ਮਨੋਰੰਜਨ
ਆਧੁਨਿਕ ਮਨੁੱਖ ਦੀ ਹੋਂਦ ਦੇ ਦਵੰਦਾਂ ਨੂੰ ਸੰਬੋਧਿਤ ਕਰਦੀ ਫਿਲਮ
ਜ਼ਿੰਦਗੀ ਦੇ ਹੱਕ ਵਿੱਚ ਹਾਅ ਦਾ ਨਾਅਰਾ ਬੁਲੰਦ ਕਰਦੀ ਫਿਲਮ 'ਮੈਂ ਜ਼ਿੰਦਾ ਹੂੰ'
- ਕੁਲਦੀਪ ਕੌਰ
ਜ਼ਿੰਦਗੀ ਦੇ ਹੱਕ ਵਿੱਚ ਹਾਅ ਦਾ ਨਾਅਰਾ ਬੁਲੰਦ ਕਰਦੀ ਫਿਲਮ 'ਮੈਂ ਜ਼ਿੰਦਾ ਹੂੰ'ਸੁਧੀਰ ਮਿਸ਼ਰਾ ਦੁਆਰਾ ਨਿਰਦੇਸ਼ਤ ਸੰਨ 1988 ਵਿਚ ਆਈ ਫਿਲਮ 'ਮੈਂ ਜ਼ਿੰਦਾ ਹੂੰ' ਦਾ ਸਭ ਤੋਂ ਖੂਬਸੂਰਤ ਪੱਖ ਫਿਲਮ ਦੇ ਕਿਰਦਾਰਾਂ ਲਈ ਚੁਣੇ ਗਏ ਅਦਾਕਾਰਾਂ ਦੀ ਸਜੀਵ ਅਤੇ ਯਥਾਰਥਿਕ ਅਦਾਕਾਰੀ ਸੀ। ਦੀਪਤੀ ਨਵਲ ਦੁਆਰਾ ਨਿਭਾਇਆ ਬੀਨਾ ਨਾਮ ਦੀ ਨੌਜਵਾਨ ਅਣਚਾਹੀ ਬਹੂ ਦਾ ਕਿਰਦਾਰ ਭਾਰਤੀ ਸਿਨੇਮਾ ਦਾ ਯਾਦਗਾਰੀ ਪੰਨਾ ਹੈ। ਫਿਲਮ ਜ਼ਿੰਦਗੀ ਅਤੇ ਹੋਂਦ ਦੇ ਸਵਾਲਾਂ ਨੂੰ ਮੁਖਾਤਿਬ ਹੁੰਦਿਆਂ ਭਾਰਤੀ ਸਮਾਜ ਵਿੱਚ ਔਰਤ ਨਾਲ ਵਾਪਰਦੀਆਂ ਤ੍ਰਾਸਦੀਆਂ ਦੀ ਨਿਸ਼ਾਨਦੇਹੀ ਕਰਦੀ ਹੈ।

ਫਿਲਮ ਦੀ ਮੁੱਖ ਕਿਰਦਾਰ ਬੀਨਾ ਜਦੋਂ ਵਿਆਹ ਕਰਵਾ ਕੇ ਸਹੁਰੇ ਘਰ ਜਾਂਦੀ ਹੈ ਤਾਂ ਪਤੀ ਇਸ ਵਿਆਹ ਨੂੰ ਨਾ-ਮਨਜ਼ੂਰ ਕਰ ਦਿੰਦਾ ਹੈ। ਸਮਝਾਉਣ ਦਾ ਯਤਨ ਕਰਨ 'ਤੇ ਘਰੋਂ ਭੱਜ ਜਾਂਦਾ ਹੈ। ਬੀਨਾ ਲਈ ਵਾਪਿਸ ਪੇਕੇ ਮੁੜਣਾ ਵੀ ਸੰਭਵ ਨਹੀਂ। ਪਤੀ ਵਿਆਹ ਤੋਂ ਪਹਿਲਾਂ ਹੀ ਆਪਣੀਆਂ ਘਰੇਲੂ ਜ਼ਿੰਮੇਵਾਰੀਆਂ ਤੋਂ ਕੰਨੀ ਕਤਰਾਉਣ ਦੀ ਫਿਰਾਕ ਵਿੱਚ ਹੈ। ਪਤਨੀ ਦੇ ਆਉਂਦਿਆਂ ਹੀ ਉਸ ਦਾ ਦਾਅ ਲੱਗ ਜਾਂਦਾ ਹੈ ਅਤੇ ਉਹ ਘਰ ਦੇ ਪੰਜ ਮੈਂਬਰਾਂ ਦੀ ਜ਼ਿੰਮੇਵਾਰੀ ਬੇਰੁਜ਼ਗਾਰ ਬੀਨਾ ਦੇ ਮੋਢਿਆਂ 'ਤੇ ਸੁੱਟ ਕੇ ਭਗੌੜਾ ਹੋ ਜਾਂਦਾ ਹੈ। ਬੀਨਾ ਇਸ ਸਾਰੇ ਚੱਕਰਵਿਊ ਵਿੱਚ ਬੇਬੱਸ ਹੋ ਜਾਂਦੀ ਹੈ। ਉਸ ਲਈ ਇਸ ਜ਼ਿੰਮੇਵਾਰੀ ਤੋਂ ਭੱਜਣ ਦਾ ਕੋਈ ਦਰ ਵੀ ਖੁੱਲ੍ਹਾ ਨਹੀਂ। ਮਜ਼ਬੂਰ ਹੋ ਕੇ ਉਸ ਨੂੰ ਸ਼ਹਿਰ ਨੌਕਰੀ ਕਰਨੀ ਪੈਂਦੀ ਹੈ। ਨੌਕਰੀ ਕਰਦੀ ਬਹੂ ਦਾ ਸਹੁਰਾ ਪਰਿਵਾਰ ਉਸ ਨਾਲ ਹਮਦਰਦੀ ਰੱਖਣ ਜਾਂ ਕੰਮ ਵਿੱਚ ਉਸ ਦਾ ਹੱਥ ਵਟਾਉਣ ਦੀ ਬਜਾਏ ਉਸ ਨਾਲ ਮੁਫਤ ਦੀ ਨੌਕਰ ਵਾਂਗ ਵਰਤਾਉ ਕਰਦਾ ਹੈ। ਹਰ ਨਿੱਕੇ-ਮੋਟੇ ਕੰਮ ਲਈ ਉਸੇ ਦੀ ਜਵਾਬਦੇਹੀ ਕਰਨ ਦਾ ਨਿਰੰਤਰ ਚੱਕਰ ਚੱਲ ਪੈਂਦਾ ਹੈ।

ਘਰ ਤੋਂ ਬਾਹਰ ਵਾਲਿਆਂ ਲਈ ਉਹ ਕੋਹਤੂਲ ਦਾ ਵਿਸ਼ਾ ਬਣ ਜਾਂਦੀ ਹੈ। ਉਸ ਦੇ ਗਲੀ ਵਿੱਚੋਂ ਲੰਘਣ ਸਮੇਂ ਉਸ ਸਬੰਧੀ ਕਿਆਸ-ਅਰਾਈਆਂ ਤੇ ਅੰਦਾਜ਼ਿਆਂ ਦਾ ਬਾਜ਼ਾਰ ਗਰਮ ਹੋ ਜਾਂਦਾ ਹੈ। ਪਤੀ ਦੇ ਹੁੰਦਿਆਂ ਵੀ ਪਤੀ ਤੋਂ ਬਿਨਾਂ ਸਹੁਰੇ ਘਰ ਦਾ ਪਾਲਣ-ਪੋਸ਼ਣ ਕਰਦੀ ਬਹੂ ਅਚਾਨਕ ਹੀ ਮੁਹੱਲੇ ਵਾਲਿਆਂ ਦੀਆਂ ਨਜ਼ਰਾਂ ਦੀ ਨਜ਼ਰਬੰਦੀ ਦਾ ਸ਼ਿਕਾਰ ਬਣ ਜਾਂਦੀ ਹੈ। ਸਾਰਾ ਮੁਹੱਲਾ 'ਕੁਝ ਹੋ ਜਾਣ' ਦੇ ਇੰਤਜ਼ਾਰ ਵਿੱਚ ਦਿਨ ਗੁਜ਼ਾਰ ਰਿਹਾ ਹੈ। ਮੁਹੱਲੇ ਦੇ ਦੋ ਬਜ਼ੁਰਗਾਂ ਲਈ ਉਹ ਨਾਇਕਾ ਹੈ। ਉਨ੍ਹਾਂ ਵਿੱਚੋਂ ਇੱਕ ਜੋਤਹੀਨ ਬਜ਼ੁਰਗ ਦੂਜੇ ਤੋਂ ਉਸ ਸਬੰਧੀ ਜਾਣਨ ਤੋਂ ਬਾਅਦ ਇੱਕ ਨਾਵਲ ਦੀ ਕਥਾ ਦਾ ਜ਼ਿਕਰ ਕਰਦਾ ਹੈ। ਉਸ ਨਾਵਲ ਅਨੁਸਾਰ ਔਰਤ ਦੀ ਇੱਛਾ-ਸ਼ਕਤੀ ਤੇ ਸਹਿਣ ਦੀ ਸਮਰੱਥਾ ਉਸ ਨੂੰ ਹਰ ਵਾਰ ਨਾਇਕਾ ਦੇ ਤੌਰ 'ਤੇ ਉੱਚ ਦਰਜਾ ਜਿਤਾ ਦਿੰਦੀ ਹੈ ਪਰ ਦੂਜਾ ਇਸ ਵਿਰੁੱਧ ਦਲੀਲ ਦਿੰਦਿਆਂ ਆਖਦਾ ਹੈ ਕਿ ਇਹ ਤਾਂ ਔਰਤ ਬਾਰੇ ਸਦੀਆਂ ਤੋਂ ਮਰਦਾਂ ਦੁਆਰਾ ਪ੍ਰਚਾਰਿਆ ਜਾ ਰਿਹਾ ਸ਼ਰਧਾਮਈ ਪ੍ਰਵਚਨ ਹੈ। ਸੁਧੀਰ ਮਿਸ਼ਰਾ ਇਸ ਨੂੰ ਮਰਦਾਂ ਦੁਆਰਾਂ ਔਰਤਾਂ ਦੀ ਕਲਪਨਾ ਅਬਲਾ ਜਾਂ ਨਾਇਕਾ ਜਾਂ ਫਿਰ ਦੇਵੀ ਦੇ ਭਰਮ ਪਾਊ ਰੂਪਾਂ ਦੇ ਤੌਰ 'ਤੇ ਕਰਨ ਦੇ ਹਾਸੋਹੀਣੇ ਸੰਕਲਪ ਨਾਲ ਜੋੜਦਾ ਹੈ। ਔਰਤ ਹੱਡ-ਮਾਸ ਦੀ ਇਨਸਾਨ ਹੈ ਅਤੇ ਇੱਕ ਇਨਸਾਨ ਦੇ ਤੌਰ 'ਤੇ ਉਸ ਵਿੱਚ ਹਰ ਚੰਗਾ-ਮਾੜਾ ਗੁਣ-ਔਗੁਣ ਹੈ।

ਇਸ ਫਿਲਮ ਦੀ ਸ਼ੁਰੂਆਤ ਵਿੱਚ ਬੀਨਾ ਦਾ ਪਿਤਾ ਉਸ ਨੂੰ ਦੱਸਦਾ ਹੈ ਕਿ ਜ਼ਿੰਦਗੀ ਜਿਊਣ ਦੇ ਦੋ ਹੀ ਤਰੀਕੇ ਹਨ। ਪਹਿਲਾ ਭੀੜ ਵਿੱਚ ਭੀੜ ਹੋ ਜਾਣਾ ਹੈ। ਇਹ ਰਸਤਾ ਸੌਖਾ ਤੇ ਸਫਲ ਹੈ। ਬੰਦੇ ਅਕਸਰ ਇਸ ਰਸਤੇ 'ਤੇ ਤੁਰਦਿਆਂ ਆਪਣੀ ਪਛਾਣ ਗਵਾ ਲੈਂਦੇ ਹਨ। ਆਪਣੇ ਆਪ ਦੀ ਤਲਾਸ਼ ਦੀ ਹਿੰਮਤ ਵੀ ਨਹੀਂ ਬੱਚਦੀ। ਦੂਜਾ ਰਸਤਾ ਇੱਕਲੇ ਤੁਰਨ ਤੇ ਆਪਣੇ- ਆਪ ਦੀ ਪਛਾਣ ਦਾ ਰਸਤਾ ਹੈ। ਇਹ ਔਖਾ ਹੈ, ਹਮਰਾਹੀ ਕੋਈ ਨਹੀਂ ਤੇ ਮੰਜ਼ਿਲ ਦਾ ਟਿਕਾਣਾ ਵੀ ਕੋਈ ਨਹੀਂ ਪਰ ਇਹ ਰਸਤਾ ਸੱਚ ਵੱਲ ਜਾਂਦਾ ਹੈ। ਇਸ ਰਸਤੇ ਦਾ ਰਾਹੀ ਆਪਣੇ-ਆਪ ਨੂੰ ਪਾ ਲੈਂਦਾ ਹੈ।

ਫਿਲਮ ਆਧੁਨਿਕ ਮਨੁੱਖ ਦੀ ਹੋਂਦ ਦੇ ਦਵੰਦਾਂ ਨੂੰ ਸੰਬੋਧਿਤ ਹੁੰਦੀ ਹੈ। ਫਿਲਮ ਦੇ ਇੱਕ ਦ੍ਰਿਸ਼ ਵਿੱਚ ਜ਼ਿੰਦਗੀ ਤੋਂ ਹੈਰਾਨ ਪਰੇਸ਼ਾਨ ਬੀਨਾ ਰੇਲਗੱਡੀ ਥੱਲੇ ਸਿਰ ਦੇ ਕੇ ਮਰਨ ਦੀ ਕੋਸ਼ਿਸ਼ ਕਰਦੀ ਹੈ। ਮਰਦੇ ਸਮੇਂ ਜਜ਼ਬਾਤੀ ਹੋ ਕੇ ਪੁਰਾਣੀਆਂ ਗੱਲਾਂ ਯਾਦ ਕਰਦਿਆਂ ਉਸ ਨੂੰ ਭਾਸਦਾ ਹੈ ਜਿਵੇਂ ਉਸ ਦੇ ਪਿਤਾ ਵਾਪਿਸ ਆ ਗਏ ਹਨ। ਪਿਤਾ ਉਸ ਨੂੰ ਆਖਦੇ ਹਨ ਜਦੋਂ ਆਖਿਰ ਨੂੰ ਮਰ ਹੀ ਜਾਣਾ ਹੈ ਤਾਂ ਹੁਣੇ ਮਰਨ ਦੀ ਕੀ ਜ਼ਰੂਰਤ ਹੈ? ਜ਼ਿੰਦਗੀ ਹੋਰ ਬਿਹਤਰ ਮੌਕੇ ਵੀ ਤਾਂ ਦੇ ਸਕਦੀ ਹੈ। ਮੌਤ ਤਾਂ ਕਦੇ ਵੀ ਕਿਸੇ ਸਮੱਸਿਆ ਦਾ ਹੱਲ ਨਹੀਂ ਹੋ ਸਕਦੀ। ਫਿਰ ਵਕਤੋਂ ਪਹਿਲੇ ਮਰਨ ਨਾਲੋਂ ਜ਼ਿੰਦਗੀ ਨੂੰ ਹੀ ਕਿਸੇ ਹੋਰ ਤਰੀਕੇ ਜਿਊਣ ਦੀ ਹਿੰਮਤ ਕਿਉਂ ਨਹੀਂ ਕੀਤੀ ਜਾ ਸਕਦੀ? ਸਿਰਫ ਜ਼ਿੰਦਗੀ ਤੋਂ ਹੀ ਤਾਂ ਬਦਲਾਉ, ਉਮੀਦ ਅਤੇ ਭਵਿੱਖ ਦੀ ਆਸ ਕੀਤੀ ਜਾ ਸਕਦੀ ਹੈ।

ਬੀਨਾ ਲਈ ਇਹ ਅੰਧੇਰੀ ਸੁਰੰਗ ਤੋਂ ਚਾਨਣ ਦੀ ਕਿਰਨ ਵੱਲ ਜਾਣ ਦਾ ਪਲ ਹੋ ਨਿਬੜਦਾ ਹੈ। ਉਹ ਆਪਣਾ ਨਵਾਂ ਰਾਸਤਾ ਘੜਦੀ ਹੈ। ਉਹ ਆਪਣੇ ਦਫਤਰ ਦੇ ਦੋਸਤ ਨਾਲ ਵਿਆਹ ਕਰਵਾਉਣ ਦਾ ਫੈਸਲਾ ਲੈ ਲੈਂਦੀ ਹੈ। ਅਚਾਨਕ ਉਸ ਦਾ ਪਤੀ ਘਰ ਪਰਤਦਾ ਹੈ ਪਰ ਹੁਣ ਬੀਨਾ ਲਈ ਉਸ ਦੀ ਹੋਂਦ ਬੇਮਾਅਨਾ ਹੋ ਚੁੱਕੀ ਹੈ। ਹੁਣ ਉਹ ਦੁਨੀਆਂ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਹਿ ਸਕਦੀ ਹੈ ਕਿ 'ਹਾਂ, ਮੈਂ ਭੀ ਜ਼ਿੰਦਾ ਹੂੰ'।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER