ਮਨੋਰੰਜਨ
ਆਵਾਮ ਨੂੰ 'ਯੇ ਵੋਹ ਮੰਜ਼ਿਲ ਤੋਂ ਨਹੀਂ' ਯਾਦ ਕਰਾਉਂਦਾ ਸੁਧੀਰ ਮਿਸ਼ਰਾ
- ਕੁਲਦੀਪ ਕੌਰ
ਆਵਾਮ ਨੂੰ 'ਯੇ ਵੋਹ ਮੰਜ਼ਿਲ ਤੋਂ ਨਹੀਂ' ਯਾਦ ਕਰਾਉਂਦਾ ਸੁਧੀਰ ਮਿਸ਼ਰਾ'ਯੇ ਦਾਗ-ਦਾਗ ਉਜਾਲਾ, ਯੇ ਸਬਕਜ਼ਦਾ ਸਹਰ,
ਕਿ ਇੰਤਜ਼ਾਰ ਥਾ ਜਿਸ ਕਾ, ਯੇ ਵੋ ਸਹਰ ਤੋਂ ਨਹੀਂ।'

ਫੈਜ਼ ਅਹਿਮਦ ਫੈਜ਼ ਦੀ ਮੁਲਕ ਦੀ ਆਜ਼ਾਦੀ ਦੇ ਖੋਖਲੇਪਣ ਬਾਰੇ ਲਿਖੀ ਇਸ ਜ਼ਜ਼ਬਾਤੀ ਨਜ਼ਮ ਨੂੰ ਸਿਨੇਮਈ ਸਕਰੀਨ 'ਤੇ ਨਿਰਦੇਸ਼ਕ ਸੁਧੀਰ ਮਿਸ਼ਰਾ ਨੇ ਸਾਕਾਰ ਕੀਤਾ। 'ਯੇ ਵੋਹ ਮੰਜ਼ਿਲ ਤੋਂ ਨਹੀਂ' ਫਿਲਮ ਦਾ ਕਥਾਨਿਕ ਤਿੰਨ ਬਜ਼ੁਰਗ ਦੋਸਤਾਂ ਦੁਆਲੇ ਘੁੰਮਦਾ ਹੈ ਜਿਹੜੇ ਜਦੋਂ ਦਹਾਕਿਆਂ ਤੋਂ ਬਾਅਦ ਮਿਲਦੇ ਹਨ ਤਾਂ ਮਹਿਸੂਸ ਕਰਦੇ ਹਨ ਕਿ ਆਜ਼ਾਦੀ ਦੀ ਜਿਸ ਤਾਂਘ ਦੀ ਲੌ ਵਿੱਚ ਉਨ੍ਹਾਂ ਦੀ ਜਵਾਨੀ ਖਰਚ ਹੋਈ ਸੀ ਉਹ ਹਾਲੇ ਤੱਕ ਆਵਾਮ ਦੇ ਵਿਹੜਿਆਂ ਤੱਕ ਨਹੀਂ ਪਹੁੰਚੀ। ਉਨ੍ਹਾਂ ਦੀ ਗੱਲਬਾਤ ਉਨ੍ਹਾਂ ਸੁਪਨਿਆਂ, ਜਜ਼ਬਾਤਾਂ, ਸੰਘਰਸ਼ਾਂ ਅਤੇ ਰੰਜ਼ ਦੇ ਦੁਆਲੇ ਘੁੰਮਦੀ ਹੈ ਜਿਹੜੇ ਉਨ੍ਹਾਂ ਨੂੰ ਦਿਨੇ-ਰਾਤੀਂ ਟਿਕਣ ਨਹੀਂ ਦਿੰਦੇ। ਫਿਲਮ ਵਿੱਚ ਨਾਟਕਕਾਰ ਹਬੀਬ ਤਨਵੀਰ, ਮਨੋਹਰ ਸਿੰਘ, ਬੀ.ਐੱਨ.ਸ਼ਾਹ, ਪੰਕਜ ਕਪੂਰ ਤੇ ਸੁਸ਼ਮਿਤਾ ਮੁਖਰਜੀ ਮੁੱਖ ਭੂਮਿਕਾਵਾਂ ਵਿੱਚ ਸਨ। ਫਿਲਮ ਦੇ ਸਾਰੇ ਕਿਰਦਾਰਾਂ ਦੀ ਆਪਣੀ ਜ਼ਿੰਦਗੀ ਵੀ ਘੱਟ ਦਿਲਚਸਪ ਨਹੀਂ ਪਰ ਉਨ੍ਹਾਂ ਦੀ ਦਿਲਚਸਪੀ ਦਾ ਕੇਂਦਰ ਬਿੰਦੂ ਆਵਾਮ ਦੇ ਮਸਲੇ ਹਨ। ਇਹ ਮਸਲੇ ਨਾ ਸਿਰਫ ਉਨ੍ਹਾਂ ਦੀ ਬੇਗਰਜ਼ ਦੋਸਤੀ ਦਾ ਆਧਾਰ ਹਨ ਸਗੋਂ ਉਨ੍ਹਾਂ ਅੱਗੇ ਨਵੇਂ ਸਵਾਲ ਵੀ ਪੈਦਾ ਕਰਦੇ ਹਨ। ਰੇਲਗੱਡੀ ਦਾ ਸਫਰ ਉਨ੍ਹਾਂ ਨੂੰ ਮਸਲਿਆਂ ਪ੍ਰਤੀ ਸੋਚ ਲਈ ਮੁਹਾਜ਼ ਮੁਹੱਈਆ ਕਰਵਾਉਂਦਾ ਹੈ। ਸਫਰ ਦਾ ਅਰਥ ਨਵੇਂ ਸਫਰ ਦੀ ਤਲਾਸ਼ ਵਿੱਚ ਨਿਕਲਦਾ ਹੈ।

ਇਹ ਫਿਲਮ ਸੁਧੀਰ ਮਿਸ਼ਰਾ ਦੁਆਰਾ ਨਿਰਦੇਸ਼ਤ ਪਹਿਲੀ ਫਿਲਮ ਹੋਣ ਕਾਰਨ ਉਨ੍ਹਾਂ ਦੇ ਦਿਲ ਦੇ ਬਹੁਤ ਨਜ਼ਦੀਕ ਸੀ। ਇਸ ਵਿੱਚੋਂ ਉਨ੍ਹਾਂ ਦੀ ਸਮਾਜਿਕ ਸਮਝ ਅਤੇ ਵਿਚਾਰਧਾਰਕ ਪੇਚੀਦਗੀ ਨੂੰ ਸਮਝਿਆ ਜਾ ਸਕਦਾ ਹੈ। ਉਨ੍ਹਾਂ ਅਨੁਸਾਰ ਭਾਰਤੀ ਫਿਲਮ ਸਨਅੱਤ ਵਿੱਚ ਮਾੜੀਆਂ ਫਿਲਮਾਂ ਬਣਾਉਣ ਦਾ ਰੁਝਾਨ ਨਿਰਮਾਤਾਵਾਂ ਦੀ ਮੁੱਦਿਆਂ ਦੀ ਸਮਝ ਬਾਰੇ ਅਨਪੜ੍ਹਤਾ ਨਾਲ ਜੁੜਿਆ ਹੋਇਆ ਹੈ। ਜ਼ਿਆਦਾਤਰ ਨਿਰਮਾਤਾਵਾਂ ਲਈ ਫਿਲਮਾਂ ਬਣਾਉਣਾ ਪੈਸੇ ਤੋਂ ਪੈਸਾ ਬਣਾਉਣ ਵਾਲਾ ਕਾਰੋਬਾਰ ਹੈ। ਬਹੁਤਿਆਂ ਨੂੰ ਫਿਲਮ ਦੀ ਪਟਕਥਾ ਹੀ ਸਮਝ ਵਿੱਚ ਨਹੀਂ ਆਉਂਦੀ। ਇਸ ਤਰ੍ਹਾਂ ਮਾੜੀਆਂ ਫਿਲਮਾਂ ਬਣਦੀਆਂ ਰਹਿੰਦੀਆਂ ਹਨ ਤੇ ਚੰਗੀਆਂ ਫਿਲਮਾਂ ਬਣਾਉਣ ਵਾਲਿਆਂ ਦੀ ਜੱਦੋ-ਜਹਿਦ ਕਿਸੇ ਕੰਢੇ ਨਹੀਂ ਲੱਗਦੀ। ਇੱਕ ਵੱਖਰੇ ਇੰਟਰਵਿਊ ਵਿੱਚ ਸੁਧੀਰ ਮਿਸ਼ਰਾ ਦਰਸ਼ਕਾਂ ਦੁਆਰਾ ਚੰਗੀਆਂ ਫਿਲਮਾਂ ਦੀ ਬਜਾਏ ਮਾੜੀਆਂ ਨੂੰ ਤਰਜੀਹ ਦੇਣ ਨੂੰ ਹੈਰਾਨੀਜਨਕ ਮੰਨਦੇ ਹਨ।

ਇਸ ਫਿਲਮ ਵਿੱਚ ਸੁਧੀਰ ਮਿਸ਼ਰਾ ਦਰਸ਼ਕਾਂ ਅੱਗੇ ਉਸ ਪੀੜ੍ਹੀ ਦੀ ਬਾਤ ਪਾਉਂਦਾ ਹੈ ਜਿਹੜੀ ਆਜ਼ਾਦੀ ਸੰਗਰਾਮ ਦੇ ਆਦਰਸ਼ਾਂ ਨੂੰ ਪ੍ਰਣਾਈ ਆਖਰੀ ਪੀੜ੍ਹੀ ਹੈ। ਇਸ ਪੀੜ੍ਹੀ ਦੀ ਆਪਣੀ ਕਿਸਮ ਦੀ ਮਾਸੂਮੀਅਤ ਹੈ ਜਿਹੜੀ ਕੋਹਜ ਨੂੰ ਪਸੰਦ ਨਹੀਂ ਕਰਦੀ , ਆਪਣੀ ਕਿਸਮ ਦੀ ਸਾਦਗੀ ਹੈ ਜਿਹੜੀ ਫਕੀਰਾਂ ਵਾਂਗ ਸਾਰਿਆਂ ਨੂੰ ਸੁਖੀ ਵਸਣ ਦਾ ਵਰ ਦਿੰਦੀ ਹੈ, ਆਪਣੀ ਤਰ੍ਹਾਂ ਦੀ ਜ਼ਿੱਦ ਹੈ ਜਿਹੜੀ ਭੁੱਖ-ਨੰਗ ਤੇ ਜ਼ਲਾਲਤ ਨੂੰ ਨਫਰਤ ਕਰਦੀ ਹੈ। ਇਹ ਪੀੜ੍ਹੀ ਆਪਣੇ ਕੌਲ-ਕਰਾਰ ਨਿਭਾਉਣੇ ਜਾਣਦੀ ਹੈ। ਦਿੱਤੀਆਂ ਜ਼ੁਬਾਨਾਂ ਲਈ ਸਿਰ ਦੇ ਸਕਦੀ ਹੈ। ਸੁਧੀਰ ਮਿਸ਼ਰਾ ਉਸ ਪੀੜ੍ਹੀ ਦੀ ਜ਼ਿੰਦਗੀ ਨੂੰ ਕਵਿਤਾ ਦਾ ਲਕਬ ਦਿੰਦਿਆਂ ਆਖਦੇ ਹਨ ਕਿ ਇਹ ਕਵਿਤਾ ਹਰ ਹਾਲ ਅਗਲੀਆਂ ਪੀੜ੍ਹੀਆਂ ਨੂੰ ਹਰ ਹਾਲ ਸੁਣਾਈ ਜਾਣੀ ਚਾਹੀਦੀ ਹੈ।

ਸੁਧੀਰ ਮਿਸ਼ਰਾ 'ਤੇ ਆਪਣੇ ਹਿਸਾਬਦਾਨ ਪਿਤਾ ਦਵਿੰਦਰਨਾਥ ਮਿਸ਼ਰਾ ਦਾ ਪ੍ਰਤੱਖ ਪ੍ਰਭਾਵ ਹੈ। ਉਹ ਲਖਨਊ ਫਿਲਮ ਸੁਸਾਇਟੀ ਦੇ ਸੰਸਥਾਪਕ ਸਨ। ਉਨ੍ਹਾਂ ਦੇ ਭਰਾ ਸੁੰਧਾਸ਼ੂ ਮਿਸ਼ਰਾ ਦੀ ਜਦੋਂ ਫਿਲਮ ਅਤੇ ਟੀ.ਵੀ ਸੰਸਥਾਨ ਪੂਣੇ ਵਿੱਚ ਫਿਲਮ ਸਿੱਖਣ ਲਈ ਚੋਣ ਹੋਈ ਤਾਂ ਦੋਹਾਂ ਭਰਾਵਾਂ ਵਿੱਚ ਇੱਕ ਸਮਝੌਤਾ ਹੋਇਆ ਕਿ ਅਗਲੇ ਸਾਲਾਂ ਵਿੱਚ ਸੁਧੀਰ ਮਿਸ਼ਰਾ ਉਸ ਨੂੰ ਫਿਲਮਾਂ ਦਾ ਸੰਪਾਦਨ ਸਿਖਾਏਗਾ ਅਤੇ ਬਦਲੇ ਵਿੱਚ ਸੁੰਧਾਸ਼ੂ ਉਸ ਨੂੰ ਆਪਣਾ ਸਿਲੇਬਸ ਪੜ੍ਹਾਉਣਗੇ। ਇਸ ਤਰ੍ਹਾਂ ਦੋਵੇਂ ਭਰਾਵਾਂ ਨੇ ਆਪਣੇ-ਆਪਣੇ ਖੇਤਰ ਵਿੱਚ ਨਾਮ ਕਮਾਇਆ।

ਸੁਧੀਰ ਮਿਸ਼ਰਾ ਦੀਆਂ ਸਾਰੀਆਂ ਫਿਲਮਾਂ ਲੀਹ ਤੋਂ ਹੱਟਵੀਆਂ ਹਨ। ਉਨ੍ਹਾਂ ਦਾ ਸਿਨੇਮਾ ਸਿਆਸੀ ਸਬਕਾਂ ਦਾ ਸਿਨੇਮਾ ਹੈ। ਫਿਲਮਾਂ ਦੇ ਨਾਵਾਂ ਅਤੇ ਵਿਸ਼ਿਆਂ ਦਾ ਫਿਲਮਾਂਕਣ ਫਾਰਮੂਲਾ ਆਧਾਰਿਤ ਫਿਲਮਾਂ ਦੀ ਸਿਆਸਤ ਨੂੰ ਰੱਦ ਕਰਦਾ ਹੈ। ਇਹ ਆਪਣੀ ਕਿਸਮ ਦੀ ਸਿਆਸੀ ਪਾਲਬੰਦੀ ਹੈ ਜਿਸ ਨੂੰ ਸੁਧੀਰ ਮਿਸ਼ਰਾ ਨੇ ਹਰ ਨਵੀਂ ਫਿਲਮ ਨਾਲ ਹੋਰ ਮਜ਼ਬੂਤ ਕੀਤਾ ਹੈ। 'ਯੇ ਵੋਹ ਮੰਜ਼ਿਲ ਤੋਂ ਨਹੀਂ' ਦਾ ਅਗਲਾ ਪੰਨਾ 'ਹਜ਼ਾਰੋ ਖਵਾਹਿਸ਼ੇਂ ਐਸੀ' 'ਤੇ ਜਾ ਕੇ ਖੁੱਲ੍ਹਦਾ ਹੈ। ਇਹ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਫੈਜ਼ ਉਸ ਨੂੰ ਆਵਾਜ਼ ਮਾਰਦਾ ਰਹੇਗਾ ਕਿ

'ਚਲੇ ਚਲੋ ਕਿ ਵੋਹ ਮੰਜ਼ਿਲ ਅਭੀ ਨਹੀਂ ਆਈ'


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER