀ। ਉਨ੍ਹਾਂ ਦੀ ਸਾਂਝ ਵਿੱਚੋਂ ਗੌਸ਼ਤ ਦੀ ਗੰਧ ਆਉਂਦੀ ਸੀ। ਕਿਸੇ ਪਿੰਡ ਤੋਂ ਧੋਖੇ ਨਾਲ ਵਿਆਹ ਕੇ ਇਸ ਕੋਠੇ 'ਤੇ ਵੇਚੀ ਸਰਲਾ ਮਜੂਮਦਾਰ ਦੀ ਖੁਦਕੁਸ਼ੀ ਦੀ ਕੋਸ਼ਿਸ਼ ਤਮਾਸ਼ਾਬੀਨਾਂ ਦੀ ਭੀੜ ਇਕੱਠੀ ਕਰਦੀ ਹੈ। ਖੁਦਕੁਸ਼ੀ ਦੀ ਕੋਸ਼ਿਸ਼ ਤੋਂ ਕੁਝ ਦੇਰ ਪਹਿਲਾਂ ਹੋਣ ਜਾ ਰਹੇ ਬਲਾਤਕਾਰ ਬਾਰੇ ਇਸ ਭੀੜ ਕੋਲ ਕੋਈ ਸਵਾਲ ਨਹੀਂ, ਕੋਈ ਰੰਜ਼ ਨਹੀਂ। ਫਿਲਮ ਉਨ੍ਹਾਂ ਸਮਿਆਂ ਦੀ ਨਿਸ਼ਾਨਦੇਹੀ ਕਰਦੀ ਹੈ ਜਿੱਥੇ ਮੰਡੀ ਵਿੱਚ ਵਿਕਣ ਲਈ ਬੈਠੀ ਵੇਸਵਾ ਦੇ ਲੁੱਟੇ ਜਾਣ ਦਾ ਖਤਰਾ ਸਭ ਤੋਂ ਜ਼ਿਆਦਾ ਹੈ।

ਫਿਲਮ 'ਗਰਮ ਹਵਾ' ਬਣਾਉਣ ਵਾਲੇ ਐੱਮ.ਐੱਸ.ਸੱਥਿਊ ਦੀ ਫਿਲਮ 'ਸੂਕਾ' ਉਨ੍ਹਾਂ ਦੀ ਕੰਨੜ ਭਾਸ਼ਾ ਵਿੱਚ ਬਣਾਈ ਫਿਲਮ 'ਬਰਾਂ' (ਅਕਾਲ) ਦਾ ਹਿੰਦੀ ਰੂਪ ਸੀ। ਫਿਲਮ ਉਨ੍ਹਾਂ ਸਾਲਾਂ ਵਿੱਚ ਕਰਨਾਟਕਾ ਵਿੱਚ ਪਏ ਭਿਅੰਕਰ ਅਕਾਲ ਦੀ ਸਿਆਸਤ ਨੂੰ ਸੰਬੋਧਿਤ ਸੀ। ਕਿਸਾਨਾਂ ਦੀ ਬੇਜ਼ਾਰੀ, ਇੱਕ ਇਮਾਨਦਾਰ ਅਫਸਰ ਦੀਆਂ ਉਨ੍ਹਾਂ ਨੂੰ ਮੁਆਵਜ਼ਾ ਦਿਵਾਉਣ ਦੀਆਂ ਕੋਸ਼ਿਸ਼ਾਂ ਦੀ ਹਾਰ, ਸੋਕੇ ਨੂੰ ਧਾਰਮਿਕ ਆਗੂਆਂ ਦੁਆਰਾ ਫਿਰਕੂ ਰੰਗਤ ਦੇ ਦੇਣ ਵਿੱਚ ਸਫਲਤਾ, ਸਰਕਾਰੀ ਤੰਤਰ ਦੀ ਨਾਅਹਿਲੀਅਤ ਦੀ ਸੰਵੇਦਨਸ਼ੀਲ ਪੇਸ਼ਕਾਰੀ ਇਸ ਫਿਲਮ ਨੂੰ ਸਮੇਂ ਦਾ ਦਸਤਾਵੇਜ਼ ਬਣਾ ਦਿੰਦੀ ਹੈ।

ਫਿਲਮਸਾਜ਼ ਐੱਮ.ਐੱਸ.ਸੱਥਿਊ ਦੀ ਫਿਲਮ 'ਗਰਮ ਹਵਾ' ਇਸਮਤ ਚੁਗਤਾਈ ਦੀ ਇੱਕ ਕਹਾਣੀ 'ਤੇ ਅਧਾਰਿਤ ਸੀ। 'ਗਰਮ ਹਵਾ' ਦਾ ਕੇਂਦਰੀ ਨੁਕਤਾ ਭਾਰਤੀਆਂ ਦੀ ਉਸ ਸਾਂਝੀ ਸੋਚ ਨਾਲ ਜੁੜਦਾ ਹੈ ਜਿੱਥੇ ਮਜ਼ਹਬਾਂ, ਜਾਤਾਂ, ਫਿਰਕਿਆਂ ਤੇ ਮੁਫਾਦਾਂ ਦੀ ਸਿਆਸਤ ਦੇ ਬਾਵਜੂਦ ਉਹ ਇਨਸਾਨ ਦੇ ਤੌਰ 'ਤੇ ਇੱਕ-ਦੂਜੇ ਨੂੰ ਅੰਦਰੋਂ ਘੁੱਟ ਕੇ ਫੜੀ ਰੱਖਦੇ ਹਨ। ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਬਲਰਾਜ ਸਾਹਨੀ ਸਨ ਜਿਨ੍ਹਾਂ ਨੇ ਇਹ ਜਜ਼ਬਾਤੀ ਭੂਮਿਕਾ ਖੁੱਭ ਕੇ ਨਿਭਾਈ। ਵੰਡ ਵੇਲੇ ਅੱਧਖੜ੍ਹ ਉਮਰ ਦਾ ਇੱਕ ਇਮਾਨਦਾਰ ਮੁਸਲਮਾਨ ਆਪਣਾ ਘਰ ਛੱਡ ਕੇ ਪਾਕਿਸਤਾਨ ਜਾਣ ਤੋਂ ਨਾਬਰ ਹੋ ਜਾਂਦਾ ਹੈ। ਉਹ ਆਪਣੇ ਆਸਪਾਸ ਪਣਪ ਰਹੀ ਨਫਰਤ, ਬੇਭਰੋਸਗੀ ਤੇ ਬੇਈਮਾਨੀ ਨੂੰ ਪੂਰੀ ਸ਼ਿੱਦਤ ਨਾਲ ਨੰਗੇ ਪਿੰਡੇ ਝੱਲਦਾ ਹੈ। ਉਸ ਨੂੰ ਵੰਡ ਦੀ ਆਰਥਿਕਤਾ ਦੇ ਲਾਲਚ ਵਿੱਚ ਚਿੱਟੇ ਹੋ ਗਏ ਰਿਸ਼ਤੇ ਸੌਣ ਨਹੀਂ ਦਿੰਦੇ ਜਿੱਥੇ ਉਸ ਨੂੰ ਵਾਰ-ਵਾਰ ਅਹਿਸਾਸ ਹੁੰਦਾ ਹੈ ਕਿ ਵੰਡ ਤੋਂ ਵੀ ਤਰਾਸਦਿਕ ਦਿਲਾਂ ਵਿੱਚ ਪਈਆਂ ਗੰਢਾਂ ਹਨ। ਫਿਲਮ ਦੇ ਆਖਰੀ ਦ੍ਰਿਸ਼ ਵਿੱਚ ਜਦੋਂ ਉਸ ਦਾ ਛੋਟਾ ਪੁੱਤਰ ਪਾਕਿਸਤਾਨ ਜਾ ਰਹੇ ਰਿਕਸ਼ੇ ਵਿੱਚੋਂ ਛਾਲ ਮਾਰ ਕੇ ਹੜਤਾਲ ਕਰ ਰਹੇ ਮਜ਼ਦੂਰਾਂ ਵਿੱਚ ਜਾ ਰਲਦਾ ਹੈ ਤਾਂ ਉਸ ਨੂੰ ਵੀ ਅਹਿਸਾਸ ਹੁੰਦਾ ਹੈ ਕਿ ਇਨਸਾਨੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੂਬਸੂਰਤੀ ਗਰੀਬੀ, ਬੇਬਸੀ ਤੇ ਜ਼ਲਾਲਤ ਦੇ ਖਾਤਮੇ ਖਿਲਾਫ ਜੂਝਣਾ ਹੈ ਤੇ ਇਹ ਜੰਗ ਮੁਲਖਾਂ ਦੀਆਂ ਹੱਦਾਂ-ਸਰਹੱਦਾਂ ਤੋਂ ਕਿਤੇ ਵੱਡੀ ਹੈ।

ਸੱਥਿਊ ਦੀ ਅਗਲੀ ਫਿਲਮ ਸੀ 'ਕਹਾਂ ਕਹਾਂ ਸੇ ਗੁਜ਼ਰ ਗਿਆ'। ਇਹ ਫਿਲਮ ਕਲਕੱਤਾ ਸ਼ਹਿਰ ਦੇ ਉੱਚ-ਵਰਗੀ ਨੌਜਵਾਨਾਂ ਦੇ ਵਿਵਸਥਾ ਖਿਲਾਫ ਖੜ੍ਹੇ ਹੋਣ ਨਾਲ ਸਬੰਧਿਤ ਸੀ। ਇਸ ਫਿਲਮ ਦੇ ਬਣਨ ਸਮੇਂ ਤੱਕ ਸਨਅੱਤਕਾਰਾਂ, ਰਈਸਾਂ ਅਤੇ ਸਿਆਸੀ ਰਸੂਖ ਵਾਲੇ ਘਰਾਂ ਦੇ ਮੁੰਡੇ-ਕੁੜੀਆਂ ਦਾ ਆਪਣੇ ਮਾਪਿਆਂ ਦੀ ਜੀਵਣ-ਸ਼ੈਲੀ ਅਤੇ ਪੂੰਜੀਵਾਦੀ ਸੋਚ ਤੋਂ ਬਾਗੀ ਹੋ ਕੇ ਮਾਰਕਸਵਾਦੀ ਸਫਾ ਵਿੱਚ ਰਲਣ ਦਾ ਰੁਝਾਨ ਜ਼ੋਰ ਫੜ ਚੁੱਕਾ ਸੀ। ਉਨ੍ਹਾਂ ਅੰਦਰਲੀ ਬੇਚੈਨੀ, ਰੰਜ਼, ਬੇਬਸੀ ਤੇ ਦਿਸ਼ਾਹੀਣਤਾ ਨੇ ਜਦੋਂ ਸਮਿਆਂ ਦੀ ਕਰੂਰਤਾ ਨਾਲ ਜ਼ਰਬ ਖਾਧੀ ਤਾਂ ਵਿਚਾਰ, ਕਦਰਾਂ-ਕੀਮਤਾਂ, ਸਮਾਜਿਕ ਤੰਤਰ, ਰਿਸ਼ਤੇ ਤੇ ਤਦਬੀਰਾਂ ਸਭ ਚੁਰਾਹਿਆਂ ਵਿੱਚ ਲਹੂ-ਲੁਹਾਣ ਹੋ ਗਏ। ਪਿੱਛੇ ਬਚੀ ਨਾਉਮੀਦੀ ਫਿਲਮ ਵਿੱਚ ਵੀ ਸਾਫ ਦਿਖੀ। ਇਸ ਲਈ ਸੱਥਿਊ ਦੀ ਆਲੋਚਨਾ ਵੀ ਹੋਈ ਜਿਸ ਦਾ ਜਵਾਬ ਦਿੰਦਿਆਂ ਉਸ ਕਿਹਾ ਕਿ ਇਸ ਫਿਲਮ ਨੂੰ ਉਮੀਦ 'ਤੇ ਖਤਮ ਕਰਨ ਦਾ ਮਤਲਬ ਸਚਾਈ ਤੋਂ ਭੱਜਣਾ ਸੀ। ਮੇਰੀ ਫਿਲਮ ਭੌਪੂ ਨਹੀਂ ਬਣ ਸਕਦੀ। ਮੁੱਦੇ ਤਾਂ ਹੁਣ ਖਤਰਨਾਕ ਮੌੜਾਂ 'ਤੇ ਹਨ।

ਉੱਧਰ ਮੁਲਕ ਵੀ ਖਤਰਨਾਕ ਮੌੜ 'ਤੇ ਸੀ। ਸੰਨ 1973-74 ਦੇ ਅਕਾਲ ਨੂੰ ਹਰੀ ਕ੍ਰਾਂਤੀ ਨੇ ਡੱਕ ਲਿਆ ਪਰ ਹਰੀ ਕ੍ਰਾਂਤੀ ਦੇ ਪਿੱਛੇ ਦੀ ਸਿਆਸਤ ਨੇ ਦਿਹਾਤੀ ਖੇਤਰਾਂ ਦੀ ਸਮਾਜਿਕ ਵਰਗ-ਵੰਡ ਨੂੰ ਹੋਰ ਤਿਖੇਰਾ ਕਰ ਦਿੱਤਾ। ਵੱਡੇ ਕਿਸਾਨਾਂ ਨੇ ਪੈਸੇ ਦੇ ਬਲ ਸਿਆਸੀ ਪਿੜ੍ਹਾਂ ਵਿੱਚ ਜ਼ੋਰ ਅਜ਼ਮਾਈ ਸ਼ੁਰੂ ਕਰ ਦਿੱਤੀ। ਪੈਸੇ ਅਤੇ ਸੱਤਾ ਨੇ ਮਿਲ ਕੇ ਨਵੇਂ ਆਦਰਸ਼ ਘੜ੍ਹੇ ਜਿੱਥੇ ਇਮਾਨਦਾਰੀ ਨੂੰ ਮੂਰਖਾਂ ਦੀ ਪਹਿਚਾਣ ਮੰਨਿਆ ਗਿਆ। ਇਹੀ ਰੁਝਾਨ ਬੰਬਈ ਦੀ ਮਾਇਆ ਨਗਰੀ ਵਿੱਚ ਦਿਖਣ ਲੱਗਾ ਜਿੱਥੇ ਕਾਲਾ-ਬਜ਼ਾਰੀ, ਮਾਫੀਆ, ਅੰਡਰਵਰਲਡ, ਸਮਗਲਿੰਗ, ਜੁਰਮ, ਵੇਸਵਾਗਿਰੀ, ਦਲਾਲੀ ਆਦਿ ਸ਼ਬਦ ਫਿਲਮੀ ਜ਼ੁਬਾਨਾਂ 'ਤੇ ਫਿਸਲਣ ਲੱਗੇ।

ਜੇਕਰ ਇੱਕ ਪਾਸੇ ਸ਼ਿਆਮ ਬੈਨੇਗਲ ਆਪਣੀ ਫਿਲਮ 'ਮੰਥਨ' ਅਤੇ 'ਨਿਸ਼ਾਂਤ' ਦੀ ਪਟਕਥਾ ਲਈ 'ਸਾਈਲੈਂਸ ਕੋਰਟ ਚਾਲੂ ਹੈ' ਵਾਲੇ ਲੇਖਕ ਵਿਜੇ ਤੇਂਦੂਲਕਰ ਨਾਲ ਵਿਚਾਰਾਂ ਕਰ ਰਹੇ ਸਨ ਤਾਂ ਦੂਜੇ ਪਾਸੇ ਉਨ੍ਹਾਂ ਦਾ ਕਾਬਿਲ ਦੋਸਤ ਗੋਵਿੰਦ ਨਿਹਲਾਨੀ ਆਪਣੀ ਪਹਿਲੀ ਫਿਲਮ 'ਆਕ੍ਰੋਸ਼' ਦਾ ਖਾਕਾ ਵੀ ਵਿਜੇ ਤੇਂਦੂਲਕਰ ਨਾਲ ਮਿਲ ਕੇ ਤਿਆਰ ਕਰ ਰਿਹਾ ਸੀ ਜਿਸ ਵਿੱਚ ਉਸ ਨੇ ਸ਼ਹਿਰ ਦੇ ਉਪਰੋਕਤ ਕਿਰਦਾਰ ਨੂੰ ਇੱਕ ਅਜਿਹੀ ਕਹਾਣੀ ਰਾਹੀਂ ਫਿਲਮਾਉਣਾ ਸੀ ਜਿਸ ਵਿੱਚ ਵਧੀਕੀ ਦਾ ਸ਼ਿਕਾਰ ਮਨੁੱਖ ਮੌਨ ਧਾਰ ਲੈਂਦਾ ਹੈ ਤੇ ਸ਼ਬਦਾਂ ਦੀ ਬੇਅਰਥੀ ਨੂੰ ਜਾਹਰ ਕਰਦਾ ਹੈ। ਆਖਿਰ ਉੱਥੇ ਨਿਆਂ ਮੰਗਣ ਦਾ ਅਰਥ ਵੀ ਕੀ ਰਹਿ ਜਾਂਦਾ ਜਿੱਥੇ ਕਟਿਹਰੇ ਵਿੱਚ ਖੜ੍ਹਾ ਦੋਸ਼ੀ ਕੋਈ ਇਨਸਾਨ ਨਹੀਂ ਸਗੋਂ ਸਮਾਜ ਦਾ ਨਿਪੁੰਸਕ ਖਾਸਾ ਹੋਵੇ?


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER