ਸਿੱਖਿਆ
ਵਿਦਿਅਕ ਅਦਾਰਿਆਂ ਵਿਚ ਪੜ੍ਹਾਈਆਂ ਜਾ ਰਹੀਆਂ ਪੁਸਤਕਾਂ ਦਾ ਭੰਬਲ-ਭੂਸਾ
ਪਾਠ-ਪੁਸਤਕਾਂ ਵਿਚਲੇ ਸਿੱਖ ਇਤਿਹਾਸ ਦੇ ਤੱਥਾਂ ਨੂੰ ਪੜਚੋਲਣ ਦੀ ਲੋੜ
- ਡਾ. ਜਸਵੰਤ ਸਿੰਘ ਬੁੱਗਰਾਂ
ਪਾਠ-ਪੁਸਤਕਾਂ ਵਿਚਲੇ ਸਿੱਖ ਇਤਿਹਾਸ ਦੇ ਤੱਥਾਂ ਨੂੰ ਪੜਚੋਲਣ ਦੀ ਲੋੜ



ਪਿਛਲੇ ਕੁਝ ਦਿਨਾਂ ਤੋਂ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਤਿਆਰ ਕੀਤੀ ਗਈ ਬਾਰ੍ਹਵੀਂ ਕਲਾਸ ਦੇ 'ਇਤਿਹਾਸ' ਵਿਸ਼ੇ ਦੀ ਪੁਸਤਕ ਦੇ ਪਾਠਕ੍ਰਮ ਸੰਬੰਧੀ ਵਿਵਾਦ ਚਰਚਾ ਅਧੀਨ ਹੈ। ਅਖ਼ਬਾਰਾਂ, ਟੀ.ਵੀ ਚੈਨਲਾਂ, ਸੋਸ਼ਲ ਮੀਡੀਆ ਆਦਿ 'ਤੇ ਵਿਦਵਾਨਾਂ, ਪਾਠਕਾਂ, ਰਾਜਨੀਤਕ ਨੇਤਾਵਾਂ ਤੇ ਪੰਜਾਬ ਸਕੂਲ ਸਿਖਿਆ ਬੋਰਡ ਦੀਆਂ ਪੱਖੀ-ਵਿਪੱਖੀ ਦਲੀਲਾਂ ਪੜ੍ਹਨ ਸੁਣਨ ਨੂੰ ਮਿਲੀਆਂ ਹਨ। ਰਾਜਨੀਤਕ ਨੇਤਾ ਜਾਂ ਵਿਦਵਾਨ ਨਵੀਂ ਆਈ ਕਿਤਾਬ ਸੰਬੰਧੀ ਚਰਚਾ ਕਰ ਰਹੇ ਹਨ ਅਤੇ ਆਪਣੇ-ਆਪਣੇ ਤਰਕਾਂ ਰਾਹੀਂ ਕਿਤਾਬ ਦੀ ਸਮਗਰੀ 'ਤੇ ਕਿੰਤੂ ਕਰ ਰਹੇ ਹਨ।

ਇਥੇ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਕਿਸੇ ਵੀ ਖਿਤੇ/ਸੂਬੇ ਦਾ ਇਤਿਹਾਸ ਸੰਬੰਧਿਤ ਲੋਕਾਂ ਲਈ ਸਿਰਫ ਜਾਣਕਾਰੀ ਹੀ ਨਹੀਂ ਹੁੰਦਾ ਸਗੋਂ ਪ੍ਰੇਰਨਾਤਮਕ ਸਰੋਤ ਵੀ ਹੁੰਦਾ ਹੈ। ਸਿੱਖ ਇਤਿਹਾਸ ਦੇ ਸੰਬੰਧ ਵਿਚ ਤਾਂ ਇਸ ਸੰਬੰਧੀ ਕੋਈ ਸ਼ੱਕ ਰਹਿ ਹੀ ਨਹੀਂ ਜਾਂਦਾ। ਕਿਉਂਕਿ ਸਿੱਖ ਇਤਿਹਾਸ ਦੀਆਂ ਪ੍ਰੇਰਨਾਮਈ ਰੂਹਾਨੀ ਸ਼ਖਸੀਅਤਾਂ ਦੀ ਕਮਾਈ ਤੇ ਸ਼ਹਾਦਤਾਂ ਆਦਿ ਦਾ ਤਾਂ ਰੋਜ਼ਾਨਾ ਗੁਰਦੁਆਰਿਆਂ ਵਿਚ 'ਅਰਦਾਸ' ਵਿਚ ਸਵੇਰੇ-ਸ਼ਾਮ ਧਿਆਨ ਧਰ ਕੇ ਵਾਹਿਗੁਰੂ ਨੂੰ ਸਿਮਰਿਆ ਜਾਂਦਾ ਹੈ।

ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਨਵੀਂ ਪੇਸ਼ ਕੀਤੀ ਗਈ ਬਾਰ੍ਹਵੀਂ ਕਲਾਸ ਦੀ ਕਿਤਾਬ ਸੰਬੰਧੀ ਸਿੱਖਾਂ, ਰਾਜਨੀਤਕ ਨੇਤਾਵਾਂ ਤੇ ਵਿਦਵਾਨਾਂ ਨੇ ਦੋ ਇਤਰਾਜ਼ ਲਗਾਏ ਹਨ; ਪਹਿਲਾ ਸਿੱਖ ਇਤਿਹਾਸ ਦਾ ਵੱਡਾ ਹਿੱਸਾ ਕਿਤਾਬ ਵਿਚੋਂ ਕੱਢ ਦੇਣਾ ਅਤੇ ਦੂਜਾ ਸਿੱਖ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨਾ ਹੈ। ਪੁਸਤਕ ਦੇ ਪਾਠ-ਵਿਸ਼ਲੇਸ਼ਣ ਤੋਂ ਉਕਤ ਦੋਵੇਂ ਇਤਰਾਜ਼ ਸਹੀ ਸਿੱਧ ਹੁੰਦੇ ਹਨ। +2 ਦੀ ਇਤਿਹਾਸ ਦੀ ਨਵੀਂ ਕਿਤਾਬ ਦਾ ਪਾਠ-ਵਿਸ਼ਲੇਸਣ ਕਰਨ ਉਪਰੰਤ ਕਿਤਾਬ ਵਿਚ ਸਿਧਾਂਤਕ ਤੇ ਭਾਸ਼ਾਈ ਗਲਤੀਆਂ ਸਪਸ਼ਟ ਦੇਖੀਆਂ ਜਾ ਸਕਦੀਆਂ ਹਨ। ਨਵੀਂ ਕਿਤਾਬ ਵਿਚਲੇ ਤੱਥਾਂ ਸੰਬੰਧੀ ਇਤਰਾਜ਼ਾਂ ਬਾਰੇ ਬਹੁਤ ਕੁਝ ਮੀਡੀਆ ਦੇ ਵੱਖ-ਵੱਖ ਰੂਪਾਂ ਰਾਹੀਂ ਲੋਕਾਂ ਸਾਹਮਣੇ ਆ ਚੁੱਕਾ ਹੈ। ਫਿਰ ਵੀ ਨਵੀਂ ਕਿਤਾਬ ਵਿਚਲੇ, ਸਿੱਖ ਧਰਮ ਤੇ ਇਤਿਹਾਸ ਸੰਬੰਧੀ ਕੁਝ ਗਲਤ ਤੱਥਾਂ/ਵਿਗਾੜਾਂ ਬਾਰੇ ਇਥੇ ਜ਼ਿਕਰ ਕੀਤਾ ਜਾਵੇਗਾ:

  • ਨਵੀਂ ਕਿਤਾਬ ਵਿਚਲੀ ਸਭ ਤੋਂ ਵਡੀ ਗਲਤੀ 'ਭਗਤੀ ਦੇ ਨਵੇਂ ਰੂਪ' ਨਾਮੀ ਅਧਿਆਇ ਵਿਚ ਸਿੱਖ ਧਰਮ ਨੂੰ 'ਰਾਮ ਭਗਤੀ' ਦੇ ਅੰਤਰਗਤ ਦਰਸਾਇਆ ਜਾਣਾ ਹੈ। ਅਧਿਆਇ ਦੇ ਤਤਕਰੇ ਵਿਚ 'ਸਿੱਖ ਧਰਮ ਵਿਚ ਭਗਤੀ ਦਾ ਸਰੂਪ' ਬਾਰੇ ਕਿਤੇ ਜ਼ਿਕਰ ਨਹੀਂ ਕੀਤਾ ਗਿਆ ਪਰੰਤੂ ਅਧਿਆਇ ਦੇ ਵਿਚ, ਬਿਨਾਂ ਸਿੱਖ ਧਰਮ ਦਾ ਜ਼ਿਕਰ ਕੀਤਿਆਂ ਹੀ ਰਾਮ ਭਗਤੀ ਦੇ ਚਲਦੇ ਪ੍ਰਸੰਗ ਨਾਲ ਹੀ ਇਕ ਪੰਨੇ ਦੀ ਸੀਮਤ ਜਿਹੀ ਜਾਣਕਾਰੀ ਦਿਤੀ ਗਈ ਹੈ।

  • 'ਸਿੰਘ ਸਭਾ ਅੰਦੋਲਨ' ਸਿਰਲੇਖ ਅਧੀਨ ਇਸ ਨੂੰ 'ਜਿਮੀਦਾਰਾਂ' ਵਲੋਂ ਸਥਾਪਿਤ ਕੀਤਾ ਦੱਸਿਆ ਗਿਆ ਹੈ ਜੋ ਕਿ ਦਰੁਸਤ ਨਹੀਂ ਹੈ। ਇਸ ਦੇ ਮੋਢੀ ਸਿੱਖਾਂ ਸੰਬੰਧੀ ਵੀ ਭੰਬਲਭੂਸਾ ਪਾਇਆ ਹੋਇਆ ਹੈ। ਸਿੰਘ ਸਭਾ ਲਹਿਰ ਦਾ ਉਦੇਸ਼ ਪੰਜਾਬੀ ਭਾਸ਼ਾ ਦੇ ਵਿਕਾਸ ਤੱਕ ਸੀਮਤ ਕੀਤਾ ਗਿਆ ਹੈ ਜਦੋਂ ਕਿ ਸਿੰਘ ਸਭਾ ਲਹਿਰ ਸਿੱਖ ਪੁਨਰ ਜਾਗ੍ਰਿਤੀ ਦੀ ਲਹਿਰ ਸੀ ਜਿਸ ਨੇ ਸਿੱਖਾਂ ਦੀ ਵਿਲਖਣ ਪਛਾਣ ਨੂੰ ਸਥਾਪਿਤ ਕਰਨ ਵਿਚ ਬਹੁਮੁੱਲਾ ਯੋਗਦਾਨ ਪਾਇਆ ਸੀ। 'ਹਮ ਹਿੰਦੂ ਨਹੀਂ' ਇਸੇ ਲਹਿਰ ਦੇ ਪ੍ਰਭਾਵ ਅਧੀਨ ਹੋਂਦ ਵਿਚ ਆਈ ਕਿਤਾਬ ਸੀ।
----------
ਹੁਣ ਤੱਕ ਜਿੰਨੇ ਵੀ ਰਾਜਨੀਤਕ ਨੇਤਾਵਾਂ ਜਾਂ ਵਿਦਵਾਨਾਂ ਜਾਂ ਸਿੱਖਾਂ ਦੇ ਪ੍ਰਤੀਕਰਮ ਜਾਂ ਬਿਆਨ ਆਏ ਹਨ, ਉਹ ਨਵੀਂ ਆਈ ਕਿਤਾਬ ਬਾਰੇ ਹਨ। ਪਰ ਪਹਿਲੀਆਂ ਪੜ੍ਹਾਈਆਂ ਜਾ ਰਹੀਆਂ ਇਤਿਹਾਸ ਦੀਆਂ ਕਿਤਾਬਾਂ ਵਿਚਲੇ ਸਿੱਖ ਇਤਿਹਾਸ ਦੀ ਪੜਚੋਲ ਕਰਨ ਸੰਬੰਧੀ ਕਿਸੇ ਸਿੱਖ ਜਾਂ ਵਿਦਵਾਨ ਦਾ ਅਜੇ ਤੱਕ ਕੋਈ ਬਿਆਨ ਮੇਰੀ ਜਾਣਕਾਰੀ ਅਨੁਸਾਰ, ਨਹੀਂ ਆਇਆ। ਹਾਂ, ਪਹਿਲਾਂ ਪੜ੍ਹਾਈਆਂ ਜਾ ਰਹੀਆਂ ਇਤਿਹਾਸ ਦੀਆਂ ਕਿਤਾਬਾਂ ਨੂੰ ਉਸੇ ਤਰ੍ਹਾਂ ਜਾਰੀ ਰੱਖਣ ਬਾਰੇ ਰਾਵਾਂ ਜ਼ਰੂਰ ਸਾਹਮਣੇ ਆਈਆਂ ਹਨ।
----------
  • ਬਾਬਾ ਬੰਦਾ ਸਿੰਘ ਬਹਾਦੁਰ ਦੀ ਲਾਸਾਨੀ ਸ਼ਹਾਦਤ ਨੂੰ 'ਹਾਰ' ਵਜੋਂ ਦਰਸਾਇਆ ਗਿਆ ਹੈ ਅਤੇ ਉਸ ਦਾ ਮੁਗਲ ਸਲਤਨਤ ਵਿਰੁੱਧ ਲੜਨਾ, ਉਸ ਦੀ 'ਵੱਡੀ ਭੁੱਲ' ਦੱਸਿਆ ਗਿਆ ਹੈ। ਜਦੋਂ ਕਿ ਸਿੱਖ ਧਰਮ ਵਿਚ ਸ਼ਹਾਦਤਾਂ ਪ੍ਰੇਰਨਾ ਸਰੋਤ ਹਨ। ਇਸ ਲਈ ਸਿੱਖ ਇਤਿਹਾਸ ਵਿਚਲੀਆਂ ਸ਼ਹਾਦਤਾਂ ਨੂੰ 'ਅਰਦਾਸ' ਵਿਚ ਰੋਜ਼ਾਨਾ ਧਿਆਨ ਧਰਿਆ ਜਾਂਦਾ ਹੈ। ਬਾਬਾ ਬੰਦਾ ਸਿੰਘ ਬਹਾਦਰ ਸਿਦਕੀ ਸੂਰਵੀਰ ਸੀ। ਉਹ ਆਪਣੇ ਸਾਥੀ ਸਿੰਘਾਂ ਅਤੇ ਆਪਣੇ ਪੁੱਤਰ ਦੀ ਸ਼ਹਾਦਤ ਤੋਂ ਬਾਅਦ ਵੀ ਆਪਣੇ ਸਿਦਕ ਤੇ ਕਾਇਮ ਰਿਹਾ, ਡੋਲਿਆ ਨਹੀਂ, ਝੁਕਿਆ ਨਹੀਂ ਅਤੇ ਆਪਣਾ ਆਪ ਵਾਰ ਦਿਤਾ। ਬਾਬਾ ਬੰਦਾ ਸਿੰਘ ਦੀ ਸਹਾਦਤ ਸਿੱਖਾਂ ਨੂੰ ਜਬਰ-ਜੁਲਮ ਦੇ ਖਿਲਾਫ ਮਰਦੇ ਦਮ ਤੱਕ ਜੂਝਣ ਦੀ ਪ੍ਰੇਰਨਾ ਦਿੰਦੀ ਹੈ।
ਹੋਰ ਵੀ ਬਹੁਤ ਸਾਰੇ ਮਸਲੇ ਇਸ ਪੁਸਤਕ ਨਾਲ ਜੁੜੇ ਹੋਏ ਹਨ। ਉਕਤ ਸੰਖੇਪ ਵਿਸ਼ਲੇਸ਼ਣ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਸਕੂਲ ਸਿਖਿਆ ਬੋਰਡ ਨੇ ਕਿਤਾਬ ਦੀ ਸਮਗਰੀ ਨੂੰ ਗੰਭੀਰਤਾ ਨਾਲ ਨਹੀਂ ਲਿਆ/ਵਾਚਿਆ। ਇਹ ਅਚੇਤ ਰੂਪ ਜਾਂ ਸੁਚੇਤ ਰੂਪ ਵਿਚ ਹੋਇਆ ਇਹ ਤਾਂ ਸੰਬੰਧਿਤ ਅਮਲਾ ਦੱਸ ਸਕਦਾ ਹੈ। ਮੁਕਦੀ ਗੱਲ, ਕਿਤਾਬ ਨੂੰ ਸਿੱਖ ਇਤਿਹਾਸ ਦੀ ਪ੍ਰਵਾਨਿਤ ਪੁਸਤਕ ਨਹੀਂ ਕਿਹਾ ਜਾ ਸਕਦਾ।

ਹੁਣ ਤੱਕ ਜਿੰਨੇ ਵੀ ਰਾਜਨੀਤਕ ਨੇਤਾਵਾਂ ਜਾਂ ਵਿਦਵਾਨਾਂ ਜਾਂ ਸਿੱਖਾਂ ਦੇ ਪ੍ਰਤੀਕਰਮ ਜਾਂ ਬਿਆਨ ਆਏ ਹਨ, ਉਹ ਨਵੀਂ ਆਈ ਕਿਤਾਬ ਬਾਰੇ ਹਨ। ਪਰ ਪਹਿਲੀਆਂ ਪੜ੍ਹਾਈਆਂ ਜਾ ਰਹੀਆਂ ਇਤਿਹਾਸ ਦੀਆਂ ਕਿਤਾਬਾਂ ਵਿਚਲੇ ਸਿੱਖ ਇਤਿਹਾਸ ਦੀ ਪੜਚੋਲ ਕਰਨ ਸੰਬੰਧੀ ਕਿਸੇ ਸਿੱਖ ਜਾਂ ਵਿਦਵਾਨ ਦਾ ਅਜੇ ਤੱਕ ਕੋਈ ਬਿਆਨ ਮੇਰੀ ਜਾਣਕਾਰੀ ਅਨੁਸਾਰ, ਨਹੀਂ ਆਇਆ। ਹਾਂ, ਪਹਿਲਾਂ ਪੜ੍ਹਾਈਆਂ ਜਾ ਰਹੀਆਂ ਇਤਿਹਾਸ ਦੀਆਂ ਕਿਤਾਬਾਂ ਨੂੰ ਉਸੇ ਤਰ੍ਹਾਂ ਜਾਰੀ ਰੱਖਣ ਬਾਰੇ ਰਾਵਾਂ ਜ਼ਰੂਰ ਸਾਹਮਣੇ ਆਈਆਂ ਹਨ।

ਪਹਿਲਾਂ (ਸੈਸ਼ਨ 2017-18) ਪੜ੍ਹਾਈਆਂ ਜਾ ਰਹੀਆਂ ਕਿਤਾਬਾਂ ਵਿੱਚ ਵੀ ਸਿੱਖ ਇਤਿਹਾਸ ਦੇ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ। ਉਸ ਵਿੱਚ ਵੀ ਨਵੀਂ ਕਿਤਾਬ ਵਾਂਗ ਕਈ ਸਿਧਾਂਤਕ ਗਲਤੀਆਂ ਦੇਖੀਆਂ ਜਾ ਸਕਦੀਆਂ ਹਨ। ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਪ੍ਰਵਾਨਿਤ 'Hisrory of Punjab' (ਹਰੀਸ਼ ਚੌਹਾਨ, ਚੰਦਰਾ ਸ਼ੇਖਰ) ਕਿਤਾਬ ਜੋ ਕਿ ਸਰਕਾਰੀ ਸਕੂਲ/ਸਕੂਲਾਂ ਵਿੱਚ ਪੜ੍ਹਾਈ ਜਾ ਰਹੀ ਸੀ/ਹੈ। ਇਸ ਪੁਸਤਕ ਦੇ ਟਾਈਟਲ ਪੰਨਾ 'ਤੇ "this book is approved & recommended as a Textbook by the Punjab School Education Board, Mohali,… for session 2017-18" ਲਿਖਿਆ ਹੋਇਆ ਹੈ।  ਇਥੇ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਇਹ ਪੁਸਤਕ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿਚ ਪੜ੍ਹਾਈ ਜਾ ਰਹੀ ਸੀ/ਹੈ ਜਾਂ ਹੋਰ ਲੇਖਕਾਂ ਦੀਆਂ ਪੁਸਤਕਾਂ ਪੜ੍ਹਾਈਆਂ ਜਾ ਰਹੀਆਂ ਸਨ, ਬਾਰੇ ਸਾਡੇ ਕੋਲ ਕੋਈ ਪੁਖਤਾ ਜਾਣਕਾਰੀ ਨਹੀਂ ਹੈ।

ਉਕਤ ਪੁਸਤਕ ਦੇ ਸੰਖੇਪ ਵਿਸ਼ਲੇਸ਼ਣ ਰਾਹੀਂ ਅਸੀਂ ਜੋ ਸਿਧਾਂਤਕ ਤੇ ਇਤਿਹਾਸਕ ਗਲਤੀਆਂ ਦੇਖੀਆਂ ਜਾ ਸਕਦੀਆਂ ਹਨ, ਉਨ੍ਹਾਂ ਦਾ ਵੇਰਵਾ ਦੇਣ ਉਪਰੰਤ ਉਨ੍ਹਾਂ ਦੀ ਆਲੋਚਨਾ ਕਰਨ ਦੀ ਕੋਸ਼ਿਸ਼, ਇਸ ਤਰ੍ਹਾਂ ਕੀਤੀ ਗਈ ਹੈ:

  • ਇਸ ਪੁਸਤਕ ਵਿਚ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਦੈਵੀ ਗਿਆਨ ਜੰਗਲਾਂ ਵਿਚ ਰਹਿਣ ਵਾਲੇ ਤਿਆਗੀ, ਤਪਸਵੀ ਅਤੇ ਗਿਆਨੀ ਸਾਧੂਆਂ ਤੋਂ ਪ੍ਰਾਪਤ ਹੋਇਆ (ਪੰਨਾ ਏ-52)। ਉਕਤ ਤੱਥ ਬੇਬੁਨਿਆਦ ਤੇ ਬਿਲਕੁਲ ਗਲਤ ਹੈ। ਗੁਰੂ ਨਾਨਕ ਦੇਵ ਜੀ ਨੂੰ ਕਿਸੇ ਸਾਧੂ ਤੋਂ ਦੈਵੀ ਗਿਆਨ ਦੀ ਪ੍ਰਾਪਤੀ ਨਹੀਂ ਹੋਈ।

  • ਗੁਰਬਾਣੀ ਦੀਆਂ ਪੰਕਤੀਆਂ ਵਿਚ ਤਰੁੱਟੀਆਂ ਹਨ। ਬਿੰਦੀਆਂ, ਅੱਧਕ, ਆਦਿ ਦਾ ਬੇਲੋੜਾ ਪ੍ਰਯੋਗ ਕੀਤਾ ਗਿਆ ਹੈ।

  • ਗੁਰੂ ਗ੍ਰੰਥ ਸਾਹਿਬ ਵਿਚਲੇ ਰਾਗਾਂ ਦੀ ਚੋਣ ਸੰਬੰਧੀ ਲਿਖਿਆ ਹੈ ਕਿ ਇਸ ਵਿਚ "ਜ਼ਿਆਦਾ ਖੁਸ਼ੀ ਅਤੇ ਜ਼ਿਆਦਾ ਦੁੱਖ ਪ੍ਰਗਟ ਕਰਨ ਵਾਲੇ ਰਾਗਾਂ ਨੂੰ ਸਥਾਨ ਨਹੀਂ ਦਿਤਾ ਗਿਆ" (ਪੰਨਾ ਏ 99-100)। ਪਤਾ ਨਹੀਂ ਉਕਤ ਜਾਣਕਾਰੀ ਕਿਸ ਸਰੋਤ ਤੋਂ ਹਾਸਲ ਕੀਤੀ ਗਈ ਹੈ।

  • ਸਿੱਖ ਇਤਿਹਾਸ ਦੇ ਸਰੋਤਾਂ ਨੂੰ "ਪੰਜਾਬੀ-ਹਿੰਦੀ ਦੀਆਂ ਇਤਿਹਾਸਕ ਅਤੇ ਅਰਧ-ਇਤਿਹਾਸਕ ਰਚਨਾਵਾਂ" ਸਿਰਲੇਖ ਰਾਹੀਂ ਦਰਸਾਇਆ ਗਿਆ ਹੈ ਜਿਨ੍ਹਾਂ ਵਿਚ ਗੁਰਸੋਭਾ, ਦਸ ਗੁਰ ਕਥਾ, ਮਹਿਮਾ ਪ੍ਰਕਾਸ਼, ਗੁਰਬਿਲਾਸ, ਗੁਰਪ੍ਰਤਾਪ ਸੂਰਜ ਗ੍ਰੰਥ, ਨਾਨਕ ਪ੍ਰਕਾਸ਼, ਪ੍ਰਾਚੀਨ ਪੰਥ ਪ੍ਰਕਾਸ਼, ਪੰਥ ਪ੍ਰਕਾਸ਼, ਤਵਾਰੀਖ ਗੁਰੂ ਖਾਲਸਾ, ਆਦਿ ਸ਼ਾਮਲ ਹਨ (ਪੰਨਾ ਏ-27-8)। ਸਿੱਖ ਇਤਿਹਾਸ ਦੇ ਗ੍ਰੰਥਾਂ ਵਿਚ ਕਈ ਭਾਸ਼ਾਵਾਂ ਦਾ ਪ੍ਰਯੋਗ ਕੀਤਾ ਗਿਆ ਹੈ। ਪੰਜਾਬੀ ਦੇ ਨਾਲ ਬ੍ਰਜ ਭਾਸ਼ਾ ਦਾ ਪ੍ਰਭਾਵ ਸਿੱਖ ਇਤਿਹਾਸ ਦੇ ਗ੍ਰੰਥਾਂ 'ਤੇ ਜ਼ਿਆਦਾ ਹੈ।

  • ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੰਬੰਧੀ ਗਲਤ ਤੱਥ ਪੇਸ਼ ਕੀਤੇ ਗਏ ਹਨ ਜਿਵੇਂ ਗੁਰੂ ਰਾਮਦਾਸ ਜੀ ਦੁਆਰਾ ਰਚਿਤ 'ਗਉੜੀ ਕੀ ਵਾਰ' ਦਾ ਵਿਸ਼ਾ "ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦੇ ਜੀਵਨ ਦੇ ਵਿਸ਼ੇ ਵਿਚ ਵਰਣਨ ਕੀਤਾ ਗਿਆ" ਲਿਖਿਆ ਹੈ (ਪੰਨਾ ਏ-23)। ਜਦੋਂ ਕਿ ਉਕਤ ਵਾਰ ਵਿੱਚ ਗੁਰੂ ਅੰਗਦ ਦੇਵ ਜੀ ਅਤੇ ਗੁਰੂ ਅਮਰਦਾਸ ਜੀ ਦਾ ਜੀਵਨ ਵਰਣਨ ਨਹੀਂ ਹੈ। ਸੰਪੂਰਣ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬਾਨ ਦਾ ਜੀਵਨ ਬਿਰਤਾਂਤ ਨਹੀਂ ਹੈ। ਗੁਰੂ/ਗੁਰਿਆਈ ਨਾਲ ਸੰਬੰਧ ਪ੍ਰਸੰਗ ਜ਼ਰੂਰ ਮਿਲਦੇ ਹਨ।

  • 'ਸਦ' ਬਾਣੀ ਬਾਰੇ ਲਿਖਿਆ ਹੈ: "ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਕ ਹੋਰ ਭਾਗ ਹੈ ਜਿਸ ਨੂੰ ਭਾਈ ਸੁੰਦਰ ਜੀ ਨੇ ਲਿਖਿਆ। ਇਸ ਵਿੱਚ ਗੁਰੂ ਅਮਰਦਾਸ ਜੀ ਦੇ ਧਾਰਮਕ ਵਿਚਾਰਾਂ ਦਾ ਬੜਾ ਸੁੰਦਰ ਵਰਣਨ ਮਿਲਦਾ ਹੈ।" (ਪੰਨਾ ਏ-23) ਜਦੋਂ ਕਿ 'ਸਦ' ਬਾਣੀਕਾਰ ਬਾਬਾ ਸੁੰਦਰ ਜੀ ਦੀ ਬਾਣੀ ਹੈ।

  • ਇਤਿਹਾਸ ਦੀ ਇਸ ਪੁਸਤਕ ਵਿਚ 'ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ', ਮਨੁੱਖ ਦੇ ਤੌਰ 'ਤੇ ਹੀ ਆਂਕੀ ਗਈ ਹੈ। ਗੁਰੂ ਨਾਨਕ ਦੇਵ ਜੀ ਦਾ ਗਠੀਆ ਸਰੀਰ, ਰੰਗ ਗੋਰਾ, ਨੈਣ ਨਕਸ਼ ਤਿਖੇ ਆਦਿ ਦੱਸੇ ਗਏ ਹਨ। ਪੁਸਤਕ ਦੇ ਲੇਖਕਾਂ ਵਲੋਂ ਉਕਤ ਜਾਣਕਾਰੀ ਦਾ ਸਰੋਤ ਨਹੀਂ ਦੱਸਿਆ ਗਿਆ ਕਿ ਇਹ ਕਿਥੋਂ ਪ੍ਰਾਪਤ ਕੀਤੀ ਗਈ ਹੈ। (ਪੰਨਾ 68)

  • ਗੁਰੂ ਨਾਨਕ ਦੇਵ ਜੀ ਨੂੰ 'ਮਹਾਨ ਕਵੀ' ਅਤੇ ਉਨ੍ਹਾਂ ਦੀ ਬਾਣੀ ਨੂੰ 'ਭਾਵਪੂਰਤ ਕਵਿਤਾ' ਲਿਖਿਆ ਗਿਆ ਹੈ। (ਪੰਨਾ ਏ 71) ਬਾਬਾ ਸੁੰਦਰ ਦੀ ਬਾਣੀ ਨੂੰ 'ਗੀਤ' ਲਿਖਿਆ ਹੈ। (ਏ-99) ਪੁਸਤਕ ਵਿਚ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਭਾਵਪੂਰਤ ਰਚਨਾਵਾਂ ਲਿਖੀਆਂ ਹਨ ਅਤੇ ਉਨ੍ਹਾਂ ਦੀਆਂ ਕਵਿਤਾਵਾਂ ਦੇ ਵਿਸ਼ੇ ਨੀਤੀ ਤੇ ਦਰਸ਼ਨ ਦੱਸੇ ਗਏ ਹਨ। ਉਕਤ ਜਾਣਕਾਰੀ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਨੂੰ 'ਬਾਣੀ' ਤੇ 'ਕਵਿਤਾ' ਦੀ ਭਿੰਨਤਾ ਨਹੀਂ ਸਿਖਾ ਸਕਦੀ। ਬਾਣੀ ਦਾ ਕਵਿਤਾ ਨਾਲੋਂ ਬਹੁਤ ਅੰਤਰ ਹੈ। ਕਵਿਤਾ ਵਿਚ ਕੇਵਲ ਲੌਕਿਕਤਾ ਨਾਲ ਸੰਬੰਧਿਤ ਹੁੰਦੀ ਹੈ, ਬਾਣੀ ਲੌਕਿਕ ਤੇ ਅਲੌਕਿਕ ਦੋਵਾਂ ਨਾਲ ਸੰਬੰਧਿਤ ਹੈ। ਸਭ ਤੋਂ ਮਹਤਵਪੂਰਨ ਗੱਲ, ਬਾਣੀ 'ਧੁਰ ਕੀ ਬਾਣੀ' ਹੈ। ਇਹ ਨਿਰਾ ਨੀਤੀ ਸ਼ਾਸਤਰ ਜਾਂ ਨਿਰੋਲ ਦਰਸ਼ਨ ਨਹੀਂ ਹੈ। ਬਾਣੀ, ਸੁਚੱਜੀ ਸਿੱਖ ਜੀਵਨ ਜਾਚ ਦਾ ਸੋਮਾ ਹੈ।

  • History of Punjab ਨਾਮੀ ਕਿਤਾਬ ਵਿਚ 'ਗੁਰੂ ਨਾਨਕ ਦੇਵ ਜੀ: ਸੁਧਾਰਕ ਜਾਂ ਕ੍ਰਾਂਤੀਕਾਰੀ' ਸਿਰਲੇਖ ਹੇਠ ਇੰਦੂ ਭੂਸ਼ਣ ਬੈਨਰਜੀ, ਗੋਕਲ ਚੰਦ ਨਾਰੰਗ, ਪੇਨ, ਬਾਬਾ ਛੱਜੂ ਸਿੰਘ ਦੇ ਤਰਕਾਂ ਦੇ ਅਧਾਰ 'ਤੇ ਬੜੇ ਹੀ ਇਤਰਾਜ਼ਯੋਗ ਤੇ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਵਿਚਾਰਾਂ ਰਾਹੀਂ ਗੁਰੂ ਨਾਨਕ ਦੇਵ ਜੀ ਨੂੰ ਅਜਿਹਾ ਸਮਾਜ ਸੁਧਾਰਕ ਸਿੱਧ ਕੀਤਾ ਗਿਆ ਹੈ ਜਿਨ੍ਹਾਂ ਨੇ 'ਹਿੰਦੂ ਧਰਮ ਦੇ ਮੌਲਿਕ ਅਧਿਕਾਰਾਂ ਨੂੰ ਸਵੀਕਾਰ ਕੀਤਾ', 'ਹਿੰਦੂ ਦੇਵੀ ਦੇਵਤਿਆਂ ਅਤੇ ਅਵਤਾਰਾਂ ਦਾ ਅਨਾਦਰ ਨਹੀਂ ਕੀਤਾ', 'ਜਾਤੀ ਅਭਿਮਾਨ ਦਾ ਖੰਡਨ ਕੀਤਾ ਨਾ ਕਿ ਜਾਤੀ ਪ੍ਰਥਾ ਦਾ', 'ਧਾਰਮਕ ਰੀਤੀ ਰਿਵਾਜਾਂ 'ਤੇ ਚੋਟ ਨਹੀਂ ਕੀਤੀ'। ਇਥੇ ਹੀ ਬਸ ਨਹੀਂ, ਉਕਤ ਸਿਰਲੇਖ ਅਧੀਨ ਹੀ 'ਸੰਗਤ ਇਕ ਨਵੀਂ ਅਤੇ ਕ੍ਰਾਂਤੀਕਾਰੀ ਸੰਸਥਾ ਨਹੀਂ', ਲਿਖਿਆ ਹੈ ਅਤੇ ਨਾਲ ਹੀ 'ਗੁਰੂ ਨਾਨਕ ਦੇਵ ਜੀ ਨੂੰ ਹੋਰ ਭਗਤਾਂ ਦੀ ਤਰ੍ਹਾਂ ਸੁਧਾਰਕ' ਕਿਹਾ ਗਿਆ ਹੈ। ਅਖੀਰ ਵਿਚ ਵਿਦਿਆਰਥੀਆਂ ਤੋਂ ਪ੍ਰਸ਼ਨ ਪੁਛਿਆ ਗਿਆ ਹੈ: "ਕੀ ਗੁਰੂ ਨਾਨਕ ਦੇਵ ਜੀ ਸੁਧਾਰਕ ਸਨ ਜਾਂ ਕ੍ਰਾਂਤੀਕਾਰੀ? ਆਪਣੇ ਉੱਤਰ ਦੇ ਪੱਖ ਵਿਚ ਤਰਕ ਦਿਓ।" (ਪੰਨਾ 66-7) ਸਾਡੇ ਮਤ ਅਨੁਸਾਰ ਜਦੋਂ ਗੁਰੂ ਨਾਨਕ ਦੇਵ ਜੀ ਸੰਬੰਧੀ ਤੱਥਮੂਲਕ ਖੋਜ ਉਪਲਬਧ ਹੈ ਤਾਂ ਕਿਸੇ ਖਾਸ ਲੇਖਕਾਂ ਦੇ ਅਧਾਰ 'ਤੇ ਉਨ੍ਹਾਂ ਦੇ ਸਿਧਾਂਤਾਂ ਸੰਬੰਧੀ ਅਜਿਹੀ ਜਾਣਕਾਰੀ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਵਿਚ ਭੰਭਲਭੂਸਾ ਪੈਦਾ ਕਰੇਗੀ ਕਿਉਂਕਿ ਵਿਦਿਆਰਥੀ ਇਕ ਸਮਝਣਗੇ ਕਿ ਕੁਝ ਲੇਖਕ ਮੰਨਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਜਾਤੀ ਪ੍ਰਥਾ ਖਤਮ ਨਹੀਂ ਕੀਤੀ ਅਤੇ ਕੁਝ ਕਹਿੰਦੇ ਹਨ ਕਿ ਜਾਤੀ ਪ੍ਰਥਾ ਖਤਮ ਕੀਤੀ। ਇਸ ਸੰਬੰਧੀ ਕੋਈ ਦੂਜੀ ਰਾਇ ਦੀ ਲੋੜ ਹੀ ਨਹੀਂ ਹੈ ਜਦੋਂ ਉਹ ਆਪ ਆਪਣੀ ਬਾਣੀ ਵਿਚ ਜਾਤੀ ਪ੍ਰਥਾ ਦਾ ਖੰਡਨ ਕਰਦੇ ਹਨ।

  • ਪੁਰਾਣੀ ਪੁਸਤਕ ਵਿਚ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਦੇ ਕਾਰਨਾਂ ਵਿਚ ਪਹਿਲਾ ਕਾਰਨ 'ਸਿੱਖਾਂ ਤੇ ਮੁਗਲਾਂ ਦੀ ਪੁਰਾਣੀ ਦੁਸ਼ਮਣੀ' ਅਤੇ ਪੰਜਵਾਂ ਕਾਰਨ 'ਗੁਰੂ ਜੀ ਦੀਆਂ ਕਥਿਤ ਰਾਜਨੀਤਕ ਅਤੇ ਸੈਨਿਕ ਗਤੀਵਿਧੀਆਂ' ਲਿਖਿਆ ਗਿਆ ਹੈ। (ਪੰਨਾ ਏ 130-31) ਜਿਹੜਾ ਮੁੱਖ ਕਾਰਨ ਸੀ 'ਕਸ਼ਮੀਰੀ ਪੰਡਿਤਾਂ 'ਤੇ ਅਤਿਆਚਾਰ' ਵਾਲਾ ਉਸ ਨੂੰ ਅਖੀਰਲਾ ਕਾਰਨ ਲਿਖਿਆ ਹੋਇਆ ਹੈ। ਪਹਿਲੀ ਗੱਲ, ਗੁਰੂ ਸਾਹਿਬਾਨ ਜਾਂ ਸਿੱਖਾਂ ਦੀ ਕਿਸੇ ਨਾਲ ਨਿੱਜੀ ਦੁਸ਼ਮਣੀ ਨਹੀਂ ਰਹੀ, ਗੁਰੂ ਸਾਹਿਬਾਨ ਤੇ ਸਿੱਖਾਂ ਨੇ ਜਬਰ-ਜੁਲਮ ਦੇ ਵਿਰੁੱਧ ਆਵਾਜ਼ ਉਠਾਈ ਹੈ, ਜੰਗ ਵੀ ਲੜੇ ਹਨ। ਜਬਰ-ਜੁਲਮ ਕਰਨ ਵਾਲਾ ਕੋਈ ਵੀ ਹੋਵੇ ਜਾਂ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਵੇ।

  • ਖਾਲਸਾ ਸਾਜਣਾ ਦੇ ਕਾਰਨਾਂ ਵਿਚ ਇਕ ਕਾਰਨ 'ਸਿੱਖ ਪੰਥ 'ਤੇ ਜੱਟਾਂ ਦਾ ਪ੍ਰਭਾਵ' ਲਿਖਿਆ ਗਿਆ ਹੈ। (ਪੰਨਾ ਏ-141) ਉਕਤ ਕਾਰਨ ਪਤਾ ਨਹੀਂ ਕਿਸ ਸਰੋਤ ਦੇ ਅਧਾਰ 'ਤੇ ਲਿਖਿਆ ਹੈ।

  • 'ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸਿੱਖ ਧਰਮ ਵਿਚ ਤਬਦੀਲੀ' (ਪੰਨਾ ਏ-108) ਸਿਰਲੇਖ ਅਧੀਨ ਗੁਰੂ ਹਰਗੋਬਿੰਦ ਸਾਹਿਬ ਦੁਆਰਾ ਸਿੱਖ ਧਰਮ ਵਿਚ ਅਕਾਲ ਤਖਤ ਸਾਹਿਬ ਆਦਿ ਦੀ ਸਥਾਪਨਾ ਨੂੰ ਸਿੱਖ ਧਰਮ ਵਿਚ ਤਬਦੀਲੀ ਕਰਨ ਦੇ ਸੰਦਰਭ ਵਿਚ ਲਿਖਿਆ ਹੈ ਜੋ ਕਿ ਸਿਧਾਂਤਕ ਤੌਰ 'ਤੇ ਬਹੁਤ ਵੱਡੀ ਗਲਤੀ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਸਿੱਖ ਧਰਮ ਵਿਚ ਕੋਈ ਤਬਦੀਲੀ ਨਹੀਂ ਕੀਤੀ। ਉਨ੍ਹਾਂ ਨੇ ਸਿੱਖ ਧਰਮ ਦੇ ਵਿਕਾਸ ਵਿਚ ਬਹੁਮੁੱਲਾ ਯੋਗਦਾਨ ਪਾਇਆ। ਉਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਲਾਏ ਸਿੱਖੀ ਦੇ ਬੂਟੇ ਨੂੰ ਉਕਤ ਕਾਰਜਾਂ ਰਾਹੀਂ ਹੀ ਪਾਣੀ ਪਾਇਆ ਹੈ।

  • ਗੁਰੂ ਗ੍ਰੰਥ ਸਾਹਿਬ ਵਿਚਲੇ ਬਾਣੀਕਾਰ ਭਗਤਾਂ ਨੂੰ 'ਹਿੰਦੂ ਭਗਤ ਤੇ ਸੂਫੀ ਭਗਤ' ਲਿਖਿਆ ਹੋਇਆ ਹੈ। (ਪੰਨਾ ਏ-99) ਇਹ ਵੀ ਬਹੁਤ ਵੱਡੀ ਸਿਧਾਂਤਕ ਗਲਤੀ ਹੈ। ਗੁਰੂ ਗ੍ਰੰਥ ਸਾਹਿਬ ਵਿਚਲੇ ਸਾਰੇ ਭਗਤ ਸਾਹਿਬਾਨ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨਾਲ ਸਾਂਝ ਰਖਦੇ ਹਨ, ਨਿਰਗੁਣਧਾਰਾ ਨਾਲ ਸੰਬੰਧਿਤ ਹਨ ਜਦੋਂ ਕਿ ਹਿੰਦੂ ਭਗਤ ਸਰਗੁਣ ਦਾ ਪੂਜਕ, ਮੂਰਤੀ ਪੂਜਕ ਹੈ।

  • ਸਿੱਖ ਧਰਮ ਨੂੰ 'ਸਿੱਖ ਸੰਪ੍ਰਦਾਇ' ਲਿਖਿਆ ਹੋਇਆ ਹੈ। 'ਸੰਪ੍ਰਦਾਇ' ਸ਼ਬਦ ਵੀ ਵਿਦਿਆਰਥੀਆਂ ਵਿਚ ਭੁਲੇਖਾ ਪੈਦਾ ਹੋ ਸਕਦਾ ਹੈ ਕਿ ਸਿੱਖ ਧਰਮ ਕਿਸੇ ਸਥਾਪਿਤ ਧਰਮ ਜਾਂ ਮਤ ਦਾ ਸੰਪ੍ਰਦਾਇ ਹੈ। (ਪੰਨਾ ਏ-79)

  • ਗੁਰੂ ਅਰਜਨ ਦੇਵ ਜੀ ਨਾਲ ਸੰਬੰਧਿਤ ਅਧਿਆਇ ਵਿਚ, ਅੰਮ੍ਰਿਤਸਰ ਵਿਚ ਹਰਿਮੰਦਰ ਸਾਹਿਬ ਦਾ ਨਿਰਮਾਣ ਸਿਰਲੇਖ ਹੇਠ ਹਰਿਮੰਦਰ ਸਾਹਿਬ ਲਈ 'ਮੰਦਰ' ਸ਼ਬਦ ਦਾ ਹੀ ਪ੍ਰਯੋਗ ਕੀਤਾ ਗਿਆ ਹੈ। ਪੁਸਤਕ ਵਿਚੋਂ ਹੂਬਹੂ ਸ਼ਬਦ ਇਥੇ ਦੇਖੇ ਜਾ ਸਕਦੇ ਹਨ: "ਆਪ ਨੇ ਅੰਮ੍ਰਿਤਸਰ ਸਰੋਵਰ ਦੇ ਵਿਚਕਾਰ ਇਕ ਮੰਦਰ ਦਾ ਨਿਰਮਾਣ ਵੀ ਕੀਤਾ। ਇਸ ਮੰਦਰ ਦਾ ਨਾਂ 'ਹਰਿਮੰਦਰ' ਜਾਂ 'ਈਸ਼ਵਰ ਦਾ ਮੰਦਰ' ਰਖਿਆ ਗਿਆ। ਇਸ ਪਵਿੱਤਰ ਮੰਦਰ ਦੀ ਨੀਂਹ ਉਸ ਸਮੇਂ ਦੇ ਪ੍ਰਸਿਧ ਸੂਫੀ ਫਕੀਰ ਮੀਆਂ ਮੀਰ ਨੇ 1588-89 ਈ. ਵਿੱਚ ਰੱਖੀ। ਇਸ ਮੰਦਰ ਦਾ ਨਿਰਮਾਣ ਕਾਰਜ 1601 ਈ. ਵਿੱਚ ਰੱਖਿਆ। ਇਸ ਮੰਦਰ ਦੇ ਦੁਆਰ ਚੌਹਾਂ ਦਿਸ਼ਾਵਾਂ ਵੱਲ ਰੱਖੇ ਗਏ।" (ਪੰਨਾ ਏ-94) 'ਮੰਦਰ' ਹਿੰਦੂ ਧਰਮ ਦਾ ਧਾਰਮਿਕ ਸਥਾਨ ਹੈ ਪਰ ਸਿੱਖਾਂ ਦਾ ਨਹੀਂ। ਸਿੱਖਾਂ ਦੇ ਪ੍ਰਮੁੱਖ ਧਾਰਮਿਕ ਸਥਾਨ ਨੂੰ 'ਮੰਦਰ' ਲਿਖਣਾ ਵਾਜਿਬ ਨਹੀਂ ਹੈ ਕਿਉਂਕਿ 'ਮੰਦਰ' ਅਤੇ ਹਰਿਮੰਦਰ ਸਾਹਿਬ ਵਿਚ ਬੁਨਿਆਦੀ ਅੰਤਰ ਵੀ ਹੈ।

  • ਇਕ ਮਹੱਤਵਪੂਰਨ ਗੱਲ ਹੋਰ ਕਿ ਇਸ ਕਿਤਾਬ ਵਿਚ ਮੈਕਲੋਡ, ਗੋਕਲ ਚੰਦ ਨਾਰੰਗ, ਡਾ. ਬੀ.ਪੀ ਸਕਸੈਨਾ, ਸੀ.ਪੀ. ਗੁਪਤਾ ਆਦਿ ਵਿਦਵਾਨਾਂ ਦੀਆਂ ਲਿਖਤਾਂ ਦੇ ਹਵਾਲੇ ਥਾਂ-ਥਾਂ 'ਤੇ ਵਰਤੇ ਗਏ ਹਨ ਜਦੋਂ ਕਿ ਸਿੱਖ ਵਿਦਵਾਨਾਂ ਨੇ ਸਿੱਖ ਇਤਿਹਾਸ ਸੰਬੰਧੀ ਤੱਥਮੂਲਕ ਖੋਜ ਉਪਲਬਧ ਹੈ। ਪੁਸਤਕ ਦੇ ਲੇਖਕ/ਸੰਪਾਦਕ ਤੇ ਉਸ ਦੀਆਂ ਅਧਾਰ ਲਿਖਤਾਂ ਤੋਂ ਵੀ ਪੁਸਤਕ ਦੀ ਸਮਗਰੀ ਨੂੰ ਸਮਝਣ ਵਿਚ ਸਹਾਇਤਾ ਮਿਲਦੀ ਹੈ।

ਉਕਤ ਸੰਖੇਪ ਵਿਸ਼ਲੇਸ਼ਣ ਤੋਂ ਅੰਦਾਜਾ ਲਾਇਆ ਜਾ ਸਕਦਾ ਹੈ ਕਿ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਪ੍ਰਵਾਨਿਤ ਨਵੀਂ ਅਤੇ ਪਹਿਲਾਂ ਪੜ੍ਹਾਈਆਂ ਗਈਆਂ/ਜਾ ਰਹੀਆਂ ਕਿਤਾਬਾਂ ਰਾਹੀਂ ਸਿੱਖ ਇਤਿਹਾਸ ਸੰਬੰਧੀ ਕਿੰਨੀ ਕੁ ਸਹੀ ਤੇ ਤੱਥਮੂਲਕ ਜਾਣਕਾਰੀ ਦਿੱਤੀ ਗਈ ਜਾ ਦਿਤੀ ਜਾ ਰਹੀ ਸੀ/ਹੈ। ਇਸੇ ਤਰ੍ਹਾਂ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ, ਕਾਲਜਾਂ ਵਿਚ ਪੜ੍ਹਾਈਆਂ/ਲਗਵਾਈਆਂ ਜਾ ਰਹੀਆਂ ਕਿਤਾਬਾਂ ਵੀ ਸਿੱਖ ਇਤਿਹਾਸ ਸੰਬੰਧੀ ਤੱਥਾਂ ਦੀ ਪਰਖ-ਪੜਚੋਲ ਦੀ ਮੰਗ ਕਰਦੀਆਂ ਹਨ ਜਿਨ੍ਹਾਂ ਵਿਚੋਂ ਬਹੁਤ ਸਾਰੀਆਂ ਤਰੁੱਟੀਆਂ ਸਾਹਮਣੇ ਆਉਣ ਦੀ ਸੰਭਾਵਨਾ ਹੈ। ਸੋ ਜੇਕਰ ਅਜਿਹੇ ਗੰਭੀਰ ਮੁੱਦਿਆਂ ਨੂੰ ਸਿੱਖ ਸੂਝਵਾਨ ਗੰਭੀਰਤਾ ਨਾਲ ਲੈਣਗੇ ਤਾਂ ਹੀ ਸਾਰਥਕ ਨਤੀਜੇ ਮਿਲ ਸਕਦੇ ਹਨ।
 
 
 
 
ਲੇਖਕ, ਯੂਨੀਵਰਸਿਟੀ ਕਾਲਜ ਢਿੱਲਵਾਂ ਵਿਖੇ ਬਤੌਰ ਅਸਿਸਟੈਂਟ ਪ੍ਰੋਫੈਸਰ ਸੇਵਾ ਨਿਭਾਅ ਰਹੇ ਹਨ. 
 
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE







Copyright © 2016-2017










NEWS LETTER