ਸਿੱਖਿਆ
ਬਾਰ੍ਹਵੀਂ ਜਮਾਤ ਦੀ ਇਤਿਹਾਸ ਦੀ ਪੁਸਤਕ 'ਤੇ ਭੰਬਲਭੂਸਾ
ਇਤਿਹਾਸ ਦੇ ਪਾਠਕ੍ਰਮ ਦਾ ਵਿਵਾਦ ਤੇ ਤੱਥ
- ਡਾ਼ ਪਿਆਰਾ ਲਾਲ ਗਰਗ
ਇਤਿਹਾਸ  ਦੇ ਪਾਠਕ੍ਰਮ ਦਾ ਵਿਵਾਦ ਤੇ ਤੱਥਬਾਰ੍ਹਵੀਂ ਜਮਾਤ ਦੇ ਇਤਿਹਾਸ ਦੇ ਪਾਠਕ੍ਰਮ ਨੂੰ ਲੈ ਕੇ ਸਿਆਸੀ ਚਰਚਾ ਚੱਲ ਰਹੀ ਹੈ। ਇਸ ਵਿੱਚ ਸਿਆਸੀ ਪਾਰਟੀਆਂ, ਪ੍ਰਸ਼ਾਸਨਿਕ ਅਧਿਕਾਰੀ ਤੇ ਮੀਡੀਆ ਸ਼ਾਮਲ ਹਨ। ਚਰਚਾ ਦਾ ਅਹਿਮ ਪਹਿਲੂ ਇਹ ਵੀ ਹੈ ਕਿ ਬੱਚਾ, ਕੇਂਦਰ ਬਿੰਦੂ ਨਹੀਂ ਹੈ। ਵਿਸ਼ਾ, ਵਿਸ਼ੇ ਦੀ ਭਾਸ਼ਾ, ਇਤਿਹਾਸ ਦੇ ਅਧਿਐਨ ਨੂੰ ਵਿਗਿਆਨ ਹੀ ਰਹਿਣ ਦਿੱਤਾ ਜਾਵੇ, ਇਤਿਹਾਸ ਵਿੱਚ ਫ਼ਿਰਕਾਪ੍ਰਸਤੀ ਨਾ ਵਾੜੀ ਜਾਵੇ, ਵੀ ਚਰਚਾ ਦੇ ਕੇਂਦਰ ਬਿੰਦੂ ਨਹੀਂ। ਕੋਈ ਵੀ ਆਲੋਚਕ ਇਸ ਕਿਤਾਬ ਵਿੱਚੋਂ ਇਤਿਹਾਸ ਦੀ ਪੁੱਠ ਖ਼ਤਮ ਕੀਤੇ ਜਾਣ ਬਾਬਤ ਮੂੰਹ ਨਹੀਂ ਖੋਲ੍ਹਦਾ। ਇਸ ਵਿੱਚ ਘਸੋੜੀ ਗਈ ਗ਼ੈਰ ਵਿਗਿਆਨਕ ਪਹੁੰਚ ਅਤੇ ਫ਼ਿਰਕੂ ਰੰਗਤ ‘ਤੇ ਵੀ ਚੁੱਪ ਹੈ।

ਇਤਿਹਾਸ ਦੀ ਮਨੁੱਖੀ ਸਮਾਜ ਨੂੰ ਲੋੜ ਕੀ ਹੈ? ਇਸ ਦਾ ਸਟੀਕ ਉੱਤਰ ਗੁਰੂ ਸਾਹਿਬ ਨੇ ਦਿੱਤਾ ਹੈ: ਬਾਬਾਣੀਆਂ ਕਹਾਣੀਆਂ ਪੂਤ ਸਪੂਤ ਕਰੇਨ। ਪਰ 182+7 ਪੰਨਿਆਂ ਦੀ ਇਤਿਹਾਸ ਦੀ ਇਹ ਨਵੀਂ ਕਿਤਾਬ ਕੁੱਝ ਤੱਥਾਂ ਦੇ ਰਟਣ ਤੋਂ ਸਿਵਾ ਕੋਈ ਪ੍ਰੇਰਨਾ ਨਹੀਂ ਦਿੰਦੀ। ਕੋਈ ਖੋਜੀ ਬਿਰਤੀ ਨਹੀਂ ਪੈਦਾ ਕਰਦੀ। ਇਸ ਕਿਤਾਬ ਦੇ ਦੋ ਭਾਗਾਂ ਵਿੱਚ 11 ਪਾਠ ਹਨ ਜਿਨ੍ਹਾਂ ਵਿੱਚ ਪਹਿਲੇ 17 ਪੰਨਿਆਂ ਦੇ ਪਾਠ ਵਿੱਚ ਹੜੱਪਾ ਸਭਿਅਤਾ ਦੀ ਥਾਂ ‘ਸ਼ਹਿਰ ਵਪਾਰ ਤੇ ਸ਼ਿਲਪ’ ਲਿਖਿਆ ਹੈ।
 
ਹੜੱਪਾ ਸ਼ਬਦ ਹਟਾਉਣਾ ਬਹੁਤ ਅਹਿਮ ਗੱਲ ਲੱਗਦੀ ਹੈ। ਅੱਗੇ 19 ਪੰਨਿਆਂ ਦੇ ਪਾਠ ‘ਮੋਰੀਆ, ਕੁਸ਼ਾਨ ਤੇ ਗੁਪਤ ਕਾਲ’ ਦੀ ਥਾਂ ਲਿਖਿਆ ਗਿਆ ਹੈ- ‘ਸਰਦਾਰ, ਸਮਰਾਟ ਅਤੇ ਵਪਾਰੀ’। ਅੱਗੇ 18 ਪੰਨਿਆਂ ਦੇ ‘ਵੈਦਿਕ ਜੈਨ ਤੇ ਬੁੱਧ’ ਦੀ ਥਾਂ ਲਿਖਿਆ ਹੈ ‘ਪੁਜਾਰੀ ਭਿਕਸ਼ੂ ਤੇ ਦਾਨੀ’। ਅਗਲਾ ਹੈ 11 ਪੰਨਿਆਂ ਦਾ ਮੱਧ ਕਾਲੀਨ ਭਾਰਤ। ਇਸ ਵਿੱਚ ਅਗਨੀ ਤੋਂ ਤਿੰਨ ਨਾਇਕ ਪੈਦਾ ਹੋਣਾ ਦਰਸਾਇਆ ਗਿਆ ਹੈ। ਅੱਗੇ 16 ਪੰਨਿਆਂ ਦਾ ਪਾਠ ਮੁਗ਼ਲ ਸ਼ਾਸਨ ਦੀ ਥਾਂ ਲਿਖਿਆ ਹੈ ‘ਸੁਲਤਾਨ ਤੇ ਪਾਦਸ਼ਾਹ’। ਇਹ ਪਾਠ ਵਿਕੇਂਦਰੀਕਰਨ ਖ਼ਿਲਾਫ਼ ਭਾਵਨਾ ਜਗਾਉਣ ਵਾਲਾ ਹੈ।
 
ਅਗਲੇ ਪਾਠ ਵਿੱਚ ਭਗਤੀ ਲਹਿਰ ਨੂੰ ਰਾਮ-ਭਗਤੀ ਲਹਿਰ ਲਿਖਿਆ ਹੈ ਅਤੇ ਸੰਤ ਕਬੀਰ ਤੇ ਭਗਤ ਰਵੀਦਾਸ ਨੂੰ ਸਭ ਤੋਂ ਵੱਡੇ ਰਾਮ-ਭਗਤ ਦੱਸਿਆ ਹੈ। ਸਿੱਖ ਇਤਿਹਾਸ ਅਤੇ ਆਜ਼ਾਦੀ ਦੇ ਸੰਗਰਾਮ ਵਿੱਚ ਦਲਿਤਾਂ ਦੀ ਭੂਮਿਕਾ ਕਿਤਾਬ ਵਿੱਚ ਕਿਤੇ ਨਜ਼ਰ ਨਹੀਂ ਆਈ।

ਕਿਤਾਬ ਵਿੱਚ ਕਰਤਾਰ ਸਿੰਘ ਸਰਾਭਾ, ਭਗਤ ਸਿੰਘ ਤੇ ਸ਼ਹੀਦ ਊਧਮ ਸਿੰਘ ਬਾਬਤ ਜੋ ਚੰਦ ਕੁ ਲਾਈਨਾਂ ਲਿਖੀਆਂ ਹਨ, ਉਨ੍ਹਾਂ ਵਿੱਚੋਂ ਪਾਠਕ ਵਿੱਚ ਕੋਈ ਜੋਸ਼ ਜਾਂ ਕੁਰਬਾਨੀ ਜਾਂ ਬੇਇਨਸਾਫ਼ੀ ਖ਼ਿਲਾਫ਼ ਲੜਨ ਦੀ ਚਾਹ ਪੈਦਾ ਨਹੀਂ ਹੁੰਦੀ ਬਲਕਿ ਇਨ੍ਹਾਂ ਦੀਆਂ ਸ਼ਹੀਦੀਆਂ ਇਨ੍ਹਾਂ ਦੇ ਕੀਤੇ ਕਤਲਾਂ ਦਾ ਨਤੀਜਾ ਜਾਪਦੀਆਂ ਹਨ। ਹਿੰਦੋਸਤਾਨ ਰਿਪਬਲੀਕਨ ਐਸੋਸੀਏਸ਼ਨ ਨੂੰ ਚਾਰ ਬੰਦਿਆਂ ਦੇ ਗੁੱਟ ਵਜੋਂ ਪੇਸ਼ ਕੀਤਾ ਹੈ, ਹਿੰਦੋਸਤਾਨ ਰਿਪਬਲੀਕਨ ਆਰਮੀ ਦਾ ਜ਼ਿਕਰ ਤੱਕ ਨਹੀਂ। ਲਿਖਿਆ ਹੈ: "ਗ਼ਦਰ ਪਾਰਟੀ ਦਾ ਮੁੱਖ ਏਜੰਡਾ ਅੰਗਰੇਜ਼ਾਂ ਦੇ ਜਾਸੂਸਾਂ ਨੂੰ ਮਾਰਨਾ, ਸਰਕਾਰੀ ਖ਼ਜ਼ਾਨਾ ਤੇ ਪੁਲੀਸ ਸਟੇਸ਼ਨ ਲੁੱਟ ਕੇ ਹਥਿਆਰ ਜਮ੍ਹਾਂ ਕਰਨਾ ਅਤੇ ਰੇਲਵੇ ਤੇ ਡਾਕ-ਤਾਰ ਵਿਭਾਗ ਨੂੰ ਨੁਕਸਾਨ ਪਹੁੰਚਾਉਣਾ ਸੀ”।
----------
ਕੋਈ ਵੀ ਆਲੋਚਕ ਇਸ ਕਿਤਾਬ ਵਿੱਚੋਂ ਇਤਿਹਾਸ ਦੀ ਪੁੱਠ ਖ਼ਤਮ ਕੀਤੇ ਜਾਣ ਬਾਬਤ ਮੂੰਹ ਨਹੀਂ ਖੋਲ੍ਹਦਾ। ਇਸ ਵਿੱਚ ਘਸੋੜੀ ਗਈ ਗ਼ੈਰ ਵਿਗਿਆਨਕ ਪਹੁੰਚ ਅਤੇ ਫ਼ਿਰਕੂ ਰੰਗਤ ‘ਤੇ ਵੀ ਚੁੱਪ ਹੈ।
----------
ਸ਼ਹੀਦ ਊਧਮ ਸਿੰਘ ਬਾਬਤ ਲਿਖਿਆ ਹੈ: "ਮਾਈਕਲ ਓ’ਡਾਇਰ ਕੈਕਸਟਨ ਹਾਲ ਲੰਡਨ ਵਿੱਚ ਮੀਟਿੰਗ ਵਿੱਚ ਭਾਗ ਲੈ ਰਿਹਾ ਸੀ, ਊਧਮ ਸਿੰਘ ਨੇ ਉਸ ਨੂੰ ਗੋਲੀ ਮਾਰ ਦਿੱਤੀ। ਜੁਲਾਈ 1940 ਵਿੱਚ ਊਧਮ ਸਿੰਘ ਨੂੰ ਲੰਡਨ ਵਿੱਚ ਫਾਂਸੀ ਦੇ ਦਿੱਤੀ ਗਈ।” ਗੰਗਸਰ ਤੇ ਪੰਜਾ ਸਾਹਿਬ ਦੇ ਮੋਰਚਿਆਂ, ਕਾਮਾਗਾਟਾ ਮਾਰੂ ਦੇ ਸਾਕੇ ਨੂੰ ਆਮ ਅਤੇ ਬੇਕਾਨੂੰਨੀ ਕਰਨ ਵਰਗੀ ਘਟਨਾ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਹੈ। ਅਕਾਲੀ ਮੋਰਚਿਆਂ ਨੂੰ ਸਾਧਾਰਨ ਘਟਨਾ ਵਾਂਗ ਪੇਸ਼ ਕੀਤਾ ਗਿਆ ਹੈ। ਜੈਤੋ ਦਾ ਮੋਰਚਾ ਜਿੱਥੇ ਸਿੰਘ ਸ਼ਹੀਦੀਆਂ ਦੇ ਬਾਵਜੂਦ ਸ਼ਾਂਤਮਈ ਰਹੇ, ਕੂਕਿਆਂ ਦਾ ਤੋਪਾਂ ਨਾਲ ਉਡਾਏ ਜਾਣਾ ਬੜੇ ਸਾਧਾਰਨ ਢੰਗ ਨਾਲ ਪੇਸ਼ ਕੀਤੇ ਹਨ।

ਇਸ ਗੱਲ ‘ਤੇ ਵੀ ਚਰਚਾ ਨਹੀਂ ਹੋ ਰਹੀ ਕਿ ਪਹਿਲਾਂ ਇਸ ਮਾਮਲੇ ਵਿੱਚ ਪਾਠਕ੍ਰਮ ਦੀ ਸੋਧ ਵਾਸਤੇ 2014 ਵਿੱਚ ਮਾਹਿਰਾਂ ਦੀਆਂ ਚਾਰ ਰਸਮੀ ਕਮੇਟੀਆਂ ਬਣਾਈਆਂ ਸਨ ਜਿਨ੍ਹਾਂ ਵਿੱਚ ਸਭ ਤੋਂ ਸਿਖਰ ਉਪਰ ਸੀ ਡਾ. ਐਮ ਰਾਜੀਵ ਲੋਚਨ (ਸਾਬਕਾ ਪ੍ਰੋਫ਼ੈਸਰ ਤੇ ਮੁਖੀ ਇਤਿਹਾਸ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ) ਦੀ ਅਗਵਾਈ ਵਿੱਚ ਚਾਰ ਮੈਂਬਰੀ ਸਲਾਹਕਾਰ ਬੋਰਡ। ਇਸ ਵਿੱਚ ਸਿੱਖ ਇਤਿਹਾਸ ਖੋਜ ਬੋਰਡ ਦੇ ਮੈਂਬਰ ਡਾ. ਪਰਮਵੀਰ ਸਿੰਘ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਿਫ਼ਾਰਸ਼ ‘ਤੇ ਪਾਏ ਗਏ ਸਨ। ਪੰਜ ਮੈਂਬਰੀ ਵਿਸ਼ਾ ਵਸਤੂ ਰਚਨਾ ਕਮੇਟੀ ਸੀ ਮਾਹਿਰਾਂ ਦੀ ਦੂਜੀ ਕਮੇਟੀ, ਜਿਸ ਨੇ ਇਸ ਕਿਤਾਬ ਦਾ ਵਿਸ਼ਾ ਵਸਤੂ ਤਿਆਰ ਕੀਤਾ।
 
ਇਸ ਵਿੱਚ ਡਾ. ਜਸਬੀਰ ਸਿੰਘ, ਡਾ. ਪ੍ਰਿਆਤੋਸ਼ ਸ਼ਰਮਾ, ਡਾ. ਅਸ਼ੀਸ਼ ਕੁਮਾਰ (ਸਹਾਇਕ ਪ੍ਰੋਫ਼ੈਸਰਾਨ ਇਤਿਹਾਸ ਵਿਭਾਗ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ), ਸ੍ਰੀ ਰਾਮ ਮੂਰਤੀ ਸ਼ਰਮਾ (ਸਹਾਇਕ ਪ੍ਰੋਫ਼ੈਸਰ ਸਿੱਖਿਆ ਵਿਭਾਗ, ਦਿੱਲੀ ਯੂਨੀਵਰਸਿਟੀ ਨਵੀਂ ਦਿੱਲੀ) ਅਤੇ ਸ੍ਰੀ ਸੰਦੀਪਨ ਵਰਮਾ (ਫੈਕਲਟੀ, ਸੀਐੱਸਸੀਸੀ, ਮੈਗਸੀਪਾ ਚੰਡੀਗੜ੍ਹ) ਸ਼ਾਮਲ ਹਨ। ਪੰਜ ਹੋਰ ਮਾਹਿਰਾਂ ਦੀ ਤੀਜੀ ਕਮੇਟੀ ਸੀ ਸਮੀਖਿਆ ਕਮੇਟੀ, ਜਿਸ ਵਿੱਚ ਸ੍ਰੀਮਤੀ ਨਵਜੋਤ ਕੌਰ (ਸਹਾਇਕ ਪ੍ਰੋਫ਼ੈਸਰ ਇਤਿਹਾਸ, ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ ਸੈਕਟਰ 26 ਚੰਡੀਗੜ੍ਹ) ਤੇ ਚਾਰ ਹੋਰ ਮਾਹਿਰ ਸਨ। ਚੌਥੀ ਕਮੇਟੀ ਸੀ ਅਨੁਵਾਦਕ ਤੇ ਭਾਸ਼ਾ ਸੋਧ ਕਮੇਟੀ, ਜਿਸ ਵਿੱਚ ਸ੍ਰੀਮਤੀ ਜਸਵੀਰ ਕੌਰ (ਸੇਵਾ ਮੁਕਤ ਡਿਪਟੀ ਡਾਇਰੈਕਟਰ, ਪੰਜਾਬ ਸਕੂਲ ਸਿਖਿਆ ਬੋਰਡ) ਨਾਲ ਦੋ ਹੋਰ ਮਾਹਿਰ ਸਨ। ਇਨ੍ਹਾਂ ਤੋਂ ਇਲਾਵਾ ਮਾਹਿਰਾਂ ਦੀ ਇੱਕ ਹੋਰ 12 ਮੈਂਬਰੀ ਗ਼ੈਰ ਰਸਮੀ ਟੋਲੀ ਸੀ ਜਿਸ ਵਿੱਚ ਯੂਨੀਵਰਸਿਟੀ, ਕਾਲਜ, ਸਕੂਲ ਆਦਿ ਵਿਚੋਂ ਮਾਹਿਰ ਸ਼ਾਮਲ ਸਨ।
----------
ਅਗਲੇ ਪਾਠ ਵਿੱਚ ਭਗਤੀ ਲਹਿਰ ਨੂੰ ਰਾਮ-ਭਗਤੀ ਲਹਿਰ ਲਿਖਿਆ ਹੈ ਅਤੇ ਸੰਤ ਕਬੀਰ ਤੇ ਭਗਤ ਰਵੀਦਾਸ ਨੂੰ ਸਭ ਤੋਂ ਵੱਡੇ ਰਾਮ-ਭਗਤ ਦੱਸਿਆ ਹੈ। ਸਿੱਖ ਇਤਿਹਾਸ ਅਤੇ ਆਜ਼ਾਦੀ ਦੇ ਸੰਗਰਾਮ ਵਿੱਚ ਦਲਿਤਾਂ ਦੀ ਭੂਮਿਕਾ ਕਿਤਾਬ ਵਿੱਚ ਕਿਤੇ ਨਜ਼ਰ ਨਹੀਂ ਆਈ।
----------
ਅਸਲੀਅਤ ਇਹ ਵੀ ਹੈ ਕਿ ਪਿਛਲੇ ਸਮੇਂ ਵਿੱਚ ਇਤਿਹਾਸ ਦੀ ਕਿਤਾਬ ਅਤੇ ਹੋਰ ਬਹੁਤ ਸਾਰੀਆਂ ਕਿਤਾਬਾਂ ਦੀ ਛਪਾਈ ਤੇ ਵਿਕਰੀ ਬੋਰਡ ਨੇ ਪ੍ਰਾਈਵੇਟ ਪ੍ਰਕਾਸ਼ਕਾਂ ਦੇ ਹਵਾਲੇ ਕੀਤੀ ਹੋਈ ਸੀ। ਇਨ੍ਹਾਂ ਕਿਤਾਬਾਂ ਦਾ ਕੇਵਲ ਪਾਠਕ੍ਰਮ ਹੀ ਬੋਰਡ ਦੀ ਵੈੱਬਸਾਈਟ ‘ਤੇ ਪਾਇਆ ਜਾਂਦਾ ਸੀ। ਬਾਰ੍ਹਵੀਂ ਦੇ ਇਤਿਹਾਸ ਦਾ ਸਕੂਲ ਸਿੱਖਿਆ ਬੋਰਡ ਵੱਲੋਂ ਜੋ ਤੈਅਸ਼ੁਦਾ ਪੁਰਾਣਾ ਪਾਠਕ੍ਰਮ ਸੀ, ਉਸ ਵਿੱਚ 22 ਮੱਦਾਂ ਸਨ ਪਰ ਆਲੋਚਕਾਂ ਨੇ 23 ਪਾਠਾਂ ਵਾਲੀ 324 ਪੰਨਿਆਂ ਦੀ ਕਿਸੇ ਪ੍ਰਾਈਵੇਟ ਪ੍ਰਕਾਸ਼ਕ ਦੀ ਕਿਤਾਬ ਪੇਸ਼ ਕੀਤੀ ਹੈ ਜਿਸ ਵਿੱਚ ਅੱਠਵਾਂ ਪਾਠ ਗੁਰੂ ਹਰ ਰਾਇ ਜੀ ਤੇ ਗੁਰੂ ਹਰਕ੍ਰਿਸ਼ਨ ਜੀ ਹਨ ਪਰ ਇਹ ਬੋਰਡ ਦੇ ਪਾਠਕ੍ਰਮ ਦਾ ਹਿੱਸਾ ਨਹੀਂ। ਪ੍ਰਕਾਸ਼ਕ ਨੇ ਇਹ ਪਾਠ ਆਪਣੀ ਮਰਜ਼ੀ ਨਾਲ ਪਾਇਆ ਹੋਇਆ ਹੈ। ਪਿਛਲੇ ਸਮਿਆਂ ਦੀ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਹਕੀਕਤ ਇਹ ਵੀ ਹੈ ਕਿ ਬੋਰਡ ਜਿਹੜੀਆਂ ਕਿਤਾਬਾਂ ਖੁਦ ਛਪਵਾਉਂਦਾ ਸੀ, ਉਹ ਵੀ ਐਨੀਆਂ ਕੁ ਲੇਟ ਬਾਜ਼ਾਰ ਵਿੱਚ ਆਉਂਦੀਆਂ ਸਨ, ਉਦੋਂ ਤੱਕ ਬੱਚੇ ਕਿਤਾਬਾਂ ਨਾ ਮਿਲਣ ਕਰ ਕੇ ਗਾਈਡਾਂ ਖਰੀਦ ਚੁੱਕੇ ਹੁੰਦੇ ਸਨ।
 
ਇਸ ਨਾਲ ਪ੍ਰਾਈਵੇਟ ਪ੍ਰਕਾਸ਼ਕਾਂ ਨੂੰ ਸੈਂਕੜੇ ਕਰੋੜਾਂ ਦੇ ਮੁਨਾਫੇ ਮਿਲਦੇ ਸਨ। ਜਾਪਦਾ ਹੈ ਕਿ ਇਸੇ ਕਾਰਨ 2016-17 ਵਿੱਚ ਕਿਤਾਬਾਂ ਦੀ ਛਪਾਈ ਬੋਰਡ ਵੱਲੋਂ ਫਰਵਰੀ 2017 ਤੱਕ ਵੀ ਨਾ ਕਰਨ ਉਪਰ ਅਤੇ ਪਿਛਲਾ ਸਾਰਾ ਸਾਲ ਕਿਤਾਬਾਂ ਨਾ ਮਿਲਣ ਉਪਰ ਵੀ ਐਨਾ ਵਾਵੇਲਾ ਖੜ੍ਹਾ ਨਹੀਂ ਹੋਇਆ ਜਿੰਨਾ ਹੁਣ ਹੋਇਆ ਹੈ।

ਗਿਆਰਵੀਂ ਤੇ ਬਾਰ੍ਹਵੀਂ ਜਮਾਤ ਵਿੱਚ ਪੜ੍ਹਾਈ ਦੇ ਹਿਊਮੈਨਿਟੀਜ਼, ਵਿਗਿਆਨ, ਕਾਮਰਸ, ਐਗਰੀਕਲਚਰ ਤੇ ਤਕਨੀਕੀ, ਪੰਜ ਗਰੁੱਪ ਹਨ। ਹਰ ਗਰੁੱਪ ਵਾਸਤੇ ਚਾਰ ਵਿਸ਼ੇ ਜਨਰਲ ਅੰਗਰੇਜ਼ੀ, ਜਨਰਲ ਪੰਜਾਬੀ ਜਾਂ ਪੰਜਾਬ ਦਾ ਇਤਿਹਾਸ ਤੇ ਸਭਿਆਚਾਰ, ਪਰਿਆਵਰਣ ਸਿੱਖਿਆ ਤੇ ਕੰਪਿਊਟਰ ਸਿੱਖਿਆ ਲਾਜ਼ਮੀ ਹਨ। ਇਨ੍ਹਾਂ ਚਾਰ ਵਿਸ਼ਿਆਂ ਦੇ ਨਾਲ ਹਿਊਮੈਨਿਟੀਜ਼ ਗਰੁੱਪ ਵਿੱਚ ਹਰ ਵਿਦਿਆਰਥੀ ਨੇ ਭਾਸ਼ਾਵਾਂ, ਵਿਦੇਸ਼ੀ ਭਾਸ਼ਾਵਾਂ, ਕੰਪਿਊਟਰ, ਆਰਕੀਟੈਕਟ, ਸਮਾਜ ਸ਼ਾਸਤਰ, ਰਾਜਨੀਤੀ ਸ਼ਾਸਤਰ, ਅਰਥ ਸ਼ਾਸਤਰ, ਦਰਸ਼ਨ, ਮਨੋਵਿਗਿਆਨ, ਭੂਗੋਲ, ਇਤਿਹਾਸ, ਗਣਿਤ, ਵਪਾਰ-ਪ੍ਰਬੰਧ, ਸਿੱਖਿਆ, ਧਰਮ, ਮੀਡੀਆ ਆਦਿ 33 ਵਿਸ਼ਿਆਂ ਵਿੱਚੋਂ ਕਿਸੇ ਤਿੰਨ ਦੀ ਆਪਣੀ ਮਰਜ਼ੀ ਨਾਲ ਚੋਣ ਕਰਨੀ ਹੈ ਜਿਸ ਵਿੱਚ ਇਤਿਹਾਸ ਦਾ ਵਿਸ਼ਾ ਲੈਣਾ ਜਾਂ ਨਾ ਲੈਣਾ ਵਿਦਿਆਰਥੀ ਦੀ ਮਰਜ਼ੀ ਹੈ।
----------
ਅਕਾਲੀ ਮੋਰਚਿਆਂ ਨੂੰ ਸਾਧਾਰਨ ਘਟਨਾ ਵਾਂਗ ਪੇਸ਼ ਕੀਤਾ ਗਿਆ ਹੈ। ਜੈਤੋ ਦਾ ਮੋਰਚਾ ਜਿੱਥੇ ਸਿੰਘ ਸ਼ਹੀਦੀਆਂ ਦੇ ਬਾਵਜੂਦ ਸ਼ਾਂਤਮਈ ਰਹੇ, ਕੂਕਿਆਂ ਦਾ ਤੋਪਾਂ ਨਾਲ ਉਡਾਏ ਜਾਣਾ ਬੜੇ ਸਾਧਾਰਨ ਢੰਗ ਨਾਲ ਪੇਸ਼ ਕੀਤੇ ਹਨ।
----------
ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਸਰਕਾਰ ਨੇ ਜਾਣਬੁੱਝ ਕੇ ਬਾਰ੍ਹਵੀਂ ਦੇ ਇਤਿਹਾਸ ਦੀ ਕਿਤਾਬ ਵਿੱਚੋਂ ਸਿੱਖਾਂ ਦਾ, ਵਿਸ਼ੇਸ਼ ਕਰ ਕੇ ਸਿੱਖ ਗੁਰੂਆਂ ਦੇ ਇਤਿਹਾਸ ਨਾਲ ਜੁੜੇ 14 ਪਾਠ ਕੱਢ ਦਿੱਤੇ ਹਨ ਅਤੇ ਅਜਿਹਾ ਕਰ ਕੇ ਸਰਕਾਰ ਨੇ ਸਿੱਖ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ। ਇਸ ਦੇ ਨਾਲ ਹੀ ਇਨ੍ਹਾਂ ਨੂੰ ‘ਭਾਰਤ ਵਿੱਚ ਰਾਸ਼ਟਰਵਾਦ’ ਦੇ ਪਾਠ ਵਿੱਚ ਕਾਂਗਰਸ ਦੇ ਗਠਨ ਬਾਬਤ ਪਾਈ ਮੱਦ ‘ਤੇ ਵੀ ਇਤਰਾਜ਼ ਹੈ।

ਸਰਕਾਰੀ ਪੱਖ ਦਾ ਕਹਿਣਾ ਹੈ ਕਿ ਪਾਠਕ੍ਰਮ ਨੂੰ ਰਾਸ਼ਟਰੀ ਪਾਠਕ੍ਰਮ ਰੂਪ ਰੇਖਾ 2005 ਅਤੇ ਸੂਬਾਈ ਪਾਠਕ੍ਰਮ ਰੂਪ ਰੇਖਾ 2013 ਅਨੁਸਾਰ ਬਣਾਇਆ ਗਿਆ ਹੈ। ਪਾਠਕ੍ਰਮ ਦੀ ਵੰਡ ਕਰਨ ਵੇਲੇ ਬਾਰ੍ਹਵੀਂ ਦੀ ਕਿਤਾਬ ਵਿੱਚੋਂ ਕੱਢੇ ਪਾਠ ਗਿਆਰਵੀਂ ਦੀ ਜਮਾਤ ਦੀ ਇਤਿਹਾਸ ਦੀ ਕਿਤਾਬ ਵਿੱਚ ਪਾਏ ਗਏ ਹਨ ਅਤੇ ਇੱਕ ਪਾਠ ‘ਚਾਰ ਸਾਹਿਬਜ਼ਾਦੇ’ ਵੀ ਹੈ। ਉਹ ਕਿਤਾਬ ਦੋ ਕੁ ਹਫਤੇ ਵਿੱਚ ਤਿਆਰ ਹੋ ਜਾਵੇਗੀ। ਬਾਰ੍ਹਵੀਂ ਦੀ ਜਮਾਤ ਦਾ ਪਾਠਕ੍ਰਮ ਇਸ ਤਰ੍ਹਾਂ ਬਣਾਇਆ ਹੈ ਕਿ ਵਿਦਿਆਰਥੀ ਇਮਤਿਹਾਨ ਤੋਂ ਬਾਅਦ ਰਾਸ਼ਟਰੀ ਪੱਧਰ ‘ਤੇ ਹੋਣ ਵਾਲੇ ਮੁਕਾਬਲਿਆਂ ਵਿੱਚ ਵੀ ਚੰਗੀ ਕਾਰਗੁਜ਼ਾਰੀ ਦਿਖਾ ਸਕਣ।
 
ਇਹ ਵੀ ਹਕੀਕਤ ਹੈ ਕਿ ਬਾਰ੍ਹਵੀਂ ਦੇ ਇਮਤਿਹਾਨ ਵਿੱਚ ਗਿਆਰਵੀਂ ਤੇ ਬਾਰ੍ਹਵੀਂ, ਦੋਵਾਂ ਦੇ ਪਾਠਕ੍ਰਮ ਵਿੱਚੋਂ ਸਵਾਲ ਆਉਂਦੇ ਹਨ। ਇਸ ਵਾਸਤੇ ਪਾਠ ਕਿਹੜੀ ਕਲਾਸ ਦੇ ਪਾਠਕ੍ਰਮ ਵਿੱਚ ਹੈ, ਇਮਤਿਹਾਨ ਪੱਖੋਂ ਬਹੁਤਾ ਫ਼ਰਕ ਨਹੀਂ ਪੈਂਦਾ ਪਰ ਸੂਬਾਈ ਬੋਰਡ ਆਪਣੇ ਤਰੀਕੇ ਨਾਲ ਸੂਬੇ ਦੀ ਭਿੰਨਤਾ ਕਾਇਮ ਰੱਖਦੇ ਹੋਏ ਰਾਸ਼ਟਰੀ ਸਿਖਿਆ ਖੋਜ ਤੇ ਸਿਖਲਾਈ ਕੌਂਸਲ ਵੱਲੋਂ ਨਿਰਧਾਰਤ ਪਾਠਕ੍ਰਮ ਨਾਲ ਤਾਲਮੇਲ ਬਿਠਾਉਂਦੇ ਹਨ ਤਾਂ ਕਿ ਕੋਈ ਵੀ ਬੱਚਾ ਕਿਸੇ ਸੂਬੇ ਵਿੱਚ ਸੀਮਤ ਨਾ ਰਹਿ ਜਾਵੇ। ਵਿਗਿਆਨ ਦੇ ਬਹੁਤੇ ਕੋਰਸਾਂ ਦੇ ਤਾਂ ਦਾਖਲੇ ਹੀ ਰਾਸ਼ਟਰੀ ਸਾਂਝੀ ਪ੍ਰਵੇਸ਼ ਪ੍ਰੀਖਿਆ ਰਾਹੀਂ ਹੁੰਦੇ ਹਨ ,ਜਿਸ ਕਰ ਕੇ ਕੇਂਦਰ ਵਾਲਾ ਪਾਠਕ੍ਰਮ ਹੀ ਰੱਖਣਾ ਪੈਂਦਾ ਹੈ।
----------
ਅਸਲੀਅਤ ਇਹ ਵੀ ਹੈ ਕਿ ਪਿਛਲੇ ਸਮੇਂ ਵਿੱਚ ਇਤਿਹਾਸ ਦੀ ਕਿਤਾਬ ਅਤੇ ਹੋਰ ਬਹੁਤ ਸਾਰੀਆਂ ਕਿਤਾਬਾਂ ਦੀ ਛਪਾਈ ਤੇ ਵਿਕਰੀ ਬੋਰਡ ਨੇ ਪ੍ਰਾਈਵੇਟ ਪ੍ਰਕਾਸ਼ਕਾਂ ਦੇ ਹਵਾਲੇ ਕੀਤੀ ਹੋਈ ਸੀ।
----------
ਇੱਕ ਹੋਰ ਤੱਥ ਹੈ ਕਿ ਲਾਜ਼ਮੀ ਵਿਸ਼ਾ ‘ਪੰਜਾਬੀ ਜਾਂ ਪੰਜਾਬ ਦਾ ਇਤਿਹਾਸ ਅਤੇ ਸਭਿਆਚਾਰ’ ਹੈ ਜੋ ਹਰ ਬੱਚੇ ਨੇ ਪੜ੍ਹਨਾ ਹੈ।
 
ਉਸ ਵਿੱਚ ਸਿੱਖ ਧਰਮ ਤੇ ਸਿੱਖ ਰਾਜ ਨਾਲ ਸਬੰਧਤ ਪਾਠਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ,  ਸ੍ਰੀ ਗੂਰੂ ਨਾਨਕ ਦੇਵ ਜੀ ਦੇ ਉਤਰਾਧਿਕਾਰੀ, ਬੰਦਾ ਸਿੰਘ ਬਹਾਦਰ ਅਤੇ ਉਨ੍ਹਾਂ ਦੀ ਸ਼ਹੀਦੀ, ਸਿੱਖ ਪੰਜਾਬ ਦੇ ਮਾਲਕ ਬਣ ਗਏ ਅਤੇ ਮਹਾਰਾਜਾ ਰਣਜੀਤ ਸਿੰਘ ਅਧੀਨ ਪੰਜਾਬ ਸ਼ਾਮਲ ਹਨ। ਇਹ ਵੀ ਵੱਡਾ ਸੁਆਲ ਹੈ ਕਿ ਜੇ ਸਾਨੂੰ ਇਤਿਹਾਸ ਦੀ ਜ਼ਿਆਦਾ ਚਿੰਤਾ ਹੈ ਤਾਂ ਲਾਜ਼ਮੀ ਵਿਸ਼ੇ ਦੇ ਇਤਿਹਾਸ ਦੇ ਪਾਠਕ੍ਰਮ ਵਿੱਚ ਸਾਰਾ ਸਿੱਖ ਧਰਮ ਤੇ ਸਿੱਖ ਇਤਿਹਾਸ ਕਿਉਂ ਨਹੀਂ ਪਾਇਆ ਗਿਆ?

ਇਤਿਹਾਸ ਦੇ ਪਾਠਕ੍ਰਮ ਨੂੰ ਸਮਾਜ ਵਿਗਿਆਨ ਵਜੋਂ ਜੋਸ਼ੀਲਾ, ਤਰਜ਼-ਏ-ਜ਼ਿੰਦਗੀ ਨੂੰ ਬਦਲਣ ਵਾਲਾ, ਬਰਾਬਰੀ ਤੇ ਇਨਸਾਫ਼ ਵਾਲਾ ਸਮਾਜ ਸਿਰਜਣ ਵਾਸਤੇ ਜਾਬਰਾਂ ਨਾਲ ਟੱਕਰ ਦਾ ਜਜ਼ਬਾ ਪੈਦਾ ਕਰਨ ਵਾਲਾ ਅਤੇ ਫ਼ਿਰਕਾਪ੍ਰਸਤੀ ਤੋਂ ਨਿਰਲੇਪ ਬਣਾਉਣ ਦੀ ਲੋੜ ਹੈ। ਮੌਜੂਦਾ ਕਿਤਾਬ ਵਿੱਚ ਜੇ ਸ਼੍ਰੋਮਣੀ ਅਕਾਲੀ ਦਲ ਦੀ ਮੰਗ ਅਨੁਸਾਰ ਸਾਰੇ ਪਾਠ ਵੀ ਪਾ ਦਿੱਤੇ ਜਾਣ ਤਾਂ ਵੀ ਉਹ ਨਾ ਤਾਂ ਭਗਤੀ ਲਹਿਰ ਦੇ ਕਰਮਕਾਂਡ, ਜ਼ੁਲਮ ਤੇ ਭੇਦਭਾਵ ਵਿਰੋਧੀ ਜਜ਼ਬੇ, ਨਾ ਸਿੱਖ ਲਹਿਰ ਦੇ ਜੁਝਾਰੂ ਤੇ ਕੁਰਬਾਨੀ ਵਾਲੇ ਜਜ਼ਬੇ ਅਤੇ ਨਾ ਹੀ ਆਜ਼ਾਦੀ ਦੀ ਲਹਿਰ ਵਾਲੀ ਏਕਤਾ ਦੇ ਜਜ਼ਬੇ ਦੀ ਤਰਜਮਾਨੀ ਕਰ ਸਕੇਗੀ। ਇਸ ਵਾਸਤੇ ਇਸ ਕਿਤਾਬ ਦੀ ਥਾਂ ਵਿਸ਼ਾਲ ਚਰਚਾ ਰਾਹੀਂ ਮੁੜ ਨਵੀਂ ਕਿਤਾਬ ਤਿਆਰ ਕਰਨ ਦੀ ਲੋੜ ਹੈ।
 
  
*ਲੇਖਕ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਰਜਿਸਟਰਾਰ ਰਹਿ ਚੁੱਕੇ ਹਨ। ਇਹ ਲੇਖ ਪਹਿਲਾਂ 'ਪੰਜਾਬੀ ਟ੍ਰਿਬਿਊਨ' ਵਿਚ ਪ੍ਰਕਾਸ਼ਿਤ ਹੋਇਆ ਸੀ
 

 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER