ਮਨੋਰੰਜਨ
ਖਲਨਾਇਕਾਂ ਦੀ ਦਹਿਸ਼ਤ ਦਾ ਦਸਤਾਵੇਜ਼: ਗੋਵਿੰਦ ਨਿਹਲਾਨੀ ਦਾ ਸਿਨੇਮਾ
- ਕੁਲਦੀਪ ਕੌਰ
ਖਲਨਾਇਕਾਂ ਦੀ ਦਹਿਸ਼ਤ ਦਾ ਦਸਤਾਵੇਜ਼: ਗੋਵਿੰਦ ਨਿਹਲਾਨੀ ਦਾ ਸਿਨੇਮਾਸੱਤਿਆਜੀਤ ਰੇਅ ਦਾ ਸਿਨੇਮਾ ਦਿਹਾਤੀ ਗਰੀਬੀ ਵਿੱਚ ਜਿਊਂ ਰਹੇ ਬਾਸ਼ਿੰਦਿਆਂ ਦੇ ਆਪਸੀ ਰਿਸ਼ਤਿਆਂ ਵਿਚਲੀਆਂ ਮਨੋਵਿਗਿਆਨਕ ਗੁੰਝਲਾਂ ਨੂੰ ਪਕੜਦਾ ਸਿਨੇਮਾ ਸੀ। ਸ਼ਿਆਮ ਬੈਨੇਗਲ ਦਾ ਸਿਨੇਮਾ ਸਮਾਜਿਕ ਸੱਚਾਈਆਂ ਨੂੰ ਆਲੋਚਤਾਮਿਕ ਨਜ਼ਰੀਏ ਨਾਲ ਪਰਖਦਾ ਹੋਇਆ ਇਸ ਦਾ ਇਤਿਹਾਸਕ ਪਰਿਪੇਖ ਪਰਖਦਾ ਹੈ ਪਰ ਗੋਵਿੰਦ ਨਿਹਲਾਨੀ ਦਾ ਸਿਨੇਮਾ ਇਨ੍ਹਾਂ ਸੱਚਾਈਆਂ ਦੀ ਤਤਕਾਲੀ ਸਿਆਸਤ ਤੇ ਕੈਮਰਾ ਫੋਕਸ ਕਰਦਾ ਹੈ। ਕੀ 1947 ਵਿੱਚ ਇੱਕ ਲਿਖਿਤ ਸੰਵਿਧਾਨ ਨੂੰ ਕਾਨੁੂੰਨੀ ਤੌਰ 'ਤੇ ਅਪਣਾਉਣ ਨਾਲ ਹੀ ਭਾਰਤ ਪੂਰੀ ਤਰ੍ਹਾਂ ਨਾਲ ਜਮਹੂਰੀ ਹੋ ਗਿਆ? ਗੋਵਿੰਦ ਨਿਹਲਾਨੀ ਦਾ ਸਿਨੇਮਾ ਜਮਹੂਰੀਅਤ ਦੇ ਪਰਦੇ ਪਿੱਛੇ ਕੰਮ ਕਰ ਰਹੇ ਸਾਮੰਤਵਾਦੀ ਤੇ ਗੈਰ-ਮਾਨਵੀ ਤੰਤਰ ਨੂੰ ਸੰਬੋਧਿਤ ਹੁੰਦਾ ਹੈ। ਉਸ ਦਾ ਸਿਨੇਮਾ ਸੱਚਾਈਆਂ ਨੂੰ ਬਗੈਰ ਜ਼ਜ਼ਬਾਤੀ ਹੋਇਆ ਫੜਦਾ ਹੈ। ਉਸ ਦੀ ਫਿਲਮ ਵਿਚਲਾ ਸ਼ਾਹੂਕਾਰ 'ਮਦਰ ਇੰਡੀਆ' ਵਰਗੀ ਫਿਲਮ ਵਿਚਲਾ ਸ਼ਾਹੂਕਾਰ ਨਹੀਂ ਸਗੋਂ ਉਹ ਸਥਾਨਿਕ ਅਫਸਰਾਂ, ਨੇਤਾਵਾਂ, ਸਨਅੱਤਕਾਰਾਂ ਅਤੇ ਪੁਲਿਸ ਵਾਲਿਆਂ ਦਾ ਅਜਿਹਾ ਨਾਪਾਕ ਗੱਠਜੋੜ ਹੈ ਜੋ ਜਮਹੂਰੀਅਤ ਦੀ ਹਰ ਸੰਭਾਵਨਾ ਨੂੰ ਚੂਸ ਲੈਂਦਾ ਹੈ।

ਗੋਵਿੰਦ ਨਿਹਲਾਨੀ 'ਆਕ੍ਰੋਸ਼' ਵਿੱਚ ਸੱਤਾ ਵਿਹੂਣੇ ਲੋਕਾਂ ਦੇ ਉਦਾਸੀਨ ਹੋ ਕੇ ਗੂੰਗੇ ਹੋਣ ਦੀ ਬਾਤ ਪਾਉਂਦਾ ਹੈ। ਇਸ ਵਿਚਲੀ ਸੱਤਾ ਇੰਨੀ ਨਿਰਕੁੰਸ਼ ਤੇ ਕਰੂਰ ਹੈ ਕਿ ਇਸ ਦੀ ਜ਼ੱਦ ਵਿੱਚ ਆਈ ਲੋਕਾਈ ਕੋਲ ਨਿਆਂ ਦੀ ਗੁਹਾਰ ਲਈ ਵੀ ਸ਼ਬਦ ਨਹੀਂ ਬਚਦੇ। 'ਆਕ੍ਰੋਸ਼' ਵਿਚਲਾ ਆਦਰਸ਼ਵਾਦੀ ਵਕੀਲ ( ਨਸੀਰੂਦੀਨ ਸ਼ਾਹ) ਫਿਲਮ 'ਅਰਧ-ਸੱਤਿਆ' ਵਿੱਚ ਪੁਲਿਸ ਇੰਸਪੈਕਟਰ (ਓਮ ਪੁਰੀ) ਦੇ ਰੂਪ ਵਿੱਚ ਆਉਂਦਾ ਹੈ। ਇਹ ਇੰਸਪੈਕਟਰ ਸੱਤਾ ਹੱਥੋਂ ਤ੍ਰਿੰਸ਼ਕੂ ਕਿਵੇਂ ਬਣਦਾ ਹੈ, ਫਿਲਮ ਇਸ ਦੀ ਅੱਧ-ਅਧੂਰੀ ਵਿਆਖਿਆ ਕਰਦੀ ਹੈ, ਵਿਚਲੀਆਂ ਵਿਰਲਾਂ ਭਰਨ ਦਾ ਕੰਮ ਦਰਸ਼ਕਾਂ ਦੀ ਯਾਦ-ਸ਼ਕਤੀ ਦੀ ਸਮਰੱਥਾ 'ਤੇ ਛੱਡ ਦਿੱਤਾ ਜਾਂਦਾ ਹੈ।ਆਖਿਰ ਉਨ੍ਹਾਂ ਤੋਂ ਬਿਨਾਂ ਸੱਤਾ ਦੀ ਹੋਂਦ ਅਤੇ ਵਰਤੋਂ ਦਾ ਅਰਥ ਵੀ ਕੀ ਬਣਦਾ ਹੈ?

ਦੋਹਾਂ ਫਿਲਮਾਂ ਵਿੱਚ ਦੋ ਦਿਲਚਸਪ ਕਿਰਦਾਰ ਹਨ। ਫਿਲਮ 'ਆਕ੍ਰੋਸ਼' ਵਿੱਚ ਹੰਢਿਆਂ-ਵਰਤਿਆ ਬੁੱਢਾ ਵਕੀਲ (ਅਮਰੀਸ਼ ਪੁਰੀ) ਅਤੇ ਫਿਲਮ 'ਅਰਧ-ਸੱਤਿਆ' ਵਿੱਚ ਘਸਿਆ ਪੁਰਾਣਾ ਪੁਲਿਸ ਇੰਸਪੈਕਟਰ। ਦੋਵੇਂ ਆਪਣੀ ਅਗਲੀ ਪੀੜ੍ਹੀ ਨਾਲ ਪ੍ਰਵਚਨੀ ਸੰਵਾਦ ਰਚਾਉਂਦੇ ਹਨ। ਦੋਵੇਂ ਆਪਣੀ ਅਗਲੀ ਪੀੜ੍ਹੀ ਨੂੰ ਸੱਤਾ ਤੋਂ ਨਾਬਰ ਹੋਣ 'ਤੇ ਨਿਕਲਣ ਵਾਲੇ ਨਤੀਜਿਆਂ ਦਾ ਡਰ ਦਿਖਾਉਂਦੇ ਹਨ। ਵਕੀਲ ਲਈ ਇਹ ਸਬਕ ਲੜਾਈ ਦੇ ਨਵੇਂ ਪੈਂਤੜੇ ਸਿੱਖਣ ਦਾ ਕਾਰਨ ਬਣਦਾ ਹੈ, ਨੌਜਵਾਨ ਇੰਸਪੈਕਟਰ ਅੰਦਰੋ ਸਹਿਮ ਜਾਂਦਾ ਹੈ। ਇਹ ਸਹਿਮ ਉਸ ਦੇ ਅੰਦਰਲੇ ਤਰਕ ਅਤੇ ਸਮਝ ਨੂੰ ਨਿਗਲ ਜਾਂਦਾ ਹੈ। ਨਤੀਜਣ ਉਹ ਮਾਮੂਲੀ ਚੋਰੀ ਦੇ ਇਲਜ਼ਾਮ ਵਿੱਚ ਫੜੇ ਮੁੰਡੇ ਨੂੰ ਥਾਣੇ ਵਿੱਚ ਕੁੱਟ-ਕੁੱਟ ਮਾਰ ਦਿੰਦਾ ਹੈ। ਨਿਰਕੁੰਸ਼ ਸੱਤਾ ਉਸ ਦੇ ਅੰਦਰਲੇ ਆਪੇ ਦਾ ਕਤਲ ਕਰ ਦਿੰਦੀ ਹੈ।

1982 ਵਿੱਚ ਗੋਵਿੰਦ ਨਿਹਲਾਨੀ ਨੇ ਸ਼ਸ਼ੀ ਕਪੂਰ ਦੇ ਪੈਸਿਆਂ ਨਾਲ ਫਿਲਮ ਬਣਾਈ 'ਵਿਜੇਤਾ'। ਇਸ ਫਿਲਮ ਵਿੱਚ ਇੱਕ ਸਿੱਖ ਪਰਿਵਾਰ ਦੇ ਏਅਰ-ਫੋਰਸ ਵਿੱਚ ਤਾਇਨਾਤ ਪਾਇਲਟ ਮੁੰਡੇ ਦੀ ਮੌਤ ਤੋਂ ਬਾਅਦ ਪਰਿਵਾਰ ਦੀ ਮਨੋਦਿਸ਼ਾ ਦਾ ਸਟੀਕ ਚਿਤਰਣ ਸੀ। ਫਿਲਮ ਪੂਰੀ ਤਰ੍ਹਾਂ ਨਾਲ ਵਪਾਰਿਕ ਸਿਨੇਮਾ ਦੀ ਫਿਲਮ ਸੀ। ਦਰਸ਼ਕਾਂ ਦੀ ਇਸ ਵਿੱਚ ਦਿਲਚਸਪੀ ਦਾ ਸਬੱਬ ਬਣੇ- ਹਵਾਈ ਕਲਾਬਾਜ਼ੀਆਂ ਦੇ ਅਣਗਿਣਤ ਦ੍ਰਿਸ਼ ਜਿਹੜੇ ਕਿ ਗੋਬਿੰਦ ਨਿਹਲਾਨੀ ਨੇ ਖੁਦ ਹੀ ਫਿਲਮਾਏ ਸਨ। ਇਸ ਫਿਲਮ ਰਾਹੀਂ ਸ਼ਸ਼ੀ ਕਪੂਰ ਨੇ ਆਪਣੇ ਮੁੰਡੇ ਕੁਣਾਲ ਕਪੂਰ ਦਾ ਫਿਲਮੀ ਕੈਰੀਅਰ ਸ਼ੁਰੂ ਕਰਾਉਣ ਦੀ ਕੋਸ਼ਿਸ਼ ਕੀਤੀ। ਫਿਲਮ ਕੁਝ ਹੱਦ ਤੱਕ ਸਫਲ ਵੀ ਰਹੀ।

'ਪਾਰਟੀ' ਫਿਲਮ ਗੋਵਿੰਦ ਨਿਹਲਾਨੀ ਦੀ ਪੂਰੀ ਤਰ੍ਹਾਂ ਨਾਲ ਸਿਆਸੀ ਫਿਲਮ ਹੈ। ਇੱਕ ਮਕਾਨ ਵਿੱਚ ਬੰਬਈ ਦੇ ਕਹਿੰਦੇ-ਕਹਾਉਂਦੇ ਬੁਧੀਜੀਵੀਆਂ ਦੀ ਪਾਰਟੀ ਹੋ ਰਹੀ ਹੈ। ਬੁਧੀਜੀਵੀਆਂ ਵੱਲ ਸਮਾਜ ਦਾ ਵੱਡਾ ਤਬਕਾ ਵਿਚਾਰਧਾਰਕ ਸੇਧ ਦੀ ਝਾਕ ਲਗਾਈ ਬੈਠਾ ਹੈ। ਪਾਰਟੀ ਵਿੱਚ ਬੌਧਿਕ ਜੁਗਾਲੀ ਦਾ ਮਾਹੌਲ ਭਾਰੂ ਹੈ। ਗੰਭੀਰ ਤੇ ਭਾਰੇ ਸ਼ਬਦਾਂ ਦੀ ਵਰਤੋਂ ਜਦੋਂ ਉਹ ਆਪਣੇ ਸਿਗਨੇਚਰ ਸਟਾਈਲ ਵਿੱਚ ਕਰਦੇ ਹਨ ਤਾਂ ਉਨ੍ਹਾਂ ਨੂੰ ਵੀ ਅੰਦਰੋਂ ਪਤਾ ਹੈ ਕਿ ਇਹ ਸੱਚ ਨਹੀਂ। ਉਨ੍ਹਾਂ ਵਿੱਚੋਂ ਬਹੁਤਿਆਂ ਦੀ ਆਪਣੀ ਜ਼ਿੰਦਗੀ ਦੀ ਤਾਣੀ ਉਲਝੀ ਪਈ ਹੈ। ਅਜਿਹੀ ਹਾਲਤ ਵਿੱਚ ਵੀ ਉਹ ਦੰਭ ਤੇ ਮਸੀਹਾ ਹੋਣ ਦਾ ਭਰਮ ਨਹੀਂ ਛੱਡਣਾ ਚਾਹੁੰਦੇ। ਭਗੌੜੇ ਹੋਣ ਤੋਂ ਵੀ ਤ੍ਰਹਿੰਦੇ ਹਨ। ਗੋਵਿੰਦ ਨਿਹਲਾਨੀ ਫਿਲਮ ਦੇ ਅੰਤ ਵਿੱਚ ਦੁਬਾਰਾ ਤੋਂ ਇੱਕ ਹਿੰਸਾ ਦਾ ਦ੍ਰਿਸ਼ ਦਿਖਾ ਕੇ ਸਥਿਤੀਆਂ ਦੀ ਜੜ੍ਹਤਾ ਨੂੰ ਤੋੜਦਾ ਹੈ।

ਫਿਲਮ 'ਆਘਾਤ' ਜਿਸ ਦਾ ਅਰਥ ਹੈ 'ਆਪਣਿਆਂ ਦਾ ਖੂਨ' ਸੰਨ 1985 ਵਿੱਚ ਰਿਲੀਜ਼ ਹੋਈ। ਇਸ ਫਿਲਮ ਦਾ ਕੇਂਦਰੀ ਨੁਕਤਾ ਗੀਤਾ ਦੇ ਉਪਦੇਸ਼ਾਂ ਅਤੇ ਮਾਰਕਸਵਾਦ ਦੇ ਵਿਚਾਰਾਂ ਦਾ ਮਿਲਗੋਭਾ ਸੀ। ਫਿਲਮ ਵਿੱਚ ਮਾਰਕਸਵਾਦੀ ਵਿਚਾਰਾਂ ਤੋਂ ਪ੍ਰਭਾਵਿਤ ਇੱਕ ਟਰੇਡ ਯੂਨੀਅਨ ਦੇ ਕਾਮਿਆਂ ਦੀ ਸਿਆਸੀ ਸਮਝ ਉਦੋਂ ਧਰੀ ਦੀ ਧਰੀ ਰਹਿ ਜਾਂਦੀ ਹੈ ਜਦੋਂ ਘਾਗ ਨੇਤਾ ਅਤੇ ਸਨਅੱਤਕਾਰ ਮਿਲ ਕੇ ਯੂਨੀਅਨ ਦੇ ਨੇਤਾਵਾਂ ਨੂੰ ਮਜ਼ਦੂਰਾਂ ਖਿਲਾਫ ਹੀ ਵਰਤ ਜਾਂਦੇ ਹਨ। ਇਸ ਤਰ੍ਹਾਂ ਸ਼ੋਸ਼ਣ ਖਿਲਾਫ ਲੜਨ ਵਾਲੇ ਹੀ ਸ਼ੋਸ਼ਿਤ ਵਿਰੁੱਧ ਭੁਗਤ ਜਾਂਦੇ ਹਨ।

ਗੋਵਿੰਦ ਨਿਹਲਾਨੀ ਦੀਆਂ ਫਿਲਮਾਂ ਵਿੱਚ ਇੱਕ ਸਾਂਝਾ ਨੁਕਤਾ ਅਜਿਹੇ ਖਲਨਾਇਕਾਂ ਦੀ ਮੌਜੂਦਗੀ ਹੈ ਜਿਹੜੇ ਫਿਲਮ ਵਿਚਲੇ ਬਾਕੀ ਕਿਰਦਾਰਾਂ ਦੇ ਸਿਰ ਚੜ੍ਹ ਬੋਲਦੇ ਹਨ। 'ਅਰਧ-ਸੱਤਿਆ' ਵਿਚਲੇ ਰਮਾ ਸ਼ੈਟੀ (ਸਦਾ ਸ਼ਿਵ ਅਮਰਾਪੁਰਕਰ) ਨੂੰ ਕੌਣ ਭੁੱਲ ਸਕਦਾ ਹੈ? ਉਸ ਦੀਆਂ ਫਿਲਮਾਂ ਵਿੱਚ ਮਿਥਿਹਾਸਕ ਪਾਤਰ ਆਉਂਦੇ-ਜਾਂਦੇ ਰਹਿੰਦੇ ਹਨ। ਇਨ੍ਹਾਂ ਬਾਰੇ ਉਹ ਟਿੱਪਣੀ ਕਰਦਾ ਹੈ, 'ਇਨ੍ਹਾਂ ਮਿਥਿਹਾਸਕ ਵੇਰਵਿਆਂ ਨੂੰ ਵਪਾਰਕ ਸਿਨੇਮਾ ਸਥਿਤੀ ਨੂੰ ਜਿਉਂ ਦਾ ਤਿਉਂ ਰੱਖਣ ਲਈ ਵਰਤਦਾ ਹੈ, ਮੈਂ ਇਨ੍ਹਾਂ ਦੀ ਵਰਤੋਂ ਸਥਿਤੀਆਂ ਵਿੱਚ ਬਦਲਾਉ ਲਈ ਕਰਦਾ ਹਾਂ।'


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER