ਕਾਰੋਬਾਰ
ਸਟਾਰਟਅੱਪ ਪ੍ਰੋਗਰਾਮ ਤਹਿਤ ਨੌਜਵਾਨਾਂ ਨੂੰ ਘੱਟ ਵਿਆਜ ਦਰ 'ਤੇ ਕਰਜ਼ੇ ਮੁਹੱਈਆ ਕਰਵਾਉਣ ਬੈਂਕ: ਕੈਪਟਨ
- ਪੀ ਟੀ ਟੀਮ
ਸਟਾਰਟਅੱਪ ਪ੍ਰੋਗਰਾਮ ਤਹਿਤ ਨੌਜਵਾਨਾਂ ਨੂੰ ਘੱਟ ਵਿਆਜ ਦਰ 'ਤੇ ਕਰਜ਼ੇ ਮੁਹੱਈਆ ਕਰਵਾਉਣ ਬੈਂਕ: ਕੈਪਟਨਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਨੌਜਵਾਨਾਂ ਨੂੰ ਸਟਾਰਟਅੱਪ ਪ੍ਰੋਗਰਾਮ ਨਾਲ ਜੋੜਨ ਲਈ ਨਰਮ ਸ਼ਰਤਾਂ ਤੇ ਘੱਟ ਵਿਆਜ ਦਰ 'ਤੇ ਕਰਜ਼ੇ ਮੁਹੱਈਆ ਕਰਾਉਣ ਵਾਸਤੇ ਬੈਂਕਾਂ ਅਤੇ ਹੋਰ ਵਿੱਤੀ ਸੰਸਥਾਵਾਂ ਦੀਆਂ ਸੇਵਾਵਾਂ ਲੈਣ ਦਾ ਫ਼ੈਸਲਾ ਕੀਤਾ ਹੈ।

ਪੀ.ਐੱਚ.ਡੀ. ਚੈਂਬਰ ਦੇ ਸਹਿਯੋਗ ਨਾਲ ਸਨਅਤ ਵਿਭਾਗ ਵੱਲੋਂ 'ਪੇਂਡੂ ਉੱਦਮ ਤੇ ਕਾਢ' ਬਾਰੇ ਕਰਾਈ ਗਈ ਦੋ-ਰੋਜ਼ਾ ਕਨਵੈਨਸ਼ਨ ਅਤੇ ਪ੍ਰਦਰਸ਼ਨੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਸਰਕਾਰ ਦੇ ਸਟਾਰਟਅੱਪ ਪ੍ਰੋਗਰਾਮ ਤਹਿਤ ਸਵੈ-ਰੁਜ਼ਗਾਰ ਲਈ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।

ਨੌਜਵਾਨਾਂ ਦੇ ਖ਼ਿਆਲਾਤ ਬਦਲਣ ਦੀ ਲੋੜ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨਾਂ ਵਿੱਚ ਉੱਦਮ ਦਾ ਜਜ਼ਬਾ ਪੈਦਾ ਕਰਨ ਦੇ ਉਦੇਸ਼ ਵਾਲੇ ਪ੍ਰੋਗਰਾਮਾਂ ਵਿੱਚ ਪੀ.ਐੱਚ.ਡੀ. ਚੈਂਬਰ ਨੂੰ ਸਰਕਾਰ ਦਾ ਭਾਈਵਾਲ ਬਣਨ ਦੀ ਬੇਨਤੀ ਕੀਤੀ। ਉਨ੍ਹਾਂ ਕਿਹਾ ਕਿ ਸਟਾਰਟਅੱਪਸ ਕੇਵਲ ਇੱਕ ਨੌਜਵਾਨ ਲਈ ਸਵੈ-ਰੁਜ਼ਗਾਰ ਦਾ ਸਾਧਨ ਨਹੀਂ ਹੈ ਬਲਕਿ ਹੋਰ ਕਈ ਨੌਜਵਾਨਾਂ ਨੂੰ ਵੀ ਨੌਕਰੀਆਂ ਮੁਹੱਈਆ ਕਰਾਉਣ ਵਿੱਚ ਮਦਦਗਾਰ ਹੁੰਦਾ ਹੈ।

ਆਪਣੀ ਸਰਕਾਰ ਦੇ 'ਘਰ ਘਰ ਰੁਜ਼ਗਾਰ' ਪ੍ਰੋਗਰਾਮ, ਜਿਸ ਤਹਿਤ ਹੁਣ ਤੱਕ 1.62 ਲੱਖ ਤੋਂ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ, ਦੀ ਸਫਲਤਾ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਨੌਕਰੀਆਂ ਦੇ ਅਥਾਹ ਮੌਕੇ ਯਕੀਨੀ ਬਣਾਉਣ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਉਨ੍ਹਾਂ ਨੇ ਮੁਹਾਲੀ ਵਿੱਚ ਵਿਕਸਿਤ ਕੀਤੀ ਜਾ ਰਹੀ ਆਈ.ਟੀ. ਹੱਬ ਦੀ ਉਦਾਹਰਣ ਦਿੱਤੀ, ਜੋ ਆਈ.ਟੀ. ਸੈਕਟਰ ਨੂੰ ਸੂਬੇ ਦੇ ਹੁਨਰਮੰਦ ਅਤੇ ਬੌਧਿਕ ਨੌਜਵਾਨਾਂ ਲਈ ਰੁਜ਼ਗਾਰ ਦਾ ਅਹਿਮ ਵਸੀਲਾ ਬਣਾਏਗੀ। ਆਲਮੀ ਪੱਧਰ 'ਤੇ ਤਕਨਾਲੋਜੀ ਪੱਖੋਂ ਹੋਏ ਵਿਕਾਸ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਨੌਜਵਾਨਾਂ ਨੂੰ ਇਸ ਮੁਕਾਬਲੇ ਦੇ ਦੌਰ 'ਚ ਬਰਕਰਾਰ ਰਹਿਣ ਲਈ ਨਵੀਆਂ ਤਕਨੀਕਾਂ ਦੇ ਹਾਣੀ ਬਣਨ ਦਾ ਸੁਨੇਹਾ ਦਿੱਤਾ।

ਆਪਣੀ ਸਰਕਾਰ ਦੇ ਹੁਨਰ ਵਿਕਾਸ ਪ੍ਰੋਗਰਾਮ ਦਾ ਖਾਕਾ ਸਾਂਝਾ ਕਰਦਿਆਂ ਮੁੱਖ ਮੰਤਰੀ ਨੇ ਦੱਸਿਆ ਕਿ ਇਸ ਪਹਿਲ ਦਾ ਉਦੇਸ਼ ਵਿਦਿਆਰਥੀਆਂ ਅਤੇ ਘੱਟ ਪੜ੍ਹੇ-ਲਿਖੇ ਨੌਜਵਾਨਾਂ ਨੂੰ ਸੂਬੇ ਭਰ ਦੀਆਂ ਤਕਰੀਬਨ 200 ਆਈ.ਟੀ.ਆਈਜ਼. ਵਿਸ਼ੇਸ਼ ਕਿੱਤਾ ਸਿਖਲਾਈ ਮੁਹੱਈਆ ਕਰਵਾਉਣਾ ਹੈ ਤਾਂ ਜੋ ਇਨ੍ਹਾਂ ਨੂੰ ਇੱਜ਼ਤ-ਮਾਣ ਨਾਲ ਰੋਟੀ ਕਮਾ ਸਕਣ ਦੇ ਯੋਗ ਬਣਾਇਆ ਜਾ ਸਕੇ।

ਇਸ ਮੌਕੇ ਮੁੱਖ ਮੰਤਰੀ ਨੇ ਪ੍ਰਿੰਸੀਪਲ ਡਾ.ਸੰਗੀਤਾ ਹਾਂਡਾ ਨੂੰ ਸਰਕਾਰੀ ਮਹਿੰਦਰਾ ਕਾਲਜ ਦੇ ਢਾਂਚਾਗਤ ਵਿਕਾਸ ਲਈ 25 ਲੱਖ ਰੁਪਏ ਸੌਂਪੇ। ਦੱਸਣਯੋਗ ਹੈ ਸਰਕਾਰੀ ਮਹਿੰਦਰਾ ਕਾਲਜ ਨੂੰ ਸੰਨ 1876 ਵਿੱਚ ਤਤਕਾਲੀ ਮਹਾਰਾਜਾ ਪਟਿਆਲਾ ਮਹਿੰਦਰ ਸਿੰਘ ਨੇ ਸਥਾਪਤ ਕੀਤਾ ਸੀ।

ਇਸ ਦੌਰਾਨ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਦੱਸਿਆ ਕਿ ਮੈਡੀਕਲ ਅਤੇ ਪੈਰਾ-ਮੈਡੀਕਲ ਖੇਤਰ 'ਚ ਰੁਜ਼ਗਾਰ ਮੁਹੱਈਆ ਕਰਾਉਣ ਲਈ ਉਨ੍ਹਾਂ ਦੇ ਵਿਭਾਗ ਵੱਲੋਂ ਜਲਦੀ ਇੱਕ ਰੁਜ਼ਗਾਰ ਮੇਲਾ ਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋੜੀਂਦੀ ਹੁਨਰ ਸਿਖਲਾਈ ਮੁਹੱਈਆ ਕਰਾਉਣ ਅਤੇ ਉੱਦਮ ਨੂੰ ਉਤਸ਼ਾਹਿਤ ਕਰਨ ਵਿੱਚ ਪੀ.ਐੱਚ.ਡੀ. ਚੈਂਬਰ ਅਹਿਮ ਭੂਮਿਕਾ ਨਿਭਾਅ ਸਕਦਾ ਹੈ।

ਤਕਨੀਕੀ ਸਿੱਖਿਆ, ਰੁਜ਼ਗਾਰ ਉਤਪਤੀ ਅਤੇ ਹੁਨਰ ਵਿਕਾਸ ਸਕੱਤਰ ਭਾਵਨਾ ਗਰਗ ਨੇ ਕਿਹਾ ਕਿ ਇਸ ਵਿਭਾਗ ਵੱਲੋਂ ਪਟਿਆਲਾ ਦੇ ਨੌਜਵਾਨਾਂ ਨੂੰ ਸਿਖਲਾਈ ਦੇਣ ਲਈ ਇੱਕ ਪ੍ਰੋਗਰਾਮ ਪਹਿਲਾਂ ਹੀ ਸ਼ੁਰੂ ਕੀਤਾ ਜਾ ਚੁੱਕਾ ਹੈ, ਜੋ ਹੋਰ ਜ਼ਿਲ੍ਹਿਆਂ ਵਿੱਚ ਜਲਦੀ ਸ਼ੁਰੂ ਕੀਤਾ ਜਾਵੇਗਾ।

ਹੁਨਰ ਵਿਕਾਸ ਦੀ ਅਹਿਮੀਅਤ ਦਾ ਜ਼ਿਕਰ ਕਰਦਿਆਂ ਪੀ.ਐੱਚ.ਡੀ.ਸੀ.ਸੀ.ਆਈ. ਦੇ ਪ੍ਰਧਾਨ ਅਨਿਲ ਖੇਤਾਨ ਅਤੇ ਪੀ.ਐੱਚ.ਡੀ.ਸੀ.ਸੀ.ਆਈ. ਇਨੋਵੇਸ਼ਨ ਕਮੇਟੀ ਦੇ ਕੋ-ਚੇਅਰਮੈਨ ਵੀ.ਕੇ.ਮਿਸ਼ਰਾ ਨੇ ਵੀ ਨੌਜਵਾਨਾਂ ਵਿੱਚ ਉੱਦਮ ਦੀ ਭਾਵਨਾ ਪੈਦਾ ਕਰਨ ਲਈ ਅਜਿਹੇ ਹੋਰ ਪ੍ਰੋਗਰਾਮ ਸ਼ੁਰੂ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਕੇ.ਪੀ.ਐੱਮ.ਜੀ ਦੇ ਦਵਿੰਦਰ ਸੰਧੂ ਨੇ ਸਨਅਤਾਂ ਨੂੰ ਪੰਜਾਬੀ ਨੌਜਵਾਨਾਂ ਦੇ ਕਾਰੋਬਾਰੀ ਹੁਨਰ ਅਤੇ ਸਖ਼ਤ ਮਿਹਨਤ ਵਾਲੇ ਵਿਰਸੇ ਨੂੰ ਸੰਭਾਲਣ ਦਾ ਸੱਦਾ ਦਿੱਤਾ।

ਇਸ ਦੌਰਾਨ ਪੀ.ਐੱਚ.ਡੀ.ਸੀ.ਸੀ.ਆਈ. ਪੰਜਾਬ ਕਮੇਟੀ ਦੇ ਚੇਅਰਮੈਨ ਆਰ.ਐੱਸ.ਸਚਦੇਵਾ ਅਤੇ ਕੋ-ਚੇਅਰਮੈਨ ਕਰਨ ਗਿਲਹੋਤਰਾ ਨੇ ਕਾਰਵਾਈ ਚਲਾਈ ਤੇ ਧੰਨਵਾਦ ਕੀਤਾ।

ਇਸ ਮੌਕੇ ਹਾਜ਼ਰ ਪ੍ਰਮੁੱਖ ਸ਼ਖ਼ਸੀਅਤਾਂ ਵਿੱਚ ਵਿਧਾਇਕ ਹਰਦਿਆਲ ਸਿੰਘ ਕੰਬੋਜ, ਵਿਧਾਇਕ ਮਦਨ ਲਾਲ ਜਲਾਲਪੁਰ, ਵਧੀਕ ਮੁੱਖ ਸਕੱਤਰ (ਉਚੇਰੀ ਸਿੱਖਿਆ) ਐੱਸ.ਕੇ. ਸੰਧੂ, ਵਧੀਕ ਮੁੱਖ ਸਕੱਤਰ (ਤਕਨੀਕੀ ਸਿੱਖਿਆ) ਐੱਮ.ਪੀ. ਸਿੰਘ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਡਾਇਰੈਕਟਰ ਇੰਡਸਟਰੀਜ਼ ਡੀ.ਪੀ.ਐੱਸ.ਖਰਬੰਦਾ, ਕਿਰਤ ਕਮਿਸ਼ਨਰ ਪੰਜਾਬ ਤੇਜਿੰਦਰ ਸਿੰਘ ਧਾਲੀਵਾਲ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪ-ਕੁਲਪਤੀ ਡਾ. ਬੀ.ਐੱਸ.ਘੁੰਮਣ ਸ਼ਾਮਲ ਸਨ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER