ਮਨੋਰੰਜਨ
ਮੁਹੱਬਤ ਦੀ ਸਦਾਬਹਾਰ ਧੁਨ ਵਾਲੇ ਦਿਲ ਵਾਲਾ: ਦੇਵ ਆਨੰਦ
- ਕੁਲਦੀਪ ਕੌਰ
ਮੁਹੱਬਤ ਦੀ ਸਦਾਬਹਾਰ ਧੁਨ ਵਾਲੇ ਦਿਲ ਵਾਲਾ: ਦੇਵ ਆਨੰਦ



ਆਪਣੀ ਇੱਕ ਇੰਟਰਵਿਊ ਵਿੱਚ 'ਗਾਈਡ' ਨਾਵਲ ਦੇ ਸਿਰਜਕ ਆਰ.ਕੇ. ਨਰਾਇਣਨ ਨੇ ਦੇਵ ਆਨੰਦ ਬਾਰੇ ਟਿੱਪਣੀ ਕਰਦਿਆਂ ਕਿਹਾ ਸੀ ਕਿ 'ਗਾਈਡ' ਫ਼ਿਲਮ ਦੇ ਨਾਇਕ ਦੇ ਕਿਰਦਾਰ ਨੂੰ ਉਸ ਤੋਂ ਬਿਹਤਰ ਕੋਈ ਨਿਭਾਅ ਹੀ ਨਹੀਂ ਸੀ ਸਕਦਾ। ਸੁੱਰਈਆ ਨਾਲ ਮੁਹੱਬਤ, ਗਰੈਗਰੀ ਪੈਕ ਨਾਲ ਤੁਲਨਾ ਅਤੇ ਨਿਰਦੇਸ਼ਕ ਦੇ ਤੌਰ 'ਤੇ ਅਸਫਲ ਨਜ਼ਰ ਆਉਂਦੇ ਦੇਵ ਆਨੰਦ ਨਾਲ ਭਾਰਤੀ ਸਿਨੇਮਾ ਦੇ ਸਦਾਬਹਾਰ ਰੁਮਾਂਟਿਕ ਸੰਗੀਤ ਦਾ ਇਤਿਹਾਸ ਜੁੜਿਆ ਹੋਇਆ ਹੈ।

ਰਾਜ ਕਪੂਰ ਅਤੇ ਦਲੀਪ ਕੁਮਾਰ ਦੇ ਨਿਭਾਏ ਵੱਖ-ਵੱਖ ਕਿਰਦਾਰਾਂ ਤੋਂ ਉਲਟ ਦੇਵ ਆਨੰਦ ਨੇ ਫ਼ਿਲਮ 'ਬਾਜ਼ੀ' ਵਿੱਚ ਸੱਟੇਬਾਜ਼ੀ ਕੀਤੀ ਤੇ 'ਕਾਲਾ ਬਜ਼ਾਰ' ਵਿੱਚ ਧੋਖਾਧੜੀ ਕਰਦਾ ਨਜ਼ਰ ਆਉਂਦਾ ਹੈ। ਅਦਾਕਾਰ ਦੇ ਤੌਰ 'ਤੇ ਉਸ ਦਾ ਕਿਰਦਾਰ ਫ਼ਿਲਮ 'ਗਾਈਡ' ਰਾਹੀਂ ਆਪਣੇ ਚੰਗੇ-ਮਾੜ੍ਹੇ ਦੇ ਮਿਲਵੇ-ਜੁਲਵੇਂ ਖਾਸੇ ਤੋਂ ਨਿਕਲ ਕੇ ਮਹਾਤਮਾ ਜਾਂ ਸੰਪੂਰਣ ਹੋਣ ਦੀ ਦਿਸ਼ਾ ਵੱਲ ਵੱਧਦਾ ਹੈ।

ਦੇਵ ਆਨੰਦ ਦੇ ਫ਼ਿਲਮੀ ਸਫ਼ਰ ਦੀ ਗਾਥਾ ਉਸ ਦੇ ਵੱਡੇ ਭਰਾਵਾਂ ਚੇਤਨ ਆਨੰਦ ਅਤੇ ਵਿਜੈ ਆਨੰਦ ਤੋਂ ਬਿਨ੍ਹਾਂ ਅਧੂਰੀ ਹੈ। ਦੇਵ ਆਨੰਦ ਅਤੇ ਉਸ ਦੇ ਵੱਡੇ ਭਰਾ ਚੇਤਨ ਆਨੰਦ ਨੇ 1949 ਵਿੱਚ 'ਨਵਕੇਤਨ ਫਿਲਮਜ਼' ਦੇ ਨਾਮ ਥੱਲੇ ਆਪਣੇ ਬੈਨਰ ਦੀ ਸਥਾਪਨਾ ਕੀਤੀ। ਇਸ ਬੈਨਰ ਥੱਲੇ ਉਨ੍ਹਾਂ ਨੇ ਲਗਭਗ 35 ਫ਼ਿਲਮਾਂ ਬਣਾਈਆਂ। ਚੇਤਨ ਆਨੰਦ ਗੌਰਮਿੰਟ ਕਾਲਜ ਲਾਹੌਰ ਦੇ ਪੜ੍ਹੇ ਹੋਏ ਸਨ। ਕਾਲਜ ਤੋਂ ਬਾਅਦ ਉਨ੍ਹਾਂ ਨੇ ਪੱਤਰਕਾਰ ਦੇ ਤੌਰ 'ਤੇ ਬੀ.ਬੀ.ਸੀ. ਵਿੱਚ ਨੌਕਰੀ ਕੀਤੀ ਅਤੇ ਦੂਨ ਸਕੂਲ ਵਿੱਚ ਕੁਝ ਸਮਾਂ ਪੜ੍ਹਾਇਆ ਵੀ, ਪਰ ਹੌਲੀ-ਹੌਲੀ ਅਦਾਕਾਰੀ ਦਾ ਸ਼ੌਕ ਉਨ੍ਹਾਂ ਨੂੰ ਪਹਿਲਾਂ ਥੀਏਟਰ ਅਤੇ ਫਿਰ ਫ਼ਿਲਮਾਂ ਵੱਲ ਲੈ ਗਿਆ।
 
ਨਿਰਦੇਸ਼ਕ ਦੇ ਤੌਰ 'ਤੇ ਚੇਤਨ ਆਨੰਦ ਦੀ ਪਹਿਲੀ ਫ਼ਿਲਮ ਸੀ 'ਨੀਚਾ ਨਗਰ' ਜਿਸ ਨੇ ਉਨ੍ਹਾਂ ਨੂੰ ਇੱਕ ਸੰਵੇਦਨਸ਼ੀਲ ਤੇ ਯਥਾਰਥਵਾਦੀ ਫ਼ਿਲਮਸਾਜ਼ ਦੇ ਤੌਰ 'ਤੇ ਸਥਾਪਿਤ ਕਰ ਦਿੱਤਾ। ਉਨ੍ਹਾਂ ਦੁਆਰਾ 1950 ਤੱਕ ਬਣਾਈਆਂ ਫ਼ਿਲਮਾਂ ਸ਼ਹਿਰੀ ਜ਼ਿੰਦਗੀ ਦੇ ਛੁਪੇ ਹੋਏ/ ਬੁਰੇ ਪਹਿਲੂਆਂ 'ਤੇ ਆਧਾਰਿਤ ਸਨ। ਉਨ੍ਹਾਂ ਦੀਆਂ ਫ਼ਿਲਮਾਂ ਦੇ ਕਿਰਦਾਰ ਜੂਆ ਖੇਡਦੇ, ਸੱਟਾ ਲਾਉਂਦੇ ਅਤੇ ਠੱਗੀਆਂ-ਠੋਰੀਆਂ ਕਰਦੇ ਨਜ਼ਰ ਆਉਂਦੇ ਹਨ। ਇਹ ਪਾਤਰ ਨਾ ਤਾਂ ਚੰਗੇ ਹਨ ਅਤੇ ਨਾ ਹੀ ਬੁਰੇ। ਇਹ ਜ਼ਿੰਦਗੀ ਦੇ ਅਸਲੀ ਪਾਤਰ ਹਨ। ਇਨ੍ਹਾਂ ਲਈ ਹਰ ਨਵਾਂ ਦਿਨ ਨਵੀਆਂ ਗੁੰਝਲਾਂ ਅਤੇ ਨਵੇਂ ਤਜਰਬੇ ਲੈ ਕੇ ਆਉਂਦਾ ਹੈ।

ਦੇਵਾ ਆਨੰਦ ਦੇ ਸ਼ਹਿਰੀ ਹਾਵ-ਭਾਵ ਅਤੇ ਲਾਪਰਵਾਹ ਕਿਸਮ ਦੀ ਸਰੀਰਿਕ ਭਾਸ਼ਾ ਨੇ ਰਾਜ ਕਪੂਰ ਦੇ ਆਦਰਸ਼ਵਾਦੀ ਬਿੰਬ ਅਤੇ ਗੁਰੂ-ਦੱਤ ਦੇ ਬੌਧਿਕ ਬਿੰਬ ਤੋਂ ਵੱਖਰੀ ਅਦਾਕਾਰੀ ਦੀ ਸ਼ੈਲੀ ਘੜ੍ਹੀ। ਉਸ ਦੀਆਂ ਫ਼ਿਲਮਾਂ ਵਿੱਚੋਂ ਪਿੰਡ ਅਤੇ ਪਿੰਡਾਂ ਨਾਲ ਜੁੜਿਆ ਬਿਰਤਾਂਤ ਗਾਇਬ ਹੈ। ਪਰ ਉਸ ਦੇ ਭਰਾ ਚੇਤਨ ਆਨੰਦ ਦੇ ਸਮਾਜਵਾਦੀ ਵਿਚਾਰਾਂ ਵੱਲ ਝੁਕਾਅ ਅਤੇ ਇਪਟਾ ਨਾਲ ਜੁੜੇ ਹੋਣ ਕਾਰਨ ਫ਼ਿਲਮਾਂ ਸੁਹਜ ਅਤੇ ਕਲਾ ਦੇ ਪੱਖ ਤੋਂ ਅਮੀਰ ਸਨ। ਚੇਤਨ ਆਨੰਦ ਭਰਾ ਹੋਣ ਦੇ ਨਾਲ-ਨਾਲ ਦੇਵਾ ਆਨੰਦ ਲਈ ਰੋਲ ਮਾਡਲ ਵੀ ਸਨ।

ਦੇਵਾ ਆਨੰਦ ਨੇ ਬੰਬਈ ਵਿੱਚ ਆਪਣਾ ਕੈਰੀਅਰ 160 ਰੁਪਏ ਦੀ ਇੱਕ ਨੌਕਰੀ ਨਾਲ ਸ਼ੁਰੂ ਕੀਤੀ। ਉਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 'ਹਮ ਏਕ ਹੈਂ' ਫ਼ਿਲਮ ਨਾਲ ਕੀਤੀ। ਇਸੇ ਫ਼ਿਲਮ ਦੀ ਸ਼ੂਟਿੰਗ ਦੌਰਾਨ ਉਨ੍ਹਾਂ ਦੀ ਗੁਰੂ-ਦੱਤ ਨਾਲ ਗਹਿਰੀ ਦੋਸਤੀ ਪੈ ਗਈ।

'ਜ਼ਿੱਦੀ' ਫ਼ਿਲਮ ਵਿੱਚ ਉਨ੍ਹਾਂ ਦੀ ਜੋੜੀ ਉਸ ਸਮੇਂ ਦੀ ਪ੍ਰਸਿੱਧ ਅਦਾਕਾਰਾ ਕਾਮਿਨੀ ਕੌਸ਼ਲ ਨਾਲ ਸੀ ਜੋ ਕਿ ਬਹੁਤ ਸਫ਼ਲ ਫਿਲਮ ਰਹੀ। 'ਜ਼ਿੱਦੀ' ਅਤੇ 'ਬਾਜ਼ੀ' ਫ਼ਿਲਮਾਂ ਵਿੱਚ ਦੇਵਾ ਆਨੰਦ ਦਾ ਬੋਲਣ ਦਾ ਤੇਜ਼-ਤਰਾਰ ਅੰਦਾਜ਼, ਰੰਗੇ-ਬਰੰਗੇ ਖੂਬਸੂਰਤ ਹੈਟਾਂ ਦੀ ਵਰਤੋਂ, ਬੋਲਣ ਸਮੇਂ ਗਰਦਨ ਨੂੰ ਹਿਲਾਉਣ ਦਾ ਢੰਗ ਅਤੇ ਤੁਰਨ ਦੇ ਤਰੀਕੇ ਨੇ ਮਿਲ ਕੇ ਉਸ ਨੂੰ ਲੱਖਾਂ ਦਿਲਾਂ ਦੀ ਧੜਕਣ ਬਣਾ ਦਿੱਤਾ।

1957 ਵਿੱਚ ਆਈ 'ਪੇਟਿੰਗ ਗੈਸਟ' ਵਿੱਚ ਨੂਤਨ ਨਾਲ ਫਿਲਮਾਏ ਗਾਣੇ, 'ਛੋੜ ਦੋ ਆਂਚਲ ਜ਼ਮਾਨਾ ਕਿਆ ਕਹੇਗਾ' ਅਤੇ 'ਚਾਂਦ ਫ਼ਿਰ ਨਿਕਲਾ ਮਗਰ ਤੁਮ ਨਾ ਆਏ' ਵਿੱਚ ਆਰ.ਡੀ. ਬਰਮਨ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲਿਆ।

ਫ਼ਿਲਮ 'ਟੈਕਸੀ ਡਰਾਈਵਰ' ਵੀ ਬਹੁਤ ਹੱਦ ਤੱਕ ਸਫ਼ਲ ਰਹੀ। ਫ਼ਿਰ ਆਈ ਫ਼ਿਲਮ 'ਸੀ.ਆਈ.ਡੀ.' ਜਿਸ ਦੇ ਨਿਰਮਾਤਾ ਸਨ ਗੁਰੂ ਦੱਤ ਅਤੇ ਇਸ ਦੇ ਨਿਰਦੇਸ਼ਕ ਰਾਜ ਖੋਸਲਾ ਸਨ। ਇਸ ਫ਼ਿਲਮ ਦਾ ਸੰਗੀਤ ਉ.ਪੀ. ਨਈਅਰ ਨੇ ਦਿੱਤਾ ਸੀ ਅਤੇ ਗੀਤ ਮਜ਼ਰੂਹ ਸੁਲਤਾਨਪੁਰੀ ਅਤੇ ਜਾਂ ਨਿਸਾਰ ਅਖਤੱਰ ਨੇ ਲਿਖੇ ਸਨ। 'ਲੇ ਕੇ ਪਹਿਲਾ-ਪਹਿਲਾ ਪਿਆਰ, ਭਰ ਕੇ ਆਖੋਂ ਮੇਂ ਖੁਮਾਰ, ਜਾਦੂ ਨਗਰੀ ਸੇ ਆਇਆ ਹੈ ਕੋਈ ਜਾਦੂਗਰ', 'ਜ਼ਰਾ ਹੱਟ ਕੇ, ਜ਼ਰਾ ਬੱਚ ਕੇ, ਯੇ ਹੈ ਬੰਬੇ ਮੇਰੀ ਜਾਨ' ਅਤੇ 'ਨਦੀ ਕਿਨਾਰੇ ਗਾਉਂ ਰੇ, ਬੂਝ ਮੇਰਾ ਕਿਆ ਨਾਉਂ ਰੇ, ਪੀਪਲ ਝੂਮੇ ਮੇਰੇ ਅੰਗਨਾਂ, ਠੰਡੀ-ਠੰਡੀ ਛਾਉਂ ਰੇ' ਨੇ ਫ਼ਿਲਮ ਨੂੰ ਸਫ਼ਲ ਬਣਾਉਣ ਵਿੱਚ ਵੱਡਾ ਰੋਲ ਅਦਾ ਕੀਤਾ। ਫ਼ਿਲਮ 'ਸੀ.ਆਈ.ਡੀ.' ਵਹੀਦਾ ਰਹਿਮਾਨ ਦੇ ਫ਼ਿਲਮੀ ਕੈਰੀਅਰ ਦੀ ਪਹਿਲੀ ਫ਼ਿਲਮ ਵੀ ਸੀ।

'ਜਬ ਪਿਆਰ ਕਿਸੀ ਸੇ ਹੋਤਾ ਹੈ' ਫ਼ਿਲਮ ਵਿੱਚ ਦੇਵਾ ਆਨੰਦ ਆਸ਼ਾ ਪਾਰੇਖ ਨਾਲ 'ਜਿਆ ਹੋ, ਜਿਆ ਹੋ ਜਿਆ, ਕੁਝ ਬੋਲ ਦੋ' ਗਾਉਂਦੇ ਨਜ਼ਰ ਆਏ। 'ਨੌ ਦੌ ਗਿਆਰਾ' ਫ਼ਿਲਮ ਵਿੱਚ ਫਿਰ ਤੋਂ ਐੱਸ.ਡੀ. ਬਰਮਨ ਦੇ ਸੰਗੀਤ ਦਾ ਜਾਦੂ ਦਰਸ਼ਕਾਂ ਦੇ ਸਿਰ ਚੜ੍ਹ ਕੇ ਬੋਲਿਆ। ਫ਼ਿਲਮ ਦੇ ਗਾਣੇ, 'ਹਮ ਹੈ ਰਾਹੀਂ ਪਿਆਰ ਕੇ', 'ਆਖੋਂ ਮੇਂ ਕਿਆ ਜੀ' ਆਦਿ ਬਹੁਤ ਮਕਬੂਲ ਹੋਏ।

ਜਿਸ ਫ਼ਿਲਮ ਨੇ ਦੇਵਾ ਆਨੰਦ ਨੂੰ ਵਿਲੱਖਣ ਅਦਾਕਾਰ ਦੇ ਤੌਰ 'ਤੇ ਸਥਾਪਿਤ ਕਰ ਦਿੱਤਾ ਉਹ ਸੀ, 'ਤੇਰੇ ਘਰ ਕੇ ਸਾਮਨੇ'। ਇਸ ਫ਼ਿਲਮ ਵਿੱਚ ਉਸ ਨਾਲ ਨੂਤਨ ਨੇ ਅਦਾਕਾਰਾ ਦੇ ਤੌਰ 'ਤੇ ਕੰਮ ਕੀਤਾ। ਇਸ ਫ਼ਿਲਮ ਦੇ ਗਾਣੇ ਹਸਰਤ ਜੈਪੁਰੀ ਦੇ ਲਿਖੇ ਹੋਏ ਸਨ ਅਤੇ ਫ਼ਿਲਮ ਦੇ ਨਿਰਦੇਸ਼ਕ ਸਨ ਵਿਜੈ ਆਨੰਦ। ਇਸ ਤਰ੍ਹਾਂ ਦੇਵਾ ਆਨੰਦ ਦੀਆਂ ਫਿਲਮਾਂ ਅਸਲ ਵਿੱਚ ਰੂਹ ਨੂੰ ਸ਼ਰਸਾਰ ਕਰ ਦੇਣ ਵਾਲੇ ਸੰਗੀਤ ਦੀਆਂ ਫਿਲਮਾਂ ਹਨ।

1950 ਤੋਂ 1960 ਤੱਕ ਦੇ ਭਾਰਤੀ ਸਿਨੇਮਾ ਵਿੱਚ ਜੇਕਰ ਦੇਵਾ ਆਨੰਦ ਦੇ ਸਿਨੇਮਾ ਨੂੰ ਦੇਖਣਾ ਹੋਵੇ ਤਾਂ ਉਸ ਨੇ ਸਮਕਾਲੀ ਦੌਰ ਦੇ ਪੜ੍ਹੇ-ਲਿਖੇ, ਨੌਜਵਾਨ, ਸ਼ਹਿਰੀ ਵਰਗ ਨਾਲ ਸਬੰਧਿਤ ਕਿਰਦਾਰਾਂ ਨੂੰ ਪਰਦੇ 'ਤੇ ਸਾਕਾਰ ਕੀਤਾ। ਇਹ ਨੌਜਵਾਨ ਨਾਇਕ ਤੇਜ਼-ਤਰਾਰ, ਫੁਰਤੀਲਾ ਅਤੇ ਖੂਬਸੂਰਤ ਹੋਣ ਦੇ ਨਾਲ-ਨਾਲ ਪ੍ਰੰਪਰਾਗਤ ਨਾਇਕ ਦੀ ਤੁਲਨਾ ਵਿੱਚ ਬੁਰਾਈ ਅਤੇ ਚੰਗਿਆਈ ਦਾ ਸੁਮੇਲ ਸੀ।

ਦੇਵਾ ਆਨੰਦ ਭਾਰਤੀ ਸਿਨੇਮਾ ਵਿੱਚ ਅਜਿਹੇ ਨਾਇਕ ਦੀ ਪ੍ਰਤੀਨਿਧਤਾ ਕਰਦਾ ਨਜ਼ਰ ਆਉਂਦਾ ਹੈ ਜੋ ਰੁਮਾਂਸ ਤਾਂ ਕਰਦਾ ਹੈ ਪਰ ਇਸ ਦੀਆਂ ਗੁੰਝਲਾਂ ਨੂੰ ਗੰਭੀਰਤਾ ਨਾਲ ਸਵੀਕਾਰਨ ਦੀ ਬਜਾਏ ਲਾਪਰਵਾਹੀ ਅਤੇ ਟਾਲ-ਮਟੋਲ ਵਾਲਾ ਨਜ਼ਰੀਆ ਰੱਖਦਾ ਹੈ। ਇਸ ਨੂੰ ਇੱਕ ਤਰ੍ਹਾਂ ਨਾਲ ਭਾਰਤੀ ਮਰਦਾਂ ਵਿੱਚ ਪ੍ਰੇਮ ਪ੍ਰਤੀ ਪਾਏ ਜਾਂਦੇ ਹਾਂ-ਨਾਂਹ ਵਾਲੇ ਦਵੰਦ ਨਾਲ ਜੋੜ ਕੇ ਸਮਝਿਆ ਜਾ ਸਕਦਾ ਹੈ ਜਿੱਥੇ ਪ੍ਰੇਮ ਨੂੰ ਮੰਨ ਲੈਣਾ ਮਰਦਾਨਗੀ ਦਾ ਨਹੀਂ ਸਗੋਂ ਜ਼ਨਾਨਾ ਫਿਤਰਤ ਦਾ ਖਾਸਾ ਮੰਨਿਆ ਜਾਂਦਾ ਹੈ।

ਭਾਰਤੀ ਸਿਨੇਮਾ ਵਿੱਚ ਨਾਇਕਾ ਨੂੰ ਜਿੱਤਣ ਦੀ ਪਿਰਤ ਹੈ ਜੋ ਬਹੁਤ ਹੱਦ ਤੱਕ ਇਸ ਨਾਲ ਜੁੜੇ ਸਮਾਜਿਕ ਵਿਗਿਆਨ ਦੀ ਨਿਸ਼ਾਨਦੇਹੀ ਵੀ ਕਰਦੀ ਹੈ। ਦੇਵਾ ਆਨੰਦ ਦੀਆਂ ਫਿਲਮਾਂ ਵਿੱਚ ਨਾਇਕਾਵਾਂ ਦਾ ਜ਼ਿਕਰ ਇਸ ਪੱਖ ਤੋਂ ਵਾਚਣਾ ਦਿਲਚਸਪੀ ਤੋਂ ਸੱਖਣਾ ਨਹੀਂ।

ਫਿਲਮ ‘ਸੀ.ਆਈ.ਡੀ.’ ਵਿੱਚ ਵਹੀਦਾ ਰਹਿਮਾਨ ਪਹਿਲਾਂ ਖਲਨਾਇਕਾ ਅਤੇ ਫਿਰ ਨਾਇਕਾ ਦੇ ਰੂਪ ਵਿੱਚ ਸਾਹਮਣੇ ਆਉਂਦੀ ਹੈ। ਉਸ ਦਾ ਇਸੇ ਤਰ੍ਹਾਂ ਦਾ ਕਿਰਦਾਰ ਫਿਲਮ 'ਗਾਈਡ' ਵਿੱਚ ਨਜ਼ਰ ਆਉਂਦਾ ਹੈ। ਇਸ ਸਬੰਧੀ ਆਲੋਚਕਾਂ ਦਾ ਮੱਤ ਸੀ ਕਿ ਇਸ ਦੌਰ ਦੀ ਨਾਇਕਾ ਆਧੁਨਿਕਤਾ ਅਤੇ ਪੁਰਾਤਨ ਕਦਰਾਂ ਕੀਮਤਾਂ ਦੇ ਤਾਲਮੇਲ ਵਿੱਚ ਉਲਝੀ ਨਜ਼ਰ ਆਉਂਦੀ ਹੈ। ਉਹ ਪੜ੍ਹੀ-ਲਿਖੀ ਹੈ, ਉਸ ਦੀਆਂ ਆਪਣੇ ਪ੍ਰੇਮੀ ਨਾਲ ਮਾਨਿਸਕ-ਸਰੀਰਕ ਨਜ਼ਦੀਕੀਆਂ ਹਨ, ਉਸ ਦਾ ਪਹਿਰਾਵਾ, ਸਰੀਰਕ ਹਾਵ-ਭਾਵ ਅਤੇ ਜ਼ਿੰਦਗੀ ਵਿੱਚ ਵਿਚਰਣ ਦਾ ਅੰਦਾਜ਼ ਬੇਬਾਕੀ ਤੇ ਆਜ਼ਾਦੀ ਦਾ ਭਰਮ ਸਿਰਜਦਾ ਹੈ ਪਰ ਜਦੋਂ ਹੀ ਫਿਲਮ ਦੀ ਕਹਾਣੀ ਵਿੱਚ ਕੋਈ ਟਕਰਾਓ/ਦਵੰਦ/ਅਣਸੁਖਾਵਾਂ ਮੋੜ ਆਉਂਦਾ ਹੈ ਉਹ ਝੱਟ ਪ੍ਰੰਪਰਾਗਤ ਮੁੱਲਾਂ 'ਤੇ ਭਰੋਸਾ ਕਰ ਕੇ ਚਮਤਕਾਰ ਦੀ ਉਡੀਕ ਕਰਨ ਲੱਗਦੀ ਹੈ।

ਉਪਰੋਕਤ ਰੁਝਾਣ ਭਾਵੇਂ ਦੇਵਾ ਆਨੰਦ ਦੀਆਂ ਫ਼ਿਲਮਾਂ ਵਿੱਚ ਅਸਰਅੰਦਾਜ਼ ਹੋਣਾ ਸ਼ੁਰੂ ਹੋਇਆ ਪਰ 1960 ਤੋਂ ਇਹ ਸਿਨੇਮਾ ਵਿੱਚ ਭਾਰੂ ਹੋਣਾ ਸ਼ੁਰੂ ਹੋ ਗਿਆ। ਅਸਲ ਵਿੱਚ ਦੇਵਾ ਆਨੰਦ ਦੀਆਂ ਫ਼ਿਲਮਾਂ ਦੀ ਰਵਾਇਤ ਨੂੰ ਅੱਗੇ ਸ਼ੰਮੀ ਕਪੂਰ ਦੇ ਫ਼ਿਲਮੀ ਕਿਰਦਾਰਾਂ ਵਿੱਚ ਦੇਖਿਆ ਜਾ ਸਕਦਾ ਹੈ। 1960 ਦੇ ਦੌਰ ਤੱਕ ਆਉਂਦਿਆਂ ਸਿਨੇਮਾ ਸਮਾਜਿਕ ਕਦਰਾਂ-ਕੀਮਤਾਂ ਅਤੇ ਯਥਾਰਥਵਾਦ ਨੂੰ ਦਿਖਾਉਣ ਦਾ ਸਿਰਫ ਵਿਖਾਵਾ ਹੀ ਕਰਨ ਦੀ ਹਾਲਤ ਵਿੱਚ ਆ ਜਾਂਦਾ ਹੈ।ਇਸ ਦਵੰਦ ਦੀਆਂ ਜੜ੍ਹਾਂ ਨਵੇਂ-ਨਵੇਂ ਅਮੀਰ ਹੋਏ ਅਤੇ ਪੱਛਮੀ ਸਿੱਖਿਆ ਪ੍ਰਾਪਤ ਅਜਿਹੇ ਤਬਕੇ ਨਾਲ ਜੁੜੀਆਂ ਹੋਈਆਂ ਸਨ ਜਿਹੜਾ ਨਾ ਤਾਂ ਨਵੀਂ ਪਹਿਚਾਣ ਨਾਲ ਤਾਲਮੇਲ ਬਿਠਾ ਪਾ ਰਿਹਾ ਸੀ ਅਤੇ ਨਾ ਹੀ ਆਪਣੀ ਪੇਂਡੂ ਰਸਾਤਲ ਨਾਲੋਂ ਪੂਰੀ ਤਰ੍ਹਾਂ ਟੁੱਟਿਆ ਸੀ। ਇਸ ਤੋਂ ਬਿਨ੍ਹਾਂ ਭਾਰਤੀ ਮੁੱਲਾਂ ਦਾ ਸਮਾਜਿਕ ਦਾਬਾ ਉਸ ਦੀ ਪੱਛਮੀ ਤਰਜ਼ ਦੀ ਆਧੁਨਿਕਤਾ ਨਾਲ ਲਗਾਤਾਰ ਟਕਰਾਓ ਵਿੱਚ ਰਹਿੰਦਾ ਸੀ। ਇਸ ਸਾਰੀ ਧੁੰਦ ਵਿੱਚੋਂ ਸ਼ੰਮੀ ਕਪੂਰ ਦਾ ਨਾਇਕਪੁਣਾ ੳੁੱਭਰ ਰਿਹਾ ਸੀ। ਸਿਨੇਮਾ ਰੰਗੀਨ ਹੋ ਰਿਹਾ ਸੀ। ਨਵੀਆਂ ਤਕਨੀਕਾਂ, ਨਵੀਆਂ ਵਿਚਾਰਧਰਾਵਾਂ ਵਿੱਚੋਂ ਹਾਲੇ ਅਗਲੇ ਦਹਾਕੇ ਦੇ ਨੈਣ-ਨਕਸ਼ ਉਭਰਨੇ ਸਨ ਪਰ ਹਾਲੇ 1950 ਦੇ ਦਹਾਕੇ ਦਾ ਰੰਗ ਵੀ ਉਤਰਨਾ ਸ਼ੁਰੂ ਨਹੀਂ ਸੀ ਹੋਇਆ।






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER